ਸੱਚੀ ਦਾਸਤਾਨ/ ਸ਼ਾਮ ਸਿੰਘ ਦੀ ਵਾਪਸੀ – ਗੁਰਚਰਨ ਸੱਗੂ


ਇਨਸਾਨ ਦੀ ਜ਼ਿੰਦਗੀ ਕੀ ਹੈ? ਇਹ ਕੈਸੀ ਬੁਝਾਰਤ ਹੈ ਜੋ ਬੁੱਝੀ ਨਹੀਂ ਜਾ ਸਕਦੀ। ਜ਼ਿੰਦਗੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਖ਼ਤਮ ਹੋ ਜਾਂਦੀ ਹੈ। ਇਸ ਸਫ਼ਰ ਵਿਚ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ, ਅਨੇਕਾਂ ਮੋੜ ਆਉਂਦੇ ਹਨ। ਕਈ ਰਾਹ ਖ਼ਤਮ ਹੋ ਜਾਂਦੇ ਹਨ ਤੇ ਕਈ ਨਵੇਂ ਰਸਤੇ ਬਣਦੇ ਰਹਿੰਦੇ ਹਨ।
ਕੀ ਇਨ੍ਹਾਂ ਘਟਨਾਵਾਂ ਦਾ ਵਾਪਰਨਾ ਸੁਭਾਵਕ ਹੁੰਦਾ ਹੈ ਜਾਂ ਕਿਸੇ ਅਦੁੱਤੀ ਕੁਦਰਤੀ ਨਿਯਮ ਅਨੁਸਾਰ ਹੁੰਦਾ ਰਹਿੰਦਾ ਹੈ। ਕੀ ਇਹ ਸਭ ਕੁਝ ਸਿਰਫ਼ ਸੰਯੋਗ ਹੁੰਦਾ ਹੈ ਜਾਂ ਫਿਰ ਕਿਸਮਤ ਨਾਂ ਦੀ ਕੋਈ ਚੀਜ਼ ਹੈ। ਮੇਰੀ ਜ਼ਿੰਦਗੀ ਨਾਲ ਵਾਪਰੀ ਇਹ ਘਟਨਾ ਕਿਸ ਨਾਲ ਸਬੰਧ ਰੱਖਦੀ ਹੈ….. ਫ਼ੈਸਲਾ ਤੁਹਾਡਾ ਅਪਣਾ ਹੈ।


ਇਨਕਲਾਬ!
ਜ਼ਿੰਦਾਬਾਦ

ਇਨਕਲਾਬ!!
ਜ਼ਿੰਦਾਬਾਦ
ਦੇਸ਼ ਦੀ ਆਜ਼ਾਦੀ ਲਈ ਮਰ ਮਿਟਾਂਗੇ
ਫਰੰਗੀਆਂ ਨੂੰ ਦੇਸ਼ ਨਿਕਾਲਾ
ਸਾਮਰਾਜ ਨੂੰ ਦੇਸ਼ ਨਿਕਾਲਾ
ਰਾਮ ਰਾਜ ਲਿਆਵਾਂਗੇ
ਗੁਰੂਆਂ ਦਾ ਰਾਜ ਲਿਆਵਾਂਗੇ।
ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਦਾ ਜੋਸ਼ ਉਸ ਵਕਤ ਹਰ ਨੌਜਵਾਨ ਦੇ ਦਿਲ ਦਿਮਾਗ ਵਿਚ ਭਰਿਆ ਹੋਇਆ ਸੀ। ਸੰਨ 1930-31 ਦਾ ਸਮਾਂ। ਲਾਲਾ ਲਾਜਪਤ ਰਾਏ ਦੀ ਗ੍ਰਿਫ਼ਤਾਰੀ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ। ਗਾਂਧੀ, ਨਹਿਰੂ, ਪਟੇਲ, ਮੌਲਾਨਾ ਆਜ਼ਾਦ ਤੇ ਜਿਨਾਹ ਦੀਆਂ ਖ਼ਬਰਾਂ ਨਾਲ ਪੂਰਾ ਹਿੰਦੁਸਤਾਨ ਦਿਨ ਰਾਤ ਜਾਗ ਰਿਹਾ ਹੁੰਦਾ। ਇਹ ਸੀ ਓਨ੍ਹੀਂ ਦਿਨੀਂ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਠਾਠਾਂ ਮਾਰ ਰਿਹਾ ਜੋਸ਼ ਤੇ ਜਜ਼ਬਾ। ਦੇਸ਼ ਲਈ ਕੁਰਬਾਨੀਆਂ ਦਾ ਜਜ਼ਬਾ, ਆਜ਼ਾਦੀ ਲਈ ਮਰ ਮਿਟਣ ਦਾ ਜਜ਼ਬਾ।
ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਦੀ ਤਹਿਸੀਲ ਜੜ੍ਹਾਂ ਵਾਲਾ ਦਾ ਇਕ ਘੁੱਗ ਵਸਦਾ ਪਿੰਡ ਚੱਕਰ ਨੰਬਰ ਅੱਠਵੰਜਾ। ਪਿੰਡ ਦੇ ਜ਼ਿੰਮੀਦਾਰ, ਪਿੰਡ ਦੇ ਕੰਮੀ, ਲੁਹਾਰ, ਤਰਖਾਣ, ਨਾਈ, ਝੀਰ ਤੇ ਛੀਂਬੇ ਆਪੋ-ਅਪਣੇ ਕੰਮਾਂ ਵਿਚ ਲਗ ਜਾਂਦੇ ਤੇ ਰਾਤ ਪਿੰਡ ਦੇ ਜਗੇ ਦੀਵਿਆਂ ਦੀ ਲੋਅ ਤਕ ਸਾਰਿਆਂ ਨੂੰ ਅਪਣੇ ਤੇ ਅਪਣੇ ਬੱਚਿਆਂ ਦੇ ਢਿੱਡ ਭਰਨ ਦਾ ਫ਼ਿਕਰ ਹੁੰਦਾ। ਨਾ ਰੇਡੀਓ ਤੇ ਨਾ ਟੈਲੀਵਿਜ਼ਨ। ਖ਼ਬਰਾਂ ਦਾ ਉਦੋਂ ਇਕੋ-ਇਕ ਸਾਧਨ ਹੁੰਦਾ ਸੀ ਤੇ ਉਹ ਸੀ ਲਾਹੌਰ ਤੋਂ ਛਪਦੀਆਂ ਉਰਦੂ ਦੀਆਂ ਅਖ਼ਬਾਰਾਂ। ਮਿਲਾਪ ਤੇ ਪਰਤਾਪ ਜਿਹੜੀਆਂ ਕਈ ਵਾਰੀ ਪਿੰਡ ਵਿਚ ਦੂਸਰੇ ਦਿਨ ਹੀ ਪਹੁੰਚਦੀਆਂ ਸਨ।
ਦਰਜ਼ੀ ਪਰਿਵਾਰ ਨਾਲ ਸਬੰਧਤ ਮੇਰਾ ਬਾਪ ਸ਼ਾਮ ਸਿੰਘ ਦਿਨ ਭਰ ਕਪੜੇ ਸਿਊਂਦਾ ਤੇ ਨਾਲ ਹੀ ਲੂਣ-ਤੇਲ ਦੀ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ। ਸ਼ਾਮ ਨੂੰ ਪਿੰਡ ਦੇ ਜਵਾਨ, ਬੁੱਢੇ ਉਸ ਦੀ ਦੁਕਾਨ ‘ਤੇ ਆ ਜੁੜਦੇ ਤੇ ਉਹ ਲਾਹੌਰ ਤੋਂ ਆਈਆਂ ਇਨ੍ਹਾਂ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹਕੇ ਸੁਣਾਉਂਦਾ। ਸਭ ਦੇ ਦਿਮਾਗ ਜੋਸ਼ ਨਾਲ ਭਰ ਦਿੰਦਾ। ਖ਼ਬਰਾਂ ਸੁਣਾਉਂਦਾ-ਸੁਣਾਉਂਦਾ ਉਹ ਆਪ ਹੀ ਲਾਲਾ ਲਾਜਪਤ ਰਾਏ ਤੇ ਭਗਤ ਸਿੰਘ ਬਣ ਜਾਂਦਾ, ਉਹ ਜੋਸ਼ ਨਾਲ ਇਨ੍ਹਾਂ ਸਪੀਚਾਂ ਨੂੰ ਲਾਲ ਰੰਗਾਂ ਨਾਲ ਰੰਗ ਦਿੰਦਾ।
… ਤੇ ਇਸ ਤਰ੍ਹਾਂ ਸ਼ਾਮ ਸਿੰਘ ਇਕ ਦਿਨ ਸ਼ਾਮ ਸਿੰਘ ਤੋਂ ਸ਼ਾਮ ਸਿੰਘ ‘ਸ਼ਾਮ’ ਬਣ ਗਿਆ। ਉਹ ਦੇਸ਼ ਦੀ ਆਜ਼ਾਦੀ ਲਈ ਕਵਿਤਾਵਾਂ ਲਿਖਣ ਲੱਗ ਪਿਆ, ਸਟੇਜੀ ਕਵੀ। ਪਿੰਡ ਦਾ ਇਹ ਕਾਮਾ, ਦੇਸ਼ ਦੀ ਆਜ਼ਾਦੀ ਲਈ ਵਖਰੇ-ਵਖਰੇ ਪਿੰਡਾਂ ਵਿਚ ਹੋ ਰਹੀਆਂ ਕਾਨਫ਼ਰੰਸਾਂ ਵਿਚ ਗੀਤ ਗਾਉਂਦਾ। ਗੀਤ ਪਿਆਰ ਦੇ, ਭਾਈਚਾਰੇ, ਮੁਹੱਬਤਾਂ ਦੇ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਦੇ।
ਇਸ ‘ਬਾਰ’ ਇਲਾਕੇ ਦਾ ਇਕ ਬੜਾ ਹੀ ਮਸ਼ਹੂਰ ਡਾਕਟਰ ਸੀ ਓਨ੍ਹੀਂ ਦਿਨੀਂ, ਡਾਕਟਰ ਹਰਨਾਮ ਸਿੰਘ। ਉਸ ਇਲਾਕੇ ਦੇ ਨੌਜਵਾਨਾਂ ਦਾ ਇਕ ਗਰੁੱਪ ਬਣਾਇਆ ਹੋਇਆ ਸੀ, ਜਿਹੜਾ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਨੂੰ ਆਜ਼ਾਦੀ ਲਈ ਜਾਗ੍ਰਿਤ ਕਰਦਾ ਸੀ। ਸ਼ਾਮ ਸਿੰਘ ‘ਸ਼ਾਮ’ ਵੀ ਇਸ ਗਰੁੱਪ ਦਾ ਮੈਂਬਰ ਬਣ ਗਿਆ। ਬਸ ਫਿਰ ਕੀ ਸੀ, ਇਨ੍ਹਾਂ ਸਭਨਾਂ ਦਾ ਜੋਸ਼ ਠਾਠਾਂ ਮਾਰਨ ਲੱਗਾ। ਪੁਲੀਸ ਉਨ੍ਹਾਂ ਨੂੰ ਫੜ ਕੇ ਦੋ ਤਿੰਨ ਰਾਤਾਂ ਲਈ ਬੰਦ ਕਰ ਦਿੰਦੀ ਪਰ ਇਨ੍ਹਾਂ ਹਵਾਲਾਤਾਂ ਨਾਲ ਉਨ੍ਹਾਂ ਦੇ ਹੌਸਲੇ ਸਗੋਂ ਹੋਰ ਵਧਣ ਲੱਗੇ ਤੇ ਇਕ ਦਿਨ ਇਸ ਸੰਗਰਾਮੀਏ ਗਰੁੱਪ ਨੇ ਉਹ ਕੰਮ ਕਰ ਵਿਖਾਇਆ ਜਿਸ ਨਾਲ ਇਲਾਕੇ ਦਾ ਪ੍ਰਸ਼ਾਸਨ ਕੰਬ ਉਠਿਆ।
ਲਾਇਲਪੁਰ ਸ਼ਹਿਰ ਦੀ ਮੈਜਿਸਟਰੇਟ ਅਦਾਲਤ ਲੱਗੀ ਹੋਈ ਸੀ। ਚਾਨਣ ਰਾਮ ਮੈਜਿਸਟ੍ਰੇਟ ਇਸ ਅਦਾਲਤ ਦੀ ਕਾਰਵਾਈ ਸੰਭਾਲ ਰਿਹਾ ਸੀ। ਅੱਜ ਕਈ ਆਜ਼ਾਦੀ ਪਰਵਾਨਿਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਸਨ ਤੇ ਅਦਾਲਤ ਖਚਾਖਚ ਭਰੀ ਹੋਈ ਸੀ। ਕਿਸੇ ਨੂੰ ਹੱਥਕੜੀਆਂ ਲਾ ਕੇ ਅੰਦਰ ਲਿਆਇਆ ਜਾ ਰਿਹਾ ਸੀ ਕਿਸੇ ਨੂੰ ਸਜ਼ਾ ਤੋਂ ਬਾਅਦ ਹਵਾਲਾਤ ਵੱਲ ਧੱਕਿਆ ਜਾ ਰਿਹਾ ਸੀ। ਤਕਰੀਬਨ ਇਕ ਵਜੇ ਦੁਪਹਿਰੇ ਚਾਨਣ ਰਾਮ ਮੈਜਿਸਟ੍ਰੇਟ ਦੀ ਇਹ ਅਦਾਲਤ ਲੰਚ ਬਰੇਕ ਲਈ ਬਰਖ਼ਾਸਤ ਹੋ ਗਈ ਤੇ ਅਦਾਲਤੀ ਕਮਰਾ ਖ਼ਾਲੀ ਹੋ ਗਿਆ।
ਡਾਕਟਰ ਹਰਨਾਮ ਸਿੰਘ ਤੇ ਸ਼ਾਮ ਸਿੰਘ ਦਾ ਦਸ ਬੰਦਿਆਂ ਦਾ ਗਰੁੱਪ ਇਸ ਮੌਕੇ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਇਹ ਅਦਾਲਤੀ ਕਮਰਾ ਖ਼ਾਲੀ ਹੋਇਆ, ਸਾਰੇ ਗਰੁੱਪ ਨੇ ਇਸ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਚਾਨਣ ਰਾਮ ਮੈਜਿਸਟ੍ਰੇਟ ਦੀ ਜਗ੍ਹਾ ਡਾਕਟਰ ਹਰਨਾਮ ਸਿੰਘ ਉਸ ਦੀ ਕੁਰਸੀ ‘ਤੇ ਮੈਜਿਸਟ੍ਰੇਟ ਬਣ ਬੈਠਾ ਤੇ ਸ਼ਾਮ ਸਿੰਘ ਡੀਫ਼ੈਂਸ ਦਾ ਵਕੀਲ। ਗਰੁੱਪ ਦੇ ਦੂਸਰੇ ਮੈਂਬਰਾਂ ਨੇ ਵੀ ਆਪੋ ਅਪਣੀਆਂ ਡਿਊਟੀਆਂ ਸੰਭਾਲ ਲਈਆਂ ਤੇ ਕਾਗ਼ਜ਼ੀ ਕਾਰਵਾਈ ਕਰਦਿਆਂ ਅੱਜ ਜਿੰਨੇ ਵੀ ਆਜ਼ਾਦੀ ਲਈ ਲੜਦੇ ਨੌਜਵਾਨਾਂ ਨੂੰ ਮੈਜਿਸਟ੍ਰੇਟ ਵਲੋਂ ਸਜ਼ਾਵਾਂ ਦਿੱਤੀਆਂ ਗਈਆਂ ਸਨ, ਸਭ ਨੂੰ ਬਰੀ ਕਰ ਦਿੱਤਾ ਗਿਆ।
