fbpx Nawidunia - Kul Sansar Ek Parivar

ਆਰਥਕ ਸੰਕਟ ਨਾਲ ਜੂਝ ਰਹੀ ਪੰਜਾਬੀ ‘ਵਰਸਿਟੀ ਪਟਿਆਲਾ, ਵੀ.ਸੀ. ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਵਿਚ ਚੱਲ ਰਹੇ ਗੰਭੀਰ ਆਰਥਕ ਸੰਕਟ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ। ਡਾ. ਘੁੰਮਣ ਨੇ ਇਹ ਅਸਤੀਫ਼ਾ ਪੰਜਾਬ ਦੇ ਰਾਜਪਾਲ ਤੇ ਚਾਂਸਲਰ ਪੰਜਾਬੀ ਯੂਨੀਵਰਸਿਟੀ, ਸਕੱਤਰ ਉੱਚ ਸਿੱਖਿਆ ਪੰਜਾਬ ਸਮੇਤ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ।
ਇਥੇ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ‘ਤੇ ਕਰੋੜਾਂ ਦਾ ਬੈਂਕ ਕਰਜ਼ਾ ਹੈ। ਉਪਰੋਂ ਕਰੋਨਾ ਨੇ ਵੀ ਆਰਥਕ ਮਾਰ ਮਾਰੀ ਹੈ। ਜਿਸ ਕਾਰਨ ਯੂਨੀਵਰਸਿਟੀ ਲਈ ਆਪਣੇ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਹਰ ਮਹੀਨੇ ਤਨਖ਼ਾਹ ਤੇ ਪੈਨਸ਼ਨ ਦੇਣਾ ਮੁਸ਼ਕਲ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਯੂਨੀਵਰਸਿਟੀ ਅਧਿਆਪਕ ਤੇ ਕਰਮਚਾਰੀ ਤਨਖ਼ਾਹ ਤੇ ਪੈਨਸ਼ਨ ਸਮੇਂ ‘ਤੇ ਦੇਣ ਦੀ ਮੰਗ ਨੂੰ ਲੈ ਕੇ ਪੱਕੇ ਧਰਨੇ ‘ਤੇ ਬੈਠੇ ਹਨ।
ਇਨ੍ਹਾਂ ਗੰਭੀਰ ਸਥਿਤੀਆਂ ਨੂੰ ਦੇਖਦੇ ਹੋਏ ਵੀ.ਸੀ. ਨੇ ਵਿਸ਼ੇਸ਼ ਆਰਥਕ ਪੈਕੇਜ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ ਸਮੇਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਵੀ ਯੂਨੀਵਰਸਿਟੀ ਦੇ ਗੰਭੀਰ ਆਰਥਕ ਹਾਲਾਤ ਨੂੰ ਲਿਆਂਦਾ ਗਿਆ ਸੀ। ਬਾਵਜੂਦ ਇਸ ਦੇ ਯੂਨੀਵਰਸਿਟੀ ਨੂੰ ਟਾਲ ਮਟੋਲ ਦੇ ਕੁਝ ਨਹੀਂ ਮਿਲਿਆ। ਇਨ੍ਹਾਂ ਸਭ ਦੇ ਚਲਦਿਆਂ ਬੁੱਧਵਾਰ ਨੂੰ ਮਜਬੂਰਨ ਵੀ.ਸੀ. ਨੂੰ ਅਸਤੀਫ਼ਾ ਦੇਣ ਦਾ ਫ਼ੈਸਲਾ ਕਰਨਾ ਪਿਆ।
ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਡਾ. ਰਾਜਦੀਪ ਸਿੰਘ ਨੇ ਦੱਸਿਆ ਕਿ ਵੀ.ਸੀ. ਯੂਨੀਵਰਸਿਟੀ ਵਿਚ ਚੱਲ ਰਹੇ ਗੰਭੀਰ ਆਰਥਕ ਸੰਕਟ ਨੂੰ ਦੂਰ ਕਰਨ ਵਿਚ ਅਸਫਲ ਰਹੇ। ਹਾਲਾਂਕਿ ਉਨ੍ਹਾਂ ਨੇ ਸਰਕਾਰ ਨਾਲ ਇਸ ਸਬੰਧ ਵਿਚ ਕਈ ਮੀਟਿੰਗਾਂ ਕੀਤੀਆਂ ਪਰ ਯੂਨੀਵਰਸਿਟੀ ਲਈ ਵਿਸ਼ੇਸ਼ ਆਰਥਕ ਪੈਕੇਜ ਹਾਸਲ ਨਹੀਂ ਕਰ ਸਕੇ।
ਉਪਰੋਂ ਕਰਮਚਾਰੀਆਂ, ਅਧਿਆਪਕਾਂ ਤੇ ਪੈਨਸ਼ਨਰਾਂ ਦੇ ਪਿਛਲੇ ਕਾਫ਼ੀ ਸਮੇਂ ਤੋਂ ਯੂਨੀਵਰਸਿਟੀ ਵਿਚ ਚੱਲ ਰਹੇ ਧਰਨੇ ਦਾ ਵੀ ਉਨ੍ਹਾਂ ‘ਤੇ ਦਬਾਅ ਸੀ। ਇਸ ਲਈ ਮਜਬੂਰ ਹੋ ਕੇ ਵੀ.ਸੀ. ਨੂੰ ਅਸਤੀਫ਼ਾ ਦੇਣਾ ਪਿਆ। ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਹੀ ਇਹ ਪੱਕਾ ਧਰਨਾ ਚੱਲ ਰਿਹਾ ਹੈ।

Share this post

Leave a Reply

Your email address will not be published. Required fields are marked *