fbpx Nawidunia - Kul Sansar Ek Parivar

‘ਚੌਕੀਦਾਰ’ ਨਹੀਂ,ਸਿਰਫ ਚੌਕੀਦਾਰ ! : ਇੰਦਰਜੀਤ ਚੁਗਾਵਾਂ

ਪਿੰਦਰ (ਤਪਿੰਦਰਜੀਤ ਕਾਹਲੋਂ) ਮੇਰੇ ਨਾਲ਼ੋਂ ਛੋਟਾ ਹੈ। ਉਸ ਦਾ ਪਿਛੋਕੜ ਲੁਧਿਆਣਾ ਦੇ ਖੰਨਾ ਇਲਾਕੇ ਦਾ ਹੈ। ਉਸ ਦੀ ਮੇਰੇ ਨਾਲ ਸਾਂਝ ਮੇਰੇ ਚਾਚਾ ਗੁਲਜ਼ਾਰ ਸਿੰਘ ਫ਼ੌਜੀ ਕਰਕੇ ਹੈ। ਉਸ ਦੀ ਬਦੌਲਤ ਹੀ ਮੈਨੂੰ ਉਸ ਦੇ ਵੱਡੇ ਭਰਾ ਵਰਿੰਦਰਜੀਤ ਨੇ ਟਰੱਕ ‘ਤੇ ਚੜ੍ਹਾਇਆ ਸੀ। ਚਾਚੇ ਫ਼ੌਜੀ ਨਾਲ ਉਸ ਦੀ ਵੀ ਮੇਰੇ ਵਾਂਗ ਹੀ ਯਾਰੀ ਹੈ। ਉਹ ਜਦ ਵੀ ਆਉਂਦੈ ਤਾਂ ਰੌਣਕ ਲਾ ਰੱਖਦੈ। ਇਸ ਵਾਰ ਜਦ ਉਹ ਫ਼ੌਜੀ ਚਾਚੇ ਨੂੰ ਮਿਲਣ ਆਇਆ ਤਾਂ ਸਾਡੀ ਚਰਚਾ ਦਾ ਮੁੱਦਾ ਪੰਜਾਬ ਦਾ ਕਿਸਾਨੀ ਸੰਘਰਸ਼ ਹੀ ਰਿਹਾ । ਗੱਲ-ਬਾਤ ਏਥੇ ਆ ਪੁੱਜੀ ਕਿ ਇਹ ਕੇਵਲ ਕਿਸਾਨੀ ਦਾ ਮਸਲਾ ਨਾ ਰਹਿਕੇ ਹਰ ਵਰਗ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਮਸਲਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਸਮੁੱਚਾ ਪੰਜਾਬ ਹੀ ਨਹੀਂ, ਹਰਿਆਣਾ ਵੀ ਇਸ ਅੰਦੋਲਨ ‘ਚ ਆ ਜੁੜਿਆ ਹੈ। ਗੱਲ ਚੱਲਦੀ ਚੱਲਦੀ ਪੇਂਡੂ ਲੋਕਾਂ ਦੇ ਆਪਸੀ ਸੰਬੰਧਾਂ, ਸਾਂਝਾ ਤੱਕ ਚਲੇ ਗਈ। ਏਸੇ ਸਿਲਸਿਲੇ ‘ਚ ਜ਼ਿਕਰ ਛਿੜਿਆ ਸਾਡੇ ਪਿੰਡ ਦੇ ਪਰੀਤੂ ਹਰਨ ਦਾ । 