ਇਹ ਅਚਾਨਕ ਹੋਇਆ ਹਮਲਾ ਵੇਖ ਕੇ ਅਦਾਲਤ ਦੇ ਬਾਹਰ ਪ੍ਰਸ਼ਾਸਨ ਤੇ ਦੂਜਾ ਅਮਲਾ ਦੰਗ ਰਹਿ ਗਿਆ ਪਰ ਅੰਦਰ ਜਾਣ ਤੋਂ ਸਭ ਡਰ ਰਹੇ ਸਨ ਕਿਉਂਕਿ ਮੈਜਿਸਟ੍ਰੇਟ ਸਾਹਮਣੇ ਪਏ ਟੇਬਲ ‘ਤੇ ਰਖੇ ਬੰਬਾਂ ਵਿਚੋਂ ਸਭ ਨੂੰ ਅਪਣੀ ਮੌਤ ਵਿਖਾਈ ਦੇ ਰਹੀ ਸੀ। ਅਚਾਨਕ ਸ਼ਾਮ ਸਿੰਘ ਦੀਆਂ ਬਾਹਵਾਂ ਉਚੀਆਂ ਹੋਈਆਂ ਤੇ ਉਸ ਬਾਹਰ ਖੜੇ ਪ੍ਰਸ਼ਾਸਕਾਂ ਨੂੰ ਕਹਿਣਾ ਸ਼ੁਰੂ ਕੀਤਾ, ”ਸਾਡੀ ਇਸ ਅਦਾਲਤ ਦਾ ਮਕਸਦ ਅੱਜ ਕਿਸੇ ਨੂੰ ਕੋਈ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਹੈ ਸਗੋਂ ਸਾਮਰਾਜ ਦੇ ਖਿਲਾਫ਼ ਆਵਾਜ਼ ਬੁਲੰਦ ਕਰਨਾ ਹੈ ਕਿ ਹੁਣ ਕੋਈ ਵੀ ਤਾਕਤ ਹਿੰਦੁਸਤਾਨ ਦੀ ਆਜ਼ਾਦੀ ਨੂੰ ਰੋਕ ਨਹੀਂ ਸਕਦੀ।”
ਸ਼ਾਮ ਸਿੰਘ ਦੀ ਆਵਾਜ਼ ਗਰਜ਼ ਰਹੀ ਸੀ, ”ਇਸ ਤੋਂ ਪਹਿਲਾਂ ਲੱਗੀ ਅਦਾਲਤ ਨੇ ਜਿਨ੍ਹਾਂ ਨੌਜਵਾਨਾਂ ਨੂੰ ਸਜ਼ਾਵਾਂ ਦਿੱਤੀਆਂ ਹਨ ਅਸੀਂ ਉਨ੍ਹਾਂ ਸਭਨਾ ਨੂੰ ਅਪਣੀ ਇਸ ਆਜ਼ਾਦ-ਅਦਾਲਤ ਵਿਚੋਂ ਰਿਹਾਅ ਕਰ ਦਿੱਤਾ ਹੈ ਕਿਉਂਕਿ ਉਹ ਕੋਈ ਜੁਰਮ ਪੇਸ਼ਾ ਨਹੀਂ ਸਗੋਂ ਆਜ਼ਾਦੀ ਦੇ ਪਰਵਾਨੇ ਹਨ ਤੇ ਪਰਵਾਨੇ ਸਦਾ ਹਵਾ ਵਿਚ ਉਡਦੇ ਹਨ, ਖੁਲ੍ਹੀਆਂ ਹਵਾਵਾਂ ਵਿਚ ਆਜ਼ਾਦੀ ਦੇ ਜਸ਼ਨ ਮਨਾਉਂਦੇ ਹਨ, ਜੇਲ੍ਹਾਂ ਵਿਚ ਬੰਦ ਨਹੀਂ ਕੀਤੇ ਜਾਂਦੇ… ”
ਸ਼ਾਮ ਸਿੰਘ ਦੀ ਆਵਾਜ਼ ਰੁਕ ਨਹੀਂ ਸੀ ਰਹੀ, ”ਇਹ ਮੈਜਿਸਟ੍ਰੇਟ ਸਾਹਿਬ ਦੀ ਮੇਜ ‘ਤੇ ਪਏ ਜੋ ਤੁਸੀਂ ਬੰਬ ਵੇਖ ਕੇ ਡਰ ਗਏ ਹੋ, ਅਸੀਂ ਇਨ੍ਹਾਂ ਤੋਂ ਡਰਦੇ ਨਹੀਂ ਪਰ ਅੱਜ ਇਹ ਬੰਬ ਅਸਲੀ ਨਹੀਂ ਸਗੋਂ ਅਪਣੀ ਆਵਾਜ਼ ਪਹੁੰਚਾਉਣ ਲਈ ਨਕਲੀ ਬਣਾਏ ਗਏ ਹਨ, ਆਓ ਸਾਨੂੰ ਗ੍ਰਿਫ਼ਤਾਰ ਕਰ ਲਵੋ।”
ਇਸ ਦੇ ਨਾਲ ਹੀ ਸਭ ਸਾਥੀਆਂ ਨੇ ਅਪਣੇ ਹੱਥ ਖੜੇ ਕਰ ਦਿੱਤੇ ਤੇ ਉੱਚੀ-ਉੱਚੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ
‘ਬੰਦੇ ਮਾਤਰਮ
ਸਮਾਰਾਜ ਮੁਰਦਾਬਾਦ
ਹਿੰਦੁਸਤਾਨ ਜ਼ਿੰਦਾਬਾਦ
ਦੇਸ਼ ਤੇ ਕੌਮ ਲਈ ਮਰ ਮਿਟਾਂਗੇ
ਮਰ ਮਿਟਾਂਗੇ… ਮਰ ਮਿਟਾਂਗੇ…।
ਇਸ ਦੇ ਨਾਲ ਹੀ ਸਭ ਮੈਂਬਰਾਂ ਨੇ ਗ੍ਰਿਫ਼ਤਾਰੀਆਂ ਦੇ ਦਿੱਤੀਆਂ। ਇਸ ਦੋਸ਼ ਵਿਚ ਬਾਅਦ ‘ਚ ਡਾਕਟਰ ਹਰਨਾਮ ਸਿੰਘ ਤੇ ਸ਼ਾਮ ਸਿੰਘ ਨੂੰ ਸੱਤ-ਸੱਤ ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਬਾਕੀ ਦੇ ਮੈਂਬਰਾਂ ਨੂੰ ਦੋ ਸਾਲ ਤੋਂ ਲੈ ਕੇ ਪੰਜ ਸਾਲ ਤੱਕ।
ਇਹ ਸੀ ਸ਼ਾਮ ਸਿੰਘ ‘ਸ਼ਾਮ’, ਕਵੀਸ਼ਰ, ਯੋਧਾ ਤੇ ਨਿਮਾਣਾ ਜਿਹਾ ਇਨਸਾਨ, ਪਿੰਡ ਦੇ ਗ਼ਰੀਬ ਘਰ ਦਾ ਗ਼ਰੀਬ ਮਜ਼ਦੂਰ। ਸ਼ਾਮ ਸਿੰਘ ਦੀ ਬਾਕੀ ਜ਼ਿੰਦਗੀ ਤੇ ਸੰਘਰਸ਼ ਦੀ ਇਕ ਲੰਮੀ ਕਹਾਣੀ ਹੈ; ਜੋ ਇਕ ਵਖਰਾ ਵਿਸ਼ਾ ਹੈ ਅਤੇ ਕਦੇ ਫਿਰ ਸਾਂਝੀ ਕਰਾਂਗਾ।
……
ਹਿੰਦੁਸਤਾਨ ਆਜ਼ਾਦ ਹੋ ਗਿਆ। ਸ਼ਾਮ ਸਿੰਘ ਅਪਣੀ ਪਤਨੀ ਕਰਤਾਰ ਕੌਰ ਤੇ ਪੰਜ ਬੱਚਿਆਂ ਨਾਲ ਉਜੜ ਗਿਆ। ਚੱਕ ਨੰਬਰ ਅਠਵੰਜਾ ਤੇ ਜੜ੍ਹਾਂਵਾਲਾ ਤੋਂ ਕਾਫ਼ਲੇ ਨਾਲ ਤੁਰਦਿਆਂ ਉਸ ਦੇ ਪੈਰਾਂ ਵਿਚ ਛਾਲੇ ਪੈ ਗਏ। ਦੋ ਤੋਂ ਤਿੰਨ ਹਫ਼ਤੇ ਤਕ ਅਣਗਿਣਤ ਮੁਸੀਬਤਾਂ ਤੇ ਭੁੱਖੇ ਰਹਿੰਦੇ ਹੋਏ ਆਖ਼ਰ ਉਹ ਇਕ ਦਿਨ ਨਕੋਦਰ ਪਹੁੰਚ ਗਏ। ਦੋ ਚਾਰ ਦਿਨ ਸ਼ਹਿਰ ਦੀਆਂ ਸਮਾਜਕ ਸੰਸਥਾਵਾਂ ਨੇ ਉਨ੍ਹਾਂ ਨੂੰ ਰੋਟੀ ਖੁਆਈ ਪਰ ਉਹ ਕਿੰਨੇ ਕੁ ਦਿਨ ਉਨ੍ਹਾਂ ਦੇ ਸਹਾਰੇ ਜੀਅ ਸਕਦਾ ਸੀ। ਆਖ਼ਰ ਉਸ ਨਕੋਦਰ ਚੌਕ ਵਿਚ ਪੱਗਾਂ ਰੰਗਣ ਦਾ ਤਖ਼ਤਪੋਸ਼ ਲਾ ਲਿਆ ਤੇ ਗਾਹਕਾਂ ਦੀਆਂ ਪੱਗਾਂ ਦੀਆਂ ਮੈਲਾਂ ਧੋਅ ਕੇ ਰੰਗ ਚਾੜ੍ਹਨ ਲੱਗਾ। ਕਾਂਗਰਸ ਪਾਰਟੀ ਦਾ ਫ਼ੀਲਡ ਵਰਕਰ ਸੀ ਉਹ ਤੇ ਫ਼ੀਲਡ ਵਰਕਰ ਹੀ ਰਿਹਾ। ਪਾਰਟੀ ਨੇ ਉਸ ਨੂੰ ਜਿੱਥੇ ਵੀ ਭੇਜਿਆ ਉਹ ਨੱਠਦਾ-ਨੱਠਦਾ ਗਿਆ। ਸ਼ਾਇਦ 1950ਵਿਆਂ ਦੀ ਗੱਲ ਹੈ, ਭਾਰਤ ਸਰਕਾਰ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਮਾਨਤਾ ਦੇਣੀ ਸ਼ੁਰੂ ਕੀਤੀ। ਸ਼ਾਮ ਸਿੰਘ ਨੂੰ ਅੱਜ ਦੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬੰਜਰ ਇਲਾਕੇ ਵਿਚ ਕੁਝ ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਪਰ ਜੇ ਕਿਸੇ ਨੇ ਜ਼ਮੀਨ ਨਹੀਂ ਲੈਣੀ ਤਾਂ ਸਾਰੀ ਉਮਰ ਪੰਜਾਹ ਰੁਪਏ ਮਹੀਨਾ ਪੈਨਸ਼ਨ।
ਸ਼ਾਮ ਸਿੰਘ ਨੇ ਇਸ ਕੁਝ ਏਕੜ ਜ਼ਮੀਨ ਦੇ ਮੁਕਾਬਲੇ ਪੰਜਾਹ ਰੁਪਏ ਪੈਨਸ਼ਨ ਨੂੰ ਤਰਜੀਹ ਦਿੱਤੀ ਕਿਉਂਕਿ ਉਹ ਜ਼ਿੰਮੀਦਾਰ ਨਹੀਂ ਸੀ, ਉਸ ਨੂੰ ਖੇਤੀ ਕਰਨੀ ਨਹੀਂ ਸੀ ਆਉਂਦੀ ਤੇ ਭੁੱਖੇ ਰਹਿੰਦਿਆਂ ਉਹ ਬੰਜਰ ਜ਼ਮੀਨ ਨੂੰ ਕਿਵੇਂ ਉਪਜਾਊ ਕਰ ਸਕਦਾ ਸੀ। ਘੱਟ ਤੋਂ ਘੱਟ ਪੰਜਾਹ ਰੁਪਇਆਂ ਨਾਲ ਉਹ ਅਪਣੇ ਬੱਚਿਆਂ ਦਾ ਢਿੱਡ ਤਾਂ ਭਰ ਸਕੇਗਾ। ਇਹ ਸੋਚ ਸੀ ਉਸ ਦੀ, ਉਸ ਵਕਤ ਦੇ ਹਾਲਾਤ ਨਾਲ ਜੂਝਣ ਲਈ।
ਸਾਰਾ ਦਿਨ ਸ਼ਾਮ ਸਿੰਘ ਪੱਗਾਂ ਰੰਗਦਾ ਤੇ ਸ਼ਾਮ ਨੂੰ ਸ਼ਹਿਰ ਦੀਆਂ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦਾ। ਓਨ੍ਹੀਂ ਦਿਨੀਂ ਪੰਜਾਹ ਪਚਵੰਜਾ ਵਿਚ ਪਾਰਟੀ ਵਾਲੇ ਇਲੈਕਸ਼ਨਾਂ ਦੇ ਦਿਨੀਂ ਉਸ ਨੂੰ ਕਦੇ ਸਰਸਾ, ਕਰਨਾਲ, ਫ਼ਾਜ਼ਿਲਕਾ ਅਤੇ ਪਾਣੀਪਤ ਵੱਲ ਭੇਜਦੇ। ਉਹ ਸਟੇਜ ‘ਤੇ ਅਪਣੀਆਂ ਕਵਿਤਾਵਾਂ ਨਾਲ ਕਾਂਗਰਸ ਪਾਰਟੀ ਦੇ ਗੁਣ ਗਾਉਂਦਾ। ਗਾਂਧੀ, ਨਹਿਰੂ ਤੇ ਪਟੇਲ ਦੇ ਗੁਣ ਗਾਉਂਦਾ ਤੇ ਪਾਰਟੀ ਵਲੋਂ ਦਿੱਤੇ ਪੰਦਰਾਂ ਵੀਹ ਰੁਪਏ ਲੈ ਕੇ ਘਰ ਪਰਤ ਆਉਂਦਾ।
ਭਾਵੇਂ ਦੇਸ਼ ਆਜ਼ਾਦ ਹੋ ਗਿਆ ਸੀ ਪਰ ਗ਼ਰੀਬ ਆਦਮੀ ਦੀ ਜ਼ਿੰਦਗੀ ਵਿਚ ਇਸ ਆਜ਼ਾਦੀ ਨਾਲ ਕੋਈ ਫ਼ਰਕ ਨਹੀਂ ਸੀ ਪਿਆ। ਉਹ ਗ਼ਰੀਬ ਦਾ ਗ਼ਰੀਬ ਹੀ ਰਿਹਾ। ਪਿੰਡਾਂ ਦੇ ਚੌਧਰੀ ਉਸੇ ਤਰ੍ਹਾਂ ਰਾਜ ਦਰਬਾਰੇ, ਪੁਲੀਸ ਚੌਕੀਆਂ ਦੇ ਸੂਹੀਏ ਬਣੇ ਰਹੇ। ਸਰਕਾਰਾਂ ਵਲੋਂ ਪਾਲੇ ਹੋਏ ਇਨ੍ਹਾਂ ਜ਼ੈਲਦਾਰਾਂ ਤੇ ਨੰਬਰਦਾਰਾਂ ਨੂੰ ਉਹ ਨਵੇਂ ਟੋਡੀ ਆਖਦਾ। ਉਹ ਕਿਸੇ ਕੋਲੋਂ ਵੀ ਡਰਦਾ ਨਹੀਂ ਸੀ। ਸਾਢੇ ਪੰਜ ਫੁੱਟ ਸੁਕੜਾ ਜਿਹਾ ਸਰੀਰ ਸੀ ਉਸ ਦਾ ਪਰ ਅੰਦਰੋਂ ਦਿਲ ਮਜ਼ਬੂਤ ਚਟਾਨ ਵਰਗਾ। ਉਸ ਦੀ ਸਟੇਜ ‘ਤੇ ਪੜ੍ਹੀ ਜਾਣ ਵਾਲੀ ਇਕ ਕਵਿਤਾ ਦੀਆਂ ਕੁਝ ਪੰਕਤੀਆਂ ਹਨ, ਜਿਹੜੀਆਂ ਇਨ੍ਹਾਂ ਚੌਧਰੀਆਂ ਨੂੰ ਵੰਗਾਰਦੀਆਂ ਹਨ ਜੋ ਉਸ ਦੀ ਹੀ ਹੱਥ ਲਿਖਤ ਵਿਚ ਹਨ :-

ਉੱਚਾ ਤੁਰਲਾ ਰੱਖਣੋਂ ਤੂੰ ਬਾਜ ਨਾ ਆਇਆ
ਏਸ ਆਜ਼ਾਦੀ ਵਾਸਤੇ ਕਈ ਲਾਲ ਗਵਾਏ
ਮੋਤੀ ਸੀ ਅਣਮੁਲੜੇ ਹੱਥੀਂ ਲੁਟਵਾਏ
ਟੋਟੇ ਕਰ ਕੇ ਦੇਸ਼ ਨੂੰ ਕੀ ਫੈਦਾ ਪਾਇਆ
ਉੱਚਾ ਤੁਰਲਾ ਰੱਖਣੋਂ ਤੂੰ ਬਾਜ ਨਾ ਆਇਆ।

ਸ਼ੇਰ ਪੰਜਾਬੀ ਲਾਜ ਪੱਤ ਡਾਂਗਾਂ ਮਰਵਾਈਆਂ
ਘਰ-ਘਰ ਸ਼ਹਿਰ ਲਾਹੌਰ ਦੇ, ਫਿਰ ਗਈ ਦੁਹਾਈਆਂ
ਬਣ ਕੇ ਟੋਡੀ ਦੋਗਲਾ ਤੈਂ ਲੋਹੜਾ ਪਾਇਆ
ਉੱਚਾ ਤੁਰਲਾ ਰੱਖਣੋਂ ਤੂੰ ਬਾਜ ਨਾ ਆਇਆ।

ਅਪਣੀ ਜ਼ਿੰਦਗੀ ਦੀ ਪਾਣੀਪਤ ਵਾਲੀ ਲੜਾਈ ਉਹ ਇਸ ਤਰ੍ਹਾਂ ਲੜਦਾ-ਲੜਦਾ ਸਮੇਂ ਦੇ ਕਈ ਵੱਡੇ-ਵੱਡੇ ਲੀਡਰਾਂ ਪ੍ਰਤਾਪ ਸਿੰਘ ਕੈਰੋਂ, ਸ਼ੰਕਰੀਆ ਸਵਰਨ ਸਿੰਘ ਤੇ ਕਾਮਰੇਡ ਰਾਮ ਕਿਸ਼ਨ ਦੇ ਦਰਵਾਜ਼ਿਆਂ ‘ਤੇ ਜਾ ਕੇ ਮਦਦ ਲਈ ਦਸਤਕ ਦਿੰਦਾ ਰਿਹਾ। ਇਨ੍ਹਾਂ ਲੀਡਰਾਂ ਨੇ ਮਦਦ ਤਾਂ ਕੀ ਕਰਨੀ ਸੀ, ਸਗੋਂ ਇਕ ਦਿਨ ਐਸਾ ਆਇਆ ਜਦ ਪਾਰਟੀ ਨੇ ਉਸ ਨੂੰ ਫਿਰ ਇਕ ਵਾਰ ਕੁਰਬਾਨੀ ਦੇਣ ਲਈ ਸੱਦ ਲਿਆ। ਮੇਰੇ ਇਸ ਲੇਖ ਦੀ ਅਸਲ ਦਾਸਤਾਨ ਹੁਣ ਸ਼ੁਰੂ ਹੁੰਦੀ ਹੈ।
…..
ਹਿੰਦੁਸਤਾਨ ਭਾਵੇਂ 1947 ਵਿਚ ਆਜ਼ਾਦ ਹੋ ਚੁੱਕਿਆ ਸੀ ਪਰ ਬੰਬਈ ਲਾਗੇ ਗੋਆ ਦੀ ਕਾਲੋਨੀ ‘ਤੇ ਅਜੇ ਵੀ ਪੁਰਤਗਾਲ ਦਾ ਰਾਜ ਸੀ। ਗੋਆ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਮੁਹਿੰਮਾਂ ਚਲਦੀਆਂ ਰਹਿੰਦੀਆਂ ਸਨ ਪਰ ਕਾਂਗਰਸ ਪਾਰਟੀ ਵਲੋਂ ਇਸ ਅੰਦੋਲਨ ਨੂੰ ਤੇਜ਼ ਕਰਨ ਲਈ ਸਤਿਆਗ੍ਰਹਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਹ ਇਕ ਸ਼ਾਂਤਮਈ ਅੰਦੋਲਨ ਸੀ, ਪਾਰਟੀ ਵਲੋਂ ਜਥਿਆਂ ਦੇ ਜਥੇ ਗੋਆ ਵੱਲ ਭੇਜੇ ਜਾਣ ਲੱਗੇ।
ਵੰਡ ਵੇਲੇ ਪਿੰਡਾਂ ਦੇ ਪਿੰਡ ਉਜੜ ਗਏ ਸਨ। ਦੁਨੀਆ ਦੇ ਇਤਿਹਾਸ ਵਿਚ ਏਡਾ ਵੱਡਾ ਜੁਲਮ ਅੱਗੇ ਕਦੇ ਨਹੀਂ ਸੀ ਹੋਇਆ ਜਦ ਲੱਖਾਂ ਹੀ ਲੋਕਾਂ ਦੀ ਇਕ ਦੂਜੇ ਦੇ ਦੇਸ਼ ਵੱਲ ਅਦਲਾ-ਬਦਲੀ ਹੋਈ ਹੋਵੇ। ਪਿੰਡਾਂ ਤੇ ਸ਼ਹਿਰਾਂ ਦੀ ਵਸੋਂ, ਦੋਸਤ, ਮਿੱਤਰ, ਯਾਰ, ਰਿਸ਼ਤੇਦਾਰ ਇਕ ਦੂਜੇ ਤੋਂ ਵਿਛੜ ਕੇ ਕੋਈ ਕਿਧਰ ਤੇ ਕੋਈ ਕਿਧਰ ਚਲਿਆ ਗਿਆ ਸੀ। ਸਬੱਬ ਨਾਲ ਸ਼ਾਮ ਸਿੰਘ ਦਾ ਬੇਲੀ ਡਾਕਟਰ ਹਰਨਾਮ ਸਿੰਘ ਨਕੋਦਰ ਸ਼ਾਹਕੋਟ ਲਾਗੇ ਲੋਹੀਆਂ ਖ਼ਾਸ ਇਕ ਛੋਟੇ ਜਿਹੇ ਕਸਬੇ ਵਿਚ ਆ ਵਸਿਆ ਸੀ ਤੇ ਉਸ ਅਪਣੇ ਕਿੱਤੇ ਡਾਕਟਰੀ ਦੀ ਦੁਕਾਨ ਖੋਲ੍ਹ ਲਈ ਸੀ। ਕਾਂਗਰਸ ਪਾਰਟੀ ਦਾ ਉਹ ਇਧਰ ਆ ਕੇ ਵੀ ਐਕਟਿਵ ਮੈਂਬਰ ਸੀ ਤੇ ਦੋਵੇਂ ਮਿੱਤਰ ਆਪਸ ਵਿਚ ਸਦਾ ਹੀ ਮਿਲਦੇ ਰਹਿੰਦੇ ਸਨ।
ਕਾਂਗਰਸ ਪਾਰਟੀ ਦੇ ਜਲੰਧਰ ਹੈਡ ਆਫ਼ਿਸ ਤੋਂ ਦੋਨਾਂ ਨੂੰ ਸੱਦਾ ਆ ਗਿਆ ਕਿ ਉਨ੍ਹਾਂ ਦੋਹਾਂ ਸਤਿਆਗ੍ਰਹੀਆਂ ਦਾ ਇਕ ਜੱਥਾ ਲੈ ਕੇ ਗੋਆ ਜਾਣਾ ਹੈ। ਹਾਈ ਕਮਾਨ ਨੂੰ ਉਹ ਇਨਕਾਰ ਕਿਵੇਂ ਕਰ ਸਕਦੇ ਸਨ। ਇਲਾਕੇ ਦੇ ਚੋਣਵੇਂ-ਚੋਣਵੇਂ 21 ਪਾਰਟੀ ਵਰਕਰ ਤਿਆਰ ਕੀਤੇ ਗਏ ਜਿਨ੍ਹਾਂ ਦੀ ਕਮਾਨ ਡਾਕਟਰ ਹਰਨਾਮ ਸਿੰਘ ਤੇ ਸ਼ਾਮ ਸਿੰਘ ਨੂੰ ਸੌਂਪੀ ਗਈ। ਇਹ ਸ਼ਾਇਦ 1950-51 ਦੀ ਗੱਲ ਹੈ। ਸ਼ਾਮ ਸਿੰਘ ਫਿਰ ਨੰਗੇ ਪੈਰੀਂ ਗੋਆ ਨੂੰ ਆਜ਼ਾਦ ਕਰਵਾਉਣ ਲਈ ਨਿਕਲ ਤੁਰਿਆ। ਆਜ਼ਾਦੀ ਦਾ ਇਹ ਸੰਗਰਾਮੀਆ ਇਕ ਦਿਨ ਭਾਰਤ ਤੇ ਗੋਆ ਦੀ ਸਰਹੱਦ ‘ਤੇ ਖੜਾ ਨਾਅਰੇ ਮਾਰ ਰਿਹਾ ਸੀ।
ਗੋਆ ਦੀ ਆਜ਼ਾਦੀ
ਹਿੰਦੁਸਤਾਨ ਦੀ ਆਜ਼ਾਦੀ

ਗੋਆ ਨੂੰ ਅਸੀਂ ਲੈ ਕੇ ਰਹਾਂਗੇ
ਗੋਆ ਲਈ ਅਸੀਂ ਮਰ ਮਿਟਾਂਗੇ

ਗੋਆ ਹਿੰਦੁਸਤਾਨ ਹੈ
ਗੋਆ ਜ਼ਿੰਦਾਬਾਦ
ਗੋਆ ਜ਼ਿੰਦਾਬਾਦ
ਸਾਲਾਜ਼ਾਰ ਸਾਡਾ ਦੇਸ਼ ਛੱਡੋ
ਸਾਲਾਜ਼ਾਰ ਮੁਰਦਾਬਾਦ
ਸਾਲਾਜ਼ਾਰ ਉਸ ਸਮੇਂ ਪੁਰਤਗਾਲ ਦਾ ਡਿਕਟੇਟਰ ਸੀ। ਉਸ ਬੜੀ ਸਖ਼ਤੀ ਨਾਲ ਪੁਰਤਗਾਲ ਦੀਆਂ ਸਾਰੀਆਂ ਕਾਲੋਨੀਆਂ ਨੂੰ ਕਬਜ਼ੇ ਵਿਚ ਕੀਤਾ ਹੋਇਆ ਸੀ ਅਤੇ ਕਿਸੇ ਵੀ ਹਾਲਤ ਵਿਚ ਇਨ੍ਹਾਂ ਨੂੰ ਆਜ਼ਾਦ ਨਹੀਂ ਸੀ ਕਰਨਾ ਚਾਹੁੰਦਾ। ਉਸ ਸਮੇਂ ਸਾਲਾਜ਼ਾਰ ਦਾ ਨਾਂ ਵੱਡੇ-ਵੱਡੇ ਡਿਕਟੇਟਰਾਂ ਵਿਚ ਸ਼ਾਮਲ ਹੁੰਦਾ ਸੀ ਤੇ ਉਸ ਗੋਆ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਸਤਿਆਗ੍ਰਹੀਆਂ ਨੂੰ ਸਖ਼ਤੀ ਨਾਲ ਕੁਚਲਣ ਦੇ ਹੁਕਮ ਦਿੱਤੇ ਹੋਏ ਸਨ। ਗੋਆ ਦੀ ਆਜ਼ਾਦੀ ਲਈ ਨਾਅਰੇ ਮਾਰਦਾ ਹੋਇਆ ਇਹ 21 ਸੰਗਰਾਮੀਆਂ ਦਾ ਜਥਾ ਇਕ ਰਾਤ ਦੇ ਹਨੇਰੇ ਵਿਚ ਗੋਆ ਅੰਦਰ ਜਾ ਵੜਿਆ ਤੇ ਜਿਉਂ ਹੀ ਸਵੇਰੇ ਸੂਰਜ ਦੀ ਰੌਸ਼ਨੀ ਨੇ ਗੋਆ ਦੀ ਰਮਣੀਕ ਧਰਤੀ ‘ਤੇ ਕਿਰਨਾਂ ਸੁੱਟੀਆਂ ਇਹ ਜਥਾ ਤਿਰੰਗਾ ਲੈ ਕੇ ਅੱਗੇ ਵਧਣ ਲੱਗਾ। ਗੋਆ ਦੀ ਪੁਰਤਗਾਲੀ ਸਰਕਾਰ ਨੇ ਇਸ ਸ਼ਾਂਤਮਈ ਸਤਿਅਗ੍ਰਹੀਆਂ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਗੋਆ ਦੀ ਇਸ ਛੋਟੀ ਜਿਹੀ ਕਾਲੋਨੀ ਵਿਚ ਏਨੀਆਂ ਜੇਲ੍ਹਾਂ ਨਹੀਂ ਸਨ ਕਿ ਹਜ਼ਾਰਾਂ ਦੀ ਗਿਣਤੀ ਵਿਚ ਆ ਰਹੇ ਜਥਿਆਂ ਨੂੰ ਉਹ ਜੇਲ੍ਹਾਂ ਵਿਚ ਬੰਦ ਰੱਖ ਸਕਦੇ। ਇਸ ਲਈ ਉਨ੍ਹਾਂ ਬੜਾ ਹੀ ਅਜੀਬ ਤਰੀਕਾ ਅਪਣਾਇਆ ਹੋਇਆ ਸੀ। ਭਾਵੇਂ ਕੋਈ ਹਿੰਦੂ ਹੋਵੇ ਜਾਂ ਸਿੱਖ ਉਹ ਸਭਨਾਂ ਦੇ ਕੇਸ ਦਾਹੜੀਆਂ ਮੁੰਨ ਕੇ, ਗੰਜੇ ਕਰ ਕੇ ਸਭ ਨੂੰ ਵਾਪਸ ਹਿੰਦੁਸਤਾਨ ਵੱਲ ਧੱਕ ਦਿੰਦੇ ਸਨ। ਸਾਰਿਆਂ ਦੇ ਨਾਲ ਸ਼ਾਮ ਸਿੰਘ ਦੇ ਵੀ ਕੇਸ ਦਾੜ੍ਹੀ ਮੁੰਨ ਦਿੱਤੇ ਗਏ। ਉਹ ਹਰ ਹਾਲਤ ਵਿਚ ਗੋਆ ਦੀ ਜੇਲ੍ਹ ਵਿਚ ਰਹਿਣਾ ਚਾਹੁੰਦਾ ਸੀ। ਉਸ ਵਾਸਤਾ ਪਾਇਆ ਕਿ ਉਹ ਵਾਪਸ ਹਿੰਦੁਸਤਾਨ ਨਹੀਂ ਜਾਣਾ ਚਾਹੁੰਦਾ ਸਗੋਂ ਗੋਆ ਦੀ ਜੇਲ੍ਹ ਵਿਚ ਰਹਿ ਕੇ ਆਜ਼ਾਦ ਗੋਆ ਵੇਖਣਾ ਚਾਹੁੰਦਾ ਹੈ। ਉਹ ਆਜ਼ਾਦ ਗੋਆ ਦੀ ਧਰਤੀ ‘ਤੇ ਸਾਹ ਲੈਣਾ ਚਾਹੁੰਦਾ ਹੈ, ਇਸ ਲਈ ਉਹ ਮਰ ਮਿਟਣ ਲਈ ਵੀ ਤਿਆਰ ਸੀ। ਗੋਆ ਦੀ ਆਜ਼ਾਦੀ ਲਈ ਪਤਾ ਨਹੀਂ ਕਿਉਂ ਉਸ ਵਿਚ ਏਨਾ ਜੋਸ਼ ਆ ਵੜਿਆ ਸੀ। ਜਦ ਸਾਰੇ ਸਤਿਆਗ੍ਰਹੀਆਂ ਨੂੰ ਗੱਡੀਆਂ ਵਿਚ ਲੱਦ ਕੇ ਵਾਪਸ ਹਿੰਦੁਸਤਾਨ ਦੇ ਬਾਰਡਰ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਸ਼ਾਮ ਸਿੰਘ ਉੱਚੀ-ਉੱਚੀ ਅਪਣੀਆਂ ਦੋਵੇਂ ਬਾਹਵਾਂ ਖੜੀਆਂ ਕਰ ਕੇ ਨਾਅਰੇ ਮਾਰ ਰਿਹਾ ਸੀ।
ਗੋਆ ਦੀ ਆਜ਼ਾਦੀ
ਹਿੰਦੁਸਤਾਨ ਦੀ ਆਜ਼ਾਦੀ
ਉਹ ਫਿਰ ਇਕ ਦਿਨ ਗੋਆ ਵਾਪਸ ਆਵੇਗਾ।
ਆਜ਼ਾਦ ਗੋਆ ਵਿਚ ਸਾਹ ਲਵੇਗਾ।
ਉਸ ਦੇ ਬੋਲ ਹੌਲੀ ਨਹੀਂ ਸਨ ਹੋ ਰਹੇ ਤੇ ਨਾਅਰੇ ਲਾ-ਲਾ ਕੇ ਉਸ ਦਾ ਗਲਾ ਬੈਠ ਗਿਆ ਸੀ –
ਇਕ ਦਿਨ ਉਹ ਵਾਪਸ ਆਵੇਗਾ
ਉਹ ਗੋਆ ਵਾਪਸ ਆਵੇਗਾ
ਗੋਆ ਜ਼ਿੰਦਾਬਾਦ
ਗੋਆ ਜ਼ਿੰਦਾਬਾਦ
… ਤੇ ਇਸ ਤਰ੍ਹਾਂ ਸ਼ਾਮ ਸਿੰਘ ਸਿਰ ਦਾੜ੍ਹੀ ਮੁਨਾਈ, ਸਫ਼ਾ ਚੱਟ ਹੋ ਕੇ ਵਾਪਸ ਨਕੋਦਰ ਆ ਗਿਆ।
…..
ਮੇਰੇ ਜਨਮ ਤੋਂ ਪਹਿਲਾਂ ਸਾਡੇ ਘਰ ਤਿੰਨ ਧੀਆਂ ਨੇ ਜਨਮ ਲਿਆ ਸੀ। ਜਿਵੇਂ ਸਾਡੇ ਸਮਾਜ ਵਿਚ ਪ੍ਰਚਲਤ ਹੈ ਉਹ ਪੁੱਤਰ ਦੀ ਦਾਤ ਲਈ ਗੁਰਦੁਆਰਾ ਨਨਕਾਣਾ ਸਾਹਿਬ ਜਾ ਕੇ ਅਰਦਾਸਾਂ ਕਰਦੇ ਰਹਿੰਦੇ ਸਨ। ਨਨਕਾਣੇ ਨਾਲ ਉਨ੍ਹਾਂ ਦੀ ਅਥਾਹ ਸ਼ਰਧਾ ਸੀ ਤੇ ਮੇਰੇ ਜਨਮ ਤੋਂ ਉਨ੍ਹਾਂ ਦੀ ਇਹ ਸ਼ਰਧਾ ਹੋਰ ਵੀ ਪਕੇਰੀ ਹੋ ਗਈ ਸੀ। ਆਜ਼ਾਦੀ ਦੀ ਵੰਡ ਤੋਂ ਬਾਅਦ ਜਦ ਨਾਨਕਾਣਾ ਉਨ੍ਹਾਂ ਕੋਲੋਂ ਵਿਛੜ ਗਿਆ ਤਾਂ ਉਨ੍ਹਾਂ ਨੂੰ ਅਸਹਿ ਸੱਟ ਵੱਜੀ। ਉਹ ਅਪਣੇ ਰਹਿਬਰ ਦੀ ਧਰਤੀ ਤੋਂ ਦੂਰ ਹੋ ਜਾਣ ਨੂੰ ਉਹ ਬਰਦਾਸ਼ਤ ਨਾ ਕਰ ਸਕੇ। ਜਿਸ ਨਾਨਕ ਦੀ ਧਰਤੀ ‘ਤੇ ਉਹ ਅਪਣੇ ਪਿੰਡੋਂ ਤੁਰ ਕੇ ਸਾਲ ਵਿਚ ਦੋ ਵਾਰੀ ਜਾਇਆ ਕਰਦੇ ਸਨ, ਉਹ ਨਨਕਾਣਾ ਉਨ੍ਹਾਂ ਤੋਂ ਵਿਛੜ ਜਾਵੇਗਾ? ਇਹ ਕਦੇ ਉਨ੍ਹਾਂ ਸੋਚਿਆ ਤਕ ਨਹੀਂ ਸੀ, ਵੰਡ ਦੀ ਏਨੀ ਵੱਡੀ ਸਜ਼ਾ? ਨਨਕਾਣਾ ਹੀ ਵਿਛੜ ਗਿਆ?
ਸ਼ਾਮ ਸਿੰਘ ਨੇ ਹਿੰਦੁਸਤਾਨ ਆ ਕੇ ਕਸਮ ਖਾ ਲਈ ਸੀ ਕਿ ਜਿੰਨੀ ਦੇਰ ਉਹ ਬਗੈਰ ਪਾਬੰਦੀਆਂ ਦੇ ਵਾਪਸ ਨਨਕਾਣਾ ਸਾਹਿਬ ਨਹੀਂ ਜਾ ਸਕੇਗਾ ਓਨੀਂ ਦੇਰ ਉਹ ਨਾ ਤਾਂ ਮੰਜੇ ‘ਤੇ ਸੌਂਵੇਗਾ ਤੇ ਨਾ ਹੀ ਪੈਰੀਂ ਜੁੱਤੀ ਪਾਵੇਗਾ। ਉਹ ਦੇਸ਼ ਦੀ ਆਜ਼ਾਦੀ ਤੋਂ 16 ਸਾਲ ਬਾਅਦ 1964 ਤਕ ਨਾ ਤਾਂ ਅਪਣੇ ਰਹਿਬਰ ਦੀ ਧਰਤੀ ਨਨਕਾਣੇ ਵਾਪਸ ਜਾ ਸਕਿਆ ਤੇ ਨਾ ਹੀ ਆਜ਼ਾਦ ਗੋਆ ਦੀ ਧਰਤੀ ‘ਤੇ ਜਾ ਕੇ ਸਾਹ ਲੈ ਸਕਿਆ। ਬਿਆਈਆਂ ਨਾਲ ਫਟੇ ਪੈਰਾਂ ਨਾਲ ਉਹ 16 ਸਾਲ ਨੰਗੇ ਪੈਰੀਂ ਤੁਰਦਾ ਰਿਹਾ। ਹਾੜ, ਸਾਉਣ, ਗਰਮੀਆਂ, ਸਰਦੀਆਂ, ਝੱਖੜ, ਹਨੇਰੀਆਂ ਝਲਦਾ ਰਿਹਾ। ਕੀੜੇ ਮਕੌੜਿਆਂ ਸੰਗ ਤੁਰਦਾ ਰਿਹਾ। ਸਾਡੇ ਨਕੋਦਰ ਵਾਲੇ ਨਿੱਕੇ ਜਿਹੇ ਕੱਚੇ ਘਰ ਦੀ ਬੈਠਕ ਵਿਚ ਉਹ ਔਖੇ-ਔਖੇ ਸਾਹ ਲੈਣ ਲਗਾ ਤੇ ਫਿਰ ਇਕ ਦਿਨ ਦਮੇ ਦਾ ਮਰੀਜ਼ ਹੋ ਗਿਆ। ਆਖ਼ਰ ਸਰਕਾਰ ਨੇ ਤਰਸ ਖਾ ਕੇ ਉਸ ਨੂੰ ਗ਼ੁਲਾਬ ਦੇਵੀ ਟੀ.ਬੀ. ਹਸਪਤਾਲ ਜਲੰਧਰ ਦਾਖ਼ਲ ਕਰਵਾ ਦਿੱਤਾ। ਕਮਾਈ ਦਾ ਕੋਈ ਹੋਰ ਸਾਧਨ ਹੈ ਨਹੀਂ ਸੀ। ਮਾਤਾ ਕਰਤਾਰ ਕੌਰ ਨੇ ਘਰ ਸਿਲਾਈ ਦੀ ਮਸ਼ੀਨ ਰੱਖ ਲਈ ਤੇ ਕਪੜੇ ਸਿਉਂ ਕੇ ਬੱਚਿਆਂ ਦੇ ਪੇਟ ਪਾਲਣ ਲੱਗੀ। ਸ਼ਾਮ ਸਿੰਘ ਹਸਪਤਾਲ ਤੋਂ ਰਾਜ-ਦਰਬਾਰੇ ਵੱਡੇ ਵੱਡੇ ਲੀਡਰਾਂ ਨੂੰ ਮਾਲੀ ਮਦਦ ਲਈ ਚਿੱਠੀਆਂ ਲਿਖਦਾ ਰਿਹਾ। ਇਹ ਉਰਦੂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਲਿਖੀ ਇਕ ਚਿੱਠੀ ਮੈਨੂੰ ਮਿਲੀ ਹੈ, ਜੋ ਉਸ ਦੇ ਦਰਦ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਹੈ :-
ਮੇਰੇ ਪਰਮ ਪੂਜਯ ਪ੍ਰਾਈਮ ਮਨਿਸਟਰ ਸਾਹਿਬ ਪੰਡਤ ਜਵਾਹਰ ਲਾਲ ਜੀ ਨਹਿਰੂ,
ਮੈਂ ਏਕ ਨਿਹਾਇਤ ਗ਼ਰੀਬ ਪਾਕਿਸਤਾਨ ਜ਼ਿਲ੍ਹਾ ਲਾਇਲਪੁਰ ਇਲਾਕਾ ਥਾਨਾ ਜੜ੍ਹਾਵਾਲਾਂ ਚੱਕ ਨੰਬਰ 58 ਗਾਫ਼ ਬੇ ਸੇ ਆਇਆ ਹੂਆ ਰਫਿਊਜੀ ਕਾਂਗਰਸ ਵਰਕਰ ਹੂੰ। ਹਮਾਰੇ ਗਾਓਂ ਪਰ ਮੁਸਲਮਾਨੋਂ ਨੇ ਜ਼ਬਰਦਸਤ ਹਮਲਾ ਕੀਆ। ਹਮ ਅਪਨਾ ਸਭ ਕੁਛ ਵਹਾਂ ਛੋਡ ਕਰ ਅਪਨੀ ਵ ਅਪਨੇ ਬਾਲ ਬੱਚੇ ਪਰੀਵਾਰ ਕੀ ਜਾਨ ਬਚਾ ਕਰ ਹਿੰਦੁਸਤਾਨ ਮੇਂ ਆਬਾਦ ਹੂਏ ਮਗਰ ਆਜ ਭੀ ਹਮ ਵੈਸੇ ਹੀ ਦੁਖੀ ਹੈਂ, ਜੈਸੇ ਕੇ ਪਹਿਲੇ ਥੇ। ਹਮ ਨੇ ਅਪਨੀ ਤਮਾਮ ਜ਼ਿੰਦਗੀ ਕਾਂਗਰਸ ਕੀ ਖਿਦਮਤ ਮੇਂ ਅਰਪਨ ਕੀ। ਇਸੀ ਦੌਰਾਨ ਜੇਲ੍ਹ ਯਾਤਰਾ ਭੀ ਕਰਤਾ ਰਹਾ। ਲਾਇਲਪੁਰ, ਮੁਲਤਾਨ ਪੁਰਾਨੀ ਸੈਂਟਰਲ ਜੇਲ੍ਹ ਮੇਂ ਰਹਾ।
ਇਨ ਬਾਤੋਂ ਕੋ ਛੋਡ ਕਰ ਅਪਨੀ ਦੁਖ ਦਰਦ ਭਰੀ ਕਹਾਨੀ ਅਰਜ ਕਰਤਾ ਹੂੰ। ਮੈਂ ਏਕ ਬਿਮਾਰ ਦਮਾ ਵ ਟੀ.ਬੀ. ਕਾ ਮਰੀਜ਼ ਹੂੰ। ਗ਼ੁਲਾਬ ਦੇਵੀ ਹਸਪਤਾਲ ਜਾਲੰਧਰ ਮੇਂ ਇਲਾਜ ਕਰਵਾ ਰਹਾ ਹੂੰ। ਪਾਂਚ ਲੜਕੀਆਂ ਹੈਂ, ਦੋ ਲੜਕੇ ਔਰ ਏਕ ਘਰਵਾਲੀ ਹੈ। ਪੁਲੀਟੀਕਲ ਵਰਕਰ ਹੂੰ ਮਗਰ ਅਰਸਾ ਤੀਨ ਚਾਰ ਸਾਲ ਸੇ ਬੀਮਾਰ ਹੋਨੇ ਕੀ ਵਜਹ ਸੇ ਕਰਜ਼ਾ ਭੀ ਹੋ ਚੁਕਾ ਹੈ। ਘਰ ਮੇਂ ਮੇਰੇ ਬਗੈਰ ਕਮਾਨੇ ਵਾਲਾ ਕੋਈ ਨਹੀਂ ਹੈ। ਬਾਲ ਬੱਚੇ ਭੂਖ ਸੇ ਤੜਪ ਰਹੇ ਹੈਂ। ਪੰਜਾਬ ਗੌਰਮੈਂਟ ਕੀ ਖ਼ਿਦਮਤ ਮੇਂ ਨਮਤਰਨ ਅਰਜ਼ ਕਰ ਚੁਕਾ ਹੂੰ, ਆਪ ਜੀ ਕੀ ਖ਼ਿਦਮਤ ਮੇਂ ਯਹ ਮੇਰਾ ਦੂਸਰਾ ਖ਼ਤ ਹੈ। ਇਸ ਸੇ ਪਹਿਲਾ ਖ਼ਤ ਆਪ ਕੀ ਖ਼ਿਦਮਤ ਮੇਂ 10.12.62 ਕ ਅਰਸਾਲ ਖ਼ਿਦਮਤ ਕੀਆ ਥਾ।
ਬਾਰ ਬਾਰ ਮੇਰੀ ਦਰਦ ਭਰੀ ਪਰਾਰਥਨਾ ਹੈ ਕਿ ਮੇਰੀ ਮਾਲੀ ਹਾਲਤ ਪਰ ਰਹਿਮ ਫਰਮਾਕਰ ਜਲਦ ਅਜ਼ ਜਲਦ ਸਹਾਇਤਾ ਕਾ ਹੁਕਮ ਸਾਦਰ ਫਰਮਾਵੇਂ ਤਾ ਕਿ ਮੈਂ ਅਪਨੇ ਬਾਲ ਬਚੋਂ ਕੀ ਔਰ ਅਪਨੀ ਪੇਟ ਪੂਜਾ ਕਰ ਸਕੂੰ। ਐਸਾ ਨਾ ਹੋ ਕਿ ਇੰਤਜ਼ਾਰ ਕਰਤਾ ਕਰਤਾ ਹੀ ਮੌਤ ਕੀ ਗੋਦ ਮੇਂ ਲੇਟ ਜਾਊਂ। ਆਪ ਕਾ ਹਾਥ ਪਰਮਾਤਮਾ ਹਮਾਰੇ ਸਿਰੋਂ ਪਰ ਹਰ ਵਕਤ ਕਾਇਮ ਰਖੇ।
ਆਪ ਕਾ ਸ਼ਾਮ ਸਿੰਘ ਸ਼ਾਮ ਕਾਂਗਰਸ ਵਰਕਰ,
ਗ਼ੁਲਾਬ ਦੇਵੀ ਟੀ.ਬੀ. ਹਸਪਤਾਲ, ਜਲੰਧਰ ਸ਼ਹਿਰ, ਵਾਰਡ
ਨੰਬਰ 6, ਬੈਡ ਨੰਬਰ 4 – 22.2.63 – ਸ਼ੁੱਕਰਵਾਰ

