ਅੱਛੇ ਦਿਨ ਕਦੋਂ ਆਉਣੇ ਨੇ ?: ਮੋਹਨਜੀਤ
ਸਵੇਰ ਹੁੰਦਿਆਂ ਈ
ਕੋਈ ਆਵਾਜ਼ ਪੁੱਛਦੀ
ਅੱਛੇ ਦਿਨ ਕਦੋਂ ਆਉਣੇ ਨੇ ?
ਕਹਿੰਦਾ ਹਾਂ :
ਮੈਂ ਵੀ ਉਡੀਕ ਵਿਚ ਹਾਂ
ਆਉਂਦੇ ਈ ਹੋਣਗੇ
ਕਈ ਵਰ੍ਹਿਆਂ ਦਾ ਪੈਂਡਾ ਏ
ਹਜ਼ਾਰਾਂ ਮੀਲਾਂ ਦਾ ਸਫ਼ਰ ਏ
ਥਕਾਵਟ ਹੌਲ਼ੀ ਹੌਲ਼ੀ ਉੱਤਰਦੀ ਏ
ਕਿਸੇ ਰਮਣੀਕ ਥਾਂ ‘ਤੇ ਸੁਸਤਾਉਂਦੇ ਹੋਣਗੇ
ਆਉਂਦੇ ਈ ਹੋਣਗੇ
ਧਰਮੀ ਨੇ
ਸਾਂਈ ਲੋਕ ਨੇ
ਰਾਹ ਵਿਚ ਅਨੇਕਾਂ ਨਦੀਆਂ ਨੇ
ਕਿਸੇ ਨਦੀ ਕੰਢੇ ਪੂਜਾ ਕਰਾਉਂਦੇ ਹੋਣਗੇ
ਅੱਛੇ ਜੁ ਹੋਏ, ਅੱਛੇ ਵਸਤਰ ਸਜਾਉਂਦੇ ਹੋਣਗੇ
ਅੱਛੇ ਦਿਨ ਆਉਂਦੇ ਹੋਣਗੇ
ਕਹਿੰਦਾ ਹਾਂ :
ਰੋਜ਼ ਘੰਟੀ ਨਾ ਵਜਾਇਆ ਕਰ !
ਕੱਚੀ ਨੀਂਦੇ ਨਾ ਉਠਾਇਆ ਕਰ !
ਮਨ ਨੂੰ ਚਿੰਤਾ ‘ਚ ਨਾ ਪਾਇਆ ਕਰ!
ਤੈਨੂੰ ਆਪਣੀ ਪਈ ਏ
ਉਹਨਾਂ ਨੇ ਜੱਗ ਦੀ ਸਾਰ ਲੈਣੀ ਏ
ਈਰਾਨ ਤੇ ਭੂਟਾਨ
ਅਮਰੀਕਾ ਤੇ ਅਫ਼ਰੀਕਾ ਜਾਣਾ ਏ
ਫਿਰੰਗੀ ਨੂੰ ਗਲਵੱਕੜੀ ‘ਚ ਲੈਣਾ ਏ
ਫਿਰ ਚੀਨ ਤੇ ਜਾਪਾਨ
ਇਸਤੰਬੋਲ ਤੇ ਯੂਨਾਨ ਦਾ ਚੱਕਰ
ਉੱਥੋਂ ਆ ਕੇ ਵੀ ਵਿਹਲੇ ਥੋੜ੍ਹਾ ਬੈਠਣਾ ਹੈ
ਨੀਹਾਂ ਦੇ ਪੱਥਰ ਰੱਖਣੇ ਰਖਾਉਣੇ ਨੇ
ਉਹ ਜੋ ਆਪਣੇ ਜਿਹੇ ਨਹੀਂ, ਇਕ ਪਾਸੇ ਲਾਉਣੇ ਨੇ
ਪੁਰਾਤਨ ਸੱਭਿਅਤਾ ਦੇ ਸੋਹਿਲੇ ਗਾਉਣੇ ਨੇ