ਨਾਂਅ ਤਾਂ ਉਸ ਦਾ ਪਰੀਤਮ ਚੰਦ ਸੀ ਪਰ ਸ਼ਾਇਦ ਹੀ ਕੋਈ ਬੰਦਾ ਅਜਿਹਾ ਹੋਵੇ ਜਿਸ ਨੇ ਉਸ ਨੂੰ ਪਰੀਤਮ ਆਖ ਬੁਲਾਇਆ ਹੋਵੇ।ਉਹ ਪਿੰਡ ਦਾ ਚੌਕੀਦਾਰ ਸੀ। ਪਿੰਡ ਦੇ ਬੱਚੇ ਉਸ ਨੂੰ “ਹਰਨ ਪਰੀਤੂ, ਹਰਨ ਪਰੀਤੂ” ਆਖ ਕੇ ਦੌੜ ਜਾਂਦੇ। ਉਹ ਬੁਰਾ ਨਹੀਂ ਸੀ ਮਨਾਉਂਦਾ । ਹਰਨ ਡੋਡੇ ਪੀਂਦਾ ਸੀ .. ਅਮਲੀ ਸੀ ਪੂਰਾ !

ਜਦ ਉਹ ਨਸ਼ੇ ਦੀ ਲੋਰ ‘ਚ ਹੁੰਦਾ ਤਾਂ ਹਿਰਨ ਵਾਂਗ ਚੁੰਗੀਆਂ ਭਰਦਾ ਫਿਰਦਾ। ਇਸੇ ਕਰਕੇ ਉਸ ਦਾ ਨਾਂਅ ਹਰਨ ਪੈ ਗਿਆ ਸੀ ਤੇ ਉਹ ਆਪਣੇ ਇਸ ਨਾਂਅ ਦਾ ਲੁਤਫ਼ ਵੀ ਪੂਰਾ ਉਠਾਉਂਦਾ। ਉਸ ਨੇ ਜਦ ਸਾਨੂੰ ਦੇਖਣਾ ਤਾਂ ਹਸਾਉਣੀਆਂ ਜਿਹੀਆਂ ਹਰਕਤਾਂ ਕਰਨ ਲੱਗ ਪੈਣਾ! ਜਦ ਸਾਹਮਣੇ ਹੋਣਾ ਤਾਂ ਅਸੀਂ ਕਹਿਣਾ ,” ਕਿੱਦਾਂ ਤਾਇਆ ..!” ਉਸ ਨੇ ਸਾਡੀ ਕੱਛ ‘ਚ ਕੁਤਕੁਤਾਰੀਆਂ ਕੱਢਕੇ ਸਾਨੂੰ ਭਜਾ ਦੇਣਾ। ਜਦ ਦੂਰ ਚਲੇ ਜਾਣਾ ਤਾਂ ਉੱਚੀ ਦੇਣੀ ਆਖਣਾ,” ਤਾਇਆ ਹਰਨ..ਤਾਇਆ ਹਰਨ ..!” ਉਸ ਨੇ ਮੁਸਕੜੀਆਂ ‘ਚ ਹੱਸਦੇ ਨੇ ਪੋਲੇ ਪੋਲੇ ਸਾਡੇ ਪਿੱਛੇ ਭੱਜਣਾ । 

ਤਾਏ ਹਰਨ ਨੇ ਜਦ ਪੂਰੇ ਜਲੌਅ ‘ਚ ਹੋਣਾ ਤਾਂ ਨਿਆਣਿਆਂ ਦੇ ਕੋਲ ਆਉਣ ‘ਤੇ ਛੜੱਪਾ ਮਾਰ ਚਿੱਤੜਾਂ ਨੂੰ ਅੱਡੀ ਮਾਰਨੀ ਤੇ ਕਬੱਡੀ ਖਿਡਾਰੀ ਵਾਂਗ ਇਹ ਕਹਿੰਦਿਆਂ ਦੁੜਕੀ ਲਾ ਦੇਣੀ,” ਕੁਜਰਾਂਵਾਲਾ ਤੋਂ ਜਗਲੰਧਰ ਤੇ ਜਗਲੰਧਰ ਤੇ ਜਗਲੰਧਰ .., ਕੁਜਰਾਂਵਾਲਾ ਤੋਂ ਜਗਲੰਧਰ……..!“ ਅਸੀਂ  ਨਿਆਣੇ ਤਾਂ ਉਸ ਦੀਆਂ ਇਨ੍ਹਾਂ ਖ਼ਰਮਸਤੀਆਂ ਦਾ ਆਨੰਦ ਮਾਣਦੇ ਹੀ,ਵੱਡੇ ਵੀ ਪੂਰਾ ਮਜ਼ਾ ਲੈਂਦੇ ।ਕਾਰਨ, ਉਸ ਨੇ ਇਹ ਖ਼ਰਮਸਤੀ ਕਰਦਿਆਂ ਕਦੇ ਵੀ ਸਦਾਚਾਰ ਦੀ ਵਲਗਣ ਨਹੀਂ ਸੀ ਉਲ਼ੰਘੀ । 

ਤਾਏ ਹਰਨ ਦਾ ਪਰਵਾਰ ਸਾਡੇ ਪਿੰਡ ਦਾ ਮੂਲ ਵਾਸੀ ਸੀ।ਦੋ ਪਰਵਾਰ ਹੋਰ ਸਨ ਜੋ ਮੂਲ ਵਾਸੀ ਸਨ ਜਦਕਿ ਬਾਕੀ ਸਾਰੇ ਪਰਵਾਰ ‘ਉੱਜੜ ਕੇ’ ਆਏ ਸਨ । “ਕੁਜਰਾਂਵਾਲਾ ਤੋਂ ਜਗਲੰਧਰ” ਵਾਲਾ ਉਸ ਦਾ ਅਲਾਪ ਉੱਜੜ ਕੇ ਆਏ ਪਰਵਾਰਾਂ ਦੇ ਸੰਬੰਧ ‘ਚ ਹੀ ਸੀ, ਇਹ ਮੈਨੂੰ ਬਾਅਦ ‘ਚ ਸਮਝ ਆਈ। ਕੁਜਰਾਂਵਾਲਾ ਤੋਂ ਭਾਵ ਸੀ ਗੁੱਜਰਾਂਵਾਲ਼ਾ ਤੇ ਜਗਲੰਧਰ ਤੋਂ ਭਾਵ ਸੀ ਜਲੰਧਰ ! 

ਅਜਿਹਾ ਵੀ ਨਹੀਂ ਸੀ ਕਿ ਤਾਇਆ ਹਰਨ ਖ਼ਰਮਸਤੀਆਂ ਹੀ ਕਰਦਾ ਰਹਿੰਦਾ ਸੀ। ਉਸ ਵਿੱਚ ਗ਼ੈਰਤ ਵੀ ਪੂਰੀ ਸੀ । ਇੱਕ ਵਾਰ ਉਹ ਸਾਡੇ ਹੀ ਖੇਤਾਂ ‘ਚ ਵਾਢੀ ‘ਤੇ ਲੱਗਾ ਹੋਇਆ ਸੀ । ਸਾਡੇ ਵਿਚਕਾਰਲੇ ਬਾਬੇ ਪੰਛੀ, ਜਿਸਦਾ ਲੱਠਮਾਰ ਵਜੋਂ ਇਲਾਕੇ ‘ਚ ਪੂਰਾ ਵੱਜਕਾ ਸੀ, ਨੇ ਉਸ ਨੂੰ ਕੋਈ ਕੰਮ ਆਖ ਦਿੱਤਾ। ਥੱਕੇ-ਟੁੱਟੇ ਹਰਨ ਨੇ ਨਾਂਹ ਕਰ ਦਿੱਤੀ । ਬਾਬੇ ਨੇ ਦਬਕਾ ਮਾਰਿਆ,” ਕੁੱਤਿਆ ਹਰਨਾ ..ਪਤਾ ਮੇਰਾ ! ਬੰਦਾ ਗਾਇਬ ਕਰ ਦਿੰਦਾਂ ਮੈਂ ਤੇ ਖ਼ਬਰ ਨਹੀਂ ਲੱਗਣ ਦਿੰਦਾ ..!” ਤਾਏ ਹਰਨ ਨੇ ਸਾਫ਼ਾ ਝਾੜ ਕੇ ਮੋਢੇ ‘ਤੇ ਰੱਖਿਆ ਤੇ ਪਿੰਡ ਨੂੰ ਤੁਰ ਪਿਆ। ਉਸ ਨੂੰ ਪੁੱਛਿਆ ਕਿ ਕਿੱਧਰ ਚੱਲਿਆਂ ਤਾਂ ਉਸ ਦਾ ਜੁਆਬ ਸੀ,” ਨਾ ਬਈ , ਇਹ ਤਾਂ ਬੰਦਾ ਗਾਇਬ ਕਰ ਦਿੰਦਾ ਹੁੰਦਾ , ਇਹਦਾ ਕੀ ਪਤਾ !” ਵਾਹ ਜਹਾਨ ਦੀ ਲਾ ਲਾਈ, ਤਾਏ ਹਰਨ ਨੇ ਮੁੜਕੇ ਦਾਤੀ ਨਹੀਂ ਫੜੀ। ਦੂਸਰੇ ਪਰਵਾਰ ਦੇ ਜਾ ਕੇ ਵਾਢੀ ਕਰਨ ਲੱਗ ਪਿਆ। 

