ਅਵਤਾਰ ਜੰਡਿਆਲਵੀ ਨਾਲ ਗੱਲਾਂ – ਸੁਸ਼ੀਲ ਦੁਸਾਂਝ


ਪੰਜਾਬੀ ਸਾਹਿਤ ਨਿੱਜਵਾਦ ਦੇ ਗੰਭੀਰ ਰੋਗ ਦਾ ਸ਼ਿਕਾਰ


ਸਾਲ 2004 ਹੈ ਤੇ ਦਸੰਬਰ ਮਹੀਨਾ। ਮੋਬਾਈਲ ਦੀ ਘੰਟੀ ਵੱਜੀ, ਸਕਰੀਨ ‘ਤੇ ਕੋਈ ਅਨਜਾਣ ਜਿਹਾ ਨੰਬਰ ਲਿਸ਼ਕ ਰਿਹਾ ਹੈ। ਮੈਂ ਬੇਮਨ ਜਿਹਾ ਮੋਬਾਈਲ ਔਨ ਕੀਤਾ। ਭਰੇ ਸਿਆਲ ‘ਚ ਨਿਘੀ ਆਵਾਜ਼ ‘ਚ ਕੋਈ ਬੋਲਿਆ, ”ਸੁਸ਼ੀਲ’
”ਹਾਂ ਜੀ” ਮੈਂ ਆਵਾਜ਼ ਨੂੰ ਪਛਾਨਣ ਦੇ ਯਤਨ ‘ਚ ਜੁਆਬ ਦਿੱਤਾ। ”ਸੁਸ਼ੀਲ਼… ਮੈਂ ਅਵਤਾਰ… ਅਵਤਾਰ ਜੰਡਿਆਲਵੀ… ਅਵਤਾਰ ਜੰਡਿਆਲਵੀ ਲੰਡਨ ਵਾਲਾ।” ”ਹਾਂ ਜੀ..ਹਾਂ ਜੀ …. ਠੀਕ ਐ …. ਅੱਛਾ ਜੀ ਸਤਿ ਸ੍ਰੀ ਅਕਾਲ ਜੀ” ਏਨਾ ਕੁ ਜੁਆਬ ਦਿੰਦਿਆਂ ਹੀ ਜਾਣ ਜਾਂਦਾ ਹਾਂ ਕਿ ਇਹ ਕਵੀ ਅਵਤਾਰ ਜੰਡਿਆਲਵੀ ਹੈ – ”ਮੇਰੇ ਪਰਤ ਆਉਣ ਤਕ’ ਵਾਲਾ-‘ਅਸੀਂ ਕਾਲੇ ਲੋਕ ਸਦੀਂਦੇ’ ਵਾਲਾ ਅਵਤਾਰ। ਮੈਂ ਜਾਣਦਾ ਹਾਂ ਇਨ੍ਹਾਂ ਨੂੰ ਕਵੀ ਦੇ ਤੌਰ ‘ਤੇ ਪਰ ਮਿਲਿਆ ਤਾਂ ਕਦੇ ਨਹੀਂ। ਇਹ ਵੀ ਮੈਨੂੰ ਨਹੀਂ ਜਾਣਦੇ। ਫਿਰ ਵੀ ਮੈਨੂੰ ਫੋਨ? ”ਹਾਂ ਜੀ-ਹਾਂ ਜੀ ਦੱਸੋ ਜੀ, ਕਿਵੇਂ ਯਾਦ ਕੀਤਾ?” – ”ਸੁਸ਼ੀਲ ਤੂੰ ਸ਼ਾਇਦ ਮੈਨੂੰ ਨਾ ਜਾਣਦਾ ਹੋਵੇਂ”
”ਨਈਂ ਨਈਂ ਮੈਂ ਜਾਣਦਾ ਹਾਂ ਜੀ ਤੁਹਾਨੂੰ, ਤੁਹਾਡੀ ਕਵਿਤਾ ਵੀ ਪੜ੍ਹੀ ਐ”
_”ਅੱਛਾ ਅੱਛਾ ਚਲੋ ਫੇਰ ਤਾਂ ਠੀਕ ਐ— ਆਪਾਂ ਅਨਜਾਣ ਨਹੀਂ ਇਕ ਦੂਜੇ ਤੋਂ– ਗੱਲ ਇਉਂ ਐਂ ਸੁਸ਼ੀਲ ਮੈਂ ਤੈਨੂੰ ਮਿਲਣਾ ਚਾਹੁੰਨੈ; ਮੈਂ ਅੱਜਕਲ੍ਹ ਲੰਡਨ ਛੱਡ ਕੇ ਮੋਹਾਲੀ ਆ ਗਿਆਂ… ਤੇਰੇ ਗੁਆਂਢ ‘ਚ ਈ.. ਸੈਕਟਰ 69 ‘ਚ ਕੋਠੀ ਨੰਬਰ 3535, ਕਦੋਂ ਮਿਲ ਸਕਦੈਂ ਤੂੰ.. ਮੈਂ ਅੱਜ ਵੀ ਘਰ ਈ ਆਂ, ਜੇ ਆ ਸਕਦੈਂ ਤਾਂ….”
”ਜ਼ਰੂਰ ਜ਼ਰੂਰ ਅਵਤਾਰ ਜੀ, ਮੈਨੂੰ ਵੀ ਮਿਲ ਕੇ ਖੁਸ਼ੀ ਹੋਵੇਗੀ ਪਰ ਅੱਜ ਤਾਂ ਮੈਂ ਵਿਹਲਾ ਨਈਂ – ਫੇਰ ਆ ਜਾਵਾਂ ਕਿਸੇ ਦਿਨ? ਉਂਝ ਆਪਾਂ ਮਿਲਣਾ ਕਿਸ ਸਿਲਸਿਲੇ ਵਿਚ ਹੈ?” ਮੈਂ ਗੱਲ ਦੀ ਟੋਹ ਲਾਉਣੀ ਚਾਹੁੰਦਾ ਸੀ।
-”ਗੱਲ ਤਾਂ ਬੜੀ ਜ਼ਰੂਰੀ ਕਰਨੀ ਐ ਤੇਰੇ ਨਾਲ ਸੁਸ਼ੀਲ- ਮਿਲਣ ‘ਤੇ ਹੀ ਕਰਾਂਗਾ- ਉਂਝ ਇੰਨਾ ਦੱਸ ਦੇਨਾ ਬਈ ਜਿਹੜਾ ਕੰਮ ਮੈਂ ਕਰਨਾ ਚਾਹੁੰਦਾਂ, ਉਹਦੇ ‘ਚ ਤੇਰੀ ਮਦਦ ਦੀ ਲੋੜ ਐ ਤੇ ਤੇਰੀ ਦੱਸ ਮੈਨੂੰ ਮੇਰੇ ਯਾਰ ਹਰਭਜਨ ਹੁੰਦਲ ਨੇ ਪਾਈ ਐ।” ਅਵਤਾਰ ਨੇ ਥੋੜ੍ਹੀ ਗੱਠ ਖੋਲ੍ਹੀ ਹੈ।
ਹਰਭਜਨ ਹੁੰਦਲ ਹੁਰਾਂ ਦਾ ਨਾਂਅ ਸੁਣ ਕੇ ਮੈਂ ਥੋੜ੍ਹਾ ਰਵਾਂ ਹੋ ਗਿਆ ਤੇ ਜੁਆਬ ਦਿੱਤਾ, ”ਠੀਕ ਐ ਜੀ, ਮੈਂ ਆਉਨਾ ਇਕ ਦੋ ਦਿਨਾਂ ‘ਚ।”
– ”ਚੰਗਾ ਫਿਰ ਆਉਣ ਤੋਂ ਪਹਿਲਾਂ ਫੋਨ ਕਰ ਲੀਂ- ਆਹ ਮੇਰਾ ਨੰਬਰ ਆ ਈ ਗਿਆ ਹੋਣਾਂ ਤੇਰੇ ਫੋਨ ‘ਚ।”
”ਠੀਕ ਐ ਜੀ ਸਤਿ ਸ੍ਰੀ ਅਕਾਲ।”
ਇਸ ਸੰਖੇਪ ਜਿਹੀ ਗੱਲਬਾਤ ਨੇ ਮੇਰੇ ਅੰਦਰ ਹਲਚਲ ਪੈਦਾ ਕਰ ਦਿੱਤੀ। ਸੋਚਦਾ ਹਾਂ ਕਿ ਏਦਾਂ ਦਾ ਕੀ ਕੰਮ ਹੋ ਸਕਦੈ। ਮੈਂ ਹਰਭਜਨ ਸਿੰਘ ਹੁੰਦਲ ਨੂੰ ਫੋਨ ਲਾਉਂਦਾ ਹਾਂ। ਪੁੱਛਦਾ ਹਾਂ ਕਿ ਅਵਤਾਰ ਜੰਡਿਆਲਵੀ ਨੂੰ ਕਿਹੜੇ ਕੰਮ ਲਈ ਮੇਰਾ ਨਾਂਅ ਦੱਸਿਆ ਹੈ। ਉਹ ਦਸਦੇ ਹਨ ਕਿ ਅਵਤਾਰ ਉਨ੍ਹਾਂ ਦਾ ਚੜ੍ਹਦੀ ਉਮਰ ਦਾ ਬੇਲੀ ਹੈ; ਚੰਗਾ ਬੰਦੈ ਤੇ ਪੰਜਾਬੀ ਦਾ ਸਾਹਿਤਕ ਪਰਚਾ ਕੱਢਣਾ ਚਾਹੁੰਦੈ। ਤੂੰ ਉਹਦੀ ਮਦਦ ਕਰ, ਤੂੰ ਨਿਰਾਸ਼ ਨਈਂ ਹੋਵੇਂਗਾ। ਪਰਚਾ ਕੱਢਣ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਜਾਂਦਾ ਹਾਂ ਪਰ ਹਫ਼ਤਾ ਕੁ ਕੁਝ ਰੁਝੇਵਿਆਂ ਕਾਰਨ ਨਾ ਤਾਂ ਅਵਤਾਰ ਨੂੰ ਮਿਲ ਪਾਉਂਦਾ ਹਾਂ ਤੇ ਨਾ ਫੋਨ ਕਰਦਾ ਹਾਂ। ਅਵਤਾਰ ਦਾ ਫੇਰ ਫੋਨ ਆਉਂਦਾ ਹੈ। ਆਵਾਜ਼ ਵਿਚ ਕੁਝ ਨਾਰਾਜ਼ਗੀ ਹੈ। ਕਹਿੰਦਾ ਹੈ, ”ਸੁਸ਼ੀਲ ਸਿਆਂ ਜੇ ਤੇਰੇ ਕੋਲ ਟਾਈਮ ਨਹੀਂ ਤਾਂ ਕੋਈ ਨਈਂ ਪਰ ਸਾਫ਼ ਸਾਫ਼ ਦੱਸ ਦੇ।”
”ਨਈਂ ਨਈਂ ਏਦਾਂ ਦੀ ਕੋਈ ਗੱਲ ਨਈਂ; ਮੈਂ ਹੁਣੇ ਆਇਆ।”
 ”ਠੀਕ ਐ ਫੇਰ ਆ ਜਾ ਹੁਣੇ।”
ਮੈਂ ਪੰਜ ਮਿੰਟਾਂ ‘ਚ ਉਨ੍ਹਾਂ ਦੀ ਕੋਠੀ ਅੱਗੇ ਜਾ ਖਲੋਤਾ।  ਗੇਟ ‘ਤੇ ਲੰਮੀ ਕੱਦ ਕਾਠੀ ਵਾਲੀ ਇਕ ਔਰਤ ਖਲੋਤੀ ਹੈ। ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਅਵਤਾਰ ਜੀ ਬਾਰੇ ਪੁਛਦਾ ਹਾਂ। ਉਹ ਬੜੇ ਸਨੇਹ ਨਾਲ ਮੈਨੂੰ ਘਰ ਦੇ ਪਿਛੇ ਧੁੱਪ ‘ਚ ਕੁਰਸੀ ‘ਤੇ ਬੈਠੇ ਅਵਤਾਰ ਕੋਲ ਲੈ ਜਾਂਦੀ ਹੈ। ਮੈਂ ਸਮਝ ਜਾਂਦਾ ਹਾਂ ਕਿ ਏਹੀ ਅਵਤਾਰ ਜੀ ਹਨ ਤੇ ਉਨ੍ਹਾਂ ਕੋਲ ਛੱਡਣ ਆਈ ਔਰਤ ਅਵਤਾਰ ਦੀ ਪਤਨੀ। ਅਵਤਾਰ ਉਠ ਕੇ ਮੈਨੂੰ ਕਲਾਵੇ ਵਿਚ ਲੈ ਲੈਂਦੇ ਹਨ। ਮੈਂ ਮਸਾਂ ਉਨ੍ਹਾਂ ਦੇ ਮੋਢਿਆਂ ਤੀਕ ਆਉਂਦਾ ਹਾਂ। ਉਹ ਪੂਰੀ  ਤਰ੍ਹਾਂ ਤੰਦਰੁਸਤ ਅਤੇ ਨਰੋਏ ਦਿਸਦੇ ਹਨ ਤੇ ਚਿਹਰਾ ਵੀ ਖਿੜਿਆ ਹੋਇਆ ਹੈ। ਮੈਨੂੰ ਬੜੇ ਪਿਆਰ ਨਾਲ ਬਿਠਾ ਕੇ ਚਾਹ ਮੰਗਵਾਈ ਗਈ ਹੈ। ਚਾਹ ਪੀਂਦਿਆਂ ਨਿੱਕੀਆਂ ਨਿੱਕੀਆਂ ਗੱਲਾਂ ਸ਼ੁਰੂ ਹੋ ਗਈਆਂ। ਅਵਤਾਰ ਜੀ ਸਾਫ਼ ਸਾਫ਼ ਦਸਦੇ ਹਨ ਕਿ ਉਹ ਇਕ ਪਰਚਾ ਕੱਢਣਾ ਚਾਹੁੰਦੇ ਹਨ ਪਰ ਬਾਕੀਆਂ ਵਰਗਾ ਨਹੀਂ। ਬਿਲਕੁਲ ਵਖਰਾ, ਨਿਵੇਕਲਾ ਤੇ ਅਨੋਖਾ। ਮੈਂ ਉਨ੍ਹਾਂ ਦੀਆਂ ‘ਗੱਲਾਂ’ ਸੁਣ ਸੁਣ ਖੁਸ਼ ਹੁੰਦਾ ਹਾਂ, ਕਿਉਂਕਿ ਪਰਚਾ ਕੱਢਣ ਦੀ ਤਾਂ ਮੇਰੀ ਵੀ ਚਿਰਾਂ ਦੀ ਰੀਝ ਹੈ ਤੇ ਅਵਤਾਰ ਜੀ ‘ਗੱਲਾਂ’ ਵੀ ਮੇਰੇ ਸੁਪਨਿਆਂ ਵਰਗੀਆਂ ਹੀ ਕਰ ਰਹੇ ਹਨ। ਮੈਨੂੰ ਉਨ੍ਹਾਂ ਦੇ ਸੁਪਨੇ ਤੇ ਅਪਣੇ ਸੁਪਨਿਆਂ ਵਿਚ ਇਕਸਾਰਤਾ ਦਿਖਾਈ ਦੇ ਰਹੀ ਹੈ। ਮੈਨੂੰ ਲਗਦਾ ਹੈ ਕਿ ਇਹ ਸੁਪਨੇ ਹਕੀਕਤ ਬਣ ਸਕਦੇ ਹਨ। ਅਵਤਾਰ ਜੀ ਨਾਲੋਂ ਨਾਲ ਮੇਰਾ ਅੱਗਾ ਪਿਛਾ ਵੀ ਪੁੱਛ ਰਹੇ ਹਨ। ਮੈਂ ਸਭ ਕੁਝ ਦੱਸਿਆ। ਉਨ੍ਹਾਂ ਨੂੰ ਮੈਂ ਜੱਚ ਗਿਆ ਲਗਦਾ ਹਾਂ। ਪੁਛਦੇ ਹਨ- ”ਫੇਰ ਦੱਸ ਭਾਈ ਕਰੇਂਗਾ ਮੇਰੇ ਨਾਲ ਕੰਮ?”
-“ਕਿਉਂ ਨਈਂ ਜ਼ਰੂਰ ਕਰਾਂਗਾ।”
-“ਅੱਛਾ ਆਪਾਂ ਸਾਲ ਦੇ ਦੋ ਹੀ ਪਰਚੇ ਕੱਢਣੇ ਨੇ। 200 ਸਫ਼ਿਆਂ ਦਾ ਹੋਊ ਪਰਚਾ। ਜੇ ਪਰਚਾ ਠੀਕ ਨਿਕਲਿਆ ਤਾਂ ਸਾਲ ਦੇ ਤਿੰਨ ਪਰਚੇ ਕਰ ਦਿਆਂਗੇ।”
-“ਠੀਕ ਹੈ ਜੀ, ਮੈਂ ਤਿਆਰ ਆਂ।”
-“ਅੱਛਾ… ਫੇਰ ਕਿੰਨੇ ਪੈਸੇ ਲਿਆ ਕਰੇਂਗਾ।”
-“ਪੈਸੇ? ਪੈਸੇ ਕਾਹਦੇ ਜੀ?”
– “ਲੈ ਕਿਉਂ? ਤੂੰ ਮਿਹਨਤ ਕਰਨੀ ਏਂ, ਮੈਂ ਤਾਂ ਤੈਨੂੰ ਮੈਟਰ ਦਾ ਪ੍ਰਬੰਧ ਕਰ ਦਿਆ ਕਰਾਂਗਾ। ਬਾਕੀ ਪ੍ਰਬੰਧਕੀ ਕੰਮ ਤਾਂ ਸਾਰੇ ਈ ਤੂੰ ਕਰਨੇ ਨੇ। ਮੈਨੂੰ ਪਤੈ ਇਹ ਕੋਈ ਸੌਖਾ ਕੰਮ ਨਈਂ। ਮੇਕਿੰਗ, ਪ੍ਰਿੰਟਿੰਗ ਤੋਂ ਲੈ ਕੇ ਡਿਸਟਰੀਬਿਊਟਿੰਗ ਤਕ। ਬੜੇ ਕੰਮ ਨੇ ਇਹ। ਮੈਂ ਇਹ ਸਾਰੇ ਕੰਮ ਕੀਤੇ ਹੋਏ ਨੇ। ਜਾਨ ਨਿਕਲ ਜਾਂਦੀ ਐ ਬੰਦੇ ਦੀ। ਬਿਨਾਂ ਪੈਸੇ ਤੋਂ ਕੰਮ ਨਈਂ ਹੁੰਦੇ ਇਹ। ਦੱਸ ਕਿੰਨੇ ਪੈਸੇ ਲਏਂਗਾ?”
-“”ਨਈਂ ਜੀ ਨਈਂ, ਮੈਂ ਪੈਸੇ ਤਾਂ ਲਵਾਂ ਜੇ ਕਿਸੇ ਹੋਰ ਦਾ ਕੰਮ ਹੋਵੇ, ਇਹ ਤਾਂ ਕੰਮ ਹੀ ਮੇਰਾ ਹੋਵੇਗਾ। ਮੇਰਾ ਤਾਂ ਅਪਣਾ ਸੁਪਨਾ ਇਹੋ ਜਿਹਾ ਪਰਚਾ ਕੱਢਣ ਦਾ ਹੈ ਤੇ ਅਪਣੇ ਆਪ ਤੋਂ ਮੈਂ ਕਿਵੇਂ ਪੈਸੇ ਲੈ ਲਊਂ?
-“ਨਾ ਬਈ ਸੁਸ਼ੀਲ ਇਹ ਨਹੀਂ ਗੱਲ ਬਣਦੀ ਅਪਣੀ। ਤੂੰ ਚੰਗਾ ਬੰਦੈਂ? ਇਥੇ ਤਾਂ ਪੈਸੇ ਤੋਂ ਬਿਨਾਂ ਕੋਈ ਗੱਲ ਈਂ ਨਈਂ ਕਰਦਾ ਤੇ ਤੂੰ ਕਹਿੰਨੈ ਕਿ ਪੈਸੇ ਲੈਣੇ ਨਈਂ। ਬਿਨਾਂ ਪੈਸੇ ਤੋਂ ਤੂੰ ਇਕ -ਦੋ ਅੰਕ ਕਢਾਵੇਂਗਾ ਤੇ ਫਿਰ ਤਿੱਤਰ ਹੋ ਜਾਵੇਂਗਾ। ਮੈਂ ਹਰ ਅੰਕ ਦਾ ਤੈਨੂੰ 10 ਹਜ਼ਾਰ ਰੁਪਇਆ ਦਊਂਗਾ।”
ਮੈਂ ਵੀ ਅੜ ਜਾਂਦਾ ਹਾਂ ਕਿ ਮੈਂ ਪੈਸੇ ਲੈ ਕੇ ਕੰਮ ਨਹੀਂ ਕਰਦਾ। ਫੇਰ ਤੈਅ ਹੁੰਦਾ ਹੈ ਕਿ ਪਹਿਲਾਂ ਪਰਚਾ ਕੱਢ ਲਿਆ ਜਾਵੇ। ਬਾਕੀ ਗੱਲਾਂ ਫੇਰ ਤੈਅ ਹੋਣਗੀਆਂ।
ਹੁਣ ਰੋਜ਼ ਸਾਡੀਆਂ ਮੁਲਾਕਾਤਾਂ ਹੁੰਦੀਆਂ। ਪਰਚੇ ਦਾ ਨਾਂਅ, ਮੈਟਰ, ਡਿਜ਼ਾਇਨਿੰਗ, ਪ੍ਰਿੰਟਿੰਗ, ਲੇਖਕਾਂ, ਪਾਠਕਾਂ, ਪਰਚੇ ਦੀ ਡਿਸਟ੍ਰੀਬਿਊਸ਼ਨ ਸਭ ਕੁਝ ਨੂੰ ਹੌਲੀ ਹੌਲੀ ਤਰਤੀਬ ਦੇ ਲਈ ਗਈ। ਪਰਚੇ ਦਾ ਨਾਂਅ ‘ਹੁਣ’ ਫ਼ਾਈਨਲ ਹੋਇਆ। ਪਰਚੇ ਦੀ ਡਿਜ਼ਾਇਨਿੰਗ ਲਈ ਪ੍ਰੇਮ ਸਿੰਘ ਆਰਟਿਸਟ ਨੂੰ ਨੋਇਡਾ ਤੋਂ ਬੁਲਾਇਆ ਗਿਆ। ਉਨ੍ਹਾਂ ਸਾਡੀ ਬੇਨਤੀ ਮੰਨ ਕੇ ਪੂਰੇ ਤਿੰਨ ਦਿਨ ਕੰਪਿਊਟਰ ‘ਤੇ ਬੈਠ ਕੇ ਸਾਰੀ ਲੇ-ਆਊਟ ਤਿਆਰ ਕਰਵਾਈ। ਲੇਖਕਾਂ ਨੂੰ ਫੋਨ ਕਰ-ਕਰ ਕੇ ਵੱਖ ਵੱਖ ਵਿਸ਼ਿਆਂ ਬਾਰੇ ਲਿਖਵਾਇਆ ਗਿਆ ਤੇ ਅੰਤ ਜੂਨ 2005 ਨੂੰ ‘ਹੁਣ’ ਦਾ ਪਹਿਲਾ ਅੰਕ ਛੱਪ ਕੇ ਆ ਗਿਆ। ਅਵਤਾਰ ‘ਹੁਣ’ ਨੂੰ ਹੱਥਾਂ ਵਿਚ ਚੁੱਕੀ ਨੱਚ ਰਹੇ ਸਨ, ਵਾਰ-ਵਾਰ ਮੱਥੇ ਨੂੰ ਲਾ ਰਹੇ ਸਨ। ਮੈਂ ਵੀ ਖੁਸ਼ ਸੀ ਪਰ ਅਵਤਾਰ ਦੀ ਦੀਵਾਨਗੀ ਦੇਖ ਕੇ ਮੈਂ ਹੈਰਾਨ ਸੀ। ਐਨੇ ਚਾਅ ‘ਚ ਮੈਂ ਅੱਜ ਤਕ ਕੋਈ ਬੰਦਾ ਨਹੀਂ ਸੀ ਦੇਖਿਆ। ਪੂਰਾ ਪਰਚਾ ਛੱਪ ਕੇ ਆਇਆ। ਖੁਦ ਅਵਤਾਰ ਜੀ ਮੇਰੇ ਤੇ ਰਜਿੰਦਰ ਬਿਮਲ ਨਾਲ ਤਿੰਨ ਦਿਨ ਲਗਾਤਾਰ ਪਰਚਾ ਡਲਿਵਰ ਕਰਨ ਪੰਜਾਬ ਟੂਰ ‘ਤੇ ਨਿਕਲ ਤੁਰੇ। ‘ਹੁਣ’ ਦਾ ਸਫ਼ਰ ਸ਼ੁਰੂ ਹੋ ਗਿਆ ਸੀ। ‘ਹੁਣ’ ਦੇ ਇਸ ਸਫ਼ਰ ਵਿਚ 20 ਅਗਸਤ 2012 ਤਕ ਅਵਤਾਰ ਜੀ ਮੇਰੇ ਨਾਲ ਨਾਲ ਰਹੇ। ‘ਹੁਣ’ ਉਹ ਸਾਡੇ ਨਾਲ ਨਹੀਂ ਪਰ ਇਸ ਸਫ਼ਰ ਦੌਰਾਨ ਵੱਖ ਵੱਖ ਸਮੇਂ ‘ਤੇ ਉਨ੍ਹਾਂ ਨਾਲ ਹੋਈਆਂ ‘ਗੱਲਾਂ’ ਦੇ ਕੁਝ ਅੰਸ਼ ‘ਹੁਣ’ ਦੇ ਪਾਠਕਾਂ ਦੀ ਨਜ਼ਰ ਹਨ : –
ਅਜੀਬ ਤਮਾਸ਼ਾ
? ਇਹ ਅਵਤਾਰ ਕੌਣ ਹੈ?
ਅਵਤਾਰ : ਮੈਂ ਖੁਦ ਨਈਂ ਜਾਣਦਾ। ਕਈ ਵਾਰ ਮੈਂ ਪਰਤਿਆ ਹਾਂ ਅਪਣੇ ਆਪ ਵਿਚ, ਉਤਰਿਆਂ ਹਾਂ ਅਪਣੇ ਧੁਰ ਅੰਦਰ। ਕੀ ਦੇਖਦਾ ਹਾਂ ਕਿ ਮੈਂ ਤਾਂ ਹੈ ਹੀ ਨਈਂ ਕਿਤੇ। ਲੱਭਦਾ ਹਾਂ ਅਵਤਾਰ ਨੂੰ। ਅੰਦਰ ਪੂਰਾ ਬ੍ਰਹਿਮੰਡ ਐ। ਅੰਦਰ ਬ੍ਰਹਿਮੰਡ ਵਿਚ ਅਵਤਾਰ ਤਾਂ ਕਿਣਕਾ ਮਾਤਰ ਵੀ ਨਈਂ। ਅੰਦਰ ਤਾਂ ਇਹ ਮੇਰਾ ਈ ਐ ਪਰ ਅਪਣੇ ਅੰਦਰ ਈ ਮੈਂ ਨਈਂ। ਇਹ ਅਜੀਬ ਤਮਾਸ਼ਾ ਹੈ। ਅੱਖਾਂ ਖੋਲ੍ਹਦਾ ਹਾਂ ਤਾਂ ਸਭ ਕੁਝ ਦਿਖਾਈ ਦਿੰਦਾ ਹੈ ਪਰ ਇਹ ਸਾਰਾ ਕੁਝ ਮਸਨੂਈ ਹੈ। ਇਹ ਜੋ ਵੀ ਮਸਨੂਈ ਐ, ਇਹੀ ਬੰਦੇ ਨੂੰ ਚੁੱਕੀ ਫਿਰਦੈ। ਬੰਦੇ ਨੂੰ ਬੰਦਾ ਰਹਿਣ ਈਂ ਨਈਂ ਦਿੰਦਾ, ਬੰਦੇ ਦਾ ਭਕਾਨਾ ਬਣਾ ਦਿੰਦੈ ਤੇ ਜਦੋਂ ਇਸ ਭਕਾਨੇ ‘ਤੇ ਮਾੜਾ ਜਿਹਾ ਵੀ ਦਬਾਅ ਪੈਂਦੈ, ਭਕਾਨਾ ਫੱਟ ਜਾਂਦੈ। ਇਹੀ ਅਸਲ ਗੱਲ ਐ। ਅਪਣੇ ਆਪ ਦੀ ਹੈਸੀਅਤ ਦੇਖਣ ਲਈ ਅੱਖਾਂ ਬੰਦ ਕਰਨ ਦੀ ਜ਼ਰੂਰਤ ਹੁੰਦੀ ਐ। ਅੱਖਾਂ ਬੰਦ ਹੁੰਦਿਆਂ ਈ ਬੰਦਾ ਅਪਣੇ ਅੰਦਰ ਦੇ ਸਫ਼ਰ ‘ਤੇ ਪੈ ਜਾਂਦੈ। ਇਹ ਅੰਦਰ ਦਾ ਸਫ਼ਰ ਹੀ ਬੰਦੇ ਨੂੰ ਉਹਦੀ ਅਸਲੀਅਤ ਦੇ ਦਰਸ਼ਨ ਕਰਵਾਉਂਦੈ।

? ਤੇ ਇਹ ਜੰਡਿਆਲਵੀ ਕੌਣ ਹੋਇਐ?
ਅਵਤਾਰ : ਜੰਡਿਆਲਵੀ ਵੀ ਭਰਮ ਈ ਐ। ਇਹ ਜੰਡਿਆਲਵੀ ਹੋਣ ਦਾ ਭਰਮ ਈ ਸੀ ਕਿ ਉਸ ਘਰ ਦੀ ਸ਼ਤੀਰੀ ਮੋਢਿਆਂ ‘ਤੇ ਚੁੱਕ ਪਰਦੇਸੀ ਹੋ ਗਿਆ, ਜਿਸ ਘਰ ਨੇ ਪਰਤ ਆਉਣ ਦੀ ਇੱਛਾ ਨੂੰ ਵੀ ਪ੍ਰਵਾਨ ਨਾ ਕੀਤਾ। ਤੁਹਾਡੇ ਅਪਣੇ ਵੀ ਅਪਣੇ ਨਈਂ। ਘਰ ਤਾਂ ਘਰ ਤੁਹਾਨੂੰ ਤੁਹਾਡਾ ਪਿੰਡ ਵੀ ਪਛਾਨਣੋਂ ਇਨਕਾਰੀ ਹੈ। ਇਸ ਅਹਿਸਾਸ ਨੇ ਜੀਣ-ਥੀਣ ਦੇ ਤੌਰ ਤਰੀਕੇ ਈ ਬਦਲ ਦਿੱਤੇ ਕਿ ਹਵਾ ਵਿਚ ਲਟਕੇ ਬੰਦੇ ਦੀ ਹੋਣੀ ਕੀ ਐ?

