ਧੀਆਂ / ਅਮਰਦੀਪ ਸਿੰਘ ਗਿੱਲ

“ਨਾ ਤੇਰਾ ਵੈਰ ਕੀ ਆ ਗਾਮਿਆ ਭਲਾ… ਨੰਜਣ ਤਾਏ ਨਾਲ?” ਘਰ ਦੀ ਕੱਢੀ ਦਾਰੂ ਦਾ ਭਰਿਆ ਪੌਣਾ ਗਲਾਸ ਇਕੋ ਸਾਹੇ ਖਾਲੀ ਕਰ ਕੇ ਵੱਟ ਤੇ ਰੱਖਦਿਆਂ ਤੋਤੀ ਨੇ ਅਜੀਬ ਜਿਹਾ ਮੂੰਹ ਬਣਾ ਕੇ ਗਾਮੇ ਤੋਂ ਪੁੱਛਿਆ। “ਲੈ ਦੱਸ...ਭਲਾ ਜੱਟਾਂ ਦੇ ਵੈਰ ਦਾ ਕੀ ਆ...ਭਾਵੇਂ ਬਿਨਾਂ ਗੱਲ ਤੋਂ ਹੀ ਪਾ ਲੈਣ... ਹਾ ਹਾ ਹਾ!” ਤੋਤੀ ਦੇ ਖਾਲੀ ਕੀਤੇ ਪਿੱਤਲ ਦੇ ਗਲਾਸ ਨੂੰ ਦਾਰੂ ਨਾਲ ਭਰ ਕੇ ਗਾਮਾ ਮਿੱਠੇ ਸ਼ਰਬਤ ਵਾਂਗ ਪੀ ਗਿਆ। ਫਿਰ ਉਸ ਨੇ ਦੂਰ ਤੱਕ ਨਿਗਾਹ ਮਾਰੀ ਪਰ ਤੋਤੀ ਵੱਲ ਨਾ ਵੇਖਿਆ, ਉਹ ਜਿਵੇਂ ਨਾਲ ਦੇ ਟੱਕ ਦੇ ਬਾਰ੍ਹਾਂ ਘੁਮਾਂ ਇਕੋ ਨਜ਼ਰੇ ਮਿਣ ਗਿਆ। ਇਹ ਬਾਰ੍ਹਾਂ ਘੁਮਾਂ ਦਾ ਇਕਠਾ ਟੱਕ ਨਰੰਜਣ ਸਿੰਘ ਦਾ ਸੀ ਜਿਸ ਬਾਰੇ ਗਾਮਾ ਅਤੇ ਤੋਤੀ ਗੱਲਾਂ ਕਰ ਰਹੇ ਸਨ। ਨਰੰਜਣ ਸ਼ਰੀਕੇਚੋਂ ਗਾਮੇ ਦਾ ਵੀ ਤਾਇਆ ਲਗਦਾ ਸੀ ਅਤੇ ਤੋਤੀ ਦਾ ਵੀ, ਸੂਝਵਾਨ ਸਿਆਣਾ ਸਾਊ ਬੰਦਾ ਜਿਵੇਂ ਇਕ ਧੀਅ ਦੇ ਬਾਪ ਨੂੰ ਹੋਣਾ ਚਾਹੀਦਾ ਹੈ। ਮਿਹਨਤੀ, ਮਿਲਣਸਾਰ ਅਤੇ ਚਰਿੱਤਰਵਾਨ, ਹੱਥੀਂ ਕੰਮ ਕਰਨ ਵਾਲਾ, ਇਸੇ ਲਈ ਉਸ ਨੇ ਪਿਛਲੇ ਦਸ ਸਾਲਾਂ ਚ ਚਾਰ ਘੁਮਾਂ ਜ਼ਮੀਨ ਨੂੰ ਬਾਰ੍ਹਾਂ ਘੁਮਾਂ ਬਣਾ ਲਿਆ ਸੀ। ਸ਼ਰੀਕ ਜ਼ਮੀਨ ਵੇਚਦੇ ਰਹੇ ਤੇ ਨਰੰਜਣ ਖਰੀਦਦਾ ਰਿਹਾ, ਇਨ੍ਹਾਂ ਜ਼ਮੀਨ ਵੇਚਣ ਵਾਲਿਆਂਚ ਹੀ ਸ਼ਾਮਲ ਸੀ ਗੁਰਨਾਮ ਸਿੰਘ ਉਰਫ ਗਾਮੇ ਦਾ ਬਾਪੂ ਸੌਦਾਗਰ ਸਿੰਘ, ਸ਼ਾਇਦ ਇਹ ਵੀ ਇਕ ਕਾਰਨ ਸੀ ਕਿ ਨਰੰਜਣ ਸਿੰਘ ਦਾ ਨਾਂਅ ਸੁਣ ਗਾਮਾ ਜ਼ਹਿਰ ਘੋਲਣ ਲੱਗ ਜਾਂਦਾ ਸੀ।
“ਆਹ…ਜਿਹੜੇ ਚਾਰ ਘੁਮਾਂ ਨੇ ਨਾ ਬੇਰੀ ਆਲੇ… ਇਹ ਗਾਮੇ ਜੱਟ ਦੇ ਹੱਲ ਹੇਠਾਂ ਹੋਣੇ ਸੀ ਤੋਤੀ ਸਿਆਂ… ਜੇ ਇਹ ਨੰਜਣ…ਤੇਰਾ ਤਾਇਆ… ਭੈਂ… ਚੋ…!”
ਗਾਮੇ ਨੂੰ ਦਾਰੂ ਚੜ੍ਹ ਗਈ ਸੀ, ਉਸ ਦੇ ਮੂੰਹੋਂ ਤੋਤੀ ਨੇ ਕੋਈ ਪਹਿਲੀ ਵਾਰ ਨਰੰਜਣ ਸਿੰਘ ਲਈ ਗਾਲ੍ਹ ਨਹੀਂ ਸੀ ਸੁਣੀ, ਇੰਜ ਅਕਸਰ ਹੁੰਦਾ ਸੀ ਤਾਂ ਹੀ ਅੱਜ ਤੋਤੀ ਨੇ ਗਾਮੇ ਤੋਂ ਨਰੰਜਣ ਸਿੰਘ ਪ੍ਰਤੀ ਗਾਮੇ ਦੇ ਇਸ ਗੁੱਸੇ ਦਾ ਕਾਰਨ ਜਾਨਣਾ ਚਾਹਿਆ ਸੀ ਪਰ ਦਾਰੂ ਦੇ ਨਸ਼ੇ ਦੇ ਨਾਲ ਨਾਲ ਵਧਦਾ ਗਾਮੇ ਦਾ ਗੁੱਸਾ ਵੇਖ ਤੋਤੀ ਸੋਚੀਂ ਪੈ ਗਿਆ ਕਿ ਮੈਂ ਕਾਹਨੂੰ ਛੇੜਨੀ ਸੀ ਨੰਜਣ ਤਾਏ ਵਾਲੀ ਗੱਲ, ਤੋਤੀ ਗੱਲ ਬਦਲਣ ਬਾਰੇ ਸੋਚ ਹੀ ਰਿਹਾ ਸੀ ਕਿ ਗਾਮਾ ਗੰਡਾਸਾ ਚੁੱਕ ਪਿੰਡ ਵੱਲ ਨੂੰ ਤੁਰ ਪਿਆ। ਤੋਤੀ ਕੁਝ ਨਾ ਬੋਲਿਆ ਬੱਸ ਚੁੱਪਚਾਪ ਗਾਮੇ ਨੂੰ ਜਾਂਦਾ ਵੇਖਦਾ ਰਿਹਾ, ਇਹ ਉਹੀ ਗਾਮਾ ਸੀ ਜਿਸ ਨੂੰ ਸਾਰਾ ਪਿੰਡ ‘ਗਾਮਾ ਸਾਨ੍ਹ’ ਕਹਿੰਦਾ ਸੀ। ਤੋਤੀ ਸੋਚ ਰਿਹਾ ਸੀ ਕਿ ਏਸ ਜੱਟ ਨੇ ਵੀ ਦੁਨੀਆ ਜਹਾਨ ਦਾ ਕੋਈ ਵੈਲ ਨਹੀਂ ਛੱਡਿਆ, ਭਲਾ ਅੱਜ ਕੋਈ ਪੁੱਛਣ ਆਲਾ ਹੋਵੇ ਏਹ ਨੂੰ ਬਈ ਭਲਿਆ ਮਾਣਸਾ.. ਜੇ ਤੇਰੇ ਪਿਓ ਨੇ ਜ਼ਮੀਨ ਵੇਚੀ ਤਾਂ ਹੀ ਨੰਜਣ ਤਾਏ ਨੇ ਖਰੀਦੀ, ਹੁਣ ਜੇ ਤੂੰ ਗੁੱਸਾ ਕਰਨੈ ਤਾਂ ਆਵਦੇ ਪਿਓ ਤੇ ਕਰ ਸਿਵਿਆਂਚ ਜਾ ਕੇ, ਜੀਨ੍ਹੇ ਨਚਾਰਾਂ ਦੇ ਜਲਸਿਆਂ ਚ ਜਾ ਜਾ ਹੀ ਸਾਰੀ ਜਾਇਦਾਦ ਗੁਆ ਦਿੱਤੀ, ਏਹਦੇਚ ਨੰਜਣ ਤਾਏ ਦਾ ਕੀ ਕਸੂਰ … ਨਾਲੇ ਆਪ ਵੀ ਤਾਂ ਤੂੰ ਹੁਣ ਆਵਦੇ ਪਿਓ ਆਲੇ ਲੱਛਣਾਂ ਤੇ ਹੀ ਐਂ! ਤੋਤੀ ਨੇ ਧਰਤੀਤੇ ਥੁੱਕਦਿਆਂ, ਬੋਤਲ ਫਿਰ ਚੁੱਕ ਲਈ। ਸੂਰਜ ਲੇਹੀ ਟਿੱਬੇ ਦੇ ਓਹਲੇ ਕੁਝ ਹੋਰ ਨੀਵਾਂ ਹੋ ਗਿਆ।
ਦੂਜੇ ਪਾਸੇ ਗਾਮਾ ਝੂਲਦਾ ਹੋਇਆ ਝਿੜੀ ਵਾਲੀ ਪਹੀ ਵਾਲੇ ਪਾਸਿਓਂ ਪਿੰਡ ਚ ਦਾਖਲ ਹੋਇਆ ਤਾਂ ਖੂਹਤੇ ਪਾਣੀ ਭਰਦੀਆਂ ਕੁੜੀਆਂ ਦਾ ਹਾਸਾ ਉਸ ਦੇ ਕੰਨੀਂ ਪਿਆ। ਉਸ ਨੇ ਖੂਹ ਵੱਲ ਟੇਢਾ ਜਿਹਾ ਝਾਕਦਿਆਂ ਕੁੜੀਆਂ ਦੀ ਪਛਾਣ ਕੱਢਣੀ ਚਾਹੀ ਪਰ ਛਿਪਦੇ ਸੂਰਜ ਦੀ ਘੱਟ ਹੁੰਦੀ ਰੌਸ਼ਨੀ ਅਤੇ ਦਾਰੂ ਦੇ ਨਸ਼ੇ ਨੇ ਉਸ ਦੀ ਨਜ਼ਰ ਹੋਰ ਵੀ ਧੁੰਦਲੀ ਕਰ ਦਿੱਤੀ ਸੀ ਜਿਸ ਕਾਰਨ ਉਸ ਨੂੰ ਕਿਸੇ ਕੁੜੀ ਦੀ ਪਛਾਣ ਨਾ ਆਈ। ਉਸ ਨੇ ਆਵਾਜ਼ ਤੋਂ ਅੰਦਾਜ਼ਾ ਲਾਇਆ ਕਿ ਨਰੰਜਣ ਸਿੰਘ ਦੀ ਧੀਅ ਮੂਰਤੀ ਵੀ ਇਨ੍ਹਾਂ ਕੁੜੀਆਂ ਚ ਸ਼ਾਮਲ ਹੋਵੇਗੀ। ਮੂਰਤੀ ਤਾਂ ਜਿਵੇਂ ਗਾਮੇ ਦੇ ਮੱਥੇਤੇ ਉੱਡਣੇ ਸੱਪ ਵਾਂਗ ਵੱਜਦੀ ਸੀ, ਉਹ ਅਕਸਰ ਸੋਚਦਾ ਕਿ ਨਰੰਜਣ ਸਿੰਘ ਦੇ ਮੁੰਡਾ ਤਾਂ ਹੈ ਨੀ ਕੋਈ, ਇਹ ਇੱਕਲੀ ਧੀਅ ਆ ਜਿਸ ਲਈ ਉਸ ਨੇ ਐਨੀਂ ਪੈਲੀ ਜੋੜ ਰੱਖੀ ਐ, ਕੋਈ ਸਾਲਾ ਮਲੰਗ ਜੱਟ ਕਿਤੋਂ ਦਾ ਇਕ ਦਿਨ ਏਸ ਕੁੜੀ ਕਰ ਕੇ ਸਾਰੀ ਜ਼ਮੀਨ ਦਾ ਮਾਲਕ ਬਣ ਕੇ ਬਹਿਜੂਗਾ… ਮੇਰੇ ਦਾਦੇ ਪਰਦਾਦੇ ਆਲੀ ਜ਼ਮੀਨ ਤੇ ਵੀ ਕੋਈ ਤੀਜਾ ਤਿਹਾਕ ਆ ਕੇ ਹਲ ਜੋੜੂ! ਗਾਮੇ ਨੇ ਸੱਜੇ ਹੱਥ ਵਾਲਾ ਗੰਡਾਸੇ ਦਾ ਹੇਠਲਾ ਸਿਰਾ ਪੂਰੇ ਜ਼ੋਰ ਨਾਲ ਛੱਜੂ ਬਾਣੀਏ ਦੀ ਹੱਟੀ ਦੀ ਦੇਹਲੀਤੇ ਜਾ ਮਾਰਿਆ, ਹੱਟੀ ਅੰਦਰ ਦੀਵਾ ਬਾਲਦਾ ਛੱਜੂ ਖੜਾਕ ਸੁਣ ਤ੍ਰਬਕ ਜਿਹਾ ਗਿਆ।
“ਲਾਲਾ ਤਮਾਖੂ ਦਾ ਪੁੜਾ ਤਾਂ ਦੇਈਂ … ਨਾਲੇ ਮਿੱਠੀਆਂ ਪਕੌੜੀਆਂ ਦੇ ਦੇ ਲੱਪ ਕੁ …!”
