fbpx Nawidunia - Kul Sansar Ek Parivar

ਗੁਰਨਾਇਬ ਸਿੰਘ ਦੀਆਂ 6 ਕਵਿਤਾਵਾਂ

ਜੈ ਸ੍ਰੀ

ਮੇਰੇ ਨੈਣਾਂ ਨੂੰ ਹਕੀਕਤ ਬਖ਼ਸ਼ ਮੇਰੇ ਮਾਲਕ
ਸੁਪਨੇ ਵੇਖ ਵੇਖ ਤਾਂ ਪੱਕ ਗਏ ਨੇ ਹੁਣ ਇਹ

ਬਾਪੂ ਦੀ ਸੋਟੀ ਤੇ ਲੰਗੋਟੀ ਤਾਂ
ਨਿਰਾ ਕਪਟ ਹੈ
ਗੌਡਸੇ ਦੀ ਗੋਲ਼ੀ
ਸਮੇਂ ਦਾ ਸੱਚ ਹੈ

ਬਾਪੂ ਦੇ ਮੁੱਖ ਚੋਂ ਨਿਕਲਿਆ ‘ਹੇ ਰਾਮ
ਗਰੀਬ ਦੀ ਗਦਾ ਨਹੀਂ ਬਣ ਸਕਿਆ
ਕਿਉਂਕਿ
ਰਾਮ
‘ਜੈ ਸ੍ਰੀ` ਨਾਲ ਹੀ ਪ੍ਰਸੰਨ ਹੁੰਦੇ ਹਨ

ਇਸ ਦੀ ਪ੍ਰਾਪਤੀ ਲਈ
ਕਿਸੇ ਦੀ ਭੈਣ ਨੂੰ
ਨੱਕੋਂ ਕੰਨੋਂ ਬੁੱਚੀ ਕਰਨਾ ਹੁੰਦਾ ਹੈ
ਤਾਂ ਜੋ ਉਸਦੇ ਭਰਾ-ਬੱਧ ਲਈ
ਆਪਣੀ ਪਤੀਵਰਤਾ ਪਤਨੀ ਦਾ ਹਰਨ
ਸੰਭਵ ਬਣਾਇਆ ਜਾ ਸਕੇ

ਭਗਵਾਨ ਰਾਮ ਲਈ ਇਹ ਸਭ ‘ਲੀਲ੍ਹਾਹੈ ਤੇ ਭਰਾ ਰਾਵਣ ਲਈ ਮੁਕਤੀ ਮਾਰਗ ਪਰ ਰਾਮ ਭਗਤ ਭਾਰਤ ਲਈ ਇਹ ਭੁੱਖ ਨੰਗ ਨੂੰ ਮੱਥੇ ਦੀ ਲਿਖੀ ਮੰਨ ‘ਰਾਮ ਦਾ ਨਾਮ ਲੈ
ਸਬਰ ਸੰਤੋਖ ਸੰਗ
ਜੀਵਨ ਬਸਰ ਕਰ ਲੈਣ ਦੀ ਕਲਾ ਬਣਾ ਦਿੱਤਾ ਗਿਆ ਹੈ

ਮੇਰੇ ਨੈਣਾਂ ਨੂੰ ਹਕੀਕਤ ਬਖ਼ਸ਼ ਮੇਰੇ ਮਾਲਕ
ਸੁਪਨੇ ਵੇਖ ਵੇਖ ਤਾਂ ਪੱਕ ਗਏ ਨੇ ਹੁਣ ਇਹ ।

ਸ਼ੁਕਰਾਨਾ

ਸ਼ੁਕਰਾਨੇ ਬਦਲੇ
ਮਾਇਆ ਭੇਟ ਕਰ ਰਹੇ
ਵੱਡੇ ਕਾਰੋਬਾਰੀਏ ਨੂੰ
ਰੱਬ ਨੇ ਪੁੱਛਿਆ:
‘ਪੁਰਖੋ
ਤੁਸੀਂ ਐਨੇ ਡਰੇ ਹੋਏ ਕਿਉਂ ਹੋ
ਕੀ ਕਾਰੋਬਾਰੀ ਵਾਧਾ ਤਸੱਲੀਬਖ਼ਸ਼ ਨਹੀਂ ਰਿਹਾ`