? ਕੀ ਏਸੇ ਲਈ ਅਪਣੀ ਪਹਿਲੀ ਕਾਵਿ ਪੁਸਤਕ ‘ਕੱਪਰ ਛੱਲਾਂ’ ਵਾਲਾ ਅਵਤਾਰ ਜੰਡਿਆਲਵੀ ਦੂਸਰੀ ਕਾਵਿ ਪੁਸਤਕ ‘ਮੇਰੇ ਪਰਤ ਆਉਣ ਤੱਕ’ ਵਿਚ ਕੇਵਲ ਅਵਤਾਰ ਰਹਿ ਗਿਆ?
ਅਵਤਾਰ :ਇਕ ਕਾਰਨ ਤਾਂ ਇਹ ਵੀ ਰਿਹਾ। ਸ਼ਾਇਦ ਅਚੇਤ ਵਿਚ ਇਹ ਗੱਲ ਵੀ ਅਟਕੀ ਹੀ ਹੋਵੇਗੀ ਪਰ ਇਕ ਗੱਲ ਹੋਰ ਵੀ ਸੀ, ਉਹ ਇਹ ਕਿ ਸ਼ਾਇਰ ਹੋਣ ਕਰ ਕੇ ਮੈਨੂੰ ‘ਜੰਡਿਆਲਵੀ’ ਵਿਚਲਾ ‘ਡ’ ਇਉਂ ਲਗਦਾ ਜਿਵੇਂ ਕਿਸੇ ਕਾਵਿ ਸਤਰ ਵਿਚ ਸਕਤਾ ਆ ਗਿਆ ਹੋਵੇ। ਉਂਜ ‘ਡ’ ਮੇਰੇ ਨਾਲ ਨਾਲ ਹੀ ਰਿਹਾ। ਜੰਡਿਆਲੇ ਤੋਂ ਬਾਅਦ ‘ਲੰਡਨ’ ਵਿਚਲਾ ‘ਡ’ ਵੀ ਮੈਨੂੰ ਪ੍ਰੇਸ਼ਾਨ ਹੀ ਕਰਦਾ ਰਿਹਾ। ਇਸ ‘ਡ’ ਨੇ ਮੇਰਾ ਪਿਛਾ ਨਹੀਂ ਛੱਡਿਆ। ਪਰ ਤੁਹਾਡੀ ਪਛਾਣ ਏਡਾ ਵੱਡਾ ਮਸਲਾ ਬਣ ਜਾਂਦੀ ਹੈ ਕਿ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਮੈਨੂੰ ਅਵਤਾਰ ਨਈਂ ਅਵਤਾਰ ਜੰਡਿਆਲਵੀ ਵਜੋਂ ਈ ਪ੍ਰਵਾਨ ਕੀਤਾ ਗਿਆ।
ਪੀੜ੍ਹੀਆਂ ਦਾ ਟਕਰਾਓ
? ਤੁਸੀਂ ਕਹਿੰਦੇ ਓ ਕਿ ਮੈਂ ਹੈ ਈ ਨਹੀਂ, ਅਵਤਾਰ ਪਤਾ ਨਈਂ ਕੌਣ ਐ, ਜੰਡਿਆਲੀ ਭਰਮ ਹੈ-ਪਰ ਫੇਰ ਤੁਹਾਡੀ ਲੰਮੀ ਨਜ਼ਮ ‘ਮੇਰੇ ਪਰਤ ਆਉਣ ਤੱਕ’ ਵਿਚ ਅਪਣੇ ਪਿੰਡ ਪ੍ਰਤੀ ਏਨਾ ਉਦਰੇਵਾਂ ਕਿਉਂ? ਏਨਾ ਹੇਰਵਾ?
ਅਵਤਾਰ : ਇਹਨੂੰ ਮੇਰੇ ਤਕ ਸੀਮਤ ਨਾ ਕਰ। ਇਹ ਮੇਰੀ ਜਾਂ ਮੇਰੇ ਪਿੰਡ ਦੀ ਗੱਲ ਨਈਂ ਐ, ਹਾਂ ਬਹਾਨਾ ਮੈਂ ਜ਼ਰੂਰ ਬਣਿਆ ਹਾਂ। ਇਹ ਤਾਂ ਪੰਜਾਬੀ ਸਭਿਆਚਾਰ ਦੀ ਗੱਲ ਹੈ, ਇਹਨੂੰ ਸਮੂਹਕਤਾ ਵਿਚ ਦੇਖੀਏ ਤਾਂ ਈ ਗੱਲ ਸਾਫ਼ ਹੋਊ। ਜਦੋਂ ਕੁ ਅਸੀਂ ਵਲੈਤ ਗਏ, ਉਦੋਂ ਪੂਰੀ ਰਫ਼ਤਾਰ ਨਾਲ ਪੰਜਾਬੀਆਂ ਦੀ ਇਕ ਪੂਰੀ ਪੀੜ੍ਹੀ ਉਧਰ ਹਿਜਰਤ ਕਰ ਗਈ। ਉਥੇ ਕੀ ਹੋਇਆ?-ਹੋਇਆ ਇਹ ਕਿ ਆਰਥਕ ਸਹੂਲਤਾਂ ਨੇ ਸਾਡੇ ਪਿਛਲਿਆਂ ਨੂੰ ਤਾਂ ਮਾਲਾਮਾਲ ਕਰ ਦਿੱਤਾ ਪਰ ਸਾਡਾ ਸਾਰਾ ਕੁਝ ਖੋਹ ਵੀ ਲਿਆ। ਸਭਿਆਚਾਰ ਦੀ ਸਭ ਤੋਂ ਮਹੱਤਵਪੂਰਨ ਚੂਲ ਸਾਡੀ ਜ਼ੁਬਾਨ ਸਾਡੇ ਤੋਂ ਦੂਰ ਜਾਣ ਲੱਗੀ। ਅਸੀਂ ਤਾਂ ਖੁਰ ਹੀ ਰਹੇ ਸਾਂ, ਅੱਗੋਂ ਸਾਡੇ ਬੱਚੇ ਵੀ ਸਾਡੇ ਨਈਂ ਰਹੇ ਤੇ ਫੇਰ ਅੱਗੋਂ ਉਨ੍ਹਾਂ ਦੇ ਬੱਚੇ ਬਿਲਕੁਲ ਹੀ ਬੇਗਾਨੇ ਹੋ ਗਏ। ਹੁਣ ਸਾਡੀਆਂ ਤਿੰਨ ਪੀੜ੍ਹੀਆਂ ਦਾ ਟਕਰਾਓ ਮਾਨਸਿਕ ਦਵੰਦ ਪੈਦਾ ਕਰ ਰਿਹੈ। ਇਕ ਗੱਲ ਸੁਣਾਉਂਦਾਂ ਹਾਂ-ਇਕ ਦਿਨ ਮੈਂ, ਮੇਰਾ ਬੇਟਾ ਸਵੇਰ ਤੇ ਉਹਦਾ ਬੇਟਾ ਹਰੀ ਅਸੀਂ ਤਿੰਨੇ ਬੈਠੇ ਟੀ.ਵੀ. ‘ਤੇ ਇੰਗਲੈਂਡ ਤੇ ਭਾਰਤ ਦਾ ਕ੍ਰਿਕਟ ਮੈਚ ਦੇਖ ਰਹੇ ਸੀ। ਭਾਰਤ ਦਾ ਕੋਈ ਖਿਡਾਰੀ ਜਦੋਂ ਚੌਕਾ-ਛੱਕਾ ਮਾਰਦਾ ਤਾਂ ਮੈਂ ਖੁਸ਼ ਹੋ ਹੋ ਤਾੜੀਆਂ ਮਾਰਦਾ, ਸਵੇਰ ਨਾ ਖੁਸ਼ ਹੋਵੇ ਨਾ ਉਦਾਸ ਪਰ ਹਰੀ ਮੇਰਾ ਪੋਤਾ ਮੈਨੂੰ ਘੂਰ ਘੂਰ ਦੇਖਿਆ ਕਰੇ। ਜਦੋਂ ਇੰਗਲੈਂਡ ਦਾ ਖਿਡਾਰੀ ਭਾਰਤ ਦੇ ਖਿਡਾਰੀ ਨੂੰ ਆਉਟ ਕਰਦਾ ਤਾਂ ਮੇਰਾ ਪੋਤਾ ਉਚੀ ਉਚੀ ਹੋ ਹੋ ਕਰਦਾ, ਮੈਂ ਚੁੱਪ ਹੋ ਜਾਂਦਾ, ਸਵੇਰ ਫੇਰ ਵੀ ਨਾ ਖੁਸ਼, ਨਾ ਉਦਾਸ।
ਹੁਣ ਇਹ ਹੈ ਹਾਲਤ। ਮੈਂ ਚਾਹੁੰਦਾ ਭਾਰਤ ਜਿੱਤੇ, ਮੇਰਾ ਪੋਤਾ ਚਾਹੁੰਦਾ ਕਿ ਬਰਤਾਨੀਆ ਜਿੱਤੇ ਤੇ ਮੇਰਾ ਮੁੰਡਾ ਨਾ ਏਧਰ ਨਾ ਉਧਰ। ਮੈਂ 45 ਸਾਲ ਇੰਗਲੈਂਡ ਰਹਿ ਕੇ ਵੀ ਉਥੇ ਦਾ ਨਾ ਹੋ ਸਕਿਆ, ਇਧਰ ਨੂੰ ਈ ਤਾਂਘਦਾ ਰਿਹਾ। ਮੇਰਾ ਮੁੰਡਾ ਨਾ ਇੰਡੀਅਨ ਨਾ ਅੰਗਰੇਜ਼ ਤੇ ਮੇਰਾ ਪੋਤਾ ਪੂਰਾ ਅੰਗਰੇਜ਼। ਇਸ ਟਕਰਾਓ ਨੇ ਅਸਰ ਤਾਂ ਪਾਉਣਾ ਹੀ ਹੋਇਆ ਨਾ ਸਾਹਿਤ ‘ਤੇ। ਇਹਦਾ ਪ੍ਰਗਟਾਓ ਹਾਲੇ ਕਾਫੀ ਵਰ੍ਹੇ ਹੁੰਦਾ ਰਹੇਗਾ ਪੰਜਾਬੀ ਸਾਹਿਤ ਵਿਚ।

?  ਤੁਹਾਡੀਆਂ ਕਾਵਿ ਸਤਰਾਂ ਹਨ
‘ਮੈਂ ਬੇਵਤਨ ਹੋਣ ਪਿਛੋਂ
ਕਿਸੇ ਟੀਮ ‘ਚ ਨਹੀਂ ਰਿਹਾ।
ਜਿਧਰ ਚਾਹੇ ਗੇਂਦ ਲਈ ਫਿਰਦਾ ਹਾਂ
ਪਰ ਗੋਲਾਂ ਦੇ ਪੋਲ
ਹਵਾ ਉਡਾ ਕੇ ਲੈ ਗਈ ਹੈ।’
ਅਪਣੀ ਮਿੱਟੀ ਤੋਂ ਵਿਛੋੜੇ ਜਾਣ ਦੀ ਇਹ ਪੀੜ ਕੀ ਨਿੱਜੀ ਹੀ ਹੈ, ਜਾਂ ਪਰਵਾਸੀ ਹੋ ਗਏ ਬਹੁਤੇ ਪੰਜਾਬੀਆਂ ਨਾਲ ਇਹ ਕੁਝ ਵਾਪਰਿਆ?
ਅਵਤਾਰ : ਪਰਵਾਸ ਭੋਗਦਿਆਂ ਦੀ ਪੀੜ ਦੀ ਮਾਤਰਾ ਘੱਟ-ਵੱਧ ਹੋ ਸਕਦੀ ਹੈ ਪਰ ਤਾਸੀਰ ਇਕੋ ਹੀ ਹੈ। ਖਾਸ ਤੌਰ ‘ਤੇ ਜਿਹੜਾ ਪੜ੍ਹਿਆ-ਲਿਖਿਆ ਤਬਕਾ ਪਰਵਾਸੀ ਹੋਇਆ, ਉਨ੍ਹਾਂ ਦੇ ਸੰਕਟ ਬਹੁ-ਪਰਤੀ ਹਨ। ਮੈਂ 1963 ਵਿਚ ਵਲੈਤ ਗਿਆ। ਇਹ ਉਹ ਸਮਾਂ ਸੀ ਜਦੋਂ ਬਰਤਾਨੀਆ ਸਰਕਾਰ ਨੇ ਰੁਜ਼ਗਾਰ ਵਾਉਚਰਾਂ ਦੀ ਝੜੀ ਲਾ ਦਿੱਤੀ ਸੀ, ਜਿਸ ਕਰ ਕੇ ਬਹੁਤੇ ਪੜ੍ਹੇ-ਲਿਖੇ ਪੰਜਾਬੀ ਲੋਕ ਵਲੈਤੀ ਹੋ ਗਏ। ਉਦੋਂ ਇਹ ਆਮ ਭਾਵਨਾ ਸੀ ਕਿ ਵਲੈਤ ਜਾ ਕੇ ਖੂਬ ਮਿਹਨਤ ਕਰਾਂਗੇ, ਪੈਸੇ ਜੋੜਾਂਗੇ ਤੇ ਵਤਨ ਮੁੜ ਆਵਾਂਗੇ ਪਰ ਹੋਇਆ ਬਿਲਕੁਲ ਉਲਟ। ਕੋਈ ਚਾਹ ਕੇ ਵੀ ਮੁੜ ਨਾ ਸਕਿਆ। ਲੋਕਾਂ ਕੰਮ ਕੀਤੇ, ਪੈਸਾ ਆਉਣ ਲੱਗਾ, ਪੌਂਡ ਜਦੋਂ ਰੁਪਇਆਂ ਦੇ ਥੱਬਿਆਂ ਵਿਚ ਬਦਲਣ ਲੱਗੇ ਤਾਂ ਥੁੜ੍ਹਾਂ ਮਾਰੇ ਪੰਜਾਬੀਆਂ ਦੇ ਪੈਰ ਚੁੱਕੇ ਗਏ। ਬਾਹਰੋਂ ਟੌਰ-ਟੱਪਾ ਪਰ ਅੰਦਰੋਂ ਬੰਦਾ ਮਰਨ ਲੱਗਾ। ਬੰਦਿਆਂ ਮਗਰ ਟੱਬਰਾਂ ਦੇ ਟੱਬਰ ਵਲਾਇਤ ਆ ਵੜੇ। ਪਰਿਵਾਰ ਆਉਣ ਨਾਲ ਕਮਾਈਆਂ ਵੀ ਵਧੀਆਂ, ਰਹਿਣ-ਸਹਿਣ ਤਬਦੀਲ ਹੋਣ ਲੱਗਾ। ਹਰ ਆਰਥਕ ਵਰਤਾਰਾ ਅਪਣੇ ਨਾਲ ਹੀ ਅਪਣਾ ਸਭਿਆਚਾਰ ਦਾ ਰੰਗ ਵੀ ਤੁਹਾਡੇ ‘ਤੇ ਚਾੜ੍ਹ ਦਿੰਦਾ ਹੈ। ਪੰਜਾਬੀ ਅਪਣੇ ਕੰਮ-ਕਾਰ ਖੋਲ੍ਹਦੇ ਗਏ, ਖੁਸ਼ਹਾਲੀ ਵਧਣ ਲੱਗੀ, ਪਿਛੇ ਭਰਾਵਾਂ, ਚਾਚਿਆਂ, ਤਾਇਆਂ ਦੇ ਟੱਬਰਾਂ ਦੀਆਂ ਅੱਖਾਂ ਜਾਇਦਾਦਾਂ ‘ਤੇ ਤਾਂ ਟਿਕੀਆਂ ਹੀ, ਨਾਲ ਹੀ ਵਲੈਤੀ ਭੈਣ-ਭਰਾਵਾਂ ਦੇ ਪੌਂਡ ਵੀ ਟੋਹਣ ਲੱਗੀਆਂ। ਬਰਤਾਨੀਆ ਵਿਚ ਸਭਿਆਚਾਰਕ ਟਕਰਾਓ ਦਾ ਵਿਸ਼ਾਦ ਤੇ ਪੰਜਾਬ ਵਿਚ ਰਿਸ਼ਤਿਆਂ ਦੀਆਂ ਤਰੇੜਾਂ ਨੇ ਸਮੁੱਚੇ ਪੰਜਾਬੀ ਜਗਤ ਲਈ ਸੰਤਾਪ ਦੇ ਨਵੇਂ ਅਧਿਆਇ ਲਿਖਣੇ ਸ਼ੁਰੂ ਕਰ ਦਿੱਤੇ। ਇਸ ਵਰਤਾਰੇ ਨੇ ਸਾਹਿਤ ਵਿਚ ਵੀ ਦਸਤਕ ਦੇਣੀ ਹੀ ਸੀ।
ਜਿਹੜੀਆਂ ਕਾਵਿ ਸਤਰਾਂ ਦਾ ਤੂੰ ਜ਼ਿਕਰ ਕਰ ਰਿਹੈਂ, ਇਹ ਨਜ਼ਮ ‘ਅੱਧ ਅਸਮਾਨੇ’ ਵਿਚੋਂ ਹਨ। ਇਸੇ ਨਜ਼ਮ ਦੀਆਂ ਸ਼ੁਰੂਆਤੀ ਸਤਰਾਂ ਵੀ ਸੁਣ ਲੈ-
-ਅੱਧ ਅਸਮਾਨੇ ਆ ਕੇ
ਫੱਟ ਗਈ ਆਤਿਸ਼ਬਾਜ਼ੀ ਦੇ
ਕੋਲਿਆਂ ਵਰਗੀ ਹੈ ਮੇਰੀ ਹੋਂਦ।
ਜਿਸ ਦੇ ਪੈਰ ਲੰਡਨ ਵਿਚ ਡਿਗੇ,
ਸਿਰ ਮਾਸਕੋ ਵਿਚ
ਦਿਲ ਦਿੱਲੀ ਦੇ ਬਾਜ਼ਾਰਾਂ ਵਿਚ ਰੁੱਲ ਗਿਆ
ਤੇ ਹੱਥ,
ਨਿਊਯਾਰਕ ਦੇ ਦਿਸਹੱਦੇ ‘ਤੇ ਜਾ ਲਟਕੇ
ਅੱਧ ਜਲਿਆ ਢਿੱਡ,
ਸਮੁੰਦਰ ਦੇ ਕਦੀ ਇਸ ਕੰਢੇ
ਲੱਗ ਜਾਂਦਾ ਹੈ
ਕਦੇ ਉਸ ਕੰਢੇ।
ਸੋ, ਭਾਈ ਸ਼ਾਇਰ ਨੇ ਤਾਂ ਅਪਣੀ ਗੱਲ ਕਹਿ ਦਿੱਤੀ ਪਰ ਇਹ ਸਿਰਫ਼ ਸ਼ਾਇਰੀ ਈ ਨਈਂ ਐ, ਇਹ ਸੱਚ ਐ, ਪੰਜਾਬੀ ਬੰਦੇ ਦੀ ਹੋਂਦ ਨੂੰ ਆ ਪਏ ਮਹਾ-ਸੰਕਟ ਦਾ ਸੱਚ। ਇਸ ਸੰਕਟ ਨਾਲ ਘੱਟ-ਵੱਧ ਹਰ ਪਰਵਾਸੀ ਪੰਜਾਬੀ ਦੋ-ਚਾਰ ਹੋਇਆ ਹੈ ਤੇ ਹੋ ਰਿਹੈ।
ਵਿਚਾਰਧਾਰਕ ਡਾਵਾਂ-ਡੋਲਤਾ
? ਮੈਂ ਇਹਨੂੰ ਇਕ ਹੋਰ ਨਜ਼ਰੀਏ ਤੋਂ ਵੀ ਦੇਖਦਾਂ। ‘ਸਿਰ’ ਮਾਸਕੋ ਤੇ ‘ਦਿਲ’ ਦਿੱਲੀ ਦੇ ਚਾਂਦਨੀ ਚੌਕ ਵਿਚ। ਕੀ ਇਹ ਕਾਵਿ ਸਤਰਾਂ ਤੁਹਾਡੀ ਵਿਚਾਰਧਾਰਕ ਗਰੀਬੀ ਨਹੀਂ ਦਰਸਾਉਂਦੀਆਂ?
ਅਵਤਾਰ : ਸੁਸ਼ੀਲ ਸਿਆਂ! ਏਨਾ ਤਾਂ ਹੇਠਾਂ ਨਾ ਡੇਗ ਮੈਨੂੰ। ਵਿਚਾਰਧਾਰਕ ਗ਼ਰੀਬੀ ਤਾਂ ਨਈਂ, ਵਿਚਾਰਧਾਰਕ ਅਸਪਸ਼ਟਤਾ ਜ਼ਰੂਰ ਮੰਨਦਾਂ ਮੈਂ। ਇਹ ਸ਼ੁਰੂ ਤੋਂ ਹੀ ਹੋਇਆ ਮੇਰੇ ਨਾਲ। ਚੜ੍ਹਦੀ ਉਮਰੇ ਮੇਰੇ ਕਵੀ ਮਿੱਤਰ ਹਰਭਜਨ ਸਿੰਘ ਹੁੰਦਲ ਤੇ ਸੁਰਿੰਦਰ ਗਿੱਲ ਜਦੋਂ ਪ੍ਰਗਤੀਵਾਦੀ ਸ਼ਾਇਰੀ ਦੇ ਮੋਹਰੀ ਕਵੀਆਂ ਵਜੋਂ ਵਿਕਸਤ ਹੋ ਰਹੇ ਸਨ, ਮੈਨੂੰ ਇਸ ਤੋਂ ਵੱਖਰਾ ਦਿਖਣ ਦੀ ਕੋਸ਼ਿਸ਼ ਵਿਚ ਪ੍ਰਯੋਗਵਾਦ ਦਾ ਝੱਲ੍ਹ ਆ ਚੁੰਬੜਿਆ। ਹੁੰਦਲ ਤੇ ਗਿੱਲ ਮੇਰੇ ‘ਤੇ ਔਖੇ ਵੀ ਰਹੇ ਪਰ ਮੈਂ ਨਈਂ ਹਟਿਆ। ਪ੍ਰਯੋਗਵਾਦ ਦਾ ਚਾਅ ਲੱਥਿਆ ਤਾਂ ਹੀ ਮੈਂ ‘ਮੇਰੇ ਪਰਤ ਆਉਣ ਤੱਕ’ ਦੇ ਸਫ਼ਰ ‘ਤੇ ਪਿਆ। ਪ੍ਰਯੋਗਵਾਦ ਤੋਂ ਮੁਕਤੀ ਕਾਰਨ ਹੀ ਉਦੋਂ ਜਿਹੜੀਆਂ ਮੈਂ ਕੁਝ ਕਵਿਤਾਵਾਂ ਲਿਖੀਆਂ ਸਨ, ਕਿਤੇ ਨਈਂ ਛਪਵਾਈਆਂ। ਪਰ ਫੇਰ ਪੰਜਾਬ ਵਿਚ ਚੱਲੀ ਖਾਲਿਸਤਾਨੀ ਲਹਿਰ ਦੇ ਪ੍ਰਭਾਵ ਨੇ ਸਾਡੇ ਵਰਗੇ ‘ਬਾਹਰਲੇ ਲੇਖਕਾਂ’ ਨੂੰ ਜੱਫਾ ਮਾਰ ਲਿਆ, ਮੈਂ ਉਦੋਂ ਕੋਈ ਕਵਿਤਾਵਾਂ ਤਾਂ ਨਹੀਂ ਲਿਖੀਆਂ ਪਰ ਮੇਰੇ ਅੰਦਰੋਂ ਸਿੱਖ ਜ਼ਰੂਰ ਜਾਗ ਪਿਆ। ਸੋ, ਮੈਂ ਉਦੋਂ ਅੱਧਾ ਕਾਮਰੇਡ ਸਾਂ ਤੇ ਅੱਧਾ ਸਿੱਖ ਜਾਂ ਇਹ ਕਹਿ ਲਓ ਕਿ ਮੈਂ ਨਾ ਕਾਮਰੇਡ ਬਣ ਸਕਿਆ ਤੇ ਨਾ ਹੀ ਸਿੱਖ। ਮੈਨੂੰ ਇਹ ਮੰਨਣ ‘ਚ ਕੋਈ ਗੁਰੇਜ਼ ਨਈਂ ਕਿ ਮੇਰੀ ਵਿਚਾਰਧਾਰਕ ਅਸਪਸ਼ਟਤਾ ਨੇ ਮੇਰਾ ਕਾਫੀ ਨੁਕਸਾਨ ਕੀਤਾ।

? ਚਲੋ ਜੇ ਗੱਲ ਤੁਰ ਈ ਪਈ ਐ ਤਾਂ ਲਗਦੇ ਹੱਥ ਇਹ ਵੀ ਦਸ ਦਿਓ ਕਿ ਜਿਹੜੇ ਤੁਹਾਡੇ ‘ਤੇ ਇਹ ਇਲਜ਼ਾਮ ਲੱਗਦੇ ਹਨ ਕਿ ਤੁਸੀਂ ਲੰਡਨ ‘ਚ ਖਾਲਿਸਤਾਨੀ ਲਹਿਰ ਵੇਲੇ ਭਿੰਡਰਾਵਾਲਿਆਂ ਦੀਆਂ ਫੋਟੋਆਂ ਵੀ ਵੇਚਦੇ ਰਹੇ ਹੋ, ਇਹਦਾ ਸੱਚ ਕੀ ਹੈ?
ਅਵਤਾਰ : ਇਹ ਤਾਂ ਕੋਰਾ ਝੂਠ ਐ ਬਈ। ਨਿਰੀ ਬਕਵਾਸ। ਜਿਵੇਂ ਕਿਹਾ ਕਿ ਮੇਰੇ ਅੰਦਰੋਂ ਸਿੱਖ ਤਾਂ ਜ਼ਰੂਰ ਜਾਗ ਪਿਆ ਸੀ ਪਰ ਮੈਂ ਕਦੇ ਇਸ ਹੱਦ ਤਕ ਨਈਂ ਗਿਆ। ਮੈਂ ਜਲਸੇ ਜਲੂਸਾਂ ‘ਚ ਤਾਂ ਜ਼ਰੂਰ ਇਕ ਦੋ ਵਾਰ ਗਿਆ ਬਤੌਰ ਦਰਸ਼ਕ। ਕਿਸੇ ਸਰਗਰਮੀ ‘ਚ ਮੇਰਾ ਕੋਈ ਹਿੱਸਾ ਨਈਂ। ਹਾਂ ਮੇਰੇ ਘਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਫੋਟੋ ਵੀ ਲੱਗੀ ਰਹੀ ਹੈ ਪਰ ਉਹ ਵੀ ਮੈਂ ਨਈਂ ਸੀ ਲਾਈ, ਉਹ ਮੇਰੀ ਸਰਦਾਰਨੀ ਸਵਰਨਜੀਤ ਕੌਰ ਨੇ ਲਾਈ ਸੀ, ਉਹ ਵੀ ਸ਼ਰਧਾ ਮੂਲਕ। ਮੈਂ ਸਵਰਨਜੀਤ ਦੇ ਕਿਸੇ ਕੰਮ ਵਿਚ ਕਦੇ ਕੋਈ ਦਖ਼ਲ ਨਈਂ ਦਿੱਤਾ।  
ਯਾਰੀ ਤੇ ਪੱਤਰਕਾਰੀ
? ਇਨ੍ਹੀਂ ਦਿਨੀਂ ਹੀ ਤੁਹਾਡੀ ‘ਦੇਸ ਪਰਦੇਸ’ ਦੇ ਐਡੀਟਰ ਤਰਸੇਮ ਪੁਰੇਵਾਲ ਨਾਲ ਵੀ ਵਾਹਵਾ ਸਾਂਝ ਰਹੀ। ਇਹ ਸਾਂਝ ਦੀ ਅਸਲ ਵਜ੍ਹਾ ਕੀ ਸੀ ਤੇ ਕਿਹੋ ਜਿਹਾ ਰਿਹਾ ਪੁਰੇਵਾਲ ਨਾਲ ਯਾਰਾਨਾ?
ਅਵਤਾਰ : ਮੈਂ ਕਿਉਂਕਿ ਲੇਖਕ ਹੋਣ ਦੇ ਨਾਲ ਨਾਲ ਸਾਹਿਤਕ ਪੱਤਰਕਾਰੀ ਦਾ ਝਸ ਵੀ ਪਾਲ ਬੈਠਾ ਸਾਂ, ਇਸ ਲਈ ਪੁਰੇਵਾਲ ਮੇਰੀ ਇਸ ਰੁਚੀ ਨੂੰ ਠੁੰਮ੍ਹਣਾ ਦੇਣ ‘ਚ ਸਹਾਈ ਹੋਇਆ। ਮੈਂ ਦੇਸ ਪਰਦੇਸ ਦੇ ਦਫ਼ਤਰ ਜਾਂਦਾ। ਪੁਰੇਵਾਲ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਨਾਲ ਈ ਇਕ-ਦੂਜੇ ਨਾਲ ਸਲਾਹ ਕਰ ਕੇ ਦੇਸ ਪਰਦੇਸ ਦੀ ਲੋੜ ਮੁਤਾਬਕ ਮੈਂ ਕੁਝ ਨਾ ਕੁਝ ਲਿਖ ਦਿੰਦਾ। ਇਹ ਸਿਲਸਲਾ ਕਾਫੀ ਦੇਰ ਤਕ ਚੱਲਦਾ ਰਿਹਾ। ਇਨ੍ਹਾਂ ਦਿਨਾਂ ਵਿਚ ਲਿਖੇ ਹੀ ਕੁਝ ਕਾਲਮਾਂ ਨੂੰ ਬਾਅਦ ਵਿਚ ਤਰਤੀਬ ਦੇ ਕੇ ਮੈਂ ਵਾਰਤਕ ਦੀ ਪੁਸਤਕ ‘ਲੰਡਨ ਦੀਆਂ ਰੰਗ ਰੌਸ਼ਨੀਆਂ’ ਛਪਵਾਈ ਪਰ ਪ੍ਰਕਾਸ਼ਕਾਂ ਦੀ ‘ਮਿਹਰਬਾਨੀ’ ਨਾਲ ਇਹ ਪਾਠਕਾਂ ਤਕ ਪਹੁੰਚ ਹੀ ਨਹੀਂ ਸਕੀ। ਜਿਥੋਂ ਤਕ ਤਰਸੇਮ ਪੁਰੇਵਾਲ ਨਾਲ ਦੋਸਤੀ ਦਾ ਸਬੰਧ ਹੈ ਤਾਂ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਅਸੀਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਤੇ ਸ਼ਾਮਾਂ ਤਰਸੇਮ ਪੁਰੇਵਾਲ ਦੇ ਕਥਨ ਮੁਤਾਬਕ ‘ਚਮਚਾ ਕੁ ਸ਼ਰਾਬ’ ਨਾਲ ਰੰਗੀਨ ਕਰਦੇ। ਤਰਸੇਮ ਪੁਰੇਵਾਲ ਦੀ ਅਪਣੀ ਵਿਚਾਰਧਾਰਾ ਵੀ ਕੋਈ ਟਿਕਵੀਂ ਨਹੀਂ ਸੀ। ਉਹਦੀ ਵਿਚਾਰਧਾਰਾ ਸਿਰਫ਼ ਦੇਸ ਪਰਦੇਸ ਨੂੰ ਪ੍ਰਸਿੱਧੀ ਦੇ ਸਿਖ਼ਰ ‘ਤੇ ਪਹੁੰਚਾਉਣ ਤਕ ਹੀ ਸੀਮਤ ਸੀ। ਇਹਦੇ ਲਈ ਉਹ ਹਰ ‘ਤੱਤੀ ਤੱਤੀ ਚੀਜ਼’ ਚਸਕੇ ਲਾ ਲਾ ਦੇਸ ਪਰਦੇਸ ਵਿਚ ਛਾਪਣ ਤੋਂ ਵੀ ਗੁਰੇਜ਼ ਨਹੀਂ ਸੀ ਕਰਦਾ। ਉਸ ਦੀ ਇਹੀ ‘ਚਸਕਾ ਪੱਤਰਕਾਰੀ’ ਉਹਦੀ ਜਾਨ ਦਾ ਖੌਅ ਬਣ ਗਈ। ਮੈਨੂੰ ਉਹਦੇ ਇਸ ਤਰ੍ਹਾਂ ਗੋਲੀਆਂ ਨਾਲ ਮਾਰੇ ਜਾਣ ਦਾ ਡਾਢਾ ਦੁੱਖ ਹੋਇਆ। ਮੈਂ ਕਈ ਦਿਨ ਰੋਂਦਾ ਰਿਹਾ।

? ਤੁਹਾਡਾ ਪੱਤਰਕਾਰੀ ਦਾ ਇਹ ਸ਼ੌਕ ਹੀ ਤੁਹਾਨੂੰ ਅਪਣਾ ਅਖ਼ਬਾਰ ‘ਸੰਦੇਸ਼’ ਕੱਢਣ ਤਕ ਲੈ ਗਿਆ। ‘ਸੰਦੇਸ਼’ ਵਿਚੋਂ ਤੁਸੀਂ ਕੀ ਕੱਢ ਲਿਆ?
ਅਵਤਾਰ : ਕੱਢਿਆ ਤਾਂ ਕੀ ਸਗੋਂ ਜੋ ਕੁਝ ਵੀ ਸੀ, ਉਹ ਵੀ ਗਵਾ ਲਿਆ। ਸ਼ੌਕ ਨੂੰ ਜੇ ਕੁਝ ਇਮਾਨਦਾਰ ਸਹਿਯੋਗੀਆਂ ਦਾ ਸਾਥ ਮਿਲੇ ਤਾਂ ਹੀ ਕੁਝ ਚੰਗਾ ਨਿਕਲ ਸਕਦਾ ਤੇ ਕੁਝ ਹਾਸਲ ਕੀਤਾ ਜਾ ਸਕਦਾ। ਮੇਰੇ ਸ਼ੌਕ ਨੂੰ ਤਾਂ ‘ਸੰਦੇਸ਼’ ਰਾਹੀਂ ਇਕ ਬੇਈਮਾਨ ਬੰਦੇ ਨੇ ਬੁਰੀ ਤਰ੍ਹਾਂ ਐਕਸਪਲਾਈਟ ਹੀ ਕੀਤਾ। ਇਹ ‘ਸੰਦੇਸ਼’ ਕੱਢਣ ਵੇਲਿਆਂ ਦੀ ਹੀ ਗੱਲ ਹੈ ਕਿ ਮੇਰਾ ਘਰ ਵਿਕ ਗਿਆ, ਸ਼ਾਪ ਵਿਕ ਗਈ, ਗੱਲ ਕੀ ਸਭ ਕੁਝ ਹੀ ਵਿਕ ਗਿਆ। ਇਥੋਂ ਤਕ ਕਿ ਮੇਰੇ ਕਿਰਦਾਰ ‘ਤੇ ਵੀ ਉਂਗਲਾਂ ਉਠਣ ਲੱਗੀਆਂ। ਮੈਂ ਬਹੁਤ ਬੁਰੇ ਹਾਲਾਤ ਵਿਚ ਫਸ ਗਿਆ ਸੀ। ਝਟਕੇ ਦਰ ਝਟਕੇ ਲਗ ਰਹੇ ਸਨ। ਗ਼ਲਤ ਸਾਥ ਨੇ ਸਭ ਕੁਝ ਹੀ ਗ਼ਲਤ ਕਰ ਦਿੱਤਾ ਸੀ। ਇਸ ਕਾਲ ਚੱਕਰ ਦਾ ਫਸਿਆ ਮੈਂ ਕਦੇ ਲੰਡਨ ਹੁੰਦਾ, ਕਦੇ ਦਿੱਲੀ ਪਰ ਅਸਲ ਵਿਚ ਮੈਂ ਕਿਤੇ ਨਹੀਂ ਸਾਂ। ਮੈਂ ਪੁਰੀ ਤਰ੍ਹਾਂ ਗੁੰਮ-ਗਵਾਚ ਗਿਆ ਸੀ। ਮੇਰਾ ਪਰਿਵਾਰ ਖਿੰਡ ਗਿਆ ਸੀ। ਮੈਂ ਅਪਣੀ ਪਤਨੀ ਨੂੰ ਅਪਣੇ ਤੋਂ ਦੂਰ ਕਰ ਲਿਆ। ਮੈਂ ਅਪਣੇ ਬੱਚਿਆਂ ਸਾਹਮਣੇ ਹੀ ਗੁਨਾਹਗਾਰ ਹੋ ਗਿਆ। ਜਦੋਂ ਸੁਰਤ ਆਈ ਤਾਂ ਪੁਰੀ ਤਰ੍ਹਾਂ ਲੁੱਟਿਆ-ਪੁੱਟਿਆ ਗਿਆ ਸਾਂ। ਅਚਾਨਕ ਦੇਵਤੇ ਦੇ ਮਿਲਣ ਵਾਂਗ ਇਕ ਬਜ਼ੁਰਗ ਮਿਲਿਆ, ਉਹਨੇ ਰਸਤਾ ਦਿਖਾਇਆ, ਮੈਂ ਮੁੜ ਪੈਰਾਂ ਸਿਰ ਹੋਣ ਲਈ ਯਤਨਸ਼ੀਲ ਹੋਇਆ ਤੇ ਫੇਰ ਸਖ਼ਤ ਮਿਹਨਤ ਨਾਲ ਕੁਝ ਰਵਾਂ ਹੋ ਗਿਆ। ਹੁਣ ਮੈਂ ਤੇ ਮੇਰੀ ਮਿਹਨਤ ਸੀ। ਮੁੜ ਸਭ ਕੁਝ ਹਾਸਲ ਕੀਤਾ ਪਰ ਅੰਦਰੋਂ ਬਹੁਤ ਕੁਝ ਮਰ ਚੁੱਕਾ ਸੀ ਜਿਹਨੂੰ ਜਿਉਂਦਿਆਂ ਕਰਨ ਦੇ ਲੱਖ ਯਤਨ ਵੀ ਕਿਸੇ ਕੰਮ ਨਾ ਆਏ।
‘ਹੁਣ’ ਦਾ ਜਨਮ
? ਸਭ ਕੁਝ ਗਵਾ ਕੇ ਪੱਤਰਕਾਰੀ ਦਾ ਸ਼ੌਕ ਫੇਰ ਵੀ ਨਾ ਛੱਡਿਆ। ਵਾਪਸ ਆਣ ਕੇ ‘ਹੁਣ’ ਕੱਢ ਲਿਆ। ਕੀ ਪਹਿਲਾਂ ਲੱਗੀਆਂ ਠੋਕਰਾਂ ਕਾਫੀ ਨਹੀਂ ਸਨ?
ਅਵਤਾਰ : ਪਤਾ ਨਹੀਂ ਕਿਉਂ.. ਮੇਰੇ ਅੰਦਰ ਇਹ ਗੱਲ ਸਦਾ ਧੜਕਦੀ ਰਹੀ ਕਿ ਜੋ ਮੈਂ ਕਰਨਾ ਚਾਹੁੰਦਾ ਸੀ, ਮੈਥੋਂ ਨਹੀਂ ਹੋਇਆ। ਨਾਕਾਮਯਾਬੀਆਂ ਦਾ ਸਿਲਸਲਾ ਲਗਾਤਾਰ ਮੇਰੇ ਨਾਲ ਨਾਲ ਹੀ ਚੱਲਦਾ ਰਿਹਾ। ਮੈਂ ਇਹਨੂੰ ਤੋੜਨਾ ਚਾਹੁੰਦਾ ਸਾਂ। ਇਹਦੇ ਲਈ ਰਿਸਕ ਤਾਂ ਫੇਰ ਜ਼ਰੂਰੀ ਸੀ ਹੀ। ਏਸੇ ਲਈ ਮੈਂ ਰਵਾਇਤੀ ਪੱਤਰਕਾਰੀ ਨੂੰ ਤਿਆਗ ਪੱਤਰ ਦੇ ਕੇ ਨਿਰੋਲ ਸਾਹਿਤਕ ਪੱਤਰਕਾਰੀ ਦਾ ਪੱਲਾ ਫੜਨ ਦੀ ਕੋਸ਼ਿਸ਼ ਕੀਤੀ। ਹੁਣ ਇਹਦੇ ਲਈ ਮੇਰੇ ਕੋਲ ਸੰਜੀਦਾ ਸੋਚ ਤਾਂ ਸੀ ਪਰ ਉਮਰ ਭੱਜ-ਨੱਠ ਵਾਲੀ ਨਹੀਂ ਸੀ। ਪ੍ਰੌਢ ਸੋਚ ਤੇ ਤਨ ਮਨ ਨਾਲ ਕੰਮ ਕਰਨ ਦਾ ਉਮਾਹ ਇਹ ਤਾਲਮੇਲ ਬਿਠਾਉਣ ਵਾਸਤੇ ਹੀ ਮੈਂ ਅਪਣੇ ਮਿੱਤਰਾਂ-ਬੇਲੀਆਂ ਨਾਲ ਸਲਾਹਾਂ ਕਰਦਾ ਰਿਹਾ ਤੇ ਅਖ਼ੀਰ ਮੈਨੂੰ ਤੂੰ ਮਿਲ ਗਿਆ। ਮੈਂ ਤੈਨੂੰ ਜਾਣਦਾ ਨਹੀਂ ਸੀ ਪਰ ਖ਼ਤਰਾ ਤਾਂ ਮੁੱਲ ਲੈਣਾ ਹੀ ਪੈਣਾ ਸੀ। ਹਰਭਜਨ ਹੁੰਦਲ ਨੂੰ ਮੈਂ ਇਮਾਨਦਾਰ ਸਾਹਿਤਕ ਕਾਰਕੁਨ ਵਜੋਂ ਤਸਲੀਮ ਕਰਦਾ ਹਾਂ। ਉਹਨੇ ਤੇਰਾ ਨਾਂਅ ਲਿਆ ਤੇ ਮੈਂ ਕਾਫੀ ਨਿਸਚਿੰਤ ਹੋ ਗਿਆ ਸੀ। ਇਸੇ ਲਈ ‘ਹੁਣ’ ਵਾਲਾ ਦਾਅ ਵੀ ਖੇਡ ਲਿਆ ਤੇ ਪਹਿਲੀ ਵਾਰੀ ਮੇਰਾ ਕੋਈ ਦਾਅ ਚੱਲ ਗਿਆ। ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਪੰਜਾਬੀ ਸਾਹਿਤ ਵਿਚ ਕੁਝ ਨਵਾਂ, ਅਨੋਖਾ ਕਰਨ ਦੀ ਰੀਝ ਤੋਂ ਜਨਮ ਲਿਆ ਹੈ ‘ਹੁਣ’ ਨੇ।  ‘ਹੁਣ’ ਉਨ੍ਹਾਂ ਕਲਮਾਂ ਨੂੰ ਪਛਾਣਨ ਤੁਰਿਆ ਹੈ ਜਿਨ੍ਹਾਂ ‘ਤੇ ਸਾਹਿਤ ਨੂੰ ਮਾਣ ਹੈ ਤੇ ਉਨ੍ਹਾਂ ਨੂੰ ਵੀ ਜੋ ਪਿਛਲੀਆਂ ਕਤਾਰਾਂ ਵਿਚ ਨੀਵੀਂ ਪਾਈ ਬੈਠੀਆਂ ਹਨ। ਸਾਨੂੰ ਪਤਾ ਹੈ ਪੰਜਾਬੀ ਵਿਚ ਪਰਚਾ ਲਾਹੇਵੰਦ ਸੌਦਾ ਨਹੀਂ ਪਰ ਕਿਸੇ ਨੂੰ ਤੱਤੀਆਂ ਹਵਾਵਾਂ ਵਿਚ ਬਨੇਰਿਆਂ ‘ਤੇ ਬੱਤੀਆਂ ਬਾਲਣ ਦਾ ਵੀ ਤਾਂ ਚਾਅ ਹੁੰਦਾ ਹੈ।

? ‘ਹੁਣ’ ਕੱਢਣ ਲੱਗਿਆਂ ਤੁਹਾਡੇ ਕੁਝ ਮਿੱਤਰਾਂ ਨੇ ਸੁਚੇਤ ਵੀ ਕੀਤਾ ਹੋਏਗਾ?
ਅਵਤਾਰ : ਹਾਂ ਜਿਨ੍ਹਾਂ ਸੁਚੇਤ ਕੀਤਾ, ਉਨ੍ਹਾਂ ਦਾ ਸ਼ੁਕਰਿਆ ਪਰ ਕੁਝ ‘ਮਿੱਤਰਾਂ’ ਨੇ ਸੁਚੇਤ ਨਹੀਂ ਸਗੋਂ ਰਸਤੇ ‘ਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ। ਮੈਂ ਹੁਣ ਇਨ੍ਹਾਂ ਨੂੰ ਮਿੱਤਰ ਨਹੀਂ ਮੰਨਦਾ। ਦੋ ਜਣਿਆਂ ਨੇ ਤਾਂ ਮੈਨੂੰ ਤੇਰਾ ਸਾਥ ਲੈਣ ਤੋਂ ਵੀ ਬੜੇ ਜ਼ਬਰਦਸਤ ਤਰੀਕੇ ਨਾਲ ਵਰਜਿਆ। ਇਨ੍ਹਾਂ ਦੋਵਾਂ ਇਕ ਕਵੀ ਤੇ ਇਕ ਆਲੋਚਕ (ਅਵਤਾਰ ਨੇ ਉਨ੍ਹਾਂ ਦੇ ਨਾਂਅ ਵੀ ਦੱਸੇ ਸਨ, ਪਰ ਅਸੀਂ ਉਹ ਨਾਂਅ ਨਹੀਂ ਦੇ ਰਹੇ, ਕਦੇ ਲੋੜ ਪਈ ਤਾਂ ਪੂਰਾ ਵਿਸਥਾਰ ਦੇ ਵੀ ਦਿਆਂਗੇ।) ਇਕ ਆਲੋਚਕ ਨੇ ਤਾਂ ਤੇਰੀ ਜ਼ਾਤ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਅਖੇ, ‘ਅਵਤਾਰ ਸੁਸ਼ੀਲ ਤੈਨੂੰ ਲੁੱਟ ਲੁੱਟ ਕੇ ਖਾ ਜਾਏਗਾ।’ ਪਰ ਮੈਂ ਪ੍ਰਵਾਹ ਨਹੀਂ ਕੀਤੀ। ਮੈਨੂੰ ਤੇਰੇ ‘ਤੇ ਯਕੀਨ ਸੀ ਤੇ ਤੂੰ ਮੇਰੇ ਯਕੀਨ ਨੂੰ ਹੋਰ ਪੱਕਾ ਕਰ ਦਿੱਤਾ। ਇਨ੍ਹਾਂ ਜਿਹੜੇ ਦੋ ਬੰਦਿਆਂ ਦਾ ਮੈਂ ਜ਼ਿਕਰ ਕੀਤਾ ਹੈ, ਇਨ੍ਹਾਂ ਵਿਚੋਂ ਇਕ ਜਿਹੜਾ ਕਵੀ ਹੈ, ਇਹਨੇ ਤਾਂ ਸਾਰੇ ਪਾਸੇ ਇਥੋਂ ਤਕ ਵੀ ਧੁਮਾ ਦਿੱਤਾ ਸੀ ਕਿ ‘ਹੁਣ’ ਉਹਦੇ ਹੀ ਪੈਸੇ ਨਾਲ ਨਿਕਲ ਰਿਹਾ ਹੈ। ਪਰ ਪਾਠਕ ਜਾਣਦੇ ਹਨ, ਸਾਨੂੰ ਕਹਿਣ ਦੀ ਕੁਝ ਲੋੜ ਨਹੀਂ। ਅਸੀਂ ਕੰਮ ਵਿਚ ਯਕੀਨ ਕਰਦੇ ਹਾਂ, ਫਜ਼ੂਲ ਦੀਆਂ ਗੱਲਾਂ ਵਿਚ ਵਕਤ ਜ਼ਾਇਆ ਨਹੀਂ ਕਰਦੇ।

? ਚੱਲੋ, ‘ਹੁਣ’ ਕਿਵੇਂ ਨਿਕਲਿਆ, ਕਿਵੇਂ ਚੱਲ ਰਿਹੈ, ਪਾਠਕ ਜਾਣਦੇ ਹੀ ਹਨ ਪਰ ਇਹ ਤਾਂ ਦੱਸੋ ਕਿ ‘ਹੁਣ’ ਦਾ ਕਾਲਮ ਗੱਲਾਂ ਕਰਦਿਆਂ ਕਿਹੜੇ ਕਿਹੜੇ ਲੇਖਕਾਂ ਨਾਲ ਸਵਾਲਾਂ-ਜਵਾਬਾਂ ਸਮੇਂ ਕੁਝ ਮੁਸ਼ਕਲਾਂ ਵੀ ਆਈਆਂ?
ਅਵਤਾਰ : ਤੂੰ ਨਾਲ ਨਾਲ ਹੀ ਰਿਹਾਂ ਮੇਰੇ, ਤੈਨੂੰ ਕੀ ਨੀਂ ਪਤਾ। ਗੱਲਾਂ ਕਰਦਿਆਂ ਕੁਝ ਲੇਖਕਾਂ ਨਾਲ ਕਾਫੀ ਦਿੱਕਤਾਂ ਵੀ ਆਈਆਂ। ਹਰ ਲੇਖਕ ਦੀ ਮੁਲਾਕਾਤ ਕਿਵੇਂ ਹੋਈ, ਕਿਵੇਂ ਸਿਰੇ ਚੜ੍ਹੀ, ਇਹ ਵੱਖਰੇ ਵੱਖਰੇ ਦਿਲਚਸਪ ਤੇ ਬੜੇ ਸ਼ਾਨਦਾਰ ਪੀਸ ਬਣਦੇ ਹਨ। ਇਥੇ ਦੱਸਣਾ ਵਾਜਬ ਨਹੀਂ, ਤੂੰ ਲਿਖੀਂ ਜਦੋਂ ਤੈਨੂੰ ਲੱਗੇ ਕਿ ਇਹ ਗੱਲ ਜਾਣੀ ਚਾਹੀਦੀ ਹੈ। ਉਂਜ ਮੈਂ ਇਹ ਸੰਖੇਪ ‘ਚ ਦੱਸ ਸਕਦਾ ਹਾਂ ਜੋ ਮੈਂ ਮਹਿਸੂਸ ਕੀਤਾ ਹੈ ਕਿ ਸਭ ਤੋਂ ਮਜ਼ੇਦਾਰ ਗੱਲਾਂ ਮੋਹਨ ਭੰਡਾਰੀ ਤੇ ਗੁਲਜ਼ਾਰ ਸੰਧੂ ਨੇ ਕੀਤੀਆਂ। ਸਭ ਤੋਂ ਸਹਿਜ ਗੱਲਾਂ ਗੁਰਬਚਨ ਸਿੰਘ ਭੁੱਲਰ ਤੇ ਵਰਿਆਮ ਸਿੰਘ ਸੰਧੂ ਨੇ ਸਿਰੇ ਚਾੜ੍ਹੀਆਂ। ਸਭ ਤੋਂ ਜ਼ਿਆਦਾ ਸੱਚ ਦੇ ਨੇੜੇ ਸੁਤਿੰਦਰ ਸਿੰਘ ਨੂਰ ਰਿਹਾ। ਸਭ ਤੋਂ ਜ਼ਿਆਦਾ ਮੁਸ਼ਕਲ ਸੰਤੋਖ ਸਿੰਘ ਧੀਰ ਤੇ ਜਸਵੰਤ ਸਿੰਘ ਕੰਵਲ ਵੇਲੇ ਆਈ। ਸੁਰਜੀਤ ਪਾਤਰ ਵੇਲੇ ਵੀ ਬੜਾ ਕੁਝ ਦਿਲਚਸਪ ਵਾਪਰਿਆ। ਲਗਭਗ ਹਰ ਮੁਲਾਕਾਤ ਵੇਲੇ ਕੁਝ ਨਾ ਕੁਝ ਅਜਿਹਾ ਜ਼ਰੂਰ ਹੋਇਆ ਹੈ ਜੋ ਵਾਰਤਕ ਦੇ ਪੀਸ ਵਿਚ ਪਰੋਇਆ ਜਾ ਸਕਦਾ ਹੈ। ਇਹ ਤੇਰਾ ਕੰਮ ਹੈ।

? ਸਾਹਿਤਕ ਮਿੱਤਰਤਾ ਕਿੰਨਾਂ ਕਿੰਨਾਂ ਨਾਲ ਨਿਭ ਸਕੀ ਤੁਹਾਡੀ?
ਅਵਤਾਰ : ਪਿੰਡ ਮੇਰਾ ਮਿੱਤਰ ਜਸਬੀਰ ਜੌਹਲ ਹੁੰਦਾ ਸੀ। ਮੇਰੇ ਪਹਿਲੇ ਸਾਹਿਤਕ ਮਿੱਤਰਾਂ ਵਿਚ ਹਰਭਜਨ ਸਿੰਘ ਹੁੰਦਲ, ਸੁਰਿੰਦਰ ਗਿੱਲ, ਰਘੁਵੀਰ ਸਿਰਜਣਾ, ਗੁਰੂਮੇਲ ਸਿੱਧੂ ਅਤੇ ਸੁਹੇਲ ਸਿੰਘ ਰਹੇ ਹਨ। ਸੁਹੇਲ ਸਿੰਘ ਤਾਂ ਅੱਜ ਨਹੀਂ, ਮੈਂ ਉਹਨੂੰ ਅਕਸਰ ਯਾਦ ਕਰਦਾਂ। ਬਹੁਤ ਕਾਬਲ ਬੰਦਾ ਸੀ ਉਹ। ਅਚਾਨਕ ਈ ਤੁਰ ਗਿਆ। ਬੜਾ ਅਫਸੋਸ ਹੋਇਆ। ਬਾਕੀ ਮਿੱਤਰ ਅਪਣੀ ਅਪਣੀ ਥਾਵੇਂ ਚੰਗਾ ਮੁਕਾਮ ਰੱਖਦੇ ਹਨ। ਮੈਨੂੰ ਇਨ੍ਹਾਂ ਨਾਲ ਮੋਹ ਹੈ। ਮੋਹ ਲਈ ਜ਼ਰੂਰੀ ਨਹੀਂ ਕਿ ਲਗਾਤਾਰ ਰਾਬਤੇ ਵਿਚ ਹੀ ਰਿਹਾ ਜਾਵੇ। ਕਈ ਵਾਰ ਬਹੁਤ ਲੰਮਾ ਸਮਾਂ ਲੰਘ ਜਾਂਦਾ ਹੈ, ਤੁਸੀਂ ਇਕ-ਦੂਏ ਨੂੰ ਨਹੀਂ ਮਿਲ ਪਾਉਂਦੇ ਪਰ ਦਿਲ ‘ਚ ਤਾਂ ਮਿੱਤਰ ਜਗਦੇ ਹੀ ਰਹਿੰਦੇ ਹਨ ਦੀਵਿਆਂ ਵਾਂਗ। ਇਹ ਮਿੱਤਰ ਪਹਿਲੇ ਪਿਆਰ ਵਾਂਗ ਹਨ, ਜਿਹੜਾ ਭੁਲਾਇਆ ਨਹੀਂ ਜਾ ਸਕਦਾ। ਇਸ ਤੋਂ ਬਾਅਦ ਜਦੋਂ ਜੀਵਨ ਅੱਗੇ ਤੁਰਿਆ, ਮੈਂ ਵਲੈਤ ਚਲਾ ਗਿਆ ਤੇ ਫੇਰ ਜਦੋਂ ਦਿੱਲੀ ਆਉਣ-ਜਾਣ ਬਣਿਆ ਤਾਂ ਕੁਝ ਹੋਰ ਮਿੱਤਰ ਬਣੇ। ਵਲੈਤ ਵਿਚ ਗੁਰਬਖ਼ਸ਼ ਮਕਸੂਦਪੁਰੀ, ਸ਼ੇਰਜੰਗ ਜਾਂਗਲੀ ਨਾਲ ਰਹੀ। ਭਾਪਾ ਪ੍ਰੀਤਮ ਸਿੰਘ ਦਾ ਮੈਂ ਸਦਾ ਹੀ ਸਤਿਕਾਰ ਕੀਤਾ। ਡਾ. ਹਰਭਜਨ ਸਿੰਘ ਹਰ ਮਾਮਲੇ ਵਿਚ ਹੀ ਬਹੁਤ ਵੱਡੇ ਸਨ ਤੇ ਉਹ ਮੈਨੂੰ ਬਹੁਤ ਮੋਹ ਕਰਦੇ ਰਹੇ। ਮੇਰੀ ਦੂਜੀ ਕਾਵਿ ਪੁਸਤਕ ‘ਮੇਰੇ ਪਰਤ ਆਉਣ ਤਕ’ ਦੀ ਭੂਮਿਕਾ ਵੀ ਉਨ੍ਹਾਂ ਹੀ ਲਿਖੀ। ਡਾ. ਅਤਰ ਸਿੰਘ ਅਤੇ ਡਾ. ਸੁਤਿੰਦਰ ਸਿੰਘ ਨੂਰ ਨਾਲ ਵੀ ਚੰਗੀ ਸਾਂਝ ਰਹੀ। ਵੱਡੀ ਗੱਲ ਇਹ ਹੈ ਕਿ ਮੈਂ ਜਿਨ੍ਹਾਂ ਦੋਸਤਾਂ ਨਾਲ ਵੀ ਮੁਹੱਬਤ ਕੀਤੀ ਹੈ, ਉਨ੍ਹਾਂ ਨਾਲ ਦੁਨਿਆਵੀ ਲੈਣ-ਦੇਣ ਕਿਸੇ ਕਿਸਮ ਦਾ ਨਹੀਂ ਰੱਖਿਆ। ਬਸ, ਮੋਹ ਦਾ ਰਿਸ਼ਤਾ ਹੀ ਰਿਹੈ ਤੇ ਇਹਨੂੰ ਹੀ ਮੈਂ ਸਭ ਤੋਂ ਉਤਮ ਰਿਸ਼ਤਾ ਮੰਨਦਾ।
ਮੋਹ ਦੇ ਰਿਸ਼ਤੇ
? ਆਓ ਥੋੜ੍ਹਾ ਤੁਹਾਡੇ ਤੇ ਪਰਿਵਾਰ ਬਾਰੇ ਵੀ ਗੱਲਾਂ ਕਰ ਲਈਏ। ਕਿਹੋ ਜਿਹਾ ਸੀ ਬਚਪਨ ਤੁਹਾਡਾ। ਮਾਪਿਆਂ ਤੇ ਭੈਣ ਭਰਾਵਾਂ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਸੀ?
ਅਵਤਾਰ : ਮੈਂ ਸ਼ਰਾਰਤੀ ਨਹੀਂ ਸੀ। ਸਾਂਝਾ ਟੱਬਰ ਹੋਣ ਕਾਰਨ ਮੈਨੂੰ ਕੋਈ ਖਾਸ ਤਵੱਜੋ ਵੀ ਨਹੀਂ ਸੀ ਮਿਲਦੀ। ਘਰ ਦੇ ਕੰਮਾਂ ਲਈ ਛਿੱਤਰ ਈ ਪੈਂਦੇ ਸੀ -‘ਔਹ ਕਰ ਲੈ, ਆ ਕਰ ਲੈ।’ ਬਹੁਤਾ ਖੁਸ਼ ਨਹੀਂ ਸੀ ਮੈਂ ਅਪਣੇ ਘਰੇ। ਮੇਰਾ ਬਾਪ ਅਮਰ ਸਿੰਘ ਟੀਚਰ ਸੀ ਤੇ ਸੁਭਾਅ ਦਾ ਪੂਰਾ ਅੜਬ। ਲਾਲਚੀ ਬਹੁਤ ਸੀ। ਮਾਂ ਪ੍ਰਕਾਸ਼ ਕੌਰ ਦਾ ਸੁਭਾਅ ਵੀ ਬਹੁਤ ਤਿੱਖਾ ਸੀ। ਬਚਪਨ ‘ਚ ਬਹੁਤਾ ਸਮਾਂ ਸਰੀਂਹ ਅਪਣੇ ਨਾਨਕੇ ਹੀ ਰਿਹਾ। ਉਨ੍ਹਾਂ ਨਾਲ ਮੇਰਾ ਬਹੁਤ ਤੇਹ ਸੀ। ਮੇਰੀ ਨਾਨੀ ਹੁਕਮ ਦੇਈ ਮੇਰਾ ਬਹੁਤ ਖ਼ਿਆਲ ਰੱਖਦੀ ਸੀ। ਦੋ ਮਾਮੇ ਸੀ ਰਤਨ ਸਿੰਘ ਤੇ ਕਰਨੈਲ ਸਿੰਘ। ਰਤਨ ਮਾਮੇ ਨਾਲ ਮੇਰੀ ਬਹੁਤ ਬਣਦੀ ਸੀ। ਮੇਰੇ ਲਈ ਕਈ ਵਾਰ ਮੇਰੇ ਬਾਪ ਨਾਲ ਵੀ ਉਲਝ ਪੈਂਦਾ ਸੀ।
ਪੰਜ ਭੈਣਾਂ ‘ਚੋਂ ਤਿੰਨ ਬਚੀਆਂ ਤੇ ਤਿੰਨ ਭਰਾਵਾਂ ‘ਚੋਂ ਇਕ ਬਚਿਆ ਹਰਬੰਸ ਸਿੰਘ। ਹਰਬੰਸ ਮੈਥੋਂ ਬਹੁਤ ਛੋਟਾ ਸੀ ਤੇ ਮੈਂ ਬੱਚਿਆਂ ਵਾਂਗ ਉਹਦੇ ਨਾਲ ਤੇਹ ਕਰਦਾ ਸੀ। ਵੱਡੀ ਭੈਣ ਦਰਸ਼ਨਾ ਐ। (ਚਾਰ ਮਹੀਨੇ ਪਹਿਲਾਂ ਉਹ ਵੀ ਪੂਰੀ ਹੋ ਗਈ) ਉਹਤੋਂ ਛੋਟੀ ਪ੍ਰਕਾਸ਼ ਕੌਰ (ਪ੍ਰਸ਼ਨਾ) ਕੈਨੇਡਾ ਰਹਿੰਦੀ ਐ। ਉਹਤੋਂ ਦੋ ਛੋਟੀਆਂ ਤਾਂ 2-3 ਮਹੀਨੇ ਦੀਆਂ ਹੋ ਕੇ ਪੂਰੀਆਂ ਹੋ ਗਈਆਂ ਸਨ। ਘਰ ਵਿਚ ਲਗਾਤਾਰ ਕੁੜੀਆਂ ਹੋ ਰਹੀਆਂ ਸੀ, ਇਸ ਕਰ ਕੇ ਉਨ੍ਹਾਂ ਦੇ ਨਾਂਅ ਅੱਕੋ ਰੱਖੇ ਸੀ। ਜਦੋਂ ਪੰਜਵੀਂ ਹੋਈ ਉਹਦਾ ਨਾਂਅ ਵੀ ਅੱਕੋ ਰੱਖਿਆ। ਉਂਜ ਉਹਦਾ ਨਾਂ ਗੁਰਦੇਵ ਕੌਰ (ਦੇਬੋ) ਐ ਤੇ ਹੁਣ ਲੰਡਨ ਵਿਚ ਰਹਿੰਦੀ ਐ। ਜਦੋਂ ਮੇਰਾ ਵਿਆਹ ਹੋਇਆ ਮਸਾਂ ਸਾਲ ਕੁ ਦੀ ਸੀ ਉਹ।

