ਅਸੀਂ ਜਿੱਤ ਲੈਣ ਆਏ ਆਂ…ਲੈ ਕੇ ਈ ਜਾਵਾਂਗੇ… / ਕੁੰਡਲੀ-ਸਿੰਘੂ, ਟਿੱਕਰੀ ਬਾਰਡਰ ਤੋਂ /ਕਮਲ ਦੁਸਾਂਝ/

ਹਜ਼ਾਰ ਰੰਗਾਂ ਦਾ ਸਾਂਝਾ, ਗੂੜਾ ਤੇ ਸਜੀਲਾ ਰੰਗ-ਇਤਿਹਾਸਕ ਕਿਸਾਨ ਅੰਦੋਲਨ

ਵੱਡੀ ਸਾਰੀ ਤਵੀ ਤੇ ਰੋਟੀਆਂ ਸੇਕਦਿਆਂ ਕੁਝ ਨੌਜਵਾਨਾਂ ਨੇ ਲੰਮੀ ਕਵਿਤਾ ਛੋਹੀ ਹੈ। ਸਵਾਲ ਪੁੱਛਣ-ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਕਵਿਤਾ ਰਾਹੀਂ ਹੀ ਉਹ ਹਕੂਮਤੀ ਚਾਲਾਂ ਅਤੇ ਦਾਬੇ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਇਥੇ ਕੀ ਕਰਨ ਆਏ ਨੇ? ਕਿਉਂ ਆਏ ਨੇ? ਹਕੂਮਤ ਦੀਆਂ ਤਾਰਾਂ ਹਿਲਾਉਣ ਵਾਲੇ ਕਿਹੜੇ ਲੋਕਾਂ ਨੇ ਉਨ੍ਹਾਂ ਦੇ ਹੱਕਾਂਤੇ ਡਾਕਾ ਮਾਰਿਆ ਹੈ? ਕੌਣ ਨੇ ਜਿਨ੍ਹਾਂ ਦੀਆਂ ਭੈੜੀਆਂ ਨਜ਼ਰਾਂ ਉਨ੍ਹਾਂ ਦੀਆਂ ਫ਼ਸਲਾਂ, ਜ਼ਮੀਨਾਂ ਅਤੇ ਭਵਿੱਖੀ ਨਸਲਾਂ `ਤੇ ਪਈਆਂ ਨੇ? ਕਿਹੜੇ ਲੋਕਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਮਧੋਲਣ ਦੀ ਹਿਮਾਕਤ ਕੀਤੀ ਹੈ? ਮਤਲਬ ਕਿ ਇਨ੍ਹਾਂ ਨੂੰ ਆਪਣੇ ਦੁਸ਼ਮਣ ਦੀ ਪੂਰੀ ਪੂਰੀ ਪਛਾਣ ਹੈ।

ਕੁਝ ਦੂਰੀ ਤੇ ਛੋਟੇ ਜਿਹੇ ਟੈਂਟ ਵਿਚ ਆਪਣੇ ਯਾਰਾਂ-ਬੇਲੀਆਂ ਨਾਲ ਬੈਠਾ ਗਭਰੇਟ ਉਮਰ ਦਾ ਨੌਜਵਾਨ, ਜੋ ਪਿਛਲੇ ਵਰ੍ਹੇ ਆਪਣੇ ਬਾਪੂ ਦੇ ਤੁਰ ਜਾਣ ਮਗਰੋਂ ਖੇਤੀ ਦਾ ਕੰਮ ਸਾਂਭ ਰਿਹਾ ਹੈ, ਜਾਣਦਾ ਹੈ ਕਿ ਇਹ ਕਾਲੇ ਖੇਤੀ ਕਾਨੂੰਨ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਉਨ੍ਹਾਂ ਨੂੰ ‘ਯਤੀਮ‘ ਕਰ ਦੇਣਗੇ। ਉਹ ਬਹੁਤ ਸਹਿਜ ਹੋ ਕੇ ਗੱਲ ਕਰਦਾ ਹੈ- ‘‘ਮੰਮੀ ਪਿੱਛੇ ਬਹੁਤ ਫ਼ਿਕਰ ਕਰਦੇ ਨੇ, ਆਖਦੇ ਨੇ ਵਾਪਸ ਆ ਜਾ ਪਰ ਮੈਂ ਆਖ ਦਿੱਤਾ ਵਾ ਕਿ ਹੁਣ ਤਾਂ ਇਹ ਕਾਨੂੰਨ ਰੱਦ ਕਰਵਾ ਕੇ ਹੀ ਪਰਤਾਂਗਾ।