ਚੌਕੀਦਾਰਾ ਕਰਦਿਆਂ ਉਸ ਦੇ ਜ਼ਿਹਨ ‘ਚ ਭਾਈਚਾਰਾ ਸਭ ਤੋਂ ਉੱਪਰ ਹੁੰਦਾ ਸੀ। ਵੰਡ ਵੇਲੇ ਉੱਜੜ ਕੇ ਆਏ ਸਾਡੇ ਪਰਵਾਰਾਂ ਨੂੰ ਪੈਰ ਜਮਾਉਣ ਲਈ ਡਾਢੀ ਮੁਸ਼ੱਕਤ ਕਰਨੀ ਪਈ। ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸੀ। ਮਜ਼ਬੂਰੀ ‘ਚ ਸ਼ਰਾਬ ਕੱਢਕੇ ਵੀ ਵੇਚਣੀ ਪਈ। ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਮੋੜਨ ‘ਚ ਅਕਸਰ ਦੇਰੀ ਹੋ ਜਾਂਦੀ! ਇਸ ਹਾਲਤ ‘ਚ ਪੁਲਸ ਦਾ ਆਉਣਾ ਇੱਕ ਆਮ ਗੱਲ ਹੋ ਗਈ ਸੀ। ਪੁਲਸ ਵਾਲੇ ਚੌਕੀਦਾਰ (ਤਾਏ ਹਰਨ ਪਰੀਤੂ) ਨੂੰ ਲੈ ਕੇ ਸੰਬੰਧਤ ਕਿਸਾਨ ਦੇ ਘਰ ਜਾਂਦੇ ਤੇ ਉਸ ਦੀ ਪੂਰੀ ਵਾਹ ਹੁੰਦੀ ਕਿ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਖ਼ਬਰ ਉਸ ਪਰਵਾਰ ਤੱਕ ਪਹੁੰਚ ਜਾਵੇ ਤਾਂ ਕਿ ਉਹ ਲਾਂਭੇ ਹੋ ਸਕੇ। ਕਈ ਵਾਰ ਤਾਂ ਆਹਮੋ-ਸਾਹਮਣੇ ਟੱਕਰ ਈ ਹੋ ਜਾਂਦੀ। ਅਜਿਹੀ ਹਾਲਤ ‘ਚ ਤਾਏ ਹਰਨ ਦੀ ਹਾਜ਼ਰ-ਦਿਮਾਗੀ ਕਮਾਲ ਦੀ ਹੁੰਦੀ ਸੀ। ਉੱਪਰ ਦੱਸੀ ਘਟਨਾ ਤੋਂ ਥੋੜੀ ਦੇਰ ਬਾਅਦ ਬੈਂਕ ਵਾਲੇ ਪੁਲਸ ਲੈ ਕੇ ਸਾਡੇ ਬਾਬਾ ਪੰਛੀ ਨੂੰ ਫੜਨ ਆ ਗਏ। ਤਾਇਆ ਹਰਨ ਪੁਲਸ ਲੈ ਕੇ ਘਰ ਵੱਲ ਜਾ ਹੀ ਰਿਹਾ ਸੀ ਕਿ ਬਾਬਾ ਸਾਹਮਣੇ ਟੱਕਰ ਪਿਆ। ਕੋਈ ਹੋਰ ਹੁੰਦਾ ਤਾਂ ਜ਼ਰੂਰ ਬਾਬਾ ਮੌਕੇ ‘ਤੇ ਫੜਿਆ ਜਾਂਦਾ ਪਰ ਉੱਥੇ ਤਾਂ ਤਾਇਆ ਹਰਨ ਸੀ। ਉਹ ਬਾਬੇ ਨੂੰ ਆਖਣ ਲੱਗਾ,” ਪੰਛੀਆ, ਚੰਨਣ ਸਿੰਹੁ ( ਬਾਬੇ ਦਾ ਪੂਰਾ ਨਾਂਅ) ਨਹੀਂ ਦੇਖਿਆ ਕਿਤੇ… ਆਹ ਬੈਂਕ ਵਾਲੇ ਆਏ ਸੀ।” ਬਾਬਾ ਸਮਝ ਗਿਆ ਤੇ ਆਖਣ ਲੱਗਾ ਕਿ ਉਹ ਤਾਂ ਲਾਂਬੜੇ ਵੱਲ ਜਾਂਦਾ ਦੇਖਿਆ ਮੈਂ ਸਵੇਰੇ। ਤਾਇਆ ਹਰਨ ਬੈਂਕ ਵਾਲ਼ਿਆਂ ਨੂੰ ਕਹਿਣ ਲੱਗਾ,” ਲਓ ਜੀ, ਉਹ ਜਾ ਵੜਿਆ ਗਾਂਧਰਾਂ, ਆਪਣੇ ਸਹੁਰੀਂ … ਹੁਣ ਨਹੀਂ ਆਉਂਦਾ ਹਫ਼ਤਾ ਭਰ !” ਇਸ ਤਰਾਂ ਬੈਂਕ ਤੇ ਪੁਲਸ ਵਾਲ਼ਿਆਂ ਨੂੰ ਟਰਕਾਅ ਦਿੱਤਾ ਤੇ ਇਹ ਵੀ ਯਕੀਨੀ ਬਣਾ ਦਿੱਤਾ ਕਿ ਉਹ ਹਫ਼ਤਾ ਭਰ ਇੱਧਰ ਮੂੰਹ ਨਾ ਕਰਨ। ਓਨੀ ਦੇਰ ਕੋਈ ਨਾ ਕੋਈ ਜੁਗਾੜ ਤਾਂ ਹੋ ਹੀ ਜਾਵੇਗਾ। ਏਸੇ ਤਰ੍ਹਾਂ ਮੇਰੇ ਸਾਹਮਣੇ ਸਾਡੇ ਭਾਪਾ ਜੀ ਨੂੰ ਵੀ ਤਾਏ ਹਰਨ ਨੇ ਇਸੇ ਤਰ੍ਹਾਂ ਬਚਾਇਆ ਸੀ । ਕਹਿਣ ਲੱਗਾ,” ਓ ਵੈਦਾ.. ਨਿਰਮਲ ਸਿੰਹੁ ਨਹੀਂ ਦੇਖਿਆ ਕਿਤੇ !” ਅੱਗੋਂ ਉਹੀ ਸਿਲਸਿਲਾ ..! ਮੈਂ ਬੱਚਾ ਹੀ ਸੀ ਤੇ ਭਾਪਾ ਜੀ ਨੂੰ ਇਸ ਬਾਰੇ ਸੁਆਲ ਕਰਨਾ ਹੀ ਸੀ। ਭਾਪਾ ਜੀ ਦਾ ਜੁਆਬ ਸੀ,” ਪੁੱਤ ਉਹ ਚੌਕੀਦਾਰ ਐ ਪਿੰਡ ਦਾ…ਪੁਲਸ ਦੇ ਅੱਗੇ ਹੋ ਕੇ ਤੁਰਨਾ ਉਹਦਾ ਫਰਜ਼ ਐ ਪਰ ਉਹ ਪਿੰਡ ਦਾ ਵਾਸ਼ਿੰਦਾ ਵੀ ਹੈ, ਸਾਡਾ ਭਰਾ ਵੀ। ਆਪਣੇ ਭਰਾਵਾਂ ਨੂੰ ਜ਼ਿੱਲਤ ਤੋਂ ਬਚਾਉਣ ਨੂੰ ਉਹ ਆਪਣਾ ਸਭ ਤੋਂ ਪਹਿਲਾ ਫਰਜ਼ ਸਮਝਦੈ ..!” ਅਜਿਹੀ ਘਟਨਾ ਤੋਂ ਬਾਅਦ ਉਹ ਸੰਬੰਧਤ ਘਰ ਜਾਂਦਾ ਤੇ ਸਮੇਂ ਸਿਰ ਜੁਗਾੜ ਲਾਉਣ ਲਈ ਕਹਿੰਦਾ ਤੇ ਉਹ ਪਰਵਾਰ ਤਾਏ ਹਰਨ ਨੂੰ ਸੇਰ ਗੁੜ ਦੇ ਦਿੰਦਾ ਜਾਂ ਹਾੜਾ ਲੁਆ ਦਿੰਦਾ। ਤਾਇਆ ਹਰਨ ਏਨੇ ‘ਚ ਈ ਖੁਸ਼ ਹੋ ਜਾਂਦਾ। 