? ਟਬੱਰ ‘ਚੋਂ ਜ਼ਿਆਦਾ ਮੋਹ ਕਿਹਦੇ ਨਾਲ ਸੀ?
ਅਵਤਾਰ :  ਭਰਾ ਹਰਬੰਸ ਨਾਲ। ਮੈਨੂੰ ਲਗਦਾ ਸੀ ਜਿਹੜਾ ਪਿਆਰ ਮੈਨੂੰ ਘਰ ‘ਚੋਂ ਨਹੀਂ ਮਿਲਿਆ; ਉਹਦੀ ਕਮੀ ਮੈਂ ਇਹਨੂੰ ਨਾ ਹੋਣ ਦਿਆਂ। ਜੰਡਿਆਲੇ ਪਿੰਡ ਈ ਰਹਿੰਦਾ ਸੀ। ਦੋ ਮੁੰਡੇ ਤੇ ਦੋ ਧੀਆਂ ਨੇ ਉਹਦੀਆਂ। ਜਦੋਂ ਮੈਂ ਲੰਡਨ ਸੈਟ ਹੋ ਗਿਆ ਤਾਂ ਜ਼ਮੀਨ ਸਾਰੀ ਉਹਦੇ ਹਵਾਲੇ ਕਰ ‘ਤੀ। ਜਿੰਨਾ ਕੁ ਸਰਦਾ-ਬਣਦਾ ਸੀ, ਹੋਰ ਮਦਦ ਵੀ ਭੇਜਦਾ ਰਿਹਾ।
ਹਰਬੰਸ ਦੀ ਕੁੜੀ ਜੀਤੀ ਦਾ ਵਿਆਹ ਧਰਿਆ ਹੋਇਆ ਸੀ। ਮੈਂ ਆਪ ਜਾ ਤਾਂ ਨੀਂ ਸਕਿਆ ਪਰ ਸਵਰਨਜੀਤ ਨੂੰ ਘੱਲ ‘ਤਾ ਸੀ। ਜਿੱਦਣ ਜਨੇਤ ਆਉਣੀ ਸੀ, ਤੜਕੇ ਬੱਕਰੇ ਵੱਢਣ ਦੀਆਂ ਤਿਆਰੀਆਂ ਚਲ ਰਹੀਆਂ ਸੀ। ਪਹਿਲਾ ਬਕਰਾ ਸੰਗਲ ਛੁਡਾ ਕੇ ਭੱਜ ਗਿਆ। ਦੂਜਾ ਲਿਆਂਦਾ ਉਹ ਵੀ ਭੱਜ ਗਿਆ ਤੇ ਜਦੋਂ ਤੀਜਾ ਲਿਆਂਦਾ, ਚੰਗੀ ਤਰ੍ਹਾਂ ਰੱਸਿਆਂ ਨਾਲ ਨੂੜ ‘ਤਾ। ਉਧਰੋਂ ਹਰਬੰਸ ਅਪਣੇ ਵਾਲ ਸੁਕਾਉਣ ਲਈ ਡਰਾਇਰ ਚੁੱਕੀ ਫਿਰੇ। ਪਲੱਗ ਹੈ ਨੀਂ ਸੀ, ਸੌਰੀ ਦੇ ਨੇ ਸਿੱਧੀਆਂ ਤਾਰਾਂ ਫਸਾਈਆਂ ਹੋਈਆਂ ਸੀ। ਲਾਈਟ ਗਈ ਸੀ ਤੇ ਤਾਰਾਂ ਨਾਲ ਛੇੜ-ਛਾੜ ਲੱਗ ਗਿਆ ਕਰਨ। ਉਪਰੋਂ ਬਿਜਲੀ ਆ ਗਈ। ਜ਼ੋਰ ਦਾ ਕਰੰਟ ਲੱਗਿਆ। ਬੱਸ ਥਾਏਂ ਈ ਮੁੱਕ ਗਿਆ। ਐਨ ਉਧਰੋਂ ਬਕਰੇ ਦੀ ਧੌਣ ਵੱਢੀ ਗਈ। ਜਨੇਤ ਨੇ ਆ ਕੇ ਪਹਿਲਾਂ ਤਾਂ ਸਸਕਾਰ ਈ ਕੀਤਾ। ਹਰਬੰਸ ਦੀ ਮੌਤ ਨੇ ਮੈਨੂੰ ਅਧਮੋਇਆ ਕਰ ‘ਤਾ। ਮੈਥੋਂ ਸਦਮਾ ਬਰਦਾਸ਼ਤ ਨੀਂ ਸੀ ਹੋਇਆ। ਲਗਦਾ ਜਿਵੇਂ ਕੋਈ ਕਾਲਜੇ ਦਾ ਰੁੱਗ ਭਰ ਕੇ ਲੈ ਗਿਆ ਹੋਵੇ। ਉਹਨੂੰ ਚੇਤੇ ਕਰ-ਕਰ ਰੌਂਦਾ ਰਿਹਾ ਕਰਾਂ। ਸ਼ਰਾਬ ਜ਼ਿਆਦਾ ਪੀਣੀ ਸ਼ੁਰੂ ‘ਤੀ। ਉਹਦੀ ਮੌਤ ਮਗਰੋਂ ਪਿੰਡ ਜਾਂਦਾ ਰਿਹਾ ਪਰ ਰਿਸ਼ਤਿਆਂ ‘ਚ ਉਹ ਗੱਲ ਨਾ ਰਹੀ। ਪਿੰਡ ਦੇ ਮੋਹ ਦਾ ਹੇਰਵਾ ਤਾਂ ਹੁਣ ਮੇਰੇ ਨਾਲ ਈ ਜਾਊ।
ਕੁੜੀਆਂ ਦਾ ਸਰਾਪ
? ਤੁਸੀਂ ਦਸਦੇ ਸੀ ਕਿ ਪਿੰਡ ਵਾਲੇ ਘਰ ਦੀ ਕੋਠੜੀ ‘ਚ 17-18 ਕੁੜੀਆਂ ਮਾਰ ਕੇ ਦੱਬੀਆਂ ਹੋਈਆਂ?
ਅਵਤਾਰ : ਆਹੋ, ਉਦੋਂ ਕੁੜੀਆਂ ਦਾ ਜੰਮਣਾਂ ਤਾਂ ਗੁਨਾਹ ਈ ਹੁੰਦਾ ਸੀ। ਫ਼ਰਕ ਤਾਂ ਹੁਣ ਵੀ ਨੀਂ ਪਿਆ। ਹੁਣ ਜੰਮਣ ਤੋਂ ਪਹਿਲਾਂ ਈ ਮਾਰ ਮੁਕਾਂਦੇ ਨੇ, ਪਹਿਲਾਂ ਜੰਮਦੀਆਂ ਨੂੰ ਮਾਰ ਦਿੰਦੇ ਸੀ। ਮੇਰੀ ਦਾਦੀ ਦੀ ਜੇਠਾਣੀ ਇਹ ਕੰਮ ਕਰਦੀ ਸੀ। ਅੱਕ ਦਾ ਦੁੱਧ ਤਿਆਰ ਈ ਰਖਦੀ ਸੀ। ਉਦੋਂ ਖੁਰਲਿਆਂ ਵਰਗੇ ਇਕ-ਇਕ ਦੋ-ਦੋ ਕਮਰਿਆਂ ਦੇ ਤਾਂ ਘਰ ਸੀ। ਆਂਢ ਗੁਆਂਢ ‘ਚ ਜੇ ਕੋਈ ਕੁੜੀ ਜੰਮ ਪੈਣੀ ਤਾਂ ਉਹ ਅੱਕ ਦਾ  ਦੁੱਧ ਪਿਲਾ ਕੇ ਮਾਰ ਦਿੰਦੀ ਤੇ ਸਾਡੇ ਘਰ ਦੀ ਕੋਠੜੀ ‘ਚ ਦੱਬ ਦਿੰਦੀ। ਕੋਈ ਕਿਸਮਤ ਵਾਲੀ ਈ ਬਚੱਦੀ ਸੀ ਉਦੋਂ।
ਮੇਰੀ ਦਾਦੀ ਦਸਦੀ ਸੀ ਕਿ ਮੇਰੀ ਭੂਆ ਸੀ ਢਾਈ ਕੁ ਸਾਲਾਂ ਦੀ। ਮੇਰੀ ਦਾਦੀ ਉਹਨੂੰ ਨੁਹਾਅ-ਧੁਆ ਕੇ, ਗੁੱਤਾਂ ਗੁੰਦ ਕੇ ਘਰੇ ਖੇਡਦੀ ਨੂੰ ਛੱਡ ਕੇ ਖੇਤ ਚਲੀ ਗਈ। ਦਾਦੀ ਦੀ ਜੇਠਾਣੀ ਨੂੰ ਇਹ ਬੱਚੀ ਉੱਕਾ ਪਸੰਦ ਨੀਂ ਸੀ। ਬਹੁਤ ਖਿੱਝਦੀ ਸੀ ਉਹਤੋਂ। ਪਿਛੋਂ ਉਹਨੇ ਬੱਚੀ ਨੂੰ ਚੁੱਕ ਅੱਗ ਦੀ ਭੱਠੀ ‘ਚ ਸੁੱਟ ‘ਤਾ। ਨਾਲੇ ਰੌਲਾ ਪਾ ‘ਤਾ ਕੁੜੀ ਮਰ ਗਈ… ਕੁੜੀ ਮਰ ਗਈ। ਸਾਰਾ ਆਂਢ ਗੁਆਂਢ ‘ਕੱਠਾ ਹੋ ਗਿਆ। ਦਾਦੀ ਖੇਤੋਂ ਭੱਜੀ ਆਈ। ਦੇਖ ਕੇ ਉਹਨੂੰ ਗਸ਼ੀ ਪੈ ਗਈ। ਦਾਦਾ ਬਹੁਤ ਕਲਪਿਆ। ਉਹ ਬਹੁਤ ਪਿਆਰ ਕਰਦਾ ਸੀ ਅਪਣੀ ਧੀ ਨੂੰ। ਇਸ ਹਾਦਸੇ ਮਗਰੋਂ ਦਾਦੀ ਦੀ ਜੇਠਾਣੀ ਬਹੁਤ ਬਿਮਾਰ ਪੈ ਗਈ ਸੀ। ਕੀੜੇ ਪੈ ਗਏ। ਅੱਡੀਆਂ ਰਗੜ-ਰਗੜ ਮਰੀ। ਉਹਦੇ ਜਾਣ ਮਗਰੋਂ ਈ ਕੁੜੀਆਂ ਦਾ ਮਰਨਾ ਬੰਦ ਹੋਇਆ। ਦਾਦੀ ਕਹਿੰਦੀ ਸੀ, ਬਈ ਇਸ ਘਰ ਨੂੰ ਸਰਾਪ ਮਿਲਿਆ, ਜਿਹੜਾ ਕਿਸੇ ਨੂੰ ਤੰਗ ਕਰੂ, ਬੁਰੀ ਮੌਤ ਮਰੂ। ਮੇਰੇ ‘ਤੇ ਇਸ ਗੱਲ ਨੇ ਕਿਤੇ ਨਾ ਕਿਤੇ ਅਸਰ ਜ਼ਰੂਰ ਕੀਤਾ। ਇਕ ਵੇਲੇ ਮੈਂ ਵੀ ਨਈਂ ਸੀ ਚਾਹੁੰਦਾ ਕਿ ਮੇਰੇ ਘਰ ਧੀ ਹੋਵੇ।

? ਸ਼ਰਾਪ ਵਾਲੀ ਗੱਲ ਸੱਚ ਵੀ ਹੋਈ?
ਅਵਤਾਰ : ਇਹ ਤਾਂ ਮੈਨੂੰ ਪਤਾ ਨੀਂ ਪਰ ਕੁਝ ਗੱਲਾਂ ਸੱਚ ਜ਼ਰੂਰ ਹੋਈਆਂ। ਮੇਰਾ ਤਾਇਆ ਸਰੈਣ ਬਹੁਤ ਅੜਬ ਬੰਦਾ ਸੀ। ਭਲਵਾਨੀ ਕਰਦਾ ਸੀ। ਡੋਡੇ ਵੀ ਰੱਜ ਕੇ ਪੀਂਦਾ ਸੀ। ਨੇੜੇ-ਤੇੜੇ ਚਿੜੀ ਨਈਂ ਸੀ ਫਰਕਣ ਦਿੰਦਾ। ਵੰਡ ਵੇਲੇ ਉਹਨੇ ਕੁਝ ਪਾਕਿਸਤਾਨੀਆਂ ਨੂੰ ਵੀ ਮਾਰਿਆ ਸੀ ਤੇ ਮਗਰੋਂ ਕੋਈ ਜੁਗਾੜ ਕਰ ਕੇ ਫਰੀਡਮ ਫਾਈਟਰ ਵਜੋਂ ਤਨਖ਼ਾਹ ਵੀ ਲੈਂਦਾ ਰਿਹਾ। ਤਾਈ ‘ਤੇ ਬਹੁਤ ਜ਼ੁਲਮ ਕੀਤੇ ਉਹਨੇ। ਇਕ ਵਾਰ ਉਹ ਖੇਤਾਂ ‘ਚ ਕੰਮ ਕਰਦੀ ਸੀ; ਪੈਰ ਭਾਰੀ ਸੀ ਉਹਦੇ। ਤਾਏ ਨੂੰ ਪਤਾ ਨੀਂ ਕਿਸ ਗੱਲੋਂ ਗੁੱਸਾ ਆਇਆ। ਖੇਤਾਂ ਵਿਚ ਜਾ ਕੇ ਬੁਰੀ ਤਰ੍ਹਾਂ ਕੁੱਟਿਆ। ਉਹ ਲਹੂ-ਲੁਹਾਨ ਹੁੰਦੀ ਘਰ ਪੁੱਜੀ। ਬਿਮਾਰ ਹੋ ਕੇ ਮੰਜੇ ‘ਤੇ ਪੈ ਗਈ। ਆਉਂਦਾ ਜਾਂਦਾ ਬਿਮਾਰ ਪਈ ਨੂੰ ਵੀ ਕੁੱਟ ਜਾਂਦਾ। ਵਿਚਾਰੀ ਜਹਾਨੋਂ ਤੁਰ ਗਈ। ਉਹਦੇ ਦੋ ਮੁੰਡੇ ਵੀ ਹੌਲੀ-ਹੌਲੀ ਮੁੱਕ ਗਏ। ਤਾਇਆ ਅੱਡੀਆਂ ਰਗੜ ਰਗੜ ਮਰਿਆ। ਮੇਰੇ ਬਾਪ ਨੇ ਵੀ ਲੋਕਾਂ ਨਾਲ ਘੱਟ ਨੀਂ ਸੀ ਕੀਤੀ; ਉਹ ਵੀ ਬੜੀ ਔਖੀ ਮੌਤ ਮਰਿਆ। ਮੇਰੀ ਦਾਦੀ ਬਾਹਰੋਂ ਵਿਰੋਧ ਕਰਨ ਜੋਗੀ ਹੈ ਨਈਂ ਸੀ ਪਰ ਅੰਦਰੋਂ ਦੁਖੀ ਬਹੁਤ ਸੀ। 105 ਸਾਲ ਦੀ ਹੋ ਕੇ ਮਰੀ।

