ਪੰਜਾਬ: ਦੁਖਾਂਤ ਤੋਂ ਪਹਿਲਾਂ ਤੇ ਬਾਅਦ…-ਸੁਰਿੰਦਰ ਸਿੰਘ ਤੇਜ

ਪੜ੍ਹਦਿਆਂ ਸੁਣਦਿਆਂ

ਬੜਾ ਕਹਿਰੀ ਸੀ ਪੰਜਾਬ ਲਈ 1978 ਤੋਂ 1993 ਤਕ ਦਾ ਡੇਢ ਦਹਾਕਾ। ਇਹ ਵਹਿਸ਼ਤੀ ਸਮਾਂ ਤਾਂ ਮੁੱਕ ਗਿਆ, ਪਰ ਇਸ ਨਾਲ ਜੁੜੇ ਸੰਤਾਪ ਦੇ ਅਸਰਾਤ ਅੱਜ ਵੀ ਬਰਕਰਾਰ ਹਨ। ਇਨ੍ਹਾਂ ਸਿਆਹ ਦਿਨਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਹਨ। ਹੋਰ ਬਹੁਤ ਸਾਰੀਆਂ ਆਉਣਗੀਆਂ ਵੀ। ਕਿੰਨਾ ਕੁ ਸੱਚ ਸਾਹਮਣੇ ਆਇਆ ਹੈ, ਇਹ ਕਹਿਣਾ ਔਖਾ ਹੈ। ਸਮਕਾਲ ਬਾਰੇ ਨਿਰਲੇਪਤਾ ਨਾਲ ਲਿਖਣਾ ਆਸਾਨ ਨਹੀਂ ਹੁੰਦਾ। ਪੱਖਪਾਤ ਸਾਡੀ ਸੋਚਣੀ ਵਿਚ ਨਿਹਿਤ ਹੁੰਦਾ ਹੈ। ਇਹ ਸਾਡੀ ਸੋਚ ਤੇ ਸੁਹਜ ਨੂੰ ਬੇਲਾਗ ਨਹੀਂ ਰਹਿਣ ਦਿੰਦਾ। ਅਸੀਂ ਆਪਣਾ ਸੱਚ ਹੀ ਸਾਹਮਣੇ ਲਿਆਉਂਦੇ ਹਾਂ, ਹੋਰਨਾਂ ਦਾ ਨਹੀਂ; ਕੁਝ ਅਗਿਆਨਵੱਸ ਅਤੇ ਕੁਝ ਬੇਇਤਬਾਰੀ ਕਾਰਨ। ਇਸੇ ਲਈ ਪੰਜਾਬ ਦੇ ਸਿਆਹ ਦਿਨਾਂ ਬਾਰੇ ਬਹੁਤੀਆਂ ਕਿਤਾਬਾਂ ਅਧੂਰੇ ਸੱਚ ਦਾ ਪ੍ਰਭਾਵ ਦਿੰਦੀਆਂ ਹਨ। ਜੀ.ਬੀ.ਐੱਸ. ਸਿੱਧੂ ਦੀ ਕਿਤਾਬ ‘ਦਿ ਖ਼ਾਲਿਸਤਾਨ ਕਾਂਸਪੀਰੇਸੀ’ (ਖ਼ਾਲਿਸਤਾਨ ਦੀ ਸਾਜ਼ਿਸ਼; ਹਾਰਪਰ ਕੌਲਿਨਜ਼; 269+24 ਪੰਨੇ; 599 ਰੁਪਏ) ਇਨ੍ਹਾਂ ਤੋਂ ਕੁਝ ਭਿੰਨ ਜਾਪਦੀ ਹੈ। ਇਸ ਵਿਚ ਵੀ ਬਹੁਤ ਕੁਝ ਪੁਰਾਣਾ ਹੈ, ਪਰ ਕਈ ਕੁਝ ਨਵਾਂ ਵੀ ਹੈ। ਖ਼ਾਸ ਤੌਰ ’ਤੇ ‘ਰਾਅ’ ਵਾਲੇ ਅੰਸ਼। ਲੇਖਕ ‘ਰਾਅ’ ਵਜੋਂ ਵੀ ਜਾਣੀ ਜਾਂਦੀ ਖ਼ੁਫ਼ੀਆ ਏਜੰਸੀ ‘ਰਿਸਰਚ ਐਂਡ ਐਨੇਲਾਈਸਿਜ਼ ਵਿੰਗ’ ਵਿਚ 26 ਸਾਲ ਰਿਹਾ ਅਤੇ ਇਸ ਦੇ ਸਪੈਸ਼ਲ ਸੈਕ੍ਰੇਟਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਉਸ ਨੇ ਪੰਜਾਬ ਦਾ ਸੰਕਟ ਘੜੇ ਜਾਣ ਤੋਂ ਲੈ ਕੇ ਹਿੰਸਕ ਕਾਲ ਦਾ ਭੋਗ ਪਾਏ ਜਾਣ ਤਕ ਦਾ ਸਮੁੱਚਾ ਸਿਲਸਿਲਾ ਬਹੁਤ ਨੇੜਿਓਂ ਦੇਖਿਆ। ਵਿਦੇਸ਼ਾਂ ਵਿਚ ਵੀ ਉਹ ਸਰਕਾਰੀ ‘ਮੋਹਰੇ’ ਵਜੋਂ ਵਿਚਰਦਾ ਰਿਹਾ। ਕਈ ਅਹਿਮ ਘਟਨਾਵਾਂ ਦਾ ਉਹ ਪ੍ਰਤੱਖ-ਦਰਸ਼ੀ ਵੀ ਰਿਹਾ। ਰਾਜਸੀ ਚਾਲਾਂ-ਕੁਚਾਲਾਂ ਉਸ ਨੇ ਨੇੜਿਓਂ ਦੇਖੀਆਂ ਵੀ, ਸੁਣੀਆਂ ਵੀ। ਪਰਿਵਾਰਕ ਹਲਕਿਆਂ ਤੋਂ ਵੀ ਉਸ ਨੂੰ ਬੜਾ ਕੁਝ ਪਤਾ ਲੱਗਦਾ ਰਿਹਾ; ਤਿੰਨ ਪ੍ਰਧਾਨ ਮੰਤਰੀਆਂ- ਨਹਿਰੂ, ਸ਼ਾਸਤਰੀ ਤੇ ਇੰਦਿਰਾ ਦੇ ਮੰਤਰੀ ਮੰਡਲਾਂ ਵਿਚ ਕਦੇ ਵਿਦੇਸ਼ ਤੇ ਕਦੇ ਰੱਖਿਆ ਮੰਤਰੀ ਰਹੇ ਸਰਦਾਰ ਸਵਰਨ ਸਿੰਘ ਦਾ ਦਾਮਾਦ ਹੋਣ ਕਰਕੇ; ਅਤੇ ਨਾਲ ਹੀ ਖ਼ਾਲਿਸਤਾਨ ਲਹਿਰ ਦੇ ਸਿਧਾਂਤਕਾਰ ਰਹੇ ਇਕ ਸਾਬਕਾ ਸਿਹਤ ਡਾਇਰੈਕਟਰ (ਜੋ ਅੰਤ ਦੋਹਰਾ ਏਜੰਟ ਸਾਬਤ ਹੋਇਆ) ਦਾ ਕਰੀਬੀ ਰਿਸ਼ਤੇਦਾਰ ਹੋਣ ਕਰਕੇ।

ਸ੍ਰੀ ਸਿੱਧੂ ਦੀ ਇਹ ਦੂਜੀ ਕਿਤਾਬ ਹੈ। ਪਹਿਲੀ ਕਿਤਾਬ ‘ਸਿੱਕਿਮ: ਡਾਅਨ ਆਫ਼ ਡਿਮੌਕਰੇਸੀ’ ਸਿੱਕਿਮ ਦੇ ਭਾਰਤ ਵਿਚ ਰਲੇਵੇਂ ਦਾ ਚਸ਼ਮਦੀਦੀ ਬਿਰਤਾਂਤ ਸੀ। ਲੇਖਣੀ ਅੰਦਰਲੀ ਸਪਸ਼ਟਤਾ ਅਤੇ ਘਟਨਾਵਾਂ ਤੇ ਪਾਤਰਾਂ ਦੀ ਤਨਕੀਦ ਪੱਖੋਂ ਦੂਜੀ ਕਿਤਾਬ ਵੱਧ ਬੇਬਾਕ ਤੇ ਵੱਧ ਬੇਰਹਿਮ ਹੈ। ਪੰਜਾਬ ਸੰਕਟ ਨਾਲ ਸਬੰਧਤ ਹੋਰਨਾਂ ਕਿਤਾਬਾਂ, ਖ਼ਾਸ ਕਰਕੇ ਮਾਰਕ ਟਲੀ ਤੇ ਸਤੀਸ਼ ਜੈਕਬ ਦੀ ਕਿਤਾਬ ‘ਅੰਮ੍ਰਿਤਸਰ: ਮਿਸਿਜ਼ ਗਾਂਧੀ’ਜ਼ ਲਾਸਟ ਬੈਟਲ’ ਅੰਦਰਲੇ ਥੀਸਿਜ਼ ਵਾਂਗ ਲੇਖਕ ਵੀ ਮੰਨਦਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਨੂੰ ਅਸਥਿਰ ਕਰਨ ਤੇ ਕਾਂਗਰਸ ਦੇ ਹਿੱਤ ਬੁਲੰਦ ਕਰਨ ਵਾਸਤੇ ਆਰੰਭਿਆ ਸੀਮਿਤ ਜਿਹਾ ਅਪਰੇਸ਼ਨ, 1980 ਵਿਚ ਸ੍ਰੀਮਤੀ ਗਾਂਧੀ ਦੀ ਸੱਤਾ ਵਾਪਸੀ ਮਗਰੋਂ ਵਡੇਰੇ ਅਪਰੇਸ਼ਨ ਵਿਚ ਬਦਲ ਦਿੱਤਾ ਗਿਆ। ਨਿਸ਼ਾਨਾ ਸੀ ਸ੍ਰੀਮਤੀ ਗਾਂਧੀ ਤੇ ਕਾਂਗਰਸ ਦੇ ਹਕੂਮਤੀ ਕਾਲ ਨੂੰ ਲੰਮਾ ਤੇ ਲੰਮੇਰਾ ਬਣਾਉਣਾ। ਇਹ ਬਦਨੀਅਤੀ ਪੁੱਠੀ ਪਈ। ਪੰਜਾਬ ਦਾ ਸੰਕਟ ਸਮੁੱਚੇ ਦੇਸ਼ ਦਾ ਸੰਕਟ ਬਣ ਗਿਆ। ਇਸ ਦਾ ਖਮਿਆਜ਼ਾ ਸਿੱਖ ਭਾਈਚਾਰੇ ਨੂੰ ਤਾਂ ਭੁਗਤਣਾ ਹੀ ਪਿਆ, ਦੇਸ਼ ਨੂੰ ਵੀ ਹੁਣ ਤਕ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਭੁਗਤਣਾ ਪੈ ਰਿਹਾ ਹੈ। ਜੋ ਖ਼ਾਲਿਸਤਾਨੀ ਲਹਿਰ 1979 ਤੋਂ ਪਹਿਲਾਂ ਇਕ ਮਜ਼ਾਕ ਵਜੋਂ ਦੇਖੀ ਜਾਂਦੀ ਸੀ, ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਆਈਐੱਸਆਈ’ ਅੱਗੇ ਭਾਰਤੀ ਪੰਜਾਬ ਵਿਚ ਹਿੰਸਾ ਭੜਕਾਉਣ ਦੇ ਵਸੀਲੇ ਵਜੋਂ ਪਰੋਸ ਕੇ ਪੇਸ਼ ਕਰ ਦਿੱਤੀ ਗਈ। ਇਹ ਲਹਿਰ ਹੁਣ ਵੀ ਭਾਰਤ ਲਈ ਕੂਟਨੀਤਿਕ ਸਿਰਦਰਦੀ ਬਣੀ ਹੋਈ ਹੈ। ਪੱਛਮੀ ਦੇਸ਼ ਇਸ ਨੂੰ ਬੜੀ ਚਤੁਰਾਈ ਨਾਲ ਭਾਰਤ ਪਾਸੋਂ ਵਪਾਰਕ ਲਾਭ ਹਾਸਲ ਕਰਨ ਲਈ ਵਰਤਦੇ ਆ ਰਹੇ ਹਨ।

ਲੇਖਕ ਇਸ ਦੁਖਾਂਤ ਲਈ ਇੰਦਿਰਾ ਗਾਂਧੀ, ਉਸ ਦੇ ਬੇਟਿਆਂ, ਉਨ੍ਹਾਂ ਦੇ ਕਰੀਬੀਆਂ (ਖ਼ਾਸ ਕਰਕੇ ਅਰੁਨ ਨਹਿਰੂ, ਮਾਖਨ ਲਾਲ ਫੋਤੇਦਾਰ, ਅਰੁਨ ਸਿੰਘ ਆਦਿ) ਤੇ ਕਾਂਗਰਸ ਪਾਰਟੀ ਨੂੰ ਤਾਂ ਦੋਸ਼ੀ ਮੰਨਦਾ ਹੀ ਹੈ, ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਸ ਦੇ ਸਲਾਹਕਾਰਾਂ ਨੂੰ ਵੀ ਬਖ਼ਸ਼ਦਾ ਨਹੀਂ। ਉਹ ਅਕਾਲੀ ਦਲ ਤੇ ਹੋਰਨਾਂ ਸਿਆਸੀ ਧਿਰਾਂ ਦੀਆਂ ਭੂਮਿਕਾਵਾਂ ਨੂੰ ਵੀ ਨਿੰਦਦਾ ਹੈ ਅਤੇ ਖ਼ੁਫ਼ੀਆ ਏਜੰਸੀਆਂ, ਫ਼ੌਜ ਤੇ ਪੁਲੀਸ ਬਲਾਂ ਦੇ ਆਲ੍ਹਾ ਅਫ਼ਸਰਾਂ ਨੂੰ ਵੀ ਲੋੜੋਂ ਵੱਧ ਦੱਬੂਪੁਣਾ ਦਿਖਾਉਣ ਲਈ ਬਰਾਬਰ ਦਾ ਕਸੂਰਵਾਰ ਦੱਸਦਾ ਹੈ। ਹਕੂਮਤੀ ਤੰਤਰ ਵਿਚ ਨਿੱਕੀ ਜਿਹੀ ਕਿੱਲੀ ਹੋਣ ਦੇ ਬਾਵਜੂਦ ਉਹ ਖ਼ੁਦ ਨੂੰ ਵੀ ਕਸੂਰਵਾਨੀ ਤੋਂ ਬਰੀ ਨਹੀਂ ਕਰਦਾ। ਆਪਣੀ ਜ਼ਮੀਰ ਨਾਲ ਸਮਝੌਤਿਆਂ ਤੋਂ ਉਪਜੀ ਪੀੜਾ ਤੇ ਕੁੰਠਾ ਦਾ ਜ਼ਿਕਰ ਕਰਦਿਆਂ ਉਹ ਆਪਣੇ ਕੋਲ ਮੌਜੂਦ ਚਾਰ ਵਿਕਲਪਾਂ ਦੀ ਚਰਚਾ, ਕਿਤਾਬ ਦੀ ਭੂਮਿਕਾ ਵਿਚ ਕਰਦਾ ਹੈ ਅਤੇ ਮੰਨਦਾ ਹੈ ਕਿ ਉਸ ਨੇ ਇਕ ਸਿਆਸੀ ਹਸਤੀ, ਉਸ ਦੇ ਪਰਿਵਾਰ ਤੇ ਉਸ ਦੀ ਪਾਰਟੀ ਦੇ ਹਿੱਤਾਂ ਲਈ ਮੋਹਰੇ ਵਜੋਂ ਵਰਤੇ ਜਾਣ ਦੀ ਥਾਂ ਘੱਟ ਅਹਿਮੀਅਤ ਵਾਲੇ ਰੁਤਬੇ ’ਤੇ ਜਾਣ ਵਾਲਾ ਬਦਲ ਚੁਣਿਆ। ਇਹ ਕੋਈ ਦਬੰਗੀ ਨਹੀਂ ਸੀ, ਗੀਦੀਪੁਣਾ ਸੀ, ਪਰ ਸਮੇਂ ਮੁਤਾਬਿਕ ਸਭ ਤੋਂ ਵਿਵਹਾਰਕ ਬਦਲ ਵੀ ਇਹੋ ਸੀ। ਉਹ ਖੁਸ਼ਨਸੀਬ ਰਿਹਾ ਕਿ ਉਸ ਦੇ ਸੀਨੀਅਰਜ਼ ਨੇ ਉਸ ਦੀ ਮਨੋਸਥਿਤੀ ਨੂੰ ਸਮਝਿਆ ਭਾਵੇਂ ਕਿ ਇਸ ਫ਼ੈਸਲੇ ਦਾ ਅਸਰ (ਕਰੀਅਰ ਪੱਖੋਂ) ਉਸ ਦੀਆਂ ਭਵਿੱਖੀ ਸੰਭਾਵਨਾਵਾਂ ’ਤੇ ਪਿਆ।

