fbpx Nawidunia - Kul Sansar Ek Parivar

ਸੰਘਰਸ਼ਾਂ ਦੀ ਗਾਥਾ ਲਿਖ ਰਹੀਆਂ ਪੇਂਡੂ ਔਰਤਾਂ : ਅਤਿੰਦਰ ਪਾਂਡੇ, ਦੀਪਿੰਦਰ ਕੌਰ

“ਮੇਰੇ ਪਤੀ ਨੇ ਖੇਤੀਬਾੜੀ ਵਿੱਚ ਫ਼ਸਲਾਂ ਦੀ ਅਦਲਾ-ਬਦਲੀ ਕਰਨ ਦੇ ਚੱਕਰ ਵਿੱਚ ਕਰਜ਼ੇ ਦੀ ਪੰਡ ਵੱਡੀ ਕਰ ਲਈ, ਉਹ ਇਹ ਭਾਰ ਨਾ ਸੰਭਾਲਦਾ ਹੋਇਆ 2015 ਵਿੱਚ ਆਤਮ ਹੱਤਿਆ ਕਰ ਗਿਆ। ਪਤੀ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਝਗੜਿਆਂ ਨਾਲ ਜੂਝਣ ਲਈ ਮੈਂ ਇਕੱਲੀ ਰਹਿ ਗਈ, ਬੱਸ ਦੁੱਖਾਂ ਨਾਲ ਜੂਝਦੀ ਹੋਈ ਅਗਾਂਹ ਦਿਨ-ਕਟੀ ਕਰ ਰਹੀ ਹਾਂ।” ਇਹ ਸ਼ਬਦ ਕਿਸੇ ਇੱਕ ਔਰਤ ਦੇ ਨਹੀਂ, ਸਗੋਂ ਮਾਲਵੇ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਕਿਸਾਨ-ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਦੀ ਦਾਸਤਾਂ ਹੈ। ਇਨ੍ਹਾਂ ਵਿੱਚੋਂ ਬਹੁਗਿਣਤੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਆਰਥਿਕ ਸੰਕਟਾਂ ’ਚੋਂ ਪਾਰ ਨਿਕਲਣ ਲਈ ਕਿਸਾਨ ਸੰਘਰਸ਼ਾਂ ਦਾ ਹਿੱਸਾ ਵੀ ਬਣ ਚੁੱਕੀਆਂ ਹਨ।

ਪ੍ਰਸਿੱਧ ਅਰਥਸ਼ਾਸਤਰੀ ਪ੍ਰੋਫੈਸਰ ਐੱਚ.ਐੱਸ. ਸ਼ੇਰਗਿੱਲ ਨੇ 2007-08 ਦੌਰਾਨ 30 ਪਿੰਡਾਂ ਦੇ 200 ਕਿਸਾਨ ਪਰਿਵਾਰਾਂ ਦਾ ਅਧਿਐਨ ਕਰਦਿਆਂ ਨਤੀਜਾ ਕੱਢਿਆ ਸੀ ਕਿ 1997 ਤੋਂ 2008 ਤੱਕ 5 ਗੁਣਾ ਕਰਜ਼ਾ ਕਿਸਾਨਾਂ ’ਤੇ ਵਧਿਆ। ਇਹ ਪਰਿਵਾਰ ਜ਼ਿਆਦਾਤਰ ਮਾਲਵਾ ਖੇਤਰ ਦੇ ਸਨ। ਜਿਨ੍ਹਾਂ ਬਹੁਤੇ ਪਰਿਵਾਰਾਂ ਦੀ ਜ਼ਮੀਨ ਵਿਕ ਗਈ ਜਾਂ ਵਿਕਣ ਕੰਢੇ ਸੀ, ਉਹ ਜਹਾਲਤ ਭਰੀ ਜ਼ਿੰਦਗੀ ਜਿਊਣ ਨਾਲੋਂ ਖ਼ੁਦਕੁਸ਼ੀ ਨੂੰ ਤਰਜੀਹ ਦੇਣ ਲੱਗੇ। ਵੱਖ-ਵੱਖ ਸਰਵੇਖਣਾਂ ਵਿੱਚ ਔਰਤਾਂ ਦੀ ਖ਼ੁਦਕੁਸ਼ੀ ਦੀ ਗੱਲ ਬੇਹੱਦ ਘੱਟ ਕੀਤੀ ਜਾਂਦੀ ਹੈ ਕਿਉਂਕਿ ਸਾਡੇ ਜ਼ਮੀਨ-ਜਾਇਦਾਦ ਦੀ ਮਲਕੀਅਤ ਮਰਦਾਂ ਦੇ ਨਾਂ ਹੁੰਦੀ ਹੈ, ਜਿਸ ਕਾਰਨ ਵੱਖ-ਵੱਖ ਅਧਿਐਨਾਂ ਵਿੱਚ ਔਰਤ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਸਿਰਫ਼ ਸਮਾਜ ਵਿਗਿਆਨੀ ਰੰਜਨਾ ਪਾਂਢੀ ਨੇ ਆਪਣੇ ਅਧਿਐਨ ਦੌਰਾਨ ਲਹਿਰਾਗਾਗਾ ਬਲਾਕ ਵਿੱਚ 33 ਕਿਸਾਨ ਔਰਤਾਂ ਅਤੇ 23 ਖੇਤ ਮਜ਼ਦੂਰ ਔਰਤਾਂ ਦੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ ਜ਼ਿਕਰ ਕੀਤਾ ਹੈ।