? ਪੜ੍ਹਾਈ ‘ਚ ਕਿਵੇਂ ਸੀ ਤੁਸੀਂ? ਹੁਸ਼ਿਆਰ, ਨਾਲਾਇਕ ਜਾਂ ਠੀਕ-ਠਾਕ?
ਅਵਤਾਰ : ਠੀਕ ਠਾਕ ਈ ਸੀ, ਚੰਗੇ ਨੰਬਰ ਆ ਜਾਂਦੇ ਸੀ। ਪਰ ਪੈਸੇ ਦੀ ਤੰਗੀ ਕਰ ਕੇ ਪੜ੍ਹਨਾ ਬਹੁਤ ਔਖਾ ਸੀ। ਮਸਾਂ ਈ ਘਰਦਿਆਂ ਦੀਆਂ ਲੇਲੜੀਆਂ ਕੱਢ-ਕੱਢ ਪੜ੍ਹਿਆ। ਇਕ ਵਾਰ ਸਕੂਲ ਵਾਲਿਆਂ ਨੇ ਇੰਡੀਆ ਟੂਰ ‘ਤੇ ਲੈ ਕੇ ਜਾਣਾ ਸੀ। ਘਰਦਿਆਂ ਤੋਂ ਮਾੜੇ ਮੋਟੇ ਪੈਸੇ ਮਿਲੇ। ਟੂਰ ਖ਼ਤਮ ਹੋਣ ਤੋਂ ਪਹਿਲਾਂ ਹੀ ਪੈਸੇ ਮੁੱਕ ਗਏ। ਮੇਰੇ ਨਾਲ ਦਾ ਮੁੰਡਾ ਵੀ ਮੇਰੇ ਵਰਗਾ ਮਾਤ੍ਹੜ ਸੀ। ਦੋਵੇਂ ਦੂਜਿਆਂ ਦੇ ਮੂੰਹ ਵਲ ਵੇਖੀਏ। ਗੱਡੀ ਜਦੋਂ ਕਿਸੇ ‘ਟੇਸ਼ਨ ‘ਤੇ ਰੁਕਿਆ ਕਰੇ; ਲੋਕਾਂ ਨੂੰ ਖਾਂਦੇ-ਪੀਂਦੇ ਦੇਖੀਏ। ਮਰਤਾਬਾਨਾਂ ਵਿਚ ਪਿਆ ਖਾਣ ਪੀਣ ਦਾ ਸਾਮਾਨ ਹੋਰ ਭੁੱਖ ਲਾਵੇ। ਕੇਲੇ ਉਦੋਂ ਸਸਤੇ ਸੀ। ਬਸ ਚਾਰ ਪੰਜ ਦਿਨ ਕੇਲੇ ਈ ਖਾਂਦੇ ਰਹੇ।
ਮੈਟ੍ਰਿਕ ਤਾਂ ਔਖੀ ਸੌਖੀ ਕਰ ਲਈ, ਅਗਾਂਹ ਕਾਲਜ ਦਾਖ਼ਲੇ ਲਈ ਘਰ ਦੇ ਪੈਸੇ ਦੇਣੋਂ ਮੁੱਕਰ ਗਏ। ਕਹਿੰਦੇ- “ਬਹਿ ਕੇ ਖੇਤੀ ਕਰ, ਤੂੰ ਕੀ ਗਾਹਾਂ ਡੀ.ਸੀ. ਲੱਗਣੈ?” ਲੁਧਿਆਣੇ ਕਾਲਜ ਦਾਖ਼ਲਾ ਮਿਲਦਾ ਸੀ ਪਰ ਪੈਸਿਆਂ ਕਰ ਕੇ ਦਾਖਲਾ ਲਿਆ ਈ ਨਾ। ਤਾਏ ਦੀਆਂ ਮਿੰਨਤਾਂ ਕੀਤੀਆਂ। ਮੈਨੂੰ ਪਤਾ ਸੀ ਉਹ ਮੇਰੀ ਮਦਦ ਕਰੂ। ਘਰਦਿਆਂ ਨਾਲ ਆਢਾ ਲਾਉਣ ਦਾ ਉਹਨੂੰ ਵੀ ਕੋਈ ਬਹਾਨਾ ਚਾਹੀਦਾ ਸੀ। ਤਾਇਆ ਟੀਚਰ ਨੂੰ ਜਾ ਕੇ ਕਹਿੰਦਾ, ”ਮੁੰਡਾ ਪੜ੍ਹਨ ਨੂੰ ਲਾਇਕ ਐ ਪਰ ਇਹਦੇ ਕੋਲ ਫੀਸ ਜੋਗੇ ਪੈਸੇ ਨੀਂ।” ਟੀਚਰ ਨੇ ਮੇਰੇ ਸਰਟੀਫ਼ਿਕੇਟ ਦੇਖੇ, ਗੱਲਬਾਤ ਕੀਤੀ ਤੇ ਪਤਾ ਨ੍ਹੀਂ ਓਹਨੇ ਕਿਹੜੇ ਕੋਟੇ ‘ਚੋਂ ਮੈਨੂੰ ਦਾਖ਼ਲ ਕਰ ਲਿਆ। ਟੀਚਰ ਚੰਗਾ ਸੀ, ਕਹਿੰਦਾ ਫੀਸ ਦਾ ਇੰਤਜ਼ਾਮ ਤਾਂ ਹੋ ਜੂ ਪਰ ਖਾਣ ਪੀਣ ਤੇ ਰਹਿਣ ਦਾ ਜੁਗਾੜ ਕਰ ਲਵੋ। ਫੇਰ ਪਤਾ ਨਈਂ ਉਹਦੇ ਦਿਲ ‘ਚ ਕੀ ਆਈ, ਆਪ ਹੀ ਓਹਨੇ ਗਰੀਬ ਵਿਦਿਆਰਥੀਆਂ ਲਈ ਫੰਡ ‘ਚੋਂ ਰੋਟੀ ਦਾ ਪ੍ਰਬੰਧ ਕਰ ਦਿੱਤਾ। ਬਾਜ਼ਾਰ ‘ਚ ਇਕ ਛੋਟੇ ਜਿਹੇ ਢਾਬੇ ਦੇ ਹੇਠ ਛੋਟੀ ਜਿਹੀ ਥਾਂ ਰਹਿਣ ਨੂੰ ਮਿਲ ਗਈ। ਬਦਲੇ ਵਿਚ ਮੈਨੂੰ ਢਾਬੇ ‘ਤੇ ਕੰਮ ਕਰਨਾ ਪੈਂਦਾ। ਰੋਟੀਆਂ ਲਾਹੁਣੀਆਂ ਪੈਂਦੀਆਂ। ਬੱਸ ਰੁਲਦਾ ਖੁਲਦਾ ਪੜ੍ਹੀ ਗਿਆ। ਜਦੋਂ ਵਿਆਹ ਹੋਇਆ ਉਦੋਂ 14ਵੀਂ ਜਮਾਤ ‘ਚ ਪੜ੍ਹਦਾ ਸੀ। ਨਾਲ ਖੇਤੀ ਦਾ ਵੀ ਕੰਮ ਕਰਨਾ।
ਵਿਆਹ ਦਾ ਕਿੱਸਾ
? ਵਿਆਹ ਕਿਵੇਂ ਸਿਰੇ ਚੜ੍ਹਿਆ? ਸੁਣਿਐ ਬੜਾ ਦਿਲਚਸਪ ਕਿੱਸਾ ਇਹ ਵੀ?
ਅਵਤਾਰ :  ਹਾ…. ਹਾ… ਹਾ.. ਬਸ ਪੁੱਛੋ ਨਾ ਵਿਆਹ ਕਿਦਾਂ ਸਿਰੇ ਚੜ੍ਹਿਆ। ਉਂਜ ਮੈਂ ਉਦੋਂ 3-4 ਸਾਲਾਂ ਦਾ ਸੀ ਜਦੋਂ ਮੇਰੀ ਤੁਹਾਡੇ ਪਿੰਡ ਦੁਸਾਂਝਾਂ ਨੇੜ੍ਹਲੇ ਪਿੰਡ ਵਿਰਕਾਂ ਦੀ ਕੁੜੀ ਨਾਲ ਮੰਗਣੀ ਹੋਈ ਸੀ। ਉਦੋਂ ਤਾਂ ਸੁਰਤ ਨਈਂ ਸੀ। ਜਦੋਂ ਵੱਡਾ ਹੋਇਆ ਤਾਂ ਘਰਦਿਆਂ ਨੇ ਵਿਆਹ ਲਈ ਜ਼ੋਰ ਪਇਆ। ਜਦੋਂ ਮੈਂ ਕੁੜੀ ਦੇਖੀ ਤਾਂ ਭੋਰਾ ਨਾ ਮਨ ਨੂੰ ਜਚੀ। ਕੱਦ ਵੀ ਉਹਦਾ ਮਧਰਾ ਸੀ ਤੇ ਰੰਗ ਵੀ ਪੱਕਾ। ਮੈਂ ਵਿਆਹ ਤੋਂ ਮੁੱਕਰ ਗਿਆ। ਬਹੁਤ ਕਲੇਸ਼ ਪਿਆ ਘਰ ‘ਚ। ਰੋਜ਼ ਮੈਨੂੰ ਘਰੋਂ ਗਾਲ੍ਹਾਂ ਪੈਂਦੀਆਂ । ਮੇਰੇ ਮਾਪੇ ਲਾਲਚੀ ਸੀ, ਕਹਿੰਦੇ ਤੂੰ ਕੁੜੀ ਤੋਂ ਕੀ ਲੈਣਾ, ਇਕ ਵਾਰ ਵਿਆਹ ਕਰ ਲੈ, ਦਾਜ ਮਿਲ ਜੂ, ਬਾਅਦ ‘ਚ ਛੱਡ ਦਈਂ। ਪਰ ਮੇਰਾ ਜਮੀਰ ਨਈਂ ਸੀ ਮੰਨਦਾ ਕਿ ਮੈਂ ਇਹੋ ਜਿਹੀ ਕੋਈ ਹਰਕਤ ਕਰਾਂ। ਓਧਰ ਸਵਰਨਜੀਤ ਦਾ ਵੀ ਤਿੰਨ-ਚਾਰ ਸਾਲ ਦੀ ਉਮਰੇ ਮੰਗਣਾ ਹੋਇਆ ਸੀ। ਬੜੇ ਪਿੰਡ ਦਾ ਮੁੰਡਾ ਸੀ ਤੇ ਭੂਆ ਦਾ ਦਿਓਰ ਲਗਦਾ ਸੀ। ਉਦੋਂ ਜੀਤੀ (ਸਵਰਨਜੀਤ) ਫਿਜੀ ਰਹਿੰਦੀ ਸੀ। ਜਦੋਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਚਲ ਰਿਹਾ ਸੀ ਤਾਂ ਇਹਦਾ ਬਾਬਾ ਹਜ਼ਾਰਾ ਸਿੰਘ ਟੱਬਰ ਨੂੰ ਲੈ ਕੇ ਫਿਜੀ ਚਲਾ ਗਿਆ ਸੀ। ਉਥੇ ਈ ਜੀਤੀ ਪੈਦਾ ਹੋਈ। ਮੇਰੇ ਸਹੁਰੇ ਉਜਾਗਰ ਸਿੰਘ ਮਾਨ (ਫਿਜੀ ਵਾਲੇ) ਦਾ ਉਥੇ ਖੇਤੀ ਬਾੜੀ ਦਾ ਚੰਗਾ ਕੰਮ ਸੀ। ਦੇਸ਼ ਆਜ਼ਾਦ ਹੋਣ ਮਗਰੋਂ ਇਨ੍ਹਾਂ ਦਾ ਬਾਬਾ ਵਤਨ ਆਉਣ ਲਈ ਕਾਹਲਾ ਪੈ ਗਿਆ। ਅਖੇ ਮੈਂ ਅਪਣੀ ਭੌਇੰ ‘ਤੇ ਹੀ ਮਰਨੈ। ਸਾਰਾ ਟੱਬਰ ਇਧਰ ਬੰਗੇ ਅਪਣੇ ਪਿੰਡ ਆ ਗਿਆ। ਜਦੋਂ ਬਾਬਾ ਪੂਰਾ ਹੋਇਆ ਤਾਂ ਜੀਤੀ ਦੇ ਹੋਣ ਵਾਲੇ ਸੱਸ ਸਹੁਰਾ (ਬੜੇ ਪਿੰਡ ਵਾਲੇ, ਜਿਥੇ ਪਹਿਲਾਂ ਸਵਰਨਜੀਤ ਦਾ ਵਿਆਹ ਹੋਣਾ ਸੀ) ਅਫ਼ਸੋਸ ਕਰਨ ਆਏ। ਜੀਤੀ ਨੇ ਉਨ੍ਹਾਂ ਨੂੰ ਦੇਖਦਿਆਂ ਹੀ ਘਰ ‘ਚ ਪੰਗਾ ਪਾ ਲਿਆ। ਕਹਿਣ ਲੱਗੀ-“ਜੇ ਮਾਪੇ ਐਦਾਂ ਦੇ ਨੇ ਤਾਂ ਮੁੰਡਾ ਵੀ ਇਹੋ ਜਿਹਾ ਈ ਹੋਉੂ।” ਉਹ ਮੁੱਕਰ ਗਈ ਕਿ ਇਥੇ ਵਿਆਹ ਨਈਂ ਕਰਾਉਣਾ। ਉਹਦੀ ਮਾਂ ਚੰਨਣ ਕੌਰ ਤਾਂ ਲੜੇ, ਬਈ ਕੁੜੀਆਂ ਕਿਤੇ ਐਦਾਂ ਨਾਂਹ ਨੁੱਕਰ ਕਰਦੀਆਂ ਨੇ। ਬਾਪ ਬਹੁਤ ਸਮਝਦਾਰ ਸੀ। ਉਹ ਮੰਨ ਗਿਆ। ਫੇਰ ਨਵੇਂ ਸਿਰਿਓਂ ਮੁੰਡੇ ਲੱਭਣੇ ਸ਼ੁਰੂ ਹੋ ਗਏ। ਉਧਰੋਂ ਉਨ੍ਹਾਂ ਨੂੰ ਪਸੰਦ ਦਾ ਮੁੰਡਾ ਨਾ ਮਿਲੇ, ਇਧਰੋਂ ਮੈਨੂੰ ਕੋਈ ਕੁੜੀ ਪਸੰਦ ਨਾ ਆਏ। ਸਾਡੇ ਘਰੇ ਜਿਹੜੀ ਨੈਣ ਆਉਂਦੀ ਸੀ, ਉਹ ਕਿਤੇ ਇਨ੍ਹਾਂ ਦੇ ਪਿੰਡ ਗਈ ਤੇ ਇਹਦੀ ਮਾਂ ਨੇ ਮੁੰਡਾ ਲੱਭਣ ਦੀ ਗੱਲ ਤੋਰੀ। ਕਹਿੰਦੀ ਇਹ ਆਪ ਲੰਮੀ ਝੰਮੀ ਐ, ਪਰ ਪੜੀ ਲਿਖੀ ਹੈ ਨਈਂ ਤੇ ਮੁੰਡਾ ਨੌਕਰੀ ਕਰਦਾ ਭਾਲਦੀ ਐ, ਦਸ ਕਿਦਾਂ ਮਿਲਜੂ ਐਂਦਾ ਦਾ ਮੁੰਡਾ। ਨੈਣ ਨੇ ਦਸਿਆ ਕਿ ਜੰਡਿਆਲੇ ਦੇ ਅਮਰ ਸੂੰਹ ਦੇ ਮੁੰਡੇ ਨੂੰ ਵੀ ਕੋਈ ਕੁੜੀ ਪਸੰਦ ਨੀਂ ਆਉਂਦੀ। ਜਿਥੇ ਮੰਗਣਾ ਹੋਇਆ ਸੀ, ਤੋੜਤਾ- ਕਹਿੰਦਾ- ਮਧਰੀ ਐ। ਥੋਡੀ ਇਥੇ ਗੱਲ ਜ਼ਰੂਰ ਬਣ ਜੂ। ਜੀਤੀ ਦਾ ਪਿਓ ਉਸੇ ਵੇਲੇ ਨਾਲ ਤੁਰ ਪਿਆ। ਪਿੰਡ ਪੁੱਜਣ ‘ਤੇ ਮੇਰੀ ਦਾਦੀ ਦਾ ਭਰਾ ਕਰਤਾਰ ਸੂੰਹ ਉਹਨੂੰ ਟੱਕਰ ਪਿਆ। ਉਹ ਕਿਤੇ ਇਨ੍ਹਾਂ ਦਾ ਜਾਣੂ ਨਿਕਲ ਆਇਆ। ਉਹ ਕਹਿੰਦਾ ਇਕ ਵਾਰ ਮੁੰਡਾ ਦੇਖ ਲੈ, ਬਾਕੀ ਮੈਂ ਸਾਂਭ ਲਊਂ। ਮੈਂ ਖਦਰ ਦਾ ਕੁੜਤਾ ਪਜਾਮਾ ਪਾਈ ਤੁਰੀ ਆਵਾਂ ਤੇ ਅੱਗੋਂ ਮੇਰਾ ਸਹੁਰਾ ਮੇਰੀ ਦਾਦੀ ਦੇ ਭਰਾ ਨਾਲ ਤੁਰਿਆ ਆਵੇ। ਕੋਟ ਪੈਂਟ ਪਾਇਆ। ਬੜਾ ਸਜਿਆ ਫਬਿਆ। ਉਹਨੂੰ ਦੇਖਦਿਆਂ ਮੈਂ ਸੋਚਿਆ ਜੇ ਬਾਪ ਐਦਾਂ ਦਾ ਐ, ਕੁੜੀ ਵੀ ਸੋਹਣੀ ਹੀ ਹੋਊ। ਨਾਲ ਖੜੇ ਨੈਣ ਦੇ ਘਰਵਾਲੇ ਨੇ ਵੀ ਕਿਹਾ, ”ਕਾਕਾ ਕੁੜੀ ਵੀ ਸੋਹਣੀ ਸੁਣੱਖੀ ਐ। ਪੜ੍ਹੀ ਲਿਖੀ ਨਈਂ ਪਰ ਲਗਦੀ ਪੂਰੀ ਮਾਸਟਰਨੀ ਐ।” ਮੈਨੂੰ ਤਾਂ ਚਾਅ ਚੜ੍ਹ ਗਿਆ। ਦਿਲ ਕਰੇ ਹੁਣੇ ਹਾਂ ਕਹਿ ਦਿਆਂ। ਸਹੁਰੇ ਮੇਰੇ ਨੇ ਮੇਰੇ ਨਾਲ ਗੱਲਬਾਤ ਕੀਤੀ, ”ਕਹਿੰਦਾ ਦੇਖੋ ਕਾਕਾ ਜੀ, ਮੈਂ ਦਾਜ ਬਿਲਕੁਲ ਨਈਂ ਦੇਣਾ।” ਮੈਂ ਵੀ ਅਗੋਂ ਝੱਟ ਬੋਲਿਆ, ”ਨਈਂ ਜੀ, ਮੈਨੂੰ ਦਾਜ ਨੀਂ ਚਾਹੀਦਾ।” ਕਰਤਾਰ ਸੂੰਹ ਨੇ ਫਟਾ ਫਟ ਮੇਰੀ ਝੋਲੀ ‘ਚ ਸ਼ਗਨ ਪਵਾ ‘ਤਾ। ਸਹੁਰਾ ਮੇਰਾ ਬਥੇਰਾ ਰੌਲਾ ਪਾਉਂਦਾ ਰਿਹਾ ਕਿ ਮੁੰਡਾ ਕੁੜੀ ਇਕ ਦੂਜੇ ਨੂੰ ਪਸੰਦ ਕਰ ਲੈਣ।  ਥੋੜ੍ਹੇ ਦਿਨਾਂ ਬਾਅਦ ਮੈਨੂੰ ਇਕ ਚਿੱਠੀ ਮਿਲੀ। ਇਹ ਜੀਤੀ ਦੇ ਪਹਿਲੇ ਮੰਗੇਤਰ ਦੀ ਸੀ। ਫੇਰ ਰੋਜ਼ ਈ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ। ਚਿੱਠੀਆਂ ‘ਚ ਲਿਖਿਆ ਹੋਣਾਂ ਕਿ- “ਕੁੜੀ ‘ਚ ਬੜੇ ਨੁਕਸ ਨੇ, ਉਹ ਕਾਲੀ ਐ, ਦਿਮਾਗੀ ਤੌਰ ‘ਤੇ ਠੀਕ ਨਈਂ, ਤਾਂ ਹੀ ਤਾਂ ਮੇਰੀ ਮੰਗਣੀ ਟੁੱਟੀ।”
ਮੈਨੂੰ ਤਾਂ ਫਿਕਰ ਪੈ ਗਿਆ, ਬਈ ਆ ਕੀ ਬਣ ਗਿਆ। ਮੈਂ ਨਾਈ ਕੋਲ ਗੱਲ ਕੀਤੀ। ਉਹ ਕਹਿੰਦਾ ਕੋਈ ਨੀਂ ਆਪਾਂ ਤੈਨੂੰ ਕੁੜੀ ਦਿਖਾ ਦਿੰਦੇ ਆਂ। ਉਹਨੇ ਪਤਾ ਨਈਂ ਕੀ ਜੁਗਾੜ ਕੀਤਾ, ਮੈਨੂੰ ਉਨ੍ਹਾਂ ਦੇ ਪਿੰਡ ਲੈ ਗਿਆ। ਜੀਤੀ ਨੂੰ ਸਾਡੇ ਆਉਣ ਦਾ ਪਤਾ ਸੀ; ਉਹਨੂੰ ਵੀ ਤਾਂਘ ਸੀ। ਚਾਰ ਪੰਜ ਕੁੜੀਆਂ ਗੁਰਦੁਆਰੇ ਮੱਥਾ ਟੇਕਣ ਲਈ ਤੁਰੀ ਆਉਣ। ਉਨ੍ਹਾਂ ‘ਚੋਂ ਇਕ ਵਖਰੀ ਹੀ ਲੱਗਦੀ ਸੀ। ਲੰਮੀ, ਸੋਹਣੀ, ਤਿੱਖੇ ਨੈਣ ਨਕਸ਼। ਪਹਿਰਾਵੇ ਤੋਂ ਪੜ੍ਹੀ ਲਿਖੀ। ਮੈਂ ਮਨ ਈ ਮਨ ‘ਚ ਕਿਹਾ ਇਹ ਤਾਂ ਨੀਂ ਹੋਣੀ। ਏਹ ਤਾਂ ਕੋਈ ਟੀਚਰ ਲਗਦੀ ਐ। ਨਾਈ ਨੇ ਜਦੋਂ ਉਹਦੇ ਵੱਲ ਇਸ਼ਾਰਾ ਕਰ ਕੇ ਕਿਹਾ, ”ਉਹ ਦੇਖ ਉਹੀ ਕੁੜੀ ਐ।” ਮੈਂ ਕਹਾਂ ਤੈਨੂੰ ਕੋਈ ਗਲਤੀ ਲੱਗ ਗਈ ਹੋਣੀ ਐ। ਇਹ ਨਈਂ ਹੋ ਸਕਦੀ। ਇਹ ਤਾਂ ਕੋਈ ਟੀਚਰ ਲਗਦੀ ਐ। ਨਾਈ ਕਹਿੰਦਾ ਸ਼ੱਕ ਕੱਢ ਲੈ। ਮੈਂ ਕੋਲ ਜਾ ਕੇ ਕਿਹਾ, ”ਆ ਰਸਤਾ ਦੇਣਾ ਜ਼ਰਾ ਲੰਘਣਾ ਸੀ, ਇਧਰ ਨੂੰ।” ਜੀਤੀ ਕਹਿੰਦੀ, ‘ਹਾਂ ਜੀ ਲੰਘ ਜੋ’ ਮੇਰੀ ਤਾਂ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮਗਰੋਂ ਅਸੀਂ ਤਿੰਨ ਚਾਰ ਵੇਰ ਮਿਲੇ।

? ਵਿਆਹ ਕਦੋਂ ਤੇ ਕਿਵੇਂ ਹੋਇਆ ਫੇਰ?
ਅਵਤਾਰ : ਬੱਸ ਪੁੰਨਿਆ ਦੀ ਮਾਰਚ, 1954 ਨੂੰ ਵਿਆਹ ਰੱਖ ਹੋ ਗਿਆ। ਸਹੁਰੇ ਨੇ ਸੁਨੇਹਾ ਘੱਲਿਆ, ਅਖੇ ਬਰਾਤ ਗੱਡਿਆਂ ‘ਤੇ ਨਾ ਆ ਜੇ, ਬੱਸ ਕਰ ਕੇ ਆਇਓ। ਤੇ ਮੇਰੇ ਘਰ ਦੇ ਕਿਹੜੇ ਘੱਟ ਸੀ, ਕਹਿੰਦੇ ਕਿਰਾਇਆ ਦੇ ਦਿਓ; ਬੱਸ ‘ਤੇ ਆ ਜਾਂਗੇ। ਜਨੇਤ ਲੈ ਕੇ ਪਹੁੰਚਗੇ। ਮੇਰੀ ਜਨੇਤੇ ਮੇਰੇ ਯਾਰ ਹਰਭਜਨ ਹੁੰਦਲ, ਰਘੁਵੀਰ ਸਿਰਜਣਾ, ਸੁਹੇਲ ਤੇ ਸੁਰਿੰਦਰ ਗਿੱਲ ਵੀ ਗਏ। ਪਿੰਡ ਦੇ ਸਕੂਲ ‘ਚ ਬਰਾਤ ਠਹਿਰੀ। ਜਾਂਦਿਆਂ ਨੂੰ ਜਨੇਤ ਦੀ ਬੜੀ ਆਓ ਭਗਤ ਹੋਈ। ਜਲੰਧਰ ਤੋਂ ਕੇਟਰ ਸੀ ਉਨ੍ਹਾਂ ਦੇ। ਚਾਹ ਦੇ ਨਾਲ ਈ ਕੌਫੀ ਵੀ ਟੇਬਲਾਂ ‘ਤੇ ਪਈ ਸੀ। ਜਨੇਤੀਆਂ ਨੂੰ ਲਗਾ ਖਰੇ ਸ਼ਰਾਬ ਐ। ਉਈਂ ਕੱਪ ਭਰ ਭਰ ਪੀਈ ਜਾਣ, ਸ਼ਾਇਦ ਫਿਜੀ ਦੀ ਸ਼ਰਾਬ ਹੋਵੇ। ਹੁੰਦਲ ਹੋਰੀਂ, ਸਾਰੇ ਖੜੇ ਹੱਸੀ ਜਾਣ।
ਚਾਹ ਪਾਣੀ ਛੱਕ ਕੇ ਜਦੋਂ ਖੱਟ (ਦਾਜ) ਰੱਖੀ ਤਾਂ ਮੇਰੇ ਪਿਓ ਤੇ ਤਾਏ ਨੂੰ ਤਾਂ ਮੱਚ ਚੜ੍ਹ ਗੀ। ਖੱਟ ‘ਚ ਕਪੜਿਆਂ ਤੋਂ ਬਿਨਾਂ ਕੋਈ ਗਹਿਣਾ ਲੱਤਾ ਦਿੱਤਾ ਈ ਨਾ। ਉਥੇ ਈ ਤਿੜ ਗਏ, ਕਹਿੰਦੇ ਅਸੀਂ ਤਾਂ ਨੀਂ ਪੱਲਾ ਮੋੜਨਾ। ਰਤਨ ਮਾਮੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਤਾਏ ਨੇ ਉਸ ਨੂੰ ਕੁੱਟ ਸੁੱਟਿਆ। ਉਹ ਵਿਚਾਰਾ ਨੀਵੀਂ ਪਾਈ ਬਾਹਰ ਨੂੰ ਚਲਾ ਗਿਆ। ਬਾਪ ਮੇਰੇ ਤੋਂ ਤੁਰ ਹੁੰਦਾ ਨਈਂ ਸੀ ਪਰ ਰੌਲਾ ਪੂਰਾ ਪਾ ਰਿਹਾ ਸੀ। ਇਕ-ਇਕ ਕਰ ਕੇ ਸਾਰੇ ਉਥੋਂ ਖਿਸਕ ਗਏ। ਬੱਸ ਖੜੀ ਰਹਿ ਗਈ। ਹਾਰ ਕੇ ਮੈਂ ਆਪੇ ਈ ਪੱਲਾ ਮੋੜਿਆ। ਜੋ ਕੁਝ ਉਨ੍ਹਾਂ ਦਿੱਤਾ, ਧੰਨਵਾਦ ਕਰਦਿਆਂ ਕਿਹਾ, ”ਜੀ ਵਿਆਹ ਤਾਂ ਮੈਂ ਕੀਤਾ। ਇਹ ਹੁਣ ਮੇਰੀ ਜ਼ਿੰਮੇਵਾਰੀ ਐ।” ਗਲੀ ‘ਚ ਵਾਜੇ ਆਲੇ ਵਾਜੇ ਵਜਾਉਂਦੇ ਜਾਣ ਤੇ ਪਿਛੇ ਮੈਂ ਹੀ ‘ਕੱਲਾ ਸਿਰ ‘ਤੇ ਪੱਲਾ ਰਖੀ ਤੁਰੀ ਆਵਾਂ। ਆਂਢ-ਗੁਆਂਢ ਮੈਨੂੰ ਤੱਕੇ। ਸਾਰੇ ਕਹਿਣ, ”ਇਹ ਕੁੜੀ ਨੂੰ ਨਈਂ ਲੈ ਕੇ ਜਾਂਦੇ।”  ਜਨੇਤ ਤਿੰਨ ਦਿਨ ਰਹੀ ਸੀ ਉਥੇ। ਪਿੰਡ ਦੇ ਮੋਹਤਬਰ ਸਮਝਾਉਂਦੇ ਰਹੇ। ਅੱਗੋਂ ਮੇਰਾ ਸਹੁਰਾ ਵੀ ਅੜ ਗਿਆ। ਕਹਿੰਦਾ, ‘ਮੈਂ ਵੀ ਕੁੜੀ ਨਈਂ ਤੋਰਨੀ, ਜਾਓ ਜੋ ਕਰਨੈ ਕਰੋ।’ ਬੜੀ ਮੁਸ਼ਕਲ ਨਾਲ ਸਾਰਿਆਂ ਨੂੰ ਮਨਾਇਆ। ਬੱਸ ‘ਚ ਬਹਿ ਪਿੰਡ ਆ ਗਏ। ਮੈਂ ਸਵਰਨਜੀਤ ਨੂੰ ਜਿੱਤ ਲਿਆ ਸੀ। ਇਸੇ ਲਈ ਉਹਦਾ ਨਾਂਅ ਹੀ ਮੈਂ ਜੀਤੀ ਰੱਖਿਆ।

? ਮਗਰੋਂ ਤਾਂ ਠੀਕ ਠਾਕ ਹੋ ਗਿਐ ਹੋਣਾ ਸਾਰਾ ਕੁਝ?
ਅਵਤਾਰ : ਕਿਥੇ, ਏਨਾ ਸੌਖਾ ਥੋੜ੍ਹਾ ਸੀ। ਅਗਲੇ ਦਿਨ ਮਿਲਣੀ ਲਈ ਵੀ ਕੋਈ ਨਾ ਗਿਆ। ‘ਕੱਲਾ ਹੀ ਜਾ ਕੇ ਆਇਆ। ਜੀਤੀ ਨੂੰ ਮੈਂ ਪੇਕੇ ਛੱਡ ਆਇਆ। ਐਫ਼ਏ. ‘ਚ ਪੜ੍ਹਦਾ ਸੀ। ਦਾਜ ਨਾ ਮਿਲਣ ਕਾਰਨ ਔਖੇ ਮੇਰੇ ਘਰਦੇ ਮੈਨੂੰ ਨਾ ਫੀਸ ਦੇਣ, ਨਾ ਕੋਈ ਲੀੜਾ ਲੱਤਾ ਲੈ ਕੇ ਦੇਣ। ਕਹਿੰਦੇ, ‘ਵੱਡੇ ਆਏ ਫਿਜੀ ਆਲੇ, ਉਨ੍ਹਾਂ ਤੋਂ ਈ ਲੈ ਜਾ ਕੇ।’ ਮੈਂ ਜਾ ਕੇ ਸਹੁਰੇ ਦੇ ਹੱਥ ਜੋੜੇ, ”ਭਾਪਾ ਜੀ ਤੁਸੀਂ ਜਾ ਕੇ ਮੇਰੇ ਘਰਦਿਆਂ ਤੋਂ ਮਾਫੀ ਮੂਫੀ ਮੰਗ ਲਓ। ਮੈਨੂੰ ਤਾਂ ਉਹ ਫੀਸ ਵੀ ਨਈਂ ਦਿੰਦੇ। ਮੇਰੇ ਸੂਟਾਂ ਦੀ ਸਿਲਾਈ ਤੇ ਬੂਟ ਲੈ ਦਿਓ। ਜੇ ਮੇਰੀ ਪੜ੍ਹਾਈ ਛੁੱਟ ਗਈ ਤਾਂ ਕਿਤੇ ਨੌਕਰੀ ਵੀ ਨੀਂ ਮਿਲਣੀ। ਸਹੁਰਾ ਮੇਰਾ ਸਿਆਣਾ ਸੀ। ਜਾ ਕੇ ਨਾਲੇ ਮਾਫੀ ਮੰਗ ਆਇਆ, ਨਾਲੇ ਦਾਜ ਦਾ ਮਾੜਾ ਮੋਟਾ ਸਾਮਾਨ ਦੇ ਦਿੱਤਾ। ਫੇਰ ਵੀ ਤਿੰਨ ਸਾਲ ਲੰਘ ਗਏ ਮੋੜਵਾਂ ਡੋਲਾ ਈ ਨਾ ਕੋਈ ਲੈਣ ਜਾਵੇ। ਮੈਂ ਘਰਦਿਆਂ ਤੋਂ ਚੋਰੀ ਚੋਰੀ ਜੀਤੀ ਕੋਲ ਜਾ ਆਉਂਦਾ। ਸੱਸ ਨੇ ਬਹੁਤ ਸੇਵਾ ਕਰਨੀ। ਮੱਖਣ ਭਰ ਭਰ ਖਾਣਾ। ਘਰ ਤਾਂ ਮਿਲਦਾ ਨਈਂ ਸੀ। ਸੱਸ ਵੀ ਕਿਹਾ ਕਰੇ, ‘ਰੱਜ ਕੇ ਖਾ ਲੈ ਮਹੀਨਾ ਲੰਘ ਜੂ।’ ਸਾਲੀ ਮੇਰੀ ਬਹੁਤ ਖਿਝਦੀ ਸੀ। ਮੈਂ ਤੇ ਜੀਤੀ ਇਕ ਦੂਜੇ ਨੂੰ ਚਿੱਠੀਆਂ ਲਿਖਦੇ ਰਹਿੰਦੇ। ਜੀਤੀ ਦੀ ਚਿੱਠੀ  ਇਕ ਦਿਨ ਮੇਰੇ ਬਾਪ ਦੇ ਹੱਥ ਲੱਗ ਗਈ। ਉਹਨੇ ਲਿਖਿਆ ਸੀ, ”ਜੀ ਮੈਂ ਏਸ ਰੰਗ ਦੇ ਸੂਟ ਸਵਾਏ ਨੇ, ਉਹਦੇ ਨਾਲ ਦੀਆਂ ਥੋਡੀਆਂ ਪੱਗਾਂ ਵੀ ਰੰਗਾਈਆਂ ਨੇ।” ਪਿਓ ਮੇਰੇ ਨੂੰ ਤਾਂ ਅੱਗ ਲੱਗ ਗਈ। ਉਹਨੂੰ ਪਤਾ ਲੱਗ ਗਿਐ ਕਿ ਮੈਂ ਚੋਰੀ ਚੋਰੀ ਉਥੇ ਜਾਨਾ। ਕਹਿੰਦਾ, ‘ਉਥੇ ਹੀ ਰੋਟੀਆਂ ਖਾਹ ਜਾ ਕੇ ਜਿਹੜੀ ਤੇਰੀਆਂ ਪੱਗਾਂ ਰੰਗਾਉਂਦੀ ਫਿਰਦੀ ਐ।” ਫੇਰ ਜਦੋਂ ਮੋੜਵਾਂ ਡੋਲਾ ਆਇਆ ਤਾਂ ਮਾਂ ਮੇਰੀ ਸਾਨੂੰ ‘ਕੱਠੇ ਨਾ ਰਹਿਣ-ਬਹਿਣ ਦੇਵੇ। ਬੜੇ ਪਾਪੜ ਵੇਲਿਆ ਕਰੀਏ ਇਕ ਦੂਜੇ ਨੂੰ ਮਿਲਣ ਲਈ।
ਰੁਜ਼ਗਾਰ ਦਾ ਸਫ਼ਰ
? ਰੁਜ਼ਗਾਰ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ।
ਅਵਤਾਰ : ਸਭ ਤੋਂ ਪਹਿਲਾਂ ਮੈਂ ਪ੍ਰਾਈਵੇਟ ਸਕੂਲ ਬੰਡਾਲਾ ਪੜ੍ਹਾਉਣਾ ਲੱਗਿਆ। ਫੇਰ ਸਮਰਾਵਾਂ ਵੀ ਪੜ੍ਹਾਇਆ। ਜਲਦੀ ਹੀ ਮੈਨੂੰ ਮੰਡੀ ਡੱਬਵਾਲੀ ਸਾਇੰਸ ਮਾਸਟਰ ਦੀ ਸਰਕਾਰੀ ਨੌਕਰੀ ਮਿਲ ਗਈ। ਉਥੇ ਚੰਦਰ ਭਾਨ ਮੇਰਾ ਦੋਸਤ ਬਣ ਗਿਆ। ਉਦੋਂ ਟੀਚਰਾਂ ਨੂੰ ਬਿਜਲੀ ਪਾਣੀ ਮੁਫ਼ਤ ਮਿਲ ਜਾਂਦਾ ਸੀ। ਕਮਰਾ ਕਿਰਾਏ ‘ਤੇ ਲੈਣਾ ਸੀ। ਤਨਖ਼ਾਹ 100 ਰੁਪਏ ਸੀ ਤੇ ਕਮਰੇ ਦਾ ਕਿਰਾਇਆ 20 ਰੁਪਏ। ਪਰ ਘਰ ਦੀ ਮਾਲਕਣ ਬਨਿਆਣੀ ਸੀ, ਸਰਦਾਰ ਦੇਖ ਕੇ ਉਦਾਂ ਹੀ ਘਬਰਾਉਂਦੀ ਸੀ। ਕਮਰਾ ਕਿਰਾਏ ‘ਤੇ ਨਾ ਦੇਵੇ। ਚੰਦਰ ਭਾਨ ਨੇ ਸਮਝਾਇਆ ਕਿ ਵਿਆਹਿਆ ਵਰ੍ਹਿਆ ਇਹ, ਇਕ ਧੀ ਵੀ ਐ ਇਹਦੇ। ਕਹਿੰਦੀ ਪਹਿਲਾਂ ਘਰਵਾਲੀ ਲੈ ਕੇ ਆਵੇ, ਫੇਰ ਦੇਊਂਗੀ। ਮੈਂ ਪਿੰਡ ਜਾ ਕੇ ਦੱਸਿਆ। ਘਰਦੇ ਜੀਤੀ ਨੂੰ ਭੇਜਣ ਨਾ। ਉਨ੍ਹਾਂ ਨੂੰ ਲੱਗਾ ਤਨਖ਼ਾਹ ਤਾਂ ਸਾਡੇ ਹੱਥ ਨਈਂ ਆਉਗੀ। ਮੈਨੂੰ ਵੀ ਸਮਝ ਨਾ ਆਵੇ। ਜੇ ਮੈਂ ਟੱਬਰ ਲੈ ਗਿਆ ਤਾਂ ਗੁਜ਼ਾਰਾ ਕਿਵੇਂ ਚੱਲੂ। ਜੀਤੀ ਕਹਿੰਦੀ, “ਫਿਕਰ ਨਾ ਕਰੋ, ਮੈਂ ਆਪੇ ਕੱਟ ਲੂੰ। ਤਨਖ਼ਾਹ ਇਨ੍ਹਾਂ ਨੂੰ ਭੇਜਦੇ ਰਹਿਣਾ।” ਡਬਵਾਲੀ ਆਏ ਤਾਂ ਬਨਿਆਣੀ ਨੇ ਜੀਤੀ ਨੂੰ ਦੇਖ ਕੇ  ਸਾਨੂੰ ਕਮਰਾ ਦੇ ਦਿੱਤਾ। ਜੀਤੀ ਨਾਲ ਉਹਦੀ ਏਨੀ ਬਣੀ ਕਿ ਉਨ੍ਹਾਂ ਕਿਰਾਇਆ ਵੀ ਲੈਣਾ ਬੰਦ ਕਰ ਦਿੱਤਾ। ਤਨਖ਼ਾਹ ਦਾ ਲਿਫ਼ਾਫਾ ਅਸੀਂ ਉਂਜ ਈ ਬੰਦ ਦਾ ਬੰਦ ਜੰਡਿਆਲੇ ਘਰਦਿਆਂ ਨੂੰ  ਭੇਜਦੇ ਰਹੇ।