ਭਿੰਡਰਾਂਵਾਲੇ ਨੂੰ ਦਰਬਾਰ ਸਾਹਿਬ ਦੇ ਲੰਗਰ ਹਾਲ ਦੀ ਛੱਤ ਤੋਂ ਚੁੱਕਣ ਲਈ ਉਲੀਕੇ ਤੇ ਫਿਰ ਤਿਆਗੇ ਗਏ ਅਪਰੇਸ਼ਨ ਬਾਰੇ ਜਾਣਕਾਰੀ ਇਸ ਕਿਤਾਬ ਦਾ ਅਹਿਮ ਹਿੱਸਾ ਹੈ। ਇੰਜ ਹੀ, ਡੀਆਈਜੀ ਏ.ਐੱਸ. ਅਟਵਾਲ ਦੀ ਦਰਬਾਰ ਸਾਹਿਬ ਦੇ ਚੌਗਿਰਦੇ ਅੰਦਰ ਹੱਤਿਆ ਤੋਂ ਪਹਿਲਾਂ ਤੇ ਬਾਅਦ ਵਿਚ ਪੰਜਾਬ ਪੁਲੀਸ ਦੇ ਇਕ ਉੱਚ ਅਫ਼ਸਰ ਤੇ ਇਕ ਫ਼ੌਜੀ ਬ੍ਰਿਗੇਡੀਅਰ ਦੇ ਆਚਾਰ-ਵਿਹਾਰ ਬਾਰੇ ਜਾਣਕਾਰੀ ਵੀ ਨਿਵੇਕਲੀ ਹੈ। ਇਹ ਦਰਸਾਉਂਦੀ ਹੈ ਕਿ ਫਰਜ਼-ਕੋਤਾਹੀ ਉਨ੍ਹਾਂ ਦਿਨਾਂ ਦੌਰਾਨ ਅਫ਼ਸਰਸ਼ਾਹੀ ਤੇ ਪੁਲੀਸ ਪ੍ਰਬੰਧ ਦੇ ਹੱਡਾਂ ਵਿਚ ਕਿਸ ਹੱਦ ਤਕ ਰਚ ਚੁੱਕੀ ਸੀ। ਹਿੰਦੂ ਸੁਰਖਸ਼ਾ ਸਮਿਤੀ ਦੇ ਆਗੂ ਪਵਨ ਕੁਮਾਰ ਸ਼ਰਮਾ ਦੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਸ਼ਤਪਨਾਹੀ ਦਾ ਜ਼ਿਕਰ ਵੀ ਲੇਖਕ ਨੇ ਬੇਬਾਕੀ ਨਾਲ ਕੀਤਾ ਹੈ।

ਕਿਤਾਬ ਬਾਰੇ ਬੇਵਿਸ਼ਵਾਸੀ ਪੈਦਾ ਕਰਨ ਲਈ ਕੁਝ ਹਲਕਿਆਂ ਵੱਲੋਂ ਇਹ ਸੰਸੇ ਉਛਾਲੇ ਜਾ ਰਹੇ ਹਨ ਕਿ ਇਹ ‘ਏਜੰਸੀਆਂ’ ਵੱਲੋਂ ਲਿਖਵਾਈ ਗਈ ਹੈ। ਇਹ ਯਤਨ ਹਾਸੋਹੀਣੇ ਜਾਪਦੇ ਹਨ। ਅੱਸੀਵਿਆਂ ਵਿਚੋਂ ਲੰਘ ਰਹੇ ਬਜ਼ੁਰਗ ਨੂੰ ਕੀ ਲੋਭ-ਲਾਲਚ ਹੋ ਸਕਦਾ ਹੈ ਕਿ ਉਹ ‘ਏਜੰਸੀਆਂ’ ਜਾਂ ਕਿਸੇ ਰਾਜਸੀ ਧਿਰ ਦਾ ਹੱਥਠੋਕਾ ਬਣੇ? ਪੰਜਾਬ ਦੇ ਅਤੀਤ, ਵਰਤਮਾਨ ਤੇ ਭਵਿੱਖ ਦੇ ਪ੍ਰਸੰਗ ਵਿਚ ਇਹ ਕਿਤਾਬ ਵੱਧ ਬਹਿਸ, ਵੱਧ ਚਰਚਾ ਦੀ ਮੰਗ ਕਰਦੀ ਹੈ। ਵੱਧ ਲਿਖਣ ਦਾ ਇਰਾਦਾ ਮੇਰਾ ਵੀ ਹੈ, ਪਰ ਸਾਕਾ ਨੀਲਾ ਤਾਰਾ ਸਮੇਂ ਗ੍ਰਹਿ ਮੰਤਰਾਲੇ ਵਿਚ ਐਡੀਸ਼ਨਲ ਸੈਕ੍ਰੇਟਰੀ ਰਹੇ ਗੁਰਦੇਵ ਸਿੰਘ ਗਰੇਵਾਲ ਦੀ ਕਿਤਾਬ ‘ਦਿ ਸਰਚਿੰਗ ਆਈ’ ਪੜ੍ਹ ਕੇ। 2006 ਵਿਚ ਛਪੀ ਉਹ ਕਿਤਾਬ ਅਕਾਦਮਿਕ ਹਲਕਿਆਂ ਵਿਚ ਅਣਗੌਲੀ ਹੀ ਰਹੀ। ਆਪਣੀਆਂ ਅੱਖਾਂ ਸਾਹਮਣੇ ਘੜੀਆਂ ਜਾ ਰਹੀਆਂ ਕੁਚਾਲਾਂ ਨੂੰ ਰੋਕ ਨਾ ਸਕਣ ਦੀ ਵੇਦਨਾ ਤੋਂ ਉਪਜੀਆਂ ਕਿਤਾਬਾਂ, ਸੱਚ ਦੀ ਬਿਹਤਰ ਤਸਦੀਕ ਹੁੰਦੀਆਂ ਹਨ। ਇਸੇ ਲਈ ਉਨ੍ਹਾਂ ਨੂੰ ਵੱਧ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈ।

* * *

ਬੜਾ ਸਿਰੜੀ ਇਨਸਾਨ ਹੈ ਬਰਨਾਲੇ ਵਾਲਾ ਤਰਸੇਮ। ਬਹੁਵਿਧਾਈ, ਬਹੁਭਾਸ਼ਾਈ। ਸ਼ਬਦ ਚੁਣਨ ਤੇ ਚਿਣਨ ਦਾ ਮਾਹਿਰ। ਸੰਪਾਦਕ, ਕਵੀ, ਕਲਮਕਾਰ, ਰੂਬਰੂਕਾਰ, ਤਰਜਮਾਕਾਰ ਅਤੇ ਹਰਫ਼ਾਂ ਦੀ ਫੁਲਕਾਰੀ ਸਜਾਉਣ ਵਾਲਾ ਫ਼ਨਕਾਰ। ਉਸ ਦੀਆਂ ਕਿਤਾਬਾਂ ਦੀ ਫਹਿਰਿਸਤ ਏਨੀ ਲੰਮੀ ਹੈ ਕਿ ਪਹਿਲਾ ਪ੍ਰਭਾਵ ਇਹੋ ਬਣਦਾ ਹੈ ਕਿ ਬੰਦੇ ਦੇ ਦਿਨ 24 ਘੰਟਿਆਂ ਵਾਲੇ ਨਹੀਂ; ਇਨ੍ਹਾਂ ਤੋਂ ਕਿਤੇ ਵੱਧ ਲੰਬੇ ਹਨ। ਅਜਿਹੀ ਮਿਹਨਤੀ ਬਿਰਤੀ ਖ਼ੁਦ-ਬਖ਼ੁਦ ਸਲਾਮ ਦੀ ਹੱਕਦਾਰ ਹੈ।

‘ਸਭ ਕੁਝ ਭਾਸ਼ਾ’ (ਕੈਲੀਬਰ ਪਬਲੀਕੇਸ਼ਨ; 184 ਪੰਨੇ; 180 ਰੁਪਏ) ਤਰਸੇਮ ਦਾ ਨਿਵੇਕਲਾ ਤਜਰਬਾ ਹੈ। ਇਸ ਸੰਗ੍ਰਹਿ ਵਿਚ ਭਾਰਤ ਦੀਆਂ 22 ਭਾਸ਼ਾਵਾਂ ਦੇ ਪ੍ਰਸਿੱਧ ਕਵੀਆਂ ਦੀਆਂ ਮਾਂ-ਬੋਲੀ ਬਾਰੇ ਕਵਿਤਾਵਾਂ ਦੇ ਅਨੁਵਾਦਿਤ ਰੂਪ ਵੀ ਸ਼ਾਮਲ ਹਨ ਅਤੇ ਡੇਢ ਦਰਜਨ ਦੇ ਕਰੀਬ ਪੰਜਾਬੀ ਕਵੀਆਂ ਦੀਆਂ ਇਸੇ ਸੁਭਾਅ ਵਾਲੀਆਂ ਕਵਿਤਾਵਾਂ ਵੀ। ਭਾਰਤੀ ਭਾਸ਼ਾਵਾਂ ਵਾਲੇ ਦਾਇਰੇ ਵਿਚ ਮੈਥਿਲੀ, ਭੋਜਪੁਰੀ, ਅਵਧੀ, ਬੋੜੋ, ਸੰਥਾਲੀ ਆਦਿ ਖੇਤਰੀ ਜਾਂ ਮੁਕਾਮੀ ਭਾਸ਼ਾਵਾਂ ਨੂੰ ਵੀ ਥਾਂ ਮਿਲੀ ਹੋਈ ਹੈ। ਪੰਜਾਬੀ ਕਵਿਤਾਵਾਂ ਵਾਲਾ ਅਨੁਭਾਗ ਦੋਵਾਂ ਪੰਜਾਬਾਂ ਦੀ ਨੁਮਾਇੰਦਗੀ ਕਰਦਾ ਹੈ: ਧਨੀ ਰਾਮ ਚਾਤ੍ਰਿਕ ਤੇ ਬਾਬੂ ਰਜਬ ਅਲੀ ਤੋਂ ਸ਼ੁਰੂ ਹੋ ਕੇ ਸੁਰਜੀਤ ਪਾਤਰ ਤੱਕ ਅਤੇ ਫਿਰ ਅੱਗੇ ਗੁਰਪ੍ਰੀਤ, ਬਾਬਾ ਨਜ਼ਮੀ, ਸੁਖਵਿੰਦਰ ਅੰਮ੍ਰਿਤ ਤੇ ਦਿਲਸ਼ਾਦ ਅਹਿਮਦ ਚੰਨ ਤਕ। ਕਿਤਾਬ ਦੇਖ/ਪੜ੍ਹ ਕੇ ਮਾਣ ਮਹਿਸੂਸ ਹੁੰਦਾ ਹੈ ਕਿ ‘ਚੱਕ ਲੈ ਕਲਚਰ’ ਦੀ ਭੇਟ ਚੜ੍ਹੇ ਪੰਜਾਬ ਵਿਚ ਭਾਸ਼ਾਈ ਸੁਹਜ-ਸੰਭਾਲ ਵਰਗੇ ਉੱਦਮ ਅਜੇ ਜਿਉਂਦੇ ਹਨ। ਇਸੇ ਮੱਸ ਤੇ ਝੱਸ ਲਈ ਤਰਸੇਮ ਇਕ ਹੋਰ ਸਲਾਮ ਦਾ ਹੱਕਦਾਰ ਹੈ।

* * *

ਰਬਾਬ (ਮੱਧ ਏਸ਼ਿਆਈ ਨਾਮ ਰੁਬਾਬ) ਸਾਡੀ ਸੰਗੀਤਕ ਵਿਰਾਸਤ ਦਾ ਅਹਿਮ ਅੰਗ ਹੈ। ਸਾਡੀ ਧਰਤੀ ’ਤੇ ਤਾਂ ਇਹ ਸਾਜ਼, ਬਾਬੇ ਨਾਨਕ ਦੀ ਬਾਣੀ ਦੀ ਵਜਦ ਤੇ ਭਾਈ ਮਰਦਾਨੇ ਵੱਲੋਂ ਬਾਬੇ ਦੀ ਸੁਰ-ਮਈ ਸੰਗਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਭਾਰਤੀ ਫਿਲਮ ਸੰਗੀਤ ਵਿਚ ਵੀ ਰੁਬਾਬ ਨੇ ਦਰਜਨਾਂ ਗੀਤਾਂ ਨੂੰ ਸਦਾਬਹਾਰ ਬਣਾਉਣ ਵਿਚ ਭਰਵਾਂ ਯੋਗਦਾਨ ਪਾਇਆ। ਫ਼ਿਲਮ ‘ਕਾਬੁਲੀਵਾਲਾ’ (1961) ਦਾ ਅਮਰ ਗੀਤ ‘ਐ ਮੇਰੇ ਪਿਆਰ ਵਤਨ…’ ਇਸ ਦੀ ਮਿਸਾਲ ਹੈ। ਰੁਬਾਬ ਦੀ ਬੰਦਿਸ਼ ਨਾਲ ਸ਼ੁਰੂ ਹੁੰਦੇ ਇਸ ਗੀਤ ਲਈ ਰੁਬਾਬ, ਉਸਤਾਦ ਮਿਸਕੀਨ ਖ਼ਾਨ ਨੇ ਵਜਾਈ ਸੀ। ਉਹ ਅਫ਼ਗਾਨਿਸਤਾਨ ਤੋਂ ਆਏ ਰੁਬਾਬੀ ਖ਼ਾਨਦਾਨ ਨਾਲ ਸਬੰਧਤ ਸਨ। ‘ਜ਼ੰਜੀਰ’ (1973) ਦੇ ਗੀਤ ‘ਯਾਰੀ ਹੈ ਈਮਾਨ ਮੇਰਾ, ਯਾਰ ਮੇਰੀ ਜ਼ਿੰਦਗੀ’ ਵਿਚ ਰੁਬਾਬ ਦੀ ਅਹਿਮੀਅਤ ਦਾ ਜਲਵਾ ਮਿਸਕੀਨ ਖ਼ਾਨ ਦੇ ਬੇਟੇ ਫਾਰੂਕ ਭਾਈ ਉਰਫ ਫਾਰੂਕ ਖ਼ਾਨ ਨੇ ਦਿਖਾਇਆ। ਫਾਰੂਕ ਭਾਈ ਨੇ ਇਹੋ ਕਰਾਮਾਤ ‘ਮਾਚਿਸ’ (1996) ਦੇ ਗੀਤ ‘ਚੱਪਾ ਚੱਪਾ ਚਰਖਾ ਚਲੇ’ ਵਿਚ ਵੀ ਦਿਖਾਈ। ਉਨ੍ਹਾਂ ਦੇ ਦੋ ਬੇਟੇ ਵੀ ਰੁਬਾਬੀ ਸਨ, ਪਰ ਭਾਰਤੀ ਫ਼ਿਲਮ ਸੰਗੀਤ ਵਿਚ ‘ਲਾਈਵ’ ਰਿਕਾਰਡਿੰਗਜ਼ ਦਾ ਪ੍ਰਚਲਣ ਖਤਮ ਹੋਣ ਕਾਰਨ ਉਹ ਲਾਸ ਏਂਜਲਸ ਚਲੇ ਗਏ। ਉੱਥੇ ਉਹ ਰੁਬਾਬ ਤੇ ਹੋਰ ਭਾਰਤੀ/ ਮੱਧ ਏਸ਼ਿਆਈ ਤੰਤੀ ਸਾਜ਼ਾਂ ਦੀ ਅਕੈਡਮੀ ਚਲਾਉਣ ਤੋਂ ਇਲਾਵਾ ਹਾਲੀਵੁੱਡ ਦੀਆਂ ਫ਼ਿਲਮਾਂ ਦੇ ਬੈਕਗਰਾਊਂਡ ਸੰਗੀਤ ਲਈ ਇਹ ਸਾਜ਼ ਵਜਾਉਂਦੇ ਹਨ। ਫ਼ਾਰੂਕ ਭਾਈ ਦੀ ਇਕ ਹਾਲੀਆ ਇੰਟਰਵਿਊ ਅਨੁਸਾਰ ਬੇਟਿਆਂ ਨੇ ਕਮਾਈ ਤਾਂ ਖ਼ੂਬ ਕੀਤੀ ਹੈ, ਪਰ ‘‘ਰੁਬਾਬ-ਵਾਦਨ ਨਾਲ ਜੁੜੀ ਸੰਗੀਤਕ ਪਾਕੀਜ਼ਗੀ ਗੁਆ ਬੈਠੇ ਹਨ।’’ ਉਨ੍ਹਾਂ ਦੀ ਰੁਬਾਬ, ਗਿਟਾਰ ਵਾਂਗ ਵਜਦੀ ਹੈ। ਇਹ ਆਵਾਜ਼ ਫ਼ਾਰੂਕ ਭਾਈ ਨੂੰ ਰੁਬਾਬ ਨਾਲ ਧਰੋਹ ਵਾਂਗ ਜਾਪਦੀ ਹੈ।

Leave a Reply

Your email address will not be published. Required fields are marked *