ਛੱਜੂ ਰਾਮ ਨੇ ਦੀਵਾ ਬਾਲ ਕੇ ਮੂੰਹ ਚ ਰਾਮ ਰਾਮ ਕਰਦਿਆਂ ਹੱਥ ਦੇ ਇਸ਼ਾਰੇ ਨਾਲ ਹੀ ਗਾਮੇ ਨੂੰ ਖੜਨ ਲਈ ਕਹਿੰਦਿਆਂ ਤੰਮਾਕੂ ਦਾ ਪੁੜਾ ਅਤੇ ਮਿੱਠੀਆਂ ਪਕੌੜੀਆਂ ਕਾਗਜ਼ਚ ਲਪੇਟ ਉਸ ਦੇ ਹੱਥ ਫੜਾ ਦਿੱਤੀਆਂ। ਗਾਮਾ ਵੀ ਪਕੌੜੀਆਂ ਗੀਝੇ ਚ ਪਾਉਦਿਆਂ ਇਸ਼ਾਰੇ ਨਾਲ ਹੀ ਛੱਜੂ ਨੂੰ ਪੈਸੈ ਵਹੀਚ ਲਿਖਣ ਦਾ ਕਹਿ ਕੇ ਆਪਣੇ ਘਰ ਵੱਲ ਤੁਰ ਪਿਆ। ਉਸ ਦੇ ਪਿੱਛੇ ਹੀ ਤਿੰਨ ਚਾਰ ਕੁੜੀਆਂ ਸੰਗ ਮੂਰਤੀ ਵੀ ਪਾਣੀ ਦਾ ਤੌੜਾ ਚੁੱਕੀਂ ਉਸੇ ਗਲੀ ਚ ਆ ਰਹੀ ਸੀ। ਆਪਣੇ ਬਾਰ ਮੂਹਰੇ ਜਾ ਕੇ ਗਾਮੇ ਨੇ ਪੈਰ ਮਲਿਆ, ਮੂਰਤੀ ਆਪਣੀਆਂ ਸਾਥਣਾਂ ਨਾਲ ਅੱਗੇ ਆਪਣੇ ਘਰ ਵੱਲ ਲੰਘ ਗਈ। ਗਾਮੇ ਦੀ ਤੱਕਣੀ ਮੂਰਤੀ ਵੱਲ ਕਦੇ ਵੀ ਉਹੋ ਜਿਹੀ ਨਹੀਂ ਸੀ ਜਿਹੋ ਜਿਹੀ ਘਰਾਂਚੋਂ ਭਰਾ ਲਗਦੇ ਪਿੰਡ ਦੇ ਕਿਸੇ ਵੀ ਬੰਦੇ ਦੀ ਪਿੰਡ ਦੀ ਕੁੜੀ ਵੱਲ ਹੋਣੀ ਚਾਹੀਦੀ ਹੈ, ਗਾਮਾ ਹਮੇਸ਼ਾ ਹੀ ਅੱਖਾਂ ਚ ਓਪਰੀ ਜਿਹੀ ਅੱਗ ਲੈ ਕੇ ਮੂਰਤੀ ਵੱਲ ਵੇਖਦਾ। ਵੱਡੇ ਦਰਵਾਜ਼ੇ ਦੀ ਛੋਟੀ ਬਾਰੀ ਵਿੱਚਦੀ ਘਰ ਅੰਦਰ ਦਾਖ਼ਲ ਹੁੰਦਿਆਂ ਗਾਮੇ ਨੂੰ ਥੋੜ੍ਹਾ ਝੁਕਣਾ ਪਿਆ। ਉਸ ਨੇ ਖੰਘੂਰਾ ਮਾਰਨ ਦੇ ਨਾਲ ਨਾਲ ਹੱਥਲਾ ਗੰਡਾਸਾ ਵੀ ਧਰਤੀਤੇ ਮਾਰਿਆ ਤਾਂ ਵਿਹੜੇ ਚ ਮੰਜੇਤੇ ਇਕ ਪਾਸੇ ਗਦੈਲੇ ਦਾ ਸਿਰਹਾਣਾ ਲਾਈ ਬੈਠੀ ਮੁਗਲਨੀ ਦਾ ਧਿਆਨ ਹੁੱਕੇ ਵੱਲੋਂ ਉੱਖੜ ਗਿਆ।
“ਤੰਬਾਖੂ ਦਾ ਪੁੜਾ ਲਈ ਆਇਐ ਹੈਂ ਕਿ ਭੁੱਲ ਗਿਆ … ਵੇ ਮੇਰਿਆ ਅਣਹੋਇਆ ਖਸਮਾਂ?” ਮੁਗਲਨੀ ਦੀ ਭਾਸ਼ਾ ਅਜਿਹੀ ਹੀ ਸੀ ਤੇ ਉਸ ਦਾ ਸੁਭਾਅ ਵੀ। ਸਾਰਾ ਪਿੰਡ ਮੁਗਲਨੀ ਬਾਰੇ ਸਿਰਫ ਇਹੋ ਜਾਣਦਾ ਸੀ ਕਿ ਉਹ ਮੁਸਲਮਾਨ ਔਰਤ ਹੈ ਅਤੇ ਤਿੰਨ ਕੁ ਸਾਲ ਪਹਿਲਾਂ ਸੰਨ ਸੰਤਾਲੀ ਦੇ ਹਲਚਲੇ ਵੇਲੇ ਗਾਮੇ ਨੂੰ ਕਿਤੋਂ ਮਿਲ ਗਈ ਸੀ। ਗਾਮਾ ਉਦੋਂ ਧਾੜਵੀਆਂ ਨਾਲ ਰਲ ਕੇ ਮਹੀਨਾ ਭਰ ਮੁਸਲਮਾਨਾਂ ਨੂੰ ਲੁੱਟਦਾ ਤੇ ਮਾਰਦਾ ਰਿਹਾ ਸੀ। ਲੋਕ ਕਹਿੰਦੇ ਨੇ ਕਿ ਉਹ ਅਬੋਹਰ ਫਾਜ਼ਿਲਕਾ ਤੱਕ ਮਾਰ ਕਰ ਆਇਆ ਸੀ, ਉੱਧਰ ਹੀ ਕਿਧਰੇ ਉਸ ਨੂੰ ਇਹ ਮੁਗਲਨੀ ਮਿਲ ਗਈ ਸੀ, ਜਿਸ ਨੂੰ ਉਸ ਨੇ ਇਹ ਸੋਚ ਘਰ ਵਸਾ ਲਿਆ ਸੀ ਕਿ ਆਪਾਂ ਨੂੰ ਐਨੀ ਥੋੜ੍ਹੀ ਜ਼ਮੀਨ ਕਰ ਕੇ ਸਕੀ ਧੀਅ ਕੀਹਨੇ ਦੇਣੀ ਆਂ…ਆਹੀ ਵਧੀਆ ਦੋ ਚਾਰ ਸਾਲਾਂ ਚ ਘਰ ਰਹਿ ਕੇ ਆਪੇ ਜੱਟੀ ਬਣ ਜਾਊ, ਜਵਾਕ ਹੋ ਜਾਣਗੇ ਤੇ ਕੁਲ ਅੱਗੇ ਤੁਰ ਪਊ। ਮੁਗਲਨੀ ਦਾ ਅਸਲ ਨਾਂਅ ਤਾਂ ਕੁੱਝ ਹੋਰ ਸੀ ਪਰ ਉਸ ਦੇ ਮੁਸਲਮਾਨ ਹੋਣ ਕਾਰਨ ਪਿੰਡ ਵਾਲੇ ਉਸ ਨੂੰ ਮੁਗਲਨੀ ਹੀ ਕਹਿਣ ਲੱਗ ਪਏ ਸਨ। ਮੁਗਲਨੀ ਗਾਮੇ ਦੀ ਸੋਚ ਅਨੁਸਾਰ ਬੋਲਚਾਲ ਤੋਂ ਕੁੱਝ ਹੱਦ ਤੀਕ ‘ਜੱਟੀ’ ਤਾਂ ਬਣ ਗਈ ਸੀ ਪਰ ਹਾਲੇ ਉਸ ਦੇ ਕੋਈ ਬੱਚਾ ਨਹੀਂ ਸੀ ਹੋਇਆ। ਉਹ ਭਾਰੇ ਅੰਗਾਂ ਦੀ ਭਰਪੂਰ ਔਰਤ ਸੀ। ਉਸ ਦਾ ਗਾਮੇ ਨਾਲ ਤੇ ਗਾਮੇ ਦਾ ਉਸ ਨਾਲ ਜੀਅ ਲੱਗ ਗਿਆ ਸੀ। ਇੰਜ ਹੀ ਤਿੰਨ ਸਾਲ ਲੰਘ ਗਏ ਸਨ। ਉਹ ਦੋ ਡੰਗ ਉਸ ਦੀ ਰੋਟੀ ਪਕਾ ਛੱਡਦੀ ਤੇ ਬਾਕੀ ਸਾਰਾ ਦਿਨ ਵਿਹਲੀ ਬੈਠੀ ਹੁੱਕਾ ਪੀਂਦੀ ਰਹਿੰਦੀ। ਪਹਿਨ ਪੱਚਰ ਕੇ ਤਿਆਰ ਹੋ ਕੇ ਰਹਿਣਾਂ ਉਸ ਦਾ ਸੌਕ ਸੀ। ਅੱਖਾਂਚ ਪੂਛਾਂ ਵਾਲਾ ਸੁਰਮਾਂ ਪਾਉਂਦੀ, ਦੰਦਾਂ ਤੇ ਦੰਦਾਸਾ ਮਲਦੀ ਤੇ ਮੰਜੇ ਦੇ ਸੰਘੇਚ ਫਸਾ ਕੇ ਰੱਖੀ ਡੱਬੀ ਚੋਂ ਵਾਰ ਵਾਰ ਨਸਵਾਰ ਦੀ ਚੂੰਡੀ ਲੈ ਕੇ ਨਾਸਾਂਚ ਚੜ੍ਹਾ ਲੈਂਦੀ। ਗਲੀ ਗਵਾਂਢ ਦੀਆਂ ਔਰਤਾਂ ਸਾਹਮਣੇ ਉਹ ਘੱਟ ਹੀ ਹੁੰਦੀ ਤੇ ਪਿੰਡ ਦੇ ਜੁਆਕ ਉਸ ਤੋਂ ਆਪ ਹੀ ਡਰਦੇ ਸਨ। ਗਾਮਾ ਤਾਂ ਬਾਹਰ ਗਿਆ ਦੋ ਦੋ ਚਾਰ ਚਾਰ ਦਿਨ ਘਰ ਮੁੜਦਾ ਹੀ ਨਹੀਂ ਸੀ, ਇਸ ਲਈ ਉਹ ਇੱਕਲੀ ਅਕਸਰ ਘਰ ਵਿਚ ਅੱਕ ਜਾਂਦੀ ਪਰ ਅੱਜ ਤਾਂ ਗਾਮਾ ਦਿਨ ਦੇ ਛਿਪਾਅ ਨਾਲ ਹੀ ਘਰ ਮੁੜ ਆਇਆ ਸੀ ਤਾਂ ਹੀ ਮੁਗਲਨੀ ਦੇ ਬੋਲਾਂ ਚ ਸ਼ਰਾਰਤ ਆ ਗਈ ਸੀ। ਗਾਮਾ ਤੰਮਾਕੂ ਦਾ ਪੁੜਾ ਅਤੇ ਪਕੌੜੀਆਂ ਉਸ ਕੋਲ ਮੰਜੇਤੇ ਰੱਖ ਬਿਨਾਂ ਕੁੱਝ ਬੋਲੇ ਅੰਦਰਲੀ ਸਵਾਤ ਵੱਲ ਚਲਾ ਗਿਆ। ਮੁਗਲਨੀ ਨੇ ਦੋਨੋਂ ਵਸਤਾਂ ਸਿਰਹਾਣੇ ਪਏ ਗਦੈਲੈ ਦੇ ਪੱਲੇ ਹੇਠ ਕਰ ਦਿੱਤੀਆਂ ਅਤੇ ਆਪ ਉੱਠ ਰੋਟੀ ਪਾਣੀ ਦੇ ਆਹਰ ਚ ਲੱਗ ਗਈ। ਗਾਮੇ ਨੇ ਸਵਾਤ ਦੇ ਖੂੰਜੇਚ ਪਈ ਚੱਕੀ ਦੇ ਪਿੱਛੋਂ ਘਰ ਦੀ ਆਪਣੇ ਹੱਥੀਂ ਕੱਢੀ ਦਾਰੂ ਦੀ ਬੋਤਲ ਚੁੱਕ ਲਈ। ਤੋਤੀ ਨਾਲ ਪੀਤੀ ਦਾਰੂ ਦਾ ਨਸ਼ਾ ਹੁਣ ਤੱਕ ਮੱਠਾ ਪੈ ਗਿਆ ਸੀ, ਸੋ ਉਸ ਨੇ ਆਲੇ ਚ ਪਏ ਪਿੱਤਲ ਦੇ ਕੌਲੇਚ ਤਕੜਾ ਸਾਰਾ ਹਾੜਾ ਪਾ ਲਿਆ। ਇਕੋ ਸਾਹੇ ਪੀ ਉਸ ਨੇ ਖਾਲੀ ਕੌਲਾ ਚੱਕੀ ਉੱਤੇ ਬੋਤਲ ਕੋਲ ਹੀ ਰੱਖ ਦਿੱਤਾ। ਸਵਾਤ ਵਿੱਚਲੇ ਹਨੇਰੇ ਚ ਚੱਕੀ ਕੋਲ ਪਏ ਆਚਾਰ ਵਾਲੇ ਰਿੜਕਣੇ ਦਾ ਵੀ ਉਸ ਨੂੰ ਪਤਾ ਹੀ ਸੀ। ਉਸ ਨੇ ਰਿੜਕਣੇ ਦਾ ਚੱਪਣ ਚੁੱਕ ਬਿਨਾਂ ਵੇਖੇ ਹੀ ਹੱਥ ਨਾਲ ਟਟੋਲ ਕੇ ਤਿੰਨ ਚਾਰ ਡੇਲੇ ਕੱਢ ਲਏ। ਮੂੰਹ ਕਰਾਰਾ ਕਰਨ ਲਈ ਉਹ ਸਵਾਤ ਤੋਂ ਬਾਹਰ ਆਉਂਦਾ ਇਕ ਇਕ ਕਰ ਕੇ ਸਾਰੇ ਡੇਲੇ ਖਾ ਗਿਆ। ਖੰਘੂਰਾ ਜਿਹਾ ਮਾਰ ਉਸ ਨੇ ਗਲਾ ਸਾਫ ਕੀਤਾ ਤਾਂ ਚੁੱਲ੍ਹੇ ਕੋਲ ਬੈਠੀ ਮੁਗਲਨੀ ਦਾ ਧਿਆਨ ਫਿਰ ਉਸ ਵੱਲ ਗਿਆ। “ਕਿਵੇਂ ਆ ਖਸਮਾਂ...ਬੜੇ ਖੰਗੂਰੇ ਮਾਰਨ ਡਿਹਾਂ ਏਂ...ਅੱਜ ਤਾਂ ਖੈਰ ਨੀ ਲਗਦੀ ਮੇਰੀ ਜਾਨ ਦੀ!” ਮੁਗਲਨੀ ਨੇ ਸ਼ਰਾਰਤ ਨਾਲ ਕਿਹਾ ਤਾਂ ਉਸ ਦੇ ਦੰਦਾਂਚ ਲੱਗੀਆਂ ਸੋਨੇ ਦੀਆਂ ਮੇਖਾਂ ਵੀ ਹੱਸ ਪਈਆਂ, ਠੋਡੀ ਤੇ ਖੁਣਿਆਂ ਪੰਜ-ਦਾਣਾ ਪਹਿਲਾਂ ਨਾਲੋਂ ਜ਼ਿਆਦਾ ਥਾਂਚ ਫੈਲ ਗਿਆ। ਗਾਮਾ ਵੀ ਉਸ ਵੱਲ ਵੇਖ ਕੇ ਸ਼ਰਾਰਤੀ ਜਿਹਾ ਮੁਸਕਰਾਇਆ ਤੇ ਕਬੂਤਰਾਂ ਵਾਲੇ ਖੁੱਡੇ ਵੱਲ ਚਲਾ ਗਿਆ।
ਗਾਮੇ ਕੋਲ ਕਬੂਤਰ ਵੀ ਰੱਖੇ ਹੋਏ ਸਨ ਤੇ ਸ਼ਿਕਾਰੀ ਕੁੱਤੇ ਵੀ, ਉਹ ਖਰਗੋਸ਼ ਵੀ ਪਾਲੀ ਬੈਠਾ ਸੀ ਤੇ ਕੁੱਕੜ ਵੀ। ਉਸ ਕੋਲ ਇਕ ਘੋੜੀ ਵੀ ਸੀ ਤੇ ਇਕ ਸੱਜਰ ਸੂਈ ਮੱਝ ਵੀ। ਇਹ ਮੱਝ ਉਹ ਮੁਗਲਨੀ ਦੇ ਆਉਣ ਤੋਂ ਬਾਅਦ ਲਿਆਇਆ ਸੀ, ਪਹਿਲਾਂ ਤਾਂ ਉਸ ਨੇ ਕੀ ਕਰਨੀ ਸੀ ਮੱਝ। ਪਹਿਲਾਂ ਤਾਂ ਉਹ ਕੁੱਤਿਆਂ ਦੀਆਂ ਦੌੜਾਂ ਅਤੇ ਕਬੂਤਰਾਂ ਦੀਆਂ ਬਾਜ਼ੀਆਂ ਚ ਹੀ ਰੁੱਝਿਆ ਰਹਿੰਦਾ ਸੀ। ਘੋੜੀ ਉਹ ਪਿੰਡੋਂ ਦੂਰ ਜਾਣ ਲਈ ਵਰਤਦਾ, ਉਸ ਦੀ ਦੂਰ ਦੂਰ ਦੇ ਪਿੰਡਾਂ ਤੀਕ ਜਾਣ ਪਛਾਣ ਸੀ, ਇਲਾਕੇ ਦੇ ਕਹਿੰਦੇ ਕਹਾਉਂਦੇ ਵੈਲੀਆਂ ਨਾਲ ਉਸ ਦਾ ਮਿਲਵਰਤਣ ਸੀ, ਇਨ੍ਹਾਂ ਨਾਲ ਹੀ ਉਹ ਪੁੱਠੇ ਸਿੱਧੇ ਕੰਮਾਂਚ ਰੁੱਝਿਆ ਰਹਿੰਦਾ।