? ਗੁਜ਼ਾਰਾ ਕਿਵੇਂ ਚਲੱਦਾ ਸੀ ?
ਅਵਤਾਰ : ਇਹ ਤਾਂ ਜੀਤੀ ਦਾ ਕਮਾਲ ਐ, ਮੈਨੂੰ ਤਾਂ ਪੜ੍ਹਨ ਪੜ੍ਹਾਉਣ ਤੋਂ ਬਿਨਾਂ ਕੁਝ ਆਉਂਦਾ ਨਈਂ। ਉਨ੍ਹੇ ਉਥੇ ਈ ਸਿਲਾਈ ਸੈਂਟਰ ਖੋਲ੍ਹ ਲਿਆ। ਚੰਗੇ ਘਰਾਂ ਦੀਆਂ ਨੂੰਹਾਂ ਧੀਆਂ ਲਈ ਵੀ ਇਥੋਂ ਸਿਖਣਾ ਸੌਖਾ ਸੀ। ਉਨ੍ਹਾਂ ਦੇ ਘਰਦੇ ਹੋਰ ਕਿਤੇ ਭੇਜਦੇ ਨਹੀਂ ਸੀ। ਉਹ ਘਿਓ ਮੱਖਣ, ਦਾਲ ਸਬਜ਼ੀਆਂ ਵੀ ਘੱਲ ਦਿੰਦੇ। ਜੀਤੀ ਨੂੰ ਤਾਂ ਰੋਟੀ ਵੀ ਪੱਕੀ ਪਕਾਈ ਮਿਲਦੀ। ਤਿੰਨ ਚਾਰ ਸਾਲ ਅਸੀਂ ਡੱਬਵਾਲੀ ਰਹੇ। ਫਿਰ ਮੇਰਾ ਪਿਓ ਪੂਰਾ ਹੋ ਗਿਆ। ਸੋਚਿਆ ਨੇੜੇ ਈ ਕਿਤੇ ਬਦਲੀ ਕਰਾ ਲੈਂਦੇ ਆਂ। ਘਰਦਿਆਂ ਨੂੰ ਸੌਖ ਹੋ ਜੂ। ਨੂਰ ਮਹਿਲ ਦੀ ਬਦਲੀ ਹੋ ਗਈ। ਘਰ ਆ ਕੇ ਰਹਿਣ ਲੱਗ ਪਏ। ਸਾਈਕਲ ‘ਤੇ ਮੈਂ ਡਿਉਟੀ ਕਰਨ ਜਾਂਦਾ। ਤਨਖ਼ਾਹ ਘਰ ਦੇਣੀ। ਜੀਤੀ ਦਾ ਕੰਮ ਬੰਦ ਹੋ ਗਿਆ। ਰੋਜ਼ ਦਾ ਉਹੀ ਕਲੇਸ਼ ਫਿਰ। ਨਾ ਮੇਰੀ ਮਾਂ ਬੋਲਣੋ ਹਟੇ, ਨਾ ਤਾਇਆ। ਹਾਰ ਕੇ ਮੈਂ ਟੱਬਰ ਲੈ ਕੇ ਨੂਰਮਹਿਲ ਰਹਿਣ ਲੱਗ ਗਿਆ। ਉਥੇ ਜੀਤੀ ਦਾ ਬਹੁਤਾ ਦਿਲ ਨਾ ਲਗਿਆ। ਫੇਰ ਤਲਵਣ ਦੀ ਬਦਲੀ ਕਰਵਾਈ। ਉਥੇ ਲੁੱਧੜ ਗੋਤ ਦੇ ਪੰਡਤਾਂ ਦਾ ਘਰ ਸੀ। ਉਥੇ ਈ ਇਕ ਕਮਰਾ ਮਿਲ ਗਿਆ। ਇਥੇ ਵੀ ਜੀਤੀ ਨੇ ਮਿਲਾਪ ਸ਼ੁਰੂ ਕਰ ‘ਤਾ। ਮੈਂ ਤਾਂ ਕਿਸੇ ਨੂੰ ਬੁਲਾਉਂਦਾ ਨਈਂ ਸੀ, ਪਰ ਅਜਿਹਾ ਕੋਈ ਨਹੀਂ ਸੀ ਜਿਹਨੂੰ ਜੀਤੀ ਜਾਣਦੀ ਨਾ ਹੋਵੇ। ਸਿਲਾਈ ਸੈਂਟਰ ਸ਼ੁਰੂ ਹੋ ਗਿਆ। ਇਥੇ ਬੇਟੇ ਸਵੇਰ ਦਾ ਜਨਮ ਹੋਇਆ। ਪੰਡਤਾਂ ਨਾਲ ਏਨੀ ਬਣੀ ਕਿ ਸਾਰੀ ਕੋਠੀ ਸਾਡੇ ਹਵਾਲੇ ਹੋ ਗਈ।

ਵਲਾਇਤ ਨੂੰ ਚਾਲੇ
? ਜਦ ਹੁਣ ਜ਼ਿੰਦਗੀ ਠੀਕ ਠਾਕ ਰੁੜ੍ਹ ਪਈ ਸੀ ਤਾਂ ਵਲਾਇਤ ਜਾਣ ਦੀ ਕੀ ਓਹੜੀ?
ਅਵਤਾਰ : ਵਿਦੇਸ਼ ਜਾਣ ਦੀ ਨਾ ਮੇਰੀ ਕੋਈ ਇੱਛਾ ਸੀ ਨਾ ਜੀਤੀ ਦੀ। ਤਲਵਣ ਪੜ੍ਹਾਉਂਦਿਆਂ ਮੇਰੇ ਨਾਲ ਦੇ ਕਈ ਮਾਸਟਰ ਵਾਊਚਰ ‘ਤੇ ਲੰਡਨ ਗਏ। ਮੇਰਾ ਮਿੱਤਰ ਬਣਿਆ ਮਾਸਟਰ ਸੁਰਜੀਤ ਸਿੰਘ ਵੀ ਚਲਾ ਗਿਆ। ਉਹਨੇ ਮੈਨੂੰ ਬਹੁਤ ਕਿਹਾ ਸੀ ਕਿ ਵਾਊਚਰ ਭਰ ਦੇ ਮੈਂ ਭਰਿਆ ਨਾ। ਜੀਤੀ ਦੇ ਭਰਾ ਰੇਸ਼ਮ ਤੇ ਮੇਵਾ ਲੰਡਨ ਈ ਸੀ, ਉਹ ਵੀ ਕਹਿੰਦੇ ਰਹਿਣ ਕਿ ਇਥੇ ਆ ਜਾਓ। ਜੀਤੀ ਮੰਨੇ ਨਾ, ਉਹਨੇ ਤਾਂ ਅਪਣਾ ਪਾਸਪੋਰਟ ਹੀ ਸਾੜ ਦਿੱਤਾ। ਫੇਰ ਮੇਵੇ ਨੇ ਵਾਊਚਰ ਭੇਜਿਆ, ਉਹ ਵੀ ਉਨ੍ਹੇ ਚੁਲ੍ਹੇ ‘ਚ ਸੁੱਟ ਦਿੱਤਾ, ਕਹਿੰਦੀ, ਇਥੇ ਅਸੀਂ ਮੌਜਾਂ ਕਰਦੇ ਆਂ, ਕੀ ਕਰਨਾ ਬਾਹਰ ਜਾ ਕੇ। ਫੇਰ ਮੇਰੀ ਮਾਂ ਮੇਰੇ ਸਹੁਰੇ ਕੋਲ ਜਾ ਕੇ ਮਿੰਨਤਾ ਕਰੇ ਕਿ ਅਪਣੀ ਕੁੜੀ ਨੂੰ ਸਮਝਾਓ, ਇਹ ਬਾਹਰ ਜਾਊਗਾ ਤਾਂ ਸਾਡੇ ਟੱਬਰ ਦਾ ਵੀ ਬੇੜਾ ਪਾਰ ਹੋ ਜੂ। ਘਰ ‘ਚ ਇਹੀ ਵੱਡਾ, ਇਹਨੇ ਈ ਜ਼ਿੰਮੇਵਾਰੀ ਚੁਕਣੀ ਐ। ਮੇਰਾ ਸਹੁਰਾ ਮੈਨੂੰ ਸਮਝਾਉਣ ਆਇਆ। ਜੀਤੀ ਨੇ ਪਿਤਾ ਜੀ ਨੂੰ ਵੀ ਜਵਾਬ ਦੇ ਦਿੱਤਾ। ਮੈਂ ਵੀ ਜੀਤੀ ਨੂੰ ਛੱਡ ਕੇ ਜਾਣਾ ਨੀਂ ਸੀ ਚਾਹੁੰਦਾ। ਇਕ ਦਿਨ ਸਕੂਲ ਦਾ ਹੈਡ ਮਾਸਟਰ ਘਰ ਆਇਆ। ਕਹਿੰਦਾ, ”ਤੂੰ ਇਕ ਵਾਰ ਵਾਊਚਰ ਤਾਂ ਭਰ, ਨੌਕਰੀ ਨਾ ਛੱਡੀਂ, ਤੇਰੇ ਦੋ ਤਿੰਨ ਮਹੀਨੇ ਦੀ ਮੈਂ ਆਪੇ ਹਾਜ਼ਰੀ ਪੂਰੀ ਕਰ ਦੂੰ। ਤਨਖ਼ਾਹ ਵੀ ਮਿਲ ਜੂ। ਉਥੇ ਜਾ ਕੇ ਮਾਹੌਲ ਵੀ ਦੇਖ ਆਈਂ। ਜੇ ਠੀਕ ਲੱਗਿਆ ਤਾਂ ਰਹਿ ਲਈਂ। ਬਾਅਦ ‘ਚ ਟੱਬਰ ਲੈ ਜਾਈਂ।” ਬਸ  ਇਹੇ ਹੀ ਇਕ ਲਾਲਚ ਮਾਰ ਗਿਆ। ਲਗਿਆ ਤਨਖ਼ਾਹ ਵੀ ਮਿਲ ਜੂ, ਮਾਹੌਲ ਵੀ ਦੇਖ ਆਨਾ। ਬਸ ਫਿਰ ਇਹੋ ਜਿਹਾ ਉਥੇ ਗਿਆ, ਪਤਾ ਨੀਂ ਕਦੇ ਮੁੜਨਾ ਵੀ ਹੋਊ ਕਿ ਨਹੀਂ।

? ਕਦੋਂ ਜਾਣਾ ਬਣਿਆ ਵਲਾਇਤ?
ਅਵਤਾਰ : ਇਹ ਉਨ੍ਹਾਂ ਦਿਨਾਂ ਦੀ ਗੱਲ ਐ, ਜਦੋਂ ਕੁਝ ਘਟਨਾਵਾਂ ਨਾਲੋਂ-ਨਾਲ ਹੋਈਆਂ। ਬੇਟੇ ਸਵੇਰ ਦਾ ਜਨਮ ਵੀ 27 ਫਰਵਰੀ 1963 ਨੂੰ ਹੋਇਆ। ਉਨ੍ਹੀਂ ਦਿਨੀਂ ਹੀ ਮੇਰੀ ਕਿਤਾਬ ‘ਕੱਪਰ ਛੱਲਾਂ’ ਛੱਪ ਕੇ ਆਈ। ਤੇ ਉਦੋਂ ਹੀ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ। ਜਲੰਧਰ ਸਟੇਸ਼ਨ ਤੋਂ ਦਿੱਲੀ ਲਈ ਗੱਡੀ ਚੜ੍ਹਨਾ ਸੀ। ਰਘੁਬੀਰ, ਸੁਹੇਲ, ਤੇ ਸੁਰਿੰਦਰ ਗਿੱਲ ਵੀ ‘ਟੇਸ਼ਨ ‘ਤੇ ਛੱਡਣ ਆਏ ਸਨ। ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ। ਦਿਲ ਕਰਦਾ ਸੀ ਸਾਰਿਆਂ ਨੂੰ ਕਲਾਵੇ ‘ਚ ਘੁੱਟ ਲਵਾਂ, ਛੱਡਾਂ ਈ ਨਾ। ਪਹਿਲੀ ਵਾਰ ਜੀਤੀ ਤੋਂ ਏਨੀ ਦੂਰ ਜਾ ਰਿਹਾ ਸੀ। ਗੱਡੀ ਤੁਰਨ ਲੱਗੀ ਸੀ ਤੇ ਅੰਦਰ ਡੱਬੇ ‘ਚ ਬਹਿ ਗਿਆ। ਤਾਕੀ ਵਿਚ ਦੀ ਸਾਰਿਆਂ ਨੂੰ ਤੱਕ ਰਿਹਾ ਸੀ। ਦਿਲ ਬੈਠਦਾ ਜਾ ਰਿਹਾ ਸੀ। ਦਿਲ ਕਰੇ ਹੁਣੇ ਕੋਈ ਕਹੇ ਨਾ ਜਾ। ਜੀਤੀ ਦਾ ਉਹ ਉਦਾਸ ਚਿਹਰਾ ਮੈਨੂੰ ਹੁਣ ਤਕ ਨੀਂ ਕਦੇ ਭੁੱਲਿਆ।
ਕਲਮ ਤੇ ਮਜ਼ਦੂਰੀ
? ਲੰਡਨ ਪਹੁੰਚਦਿਆਂ ਈ ਕੰਮ ਮਿਲ ਗਿਆ?
ਅਵਤਾਰ : ਜਿਨ੍ਹਾਂ ਹੱਥਾਂ ਨੇ ਹਮੇਸ਼ਾ ਕਲਮ ਈ ਚੁੱਕੀ ਸੀ, ਉਨ੍ਹਾਂ ਤੋਂ ਮਜ਼ਦੂਰੀ ਕਿਥੋਂ ਹੋਵੇ। ਸਿੱਧਾ ਮੇਵੇ ਕੋਲ ਗਿਆ ਸੀ। ਚਾਰ ਹਫਤੇ ਤਾਂ ਕੋਈ ਕੰਮ ਨਾ ਮਿਲਿਆ। ਮੇਵੇ ‘ਤੇ ਬੋਝ ਬਣਿਆ ਬੈਠਾ ਸੀ। ਫੇਰ ਓਹਨੇ ਮੈਨੂੰ ਬਰੈਡ ਫੈਕਟਰੀ ‘ਚ ਲਗਵਾ ਦਿੱਤਾ। ਮੈਥੋਂ ਕੰਮ ਨਾ ਹੋਵੇ। ਪੰਜ ਸ਼ਿਲਿੰਗ ਤਨਖ਼ਾਹ ਸੀ। ਪਹਿਲੇ ਦਿਨ ਤਾਂ ਟੁਆਇਲਟ ਵਿਚ ਜਾ ਜਾ ਕੇ ਰੋਂਦਾ ਰਿਹਾ। ਮੈਂ ਕਿਹਾ, ”ਮੈਥੋਂ ਆਹ ਕੰਮ ਨਈਂ ਹੋਣਾ।” ਮੇਵੇ ਨੇ ਰਬੜ ਦੀ ਫੈਕਟਰੀ ਲਗਵਾ ਦਿੱਤਾ। ਇਹ ਉਦੂੰ ਵੀ ਔਖਾ ਕੰਮ ਲੱਗਾ ਸੀ। ਇਕ ਤਾਂ ਮੈਨੂੰ ਪੱਗ ਵਿਚ ਦੇਖ ਕੇ ਕੋਈ ਜਲਦੀ ਜਲਦੀ ਕੰਮ ਨਈਂ ਸੀ ਦਿੰਦਾ, ਉਪਰੋਂ ਮੈਨੂੰ ਕੋਈ ਕੰਮ ਪਸੰਦ ਨੀਂ ਸੀ ਆਉਂਦਾ। ਮੇਵਾ ਪੂਰਾ ਕਾਮਰੇਡ ਸੀ। ਇਕ ਦਿਨ ਧੱਕੇ ਨਾਲ ਲੈ ਗਿਆ, ਨਾਈ ਦੇ। ਜਾ ਕੇ ਮੇਰਾ ਵਾਲ ਕਟਾਏ। ਨਾਈ ਮੇਰੇ ਵਾਲ ਕੱਟ ਕੱਟ ਸੁੱਟੀ ਜਾਵੇ; ਮੈਂ ਪਰਲ ਪਰਲ ਹੰਝੂ ਸੁੱਟੀ ਜਾਵਾਂ। ਮੈਂ ਸੋਚਾਂ ਜੇ ਜੀਤੀ ਨੇ ਮੈਨੂੰ ਇਸ ਹਾਲਤ ਵਿਚ ਦੇਖਿਆ ਉਹ ਤਾਂ ਮਰ ਜੂ। ਉਹਨੂੰ ਮੇਰੀ ਪੱਗ ਤਾਂ ਬਹੁਤ ਚੰਗੀ ਲਗਦੀ ਐ। ਮੇਰੀਆਂ ਪੱਗਾਂ ਦਾ ਮੇਰੇ ਨਾਲੋਂ ਜ਼ਿਆਦਾ ਉਹੀ ਖਿਆਲ ਰੱਖਦੀ ਸੀ। ਮੈਂ ਅਪਣੇ ਕੱਟੇ ਵਾਲਾਂ ਦੀ ਫੋਟੋ ਉਹਨੂੰ ਘੱਲ ‘ਤੀ। ਜਦੋਂ ਜਵਾਬੀ ਚਿੱਠੀ ਆਈ ਤਾਂ ਹੰਝੂਆਂ ਕਾਰਨ ਸਿਆਹੀ ਫੈਲੀ ਹੋਈ ਸੀ। ਬਹੁਤ ਰੋਈ ਸੀ ਉਹ। ਫੇਰ ਮੇਵੇ ਨੇ ਗੱਤੇ ਦੀ ਫੈਕਟਰੀ ‘ਚ ਲਗਵਾ ਦਿੱਤਾ। ਉਥੇ ਵੀ ਕੰਮ ਕਿਹੜਾ ਆਉਂਦਾ ਸੀ। ਮੇਵਾ ਕਹਿੰਦਾ, ਇਥੇ ਮਸ਼ੀਨ ਨੂੰ ਤੇਲ ਦੇਈ ਜਾਇਆ ਕਰ। ਉਹ ਵੀ ਉਦੋਂ ਉਥੇ ਈ ਸੀ। ਉਹ ਜਾਣ ਕੇ ਮਸ਼ੀਨ ਰੋਕ ਦਿਆ ਕਰੇ, ਮੈਂ ਹੋਰ ਕੰਮ ਤੋਂ ਬਚਣ ਦਾ ਮਾਰਾ ਬਸ ਮਸ਼ੀਨ ਨੂੰ ਤੇਲ ਈ ਦੇਈ ਜਾਇਆ ਕਰਾਂ।

? ਕਿਹੜੇ ਕਿਹੜੇ ਕੰਮਾਂ ‘ਚ ਤੁਸੀਂ ਹੱਥ ਅਜ਼ਮਾਇਆ?
ਅਵਤਾਰ : ਮੇਰਾ ਤਾਂ ਬਸ ਉਹੀ ਹਿਸਾਬ ਸੀ ਬਈ ਹਰ ਕੰਮ ਨੂੰ ਹੱਥ ਪਾਉਣਾ, ਪਰ ਆਉਣਾ ਕੋਈ ਨਾ। ਮੈਂ ਤਾਂ ਜਿਥੇ ਜਾਂਦਾ ਸੀ, ਫੈਕਟਰੀ ਓ ਬੰਦ ਹੋ ਜਾਂਦੀ ਸੀ। ਮੇਰੇ ਆਉਣ ਤੋਂ ਸਾਲ ਮਗਰੋਂ ਤਾਂ ਟੱਬਰ ਵੀ ਆ ਗਿਆ। ਜਦੋਂ ਨਿਆਣੇ ਆਏ ਤਾਂ ਗਰਮ ਕੱਪੜਾ ਕੋਈ ਨਾ। ਮੇਵੇ ਨੇ ਕੱਪੜੇ ਲੈ ਦਿੱਤੇ। ਮੈਂ ਅੰਦਰੋਂ-ਅੰਦਰੀਂ ਝੁਰੀ ਜਾਵਾਂ। ਨਿਮਾਣਾ ਜਿਹਾ ਬਣ ਕੇ ਰਹਿ ਗਿਆ। ਜੀਤੀ ਕਹੇ ਮੈਂ ਕੰਮ ਲਗ ਜੂੰ। ਉਦੋਂ ਔਰਤਾਂ ਕਿਥੇ ਜਲਦੀ ਜਲਦੀ ਕੰਮ ਕਰਦੀਆਂ ਸੀ, ਨਾਲੇ ਮੇਰੀ ਹਊਮੈ ਨੂੰ ਵੀ ਸੱਟ ਵਜਦੀ ਸੀ। ਲੋਕੀਂ ਕਹਿਣਗੇ- “ਆਉਂਦੀ ਈ ਜਨਾਨੀ ਕੰਮ ਨੂੰ ਤੋਰਤੀ।” ਮੈਂ ਬਥੇਰਾ ਰੋਕਾਂ ਪਰ ਇਹ ਕਿਥੇ ਹਟਣ ਵਾਲੀ ਸੀ, ਚਲੀ ਗਈ। ਪਹਿਲੇ ਦਿਨ ਈ ਨੌਕਰੀ ਮਿਲ ਗਈ, ਉਹ ਵੀ ਮੈਥੋਂ ਵਧ ਪੈਸਿਆਂ ‘ਚ।
ਮੈਂ ਸੈਲੋ ਫੈਕਟਰੀ ਵਿਚ ਕੰਮ ਕੀਤਾ, ਫੇਰ ਟਰਾਈਕੋ ‘ਚ ਰੇਸ਼ਮ ਨਾਲ ਜਾ ਲੱਗਾ। ਬ੍ਰਿਟਿਸ਼ ਈਗਲ ਏਅਰਲਾਈਨਜ਼ ਵਿਚ ਕੰਮ ਕੀਤਾ। ਇਥੇ ਥੋੜ੍ਹਾ ਠੀਕ ਲਗਦਾ ਸੀ। ਢਾਈ ਕੁ ਸਾਲ ਮਗਰੋਂ ਇਸੇ ਏਅਰਲਾਈਨ ਰਾਹੀਂ ਮੈਂ ਟੱਬਰ ਸਮੇਤ ਇੰਡੀਆ ਆਇਆ ਸੀ। ਉਦੋਂ ਮੁਲਾਜ਼ਮ ਹੋਣ ਕਾਰਨ ਸਾਡੇ ਟੱਬਰ ਦਾ ਸਫ਼ਰ ਮੁਫ਼ਤ ‘ਚ ਸੀ। ਥੋੜ੍ਹੀ ਦੇਰ ਮਗਰੋਂ ਜੀਤੀ ਤੇ ਨਿਆਣੇ ਤਾਂ ਏਸੇ ਏਅਰਲਾਈਨ ਰਾਹੀਂ ਮੁੜ ਗਏ ਪਰ ਮੈਂ ਕੁਝ ਦਿਨਾਂ ਲਈ ਰੁਕ ਗਿਆ। ਏਨੇ ਨੂੰ ਇਹ ਕੰਪਨੀ ਬੰਦ ਹੋ ਗਈ। ਫੇਰ ਪੱਲਿਓਂ ਪੈਸੇ ਲਾ ਕੇ ਵਾਪਸ ਗਿਆ। ਉਦੋਂ ਵੀ ਮੇਰਾ ਚਿੱਤ ਨੀ ਸੀ ਮੰਨਦਾ ਜਾਣ ਨੂੰ, ਉਹ ਤਾਂ ਪਿਤਾ ਜੀ ਨੇ ਮਸਾਂ ਮਨਾ ਕੇ ਭੇਜਿਆ ਕਿ ਹੁਣ ਇਹ ਗਲਤੀ ਨਾ ਕਰ। ਨਿਆਣੇ ਉਥੇ ਠੀਕ ਸੈਟ ਹੋ ਜਾਣਗੇ। ਫੇਰ ਮੈਂ ਗਰੰਡੀ ਕੰਪਨੀ ਵਿਚ ਵੀ ਕੰਮ ਕੀਤਾ, ਪਰ ਮਗਰੋਂ ਉਹ ਵੀ ਬੰਦ ਹੋ ਗਈ। ਸਾਡਾ ਘਰ ਜੀਤੀ ਦੀ ਹਿੰਮਤ ਨਾਲ ਚੱਲੀ ਗਿਆ।