ਅੱਜ ਜਦੋਂ ਇੱਕ  ‘ਚੌਕੀਦਾਰ’ ਹੀ ਪੂਰਾ ਦੇਸ਼ ਆਪਣੇ ਚਹੇਤੇ ਦੋ-ਚਾਰ ਪਰਵਾਰਾਂ ਨੂੰ ਥਾਲੀ ‘ਚ ਪਰੋਸ ਕੇ ਦੇਣ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਜਦ ਉਹ ‘ਚੌਕੀਦਾਰ’ ਹੀ ਦੇਸ਼ ਦੀ ਕਿਰਸਾਨੀ ਖਤਮ ਕਰਨ ‘ਤੇ ਤੁਲਿਆ ਹੋਇਆ ਹੈ, ਜਦ ਉਹ ‘ਚੌਕੀਦਾਰ’ ਹੀ ਆਪਣਾ ਦਰਦ ਸੁਣਾਉਣ ਆ ਰਹੇ ਲੋਕਾਂ ਦੇ ਰਾਹ ਨੂੰ ਟੋਏ ਪੁੱਟ ਕੇ, ਬੁਲਡੋਜ਼ਰ ਖੜੇ ਕਰਕੇ ਰੋਕਣ ਤੱਕ ਚਲੇ ਗਿਆ ਹੈ, ਜਦ ਉਹ ‘ਚੌਕੀਦਾਰ’ ਲੋਕਾਂ ਵੱਲ ਅੱਥਰੂ ਗੈਸ ਦੇ ਗੋਲ਼ੇ ਵਰ੍ਹਾ ਰਿਹਾ ਹੈ, ਉਦੋਂ ਮੈਨੂੰ ਆਪਣਾ ਤਾਇਆ ਹਰਨ ਪਰੀਤੂ ਯਾਦ ਆ ਰਿਹਾ ਹੈ। ਪਹਿਲਾਂ ਜਿਹੜਾ ਹਰਨ ਪਰੀਤੂ ਇੱਕ ਸਧਾਰਨ, ਅਮਲੀ, ਇੱਕ ਨਿਮਾਣਾ ਜਿਹਾ ਬੰਦਾ ਪ੍ਰਤੀਤ ਹੁੰਦਾ ਸੀ, ਉਹੀ ਹਰਨ ਪਰੀਤੂ ਮੈਨੂੰ ਇੱਕ ਦਿਓਕੱਦ, ਨਿਰਛਲ ਇਨਸਾਨ ਦੇ ਰੂਪ ‘ਚ, ਮੁਸਕਰਾਉਂਦਾ ਨਜ਼ਰ ਆ ਰਿਹਾ ਹੈ ..! ਉਹ ਮੇਰੇ ਪਿੰਡ ਦਾ ਚੌਕੀਦਾਰ ਸੀ ਤੇ ਪਿੰਡ ਨਾਲ ਉਸ ਨੇ ਕਦੇ ਵੀ ਦਗ਼ਾ ਨਹੀਂ ਸੀ ਕਮਾਇਆ !