ਰਾਤ ਨੂੰ ਮੰਜੇ ਤੇ ਪਏ ਗਾਮੇ ਦੀਆਂ ਸੋਚਾਂ ਦੀ ਲੜੀ ਫਿਰ ਤੋਂ ਦਿਨ ਵਾਲੀਆਂ ਗੱਲਾਂ ਨਾਲ ਜੁੜ ਗਈ ਸੀ, “ਨਾ ਤੇਰਾ ਵੈਰ ਕੀ ਆ ਗਾਮਿਆਂ ਭਲਾ...ਨੰਜਣ ਤਾਏ ਨਾਲ?” ਤੋਤੀ ਦਾ ਉਸ ਤੋਂ ਪੁੱਛਿਆ ਇਹ ਸਵਾਲ ਉਸ ਦੇ ਚੇਤਿਆਂਚ ਘੁੰਮਣਘੇਰੀ ਖਾਣ ਲੱਗ ਪਿਆ ਸੀ। ਉਸ ਨੂੰ ਨੰਜਣ ਤਾਏ ਦਾ ਨਾਂਅ ਚੁੱਭਦਾ ਸੀ, ਉਸ ਨੂੰ ਮੂਰਤੀ ਦੀ ਸ਼ਕਲ ਚੁੱਭਦੀ ਸੀ। ਉਸ ਨੂੰ ਤੋਤੀ ਦੇ ਮੂੰਹੋਂ ‘ਵੈਰ’ ਸ਼ਬਦ ਸੁਣ ਕੇ ਆਪਣਾ ਆਪ ਛੋਟਾ ਛੋਟਾ ਲੱਗਣ ਲੱਗ ਪਿਆ ਸੀ। ਉਸ ਨੂੰ ਲੱਗਦਾ ਸੀ ਕਿ ‘ਵੈਰ’ ਬਹੁਤ ਵੱਡਾ ਸ਼ਬਦ ਹੈ ਪਰ ਉਹ ਹਾਲੇ ਇਸ ਸ਼ਬਦ ਦਾ ਹਾਣੀ ਨਹੀਂ ਸੀ ਹੋ ਸਕਿਆ। ਉਸ ਦਾ ਜੀਅ ਕਰਦਾ ਸੀ ਕਿ ਉਹ ਨਰੰਜਣ ਸਿੰਘ ਨੂੰ ਇਸ ਸ਼ਬਦ ਤੋਂ ਵੀ ਵੱਡਾ ਵੈਰੀ ਬਣ ਕੇ ਟੱਕਰੇ। ਉਸ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਸੀ ਕਿ ਨਰੰਜਣ ਸਿੰਘ ਨਾਲ ਕੋਈ ਪੰਗਾ ਲਿਆ ਜਾਵੇ ਪਰ ਨਰੰਜਣ ਸਿੰਘ ਦੀ ਦੂਰ-ਅੰਦੇਸ਼ੀ ਅਤੇ ਸਿਆਣਪ ਕਾਰਨ ਕਈ ਵਾਰ ਅਜਿਹੀ ਸਥਿਤੀ ਬਣਨ ਤੋਂ ਪਹਿਲਾਂ ਹੀ ਟਲ ਗਈ ਸੀ। ਗਾਮਾ ਚਾਹੁੰਦਾ ਸੀ ਕਿ ਨਰੰਜਣ ਸਿੰਘ ਨਾਲ ਕੋਈ ਨਾ ਕੋਈ ਪੰਗਾ ਖੜਾ ਹੋਵੇ ਤੇ ਉਹ ਭਰੀ ਸੱਥ ਚ ਬਹਾਨੇ ਨਾਲ ਉਸ ਦੀ ਦਾੜ੍ਹੀ ਦਾ ਵਾਲ ਵਾਲ ਕਰ ਦੇਵੇ ਜਾਂ ਕਿਤੇ ਕੋਈ ਗੱਲ ਵੱਧ ਜਾਵੇ ਤੇ ਉਹ ਨਰੰਜਣ ਸਿੰਘ ਦੀ ਲੱਤ ਬਾਂਹ ਹੀ ਭੰਨ ਦੇਵੇ। ਕਦੇ ਕਦੇ ਗਾਮਾ ਇਹ ਵੀ ਸੋਚਦਾ ਕਿ ਹੋਵੇ ਨਾ ਤਾਂ ਕਦੇ ਮੂਰਤੀ ਨੂੰ ਹੀ ਬੇਇੱਜ਼ਤ ਕਰ ਦਿੱਤਾ ਜਾਵੇ ਪਰ ਉਹ ਕੁਝ ਵੀ ਨਾ ਕਰ ਸਕਿਆ। ਅੱਜ ਉਸ ਨੂੰ ਇਹ ਗੱਲ ਫੇਰ ਵੱਢ ਵੱਢ ਖਾ ਰਹੀ ਸੀ ਕਿ ਉਹ ਜਿੰਨੀ ਨਫਰਤ ਨੰਜਣ ਤਾਏ ਨੂੰ ਕਰਦਾ ਸੀ ਉਨੀਂ ਵੱਡੀ ਕੋਈ ਚੋਟ ਉਹ ਉਸ ਨੂੰ ਪਹੁੰਚਾ ਨਹੀਂ ਸੀ ਸਕਿਆ। ਪਿੰਡ ਦੇ ਲੋਕ ਉਸ ਨੂੰ ‘ਗਾਮਾ ਸਾਨ੍ਹ’ ਕਹਿੰਦੇ ਸਨ ਪਰ ਉਹ ਕਾਹਦਾ ‘ਸਾਨ੍ਹ’ ਸੀ, ਜਦ ਉਸਨੇ ਸ਼ਰੀਕ ਦੀ ਜ਼ਿੰਦਗੀਚ ਖੌਰੂ ਹੀ ਨਹੀਂ ਸੀ ਪਾਇਆ, ਐਵੇਂ ਫੋਕੇ ਲੰਡਰਪੁਣੇ ਚ ਐਨੀਂ ਉਮਰ ਲੰਘਾ ਲਈ ਸੀ। ਬਾਪੂ ਨੂੰ ਬੁਰੀਆਂ ਆਦਤਾਂਚ ਫਸਾ ਉਸ ਦੀ ਚਾਰ ਘੁਮਾਂ ਜ਼ਮੀਨ ਖਰੀਦ ਲੈਣ ਵਾਲਾ ਨਰੰਜਣ ਸਿੰਘ ਅੱਜ ਘੁੱਗ ਵਸਦਾ ਹੈ, ਬਾਪੂ ਦੀ ਆਤਮਾ ਮੈਨੂੰ ਲਾਹਣਤਾ ਪਾਉਂਦੀ ਹੋਵੇਗੀ ਉਸ ਨੇ ਸੋਚਿਆ। ਅਸੀਂ ਉੱਜੜ ਗਏ ਤੇ ਸ਼ਰੀਕਾਂ ਤੇ ਨਿੱਤ ਨਵਾਂ ਰੰਗ ਆਉਂਦੈ... ਲਾਹਣਤ ਹੈ ਤੇਰੀ ਐਸੀ ਬਦਮਾਸ਼ੀ ਦੇ ਗਾਮਿਆਂ! ਇੰਜ ਹੀ ਸੋਚਦਾ ਸੋਚਦਾ ਗਾਮਾ ਮੁਗਲਨੀ ਦੀ ਗਰਮ ਬੁੱਕਲਚ ਕਦੋਂ ਠੰਢਾ ਹੋ ਕੇ ਸੌਂ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ। ਦਿਨ ਚੜ੍ਹਿਆ, ਦਿਨ ਛਿਪਿਆ ਤੇ ਇੰਝ ਹੀ ਦਿਨ ਲੰਘਦੇ ਗਏ। ਗਾਮੇ ਦੇ ਮਨ ਚ ਤਾਏ ਨੰਜਣ ਦੇ ਸੀਨੇ ਫੱਟ ਲਾਉਣ ਦੀਆਂ ਬਣਤਾਂ ਹੋਰ ਤੇਜ਼ੀ ਨਾਲ ਬਣਨੀਆਂ ਸ਼ੁਰੂ ਹੋ ਗਈਆਂ। ਉਹ ਚੱਤੋ-ਪਹਿਰ ਇਸੇ ਤਾਕਚ ਰਹਿੰਦਾ ਕਿ ਕਦੋਂ ਕੋਈ ਮੌਕਾ ਮਿਲੇ ਤੇ ਉਹ ਤਾਏ ਨੰਜਣ ਤੋਂ ਆਪਣੇ ਬਾਪੂ ਦੀ ਹਾਲਤ ਦਾ ਬਦਲਾ ਲਵੇ।