ਬਹੁਗਿਣਤੀ ਔਰਤਾਂ ਦੀ ਸਥਿਤੀ ਬਹੁਤ ਖ਼ਰਾਬ ਹੁੰਦੀ ਹੈ ਭਾਵੇਂ ਉਹ ਜ਼ਿਮੀਦਾਰ ਪਰਿਵਾਰ ਵਿੱਚੋਂ ਹੋਣ ਜਾਂ ਬੇਜ਼ਮੀਨੇ ਪਰਿਵਾਰਾਂ ਤੋਂ। ਕਈ ਔਰਤਾਂ ਨੇ ਇੱਥੋਂ ਤੱਕ ਕਿਹਾ ਕਿ ਬੱਸ ਵਕਤ ਨੂੰ ਧੱਕਾ ਦੇ ਰਹੇ ਹਾਂ। ਸਾਡੇ ਛੋਟੇ ਬੱਚੇ ਹਨ ਜਿਨ੍ਹਾਂ ਦੀ ਦੇਖ-ਰੇਖ ਸਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਔਰਤਾਂ ਤ੍ਰਾਸਦਿਕ ਢੰਗਾਂ ਨਾਲ ਆਪਣੇ ਕੰਮਾਂ-ਕਾਰਾਂ ਨੂੰ ਸੰਭਾਲਦੀਆਂ ਹਨ, ਅੰਦਰੋਂ ਟੁੱਟ ਜਾਣ ਦੇ ਬਾਵਜੂਦ ਸਖ਼ਤ ਜੱਦੋ-ਜਹਿਦ ਕਰ ਰਹੀਆਂ ਹਨ। ਇਕ ਸੁਆਲ ਜੋ ਅਕਸਰ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੂੰ ਪੁੱਛਦੇ ਕਿ ਤੁਸੀਂ ਚਾਰੇ ਪਾਸੇ ਚੱਲ ਰਹੇ ਸੰਘਰਸ਼ਾਂ ਵਿੱਚ ਭਾਗ ਲੈਣ ਕਿਉਂ ਜਾਂਦੀਆਂ ਹੋ ਤਾਂ ਉਹ ਜਿਨ੍ਹਾਂ ਕਦੇ ਸਕੂਲ-ਕਾਲਜ ਦਾ ਮੂੰਹ ਨਹੀਂ ਸੀ ਦੇਖਿਆ, ਚਿਹਰਿਆਂ ਤੇ ਝੁਰੜੀਆਂ ਅਤੇ ਨਿਰਾਸ਼ਾ ਦਾ ਆਲਮ, ਉਨ੍ਹਾਂ ਦੀ ਮੂੰਹ ਬੋਲਦੀ ਤਸਵੀਰ ਸੀ; ਬਹੁਗਿਣਤੀ ਜਵਾਬ ਦਿੰਦੀਆਂ, “ਅਸੀਂ ਪਹਿਲਾਂ ਪਤੀ ਦੇ ਖ਼ੁਦਕੁਸ਼ੀ ਕਰ ਜਾਣ ਕਾਰਨ ਉੱਖੜੀਆਂ, ਉਨ੍ਹਾਂ ਦਾ ਕਰਜ਼ਾ ਅਤੇ ਘਰ ਦੇ ਬੂਹੇ ਉੱਤੇ ਖੜ੍ਹੀ ਨੌਜਵਾਨ ਧੀ ਦਾ ਵਰ ਤੋਰਨ ਦਾ ਬੋਝ ਸਾਨੂੰ ਅੰਦਰੋ-ਅੰਦਰੀ ਤੋੜ ਰਿਹਾ ਸੀ। ਹੁਣ ਜੋ ਸਾਡੇ ਜੀਵਨ ਬਸਰ ਲਈ ਦੋ-ਚਾਰ ਕਿੱਲੇ ਬਚੇ ਸੀ ਉਹ ਵੀ ਵੱਡੇ ਘਰਾਣਿਆਂ ਨੂੰ ਸੌਂਪ ਦਿੱਤੇ ਜਾਣਗੇ ਜਿਨ੍ਹਾਂ ਨੂੰ ਅਡਾਨੀ ਤੇ ਅੰਬਾਨੀ ਕਹਿੰਦੇ ਹਨ ਅਤੇ ਅਸੀਂ ਜ਼ਮੀਨਾਂ ਤੋਂ ਵੀ ਬੇਦਖ਼ਲ ਹੋ ਜਾਵਾਂਗੀਆਂ। ਸਾਡੇ ਕੋਲ ਲੜਨ ਤੇ ਮਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ।’’