ਉਸ ਦਾ ਪੁੱਤਰ ਗੁਰਚਰਨ ਸੱਗੂ ਪਹਿਲੀ ਜੁਲਾਈ 1963 ਨੂੰ ਉਸ ਨੂੰ ਇਸੇ ਤਰ੍ਹਾਂ ਬਿਮਾਰੀ ਦੀ ਹਾਲਤ ਵਿਚ ਛੱਡ ਕੇ ਵਲੈਤ ਵੱਲ ਤੁਰ ਪਿਆ। ਨਕੋਦਰ ਦੇ ਰੇਲਵੇ ਸਟੇਸ਼ਨ ‘ਤੇ ਉਹ ਉਸ ਨੂੰ ਤੋਰਨ ਆਇਆ ਤੇ ਓਨੀ ਦੇਰ ਪਲੇਟਫ਼ਾਰਮ ‘ਤੇ ਖੜਾ ਹੱਥ ਹਿਲਾਉਂਦਾ ਰਿਹਾ ਜਿੰਨੀ ਦੇਰ ਉਸ ਦੇ ਪੁੱਤਰ ਦਾ ਚਿਹਰਾ ਸਦਾ ਲਈ ਉਸ ਤੋਂ ਅਲੋਪ ਨਾ ਹੋ ਗਿਆ। ਗੱਡੀ ਦਿੱਲੀ ਵੱਲ ਦੌੜੀ ਜਾ ਰਹੀ ਸੀ। ਮੇਰੀਆਂ ਅੱਖਾਂ ਵਿਚੋਂ ਲਗਾਤਾਰ ਪਾਣੀ ਵਗੀ ਜਾ ਰਿਹਾ ਸੀ ਤੇ ਮੈਂ ਸੋਚ ਰਿਹਾ ਸਾਂ ਕਿ ਸ਼ਾਇਦ ਮੇਰੇ ਲਈ ਮੇਰੇ ਪਿਤਾ ਦੇ ਇਹ ਆਖ਼ਰੀ ਦਰਸ਼ਨ ਸਨ, ਫਿਰ ਕਦੇ ਮੈਂ ਉਸ ਨੂੰ ਵੇਖ ਨਹੀਂ ਸਕਾਂਗਾ।
… ਤੇ ਪੂਰੇ ਸੱਤ ਮਹੀਨੇ ਬਾਅਦ ਫ਼ਰਵਰੀ 1964 ਵਿਚ ਸ਼ਾਮ ਸਿੰਘ ਪਤਾ ਨਹੀਂ ਕਿਧਰ ਤੁਰ ਗਿਆ ਤੇ ਫਿਰ ਕਦੇ ਵਾਪਸ ਨਾ ਆਇਆ।
ਇਹ ਸੀ ਸ਼ਾਮ ਸਿੰਘ ਦੀ ਕਹਾਣੀ। ਸ਼ਾਮ ਸਿੰਘ ‘ਸ਼ਾਮ’ ਕਵੀਸ਼ਰ, ਪਾਰਟੀ ਵਰਕਰ, ਯੋਧਾ ਤੇ ਸਭ ਤੋਂ ਵੱਡਾ ਸਿਰੜੀ ਸ਼ਾਮ ਸਿੰਘ ‘ਸ਼ਾਮ’।
ਦੇਸ਼ ਦੀ ਆਜ਼ਾਦੀ ਲਈ ਜੂਝੇ ਤੇ ਕੁਰਬਾਨੀਆਂ ਦੇਣ ਵਾਲੇ ਇਹ ਇਕ ਸ਼ਾਮ ਸਿੰਘ ਦੀ ਕਹਾਣੀ ਹੈ ਪਰ ਇਹੋ ਜਿਹੇ ਹਜ਼ਾਰਾਂ ਸ਼ਾਮ ਸਿੰਘ ਹਨ ਜਿਨ੍ਹਾਂ ਅਪਣੇ ਘਰ ਬਾਰ, ਬੀਵੀ, ਬੱਚੇ ਤੇ ਸੁਖੀ ਵਸਦੇ ਪਰਿਵਾਰ ਛੱਡ ਕੇ ਦੇਸ਼ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ। ਇਹੋ ਜਿਹੇ ਸੰਗਰਾਮੀਆਂ ਦਾ ਨਾਂ, ਨਾ ਕਦੇ ਹਿਸਟਰੀ ਵਿਚ ਆਇਆ ਹੈ ਤੇ ਨਾ ਹੀ ਕਦੇ ਆਵੇਗਾ।
ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇਣ ਵਾਲੇ, ਸੜਕਾਂ ‘ਤੇ ਗੋਲੀਆਂ ਖਾਣ ਵਾਲੇ, ਜੇਲ੍ਹਾਂ ਵਿਚ ਸੜਨ ਵਾਲੇ, ਗੋਰੇ ਹਾਕਮਾਂ ਦੀ ਫਾਂਸੀ ਦੇ ਰੱਸੇ ਚੁੰਮਣ ਵਾਲੇ ਸੈਂਕੜੇ ਸ਼ਾਮ ਸਿੰਘ ਆਜ਼ਾਦੀ ਤੋਂ ਬਾਅਦ ਵੀ ਗੁਰਬਤ ਦੀ ਜ਼ਿੰਦਗੀ ਵਿਚ ਸਾਹ ਲੈਂਦੇ ਮਰ ਗਏ। ਉਨ੍ਹਾਂ ਜਿਸ ਆਜ਼ਾਦੀ ਦੇ ਸੁਪਨੇ ਲੈਂਦਿਆਂ ਰਸਿਆਂ ਨੂੰ ਚੁੰਮਣਾ ਚਾਹਿਆ ਸੀ, ਉਹ ਹੀ ਰੱਸੇ ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਗਲਿਆਂ ਵਿਚ ਫਸੇ ਰਹੇ।
…..
ਮੇਰਾ ਸਫ਼ਰ ਜਾਰੀ ਰਿਹਾ। ਵਿਆਹ, ਬੱਚੇ, ਦੋ ਧੀਆਂ ਤੇ ਇਕ ਪੁੱਤਰ। ਪੁੱਤਰ ਪ੍ਰਿਤਪਾਲ ਸਿੰਘ। ਉਹ ਜਿਵੇਂ-ਜਿਵੇਂ ਵੱਡਾ ਹੋਇਆ ਅਪਣੇ ਬਾਬਾ ਸ਼ਾਮ ਸਿੰਘ ਬਾਰੇ, ਉਸ ਦੀ ਜ਼ਿੰਦਗੀ ਬਾਰੇ ਸਵਾਲ ਪੁਛਦਾ ਰਹਿੰਦਾ। ਮੈਂ ਕਈ ਵਾਰ ਹੈਰਾਨ ਹੁੰਦਾ ਕਿ ਪਤਾ ਨਹੀਂ ਕਿਉਂ ਉਹ ਅਪਣੇ ਬਾਬੇ ਬਾਰੇ ਏਨਾ ਕੁਝ ਜਾਨਣਾ ਚਾਹੁੰਦਾ ਹੈ। ਪ੍ਰਿਤਪਾਲ ਦਾ ਘਰ ਵਿਚ ਅਸੀਂ ਛੋਟਾ ਨਾਮ ‘ਰਿੱਕੀ’ ਰੱਖਿਆ ਹੋਇਆ ਹੈ। ਉਹ ਪ੍ਰਾਇਮਰੀ ਸਕੂਲ ਜਾਣ ਤੋਂ ਪਹਿਲਾਂ ਘਰ ਵਿਚ ਰੱਖੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਨਾਲ-ਨਾਲ ਅਪਣੇ ਬਾਬਾ ਸ਼ਾਮ ਸਿੰਘ ਨੂੰ ਵੀ ਮੱਥਾ ਟੇਕ ਕੇ ਜਾਂਦਾ। ਪਤਾ ਨਹੀਂ ਕਿਵੇ ਵੱਡੇ ਹੋ ਰਹੇ ਰਿੱਕੀ ਦੇ ਦਿਲ ਦਿਮਾਗ਼ ਵਿਚ ਸ਼ਾਮ ਸਿੰਘ ਨੇ ਘਰ ਕਰ ਲਿਆ ਸੀ। ਉਹ ਉਸ ਦੀ ਫ਼ੋਟੋ ਅਪਣੇ ਸਕੂਲ ਦੇ ਬੈਗ ਵਿਚ ਰੱਖਣ ਲੱਗ ਪਿਆ। ਬਾਬੇ ਪੋਤੇ ਦਾ ਕੋਈ ਅਦੁੱਤੀ ਰਿਸ਼ਤਾ ਕਾਇਮ ਹੋ ਗਿਆ ਸੀ।
ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਰਿਸ਼ਤਾ ਕਿਵੇਂ ਕਾਇਮ ਹੋਇਆ। ਅਪਣੇ ਪਿਤਾ ਸ਼ਾਮ ਸਿੰਘ ਦੇ ਤੁਰ ਜਾਣ ਤੋਂ ਦਸ ਸਾਲ ਬਾਅਦ 1973 ਵਿਚ ਪ੍ਰਿਤਪਾਲ ਦਾ ਜਨਮ ਹੋਇਆ ਪਰ ਇਸ ਤੋਂ ਬਾਰਾਂ ਸਾਲ ਪਹਿਲਾਂ ਹੀ ਉਹ ਇਕ ਕਵਿਤਾ ਵਿਚ ਉਸ ਦਾ ਨਾਮ ਪ੍ਰਿਤਪਾਲ ਲਿਖ ਗਿਆ ਸੀ। ਮੈਂ ਕਦੇ ਵੀ ਇਹ ਕਵਿਤਾ ਪਹਿਲਾਂ ਪੂਰੀ ਤਰ੍ਹਾਂ ਪੜ੍ਹੀ ਨਹੀਂ ਸੀ, ਸਿਰਫ਼ ਇਹ ਲੇਖ ਲਿਖਣ ਲੱਗਿਆਂ ਜਦ ਸਾਂਭੀਆਂ ਹੋਈਆਂ ਕਵਿਤਾਵਾਂ ਦੀ ਕਾਪੀ ਫਰੋਲ ਰਿਹਾ ਸਾਂ ਤਾਂ ਇਹ ਨਾਂ ਅਚਾਨਕ ਵੇਖ ਕੇ ਮੇਰੀ ਹੈਰਾਨੀ ਹੋਰ ਵੱਧ ਗਈ।
ਪ੍ਰਿਤਪਾਲ ਦੇ ਨਾਮਕਰਨ ਵੇਲੇ ਅਸੀਂ ਈਸਟਹੈਮ ਗੁਰਦੁਆਰਾ ਸਾਹਿਬ ਲੰਡਨ ਗਏ ਸਾਂ ਤੇ ਮਹਾਰਾਜ ਦੀ ਬੀੜ ਖੋਲ੍ਹਣ ਵਕਤ ਪਹਿਲਾ ਅੱਖਰ ‘ਪ’ ਆਉਣ ‘ਤੇ ਅਚਾਨਕ ਮੇਰੇ ਦਿਮਾਗ਼ ਵਿਚ ਜੋ ਪਹਿਲਾ ਨਾਮ ਆਇਆ ਸੀ ਉਹ ‘ਪ੍ਰਿਤਪਾਲ’ ਹੀ ਸੀ। ਕੀ ਸੱਚਮੁਚ ਹੀ ਇਹ ਰਿਸ਼ਤਾ ਉਸ ਦੇ ਜਨਮ ਤੋਂ ਪਹਿਲਾਂ ਹੀ ਕਾਇਮ ਹੋ ਗਿਆ ਸੀ। ਉਸ ਕਵਿਤਾ ਦੀਆਂ ਇਹ ਸਤਰਾਂ ਹਾਜ਼ਰ ਹਨ :-
ਜ਼ੋਰ ਜੁਲਮ ਜਦ ਪਾਪਾਂ ਦਾ ਭਾਰ ਬਣ ਕੇ
ਬੇਇਨਸਾਫ਼ ਦੀ ਤੱਕੜੀ ਤੁਲੇ ਹੋਏ ਸਨ।
ਵਾੜ ਖੇਤ ਨੂੰ ਪੁੱਟ ਕੇ ਖਾਣ ਲੱਗੀ,
ਸੁਣਨਾ ਦਾਦ ਫ਼ਰਿਆਦ ਨੂੰ ਭੁੱਲੇ ਹੋਏ ਸਨ।
ਜਾਲਮ ਜੁਲਮ ਕਰਦੇ ਡਰਦੇ ਨਹੀਂ
ਡਾਢੇ ਖਾਧੇ ਗ਼ਰੀਬ ਦਾ ਫੁੱਲੇ ਹੋਏ ਸਨ।
ਪ੍ਰਲੋ ਪਈ ਕਿ ਪਈ ਭੂਚਾਲ ਔਂਦੈ
ਝੱਖੜ ਕਹਿਰ ਤੂਫ਼ਾਨ ਦੇ ਝੁੱਲੇ ਹੋਏ ਸਨ।
ਦੇਵੀ ਦੇਵਤੇ ਵੇਖ ਹੈਰਾਨ ਹੋ ਗਏ,
ਮਾਤ ਲੋਕ ਦਾ ਧਰਮ ਬਚਾਏ ਕੇਹੜਾ
ਧਰਮਰਾਜ ਦੇ ਭਰੇ ਦਰਬਾਰ ਵਿਚੋਂ
ਰਿਸ਼ੀ ਮੁਨੀ ਤਪਸਵੀ ਜਾਏ ਕੇਹੜਾ
ਓਅੰਕਾਰ ਕਰਤਾਰ ਦੀ ਭਈ ਕਿਰਪਾ
ਸੱਚਖੰਡ ਵਲੋਂ ‘ਪ੍ਰਿਤਪਾਲ’ ਆਇਆ।

ਛੋਟੇ ਹੁੰਦਿਆਂ ਰਿੱਕੀ ਨੂੰ ਉਚਾਈਆਂ ਤੋਂ ਬੜਾ ਡਰ ਲਗਦਾ ਸੀ। ਮੈਨੂੰ ਯਾਦ ਹੈ ਕਿ ਇਕ ਵਾਰੀ ਅਸੀਂ ਛੁੱਟੀਆਂ ਕੱਟਣ ਵੇਲਜ਼ ਗਏ। ਤੁਰਦੇ-ਤੁਰਦੇ ਇਕ ਪਹਾੜੀ ‘ਤੇ ਜਾ ਚੜੇ ਸਾਂ। ਰਿੱਕੀ ਕੰਬੀ ਜਾਵੇ, ਉਸ ਹੋਰ ਉਚਾਈ ‘ਤੇ ਜਾਣੋਂ ਨਾਂਹ ਕਰ ਦਿੱਤੀ। ਅਸੀਂ ਬੜੀ ਮੁਸ਼ਕਲ ਨਾਲ ਉਸ ਨੂੰ ਚੁੱਕ ਕੇ ਇਕ ਪਹਾੜੀ ਦੀ ਚੋਟੀ ‘ਤੇ ਲੈ ਗਏ। ਮੈਂ ਤੇ ਮੇਰੀ ਪਤਨੀ ਰਾਣੀ ਨੇ ਉਸ ਦੇ ਦੋਵਾਂ ਹੱਥਾਂ ਨੂੰ ਫੜਿਆ, ਵੱਡੀ ਭੈਣ ਨੇ ਪਿਛਿਉਂ ਸਹਾਰਾ ਦਿੱਤਾ ਤੇ ਅਸੀਂ ਬੜੀ ਹੀ ਮੁਸ਼ਕਲ ਨਾਲ, ਡਰ ਨਾਲ ਕੰਬ ਰਹੇ ਰਿੱਕੀ ਦੀ ਫ਼ੋਟੋ ਖਿੱਚੀ। ਉਚਾਈਆਂ ਤੋਂ ਏਨਾ ਡਰ ਲਗਦਾ ਸੀ ਉਸ ਨੂੰ।