ਸ਼ਾਇਰ, ਘੋੜੇ ਤੇ ਲਤੀਫ਼ੇ
? ਮੈਂ ਸੁਣਿਐ, ਤੁਹਾਨੂੰ ਘੋੜਿਆਂ ਦਾ ਬੜਾ ਸ਼ੌਕ ਐ। ਕਵੀ ਤੇ ਘੋੜਿਆਂ ਦਾ ਕੀ ਮੇਲ?
ਅਵਤਾਰ : ਹਾ… ਹਾ… ਇਹ ਬਸ ਐਵੇਂ ਜਨੂੰਨ ਈ ਸੀ। ਜਿਥੇ ਕਿਤੇ ਘੋੜਿਆਂ ਦੀ ਰੇਸ ਹੋਣੀ ਪਹੁੰਚ ਜਾਣਾ। ਬਹੁਤ ਵਾਰੀ ਦਾਅ ਵੀ ਲਾਇਆ। ਕਈ ਵਾਰ ਜਿੱਤਿਆ ਵੀ, ਪਰ ਮੈਨੂੰ ਓਨੀ ਸਮਝ ਨਈਂ ਸੀ, ਬਈ ਇਹ ਦਾਅ ਕਿਵੇਂ ਐਂ। ਮੈਂ ਤਾਂ ਬਸ ਤੁੱਕਾ ਲਾਉਂਦਾ ਸੀ। ਸਵੇਰ ਮੈਨੂੰ ਹਮੇਸ਼ਾ ਟੋਕਦੈ, ”ਡੈਡ, ਥੋਨੂੰ ਖੇਡਣਾ ਤਾਂ ਆਉਂਦਾ ਨੀਂ, ਫੇਰ ਕਿਉਂ ਪੰਗਾ ਲੈਂਦੇ ਓ। ਇਹ ਇਕ ਸਿਸਟਮ ‘ਚ ਖੇਡੀ ਜਾਂਦੀ ਐ, ਥੋਡੇ ਵਾਂਗ ਨੀਂ।”
ਮੇਰੀ ਵੱਡੇ ਪੋਤੇ ਹਰੀ ਅਲਾਂਗਜ਼ੈਂਡਰ (ਹਰਮਿੰਦਰ ਸਿੰਘ ਜੌਹਲ) ਨੂੰ ਪਤਾ ਐ ਮੇਰੇ ਸ਼ੌਕ ਦਾ। ਉਹ ਦਸਦਾ ਰਹਿੰਦੈ ਇਨ੍ਹਾਂ ਬਾਰੇ। ਘੋੜਿਆਂ ਦੀਆਂ ਨਸਲਾਂ ਬਾਰੇ ਦਸਦਾ ਰਹੂ। ਜਦੋਂ ਕਿਤੇ ਰੇਸ ਹੁੰਦੀ ਹੋਵੇ, ਇੰਤਜ਼ਾਮ ਵੀ ਕਰ ਦਿੰਦੈ ਮੇਰੇ ਜਾਣ ਦਾ। ਇਕ ਵਾਰ ਮੈਨੂੰ ਸਫ਼ੇਦ ਘੋੜੇ ਬਾਰੇ ਓਹਨੇ ਦੱਸਿਆ। ਮੇਰੀ ਬਹੁਤ ਰੀਝ ਸੀ, ਓਹਨੂੰ ਦੇਖਣ ਤੇ ਉਹ ‘ਤੇ ਬੈੱਟ ਲਾਉਣ ਦੀ। ਇਕ ਦਿਨ ਭੱਜਿਆ ਭੱØਜਿਆ ਆਇਆ ਕਹਿੰਦਾ, ”ਡੈਡ, ਜਿਹੜਾ ਥੋਨੂੰ ਘੋੜਾ ਪਸੰਦ ਐ ਨਾ, ਉਹਦੀ ਪੈਰਿਸ ‘ਚ ਰੇਸ ਹੋਣ ਜਾ ਰਹੀ ਐ।” ਬਸ ਫੇਰ ਕੀ ਸੀ ਮੈਂ ਤਾਂ ਤੁਰ ਪਿਆ ਪੈਰਿਸ ਨੂੰ। ਘੋੜਾ ਦੇਖ ਕੇ ਤਾਂ ਮੇਰਾ ਦਿਲ ਕਰੇ ਨਾਲ ਈ ਘਰ ਲੈ ਜਾਂ। ਮੈਂ ਓਹਤੇ ਬੈੱਟ ਲਾ ਦਿੱਤੀ। ਉਹ ਜਿੱਤ ਗਿਆ। ਮੈਂ ‘ਕੱਲਾ ਈ ਨਿਆਣਿਆਂ ਵਾਂਗੂ ਚਾਂਗਰਾ ਮਾਰਾਂ, ‘ਓ ਹੋ, ਓ ਹੋ ਮੇਰਾ ਘੋੜਾ ਜਿੱਤ ਗਿਆ… ਮੇਰਾ ਘੋੜਾ ਜਿੱਤ ਗਿਆ।” ਮੈਥੋਂ ਹਾਲੇ ਅਪਣਾ ਚਾਅ ਸੰਭਾਲਿਆ ਨੀਂ ਸੀ ਜਾ ਰਿਹਾ ਕਿ ਪ੍ਰਬੰਧਕਾਂ ਨੇ ਰੇਸ ਖਬਰੇ ਕਾਹਤੋਂ ਡਿਸਕੁਆਲੀਫਾਈ ਕਰਤੀ। ਮੇਰੇ ਬੋਝੇ ‘ਚ ਇਕ ਸ਼ਿਲਿੰਗ ਤਕ ਨਈਂ ਸੀ। ਫੇਰ ਸੋਚਾਂ ਮੈਂ ਘਰ ਕਿਵੇਂ ਜਾਉਂ। ਕਿਸੇ ਤੋਂ ਮੰਗਦਾ ਚੰਗਾ ਨੀਂ ਲਗਦਾ। ਹਾਰ ਕੇ ਹਰੀ ਨੂੰ ਦੱਸਿਆ। ਤੌਬਾ ਕੀਤੀ ਕਿ ਮੁੜ ਕੇ ਇਹ ਕੰਮ ਨੀਂ ਕਰਨਾ, ਪਰ ਘੋੜਿਆਂ ਦਾ ਚਾਅ ਨਾ ਮਰਿਆ। ਮੇਰੀ ਤਾਂ ਇੱਛਾ ਵੀ ਇਹੀ ਹੈ ਕਿ ਜਿੱਦੇ ਮਰਾਂ ਤਾਂ ਘੋੜਿਆਂ ਦੀ ਬੱਘੀ ‘ਚ ਜਾਵਾਂ। ਦੇਖੋ, ਜਦੋਂ ਤੁਰੂੰਗਾ ਤਾਂ ਕਿਵੇਂ ਵਿਦਾ ਹੋਊਂ।
? ਤੁਹਾਡੇ ਵਰਗੇ ਸਾਹਿਤਕ ਸ਼ੌਕ ਵੀ ਹਨ ਘਰ ‘ਚ ਕਿਸੇ ਨੂੰ?
ਅਵਤਾਰ : ਨਾ, ਏਹ ਤਾਂ ਮੈਂ ਹੀ ਸ਼ੌਕ ਪਲਿਆ, ਕੰਮ ਕਾਰਾਂ ‘ਚ ਰੁਲਾ-ਘੁਲਦਾ ਰਿਹਾ ਹੋਣ ਦੇ ਬਾਵਜੂਦ। ਦੋਵੇਂ ਬੱਚੇ ਮਾਂ ਵਾਂਗ ਸਿਆਣੇ ਐ, ਮੇਰੇ ਵਾਂਗ ਕਮਲੇ ਨਈਂ। ਉਨ੍ਹਾਂ ਨੂੰ ਪਤਾ ਜ਼ਿੰਦਗੀ ਕਿਵੇਂ ਚਲਾਈ ਦੀ ਐ। ਨਾਲੇ ਉਹ ਇਥੋਂ ਦੇ ਪੜ੍ਹੇ-ਲਿਖੇ ਨੇ। ਬਚਪਨ ਤੋਂ ਹੀ ਤੰਗੀਆਂ ਦੇਖੀਆਂ ਸੀ, ਇਸ ਲਈ ਉਨ੍ਹਾਂ ਨੂੰ ਪਤਾ ਕਿ ਪੈਸਾ ਕਿਵੇਂ ਕਮਾਈਦੈ। ਹਾਂ, ਛੋਟਾ ਪੋਤਾ ਚੇਤ (ਕੋਲੰਬਸ ਜੌਹਲ) ਜ਼ਰੂਰ ਕਲਾ ਨਾਲ ਮੋਹ ਰੱਖਦੈ। ਲਿਖਣ ਵੱਲ ਤਾਂ ਪਤਾ ਨਹੀਂ, ਪਰ ਡਰਾਇੰਗ ਦਾ ਸ਼ੌਕ ਐ ਉਹਨੂੰ। ਲੱਗਾ ਰਹਿੰਦੈ ਸਾਰਾ ਦਿਨ।
? ਤੁਹਾਡੀਆਂ ਗੱਲਾਂ ‘ਚ ਅਕਸਰ ਪ੍ਰਭਾਤ ਦਾ ਜ਼ਿਕਰ ਆਊਂਦੈ। ਜਦੋਂ ਓਹਨੇ ਗੋਰੇ ਨਾਲ ਵਿਆਹ ਕਰਾਉਣ ਬਾਰੇ ਦੱਸਿਆ ਤਾਂ ਤੁਸੀਂ ਕਿਵੇਂ ਮੰਨਿਆ ਇਹ ਰਿਸ਼ਤਾ?
ਅਵਤਾਰ : ਸੁਭਾਵਕ ਹੀ ਧੀਆਂ ਜ਼ਰਾ ਬਾਪ ਦੇ ਨੇੜੇ ਜ਼ਿਆਦਾ ਹੁੰਦੀਐਂ। ਵੈਸੇ ਤਾਂ ਜਿਹੜਾ ਸਮਾਂ ਬੱਚਿਆਂ ਨਾਲ ਰਹਿਣ ਦਾ ਹੁੰਦੈ, ਉਦੋਂ ਮੈਂ ਜ਼ਿੰਦਗੀ ਰੋੜਨ ਦੇ ਫੇਰ ‘ਚ ਉਲਝਿਆ ਹੋਇਆ ਸੀ। ਅਜਕਲ੍ਹ ਬਚਿਆਂ ਨੂੰ ਪਤਾ ਹੁੰਦੈ ਕਿ ਸਾਡੇ ਮਾਪਿਆਂ ਕੋਲ ਦੇਖਭਾਲ ਕਰਨ ਦਾ ਬਹੁਤਾ ਸਮਾਂ ਨਈਂ। ਜਦੋਂ ਉਹ ਸਕੂਲ ਜਾਂਦੇ ਸੀ ਤਾਂ ਅਸੀਂ ਕੰਮ ‘ਤੇ ਹੁੰਦੇ ਸੀ। ਜੀਤੀ ਰਾਤ ਨੂੰ ਹੀ ਪ੍ਰਭਾਤ ਦੀਆਂ ਗੁੱਤਾਂ ਕਰ ਕੇ ਟੋਪੀ ਪਾ ਦਿੰਦੀ ਸੀ। ਸਵੱਖਤੇ ਈ ਅਸੀਂ ਤਾਂ ਕੰਮ ‘ਤੇ ਚਲੇ ਜਾਂਦੇ, ਨਿਆਣਿਆਂ ਦਾ ਮਾਮਾ ਰੇਸ਼ਮ ਈ ਇਨ੍ਹਾਂ ਨੂੰ ਸਕੂਲ ਤੋਰਦਾ ਸੀ।
ਇਸ ਲਈ ਬੱਚਿਆਂ ਨਾਲ ਉਵੇਂ ਹੱਸਣ ਖੇਡਣ ਦਾ ਮੌਕਾ ਈ ਨਈਂ ਮਿਲਿਆ। ਮੈਨੂੰ ਚੇਤੇ ਐ ਜਦੋਂ ਅਸੀਂ ਡੱਬਵਾਲੀ ਹੁੰਦੇ ਸੀ ਤਾਂ ਫੁਰਸਤ ਈ ਫੁਰਸਤ ਸੀ ਮੇਰੇ ਕੋਲ। ਇਕ ਦਿਨ ਪ੍ਰਭਾਤ ਰੇਤੇ ‘ਚ ਬੈਠੀ ਖੇਡ ਰਹੀ ਸੀ। ਮੈਂ ਉਹਨੂੰ ਨੀਝ ਨਾਲ ਬੈਠਾ ਦੇਖ ਰਿਹਾ ਸੀ। ਮੈਨੂੰ ਰੇਤਾ ਬਹੁਤ ਚੰਗਾ ਲਗਦੈ। ਮੈਂ ਵੀ ਨਾਲ ਈ ਬੈਠਾ ਰੇਤੇ ਵਿਚ ਹੱਥ ਮਾਰਨ ਲੱਗ ਪਿਆ। ਏਨਾ ਵਧੀਆ ਲੱਗ ਰਿਹਾ ਸੀ ਕਿ ਮੁੱਠ ਭਰ ਕੇ ਰੇਤਾ ਮੂੰਹ ‘ਚ ਪਾ ਲਿਆ। ਸੋ, ਲੰਡਨ ਆ ਕੇ ਤਾਂ ਨਾ ਕਦੇ ਰੇਤਾ ਦਿਸਿਆ ਤੇ ਨਾ ਹੀ ਉਹ ਦਿਨ ਰਹੇ।
ਪ੍ਰਭਾਤ ਹਰ ਗੱਲ ਕਰ ਲੈਂਦੀ ਸੀ ਘਰ ਆ ਕੇ। ਜਦੋਂ ਓਹਨੇ ਗੋਰੇ ਨਾਲ ਵਿਆਹ ਕਰਾਉਣ ਬਾਰੇ ਦੱਸਿਆ ਤਾਂ ਇਕ ਵਾਰ ਤਾਂ ਝਟਕਾ ਜਿਹਾ ਲੱਗਾ। ਡਰਦਾ ਸੀ ਇਹ ਔਖੀ ਹੋਊ। ਗੋਰੇ ‘ਤੇ ਕੀ ਭਰੋਸਾ ਕੀਤਾ ਜਾ ਸਕਦੈ, ਪਰ ਜਦੋਂ ਉਹ ਮਿਲਿਆ ਤਾਂ ਚੰਗਾ ਲੱਗਾ। ਅੱਜ ਤਕ ਮੈਨੂੰ ਉਸਤੋਂ ਕੋਈ ਸ਼ਿਕਾਇਤ ਨਹੀਂ ਹੋਈ। ਮੇਰੇ ਨਾਲ ਅਪਣੇ ਕੰਮਾਂ ਕਾਰਾਂ ਦੀਆਂ ਗੱਲਾਂ ਸਾਂਝੀਆਂ ਕਰ ਲੈਂਦਾ। ਦੋ ਉਹਦੇ ਬੱਚੇ ਨੇ। ਇਕ ਧੀ ਐ ਨਤਾਸ਼ਾ ਸਮਿਥ ਤੇ ਬੇਟਾ ਅਲੈਕਸ ਵਿਜੇ ਅਲਾਗਜ਼ੈਂਡਰ। ਸਭ ਅਪਣੇ ਅਪਣੇ ਘਰ ਖੁਸ਼ ਨੇ।

? ਪ੍ਰਭਾਤ ਦੱਸਦੀ ਸੀ ਕਿ ਤੁਹਾਨੂੰ ਲਤੀਫ਼ਿਆਂ ਦਾ ਵੀ ਬਹੁਤ ਸ਼ੌਕ ਐ?
ਅਵਤਾਰ : ਆਹੋ, ਬਹੁਤ ਚੰਗੇ ਲਗਦੇ ਐ ਲਤੀਫ਼ੇ ਮੈਨੂੰ। ਜਿੰਨੀ ਮੇਰੀ ਸ਼ਕਲ ਗੰਭੀਰ ਐ, ਓਨੇ ਮੈਂ ਚੁਟਕਲੇ ਲਾਈਕ ਕਰਦਾਂ। ਸ਼ੁਰੂ ਤੋਂ ਈ ਆਦਤ ਐ। ਤੂੰ ਮੇਰੀਆਂ ਡਾਇਰੀਆਂ ਤਾਂ ਦੇਖੀਆਂ ਹੀ ਐ, ਕਿਵੇਂ ਚੁਟਕਲਿਆਂ ਨਾਲ ਭਰੀਆਂ ਪਈਆਂ। ਮੈਨੂੰ ਜਦੋਂ ਕੋਈ ਚੁਟਕਲਾ ਪਸੰਦ ਆਉਂਦੈ, ਆਪਣੀ ਡਾਇਰੀ ‘ਤੇ ਲਿਖ ਲੈਂਦਾ ਹਾਂ। ਹਾਲੇ ਤਕ ਇਹੀ ਆਦਤ ਐ। ਛੋਟੇ ਪੋਤੇ, ਚੇਤ ਨੂੰ ਵੀ ਚੁਟਕਲਿਆਂ ਦਾ ਬੜਾ ਸ਼ੌਕ ਐ। ਉਹ ਵੀ ਸੁਣਾਉਂਦਾ ਰਹਿੰਦਾ ਮੈਨੂੰ। ਜਿਥੋਂ ਕਿਤੇ ਕੋਈ ਚੁਟਕਲਾ ਸੁਣ ਆਵੇ ਜਾਂ ਕਿਤਾਬ ਮਿਲ ਜਾਵੇ, ਚੁੱਕ ਲਿਆਉਂਦਾ ਮੇਰੇ ਲਈ। ਦਾਦਾ-ਪੋਤਾ ਦੋਵੇਂ ਸੁਣਾ ਸੁਣਾ ਲੋਟ-ਪੋਟ ਹੁੰਦੇ ਰਹਿੰਦੇ ਆਂ।

? ਇਕ ਵਾਰ ਤੁਸੀਂ ਅਪਣੀ ਪਤਨੀ ਨਾਲ ਲੜਕੇ ਬੈੱਡ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਕਿਉਂ?
ਅਵਤਾਰ : ਹੋ ਜਾਂਦੈ ਕਈ ਵਾਰੀ ਏਦਾਂ ਵੀ। ਉਂਝ ਮੈਂ ਆਮ ਤੌਰ ‘ਤੇ ਛੇਤੀ ਕੀਤਿਆਂ ਗੁੱਸੇ ਵਿਚ ਨਈਂ ਆਉਂਦਾ। ਹੋਇਆ ਇਉਂ ਕਿ ਆਪਾਂ ਜਦੋਂ ‘ਹੁਣ’ ਵਲੋਂ ‘ਵਿਸ਼ਵ ਦੇ ਮਹਾ ਕਵੀ’, ‘ਸੁਖਨ ਸੁਹੇਲੇ’ ਅਤੇ ‘ਤੇਰੀ ਆਖਾਂ ਜੀਵਾਂ’ ਤਿੰਨ ਕਿਤਾਬਾਂ ਦਾ ਸੈਟ ਛਾਪਿਆ ਤਾਂ ਜਿਲਦ ਵਾਲੀਆਂ ਕੋਈ 600 ਕਿਤਾਬਾਂ ਮੈਂ ਅਪਣੇ ਉਪਰਲੇ ਕਮਰੇ ਵਿਚ ਖਾਲੀ ਪਏ ਬੈੱਡ ‘ਤੇ ਰੱਖ ਬੈਠਾ। ਕਈ ਦਿਨ ਇਹ ਕਿਤਾਬਾਂ ਬੈੱਡ ‘ਤੇ ਪਈਆਂ ਰਹੀਆਂ। ਇਕ ਦਿਨ ਸਵਰਨਜੀਤ ਕਿਸੇ ਗੱਲੋਂ ਦੁੱਖੀ ਸੀ ਤੇ ਗੁੱਸਾ ਉਹ ਕਿਤਾਬਾਂ ‘ਤੇ ਕੱਢਣ ਲੱਗੀ। ਪਹਿਲਾਂ ਤਾਂ ਝਗੜਦੀ ਰਹੀ ਕਿ ਬੈੱਡ ਤੋਂ ਕਿਤਾਬਾਂ ਚੁੱਕੋ, ਮੈਂ ਟਾਲਦਾ ਰਿਹਾ। ਫਿਰ ਅਚਾਨਕ ਹੀ ਉਹਦਾ ਪਾਰਾ ਚੜ੍ਹ ਗਿਆ ਤੇ ਉਹਨੇ ਕਿਤਾਬਾਂ ਬੈੱਡ ਤੋਂ ਚੁੱਕ ਕੇ ਹੇਠਾਂ ਸੁਟੱਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕਿਤਾਬ ਨੂੰ ਇਉਂ ਹੇਠਾਂ ਡਿਗਦਿਆਂ ਨਹੀਂ ਸੀ ਦੇਖ ਸਕਦਾ। ਮੈਂ ਰੋਕਾਂ ਉਹ ਰੁਕੇ ਨਾ। ਫਿਰ ਮੈਨੂੰ ਵੀ ਪਤਾ ਨਹੀਂ ਕਿਥੋਂ ਐਨਾ ਗੁੱਸਾ ਆ ਚੜ੍ਹਿਆ ਕਿ ਮੈਂ ਕਿਤਾਬਾਂ ਬੈੱਡ ਤੋਂ ਲਾਹੀਆਂ ਤੇ ਬੈੱਡ ਚੁੱਕ ਕੇ ਚੁਬਾਰੇ ਤੋਂ ਹੇਠਾਂ ਵਗਾਹ ਮਾਰਿਆ। ਬੈੱਡ ਸਾਰਾ ਟੁੱਟ ਗਿਆ। ਬਾਅਦ ਵਿਚ ਮੈਂ ਅਪਣੇ ਇਸ ਕਮਲਪੁਣੇ ‘ਤੇ ਹਸਦਾ ਰਿਹਾ। ਸ਼ਾਇਦ ਮੇਰੇ ਅੰਦਰ ਕਿਤੇ ਕਿਤਾਬਾਂ ਲਈ ਅਥਾਹ ਮੋਹ ਟਿਕਿਆ ਹੋਇਆ ਹੈ, ਜਿਵੇਂ ਮੈਂ ਆਪਣੇ ਬੱਚਿਆਂ ਨੂੰ ਪਿਆਰ ਕਰਦਾਂ। ਸਵਰਨਜੀਤ ਵੀ ਕਿਤਾਬਾਂ ਪੜ੍ਹਦੀ ਹੈ। ਉਹਨੂੰ ਵੀ ਕਿਤਾਬਾਂ ਚੰਗੀਆਂ ਲਗਦੀਆਂ ਹਨ ਪਰ ਹੋ ਜਾਂਦੈ ਕਈ ਵਾਰ ਏਦਾਂ ਵੀ। ਇਹੀ ਜੀਵਨ ਹੈ।
ਪੰਜਾਬੀ ਦੇ ਝੰਡੇ
? ਚਲੋ ਹੁਣ ਕੁਝ ਹੋਰ ਗੱਲਾਂ ਹੋ ਜਾਣ। ਐਂ ਦਸੋ ਬਈ ਅੱਜ ਦੁਨੀਆ ਭਰ ‘ਚ ਪੰਜਾਬੀ ਦਾ ਬੋਲਬਾਲਾ ਹੈ। ਵਿਦੇਸ਼ਾਂ ਵਿਚ ਕਿੰਨੇ ਹੀ, ਪੰਜਾਬੀ ਰੇਡੀਓ ਤੇ ਅਖ਼ਬਾਰ ਚਲ ਰਹੇ ਹਨ ਜਾਂ ਇਹ ਕਹਿ ਲਓ ਕਿ ਹਰ ਥਾਂ ਪੰਜਾਬੀਆਂ ਦੇ ਝੰਡੇ ਝੂਲ ਰਹੇ ਹਨ ਪਰ ਫੇਰ ਵੀ ਕਿਉਂ ਪੰਜਾਬੀ ਬੋਲੀ ਤੇ ਸਭਿਆਚਾਰ ਨਿਘਾਰ ਵੱਲ ਜਾ ਰਿਹੈ?
ਅਵਤਾਰ : ਤੇਰੀ ਗੱਲ ਠੀਕ ਹੈ ਕਿ ਪੰਜਾਬੀਆਂ ਦਾ ਬੜਾ ਟੌਹ-ਟੱਪਾ ਹੈ ਅੱਜਕਲ੍ਹ, ਹਰ ਪਾਸੇ ਦਬਦਬਾ ਹੈ। ਲੰਡਨ, ਟੋਰਾਂਟੋ, ਮੈਲਬੌਰਨ ਤੇ ਕੈਲੇਫੋਰਨੀਆ ਵਿਚ ਪੰਜਾਬੀਆਂ ਦੀਆਂ ਟੇਪਾਂ ਵਜਦੀਆਂ ਹਨ। ਪੰਜਾਬੀ ਰੇਡੀਓ ਚਲ ਰਹੇ ਹਨ। ਪਰ ਪੰਜਾਬੀ ਬੋਲੀ ਅਤੇ ਸਭਿਆਚਾਰ ਨਿੱਘਰ ਰਹੇ ਹਨ। ਇਹਦਾ ਥੋੜ੍ਹਾ ਜਿਹਾ ਦੋਸ਼ ਪੰਜਾਬੀ ਦੇ ਕਲਮਕਾਰਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਚੰਗਾ ਸਾਹਿਤ ਲਿਖਣ ਦਾ ਮੋਹ ਛੱਡ ਕੇ, ਅਪਣੀਆਂ ਲਿਖਤਾਂ ਦੀ ਪ੍ਰਦਰਸ਼ਨੀ ‘ਤੇ ਜ਼ੋਰ ਲਗਾਇਆ ਹੋਇਆ ਹੈ।
ਅਜੋਕੀਆਂ ਨਕਲ-ਵੋਟ ਸਾਹਿਤ ਸਭਾਵਾਂ, ਇਨਾਮਾਂ ਲਈ ਟੇਢੀਆਂ ਦੌੜਾਂ ਤੇ ਘੁੰਡ ਚੁਕਾਈਆਂ ਨੇ ਅਸਲ ਲੇਖਕ ਨੂੰ ਘੱਟੇ ਰੋਲ ਦਿੱਤਾ ਹੈ। ਛਪੀਆਂ ਖ਼ਬਰਾਂ ਵਿਚ ਆਕੜ-ਆਕੜ ਕੇ ਖਿਚਾਈਆਂ ਤਸਵੀਰਾਂ ਨੂੰ ਦੇਖ ਕੇ ਹਾਂਜ ਆਉਂਦੀ ਹੈ। ਪੰਜਾਬ ਵਿਚ ਅੱਜਕਲ੍ਹ ਅਖੌਤੀ ਡਾਕਟਰਾਂ ਦੀ ਹੇੜ੍ਹ ਲੇਖਕਾਂ ਨੂੰ ਪਸਮਾ ਕੇ ਔਖੇ ਔਖੇ ਲਫ਼ਜ਼ਾਂ ਨਾਲ ਉਨ੍ਹਾਂ ਦੇ ਕਸੀਦੇ ਲਿਖਦੀ ਹੈ। ਅਸੀਂ ਉਨ੍ਹਾਂ ਦੇ ਵਿਰੁੱਧ ਹਾਂ।

? ਇਹ ਅਕਸਰ ਸੁਣਨ ਵਿਚ ਆਉਂਦਾ ਹੈ ਕਿ ਪਾਠਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ? ਤੁਹਾਡਾ ਹੁਣ ਤਕ ਦਾ ਤਜਰਬਾ ਕੀ ਕਹਿੰਦਾ ਹੈ?

ਅਵਤਾਰ : ਸੁਣਿਆ ਤਾਂ ਸੀ ਪਰ ਮੈਨੂੰ ਲਗਦਾ ਹੈ Ḕਹੁਣ’ ਨੇ ਇਹ ਮਿਥ ਤੋੜੀ ਹੈ। Ḕਹੁਣ’ ਦੇ ਪਲੇਠੇ ਅੰਕ ਦੀ ਮੰਗ ਏਨੀ ਵਧੀ ਕਿ ਇੱਕ ਸਮੇਂ ਸਾਨੂੰ ਇਸਦੇ ਦੁਬਾਰਾ ਛਾਪਣ ਲਈ ਵਿਚਾਰਾਂ ਕਰਨੀਆਂ ਪਈਆਂ। ਅਸੀਂ ਪਾਪੂਲਰ ਲਿਖਤਾਂ ਦੀ ਹਮਾਇਤ ਨਹੀਂ ਕਰਦੇ ਅਤੇ ਨਾ ਹੀ ਘਟੀਆ ਮਿਆਰ ਵਾਲੇ ਸਾਹਿਤ ਦੀ ਵਕਾਲਤ ਕਰਦੇ ਹਾਂ ਪਰ ਇਹ ਹਕੀਕਤ ਜ਼ਰੂਰ ਪਛਾਣਦੇ ਹਾਂ ਕਿ ਪੰਜਾਬੀ ਪਾਠਕ ਧੱਕੇ ਨਾਲ ਲਿਖੇ ਤੇ ਠੋਸੇ ਜਾ ਰਹੇ Ḕਕੂੜ ਕਬਾੜੇ’ ਤੋਂ ਅੱਕੇ ਪਏ ਹਨ। Ḕਹੁਣ’ ਅਜਿਹੀ ਫਿਜ਼ਾ ਵਿਚ ਤਾਜ਼ੀ ਹਵਾ ਦੇ ਬੁੱਲ੍ਹੇ ਵਾਂਗ ਆਇਆ। ਸਭ ਜਾਣਦੇ ਹਨ ਕਿ ਪੰਜਾਬੀ ਵਿਚ ਕੁਝ ਕੁ ਲੇਖਕ ਹਨ ਜਿਨ੍ਹਾਂ ਨੂੰ ਅਪਣੀਆਂ ਲਿਖਤਾਂ ਦੀ ਰਾਇਲਟੀ ਮਿਲਦੀ ਹੈ ਤੇ ਕੁਝ ਪਬਲਿਸ਼ਰ ਵੀ ਜਿਨ੍ਹਾਂ ਦੀ ਰੋਜ਼ੀ ਰੋਟੀ ਕਿਤਾਬਾਂ ਦੇ ਆਸਰੇ ਚਲਦੀ ਹੈ। ਪੰਜਾਬੀ ਦੇ ਅਖਬਾਰ ਚਾਰ ਲੱਖ ਦੀ ਗਿਣਤੀ ਤਕ ਵਿਕ ਸਕਦੇ ਹਨ ਤਾਂ ਸਾਫ ਦਿਖਾਈ ਦਿੰਦਾ ਹੈ ਕਿ ਲੋਕ ਪੰਜਾਬੀ ਪੜ੍ਹਦੇ ਹਨ ਭਾਵੇਂ ਸਾਹਿਤ ਅਤੇ ਪੱਤਰਕਾਰੀ ਦਾ ਬਹੁਤ ਫ਼ਰਕ ਹੁੰਦਾ ਹੈ।

? Ḕਹੁਣ’  ਦੇ Ḕਗੱਲਾਂ’ ਕਾਲਮ ਵਿਚ ਕੀਤੀਆਂ ਲੰਮੀਆਂ ਮੁਲਾਕਾਤਾਂ ਦੀ ਪ੍ਰਸ਼ੰਸਾ ਵੀ ਬੜੀ ਹੁੰਦੀ ਹੈ ਪਰ ਕੀ ਲੰਮੀਆਂ ਮੁਲਾਕਾਤਾਂ ਅਕਾਊ ਨਹੀਂ ਲਗਦੀਆਂ?
ਅਵਤਾਰ : Ḕਹੁਣ’ ਦੇ ਨਿਕਲਣ ਪਿੱਛੋਂ ਸਭ ਕੁਝ ਹਰਾ ਹਰਾ ਹੀ ਨਹੀਂ ਸੀ। ਸਾਹਿਤ ਦੇ ਨਾਮ-ਨਿਹਾਦ ਠੇਕੇਦਾਰਾਂ ਤੋਂ ਅਜੀਬ ਅਜੀਬ ਗੱਲਾਂ ਵੀ ਸੁਣਨੀਆਂ ਪਈਆਂ। ਇਨ੍ਹਾਂ ਵਿਚੋਂ ਪ੍ਰਮੁੱਖ ਗੱਲ ਇਹ ਸੀ ਕਿ ਇਕੋ ਲੇਖਕ ਦੀਆਂ ਇਕ ਤੋਂ ਵੱਧ ਲਿਖਤਾਂ ਛਾਪ ਕੇ ਸੰਪਾਦਕਾਂ ਨੇ ਸਿਆਣਪ ਦਾ ਸਬੂਤ ਨਹੀਂ ਦਿੱਤਾ। ਪਹਿਲੋ ਪਹਿਲ ਤਾਂ ਮਹਿਸੂਸ ਕੀਤਾ ਕਿ ਇਸ ਬਾਰੇ ਸੰਪਾਦਕੀ ਨੋਟ ਵਿਚ ਸਪੱਸ਼ਟੀਕਰਨ ਦੇਣਾ ਚਾਹੀਦਾ ਸੀ। ਉਹ ਇਹ ਕਿ ਅਸੀਂ ਲੇਖਕ ਦਾ ਪੂਰਾ ਅੰਕ ਕੱਢ ਕੇ ਪਾਠਕਾਂ ਨੂੰ ਅਕਾਉਣਾ ਨਹੀਂ ਚਾਹੁੰਦੇ ਤੇ ਜਿਸ ਲੇਖਕ ਨਾਲ ਗੱਲਾਂ ਕਰਨ ਦਾ ਮਨ ਬਣਾਉਂਦੇ ਹਾਂ ਉਹਦੀਆਂ ਕੁਝ ਹੋਰ ਚੰਗੀਆਂ ਲਿਖਤਾਂ ਜ਼ਰੂਰ ਸ਼ਾਮਲ ਕਰਦੇ ਹਾਂ। ਇਹ ਚੌਖਟਿਆਂ ਤੇ ਪੁਰਾਣੀਆਂ ਰਵਾਇਤਾਂ ਨੂੰ ਤੋੜਨ ਵਾਲੀ ਨਵੀਂ ਗੱਲ ਸੀ ਜੋ Ḕਹੁਣ’ ਦੀ ਪਾਲਿਸੀ ਹੀ ਹੈ। ਪਰ ਚੌਖਟਿਆਂ ਵਿਚ ਫਿੱਟ ਹੋਏ ਦਿਮਾਗਾਂ ਦਾ ਕੀ ਕਰੀਏ।
ਨਿੱਜਵਾਦ, ਆਲੋਚਨਾ ਤੇ ਇਨਾਮ
? ਦੋਸ਼ ਲੱਗਦਾ ਹੈ ਕਿ ਪੰਜਾਬੀ ਸਾਹਿਤ ਨਿੱਜਵਾਦ ਦੇ ਗੰਭੀਰ ਰੋਗ ਦਾ ਸ਼ਿਕਾਰ ਹੋ ਰਿਹੈ, ਉਹ ਕਿਵੇਂ?
ਅਵਤਾਰ : ਇਹ ਪੰਜਾਬੀ ਸਾਹਿਤ ਦੀ ਬਦਕਿਸਮਤੀ ਸਮਝੋ ਕਿ ਅੱਜ ਜਿਨ੍ਹਾਂ ਨੇ ਸ਼ਬਦਾਂ ਦਾ ਆਸਰਾ ਲੈ ਕੇ ਸੁਰ, ਸੰਗੀਤ ਅਤੇ ਭਰੱਪਣ ਦੇ ਸਫ਼ਰ ‘ਤੇ ਨਿਕਲਣਾ ਸੀ, ਉਹ ਨਿੱਜੀ ਸ਼ੋਰ ਸ਼ਰਾਬੇ ਦੇ ਪੁਜਾਰੀ ਬਣੇ ਬੈਠੇ ਹਨ। ਪੰਜਾਬੀ ਸਾਹਿਤ ਨਿੱਜਵਾਦ ਦੇ ਗੰਭੀਰ ਰੋਗ ਦਾ ਸ਼ਿਕਾਰ ਹੋ ਰਿਹਾ ਹੈ। ਇਸ ਤੋਂ ਅੱਗੇ ਨਜ਼ਰ ਆਉਂਦਾ ਹੈ ਸਾਹਿਤਕ ਡੇਰਾਵਾਦ। ਇਸ ਕਿਸਮ ਦੇ ਸਾਹਿਤਕ ਮਾਫ਼ੀਏ ਨੇ ਸਾਹਿਤ ਦਾ ਕਿੰਨਾ ਗੰਭੀਰ ਨੁਕਸਾਨ ਕਰਨਾ ਹੈ ਉਹ ਕਿਆਸਿਆਂ ਹੀ ਬਣਦਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਲੇਖਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਣਾ ਤਸੱਲੀ ਵਾਲੀ ਗੱਲ ਹੈ ਪਰ ਰਚੇ ਜਾ ਰਹੇ ਸਾਹਿਤ ਦਾ ਮਿਆਰ ਡਿਗ ਰਿਹਾ ਹੈ। ਖਾਸ ਕਰ ਕਵਿਤਾ ਦੇ ਖੇਤਰ ਵਿਚ ਇਹ ਚਿੰਤਾਜਨਕ ਹੈ।