ਇੱਕ ਔਰਤ, ਜਿਸ ਦਾ ਪਤੀ ਖ਼ੁਦਕੁਸ਼ੀ ਕਰ ਗਿਆ, ਟੌਲ ਪਲਾਜ਼ੇ ’ਤੇ ਬੋਲ ਰਹੀ ਸੀ, “ਮੈਨੂੰ ਹੁਣ ਸਮਝ ਆ ਰਹੀ ਹੈ ਕਿ ਅਸੀਂ ਕਿਉਂ ਕਰਜ਼ਿਆਂ ਵਿੱਚ ਫਸ ਗਏ ਹਾਂ ਅਤੇ ਅਗਾਂਹ ਸਾਡੀਆਂ ਤਾਂ ਫ਼ਸਲਾਂ ਜੋ ਸਾਡੇ ਧੀਆਂ-ਪੁੱਤਾਂ ਦੇ ਸਮਾਨ ਹੁੰਦੀਆਂ ਹਨ, ਉਹ ਵੀ ਨਹੀਂ ਵਿਕਣੀਆਂ। ਸਾਡੇ ਕੋਲ ਲੜਨ ਤੋਂ ਬਿਨਾਂ ਕੁਝ ਵੀ ਬਾਕੀ ਨਹੀਂ ਬਚਿਆ।” ਇਹ ਕਾਰਨ ਹੈ ਅਜੋਕੇ ਸੰਘਰਸ਼ਾਂ ਦੌਰਾਨ ਔਰਤਾਂ ਦਾ ਵੱਡੀ ਗਿਣਤੀ ਵਿੱਚ ਘਰ ਦੀ ਚਾਰ ਦੀਵਾਰੀ ’ਚੋਂ ਨਿਕਲ ਕੇ ਲੜਨ ਵੱਲ ਨੂੰ ਤੁਰ ਪੈਣ ਦਾ। ਹਾਲਾਂਕਿ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮਾਹਰ ਅਧਿਐਨ ਕਰਕੇ ਇਹ ਅੰਕੜੇ ਦਰਜ ਕਰਵਾਉਂਦੇ ਰਹੇ ਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵੱਡੇ ਸੰਕਟ ਵੱਲ ਵੱਧ ਚੁੱਕਾ ਹੈ। ਸਾਲ 2011 ਵਿੱਚ ਉੜੀਸਾ ਤੋਂ ਆਈ ਰੰਜਨਾ ਪਾਂਢੀ ਨੇ ‘ਪੰਜਾਬ ਦੇ ਖੇਤੀ ਸੰਕਟ ਦੀ ਕਹਾਣੀ-ਔਰਤਾਂ ਦੀ ਆਪਣੀ ਜ਼ੁਬਾਨੀ’ ਜੋ ਮਾਲਵਾ ਖੇਤਰ ਦੇ ਖੁਦਕੁਸ਼ੀਆਂ ਕਰ ਗਏ ਪਰਿਵਾਰਾਂ ਦੀਆਂ 192 ਔਰਤਾਂ ਦੀ ਤ੍ਰਾਸਦਿਕ ਸਥਿਤੀ ਦੀ ਦਾਸਤਾਨ ਪੇਸ਼ ਕਰਦੀ ਹੈ, ਵਿਚ ਉਹ ਲਿਖਦੀ ਹੈ, “ਪਤੀਆਂ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰ ਦੀ ਖ਼ਸਤਾ ਹਾਲ ਆਰਥਿਕਤਾ ਅਤੇ ਅਨਿਸ਼ਚਿਤ ਭਵਿੱਖ ਵਿੱਚ ਡਾਵਾਂਡੋਲ ਖੜੀ ਔਰਤ ਪੰਜਾਬ ਦੇ ਪਿੰਡਾਂ ਦੀ ਦਰਦਨਾਕ ਤਸਵੀਰ ਪੇਸ਼ ਕਰਦੀ ਹੈ।” ਇਸ ਖੋਜ-ਪੁਸਤਕ ਵਿੱਚ ਪ੍ਰਸਿੱਧ ਸਮਾਜਿਕ ਵਿਗਿਆਨੀ ਪ੍ਰੋ. ਉਮਾ ਚੱਕਰਵਤੀ ਦੀ ਟਿੱਪਣੀ ਹੈ: ‘ਖ਼ੁਦਕੁਸ਼ੀ ਉਪਰੰਤ ਔਰਤ ਦੀ ਸਥਿਤੀ ਦਿਲ ਕੰਬਾਊ ਤਸਵੀਰ ਪੇਸ਼ ਕਰਦੀ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ 13 ਸਾਲ ਦੇ ਲੜਕੇ ਨੇ ਪੜ੍ਹਾਈ ਦੇ ਖ਼ਰਚੇ ਨਾ ਮਿਲਣ ਕਰਕੇ, ਪਹਿਲਾਂ ਪੜ੍ਹਾਈ ਛੱਡੀ ਅਤੇ ਫਿਰ ਖ਼ੁਦਕੁਸ਼ੀ ਕੀਤੀ। ਇਸੇ ਤਰ੍ਹਾਂ ਬਾਪ ਦੀ ਮੌਤ ਤੋਂ ਬਾਅਦ ਧੀ ਦਾ ਵਿਆਹ ਤਾਂ ਕਰ ਦਿੱਤਾ ਪਰ ਸਾਲ ਬਾਅਦ ਸਹੁਰੇ ਘਰ ਜ਼ਲਾਲਤ ਨਾ ਸਹਾਰਦਿਆਂ ਉਸ ਖ਼ੁਦਕੁਸ਼ੀ ਕਰ ਲਈ।’’