… ਤੇ ਫਿਰ ਇਕ ਦਿਨ ਅਜਿਹਾ ਆਇਆ ਜਿਹੜਾ ਪ੍ਰਿਤਪਾਲ ਦਸ ਫੁੱਟ ਦੀ ਉਚਾਈ ‘ਤੇ ਜਾਣੋਂ ਡਰਦਾ ਸੀ, ਚਾਲੀ ਹਜ਼ਾਰ ਫੁੱਟ ਦੀ ਉਚਾਈ ‘ਤੇ ਉਡਣ ਲੱਗਾ। ਉਹ ਪਾਇਲਟ ਬਣ ਗਿਆ ਸੀ। ਮੁਢਲੀ ਟ੍ਰੇਨਿੰਗ ਉਸ ਅਮਰੀਕਾ ਤੋਂ ਹਾਸਲ ਕੀਤੀ। ਤਿੰਨ ਕੁ ਸਾਲ ਉਹ ਉਥੇ ਰਹਿਣ ਤੋਂ ਬਾਅਦ ਵਾਪਸ ਇੰਗਲੈਂਡ ਆ ਗਿਆ ਤੇ ਫਿਰ ਮੈਂ ਅਪਣੇ ਇਕ ਬਹੁਤ ਹੀ ਕਰੀਬੀ ਦੋਸਤ ਡਾਕਟਰ ਸਤੀਸ਼ ਪੁਰੀ ਜੋ ਕਿ ਏਅਰ ਇੰਡੀਆ ਦੇ ਮੈਡੀਕਲ ਡਾਇਰੈਕਟਰ ਸਨ, ਦੀ ਸਲਾਹ ‘ਤੇ ਉਸ ਨੂੰ ਇੰਡੀਆ ਭੇਜ ਦਿੱਤਾ। ਦੋ ਸਾਲ ਉਹ ਅਪਣੇ ਅਮਰੀਕਨ ਲਾਇਸੈਂਸ ਨੂੰ ਇੰਡੀਅਨ ਲਾਇਸੈਂਸ ਵਿਚ ਬਦਲਣ ਲਈ ਤਰ੍ਹਾਂ-ਤਰ੍ਹਾਂ ਦੇ ਇਮਤਿਹਾਨ ਦਿੰਦਾ ਰਿਹਾ। ਪਾਸ ਵੀ ਹੋਇਆ ਪਰ ਫ਼ਾਈਲਾਂ ਇਕ ਤੋਂ ਦੂਸਰੇ ਤੇ ਦੂਸਰੇ ਤੋਂ ਤੀਸਰੇ ਦਫ਼ਤਰ ਵਿਚ ਘੁੰਮਦੀਆਂ ਰਹੀਆਂ।
ਫਿਰ ਆ ਗਿਆ ਮਸਲਾ ਉਸ ਦੇ ਬ੍ਰਿਟਿਸ਼ ਸਿਟੀਜ਼ਨ ਹੋਣ ਦਾ। ਬ੍ਰਿਟਿਸ਼ ਸਿਟੀਜ਼ਨ ਹੋਣ ਕਰ ਕੇ ਏਅਰ ਇੰਡੀਆ ਵਿਚ ਪਾਇਲਟ ਲੱਗਣਾ ਅਸੰਭਵ ਸੀ। ਝੂਠ ਬੋਲ ਕੇ ਇੰਡੀਅਨ ਪਾਸਪੋਰਟ ਉਹ ਲੈਣਾ ਨਹੀਂ ਸੀ ਚਾਹੁੰਦਾ ਕਿਉਂਕਿ ਕਿਧਰੇ ਇਨਕੁਆਰੀ ਹੋ ਜਾਣ ਦੇ ਡਰ ਨਾਲ ਉਸ ਦਾ ਭਵਿੱਖ ਤਬਾਹ ਹੋ ਸਕਦਾ ਸੀ।
ਭਾਰਤ ਸਰਕਾਰ ਵਲੋਂ ‘ਓਪਨ ਸਕਾਈ’ ਪਾਲਿਸੀ ਅਜੇ ਸ਼ੁਰੂ ਨਹੀਂ ਸੀ ਹੋਈ। ਸਿਰਫ਼ ਸਰਕਾਰੀ ਏਅਰ ਲਾਈਨ ਏਅਰ ਇੰਡੀਆ ਹੀ ਸੀ। ਇੰਡੀਅਨ ਏਅਰ ਫ਼ੋਰਸ ਦੇ ਪੁਰਾਣੇ ਪਾਇਲਟ ਹੀ ਇਸ ਏਅਰਲਾਈਨ ਨੂੰ ਚਲਾ ਰਹੇ ਸਨ। ਦੂਸਰੀਆਂ ਪ੍ਰਾਈਵੇਟ ਏਅਰਲਾਈਨਜ਼ ਦੀ ਆਮਦ ਅਜੇ ਸ਼ੁਰੂ ਨਹੀਂ ਸੀ ਹੋਈ। ਪ੍ਰਿਤਪਾਲ ਇਸ ਹਾਲਾਤ ਵਿਚ ਕਰਦਾ ਤੇ ਕੀ ਕਰਦਾ। ਏਅਰ ਇੰਡੀਆ ਵਿਚ ਉਸ ਦੇ ਪਾਇਲਟ ਬਣਨ ਦੇ ਸੁਪਨੇ ਟੁੱਟ ਗਏ ਸਨ।
… ਤੇ ਇਸ ਤਰ੍ਹਾਂ ਉਹ ਟੁੱਟਿਆ ਹੋਇਆ ਫਿਰ ਵਾਪਸ ਅਮਰੀਕਾ ਚਲਿਆ ਗਿਆ। ਉਥੇ ਜਾ ਕੇ ਉਸ ਫ਼ਲਾਇੰਗ ਦੇ ਨਾਲ-ਨਾਲ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਕਰ ਲਿਆ। ਦਸ ਸਾਲ ਵਿਚ ਉਹ ਕਈ ਘਰਾਂ ਦਾ ਮਾਲਕ ਬਣ ਗਿਆ, ਲੱਖਾਂ ਕਰੋੜਾਂ ਦਾ ਕਾਰੋਬਾਰ, ਪ੍ਰਾਪਰਟੀਆਂ, ਕਾਰਾਂ ਦੇ ਨਾਲੋਂ-ਨਾਲ ਵਧੀਆ ਸ਼ਾਨੋ-ਸ਼ੌਕਤ। ਉਹ ਹਵਾ ਵਿਚ ਉਡਣ ਲੱਗਾ। ਇਕ ਅਮਰੀਕਨ ਇਟਾਲੀਅਨ ਕੁੜੀ ਜੈਨੀਫ਼ਰ ਨਾਲ ਵਿਆਹ ਕਰਵਾ ਲਿਆ। ਬਾਬੇ ਦੀ ਫੁੱਲ ਕ੍ਰਿਪਾ ਹੋ ਗਈ ਸੀ ਉਸ ਉਪਰ ਪਰ ਬਾਬਾ ਸ਼ਾਮ ਸਿੰਘ ਅਜੇ ਵੀ ਉਸ ਦੇ ਦਿਲ ਵਿਚ ਵਸਿਆ ਹੋਇਆ ਸੀ।
ਇਹ 2006-07 ਦੀ ਕਹਾਣੀ ਹੈ। ਪ੍ਰਿਤਪਾਲ ਇਕ ਘਰ ਲੈਂਦਾ, ਇਸ ਘਰ ਦੀ ਤਿੰਨ ਚਾਰ ਮਹੀਨਿਆਂ ਵਿਚ ਕੀਮਤ ਵੀਹ-ਪੰਝੀ ਪ੍ਰਤੀਸ਼ਤ ਵੱਧ ਜਾਂਦੀ, ਉਹ ਇਸ ਵਧੀ ਕੀਮਤ ‘ਤੇ ਹੋਰ ਕਰਜ਼ਾ ਚੁੱਕ ਕੇ ਇਕ ਹੋਰ ਘਰ ਲੈ ਲੈਂਦਾ। ਸਾਰੇ ਬੈਂਕਾਂ ਤੇ ਮਾਰਗੇਜ ਅਦਾਰਿਆਂ ਵਲੋਂ ਅੰਨ੍ਹੇਵਾਹ ਕਰਜ਼ੇ ਦਿੱਤੇ ਜਾ ਰਹੇ ਸਨ। ਇਨ੍ਹਾਂ ਹੀ ਦਿਨਾਂ ਵਿਚ ਉਸ ਮੈਕਸੀਕੋ ਵਿਚ ਇਕ ਹੌਲੀਡੇ ਹੋਮ ਵੀ ਖ਼ਰੀਦ ਲਿਆ। ਅਸੀਂ ਵੀ ਜਦੋਂ ਉਸ ਨੂੰ ਫੀਨਕਸ ਮਿਲਣ ਜਾਣਾ ਤਾਂ ਉਸ ਅਪਣੀ ਸ਼ਾਨੋ-ਸ਼ੌਕਤ ਵਿਖਾਉਣ ਲਈ ਦੋ ਤਿੰਨਾਂ ਦਿਨਾਂ ਲਈ ਉਥੇ ਲੈ ਜਾਣਾ। ਫ਼ੀਨਕਸ ਤੋਂ ਮੈਕਸੀਕੋ ਦਾ ਬਾਰਡਰ ਕੋਈ ਚਾਰ ਪੰਜ ਘੰਟੇ ਦੀ ਡਰਾਈਵ ਦਾ ਹੈ। ਬਾਰਡਰ ਲੰਘਦਿਆਂ ਹੀ ਰੌਕੀ ਪੁਆਇੰਟ ਵਸਿਆ ਸ਼ਹਿਰ ਬਹੁਤ ਹੀ ਰਮਣੀਕ ਵਾਲਾ ਟੂਰਿਸਟ ਏਰੀਆ ਹੈ।
ਰਿੱਕੀ ਦਾ ਵਧਦਾ ਬਿਜ਼ਨਸ ਵੇਖ ਕੇ ਸਾਡਾ ਵੀ ਮਨ ਬੜਾ ਖ਼ੁਸ਼ ਹੁੰਦਾ ਤੇ ਇਸ ਖ਼ੁਸ਼ੀ ਵਿਚ ਅਸੀਂ ਵੀ ਉਸ ਦੀ ਸਲਾਹ ਨਾਲ ਤਿੰਨ ਚਾਰ ਘਰਾਂ ਵਿਚ ਇਨਵੈਸਟਮੈਂਟ ਕਰ ਦਿੱਤੀ। ਹਵਾ ਨਾਲ ਭਰੇ ਗੁਬਾਰੇ ਕਿੰਨੀ ਕੁ ਦੇਰ ਅਸਮਾਨ ਵਿਚ ਉਡ ਸਕਦੇ ਹਨ ਤੇ ਹੌਲੀ-ਹੌਲੀ ਇਨ੍ਹਾਂ ਗ਼ੁਬਾਰਿਆਂ ‘ਚੋਂ ਹਵਾ ਨਿਕਲਣੀ ਸ਼ੁਰੂ ਹੋ ਗਈ। ਫਿਰ ਇਕ ਰਾਤ ਐਸੀ ਹਨੇਰੀ ਆਈ ਕਿ ਅੰਬਰੀਂ ਉਡਦੇ ਇਹ ਰੰਗਦਾਰ ਗੁਬਾਰੇ ਇਕੋ ਝਟਕੇ ਨਾਲ ਫਟ ਗਏ।
ਫਿਰ ਵੇਖਦਿਆਂ ਹੀ ਵੇਖਦਿਆਂ ਅਮਰੀਕਾ ਵਿਚ ਇਕਨਾਮਿਕਸ ਭੂਚਾਲ ਆ ਗਿਆ। ਅਮਰੀਕਨ ਕੰਪਨੀਆਂ ਨੇ ਹੀ ਲੋਕਾਂ ਨੂੰ ਅੰਨ੍ਹੇਵਾਹ ਕਰਜ਼ੇ ਦੇ ਕੇ ਝੂਠੀ ਦੁਨੀਆ ਵਸਾਈ ਹੋਈ ਸੀ।
ਇਹ 2008 ਦੀ ਗੱਲ ਹੈ, ਦੁਨੀਆ ਦਾ ਸਭ ਤੋਂ ਵੱਡਾ ਬੈਂਕਿੰਗ ਅਦਾਰਾ ਲੇਹਮੈਨ ਬ੍ਰਦਰਜ਼ ਜੋ ਕਿ ਵੱਡੇ-ਵੱਡੇ ਬੈਂਕਾਂ ਨੂੰ ਵੀ ਪੈਸਾ ਸਪਲਾਈ ਕਰਦਾ ਸੀ ਦੀਵਾਲੀਆ ਹੋ ਗਿਆ ਤੇ ਇਸ ਦੇ ਨਾਲ ਹੀ ਅਨੇਕਾਂ ਹੋਰ ਕੰਪਨੀਆਂ ਦਾ ਵੀ ਦੀਵਾਲਾ ਨਿਕਲ ਗਿਆ। ਦੁਨੀਆ ਦੀਆਂ ਸਭ ਤੋਂ ਵੱਡੀਆਂ ਵੱਡੀਆਂ ਕੰਪਨੀਆਂ, ਮਾਰਗੇਜ ਸੁਸਾਇਟੀਆਂ, ਇੰਨਸ਼ੋਰੈਂਸ ਜਾਂਇੰਟਸ, ਗੱਲ ਕੀ ਸਭ ਨੇ ਝੱਗੇ ਚੁੱਕ ਦਿੱਤੇ ਤੇ ਇਸ ਦੇ ਨਾਲ ਹੀ ਦੁਨੀਆ ਦਾ ਸਭ ਤੋਂ ਵੱਡਾ ਰੀਸੈਸ਼ਨ ਸ਼ੁਰੂ ਹੋ ਗਿਆ। ਇਸ ਰੀਸੈਸ਼ਨ ਦਾ ਅਸਰ ਭਾਵੇਂ ਦੁਨੀਆ ਦੇ ਕਈ ਮੁਲਕਾਂ ‘ਤੇ ਪਿਆ ਹੋਵੇਗਾ ਪਰ ਸਭ ਤੋਂ ਵੱਧ ਇਹ ਅਮਰੀਕਾ ‘ਤੇ ਹੀ ਪਿਆ। ਲੱਖਾਂ ਲੋਕ ਦੀਵਾਲੀਏ ਹੋ ਗਏ।
ਇਸ ਮੰਦਵਾੜੇ ਵਿਚ ਇਕ ਅੰਦਾਜ਼ੇ ਅਨੁਸਾਰ 85 ਲੱਖ ਲੋਕ ਅਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠੇ। ਲੱਖਾਂ ਹੀ ਲੋਕਾਂ ਨੇ ਅਪਣੇ ਖ਼ਰੀਦੇ ਘਰ ਬੈਂਕਾਂ ਤੇ ਮਾਰਗੇਜ ਕੰਪਨੀਆਂ ਨੂੰ ਵਾਪਸ ਕਰ ਦਿੱਤੇ। ਜੇ ਨੌਕਰੀਆਂ ਹੀ ਨਹੀਂ ਤਾਂ ਕਰਜ਼ੇ ਵਾਪਸ ਕਿਥੋਂ ਦੇਣੇ ਸਨ। ਇਸ ਮੰਦਵਾੜੇ ਨੂੰ ਅਮਰੀਕਾ ਦਾ ਸਭ ਤੋਂ ਵੱਡਾ ‘ਹਾਊਸਿੰਗ ਬਬਲ’ ਕਿਹਾ ਗਿਆ ਹੈ ਜਿਸ ਨਾਲ ਅਮਰੀਕਾ ਅੱਠ ਟ੍ਰਿਲੀਅਨ ਡਾਲਰ ਦੇ ਕਰਜ਼ੇ ਹੇਠ ਦੱਬ ਗਿਆ। ਇਸ ਤਰ੍ਹਾਂ ਜਿਨ੍ਹਾਂ ਘਰਾਂ ਦੀ ਕੀਮਤ ਦੋ ਲੱਖ ਤੋਂ ਚਾਰ ਲੱਖ ਹੋ ਗਈ ਸੀ, ਉਹ ਹੀ ਘਰ ਕੌਡੀਆਂ ਦੇ ਭਾਅ ‘ਤੇ ਆ ਡਿੱਗੇ। ਸਾਰੇ ਪਾਸੇ ਤਬਾਹੀ ਮਚ ਗਈ। ਇਕ ਰਾਤ ਵਿਚ ਹੀ ਲੋਕੀ ਕਰੋੜਪਤੀਆਂ ਤੋਂ ਬੇਘਰ ਹੋ ਗਏ। ਜ਼ਿੰਦਗੀਆਂ ਦੀਆਂ ਸ਼ਾਨੋ-ਸ਼ੌਕਤਾਂ ਸੜਕਾਂ ‘ਤੇ ਆ ਗਈਆਂ। ਬੈਂਕਾਂ ਨੇ ਦਿੱਤੇ ਹੋਏ ਕਰਜ਼ੇ ਜਦ ਇਕਦਮ ਵਾਪਸ ਮੰਗ ਲਏ ਤਾਂ ਬੰਦੇ ਕੀ ਕਰਦੇ ਤੇ ਇਸ ਤਰ੍ਹਾਂ ਜੋ ਸਭ ਨਾਲ ਹੋਇਆ, ਉਹ ਪ੍ਰਿਤਪਾਲ ਨਾਲ ਵੀ ਹੋ ਗਿਆ।
ਉਸ ਦੇ ਸਾਰੇ ਘਰਾਂ ‘ਚੋਂ ਕਿਰਾਏਦਾਰ ਭੱਜ ਗਏ, ਘਰ ਖ਼ਾਲੀ ਹੋ ਗਏ। ਪ੍ਰਾਪਰਟੀ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ। ਪੰਜ ਛੇ ਮਹੀਨੇ ਉਸ ਬੜੀ ਤੰਗੀ ਨਾਲ ਗੁਜ਼ਾਰੇ ਪਰ ਪੈਸਾ ਕਿਥੋਂ ਆਵੇ, ਆਖ਼ਰ ਰੋਜ਼ਾਨਾ ਜ਼ਿੰਦਗੀ ਨੂੰ ਚਲਾਉਣ ਲਈ ਪੈਸੇ ਦਾ ਕੋਈ ਵਸੀਲਾ ਤਾਂ ਚਾਹੀਦਾ ਹੀ ਸੀ। ਇਹ ਇੰਗਲੈਂਡ ਤਾਂ ਹੈ ਨਹੀਂ ਸੀ ਜਿਥੇ ਬੇਰੁਜ਼ਗਾਰ ਬੰਦਾ ਬੈਨੀਫ਼ੈੱਟ ਵਾਲਿਆਂ ਕੋਲ ਚਲਾ ਜਾਂਦਾ। ਇਹ ਅਮਰੀਕਾ ਸੀ ਜਿਥੇ ਜੇ ਤੁਹਾਡੀ ਮੈਡੀਕਲ ਇੰਸ਼ੋਰੈਂਸ ਨਹੀਂ ਤਾਂ ਇਲਾਜ ਨਹੀਂ ਤੇ ਮੈਡੀਕਲ ਜੋ ਕਿ ਉਥੇ ਬਹੁਤ ਹੀ ਮਹਿੰਗੀ ਹੈ, ਉਸ ਤੋਂ ਬਿਨਾਂ ਰਿਹਾ ਹੀ ਨਹੀਂ ਜਾ ਸਕਦਾ।
ਜਿਸ ਵੱਡੇ ਘਰ ਵਿਚ ਪ੍ਰਿਤਪਾਲ ਰਹਿ ਰਿਹਾ ਸੀ, ਉਹ ਉਸ ਦੀ ਮਾਰਗੇਜ਼ ਦੇਣ ਤੋਂ ਵੀ ਅਸਮਰਥ ਹੋ ਗਿਆ ਤੇ ਨਾਲ ਮੈਡੀਕਲ ਇੰਨਸ਼ੋਰੈਂਸ ਵੀ। ਪ੍ਰਿਤਪਾਲ ਫਿਰ ਇਕ ਵਾਰ ਟੁੱਟ ਗਿਆ ਤੇ ਉਸ ਦੇ ਅੰਦਰ ਬੈਠਾ ਸ਼ਾਮ ਸਿੰਘ ਦਿਲ ਵਿਚ ਧੜਕਣ ਲੱਗਾ। ਅਪਣੇ ਜਿਸ ਦੌਸਤ ਨਾਲ ਉਸ ਇੰਡੀਆ ਵਿਚ ਪਾਇਲਟ ਟ੍ਰੇਨਿੰਗ ਲਈ ਸੀ, ਉਹ ਅੱਜਕਲ੍ਹ ਕਿੰਗਫ਼ਿਸ਼ਰ ਏਅਰ ਲਾਈਨਜ਼ ਵਿਚ ਕੈਪਟਨ ਲਗਿਆ ਹੋਇਆ ਸੀ। ਉਸ ਪ੍ਰਿਤਪਾਲ ਨੂੰ ਵਾਪਸ ਇੰਡੀਆ ਆਉਣ ਲਈ ਕਿਹਾ।
ਹੁਣ ਇੰਡੀਆ ਦੇ ਹਵਾਈ ਸਫ਼ਰ ਬਦਲ ਚੁੱਕੇ ਸਨ। ਕਈ ਪ੍ਰਾਈਵੇਟ ਹਵਾਈ ਕੰਪਨੀਆਂ ਅਸਮਾਨ ‘ਤੇ ਉਡ ਰਹੀਆਂ ਸਨ। ਵਧਦੀ ਆਵਾਜਾਈ ਵੇਖ ਕੇ ਹੁਣ ਭਾਰਤ ਸਰਕਾਰ ਨੇ ਵੀ ‘ਓਪਨ ਸਕਾਈ’ ਵਾਲੀ ਪਾਲਿਸੀ ਅਖ਼ਤਿਆਰ ਕਰ ਲਈ ਸੀ। ਨਵੀਆਂ ਹਵਾਈ ਕੰਪਨੀਆਂ, ਜੈਟ ਏਅਰਵੇਜ਼, ਕਿੰਗਫ਼ਿਸ਼ਰ, ਗੋ ਏਅਰ, ਇੰਡੀਗੋ ਤੇ ਸਪਾਈਸ ਜੈੱਟ ਵਰਗੀਆਂ ਨਾਲ ਏਅਰਪੋਰਟ ਭਰੇ ਪਏ ਸਨ।
ਇਸ ਵੇਲੇ ਭਾਰਤ ਵਿਚ ਪਾਇਲਟਾਂ ਦੀ ਬੜੀ ਘਾਟ ਸੀ ਤੇ ਇਨ੍ਹਾਂ ਕੰਪਨੀਆਂ ਵਲੋਂ ਬਾਹਰਲੇ ਮੁਲਕਾਂ ਦੇ ਪਾਇਲਟਾਂ ਨੂੰ ਹੁਣ ਭਰਤੀ ਕੀਤਾ ਜਾ ਰਿਹਾ ਸੀ। ਇਹ ਕੰਪਨੀਆਂ ਬਾਹਰਲੇ ਪਾਇਲਟਾਂ ਨੂੰ ਪੈਸੇ ਵੀ ਚੰਗੇ ਦਿੰਦੀਆਂ ਸਨ ਤੇ ਨਾਲ-ਨਾਲ ਹਾਊਸਿੰਗ ਅਲਾਉਂਸ ਵੀ ਦਿੱਤੇ ਜਾ ਰਹੇ ਸਨ।
ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਅਪਣੇ ਲੱਖਾਂ ਕਰੋੜਾਂ ਦੇ ਬਿਜ਼ਨਸ ਵੇਲੇ ਉਸ ਪਾਇਲਟ ਦੀ ਨੌਕਰੀ ਪਹਿਲੇ ਹੀ ਛੱਡ ਦਿੱਤੀ ਸੀ ਤੇ ਇਸ ਰੀਸੈਸ਼ਨ ਵਿਚ ਅਮਰੀਕਾ ਵਿਚ ਉਸ ਨੂੰ ਵਾਪਸ ਇਹ ਨੌਕਰੀ ਮਿਲਣੀ ਅਸੰਭਵ ਸੀ। ਇਸ ਤਰ੍ਹਾਂ ਇਕ ਦਿਨ ਪ੍ਰਿਤਪਾਲ, ਅਪਣੀ ਪਤਨੀ ਜੈਨੀਫ਼ਰ ਤੇ ਪੁੱਤਰ ਅਰਜਨ ਨੂੰ ਨਾਲ ਲੈ ਕੇ ਇਕ ਰਾਤ ਦੇ ਹਨੇਰੇ ਵਿਚ ਬੰਬਈ ਆ ਉਤਰਿਆ।
ਬੰਬਈ ਉਹ ਇਕ ਸਾਲ ਰਿਹਾ। ਮਹੀਨੇ ਦਾ ਪੰਜਾਹ ਹਜ਼ਾਰ ਰੁਪਿਆ ਫਲੈਟ ਦਾ ਕਿਰਾਇਆ ਤੇ ਬਾਕੀ ਰਿਹਾਇਸ਼ੀ ਖ਼ਰਚਾ ਪਾ ਕੇ ਤਕਰੀਬਨ ਇਕ ਲੱਖ ਰੁਪਏ ਮਹੀਨੇ ਦਾ ਹੋ ਜਾਂਦਾ। ਜਦ ਉਸ ਨੂੰ ਨਾਲ ਲਿਆਂਦੇ ਪੈਸੇ ਖ਼ਤਮ ਹੋ ਰਹੇ ਲੱਗੇ ਤਾਂ ਉਹ ਕਿਧਰੇ ਸਸਤੀ ਜਗ੍ਹਾ ਸ਼ਿਫ਼ਟ ਹੋਣ ਬਾਰੇ ਸੋਚਣ ਲੱਗਾ। ਬੰਬਈ ਦਾ ਭੀੜ ਭੜੱਕਾ ਵੈਸੇ ਵੀ ਜੈਨੀਫ਼ਰ ਨੂੰ ਪਸੰਦ ਨਹੀਂ ਸੀ ਆ ਰਿਹਾ। ਉਹ ਹਰ ਵਕਤ ਅਮਰੀਕਾ ਵਾਪਸ ਜਾਣ ਬਾਰੇ ਸੋਚਣ ਲੱਗੀ। ਬੰਬਈ ਆਉਣ ਤੋਂ ਪਹਿਲਾਂ ਪ੍ਰਿਤਪਾਲ ਦੇ ਪਾਇਲਟ ਦੋਸਤ ਨੇ ਦੱਸਿਆ ਸੀ ਕਿ ਜੈਨੀਫ਼ਰ ਕਿਉਂਕਿ ਟੀਚਰ ਹੈ ਇਸ ਲਈ ਕਿਸੇ ਚੰਗੇ ਸਕੂਲ ਵਿਚ ਸੌਖਿਆਂ ਹੀ 50-60 ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਲਗ ਜਾਵੇਗੀ ਪਰ ਜੋ ਨੌਕਰੀਆਂ ਉਸ ਨੂੰ ਆਫ਼ਰ ਹੁੰਦੀਆਂ ਉਹ 10-15 ਹਜ਼ਾਰ ਤੋਂ ਵੱਧ ਨਹੀਂ ਸੀ ਹੁੰਦੀਆਂ।