ਕੱਤੇ ਦੇ ਦਿਨ ਸਨ ਪਿੰਡ ਚ ਠੰਢੀ ਪੌਣ ਨਾਲ ਇਹ ਗੱਲ ਵੀ ਰੁਮਕਣ ਲੱਗੀ ਕਿ ਨਰੰਜਣ ਸਿੰਘ ਨੇ ਆਪਣੀ ਇਕਲੌਤੀ ਧੀਅ ਮੂਰਤੀ ਦਾ ਵਿਆਹ ਰੱਖ ਦਿਤਾ ਹੈ। ਮੁੰਡਾ ਕਿਸੇ ਰੱਜੇ-ਪੁੱਜੇ ਜੈਲਦਾਰਾਂ ਦਾ ਦੱਸਿਆ ਜਾ ਰਿਹਾ ਸੀ। ਮੂਰਤੀ ਵੀ ਇਕਲੀ ਬਾਰਾਂ ਘੁਮਾਂ ਦੀ ਮਾਲਕਣ ਹੈ, ਵਿਆਹ ਵੀ ਨਰੰਜਣ ਸਿੰਘ ਤਕੜਾ ਹੀ ਕਰੂ, ਪਿੰਡਚ ਜਿੱਥੇ ਚਾਰ ਸਿਰ ਜੁੜਦੇ ਇਹੋ ਗੱਲ ਤੁਰਦੀ।
ਆਖਰ ਮੂਰਤੀ ਨੂੰ ਵਿਆਹੁਣ ਲਈ ਪਿੰਡ ਚ ਜੰਨ੍ਹ ਆਈ, ਸ਼ੌਕ ਨਾਲ ਸ਼ਿੰਗਾਰੇ ਊਠਾਂ ਅਤੇ ਘੋੜੇ-ਘੋੜੀਆਂਤੇ ਚੜ੍ਹ ਕੇ ਕੈਂਠਿਆਂ ਵਾਲੇ ਜਵਾਨ, ਚਿੱਟੇ ਚਾਦਰਿਆਂ ਵਾਲੇ, ਪੱਗਾਂ ਦੇ ਉੱਚੇ ਸ਼ਮਲਿਆਂ ਵਾਲੇ ਬਜ਼ੁਰਗ, ਲਾਗੀ-ਤੱਥੇ, ਗਮੰਤਰੀ, ਨਕਲੀਏ, ਰਾਸ-ਧਾਰੀਏ ਪਿੰਡ ਉੱਤਰੇ। ਸਾਰਾ ਪਿੰਡ ਜਿਵੇਂ ਮੇਲਾ ਬਣ ਗਿਆ। ਸੱਤ ਦਿਨ ਪਿੰਡ ਚ ਰੌਣਕ ਲੱਗੀ ਰਹੀ। ਇੱਕਲੇ ਗਾਮੇ ਨੂੰ ਛੱਡ ਕੇ ਸਾਰੇ ਪਿੰਡਚ ਹੋਰ ਕੋਈ ਨਹੀਂ ਹੋਣਾਂ ਜੋ ਪਰੀਹਾ ਬਣ ਕੇ ਮੂਰਤੀ ਦੇ ਵਿਆਹ ਦਾ ਹਿੱਸਾ ਨਾ ਬਣਿਆ ਹੋਵੇ। ਸੱਦਾ ਤਾਂ ਗਾਮੇ ਨੂੰ ਵੀ ਮਿਲਿਆ ਸੀ, ਨਰੰਜਣ ਸਿੰਘ ਨੇ ਆਪ ਵੀ ਗਾਮੇ ਨੂੰ ਕਿਹਾ ਸੀ ਪਰ ਉਹ ਆਪਣੇ ਅੰਦਰ ਤਪਦੀ ਰੋਹ ਦੀ ਭੱਠੀ ਨੂੰ ਸ਼ਾਂਤ ਨਹੀਂ ਸੀ ਕਰ ਸਕਿਆ। ਲਾਗੀ ਵੀ ਉਸ ਨੇ ਪੁੱਠਾ ਬੋਲ ਕੇ ਮੋੜ ਦਿੱਤਾ ਸੀ। ਜਿੰਨੇ ਦਿਨ ਜੰਨ੍ਹ ਪਿੰਡ ਰਹੀ ਉਹ ਸਵਾਤ ਚ ਪਿਆ ਦਾਰੂ ਪੀਂਦਾ ਰਿਹਾ। ਮੁਗਲਨੀ ਨੂੰ ਵੀ ਫ਼ਿਕਰ ਪੈ ਗਿਆ, ਉਸ ਨੇ ਗਾਮੇ ਨੂੰ ਕਿਹਾ ਵੀ ਸੀ- “ਧੀਅ ਭੈਣ ਦੇ ਸਾਹੇ ਤਾਂ ਵੈਰੀ ਵੀ ਜਾ ਆਉਂਦਾ ਸੂ ... ਤੂੰ ਤਾਂ ਭੈੜਿਆ ਹੱਦੋਂ ਈ ਪੱਥਰ ਏਂ!” ਪਰ ਗਾਮੇ ਨੇ ਉਸ ਦੀ ਵੀ ਨਾ ਸੁਣੀ। ਆਖਰ ਮੂਰਤੀ ਦੀ ਵਿਦਾਈ ਦਾ ਦਿਨ ਆ ਗਿਆ। ਘਰ ਬੈਠੇ ਗਾਮੇ ਨੂੰ ਵੀ ਇਹ ਖ਼ਬਰ ਮਿਲ ਗਈ ਸੀ। ਮੂਰਤੀ ਦੀ ਡੋਲੀ ਲਈ ਜੋ ਰੱਥ ਸਜਾਇਆ ਗਿਆ ਸੀ, ਉਸ ਵਰਗਾ ਰੱਥ ਕਦੇ ਵੀ ਕਿਸੇ ਨੇ ਇਸ ਪਿੰਡਚ ਨਹੀਂ ਸੀ ਵੇਖਿਆ। ਸਾਰਾ ਪਿੰਡ ਹੈਰਾਨੀ ਨਾਲ ਉਸ ਰੱਥ ਨੂੰ ਵੇਖ ਰਿਹਾ ਸੀ। ਰੱਥ ਗਾਮੇ ਦੇ ਬਾਰ ਮੂਹਰਲੀ ਗਲੀ ਚ ਹੀ ਖੜਾ ਸੀ। ਕੁੜੀਆਂ ਚਿੜੀਆਂ ਗੀਤ ਗਾ ਰਹੀਆਂ ਸਨ ਜੋ ਘਰ ਬੈਠੇ ਗਾਮੇ ਦੀ ਹਿੱਕਤੇ ਸੱਪ ਵਾਂਗ ਲੜ ਰਹੇ ਸਨ। ਉਹ ਦਾਰੂ ਦਾ ਹਾੜੇ ਤੇ ਹਾੜਾ ਲਾ ਰਿਹਾ ਸੀ। ਮੁਗਲਨੀ ਗਾਮੇ ਦੀ ਇਹ ਹਾਲਤ ਵੇਖ ਪਿਛਲੇ ਕੁਝ ਦਿਨਾਂ ਦੀ ਆਪਣਾ ਹੁੱਕਾ ਭੁੱਲ ਗਈ ਸੀ, ਇਨ੍ਹਾਂ ਦਿਨਾਂਚ ਉਸ ਨੇ ਨਸਵਾਰ ਦੀ ਚੂੰਡੀ ਵੀ ਨਹੀਂ ਸੀ ਲਾਈ। ਉਹ ਵਾਰ ਵਾਰ ਸਵਾਤ ਚ ਗਾਮੇ ਕੋਲ ਜਾਂਦੀ ਪਰ ਗਾਮਾ ਉਸ ਵੱਲ ਵੇਖਦਾ ਵੀ ਨਾ। ਬੱਸ ਕਦੇ ਕਦੇ ਮੂੰਹਚ ਬੁੜਬੁੜਾਉਂਦਾ, “ ਕੋਈ ਨੀ ਬਾਪੂ… ਮੈਂ ਤੇਰਾ ਬਦਲਾ ਲੈ ਕੇ ਰਹੂੰ…ਤੂੰ ਫ਼ਿਕਰ ਨਾ ਕਰੀਂ…ਮੈਂ ਤੇਰਾ ਸਲੱਗ ਪੁੱਤ ਆਂ…ਨਲਾਇਕ ਨਾ ਸਮਝੀਂ ਮੈਨੂੰ … ਬੁਰਰਰਰਰਾਅਅਅਅ!”