ਅਜਿਹੀਆਂ ਸਥਿਤੀਆਂ ਵਿੱਚ ਖੋਜ ਕਰਦਿਆਂ ਉਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਨੂੰ ਮਿਲਣਾ, ਜਿਨ੍ਹਾਂ ਸਿੱਧੇ ਖੁਦਕੁਸ਼ੀਆਂ ਨੂੰ ਦੇਖਿਆ ਅਤੇ ਆਰਥਿਕ ਮੰਦਹਾਲੀ ਦੇ ਕਹਿਰ ਨਾਲ ਉਹ ਔਰਤਾਂ ਕਿਵੇਂ ਨਜਿੱਠ ਰਹੀਆਂ ਹਨ। ਇੱਕ ਔਰਤ ਨੇ ਕਿਹਾ ਕਿ ਉਹ ਦਿਨ-ਬ-ਦਿਨ ਸਮੱਸਿਆਵਾਂ ਦੇ ਬੋਝ ਹੇਠਾਂ ਦੱਬਦੀ ਜਾ ਰਹੀ ਹੈ, ਦੋ ਬੇਟੀਆਂ ਨਾਲ ਜੂਝ ਰਹੀ ਹੈ, ਪਰ ਸਿਰ ਖੜ੍ਹਾ ਕਰਜ਼ਾ ਰਾਤਾਂ ਦੀ ਨੀਂਦ ਉਡਾ ਰਿਹਾ ਹੈ। ਅਜਿਹੀਆਂ ਦਰਜਨਾਂ ਨਹੀਂ ਸੈਂਕੜੇ ਔਰਤਾਂ ਪਤਾ ਨਹੀਂ ਕਿਹੜੇ ਸਿਰੜ ਨਾਲ ਦਿਨ-ਕਟੀ ਕਰ ਰਹੀਆਂ ਹਨ।