ਆਪਣੀ ਧਾਕ ਦੇ ਡੰਕੇ ਵਜਾਉਣੇ ਨੇ
ਹਵਾ ਨੂੰ ਬੰਨ੍ਹ ਲਾਉਣੇ ਨੇ
ਅੱਛੇ ਦਿਨ ਜੁ ਆਉਣੇ ਨੇ
ਅੱਛੇ ਦਿਨ ਉਹ ਵੀ ਉਡੀਕਦੇ ਨੇ
ਜਿਹਨਾਂ ਦੇ ਪੈਰ ਜੁੱਤੀ, ਸਿਰ ਛੱਤ ਨਹੀਂ
ਕਿਸੇ ਦਾ ਧੜ, ਕਿਸੇ ਦੀ ਲੱਤ ਨਹੀਂ
ਮੈਲ਼ਾ ਢੋਂਦੇ ਨੇ
ਫੁੱਟਪਾਥਾਂ ‘ਤੇ ਸੌਂਦੇ ਨੇ
ਜੂਠਾ ਖਾਂਦੇ, ਉਤਰਨ ਪਹਿਨਦੇ ਨੇ
ਕਦੇ ਤੂੰ ਸੋਚਿਆ – ਉਹਨਾਂ ਦੀ ਵਾਰੀ ਕਦੋਂ ਆਏਗੀ ?
ਸ਼ਾਇਦ ਜਦੋਂ ਫਿਰ ਹਨੇਰੀ ਆਏਗੀ
ਹਨੇਰੀ ਜਿੰਨੀ ਤੇਜ਼ੀ ਨਾਲ ਆਉਂਦੀ ਏ
ਓਨੀ ਤੇਜ਼ੀ ਨਾਲ ਜਾਂਦੀ ਹੈ
ਹਨੇਰੀ ਰੁਕਦੀ ਹੈ
ਤਾਂ ਪਿੱਛੇ ਪੱਥਰ ਹੁੰਦੇ ਨੇ, ਕੱਖ-ਕਾਣ ਤੇ ਗਰਦੋ-ਗ਼ੁਬਾਰ
ਕਿੰਨੇ ਭੋਲੇ ਹਾਂ, ਹਨੇਰੀ ਤੋਂ ਅੱਛੇ ਦਿਨਾਂ ਦੀ ਆਸ ਲਾਉਂਦੇ ਹਾਂ
ਕਿੰਨੇ ਭੋਲੇ ਹਾਂ, ਪਾਣੀ ਦੇ ਉੱਤੇ ਲੀਕ ਵਾਹੁੰਦੇ ਹਾਂ
ਅੱਛੇ ਦਿਨ ਉਹਨਾਂ ਲਈ ਨੇ
ਜਿਹਨਾਂ ਦੇ ਇਸ਼ਾਰੇ ‘ਤੇ ਨ੍ਹੇਰੀਆਂ ਤੁਫ਼ਾਨ ਆਉਂਦੇ ਨੇ
ਧਰਤੀਆਂ ਅਸਮਾਨ ਭਾਉਂਦੇ ਨੇ
ਜੋ ਅੰਬਰ ‘ਚ ਉੱਡਦੇ ਨੇ
ਸਮੁੰਦਰ ਦੀ ਸਤਹ ‘ਤੇ ਤੁਰਦੇ ਨੇ
ਅੱਛੇ ਦਿਨ ਉਹਨਾਂ ਲਈ ਹੁੰਦੇ ਨੇ
ਅੱਛੇ ਦਿਨ ਉਹਨਾਂ ਲਈ ਆਉਂਦੇ ਨੇ
ਤੂੰ ਧੀਰ ਰੱਖ, ਸਬਰ ਕਰ
ਉਡੀਕ ਕਰ !
ਉਡੀਕ ਕਰ !!
ਮੋਬਾਈਲ : 098113-98223