ਆਖ਼ਰੀ ਸ਼ਬਦ ਤੱਕ ਆਉਂਦਿਆਂ ਗਾਮੇ ਦੀ ਆਵਾਜ਼ ਉੱਚੀ ਹੋ ਜਾਂਦੀ ਅਤੇ ਉਸ ਦਾ ਬੁਲਾਇਆ ਬੱਕਰਾ ਬਾਹਰ ਗਲੀ ਤੱਕ ਵੀ ਸੁਣਦਾ।
“ਬੀਬੀ ਛੱਡ ਨੀ ਪੀੜ੍ਹੀ ਦਾ ਪਾਵਾ
ਸਾਡਾ ਕਾਹਦਾ ਦਾਅਵਾ
ਦਾਅਵੇ ਵਾਲੇ ਲੈ ਨੀ ਚੱਲੇ…!”
ਕੁੜੀਆਂ ਦੇ ਗੀਤ ਦੇ ਇਹ ਬੋਲ ਜਦ ਗਾਮੇ ਦੇ ਕੰਨੀ ਪਏ ਤਾਂ ਜਿਵੇਂ ਉਹ ਇਕ ਦਮ ਤ੍ਰਬਕ ਕੇ ਉੱਠਿਆ। ਉਸ ਨੇ ਕਾਹਲੀ ਕਾਹਲੀ ਸਿਰਹਾਣਿਓਂ ਪੱਗ ਚੁੱਕ ਕੇ ਆਪਣੇ ਸਿਰ ਤੇ ਲਪੇਟ ਲਈ, ਪੈਰੀਂ ਜੁੱਤੀ ਪਾਉਂਦਿਆਂ ਉਹ ਇਕ ਪਲਚ ਹੀ ਫਿਰ ਉਹੀ ਗੱਲ ਸੋਚ ਗਿਆ ਕਿ ਕੋਈ ਤੀਜਾ ਤਿਹਾਕ ਜੱਟ ਸਾਡੀ ਜ਼ਮੀਨ ਦਾ ਅੱਜ ਮਾਲਕ ਬਣ ਗਿਆ। ਸੱਜੇ ਹੱਥ ਨਾਲ ਗੰਡਾਸਾ ਚੁੱਕ ਉਸ ਨੇ ਸਵਾਤ ਚੋਂ ਬਾਹਰ ਨਿਕਲਦਿਆਂ ਧਰਤੀਤੇ ਮਾਰਿਆ ਤਾਂ ਮੁਗਲਨੀ ਦੇ ਚਿਹਰੇ ਤੇ ਡਰ ਅਤੇ ਖੁਸ਼ੀ ਦੇ ਮਿਲੇ ਜੁਲੇ ਭਾਵ ਉੱਭਰੇ। ਬਾਹਰ ਗਲੀਚ ਮੂਰਤੀ ਦੀ ਵਿਦਾਈ ਦੀਆਂ ਰਸਮਾਂ ਬੱਸ ਮੁੱਕਣ ਹੀ ਵਾਲੀਆਂ ਸਨ, ਡੋਲੀ ਤੁਰਨ ਹੀ ਵਾਲੀ ਸੀ। ਬਰਾਤੀਆਂ ਦੇ ਊਠ-ਘੋੜੇ ਵੀ ਤਿਆਰ-ਬਰ-ਤਿਆਰ ਸਨ। ਤੋਤੀ ਅਤੇ ਹੋਰ ਪਿੰਡ ਦੇ ਮੁੰਡੇ ਪਰੀਹੇ ਹੋਣ ਦਾ ਫਰਜ਼ ਨਿਭਾਉਂਦੇ ਬਰਾਤੀਆਂ ਦੇ ਅੱਗੇ ਪਿੱਛੇ ਫਿਰਦੇ ਸਨ। ਮੂਰਤੀ ਦੇ ਪ੍ਰਾਹੁਣੇ ਤੇ ਅੰਤਾਂ ਦਾ ਰੂਪ ਚੜ੍ਹਿਆ ਸੀ। ਪਿੰਡ ਦੀਆਂ ਕੁੜੀਆਂ ਉਸ ਵੱਲ ਵੇਖ ਮੂਰਤੀ ਦੀ ਕਿਸਮਤਤੇ ਰਸ਼ਕ ਕਰ ਰਹੀਆਂ ਸਨ। ਮੁੰਡੇ ਦੇ ਪਿਓ ਦੀ ਪੱਗ ਦਾ ਸ਼ਮਲਾ ਜਿਵੇਂ ਸਾਰੇ ਪਿੰਡ ਦੇ ਚੁਬਾਰਿਆਂ ਤੋਂ ਉੱਚਾ ਹੋ ਗਿਆ ਸੀ। ਮੂਰਤੀ ਦਾ ਬਾਪ ਨਰੰਜਣ ਸਿੰਘ ਅਤੇ ਉਸ ਦੀ ਘਰ ਵਾਲੀ ਅੱਖਾਂ ਭਰ ਕੇ ਖੜੇ ਵੀ ਖੁਸ਼ ਨਜ਼ਰ ਆ ਰਹੇ ਸਨ।
ਇਸੇ ਪਲ ਗਾਮਾ ਆਪਣੇ ਘਰੋਂ ਬਾਹਰ ਨਿਕਲਿਆ। ਉਸ ਨੇ ਗਲੀ ਚ ਆ ਕੇ ਆਸੇ ਪਾਸੇ ਵੇਖਿਆ, ਹੱਥਲਾ ਗੰਡਾਸਾ ਜੋLਰ ਦੀ ਧਰਤੀਤੇ ਮਾਰਿਆ। ਉਸ ਦੇ ਘਰ ਸਾਹਮਣੇ ਖੜੇ ਬਰਾਤੀ ਹਾਸੇ-ਠੱਠੇ ਚ ਮਸਤ ਸਨ। ਉਨ੍ਹਾਂ ਵੱਲ ਆ ਰਹੇ ਤੋਤੀ ਦੀ ਨਜ਼ਰ ਗਾਮੇਤੇ ਪੈ ਗਈ ਸੀ, ਪਰ ਗਾਮਾ ਤੋਤੀ ਨੂੰ ਜਾਣਬੁੱਝ ਕੇ ਅਣਦੇਖਾ ਕਰਦਿਆਂ ਉੱਚੀ ਆਵਾਜ਼ ਚ ਗਾਉਣ ਵਾਂਗ ਬੋਲਿਆ- “ਓ ਲੱਦੀ ਜਾਂਦੇ ਨੇ ਕੜਬ ਦੇ ਟਾਂਡੇ ਰਸ ਪੀਗੇ ਪਿੰਡ ਦੇ ਮੁੰਡੇ...ਬੁਰਰਰਰਰਾਅਅਅਅ !” ਇਕ ਛਿਣ ਲਈ ਬਰਾਤੀਆਂ ਦੀਆਂ ਗੱਲਾਂ ਰੁੱਕ ਗਈਆਂ ਪਰ ਕਿਸੇ ਦੇ ਚਿਹਰੇਤੇ ਕੋਈ ਵੀ ਪ੍ਰਭਾਵ ਨਾ ਆਇਆ। ਉਨ੍ਹਾਂ ਵੱਲ ਤੁਰੇ ਆਉਂਦੇ ਤੋਤੀ ਨੂੰ ਜਦ ਇਹ ਬੋਲ ਸੁਣੇ ਤਾਂ ਜਿਵੇਂ ਉਸ ਦੇ ਪੈਰਾਂ ਚ ਸਿੱਕਾ ਭਰ ਗਿਆ। ਬਰਾਤੀ ਫੇਰ ਆਪਣੀਆਂ ਗੱਲਾਂਚ ਮਸਤ ਹੋ ਗਏ। ਇਸ ਤੋਂ ਪਹਿਲਾਂ ਕਿ ਤੋਤੀ ਗਾਮੇ ਨੂੰ ਕੁਝ ਬੋਲਦਾ ਗਾਮਾ ਵਾਪਸ ਆਪਣੇ ਘਰ ਅੰਦਰ ਚਲਾ ਗਿਆ। ਸਵਾਤ ਚ ਆ ਕੇ ਉਸ ਨੇ ਤੱਕੜਾ ਸਾਰਾ ਹਾੜਾ ਲਾਇਆ ਤੇ ਹੌਲਾ ਫੁੱਲ ਹੋ ਮੰਜੇਤੇ ਪੈ ਗਿਆ। ਮੁਗਲਨੀ ਉਸ ਵੱਲ ਹੁਣ ਹੈਰਾਨੀ ਨਾਲ ਵੇਖ ਰਹੀ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆਇਆ ਕਿ ਇਹ ਸਭ ਕੀ ਹੋ ਗਿਆ। ਬਾਹਰ ਮੂਰਤੀ ਦੀ ਡੋਲੀ ਤੁਰ ਗਈ ਸੀ, ਹੌਲੀ ਹੌਲੀ ਡੋਲੀ ਵਾਲਾ ਰੱਥ ਅਤੇ ਬਰਾਤੀਆਂ ਦੇ ਊਠ-ਘੋੜੇ ਪਿੰਡ ਦੀ ਜੂਹ ਤੋਂ ਦੂਰ ਹੋ ਗਏ ਸਨ। ਤੋਤੀ ਮਨ ਹੀ ਮਨ ਗਾਮੇ ਨੂੰ ਗਾਲ੍ਹਾਂ ਕੱਢਦਾ ਰੱਬ ਅੱਗੇ ਅਰਦਾਸ ਕਰ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ! ਗਾਮੇ ਦੇ ਬੋਲ ਕਿਸੇ ਨੇ ਸੁਣੇ ਨਾ ਹੋਣ।