ਅਜਿਹਾ ਉਜਾੜਾ ਅਤੇ ਉਖੇੜਾ ਹੋਣ ਕਰਕੇ ਹੁਣ ਜਦੋਂ ਕਿਸਾਨੀ ਤਿੰਨ ਮਾਰੂ ਕਾਨੂੰਨਾਂ ਖ਼ਿਲਾਫ਼ ਹੀ ਖੜ੍ਹੀ ਹੋਈ ਤਾਂ ਇਸ ਸੰਘਰਸ਼ ਵਿਚ ਔਰਤਾਂ ਦੀ ਸ਼ਮੂਲੀਅਤ ਦਾ ਇਕ ਅਹਿਮ ਕਾਰਨ ਇਨ੍ਹਾਂ ਪੇਂਡੂ ਔਰਤਾਂ ਦੀ ਤ੍ਰਾਸਦੀ ਵੀ ਹੈ। ਇਕ ਪਾਸੇ ਉਹ ਔਰਤਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ ਖ਼ੁਦਕੁਸ਼ੀਆਂ ਕਰ ਗਏ ਅਤੇ ਨਾਲ ਹੀ ਵੱਡੀ ਗਿਣਤੀ ਉਹ ਔਰਤਾਂ ਵੀ ਹਨ, ਜਿੰਨ੍ਹਾਂ ਦੇ ਘਰਾਂ ਵਿੱਚ ਭਾਵੇਂ ਅਜਿਹੀ ਤ੍ਰਾਸਦੀ ਨਹੀਂ ਵਾਪਰੀ, ਉਨ੍ਹਾਂ ਨੂੰ ਜਾਪਣ ਲੱਗਿਆ ਕਿ ਸਾਡਾ ਵੀ ਭਵਿੱਖ ਅਨਿਸ਼ਚਿਤ ਹੈ। ਅਸੀਂ ਪਹਿਲਾਂ ਹੀ ਕਰਜ਼ੇ ਦੀਆਂ ਮਾਰੀਆਂ ਹਾਂ। ਹੁਣ ਜ਼ਮੀਨ ਵੀ ਸਾਡੇ ਕੋਲ ਨਹੀਂ ਰਹਿਣੀ। ਹੁਣ ਲੜਨ ਤੋਂ ਬਿਨਾਂ ਕੋਈ ਚਾਰਾ ਬਾਕੀ ਨਹੀਂ। ਖੋਜ ਕਾਰਜ ਅਤੇ ਗੱਲਬਾਤ ਰਾਹੀਂ ਅਸੀਂ ਮਹਿਸੂਸ ਕੀਤਾ ਕਿ ਵੱਡੀ ਗਿਣਤੀ ਔਰਤਾਂ ਮਰਦਾਂ ਨਾਲੋਂ ਵੀ ਤੇਜ਼ੀ ਨਾਲ ਸੰਘਰਸ਼ ਦੇ ਰਾਹ ਪੈ ਗਈਆਂ ਹਨ। ਸਾਨੂੰ ਮਹਿਸੂਸ ਹੋਇਆ ਕਿ ਦੁਨੀਆ ਦੇ ਪ੍ਰਸਿੱਧ ਵਿਦਵਾਨ ਡੇਵਿਡ ਹਾਰਵੇ ਇਸੇ ਕਰਕੇ ਤਾਂ ਕਹਿੰਦੇ ਨੇ ਕਿ ਜਦੋਂ ਕਾਰਪੋਰੇਟ ਘਰਾਣੇ ਉਜਾੜਦੇ ਨੇ ਤਾਂ ਲੋਕਾਂ ਕੋਲ ਲੜਨ ਤੋਂ ਬਿਨਾਂ ਕੋਈ ਰਸਤਾ ਨਹੀਂ ਬਚਦਾ।