ਕਾਰੋਬਾਰੀਏ ਨੇ ਆਖਿਆ:
‘ਮਾਲਕਾ
ਆਪ ਦੀ ਕ੍ਰਿਪਾ ਨਾਲ
ਕਾਰੋਬਾਰ ਤਾਂ ਬਹੁਕੌਮੀ ਹੋ ਗਿਆ ਹੈ
ਪਰ ਮੇਰਾ ਰਾਜਨੇਤਾ ਆਖਦਾ ਹੈ ਕਿ
ਕ੍ਰਾਂਤੀ ਦਾ ਭੈਅ ਵੀ ਵਧ ਗਿਆ ਹੈ
ਇਸ ਤੋਂ ਮੁਕਤੀ ਵਾਸਤੇ
ਰੱਬ ਨੂੰ ਆਖੋ ਕਿ
ਉਹ ਕਿਰਤੀਆਂ ਦੇ ਮਨਕੋਸ਼ ਅੰਦਰ
ਮੁਨਾਫੇ ਦੇ ਮੂਲ ਸ੍ਰੋਤ
ਵਾਲੇ ਇੰਦਰਾਜ ਵਿੱਚ ਦਰਜ ਅਰਥ
ਕਿਰਤ ਦੀ ਲੁੱਟ ਨੂੰ ਬਦਲ ਕੇ
ਨਾਮ ਸਿਮਰਨ ਦੀ ਬਰਕਤ ਪਾ ਦੇਣ`

ਮੂੰਹ ਮੀਚ ਮੁਸਕਰਾਉਂਦੇ
ਰੱਬ ਜੀ ਬੋਲੇ:
‘ਜੋਦੜੀ ਪ੍ਰਵਾਨ ਹੈ
ਪਰ ਪੁਰਖੋ
ਦਸਵੰਧ ਕੱਢਣ ਵੇਲੇ
ਪ੍ਰਤੀਸ਼ਤ ਗਿਣਨੀ ਨਾ ਭੁੱਲ ਜਾਇਆ ਕਰੋ।`

ਵਿਸ਼ਵ ਕਾਰੋਬਾਰੀ ਨੇ
ਸਵਿਸ ਬੈਂਕ ਦੀ ਖਾਲੀ ਚੈੱਕ ਬੁੱਕ ਹੀ
ਰੱਬ ਦੇ ਚਰਨਾਂ ਉੱਤੇ ਧਰ ਦਿੱਤੀ।

ਸੱਚਾ ਸੌਦਾਗਰ

ਪੂਜਾ ਵੇਲੇ
ਵੱਡੇ ਕਾਰੋਬਾਰੀਏ ਨੇ
ਰੱਬ ਨੂੰ ਪੁੱਛਿਆ:
‘ਰੱਬ ਜੀ
ਤੁਹਾਡੀ ਬਣਾਈ ਦੁਨੀਆਂ ਅੰਦਰ
ਸੱਚਾ ਸੌਦਾਗਰ ਕੌਣ ਹੈ`

ਹੱਸਕੇ ਰੱਬ ਨੇ ਦੱਸਿਆ:
‘ਗਨਿਕਾ`

ਪਰੇਸ਼ਾਨ ਕਾਰੋਬਾਰੀਏ ਨੇ ਪ੍ਰਸ਼ਨ ਕੀਤਾ:
‘ਕਿਉਂ ਰੱਬ ਬੋਲੇ: ‘ਉਹ ਕਦੇ ਵੀ ਗਾਹਕ ਨਾਲ ਨਹੀਂ ਅਧੂਰਾ ਤੋਲਦੀ