ਪਰ ਤੋਤੀ ਦੀ ਅਰਦਾਸ ਕਬੂਲ ਨਹੀਂ ਸੀ ਹੋਈ। ਗਾਮੇ ਦੇ ਬੋਲ ਬਰਾਤੀਆਂ ਕੋਲੋਂ ਹੌਲੀ ਹੌਲੀ ਮੂਰਤੀ ਦੇ ਪਤੀ ਤੱਕ ਪਹੁੰਚ ਗਏ ਸਨ, ਉਸ ਦੇ ਸਹੁਰੇ ਤੱਕ ਪਹੁੰਚ ਗਏ ਸਨ। ਸਾਰੇ ਪਰਿਵਾਰ ਦਾ ਮੂਰਤੀ ਬਾਰੇ ਨਜ਼ਰੀਆ ਹੀ ਬਦਲ ਗਿਆ ਸੀ। ਮੂਰਤੀ ਦਾ ਪਤੀ ਉਸ ਨੂੰ ਰੋਜ਼ ਕੁੱਟਣ ਮਾਰਨ ਲੱਗ ਪਿਆ ਸੀ। ਮੂਰਤੀ ਵਿਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਸ ਦਾ ਦੋਸ਼ ਕੀ ਹੈ। ਉਹ ਜਦ ਪੇਕੇ ਆਈ ਤਾਂ ਉਸ ਨੇ ਬੇਬੇ ਬਾਪੂ ਤੋਂ ਵੀ ਇਸ ਗੱਲ ਨੂੰ ਲੁਕਾ ਕੇ ਰੱਖਿਆ ਕਿ ਇਨ੍ਹਾਂ ਨੂੰ ਦੁੱਖ ਹੋਵੇਗਾ। ਮੂਰਤੀ ਸਭ ਕੁਝ ਚੁੱਪਚਾਪ ਬਰਦਾਸ਼ਤ ਕਰਦੀ ਰਹੀ ਪਰ ਉਸ ਉੱਤੇ ਹੁੰਦੇ ਜ਼ੁਲਮ ਦਿਨੋਂ ਦਿਨ ਵਧਦੇ ਹੀ ਗਏ। ਇੰਜ ਹੀ ਸਾਲ ਬੀਤ ਗਿਆ। ਇਕ ਦਿਨ ਪਿੰਡ ਚ ਜੇਠ-ਹਾੜ ਦੀ ਤੱਤੀ ਲੋਅ ਵਾਂਗ ਇਹ ਖ਼ਬਰ ਆਈ ਕਿ ਨਰੰਜਣ ਸਿੰਘ ਦੀ ਇਕਲੌਤੀ ਧੀਅ ਮੂਰਤੀ ਆਪਣੇ ਸਹੁਰੇ ਪਿੰਡ ਖੂਹਚ ਛਾਲ ਮਾਰ ਕੇ ਮਰ ਗਈ। ਸਾਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ। ਲੋਕਾਂ ਦੇ ਚੁੱਲ੍ਹੇ ਉਸ ਦਿਨ ਠੰਢੇ ਹੀ ਰਹਿ ਗਏ। ਨਰੰਜਣ ਸਿੰਘ ਪਾਗਲਾਂ ਵਾਂਗ ਗਲੀਆਂਚ ਧਾਹਾਂ ਮਾਰਦਾ ਵੇਖਿਆ ਨਹੀਂ ਸੀ ਜਾਂਦਾ। ਮੂਰਤੀ ਦੀ ਮਾਂ ਦਾ ਬੁਰਾ ਹਾਲ ਸੀ। ਉਸ ਦਿਨ ਗਾਮੇ ਨੇ ਸਾਰੀ ਰਾਤ ਰੱਜ ਕੇ ਦਾਰੂ ਪੀਤੀ ਸੀ, ਬੱਕਰਾ ਵੱਢਿਆ ਸੀ, ਬੱਕਰੇ ਬੁਲਾਏ ਸਨ।
“ਬੁਰਰਰਰਾਅਅਅਅ … ਬਾਪੂ ਮੈਂ ਤੇਰਾ ਬਦਲਾ ਲੈ ਲਿਆ ਓਏ… ਓਜਾੜ ਤਾਂ ਆਪਣੇ ਵੈਰੀ ਨੰਜਣ ਦਾ ਘਰ… ਔਤ ਜਾਊ ਦੁਨੀਆ ਤੋਂ ਮੇਰਾ ਸਹੁਰਾ… ਹਾ ਹਾ ਹਾ…ਓਏ ਜੇ ਉਹਦੇ ਪੁੱਤ ਹੁੰਦਾ ਤਾਂ ਕਿਸੇ ਹਥਿਆਰ ਨਾਲ ਮਾਰਨਾ ਪੈਣਾਂ ਸੀ ਓਏ … ਪਰ ਓਹਦੇ ਤਾਂ ਕੱਲੀ ਧੀਅ ਸੀ ਧੀਅ ਬਾਪੂ...ਧੀਆਂ ਦਾ ਕੀ ਹੁੰਦੈ... ਇਨ੍ਹਾਂ ਨੂੰ ਮਾਰਨ ਲਈ ਤਾਂ ਕਿਸੇ ਹਥਿਆਰ ਦੀ ਲੋੜ ਨਹੀਂ ਪੈਂਦੀ... ਇਨ੍ਹਾਂ ਚੰਦਰੀਆਂ ਨੂੰ ਤਾਂ ਇਕ ਬੋਲੀ ਮਾਰੋ... ਬੱਸ ਓਸੇ ਨਾਲ ਹੀ ਮਰ ਜਾਂਦੀਆਂ ਨੇ ਹਾ ਹਾ ਹਾ ... ਓਏ ਬਾਪੂ... ਵੇਖਿਆ ਮੈਂ ਵਿਖਾ ਤਾ ਨਾ ਕਿ ਮੈਂ ਤੇਰਾ ਸਲੱਗ ਪੁੱਤ ਆਂ ... ਓਏ .. ਬੁਰਰਰਰਰਾਅਅਅ !” ਮੁਗਲਨੀ ਸਵਾਤ ਦੇ ਬਾਰਚ ਖੜੀ ਡਰੀ ਹੋਈ ਗਾਮੇ ਨੂੰ ਵੇਖ ਰਹੀ ਸੀ, ਗਾਮਾ ਅੰਦਰ ਪਾਗਲਾਂ ਵਾਂਗ ਨੱਚ ਰਿਹਾ ਸੀ, ਮੰਜੇ ਕੋਲ ਰੱਖੇ ਦੀਵੇ ਦੇ ਚਾਣਨ ਚ ਉਸ ਦਾ ਕੰਧਤੇ ਪੈ ਰਿਹਾ ਪ੍ਰਛਾਵਾਂ ਅਜੀਬ ਤਰੀਕੇ ਨਾਲ ਵੱਡਾ ਹੋ ਕੇ ਇੰਜ ਲਗਦਾ ਸੀ ਜਿਵੇਂ ਕੋਈ ਦੈਂਤ ਨੱਚ ਰਿਹਾ ਹੋਵੇ।
ਮੋਬਾਈਲ : 99882-62870

Leave a Reply

Your email address will not be published. Required fields are marked *