ਉਹ ਅੱਗੇ ਬੋਲਦੈ, "ਪਾਪਾ ਇਹ ਖੇਤੀ ਮੈਨੂੰ ਸੌਂਪ ਗਏ ਨੇ, ਇਹਦੇ `ਚ ਉਨ੍ਹਾਂ ਦੀ ਰੂਹ ਵਸਦੀ ਐ। ਉਨ੍ਹਾਂ ਦਾ ਖੂਨ-ਪਸੀਨਾ ਡੁੱਲਿ੍ਹਆ ਹੈ ਇਨ੍ਹਾਂ ਖੇਤਾਂ `ਚ। ਇਸ ਜ਼ਮੀਨ ਨੇ ਸਾਡਾ ਢਿੱਡ ਹੀ ਨਹੀਂ ਭਰਿਆ.. ਸਾਨੂੰ ਪੜ੍ਹਾਇਆ-ਲਿਖਾਇਆ ਹੈ... ਇਨ੍ਹਾਂ ਕਾਰਪੋਰੇਟੀ ਗਿਰਝਾਂ ਦੀਆਂ ਚਾਲਾਂ ਸਮਝਣ ਦੇ ਵੀ ਯੋਗ ਬਣਾਇਆ ਹੈ। ਸਾਡੇ ਕੋਲ ਹੋਸ਼ ਵੀ ਐ ਤੇ ਜੋਸ਼ ਵੀ। ਅਸੀਂ ਇਥੇ ਸ਼ਾਂਤੀ ਨਾਲ ਬੈਠੇ ਆਂ ਪਰ ਇਹ ਨਹੀਂ ਕਿ ਆਪਣੇ ਨਾਲ ਧੱਕਾ ਹੋਣ ਦਿਆਂਗੇ।" ਇਹ ਨੌਜਵਾਨ ਤੇ ਇਹਦੇ ਸਾਥੀ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ, ਸਗੋਂ ਆਪ ਮੁਹਾਰੇ ਪੁੱਜੇ ਹਨ। ਕਾਲੇ ਨਿਜ਼ਾਮ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹਨ। ਕੁੰਡਲੀ ਬਾਰਡਰ `ਤੇ ਹੀ ਘੁੰਮਦਿਆਂ ਲੋਕਾਂ ਨਾਲ ਚਰਚਾ ਕਰਦਿਆਂ ਦੇਖ ਇਕ 80 ਕੁ ਵਰਿ੍ਹਆਂ ਦਾ ਗੁਰਦਾਸਪੁਰੀਆ ਬਾਬਾ ਕੋਲ ਆ ਕੇ ਰੁਕਦਾ ਹੈ- ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ` ਬੁਲਾ ਆਖਦਾ ਹੈ- ‘‘ਮੈਂ ਤਾਂ ਆਪਣੀ ਗੱਲ ਫਤਿਹ ਨਾਲ ਹੀ ਸ਼ੁਰੂ ਕਰਦਾ ਆਂ.. ਅਸੀਂ ਆਪਣੇ ਗੁਰੂਆਂ ਤੋਂ ਫਤਿਹ ਕਰਨਾ ਸਿੱਖਿਆ ਹੈ... ਜ਼ਾਲਮਾਂ ਨਾਲ ਭਿੜਨ ਦਾ ਸਾਡਾ ਲੰਮਾ ਇਤਿਹਾਸ ਐ...। ਸਹਿਜ ਸੁਭਾਅ ਪੁਛਦੀ ਆਂ- ‘‘ਬਾਬਾ ਜੀ ਤੁਸੀਂ ਏਸ ਉਮਰੇ?‘‘ਹਾਂ ਪੁੱਤ, ਅਸੀਂ ਤਾਂ ਜਿੱਤ ਲੈਣ ਆਏ ਆਂ, ਉਹ ਤਾਂ ਲੈ ਕੇ ਈ ਜਾਵਾਂਗੇ।


ਔਰਤਾਂ ਦਾ ਜਜ਼ਬਾ ਵੀ ਘੱਟ ਨਹੀਂ। ਕੋਲ ਬਹਿ ਕੇ ਜ਼ਰਾ ਹਾਲ-ਚਾਲ ਪੁੱਛਣ ਦੀ ਦੇਰ ਐ… ਮੋਦੀ ਸਰਕਾਰ ਦੇ ਬਖ਼ੀਏ ਉਧੇੜ ਕੇ ਰੱਖ ਦਿੰਦੀਆਂ ਨੇ। ਇਕ ਥਾਂ ਪਾਣੀ ਮੰਗਦੀ ਹਾਂ.. ਤਾਂ ਤਿੰਨ-ਚਾਰ ਮਾਵਾਂ ਮੱਲੋ-ਮੱਲੀ ਬੈਠਾ ਕੇ ਪ੍ਰਸ਼ਾਦਾ ਵੀ ਛਕਾ ਦਿੰਦੀਆਂ ਨੇ.. ਨਾਲ-ਨਾਲ ਫ਼ਿਕਰ ਵੀ ਜ਼ਾਹਰ ਕਰਦੀਆਂ ਨੇ- ‘‘ਪੁੱਤ, ਚੰਗਾ ਕੀਤਾ ਤੁਸੀਂ ਆਏ… ਨਾ ਹੁਣ ਇਹ ਮੋਦੀ ਮੰਨੂਗਾ ਕਿ ਨਹੀਂ..? ਮਰ ਜਾਣੇ ਨੇ ਸਾਨੂੰ ਸੜਕਾਂ ਤੇ ਬੈਠਾਤਾ ਲਿਆ ਕੇ… ਜਾਂਦੇ ਅਸੀਂ ਵੀ ਨੀਂ ਹੁਣ… ਆ ਜਿਹੜੇ ਇਹਨੇ ਕਨੂੰਨ-ਛਨੂੰਨ ਜੇ ਲਿਆਂਦੇ ਨੇ… ਇਹ ਤਾਂ ਅਸੀਂ ਰੱਦ ਕਰਵਾ ਕੇ ਹੀ ਘਰਾਂ ਨੂੰ ਜਾਵਾਂਗੀਆਂ। ਪੁੱਤ! ਪੈਲੀਆਂ-ਦੋ ਪੈਲੀਆਂ ਤਾਂ ਜ਼ਮੀਨ ਬਚੀ ਐ.. ਉਹ ਵੀ ਜੇ ਸਾਥੋਂ ਖੋਹ ਲਈ ਤਾਂ ਅਸੀਂ ਰੋਟੀ ਕਿਥੋਂ ਖਾਵਾਂਗੇ। ਬਚਪਨ, ਜਵਾਨੀ ਤਾਂ ਇਨ੍ਹਾਂ ਖੇਤਾਂ ਚ ਮਿੱਟੀ ਨਾਲ ਮਿੱਟੀ ਹੋ ਕੇ ਕੱਟੀ ਐ, ਹੁਣ ਬੁਢਾਪੇ ਵੇਲੇ ਸਾਥੋਂ ਖੋਹਣ ਲਈ ਆ ਗਏ। ਏਨਾ ਖਾ ਖਾ ਕੇ ਇਨ੍ਹਾਂ ਮੋਦੀਆਂ-ਟੋਡੀਆਂ ਦਾ ਢਿੱਡ ਨੀਂ ਪਾਟਦਾ?`` ‘‘ਬੀਬੀ ਕੌਣ ਨੇ ਇਹ ਲੋਕ?`` ਮੈਂ ਪੁੱਛਦੀ ਹਾਂ। ‘‘ਲੈ ਧੀਏ... ਅਸੀਂ ਅਨਪੜ੍ਹ ਆਂ ਪਰ ਜਿੱਦੇ ਦਾ ਕਿਸਾਨ ਸੰਘਰਸ਼ਾਂਚ ਜਾਣਾ ਸ਼ੁਰੂ ਕੀਤੈ… ਏਨਾ ਤਾਂ ਪਤਾ ਲਗ ਈ ਗਿਐ ਕਿ ਆ ਅਡਾਨੀਆਂ-ਅੰਬਾਨੀਆਂ ਦੀ ਕਨ੍ਹੇੜੀ ਚੜ੍ਹੀ ਫਿਰਦੈ ਮੋਦੀ… ਫ਼ਸਲਾਂ ਵੇਚਣ ਖੁਣੀ ਤਾਂ ਅਸੀਂ ਪਹਿਲੋਂ ਈ ਔਖੇ ਤੀ, ਉਪਰੋਂ ਹੁਣ ਸਾਡੀਆਂ ਜ਼ਮੀਨਾਂ ਵੀ ਖੋਹਣ ਆ ਗੇ... ਪੁੱਤ! ਮਰਦੇ ਮਰਜਾਂਗੇ... ਆਪਣੀ ਜ਼ਮੀਨ ਨੀਂ ਛੱਡਦੇ। ਮੋਦੀ ਦੀ ਧੌਣਤੇ ਰੱਖਿਆ ਗੋਡਾ ਨਹੀਂ ਚੁੱਕਦੇ ਉਦੋਂ ਤੱਕ ਜਦ ਤੱਕ ਉਹ ਸਾਡੇ ਹੱਕ ਨਹੀਂ ਦਿੰਦਾ। ਇਹ ਪਿੰਡਾਂ ਵਾਲੇ ਸਿੱਧੇ-ਸਾਦੇ ਲੋਕ ਹਨ ਜੋ ਘਰ ਤੋਂ ਖੇਤ ਤੇ ਖੇਤ ਤੋਂ ਘਰ ਤੱਕ ਦਾ ਰਾਹ ਈ ਜਾਣਦੇ ਹਨ। ਮੋਦੀ ਸਰਕਾਰ ਨੇ ਇਨ੍ਹਾਂ ਨੂੰ ‘ਵਿਕਸਤ ਦਿੱਲੀ` ਦਾ ਉਭੜ-ਖਾਬੜ ਰਾਹ ਵੀ ਦਿਖਾ ਦਿੱਤਾ ਹੈ। ਸਲਾਮ ਹੈ ਇਨ੍ਹਾਂ ਦੇ ਜਜ਼ਬੇ ਨੂੰ, ਇਨ੍ਹਾਂ ਦੇ ਹੌਸਲੇ ਨੂੰ, ਜੋ ਠਰਦੀਆਂ ਸਰਦ ਰਾਤਾਂ ਵਿਚ ਖੁਲ੍ਹੇ ਆਸਮਾਨ ਹੇਠ ਆਪਣੇ ਖੇਤ, ਆਪਣੀ ਮਿੱਟੀ ਬਚਾਉਣ ਲਈ ਡਟ ਗਏ ਹਨ। ਮੋਦੀ ਸਰਕਾਰ ਆਖਦੀ ਹੈ ਕਿ ਇਨ੍ਹਾਂ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਪਰ ਨਹੀਂ... ਭਰਮ ਵਿਚ ਖੁਦ ਮੋਦੀ ਸਰਕਾਰ ਹੈ। ਉਹ ਨਹੀਂ ਜਾਣਦੀ ਕਿ ਇਨ੍ਹਾਂ ਸਰਹੱਦਾਂ `ਤੇ ਡਟਿਆ ਹਰ ਬੱਚਾ, ਨੌਜਵਾਨ, ਔਰਤ, ਬਜ਼ੁਰਗ ਮਾਰੂ ਖੇਤੀ ਕਾਨੂੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਜੇ ਨਾ ਜਾਣਦੇ ਹੁੰਦੇ ਤਾਂ ਇਨ੍ਹਾਂ ਚੁੱਪ-ਚਾਪ ਘਰੇ ਬੈਠੇ ਰਹਿਣਾ ਸੀ। ਇਨ੍ਹਾਂ ਨੂੰ ਤਾਂ ਉਦੋਂ ਹੀ ਪਤਾ ਲਗਣਾ ਸੀ ਜਦੋਂ ਆਪਣੇ ਹੀ ਖੇਤਾਂ ਤੋਂ ਬਾਹਰ ਕਰ ਦਿੱਤਾ ਜਾਂਦਾ। ਵੈਸੇ ਵੀ ਇਹ ਲੜਾਈ ਹੁਣ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਹੀ ਸੀਮਤ ਨਹੀਂ ਰਹੀ... ਅਗਲੀਆਂ ਲੜਾਈਆਂ ਲਈ ਵੀ ਕਮਰ-ਕੱਸੇ ਕੀਤੇ ਜਾ ਰਹੇ ਹਨ। ਇਹ ਲੜਾਈ ਪਿਛਲੇ ਸਮੇਂ ਦੌਰਾਨ ਮੋਦੀ-ਸ਼ਾਹ ਜੋੜੀ ਵਲੋਂ ਭਾਰਤੀ ਅਵਾਮ `ਤੇ ਥੋਪੀ ਨੋਟਬੰਦੀ, ਗ਼ਲਤ ਕਿਸਮ ਦੀ ਜੀ.ਐਸ.ਟੀ., ਸੀ.ਏ.ਏ., ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ., ਕਸ਼ਮੀਰ ਦੇ ਤਿੰਨ ਟੋਟੇ ਕਰਨ, ਧਾਰਾ 370 ਅਤੇ 35-ਏ ਖ਼ਤਮ ਕਰਨ ਤੇ ਉਥੋਂ ਦੇ ਲੋਕਾਂ ਦਾ ਜੀਵਨ ਦੁਸ਼ਵਾਰ ਕਰਨ ਵਰਗੀਆਂ ਚਾਲਾਂ ਖ਼ਿਲਾਫ਼ ਵੀ ਮੁੜ ਤਿੱਖੀ ਹੁੰਦੀ ਜਾ ਰਹੀ ਹੈ। ਇਹ ਆਮ ਲੋਕਾਂ ਦਾ ਉਹ ਗੁਬਾਰ ਹੈ ਜੋ ਕਿਸਾਨੀ ਅੰਦੋਲਨ ਦੇ ਜ਼ਰੀਏ ਬਾਹਰ ਫੁੱਟ ਰਿਹਾ ਹੈ। ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਦਾ ਢੰਡੋਰਾ ਪਿੱਟਣ ਵਾਲੀਆਂ ਤਾਕਤਾਂ ਨੇ ਪੂਰੇ ਵਿਸ਼ਵ ਨੂੰ ਇਕ ਪਿੰਡ ਵਿਚ ਤਬਦੀਲ ਕਰ ਦੇਣ ਦੀਆਂ ਚਾਲਾਂ ਚੱਲੀਆਂ... ਤੇ ਇਹਦੇ ਲਈ ਉਨ੍ਹਾਂ ਉਹ ਹਰ ਹਰਬਾ ਵਰਤਿਆ ਜਿਸ ਨਾਲ ਲੋਕ ਧਰਮਾਂ, ਜ਼ਾਤਾਂ, ਫਿਰਕਿਆਂ, ਨਸਲਾਂ ਵਿਚ ਉਲਝ ਕੇ ਹੋਰ ਹੋਰ ਗ਼ਰੀਬ ਹੁੰਦੇ ਚਲੇ ਗਏ। ਆਪਣੀ ਤਾਕਤ ਤੋਂ ਅਣਜਾਣ ਉਹ ਨਿੱਕੇ-ਨਿੱਕੇ ਟੁਕੜਿਆਂ ਵਿਚ ਵੰਡ ਹੁੰਦੇ ਚਲੇ ਗਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ‘ਰਾਸ਼ਟਰਵਾਦ-ਰਾਸ਼ਟਰਵਾਦ` ਦੀ ਐਸੀ ਖੇਡ ਰਚੀ ਕਿ ਪੂਰਾ ਮੁਲਕ ਹੀ ਵੇਚਣ `ਤੇ ਲਾ ਦਿੱਤਾ। ਪਰ ਹੁਣ ਦਿੱਲੀ ਹਕੂਮਤ ਦੇ ਪਾਵੇ ਦੀਆਂ ਚੂਲਾਂ ਹਿਲਾਉਣ ਵਾਲੇ ਕਿਸਾਨੀ ਅੰਦੋਲਨ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਵੱਖ-ਵੱਖ ਧਰਮਾਂ, ਜ਼ਾਤਾਂ, ਫ਼ਿਰਕਿਆਂ, ਨਸਲਾਂ ਦੇ ਲੋਕਾਂ ਨੇ ‘ਦਿੱਲੀ` ਖ਼ਿਲਾਫ਼ ਮੋਰਚਾ ਖੋਲ੍ਹ ਕੇ ਸਰਬ-ਸਾਂਝਾ ਸੰਸਾਰ ਵਸਾ ਲਿਆ ਹੈ। ਅਜਿਹਾ ਸੰਸਾਰ ਜਿੱਥੇ ਕੋਈ ਕਿਸੇ ਦਾ ਧਰਮ, ਜ਼ਾਤ ਨਹੀਂ ਪੁੱਛਦਾ.. ਕੋਈ ਕਿਸੇ ਦੀ ਹੈਸੀਅਤ ਨਹੀਂ ਪੁੱਛਦਾ.. ਕੋਈ ਕਿਸੇ ਨੂੰ ਨੀਂਵਾਂ ਨਹੀਂ ਦਿਖਾਉਂਦਾ... ਮਿਸਾਲੀ ਭਾਈਚਾਰਕ ਸਾਂਝ ਦੇਖਣ ਨੂੰ ਮਿਲ ਰਹੀ ਹੈ। ਸਭ ਤੋਂ ਵੱਡੀ ਤਬਦੀਲੀ ਨੌਜਵਾਨੀ ਵਿਚ ਦੇਖਣ ਨੂੰ ਮਿਲ ਰਹੀ ਹੈ। ਖ਼ਾਸ ਤੌਰ `ਤੇ ਪੰਜਾਬ ਦੀ ਜਵਾਨੀ, ਜਿਸ ਨੂੰ ਨਸ਼ੇੜੀ ਤੇ ਵੈਲੀ ਮੰਡੀਰ ਵਜੋਂ ਪੇਸ਼ ਕੀਤਾ ਜਾ ਰਿਹਾ ਸੀ... ਹੋਸ਼ ਅਤੇ ਜੋਸ਼ ਨਾਲ ਮੈਦਾਨ ਵਿਚ ਡਟੀ ਹੋਈ ਹੈ। ਉਨ੍ਹਾਂ ਦੀਆਂ ਅੱਖਾਂ ਵਿਚ ਜੇ ਬਜ਼ੁਰਗਾਂ ਲਈ ਸਨਮਾਨ ਨਜ਼ਰ ਆਉਂਦਾ ਹੈ ਤਾਂ ਔਰਤਾਂ ਪ੍ਰਤੀ ਇੱਜ਼ਤ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਸਿੰਘੂ ਲਾਗੇ ਪਿੰਡ ਦੀ ਇਕ ਕੁੜੀ ਦਸਦੀ ਹੈ- ‘‘ਸੜਕ ਤੋਂ ਲੰਘਣ ਲੱਗਿਆਂ, ਸਾਹਮਣੇ ਖੜ੍ਹੇ 8-10 ਸਰਦਾਰ ਮੁੰਡਿਆਂ ਨੂੰ ਦੇਖ ਕੇ ਸਹਿਮ ਜਾਂਦੀ ਹਾਂ.. ਡਰਦੀ ਹਾਂ ਕਿ ਕਿਵੇਂ ਲੰਘਾਂ, ਅਚਾਨਕ `ਵਾਜ਼ ਆਉਂਦੀ ਹੈ... ਭੈਣ ਜੀ! ਲੰਘ ਜਾਓ ਇਧਰੋਂ.. ਰਾਹ ਬਣਾ ਕੇ ਮੁੰਡੇ ਪਿਛੇ ਹਟ ਜਾਂਦੇ ਹਨ ਤੇ ਮੈਂ ਉਥੋਂ ਲੰਘ ਕੇ ਅੱਗੇ ਜਾ ਕੇ ਆਪਣੀ ਸਕੂਟੀ ਰੋਕ ਕੇ ਰੋ ਪੈਂਦੀ ਹਾਂ... ਇਹ ਉਹੀ ਰਸਤਾ ਹੈ ਜਿਥੇ ਰੋਜ਼ ਇਲਾਕੇ ਦੇ ਮੁੰਡੇ ਮੈਨੂੰ ਤੰਗ ਕਰਦੇ ਹਨ ਪਰ ਇਨ੍ਹਾਂ ਸਰਦਾਰ ਮੁੰਡਿਆਂ ਨੇ ਭੈਣਜੀ ਆਖ ਸਤਿਕਾਰ ਨਾਲ ਮੇਰੇ ਲੰਘਣ ਲਈ ਰਾਹ ਬਣਾ ਦਿੱਤਾ।


ਜਿਨ੍ਹਾਂ ਨੌਜਵਾਨਾਂ ਨੇ ਕਦੇ ਪਾਣੀ ਦਾ ਗਿਲਾਸ ਚੁੱਕ ਕੇ ਨਹੀਂ ਸੀ ਪੀਤਾ… ਅੱਜ ਉਹੀ ਲੋਕਾਂ ਲਈ ਲੰਗਰ-ਪਾਣੀ ਦੀ ਸੇਵਾ ਕਰ ਰਹੇ ਹਨ। ਸੜਕਾਂ ਤੇ ਸਫ਼ਾਈ ਕਰ ਰਹੇ ਹਨ... ਲੋਕਾਂ ਦੇ ਕੱਪੜੇ ਧੋ-ਧੋ ਕੇ ਦੇ ਰਹੇ ਹਨ... ਆਟਾ ਗੁੰਨ ਰਹੇ ਨੇ... ਫੁਲਕੇ ਸੇਕ ਰਹੇ ਹਨ... ਬਜ਼ੁਰਗਾਂ ਦੇ ਕੰਮ ਸੰਵਾਰ ਰਹੇ ਹਨ। ਮਸਲਾ ਭਾਵੇਂ ਟਰੈਫਿਕ ਕੰਟਰੋਲ ਕਰਨ ਦਾ ਹੋਵੇ ਜਾਂ ਸਟੇਜ ਦੇ ਆਲੇ-ਦੁਆਲੇ ਭੀੜ ਸੰਭਾਲਣ ਦਾ... ਸਭ ਕੁਝ ਬੇਹੱਦ ਅਨੁਸ਼ਾਸਤ ਤਰੀਕੇ ਨਾਲ ਹੋ ਰਿਹੈ..ਇਨ੍ਹਾਂ ਨੌਜਵਾਨਾਂ ਦੀ ਸ਼ਰਾਰਤੀ ਅਨਸਰਾਂਤੇ ਵੀ ਕੈਰੀ ਨਜ਼ਰ ਰਹਿੰਦੀ ਹੈ। ਹਕੂਮਤ ਪੁਲੀਸ ਰਾਹੀਂ ਕਦੇ ਸ਼ਰਾਬ ਵੰਡਣ ਦੀ ਚਾਲ ਚਲਦੀ ਹੈ ਤੇ ਕਦੇ ‘ਕਾਲ ਗਰਲਭੇਜ ਕੇ ਅੰਦੋਲਨ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਪੂਰੀ ਤਰ੍ਹਾਂ ਚੌਕਸ ਇਹ ਵਲੰਟੀਅਰ ਉਸ ਦੀਆਂ ਸਾਰੀਆਂ ਚਾਲਾਂ ਫੇਲ੍ਹ ਕਰ ਰਹੇ ਹਨ। ਪੰਜਾਬੀ ਤੇ ਹਰਿਆਣਵੀ ਇੰਜ ਬਗਲਗੀਰ ਹੋ ਰਹੇ ਹਨ ਕਿ ਸਿਆਸੀ ਬਿਸਾਤ ਦੇ ਸਾਰੇ ਮੋਹਰਿਆਂ ਦੀਆਂ ਚਾਲਾਂ ਨੱਪ ਲਈਆਂ ਗਈਆਂ ਹਨ। ਜੇ ਛੋਟਾ ਭਰਾ (ਹਰਿਆਣਾ) ਆਪਣੇ ਵੱਡੇ ਭਰਾ (ਪੰਜਾਬ) ਲਈ ਦਿੱਲੀ ਜਾਣ ਦਾ ਰਾਹ ਪੱਧਰਾ ਕਰਦਾ ਹੈ ਤਾਂ ਵੱਡਾ ਭਰਾ ਵੀ ਆਪਣੇ ਛੋਟੇ ਭਰਾ ਲਈ ਪਾਣੀ ਦੀ ਸ੍ਹੋਟੀ (ਛੋਟੀ) ਜਿਹੀ ਇਕ ਹੋਰ ਨਹਿਰ ਪੁੱਟਣ ਲਈ ਤਿਆਰ ਹੈ। ਇਕ-ਦੂਜੇ ਦੀਆਂ ਟਰਾਲੀਆਂ ਵਿਚ ਚੜ੍ਹ ਕੇ ਸਾਕ-ਸਕੀਰੀਆਂ ਕੱਢ ਰਹੇ ਹਨ... ‘ਹੁੱਕਾ ਸੱਥਾਂ ਵਿਚ ਬਹਿ ਕੇ ਸਿਆਸੀ ਚਾਲਾਂ ਦੀਆਂ ਘੁੰਡੀਆਂ ਖੋਲ੍ਹ ਰਹੇ ਹਨ।

ਪੰਜਾਬੀ ਹੀ ਨਹੀਂ, ਹਰਿਆਣਵੀ ਵੀ ਛੇ ਮਹੀਨੇ ਤਾਂ ਕੀ ਛੇ ਸਾਲ ਲਈ ਵੀ ਇਨ੍ਹਾਂ ਮੋਰਚਿਆਂ ਤੇ ਲੜਨ-ਮਰਨ ਦੀ ਤਿਆਰੀ ਕਰਕੇ ਆਏ ਹਨ। ਮਾਲੇਰਕੋਟਲੇ ਦਾ ਮੁਸਲਿਮ ਭਾਈਚਾਰਾ ਵੀ ਸੇਵਾ ਦੀ ਮਿਸਾਲ ਕਾਇਮ ਕਰ ਰਿਹਾ ਹੈ। ਸਿੱਖ ਭਾਈਚਾਰਾ ਵੀ ਨਾਲ ਹੀ ਇਕੋ ਤੰਬੂ ਹੇਠ ਡਟਿਆ ਹੈ। ਜਦੋਂ ਨਮਾਜ਼ ਅਦਾ ਕਰਨ ਦਾ ਵੇਲਾ ਹੁੰਦਾ ਹੈ ਤਾਂ ਸਿੱਖ-ਹਿੰਦੂ ਭਾਈਚਾਰੇ ਦੇ ਲੋਕ ਹੱਥ ਜੋੜ ਉਨ੍ਹਾਂ ਦੇ ਪਿਛੇ ਖੜ੍ਹੇ ਹੋ ਜਾਂਦੇ ਹਨ। ਤੇ ਨਮਾਜ਼ ਅਦਾ ਹੁੰਦਿਆਂ ਹੀ ਸਾਰੇ ਲੰਗਰ ਦੀ ਸੇਵਾ ਵਿਚ ਜੁਟ ਜਾਂਦੇ ਹਨ ਤੇ ਲੰਗਰ ਛਕਾਉਣ ਮਗਰੋਂ ਇਕੱਠੇ ਇਕੋ ਥਾਂ ਬਹਿ ਕੇ ਛਕਦੇ ਹਨ। ਸਿਆਸੀ ਧਿਰਾਂ ਆਪਣੇ ਮੁਫ਼ਾਦਾਂ ਲਈ ਅੱਡੋ-ਪਾਟੀ ਕਰਦੀਆਂ ਆਈਆਂ ਹਨ ਪਰ ਸਾਂਝੇ ਮਸਲਿਆਂ, ਦੁੱਖਾਂ, ਫ਼ਿਕਰਾਂ ਨੇ ਆਮ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਹੀ ਨਹੀਂ ਲਿਆਂਦਾ ਸਗੋਂ ਸਾਂਝੇ ਦੁਸ਼ਮਣ ਸਾਹਵੇਂ ਡਟਣ ਦੀ ਤਾਕਤ ਵੀ ਬਖ਼ਸ਼ੀ ਹੈ। ਇਸ ਅੰਦੋਲਨ ਦੀ ਅਗਵਾਈ ਭਾਵੇਂ ਕਿਸਾਨ ਕਰ ਰਹੇ ਹਨ ਪਰ ਇਹ ਪੂਰੀ ਤਰ੍ਹਾਂ ਜਨ ਅੰਦੋਲਨ ਵਿਚ ਤਬਦੀਲ ਹੋ ਚੁੱਕਾ ਹੈ। ਆਮ ਬੰਦਾ ਆਪ ਮੁਹਾਰੇ ਇਨ੍ਹਾਂ ਧਰਨਿਆਂ ਵਿਚ ਨਾ ਸਿਰਫ਼ ਸ਼ਮੂਲੀਅਤ ਕਰ ਰਿਹਾ ਹੈ, ਸਗੋਂ ਬਣਦਾ-ਸਰਦਾ ਯੋਗਦਾਨ ਵੀ ਪਾ ਰਿਹਾ ਹੈ। ਥੀਏਟਰ ਕਲਾਕਾਰ ਆਪਣੇ ਨਾਟਕਾਂ ਰਾਹੀਂ ਲੋਕਾਂ ਨੂੰ ਹੋਰ ਸੁਚੇਤ ਕਰ ਰਹੇ ਹਨ। ਕੁਝ ਪੰਜਾਬੀ ਗਾਇਕਾਂ ਨੇ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਖ਼ਾਸ ਤੌਰਤੇ ਕੰਵਰ ਗਰੇਵਾਲ ਵਲੋਂ ਗਾਇਆ ਗੀਤ ‘ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾਹਰ ਨੌਜਵਾਨ, ਬਜ਼ੁਰਗ ਦੀ ਜ਼ੁਬਾਨਤੇ ਹੈ। ਇਸ ਮਾਹੌਲ ਵਿਚ ਨੌਜਵਾਨਾਂ ਨੇ ਹਥਿਆਰਾਂ ਤੇ ਨਸ਼ਿਆਂ ਦੇ ਗੀਤਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।


ਨਾਲੋ-ਨਾਲ ਗੁਰਬਾਣੀ ਦਾ ਵੀ ਸਿਮਰਣ ਹੋ ਰਿਹੈ…ਸ਼ਬਦ ਗਾਇਨ ਹੋ ਰਿਹੈ ਹੈ ਤੇ ਮੈਨੂੰ ਬਚਪਨ ਚੇਤੇ ਆਉਂਦਾ ਹੈ ਜਦੋਂ ਸਾਡੇ ਘਰ ਹਰ ਵੇਲੇ ਸ਼ਬਦ ਸੁਣੀਂਦਾ ਸੀ… ਉਹ 84 ਦਾ ਵੇਲਾ ਸੀ ਤੇ ਸ਼ਬਦ ਗੂੰਜਦਾ ਸੀ... ‘‘ਕੁਤਾ ਰਾਜ ਬਹਾਲੀਐ, ਫਿਰਿ ਚਕੀ ਚਟੈ। ਸਪੈ ਦੁਧੁ ਪੀਆਲੀਐ; ਵਿਹੁ ਮੁਖਹੁ ਸਟੈ।`` ਅੱਜ ਇਹ ਸ਼ਬਦ ਮੱਲੋ-ਮੱਲੀ ਜ਼ਹਿਨ ਵਿਚ ਆਉਂਦਾ ਹੈ...। ਹਰ ਯੁੱਗਚ ਜ਼ਾਲਮ ਹੋਰ ਹੋਰ ਬਲਵਾਨ ਹੋ ਕੇ ਆਉਂਦਾ ਹੈ… ਪਰ ਉਸ ਯੁੱਗ ਦੇ ਲੋਕ ਜ਼ਾਲਮਾਂ ਨਾਲ ਟੱਕਰ ਲੈਂਦੇ ਹਨ ਤੇ ਜਿੱਤਦੇ ਹਨ।