ਰੱਬ ਦੇ ਇਹ ਬੋਲ ਸੁਣ
ਵਿਸ਼ਵ ਕਾਰੋਬਾਰੀਏ ਦੀ
ਨਿੱਕਰ ਗਿੱਲੀ ਹੋ ਗਈ।

ਬੱਚੇ ਬਣਾਉਣ ਵਾਲਾ

ਨਵ ਜੰਮੇ ਬੱਚੇ ਵੱਲ ਵੇਖ
ਪਹਿਲਾ ਬੱਚਾ ਬੋਲਿਆ:
‘ਮਾਂ ਬੱਚੇ ਕੌਣ ਬਣਾਉਂਦਾ ਹੈ`

ਮਾਂ ਬੱਚੇ ਦੇ ਮੂੰਹ ਵੱਲ ਦੇਖਦੀ ਹੀ ਰਹਿ ਗਈ

‘ਦੱਸੋ ਮਾਂ`
ਬੱਚਾ ਫੇਰ ਬੋਲਿਆ

ਮਾਂ ਦੇ ਮੂੰਹੋਂ ਸ਼ਬਦ ਨਿਕਲਿਆ:
‘ਰੱਬ`

‘ਰੱਬ`
ਬੱਚਾ ਸੋਚਣ ਲੱਗਿਆ

ਪਲ ਕੁ ਬਾਅਦ ਉਹ ਬੋਲਿਆ:
‘ਮਾਂ
ਲਗਦੈ ਰੱਬ ਨੂੰ ਕੱਪੜੇ ਬਣਾਉਣੇ ਨਹੀਂ ਆਉਂਦੇ
ਨਹੀਂ ਤਾਂ ਉਹ ਸਾਨੂੰ
ਨੰਗੇ ਨਾ ਭੇਜਦਾ`

ਅਵਾਕ ਮਾਂ ਨੇ
ਬੱਚੇ ਨੂੰ ਛਾਤੀ ਨਾਲ ਲਾਇਆ
ਅਤੇ
ਬਾਪੂ ਖੇਤਾਂ ਅੰਦਰ
ਕਪਾਹ ਬੀਜਣ ਚਲੇ ਗਿਆ।

ਨਿਆਰੀ ਲੀਲ੍ਹਾ

ਰੱਬ ਜੀ
ਤੁਹਾਡੀ ਲੀਲ੍ਹਾ ਵੀ ਨਿਆਰੀ ਹੈ
ਤੁਹਾਡੇ ਵਰਸੋਏ ਸ਼ੋਸ਼ਕਾਂ ਤੇ ਸ਼ਾਸ਼ਕਾਂ ਨੇ
ਮਾਨਵ ਦੀ ਕਿਰਤ ਨੂੰ ਲੁੱਟ ਲੁੱਟ
ਦੌਲਤਾਂ ਦੇ ਅੰਬਾਰ
ਸਮੁੰਦਰ ਤੇ ਸਵਿਸ ਬੈਂਕ ਸਿਰਜ ਲਏ ਹਨ

ਇਹਨਾਂ ਨੂੰ ਤੁਹਾਡੀ ਬਖ਼ਸ਼ਿਸ਼
ਪ੍ਰਾਪਤ ਹੈ ਕਿ ਨਹੀਂ
ਪਰ ਇਹ ਤਾਂ
ਇਸ ਦਾਅਵੇ ਅਧੀਨ ਹੀ
ਇਹ ਕਾਰਜ ਸਾਧਦੇ ਹਨ

ਵਚਿੱਤਰ ਹੈ ਤੁਹਾਡੀ ਲੀਲ੍ਹਾ
ਤੁਹਾਡਾ ਹੀ ਨਾਮ ਸਿਮਰ
ਸ਼ੋਸ਼ਤ ਮਾਨਵ
ਇਨ੍ਹਾਂ ਸ਼ਾਸ਼ਕਾਂ ਅਤੇ ਸ਼ੋਸ਼ਕਾਂ ਦਾ
ਹਰ ਜ਼ੁਲਮ ਆਪਣੇ ਤਨ-ਮਨ ਉੱਤੇ ਸਹਿ ਜਾਂਦਾ ਹੈ

ਗਾਜ਼ੀ ਦੀ ਤਲਵਾਰ ਅੰਦਰ ਵਸਦਾ ਜ਼ੋਰ
ਅਤੇ
ਸੀਸ ਕਰਾਮਾਤ
ਕੀ ਤੁਹਾਡੇ ਹੁਕਮ ਅਧੀਨ ਹੀ ਵਾਪਰਦਾ ਹੈ
ਇਕ ਨੂੰ ਤੁਸੀਂ ਹੁਕਮ ਦੇਂਦੇ ਹੋ ਸੀਸ ਪੇਸ਼ ਕਰਨ ਦਾ
ਦੂਜੇ ਦੇ ਹੱਥ ਨੂੰ
ਤਲਵਾਰ ਵੀ ਤੁਸੀਂ ਹੀ ਬਖ਼ਸ਼ਦੇ ਹੋ

ਅੱਕ ਗਿਆ ਹਾਂ ਮੈਂ
ਕ੍ਰਿਸ਼ਨ ਦੇ ਇਹ ਗੀਤਾ ਬੋਲ ਸੁਣ ਸੁਣ
‘‘ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ
ਉਦੋਂ ਉਦੋਂ ਮੈਂ ਅਵਤਾਰ ਧਾਰਦਾ ਹਾਂ
ਤੇ ਧਰਤ ਉੱਤੇ ਧਰਮ ਨੂੰ ਮੁੜ ਸਥਾਪਤ ਕਰਦਾ ਹਾਂ“

ਜਾਣੀ-ਜਾਣ ਮੇਰੇ ਰੱਬ ਜੀ
ਤੁਸੀਂ ਹਾਨੀ ਤੋਂ ਪਹਿਲਾਂ ਹੀ ਅਵਤਾਰ ਕਿਉਂ ਨਹੀਂ ਧਾਰਦੇ
ਮੈਨੂੰ ਨਜ਼ਰ ਬਖ਼ਸ਼ ਮੇਰਿਆ ਰੱਬਾ
ਮੈਂ ਤੁਹਾਡੀ ਇਸ ਲੀਲ੍ਹਾ ਦੇ ਭੇਦ ਨੂੰ
ਜਾਣ ਸਕਣ ਦੇ ਸਮਰੱਥ ਹੋ ਜਾਵਾਂ।

ਪੁੰਨ

ਚੁੰਝ ਭਰ ਭਰ ਪਾਣੀ ਪੀਂਦੇ
ਪੰਛੀ ਵੱਲ ਵੇਖ
ਰੱਬ ਨੇ ਜਲ ਨੂੰ ਪੁੱਛਿਆ:
‘‘ਕੀ ਤੈਨੂੰ ਮੁਕ ਜਾਣ ਦਾ
ਡਰ
ਨਹੀਂ ਸਤਾਉਂਦਾ।“

ਅੱਗੋਂ ਪਾਣੀ ਬੋਲਿਆ:
‘ਮੇਰੀਆਂ ਦੋ ਘੁੱਟਾਂ ਭਰ
ਉਸ ਦਾ ਤਨ-ਮਨ ਖਿੜ ਗਿਆ
ਹਾਇਓ ਮੇਰਿਆ ਰੱਬਾ
ਇਸ ਤੋਂ ਵੱਡਾ ਹੋਰ
ਭਲਾ ਕੀ ਪੁੰਨ ਹੈ`

ਪਾਣੀ ਦਾ ਇਹ ਬੋਲ ਸੁਣ
ਰੱਬ ਅਬੋਲ ਹੋ ਗਿਆ ।

mob : 98880-71992

Share this post

Leave a Reply

Your email address will not be published. Required fields are marked *