ਅਮਰੀਕਾ ਵਿਚ ਤਿੰਨ ਚਾਰ ਹਜ਼ਾਰ ਡਾਲਰ ਮਹੀਨੇ ਕਮਾਉਣ ਵਾਲੀ ਜੈਨੀਫ਼ਰ ਨੂੰ ਡੇਢ ਸੌ ਡਾਲਰ ਮਹੀਨੇ ਦੀ ਨੌਕਰੀ ਕਰਨ ਵਾਲੀ ਗੱਲ ਅਪਣੀ ਕੁਆਲੀਫ਼ਿਕੇਸ਼ਨ ਦੀ ਹੱਤਕ ਲੱਗੀ ਤੇ ਉਹ ਇਸ ਭੀੜ-ਭੜੱਕੇ ਵਾਲੇ ਸ਼ਹਿਰ ਵਿਚ, ਅਪਣੇ ਪਰਿਵਾਰ ਤੋਂ ਦੂਰ ਰਹਿ ਕੇ ਅਪਣਾ ਮਾਨਸਿਕ ਸੰਤੁਲਨ ਗੁਆਉਣ ਲੱਗੀ। ਘਰ ਵਿਚ ਥੋੜ੍ਹੀ ਬਹੁਤ ਤਕਰਾਰ ਤਾਂ ਹੋਣੀ ਹੀ ਸੀ। ਅਸਲ ਵਿਚ ਜੈਨੀ ਕਿਸੇ ਵੀ ਹਾਲਤ ਵਿਚ ਅਮਰੀਕਾ ਛੱਡ ਕੇ ਪ੍ਰਿਤਪਾਲ ਨਾਲ ਇੰਡੀਆ ਨਹੀਂ ਸੀ ਆਉਣਾ ਚਾਹੁੰਦੀ ਪਰ ਕਿਉਂਕਿ ਔਰਤ ਆਦਮੀ ਨਾਲ ਸੱਚ ਪੁੱਛੋ ਤਾਂ ਜ਼ਿਆਦਾ ਇਮੋਸ਼ਨਲ ਹੁੰਦੀ ਹੈ ਤੇ ਉਹ ਹੀ ਉਸ ਨਾਲ ਹੋਇਆ। ਪ੍ਰਿਤਪਾਲ ਨੇ ਅਪਣੇ ਪਿਆਰ ਦਾ ਉਸ ਕੋਲ ਵਾਸਤਾ ਪਾਇਆ। ਵਿਆਹ ‘ਤੇ ਦੁੱਖ-ਸੁੱਖ ਵਿਚ ਇਕੱਠੇ ਰਹਿਣ ਵਾਲੀਆਂ ਕਸਮਾਂ ਦਾ ਵਾਸਤਾ ਪਾਇਆ ਤੇ ਇਸ ਤਰ੍ਹਾਂ ਜੈਨੀ ਇਸ ਪਿਆਰ ਜਾਲ ਵਿਚ ਫਸ ਗਈ। ਅਪਣੇ ਦੋਸਤ ਦੀ ਸਲਾਹ ‘ਤੇ ਉਹ ਉਸ ਨੂੰ ਕੁਝ ਦਿਨਾਂ ਲਈ ਗੋਆ ਛੁੱਟੀਆਂ ਕੱਟਣ ਲਈ ਲੈ ਗਿਆ। ਬੰਬਈ ਤੋਂ ਗੋਆ ਸਿਰਫ਼ 45 ਮਿੰਟ ਦੀ ਫ਼ਲਾਈਟ ਪਰ ਜ਼ਮੀਨ ਤੇ ਅਸਮਾਨ ਦਾ ਫ਼ਰਕ। ਕਿਥੇ ਬੰਬਈ ਦੀਆਂ ਗੰਦੀਆਂ ਕਾਲੋਨੀਆਂ ਦੀ ਬਦਬੂ, ਧੂੰਆਂ ਤੇ ਟ੍ਰੈਫ਼ਿਕ ਤੇ ਕਿਥੇ ਗੋਆ ਦੇ ਸਾਫ਼ ਸੁਥਰੇ ਬੀਚ, ਨਾਰੀਅਲ ਦੇ ਲੰਮੇ-ਲੰਮੇ ਦਰਖਤਾਂ ਦੀਆਂ ਡਾਰਾਂ ਹੀ ਡਾਰਾਂ। ਫਿਰ ਗੋਰਿਆਂ ਨਾਲ ਭਰੇ ਹੋਏ ਕਲੱਬ ਤੇ ਬਾਰਾਂ। ਬੰਬਈ ਦੀ ਇਕ ਹੋਟਲ ਬਾਰ ਵਿਚ ਤਿੰਨ ਚਾਰ ਸੌ ਰੁਪਿਆਂ ਦਾ ਪੈਗ ਤੇ ਗੋਆ ਦੀਆਂ ਬਾਰਾਂ ਵਿਚ ਤੀਹ ਚਾਲੀ ਰੁਪਿਆਂ ਦਾ ਪੈਗ। ਜੈਨੀ ਦੀਆਂ ਅੱਖਾਂ ਵਿਚੋਂ ਅਥਰੂ ਸੁੱਕਣ ਲੱਗੇ। ਫਿਰ ਗੋਰੇ ਗੋਰੀਆਂ ਕੱਛੇ ਤੇ ਬਨੈਣਾਂ ਪਾਈ ਮੋਟਰ ਸਾਈਕਲਾਂ ‘ਤੇ ਘੁੰਮਣ। ਸ਼ਾਮ ਨੂੰ ਬੀਚ ‘ਤੇ ਬਣੀਆਂ ਬਾਰਾਂ ਵਿਚ ਹੋ ਰਿਹਾ ਸਿਤਾਰ ਵਾਦਨ ਤੇ ਵੈਸਟਰਨ ਮਿਊਜ਼ਿਕ। ਇਹ ਸਭ ਕੁਝ ਵੇਖ ਕੇ ਜੈਨੀ ਨੂੰ ਸਭ ਅਪਣਾ-ਅਪਣਾ ਲੱਗਾ ਤੇ ਦੋਹਾਂ ਨੇ ਬੰਬਈ ਤੋਂ ਸ਼ਿਫ਼ਟ ਹੋ ਕੇ ਗੋਆ ਹੀ ਸੈੱਟ ਹੋ ਜਾਣ ਦਾ ਫ਼ੈਸਲਾ ਕਰ ਲਿਆ। ਵਧੀਆ ਆਰਾਮ ਵਾਲੀ ਜ਼ਿੰਦਗੀ ਤੇ ਖ਼ਰਚਾ ਵੀ ਬੰਬਈ ਤੋਂ ਚੌਥਾ ਹਿੱਸਾ। ਬੰਬਈ ਦੇ ਫਲੈਟ ਦਾ ਕਿਰਾਇਆ ਜਿਥੇ ਪੰਜਾਹ ਹਜ਼ਾਰ ਸੀ, ਇਥੇ ਉਨ੍ਹਾਂ ਨੂੰ ਬੰਬਈ ਨਾਲੋਂ ਕਿਧਰੇ ਵੱਡਾ ਤਿੰਨ ਬੈਡਰੂਮ ਦਾ ਅਪਾਰਟਮੈਂਟ ਵਿਚੇ ਬਿਜਲੀ ਪਾਣੀ ਵੀਹ ਹਜ਼ਾਰ ਵਿਚ ਮਿਲ ਗਿਆ।
ਥੋੜ੍ਹੇ ਹੀ ਦਿਨਾਂ ਵਿਚ ਉਨ੍ਹਾਂ ਆਲੇ-ਦੁਆਲੇ ਕਈ ਯੂਰਪੀਅਨ ਦੋਸਤ ਬਣਾ ਲਏ। ਇੰਗਲੈਂਡ ਦੇ ਗੋਰਿਆਂ ਲਈ ਗੋਆ ਇਕ ਬਹੁਤ ਹੀ ਵੱਡਾ ਟੂਰਿਸਟ ਕੇਂਦਰ ਹੈ। ਕੋਈ ਲੰਡਨ ਤੋਂ ਆ ਕੇ ਰਹਿ ਰਿਹਾ ਸੀ, ਕੋਈ ਬਰਮਿੰਘਮ ਤੇ ਕੋਈ ਲੀਡਜ਼ ਤੋਂ। ਜੈਨੀ ਨੇ ਵੀ ਇਕ ਟੂਵੀਲ੍ਹਰ ਖ਼ਰੀਦ ਲਿਆ ਤੇ ਚਲਾਉਂਦੀ ਚਲਾਉਂਦੀ ਹਵਾ ਵਿਚ ਉਡਣ ਲੱਗੀ। ਖੁਲ੍ਹੀਆਂ ਹਵਾਵਾਂ, ਖੁਲ੍ਹੇ ਖੇਤ ਤੇ ਸਮੁੰਦਰੀ ਲਹਿਰਾਂ ਨਾਲ ਜੈਨੀ ਦੇ ਚਿਹਰੇ ‘ਤੇ ਫਿਰ ਹਾਸੇ ਪਰਤ ਆਏ।
ਇਸੇ ਦੌਰਾਨ ਜੈਨੀ ਨੂੰ ਇਕ ਪ੍ਰਾਈਵੇਟ ਸਕੂਲ ਜਿਹੜਾ ਕਿ ਯੂਰਪੀਅਨ ਬੱਚਿਆਂ ਲਈ ਸੀ, ਵਿਚ ਨੌਕਰੀ ਵੀ ਮਿਲ ਗਈ। ਉਸ ਨੂੰ ਬੰਬਈ ਦੇ ਨਾਲ-ਨਾਲ ਅਮਰੀਕਾ ਵੀ ਭੁੱਲ ਗਿਆ। ਅਰਜਨ ਨੂੰ ਵੀ ਅਪਣੇ ਹਾਣ ਦੇ ਗੋਰੇ ਬੱਚੇ ਸਕੂਲ ਵਿਚ ਮਿਲ ਗਏ। ਰਿੱਕੀ ਨੇ ਅਪਣੇ ਨਵੇਂ ਦੋਸਤ ਬਣਾ ਲਏ। ਘਰ ਵਿਚ ਸਫ਼ਾਈ ਕਰਨ ਲਈ ਤੇ ਰੋਟੀ ਬਣਾਉਣ ਲਈ ਦੋ ਨੌਕਰਾਣੀਆਂ ਰੱਖ ਲਈਆਂ ਤੇ ਜ਼ਿੰਦਗੀ ਐਨੀ ਰਿਲੈਕਸ ਹੋ ਗਈ ਕਿ ਦੋਵੇਂ ਨਵੇਂ ਸੁਪਨੇ ਲੈਣ ਲੱਗੇ। ਦੋਸਤਾਂ ਦੀਆਂ ਮਹਿਫ਼ਲਾਂ, ਬੀਚ ਬਾਰਾਂ ਤੇ ਮਧੁਰ ਸੰਗੀਤ, ਰਾਤਾਂ ਦੀਆਂ ਖੁਮਾਰੀਆਂ, ਨਸ਼ਾ ਹੀ ਨਸ਼ਾ, ਮਦਹੋਸ਼ੀਆਂ…
ਫਿਰ ਇਕ ਦਿਨ ਖ਼ਬਰ ਆਈ ਕਿ ਜੈਨੀ ਪ੍ਰੈਗਨੈਟ ਹੈ। ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਪਹਿਲਾ ਬੱਚਾ ਅਰਜਨ ਪੂਰਾ ਅੰਗਰੇਜ਼ ਹੈ। ਬਿੱਲੀਆਂ ਅੱਖਾਂ, ਭੂਰੇ ਵਾਲ, ਬਿਲਕੁਲ ਜੈਨੀਫ਼ਰ ਵਰਗਾ। ਨਵੇਂ ਪੁੱਤਰ ਦੇ ਕਾਲੇ ਭੂਰੇ ਵਾਲ, ਰੰਗ ਵੀ ਕੁਝ ਗੰਦਮੀ, ਪੂਰਾ ਹਿੰਦੁਸਤਾਨੀ, ਬਿਲਕੁਲ ਪ੍ਰਿਤਪਾਲ ਵਰਗਾ। ਮੈਂ ਉਸ ਨੂੰ ਨਵੇਂ ਬੇਟੇ ਦੀ ਵਧਾਈ ਦਾ ਫ਼ੋਨ ਕੀਤਾ। ਕਹਿਣ ਲੱਗਾ, ”ਡੈਡੀ ਤੁਹਾਡਾ ਇਹ ਗਰੈਂਡਸਨ ਪੂਰਾ ਇੰਡੀਅਨ ਹੈ ਤੇ ਤੁਹਾਨੂੰ ਪਤਾ ਮੈਂ ਇਸ ਦਾ ਨਾਂ ਕੀ ਰੱਖਿਆ ਹੈ।?
ਮੈਂ ਕਿਹਾ ਕਿ ਪਹਿਲੇ ਦਾ ਤਾਂ ਤੂੰ ਮੈਨੂੰ ਪੁੱਛ ਕੇ ਤੇ ਮੇਰੇ ਕਹਿਣ ‘ਤੇ ਹੀ ਅਰਜਨ ਰੱਖਿਆ ਸੀ ਤੇ ਇਸ ਵਾਰ ਤੂੰ ਮੈਨੂੰ ਪੁੱਛਿਆ ਤਕ ਨਹੀਂ?
ਕਹਿਣ ਲੱਗਾ ਕਿ ਮੈਂ ਤੁਹਾਨੂੰ ਸਰਪਰਾਈਜ਼ ਦੇਣਾ ਚਾਹੁੰਦਾ ਸਾਂ।
ਮੈਂ ਕਿਹਾ, ”ਬਈ ਕਿਹੜੀ ਸਰਪਰਾਈਜ਼?”
ਫਿਰ ਕਹਿਣ ਲੱਗਾ, ”ਮੈਂ ਤੁਹਾਡੇ ਗਰੈਂਡਸਨ ਦਾ ਨਾਂ ਰੱਖਿਆ ਹੈ ….. ਸ਼ਾਮ ਸਿੰਘ”
ਮੇਰੀਆਂ ਅੱਖਾਂ ਵਿਚੋਂ ਆਪ ਮੁਹਾਰੇ ਦੋ ਅਥਰੂ ਡਿੱਗੇ। ਇਕ ਗੋਆ ਦੀ ਧਰਤੀ ਤੋਂ ਕੱਢੇ ਗਏ ਅਪਣੇ ਪਿਤਾ ਸ਼ਾਮ ਸਿੰਘ ਨੂੰ ਯਾਦ ਕਰ ਕੇ ਤੇ ਦੂਸਰਾ ਆਜ਼ਾਦ ਗੋਆ ਦੀ ਧਰਤੀ  ‘ਤੇ ਜਨਮੇ ਨਵੇਂ ਗਰੈਂਡਸਨ ਸ਼ਾਮ ਸਿੰਘ ਨੂੰ ਯਾਦ ਕਰਕੇ।
… ਤੇ ਇਸ ਦੇ ਨਾਲ ਹੀ ਸੱਠ ਸਾਲ ਪਹਿਲਾਂ ਨਾਅਰੇ ਮਾਰਦਾ ਸ਼ਾਮ ਸਿੰਘ ਮੈਨੂੰ ਵਿਖਾਈ ਦੇਣ ਲੱਗਾ…
ਮੈਂ ਇਕ ਦਿਨ ਵਾਪਸ ਆਵਾਂਗਾ
ਆਜ਼ਾਦ ਗੋਆ ਵਿਚ ਵਾਪਸ ਆਵਾਂਗਾ
ਆਜ਼ਾਦ ਗੋਆ ਵਿਚ ਸਾਹ ਲਵਾਂਗਾ
ਗੋਆ ਜ਼ਿੰਦਾਬਾਦ
ਗੋਆ ਜ਼ਿੰਦਾਬਾਦ
ਈਮੇਲ : 

Leave a Reply

Your email address will not be published. Required fields are marked *