ਜਦੋਂ ਅਸੀਂ ਪਹਿਲਾਂ ਹੀ ਭਿਆਨਕ ਬਿਮਾਰੀ ਕਰੋਨਾ ਕਾਰਨ ਆਰਥਿਕ ਤੌਰ ’ਤੇ ਤਹਿਸ-ਨਹਿਸ ਹੋ ਚੁੱਕੇ ਹਾਂ, ਹਰੇਕ ਕਿਸਮ ਦਾ ਰੁਜ਼ਗਾਰ ਖ਼ਤਮ ਹੋ ਚੁੱਕਾ ਹੈ, ਤਾਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਸਾਡੀ ਬਾਂਹ ਫੜਦੀਆਂ ਪਰ ਉਨ੍ਹਾਂ ਸਾਨੂੰ ਹੋਰ ਭਿਆਨਕ ਸੰਕਟ ਵੱਲ ਧੱਕ ਦਿੱਤਾ ਹੈ। ਇਸ ਲਈ ਉਹ ਅਚੇਤ ਜਾਂ ਸੁਚੇਤ ਰੂਪ ਵਿੱਚ ਇਸ ਸਭ ਲਈ ਦਿੱਲੀ ਦਰਬਾਰ ਨੂੰ ਦੋਸ਼ੀ ਮੰਨ ਰਹੀਆਂ ਹਨ। ਉਨ੍ਹਾਂ ਦੇ ਚਿਹਰਿਆਂ ਤੋਂ ਜਾਪਿਆ ਕਿ ਪੰਜਾਬ ਦੇ ਪੇਂਡੂ ਖੇਤਰ ਵਿੱਚ ਔਰਤ ਵਿਦਰੋਹ ਦੀ ਕਹਾਣੀ ਲਿਖੀ ਜਾ ਰਹੀ ਹੈ। ਜਿਵੇਂ ਨਾਵਲਕਾਰ ਕੇਸਰ ਸਿੰਘ ਨੇ ਨਾਵਲ ‘ਗੁਲਾਬ ਕੌਰ’ ਵਿੱਚ ਦਰਜ ਕੀਤਾ ਕਿ ‘ਜਦੋਂ ਮੇਰੇ ਗ਼ਦਰੀ ਭਰਾ ਸੰਘਰਸ਼ ਦੀਆਂ ਕਤਾਰਾਂ ਵਿੱਚ ਕੁੱਦੇ ਹੋਏ ਹਨ ਤਾਂ ਮੈਂ ਪਿੱਛੇ ਕਿਵੇਂ ਰਹਿ ਸਕਦੀ ਸਾਂ।’ ਸਾਨੂੰ ਇਨ੍ਹਾਂ ਔਰਤਾਂ ਵਿੱਚੋਂ ਕਈ ਗੁਲਾਬ ਕੌਰ ਵਰਗੀਆਂ ਜਾਪੀਆਂ ਜੋ ਪੰਜਾਬ ਨੂੰ ਸੰਘਰਸ਼ਾਂ ਦੇ ਨਵੇਂ ਰੂਪ ਵਿੱਚ ਇਤਿਹਾਸ ਦੇ ਪੰਨੇ ’ਤੇ ਦਰਜ ਕਰਵਾਉਣਗੀਆਂ।

ਖੋਜਾਰਥੀ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।ਸੰਪਰਕ: 97791-34186, 81467-76580

Share this post

Leave a Reply

Your email address will not be published. Required fields are marked *