ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕਰਨਗੀਆਂ ਕੂਚ, ਜਿੱਥੇ ਰੋਕਿਆ, ਉਥੇ ਹੀ ਚੱਕਾ ਜਾਮ

ਚੰਡੀਗੜ੍ਹ: ਦੇਸ਼ ਭਰ ਦੀਆਂ 500 ਕਿਸਾਨ ਜਥੰਬਦੀਆਂ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਵੱਡਾ ਐਲਾਨ ਕੀਤੀ ਹੈ। ਕਿਸਾਨਾਂ ਨੇ 26 ਤੇ 27 ਨਵੰਬਰ ਨੂੰ ਹਰ ਹੀਲੇ ਦਿੱਲੀ ਜਾਣ ਦਾ ਅਹਿਦ ਲਿਆ ਹੈ। ਕਿਸਾਨਾਂ ਨੇ ਇੱਕ ਵਾਰ ਫੇਰ ਤੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਕਿਹਾ ਹੈ। ਇਸ ਦੇ ਨਾਲ ਹੀ ਡੱਟ ਕੇ ਮੁਕਾਬਲਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਯੋਗੇਂਦਰ ਯਾਦਵ ਨੇ ਕਿਹਾ ਕਿ ਸਾਡੇ ਅੰਦੋਲਨ ਨੂੰ ਜਨਤਾ ਵੀ ਸਹਿਯੋਗ ਕਰ ਰਹੀ ਤੇ ਅਡਾਨੀ ਤੇ ਅਬਾਨੀ ਗਰੁੱਪਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 26 ਤੇ 27 ਨਵੰਬਰ ਨੂੰ ਦਿੱਲੀ ਜ਼ਰੂਰ ਜਾਣਗੇ।
ਇਸ ਦੇ ਨਾਲ ਹੀ ਯੋਗੇਂਦਰ ਯਾਦਵ ਨੇ ਕਿਹਾ ਕਿ ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਜਾਏਗਾ, ਉਹ ਉੱਥੇ ਹੀ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਬੈਠ ਜਾਣਗੇ। ਦੱਸ ਦਈਏ ਕਿ ਵੀਰਵਾਰ ਨੂੰ ਚੰਡੀਗੜ੍ਹ ‘ਚ ਹੋਈ ਇਸ ਮੀਟਿੰਗ ‘ਚ ਐਲਾਨ ਕੀਤਾ ਗਿਆ ਕਿ ਅਗਲਾ ਮੋਰਚਾ ਸੰਯੁਕਤ ਕਿਸਾਨ ਮੋਰਚਾ ਬੈਨਰ ਹੇਠ ਲਾਇਆ ਜਾਵੇਗਾ।
ਉਧਰ, ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ 26 ਨਵੰਬਰ ਨੂੰ ਸਾਡਾ ਮੋਰਚਾ ਸ਼ੁਰੂ ਹੋਵੇਗਾ, ਖ਼ਤਮ ਹੋਣ ਦੀ ਤਰੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਲਈ ਅਸੀਂ 5 ਰਸਤਿਓਂ ਐਂਟਰ ਕਰਾਂਗੇ। ਜੇਕਰ ਸਾਨੂੰ ਰੋਕਿਆ ਤਾਂ ਅਸੀਂ ਪੰਜੇ ਰਸਤੇ ਬਲੌਕ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਕਹਿ ਦਿੱਤਾ ਹੈ ਕਿ ਰੋਕੇ ਜਾਣ ਤੋਂ ਬਾਅਦ ਪੰਜੇ ਰਸਤੇ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾਣਗੇ।
ਦੱਸ ਦਈਏ ਕਿ ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਹਨ। ਇਸ ਦੌਰਾਨ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਇੱਕ ਬੈਠਕ ਵੀ ਹੋਈ, ਜਿਸ ‘ਚ ਆਪਸੀ ਸਹਿਮਤੀ ਨਾ ਬਣਨ ਕਰਕੇ ਇਹ ਮੀਟਿੰਗ ਬੇਨਤੀਜਾ ਰਹੀ। ਕੇਂਦਰੀ ਮੰਤਰੀਆਂ ਨਾਲ ਬੇਸਿੱਟਾ ਰਹੀ ਮੀਟਿੰਗ ਮਗਰੋਂ ਦੇਸ਼ ਦੇ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ‘ਚ ਉੱਚ ਪਧਰੀ ਮੀਟਿੰਗ ਕੀਤੀ ਗਈ ਜਿਸ ‘ਚ ਸਭ ਨੇ ਦਿੱਲੀ ਜਾਣ ਲਈ ਰਣਨੀਤੀ ਬਣਾਈ ਹੈ।