ਅੱਜ ਜਦੋਂ ਮੇਰੇ ਲੋਕ ਇਕੱਠੇ ਹੋ ਕੇ ਦਿੱਲੀ ਦੇ ਗਲ਼ ਪੈਣ ਲਈ ਅੱਗੇ ਵੱਧ ਰਹੇ ਹਨ, ਅੱਜ ਜਦ ਜਲ-ਤੋਪਾਂ ‘ਤੇ ਚੜ੍ਹਕੇ ਜਵਾਨੀ ਨਿਰਦਈ ਸੱਤਾ ਦੇ ਹਥਿਆਰ ਨਕਾਰਾ ਕਰਨ ‘ਤੇ ਉਤਰ ਆਈ ਹੈ, ਅੱਜ ਜਦੋਂ ਪੰਜਾਬ ਨਾਲ ਮਿਲਕੇ ਹਰਿਆਣਾ ਤੇ ਹੋਰਨਾ ਸੂਬਿਆਂ ਵੱਲੋਂ ਮਿਲਕੇ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ, ਇੱਕ ਖਿਆਲ ਜਨਮ ਲੈ ਰਿਹਾ ਹੈ ਕਿ ਕਿਓਂ ਨਾ ਪਿੰਡ-ਪਿੰਡ ਅਜਿਹੇ ਚੌਕੀਦਾਰ ਤਾਇਨਾਤ ਕੀਤੇ ਜਾਣ ਜੋ ਚੁੰਗੀਆਂ ਭਰਦੇ ਗਲ਼ੀਆਂ ‘ਚੋਂ ਲੰਘਣ, ਸੁੱਤੇ ਹੋਏ ਲੋਕਾਂ ਦੀਆਂ ਅੱਖਾਂ ‘ਤੇ ਚਾਨਣ ਦੇ ਛੱਟੇ ਮਾਰਨ, ਸਿਰ ‘ਤੇ ਹੱਥ ਫੇਰ ਕੇ ਆਖਣ;

ਉਠੋ, ਜਾਗੋ ! ਹੁਣ ਜਾਗਣ ਦਾ ਵੇਲ਼ਾ….

ਉਠੋ, ਜਾਗੋ ! ਹੁਣ ਦਿੱਲੀ ਘੇਰਨ ਦਾ ਵੇਲ਼ਾ..!

ਉਠੋ, ਜਾਗੋ ! ਹੁਣ ਸੂਹੀ ਚਿਣਗ ਤੱਕਣ ਦਾ ਵੇਲ਼ਾ..!

ਉਠੋ, ਸਾਂਭੋ ! ਇਹ ਤੁਹਾਡਾ ਹੈ ਅੰਮ੍ਰਿਤ ਵੇਲ਼ਾ..!

ranapamm@gmail.com

0015597799805

Share this post

Leave a Reply

Your email address will not be published. Required fields are marked *