? ਪੰਜਾਬੀ ਆਲੋਚਕਾਂ ਬਾਰੇ ਤੁਹਾਡਾ ਕੀ ਕਹਿਣਾ ਹੈ?
ਅਵਤਾਰ : ਪੰਜਾਬੀ ਆਲੋਚਨਾਂ ਨੂੰ ਕੁਝ ਇਕ ਨਾਮ ਨਿਹਾਦ ਆਲੋਚਕਾਂ ਨੇ ਅਗਵਾ ਕਰਨ ਦੇ ਯਤਨ ਆਰੰਭੇ ਹੋਏ ਹਨ। ਪੰਜਾਬੀ ਆਲੋਚਨਾ ਦੀ ਭਾਸ਼ਾ ਅਤੇ ਸ਼ੈਲੀ ਵਿਚੋਂ ‘ਪੰਜਾਬੀਪੁਣੇ’ ਨੂੰ ਬਾਹਰ ਹੀ ਕਰ ਦੇਣ ਦੀ ਤਿਆਰੀ ਹੈ। ਅਖੌਤੀ ਸਾਹਿਤ ਡਾਕਟਰਾਂ ਵਲੋਂ ਆਲੋਚਨਾ ਵਿਚ ‘ਠੇਕੇਦਾਰੀ ਸਿਸਟਮ’ ਆਰੰਭਿਆ ਜਾ ਚੁੱਕਾ ਹੈ। ਲਿਖਤ ਦੀ ਥਾਂ ‘ਤੇ ਆਪਣੇ ਦਾਇਰੇ ਦੇ ਲੇਖਕ ਨੂੰ ਦੇਖ ਕੇ ਲਿਖੇ ਜਾ ਰਹੇ ਪ੍ਰਸੰਸਾਮਈ ਪਰਚਿਆਂ ਨੇ ਸਿਹਤਮੰਦ ਆਲੋਚਨਾ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ। ਆਲੋਚਨਾ ਦੇ ਇਨ੍ਹਾਂ ਮਾਪਦੰਡਾਂ ਨੇ ਪੰਜਾਬੀ ਸਾਹਿਤ ਜਗਤ ਵਿਚ ਚਾਪਲੂਸਾਂ ਅਤੇ ਪੈਸੇ ਦੇ ਜ਼ੋਰ ‘ਤੇ ਸਥਾਪਤ ਹੋਣ ਦੇ ਯਤਨਾਂ ਵਿਚ ਰੁੱਝੇ ‘ਲੇਖਕਾਂ’ ਦੀ ਇਕ ਵੱਡੀ ਜਮਾਤ ਪੈਦਾ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਸ ਧੰਦੂਕਾਰੇ ਤੋਂ ਮੁਕਤ ਹੋਣ ਦੀ ਲੜਾਈ ਲੜਨ ਵਾਲੇ ਲੇਖਕਾਂ ਦੀ ਗਿਣਤੀ ਭਾਵੇਂ ਥੋੜ੍ਹੀ ਹੈ, ਪਰ ਇਹ ਲੜਾਈ ਇਨ੍ਹਾਂ ਹੀ ਲੜਨੀ ਹੈ।

? ਇਨਾਮਾਂ-ਸਨਮਾਨਾਂ ਬਾਰੇ ਤੁਹਾਡੀ ਕੀ ਰਾਏ ਹੈ?
ਅਵਤਾਰ : ਮੈਂ ਇਨਾਮਾਂ ਸਨਮਾਨਾਂ ਦੇ ਵਿਰੁੱਧ ਤਾਂ ਨਈਂ ਪਰ ਇਨ੍ਹਾਂ ਦੇ ਦੇਣ ਦਿਵਾਉਣ ਦੇ ਤਰੀਕੇ ਮੈਨੂੰ ਉਕਾ ਈ ਪਸੰਦ ਨਈਂ। ਅੱਜਕਲ੍ਹ ਇਨਾਮ ਸਨਮਾਨ ਦਾ ਖੇਤਰ ਵੀ ਬੁਰੀ ਤਰ੍ਹਾਂ ਭ੍ਰਿਸ਼ਟਤੰਤਰ ਦਾ ਹੀ ਹਿੱਸਾ ਹੋ ਗਿਆ ਹੈ। ਇਨਾਮ ਲਈ ਜੁਗਾੜਬੰਦੀਆਂ, ਤਿਕੜਮਬਾਜ਼ੀਆਂ ਸਾਹਿਤ ਦਾ ਹੀ ਨੁਕਸਾਨ ਕਰ ਰਹੀਆਂ ਹਨ। ਉਂਝ ਵੀ ਸਥਾਪਤੀ ਇਨਾਮ ਚੱਕਰ ਵਿਚ ਫਸਾ ਕੇ ਲੇਖਕ ਨੂੰ ਲੇਖਕ ਹੀ ਨਈਂ ਰਹਿਣ ਦਿੰਦੀ। ਕੱਲ੍ਹ ਤਕ ਸਥਾਪਤੀ ਵਿਰੋਧ ਦਾ ਝੰਡਾ ਚੁੱਕ ਰਿਹਾ ਲੇਖਕ ਇਨਾਮ ਲੈਂਦਿਆਂ ਸਾਰ ਹੀ ਸਥਾਪਤੀ ਵਿਰੋਧ ਦੀ ਅਪਣੀ ਮੁੱਖ ਸੁਰ ਤਿਆਗਣੀ ਸ਼ੁਰੂ ਕਰ ਦਿੰਦਾ ਹੈ। ਇਹ ਕਈ ਵਾਰੀ ਅਚੇਤ ਵੀ ਹੁੰਦਾ ਹੈ। ਉਂਝ ਮੈਂ ਸਮਝਦਾ ਹਾਂ ਕਿ ਇਨਾਮ ਸਨਮਾਨ ਕਿਸੇ ਨੂੰ ਲੇਖਕ ਨਹੀਂ ਬਣਾ ਸਕਦੇ। ਲੇਖਕ ਹੈ; ਸਾਹਿਤ ਹੈ ਤਾਂ ਹੀ ਇਨਾਮ ਸਨਮਾਨ ਹਨ। ਇਨਾਮਾਂ ਸਨਮਾਨਾਂ ਕਰ ਕੇ ਲੇਖਕ ਨਹੀਂ ਹੈ।
ਮੈਨੂੰ ਲਗਦਾ ਹੈ ਕਿ ਪੰਜਾਬੀ ਸਾਹਿਤ ਲਈ ਦਿੱਤੇ ਜਾਂਦੇ ਇਨਾਮ ਸਨਮਾਨ ਤਾਂ 10 ਕੁ ਸਾਲਾਂ ਲਈ ਬੰਦ ਹੀ ਹੋ ਜਾਣੇ ਚਾਹੀਦੇ ਹਨ। ਇਹਦੇ ‘ਚ ਹੀ ਪੰਜਾਬੀ ਸਾਹਿਤ ਦਾ ਭਲਾ ਹੈ। ਇਨਾਮਾਂ ਸਨਮਾਨਾਂ ਵਿਚੋਂ ਪੈਸਾ ਖਾਰਜ ਕਰ ਦੇਣਾ ਚਾਹੀਦਾ ਹੈ। ਸਰਕਾਰ ਵੀ ਜਿਹੜੀ ਇਨਾਮੀ ਰਾਸ਼ੀ ਦਿੰਦੀ ਹੈ, ਉਹਦੇ ‘ਚ ਹੋਰ ਪੈਸੇ ਪਾ ਕੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਲਈ ਕੰਮ ਕਰਨ ਵਾਲੇ ਅਦਾਰਿਆਂ ਦੀ ਮਦਦ ਕਰੇ। ਅਪਣਾ ਭਾਸ਼ਾ ਵਿਭਾਗ ਹੀ ਸਾਂਭ ਲਏ ਪੰਜਾਬ ਸਰਕਾਰ; ਇਹੀ ਕਾਫ਼ੀ ਹੈ। ਪੰਜਾਬੀ ਲੇਖਕ ਨੂੰ ਸਰਕਾਰ ਵਲੋਂ ਝਾਕ ਛੱਡ ਕੇ ਅਪਣੇ ਅੰਦਰ ਝਾਕਣਾ ਚਾਹੀਦਾ ਹੈ। ਲੇਖਕ ਨੂੰ ਅੱਜ ਫ਼ੈਸਲਾ ਕਰਨਾ ਹੀ ਪੈਣਾ ਹੈ ਕਿ ਉਹ ਕਿਹਦੇ ਵੱਲ ਹੈ; ਲੋਕਾਂ ਵੱਲ ਜਾਂ ਲੋਕਾਂ ਦਾ ਘਾਣ ਕਰਨ ਵਾਲੀ ਸੱਤਾ ਵੱਲ।
ਵਿਸ਼ਵ ਪੰਜਾਬੀ ਕਾਨਫ਼ਰੰਸ
? ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਡਨ ਵਿਚ ਹੋਈ। ਤੁਸੀਂ ਇਹਦੇ ਕਰਤੇ-ਧਰਤਿਆਂ ਵਿਚ ਸ਼ਾਮਲ ਰਹੇ। ਉਦੋਂ ਤੇ ਹੁਣ ਦੀਆਂ ਕਾਨਫਰੰਸਾਂ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਅਵਤਾਰ : ਲੰਡਨ ਵਿਚ ਹੋਈ ਸਭ ਤੋਂ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ (1980) ਦੌਰਾਨ ਪ੍ਰਬੰਧਕਾਂ ਵਿਚ ਇਹ ਬਹਿਸ ਚੱਲੀ ਸੀ ਕਿ ਕੀ ਅਸੀਂ ਪੰਜਾਬੀ ਕਾਨਫਰੰਸ ਕਰਨੀ ਹੈ ਜਾਂ ਪੰਜਾਬੀ ਲੇਖਕ ਕਾਨਫਰੰਸ? ਫ਼ੈਸਲਾ ‘ਲੇਖਕ ਕਾਨਫਰੰਸ’ ਦੇ ਹੱਕ. ਵਿਚ ਹੋਇਆ ਸੀ। ਪ੍ਰਬੰਧਕ ਲੇਖਕ ਹੀ ਸਨ ਤੇ ਇਸ ਵਿਚ ਸ਼ਾਮਲ ਵੀ ਹਰ ਖ਼ਿਆਲ ਦੇ ਸਿਰਮੌਰ ਲੇਖਕ ਹੋਏ। ਜਿਹੜੇ ਇਸ ਕਾਨਫਰੰਸ ‘ਚ ਆਏ ਸੀ, ਉਹ ਅਜੇ ਵੀ ਕਹਿੰਦੇ ਹਨ ਕਿ ਇਹੋ ਅਸਲੀ ਪੰਜਾਬੀ ਲੇਖਕਾਂ ਦਾ ਵਿਸ਼ਵ ਇਕੱਠ ਸੀ।
ਮੈਨੂੰ ਯਾਦ ਹੈ ਕਾਨਫ਼ੰਰਸ ਦੇ ਆਖ਼ਰੀ ਦਿਨ ਅਗਲੇ ਸਾਲਾਂ ਵਿਚ ਇਹੋ ਜਹੀਆਂ ਕਾਨਫਰੰਸਾਂ ਵਿਉਂਤਣ ਲਈ ਕਮੇਟੀ ਵੀ ਬਣੀ ਸੀ, ਜਿਸ ਵਿਚ ਸਾਰੇ ਦੇਸ਼ਾਂ ਦੇ ਮੈਂਬਰ ਲਏ ਗਏ ਸਨ। ਇਹਦੀ ਵਾਗਡੋਰ ਉਦੋਂ ਜਸਵੰਤ ਸਿੰਘ ਕੰਵਲ ਨੂੰ ਸੌਂਪੀ ਗਈ, ਪਰ ਕੁਝ ਅਣਕਿਆਸੇ ਕਾਰਨਾਂ ਕਰਕੇ ਛੇਤੀ ਹੀ ਇਸ ਕਮੇਟੀ ਦਾ ਕੰਮ ਠੱਪ ਹੋ ਗਿਆ । 1980 ਤੋਂ ਪਿਛੋਂ ਹੁਣ ਤਕ ਕਿੰਨੀਆਂ ਹੀ ਵਿਸ਼ਵ ਪੰਜਾਬੀ ਕਾਨਫਰੰਸਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਲੋੜ ਅਤੇ ਸਾਰਥਿਕਤਾ ‘ਤੇ ਕਿੰਨੇ ਹੀ ਕਿੰਤੂ ਲੱਗ ਚੁੱਕੇ ਹਨ । ਇਨ੍ਹਾਂ ਦੇ ਪ੍ਰਬੰਧਕਾਂ ਨੇ ਅਪਣੇ ਚੰਗੇ- ਮਾੜੇ ਹਿਤ ਸੋਚਦਿਆਂ ਅਪਣਾ ਘੇਰਾ ਲੇਖਕਾਂ ਜਾਂ ਕਲਾਕਾਰਾਂ ਤੋਂ ਵਧਾ ਕੇ ਹਰ ਖੇਤਰ ਦੇ ਪੰਜਾਬੀਆਂ ਤਕ ਚੌੜਾ ਕਰ ਲਿਆ। ਗੱਲ ਮਾੜੀ ਨਹੀਂ ਸੀ, ਪਰ ਹੋਣ ਵਾਲ਼ੀਆਂ ਕਾਨਫਰੰਸਾਂ ਦੀਆਂ ਸ਼ਕਲਾਂ ਹੀ ਬਦਲ ਗਈਆਂ। ਹਰ ਤਰ੍ਹਾਂ ਦੇ ਪੰਛੀ ਉਡਾਰੀਆਂ ਮਾਰਨ ਲੱਗੇ । ਕਈਆਂ ਨੇ ਅਪਣੇ ਸ਼.ੁਗਲ ਮੇਲੇ ਅਤੇ ਸੈਰ-ਸਪਾਟੇ ਦੇ ਚਾਅ ਲਾਹ ਲਏ; ਨਿੱਜੀ ਨੁਮਾਇਸ਼ਾਂ ਕਰ ਲਈਆਂ। ਕਾਨਫਰੰਸਾਂ ਦਾ ਅਸਲ ਮੰਤਵ ਗੁਆਚਣ ਲੱਗਾ।
ਅੱਜ ਕਲ੍ਹ ਹਾਲਤ ਇੱਥੋਂ ਤਕ ਵਿਗੜ ਗਈ ਹੈ ਕਿ ਦੋ-ਚਾਰ ਜਣੇ ਇਧਰੋਂ-ਉਧਰੋਂ ਇਕੱਠੇ ਹੋ ਕੇ ਏਸ ਮਿੰਨੀ ਇਕੱਠ ਨੂੰ ‘ਵਿਸ਼ਵ ਕਾਨਫਰੰਸ’ ਦਾ ਨਾਂ ਦੇ ਲੈਂਦੇ ਹਨ। ਅਪਣੀ ਮਰਜ਼ੀ ਨਾਲ਼ ਪ੍ਰੋਗਰਾਮ ਉਲੀਕਦੇ ਹਨ ਤੇ ਇਕ-ਦੂਜੇ ਦੇ ਗੁਣ ਗਾ ਕੇ ਤੁਰ ਜਾਂਦੇ ਹਨ। ਇਨ੍ਹਾਂ ਦੇ ਉਤਸ਼ਾਹ ‘ਤੇ ਵੀ ਕਿੰਤੂ ਨਹੀਂ ਕੀਤਾ ਜਾ ਸਕਦਾ, ਪਰ ਪੰਜਾਬੀ ਭਾਈਚਾਰੇ ਦੀ ਕੋਈ ਸੇਵਾ ਨਹੀਂ ਹੁੰਦੀ। ਸੁਤੰਤਰ ਸੋਚ ਵਾਲ਼ੇ ਗੰਭੀਰ  ਵਿਅਕਤੀ ਵੀ ਇਨ੍ਹਾਂ ਵਿਚ ਸ਼ਾਮਲ ਹੋਣੋਂ ਕਤਰਾਉਂਦੇ ਹਨ। ਸੰਨ ਅੱਸੀ ਦੇ ਮੁਕਾਬਲੇ ਅੱਜ ਸੰਸਾਰ ਵੀ ਬਹੁਤ ਬਦਲ ਗਿਆ ਹੈ। ਸਰਕਾਰਾਂ ਤੇ ਸੰਸਥਾਵਾਂ ਮਾਇਕ ਸਹਾਇਤਾ ਲਈ ਵੀ ਤਤਪਰ ਹਨ। ਪਰ ਨਿੱਜੀ ਮੁਫ਼ਾਦਾਂ ਤੇ ਅਪਣੇ ਹੀ ਢੰਗ ਨਾਲ਼ ਅਪਣੀ- ਅਪਣੀ ਡੱਫਲੀ ਵਜਾਉਣ ਦੀ ਖ਼ਾਹਿਸ਼ ਕਾਰਨ ਗੱਲ ਵਿਗੜਦੀ ਹੀ ਜਾਂਦੀ ਹੈ।
ਵਿਚਾਰ ਹੈ ਕਿ ਆਪਸੀ ਵਿਚਾਰ-ਵਟਾਂਦਰੇ ਨਾਲ਼ ਪੰਜਾਬੀਆਂ ਦੀ ਇਕ ਤੀਹ ਜਾਂ ਪੰਜਾਹ ਮੈਂਬਰੀ ਵਿਸ਼ਵ ਸੰਸਥਾ ਦਾ ਨਿਰਮਾਣ ਕੀਤਾ ਜਾਵੇ, ਜਿਸ ਵਿਚ ਹਰ ਦੇਸ਼ ਵਿਚੋਂ ਤੇ ਹਰ ਖ਼ਿਆਲ ਦੇ ਸੂਝਵਾਨ ਸ਼ਾਮਲ ਕੀਤੇ ਜਾਣ, ਜੋ ਸਮੇਂ ਅਨੁਸਾਰ ਬਦਲਦੇ ਵੀ ਰਹਿਣ। ਇਹ ਸੰਸਥਾ ਕਾਨਫਰੰਸ ਦੇ ਹੋਣ ਵਾਲੇ ਦੇਸ਼, ਪ੍ਰੋਗਰਾਮ ਅਤੇ ਖੇਤਰ ਦਾ ਅਗਾਊਂ ਫ਼ੈਸਲਾ ਕਰੇ । ਇਸ ਸੰਸਥਾ ਨੂੰ ਫ਼ੰਡਾਂ ਦੀ ਕੋਈ ਘਾਟ ਨਹੀਂ ਹੋਣ ਲੱਗੀ। ਕਾਨਫਰੰਸਾਂ ਵਿਚ ਕੀਤੇ ਫ਼ੈਸਲਿਆਂ ਦੀ ਸਰਕਾਰੇ-ਦਰਬਾਰੇ ਪੁੱਛ-ਪ੍ਰਤੀਤ ਵੀ ਹੋਵੇਗੀ ਤੇ ਸਮੁੱਚਾ ਪੰਜਾਬੀ ਭਾਈਚਾਰਾ ਕਿਸੇ ਸੇਧ ਵਿਚ ਤੁਰ ਸਕੇਗਾ। ਪੰਜਾਬੀਆਂ ਨੇ ਬੜੀਆਂ ਬੜੀਆਂ ਮੱਲਾਂ ਮਾਰੀਆਂ ਹਨ। ਦੇਖੀਏ ਏਸ ਪਾਸੇ ਪਹਿਲੇ ਕਦਮ ਕੌਣ ਚੁੱਕਦਾ ਹੈ?
ਕਿਤਾਬਾਂ ਤੇ ਅਦਾਰੇ
? ਕੀ ਕਾਰਨ ਹੈ ਕਿ ਪੰਜਾਬੀ ਰਸਾਲਿਆਂ, ਕਿਤਾਬਾਂ ਨੂੰ ਸੰਭਾਲਣ ਲਈ ਸਰਕਾਰ ਜਾਂ ਅਦਾਰੇ ਅਵੇਸਲੇ ਹੁੰਦੇ ਜਾ ਰਹੇ ਹਨ?
ਅਵਤਾਰ : ਹਾਂ, ਇਹ ਸੱਚ ਹੈ ਕਿ ਛਪ ਚੁੱਕੀਆਂ ਪੰਜਾਬੀ ਕਿਤਾਬਾਂ ਦੀ ਕੇਂਦਰੀ ਸੂਚੀ ਕੋਈ ਨਹੀਂ ਮਿਲ਼ਦੀ। ਨਾ ਹੀ ਕੋਈ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰਾ ਨੇੜਲੇ ਸਮੇਂ ਵਿਚ ਅਜਿਹੀ ਸੂਚੀ ਤਿਆਰ ਕਰਨ ਬਾਰੇ ਸੋਚ ਰਿਹਾ ਹੈ। ਹਰ ਨਿੱਕਾ-ਵੱਡਾ ਪ੍ਰਕਾਸ਼ਕ ਅਪਣੀ ਨਿੱਕੀ-ਵੱਡੀ ਸੂਚੀ ਛਾਪਦਾ ਹੈ; ਜਿਸ ਵਿਚ ਉਹੀ ਕਿਤਾਬਾਂ ਹੁੰਦੀਆਂ ਹਨ, ਜੋ ਉਸ ਕੋਲ਼ ਵਿਕਰੀ ਲਈ ਪਈਆਂ ਹੁੰਦੀਆਂ ਹਨ।
ਅਪਣੀ ਵਿਰਾਸਤ ਤੇ ਸਭਿਆਚਾਰ ਦੇ ਕਿਸੇ ਅੰਗ ਨੂੰ ਸੰਭਾਲਣ ਵੱਲ ਪੰਜਾਬੀਆਂ ਦੀ ਕਰੁਚੀ ਕੋਈ ਨਵੀਂ ਗੱਲ ਨਹੀਂ; ਪਰ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਦੇ ਮਾਮਲੇ ਵਿਚ ਤਾਂ ਹਾਲਤ ਬਹੁਤ ਹੀ ਮਾੜੀ ਹੈ। ਸਾਡੇ ਹਾਕਮਾਂ ਕੋਲ਼ ਸਦੀਆਂ ਦੀ ਪਰੰਪਰਾ ਹੈ, ਸਾਧਨ ਵੀ ਹਨ; ਪਰ ਕੀ ਅਸੀਂ ਅਪਣੇ ਗਿਆਨ ਭੰਡਾਰ ਨੂੰ ਸਾਂਭਣ ਲਈ ਇਹਦਾ ਦਸਵਾਂ ਹਿੱਸਾ ਯਤਨ ਵੀ ਨਹੀਂ ਕਰ ਸਕਦੇ? ਜਾਪਦਾ ਤਾਂ ਇਉਂ ਹੈ ਕਿ ਅਸੀਂ ਅਜਿਹਾ ਕਰਨ ਤੋਂ ਸਦਾ ਲਈ ਅੱਖਾਂ ਮੀਟ ਲਈਆਂ ਹਨ। ਸਾਡਾ ਨਿਸ਼ਾਨਾ ਜੇ ਕੋਈ ਹੈ, ਤਾਂ ਇਹ ਕਿ ਅਸੀਂ ਅਪਣਾ ਕਿੰਨਾ ਕੁ ਨਿੱਜੀ ਜੁਗਾੜ ਬਣਾ ਸਕਦੇ ਹਾਂ, ਮੂੰਹੋਂ ਮੰਗ ਕੇ ਕਿੰਨੇ ਕੁ ਇਨਾਮ ਲੈ ਦੇ ਸਕਦੇ ਹਾਂ ਤੇ ਕਿੰਨੀ ਕੁ ਫੋਕੀ ਵਾਹ-ਵਾਹ ਖੱਟ ਸਕਦੇ ਹਾਂ।

? ਪੰਜਾਬੀ ਪੁਸਤਕਾਂ ਦੀ ਬੇਕਦਰੀ ਦਾ ਆਲਮ ਕਿਉਂ ਹੈ?
ਅਵਤਾਰ : ਪੰਜਾਬੀ ਕਰੋੜਾਂ ਲੋਕਾਂ ਦੀ ਬੋਲੀ ਹੈ। ਪੂਰੇ ਸਾਲ ਵਿੱਚ ਏਥੇ 3000 ਤੋਂ ਵੱਧ ਕਿਤਾਬ ਛੱਪਦੀ ਹੈ। ਪਰ ਆਮ ਪਾਠਕ ਤਾਂ ਕੀ, ਚੰਗੇ ਭਲੇ ਲੇਖਕ ਵੀ ਕਿਉਂ ਕਿਤਾਬਾਂ ਖਰੀਦਣਾ ਨਹੀਂ ਚਾਹੁੰਦੇ। ਉਨ੍ਹਾਂ ਨੂੰ ਹਰ ਰੋਜ਼ ਆਉਂਦੀ ਡਾਕ ਵਿੱਚੋਂ ਹੀ ਮੁਫ਼ਤ ਕਿਤਾਬਾਂ/ਰਸਾਲਿਆਂ ਦੀ ਉਡੀਕ ਰਹਿੰਦੀ ਹੈ। 90 ਫ਼ੀਸਦੀ ਲੇਖਕਾਂ ਨੂੰ ਵੀ ਅਪਣੀਆਂ ਕਿਤਾਬਾਂ ‘ਤੇ ਆਪ ਹੀ ਭਰੋਸਾ ਨਹੀਂ। ਉਹ ਅਪਣੀ ਕਿਤਾਬ ਨੂੰ ਛਪਵਾ ਕੇ ਰਿਉੜੀਆਂ ਵਾਂਗ ਮੁਫ਼ਤ ਵੰਡਦੇ ਫਿਰਦੇ ਹਨ। ਰਿਲੀਜ਼ ਸਮਾਗਮ ਰਚਾ ਕੇ ਉਚੇਚੇ ਪੇਪਰ ਲਿਖਵਾਉਂਦੇ ਹਨ ਪਰ ਕਿਤਾਬ ਫਿਰ ਵੀ ਪੰਜਾਬੀ ਜਨ ਮਾਨਸ ਦਾ ਹਿੱਸਾ ਨਹੀਂ ਬਣਦੀ। ਮੈਨੂੰ ਲਗਦਾ ਹੈ ਬਹੁਤਾਂਤ ਨੇ ਮਿਆਰ ਡੇਗ ਦਿੱਤਾ ਹੈ।

? ਕੀ ‘ਹੁਣ’ ਕੱਢਣ ਵੇਲੇ ਜਾਂ ਮਗਰੋਂ ਕਿਸੇ ਗੱਲੋਂ ਨਿਰਾਸ਼ਾ ਵੀ ਹੋਈ?
ਅਵਤਾਰ :  ਜਾਪਦਾ ਹੈ ਸਾਨੂੰ ਅਜੇ ਵੀ ਸੱਚ ਸੁਣਨ, ਸੱਚ ਨੂੰ ਪਛਾਨਣ ਤੇ ਸਵੈ-ਪੜਚੋਲ ਕਰਨ ਦੀ ਆਦਤ ਨਹੀਂ ਪਈ। ਕੁਝ ਕੁ ਨੂੰ ਸਾਡੀ ਜੇਬ ਅਤੇ ‘ਹੁਣ’ ਦੀ ਉਮਰ ਦਾ ਫ਼ਿਕਰ ਪਿਆ। ‘ਏਨਾ ਮਹਿੰਗਾ ਪਰਚਾ ਕਿਵੇਂ ਤੇ ਕਿੰਨਾ ਚਿਰ ਚੱਲੇਗਾ?’ ਕੁਝ ਅੰਕਾਂ ਪਿੱਛੋਂ ਅਵਤਾਰ ਤੇ ਸੁਸ਼ੀਲ ਦਾ ਚਾਅ ਲਹਿ ਜਾਏਗਾ। ਪਰ ‘ਹੁਣ’ ਕਿਸੇ ਚੌਖਟੇ ‘ਚ ਬੱਝਣ ਲਈ ਨਹੀਂ ਨਿਕਲਿਆ। ਇਹਦੀ ਇਕੋ ਇਕ ਯਾਰੀ ਹੈ ਸੱਚ ਨਾਲ। ਸੁੱਚੀਆਂ ਕਲਮਾਂ ਨੂੰ ਪਿਆਰ ਕਰਨ ਲਈ ਜੰਮਿਆ ਹੈ ‘ਹੁਣ’। ਇਹਨੂੰ ਮਾਣ ਹੋਵੇਗਾ ਤਾਂ ਆਪਣੇ ਸੁਚੱਜੇ ਪਾਠਕਾਂ ‘ਤੇ।
‘ਹੁਣ’ ਦਾ ਵਿਸ਼ਵਾਸ ਹੈ ਕਿ ਚੰਗੇ ਲੇਖਕ ਨੇ ਅਪਣੀ ਜ਼ਮੀਰ ਦੀ ਆਵਾਜ਼ ਸੁਣਨੀ ਹੁੰਦੀ ਹੈ। ਨਾ ਹੀ ਉਹ ਕਿਸੇ ਭੀੜ ਦਾ ਹਿੱਸਾ ਹੈ ਤੇ ਨਾ ਹੀ ਕਿਸੇ ਰਵਾਇਤ ਦੇ ਸੰਗਲੀਂ ਬੱਝਿਆ ਹੋਇਆ। ਜ਼ਮੀਰ ਦੀ ਟਾਹਣੀ ‘ਤੇ ਹੀ ਤਾਂ ਅਨੋਖੇ ਰੰਗਾਂ ਦੇ ਫੁੱਲ ਖਿੜਨੇ ਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਤੁਰੇ ਲੇਖਕ ਸਥਾਪਤੀ ਦੀ ਹਰ ਜਕੜ ਨੂੰ ਚੈਲੰਜ ਕਰਨ। ਅੱਗੇ ਹੀ ਬਹੁਤ ਕੁਵੇਲ਼ਾ ਹੋ ਚੁੱਕਾ ਹੈ। ਆਓ ਅਪਣਾ ਰੁਖ਼ ਨਵੇਂ ਦਿਸਹੱਦਿਆਂ ਵੱਲ ਕਰੀਏ।

Leave a Reply

Your email address will not be published. Required fields are marked *