ਅੰਬਾਨੀਆਂ, ਅਡਾਨੀਆਂ ਤੇ ਸੰਸਾਰ ਕਾਰਪੋਰੇਟ ਦਾ ਚਾਬੀ ਵਾਲਾ ਖਿਡੋਣਾ ਮੋਦੀ ਅੜੀ ਕਰੀ ਬੈਠਾ ਹੈ… ਉਹਨੂੰ ਕਰੋੜਾਂ ਲੋਕਾਂ ਦੀ ਚਿੰਤਾ ਨਹੀਂ ਜਿਨ੍ਹਾਂ ਨੇ ਉਹਨੂੰ ਇਸ ਅਹੁਦੇ ਤੇ ਬਿਠਾਇਆ... ਉਹਨੂੰ ਚਿੰਤਾ ਉਨ੍ਹਾਂ ਹਜ਼ਾਰਾਂ ਕਰੋੜਾਂ ਰੁਪਏ ਦੀ ਹੈ, ਜੋ ਉਹਨੂੰ ਪ੍ਰਧਾਨ ਮੰਤਰੀ ਦੀ ਕੁਰਸੀਤੇ ਬਿਠਾਉਣ ਲਈ ਅੰਬਾਨੀਆਂ-ਅਡਾਨੀਆਂ ਨੇ ਲਾਏ… ਇਸੇ ਲਈ ਉਹ ਲੋਕਾਂ ਨੂੰ ਜਵਾਬਦੇਹ ਨਹੀਂ…ਅੰਬਾਨੀਆਂ-ਅਡਾਨੀਆਂ ਦਾ ਦੇਣਦਾਰ ਹੈ। ਉਨ੍ਹਾਂ ਨੂੰ ਨਾਰਾਜ਼ ਕਰਕੇ ਅਗਲੀ ਵਾਰ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਗਵਾਉਣਾ ਚਾਹੁੰਦਾ। ਪਰ ਏਡੀ ਵੀ ਦੇਣਦਾਰੀ ਕੀ ਕਿ ਸਾਰਾ ਮੁਲਕ ਹੀ ਵੇਚਣ ਤੁਰ ਪਵੋ।
ਪਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ ਲੋਕਾਂ ਦੀ ਤਾਕਤ ਦਾ ਅੰਦਾਜ਼ਾ ਉੱਕਾ ਹੀ ਨਹੀਂ ਸੀ .. ਸੌ ਸੱਚਾਂ ਦਾ ਸੱਚ ਤਾਂ ਇਹ ਹੀ ਹੈ ਕਿ ਕੁਰਸੀ ਬੇਸ਼ੱਕ ਅੰਬਾਨੀ-ਅਡਾਨੀ ਖ਼ਰੀਦ ਦੇਣ ਪਰ ਲੋਕਾਂ ਨੇ ਜਦੋਂ ਕੁਰਸੀ ਦੇ ਪਾਵੇ ਵੱਢਣੇ ਨੇ ਤਾਂ ਧੜੱਮ ਹੇਠਾਂ ਹੀ ਡਿੱਗਣਾ ਹੈ।
ਇਨ੍ਹਾਂ ਲੋਕਾਂ ਨੂੰ ਇਕਜੁਟ ਕਰਨ ਲਈ ਜ਼ਾਹਰਾ ਤੌਰ

ਤੇ ਕਿਸਾਨੀ ਲੀਡਰਸ਼ਿਪ ਦੀ ਵੀ ਤਾਰੀਫ਼ ਕਰਨੀ ਬਣਦੀ ਹੈ। ਕਿਸਾਨੀ ਲੀਡਰਸ਼ਿਪ ਨੇ ਹੀ ਸਾਂਝੇ ਦੁਸ਼ਮਣ ਦੀ ਪਛਾਣ ਕਰਨ ਦੀ ਆਮ ਲੋਕਾਂ ਵਿਚ ਸਮਝ ਪੈਦਾ ਕੀਤੀ ਹੈ। ਲੱਖਾਂ-ਕਰੋੜਾਂ ਦੀ ਉਮੀਦ ਬਣ ਚੁੱਕੀ ਲੀਡਰਸ਼ਿਪ ਲਈ ਵੀ ਇਹ ਸਮਾਂ ਬੋਚ-ਬੋਚ ਕੇ ਪਬ ਧਰਨ ਦਾ ਹੈ। ਮੋਦੀ-ਸ਼ਾਹ ਦੇ ਨਿਤ ਨਵੇਂ ਕਾਰਨਾਮਿਆਂ, ਜੁਮਲਿਆਂ ਤੋਂ ਅੰਦਰੋਂ-ਅੰਦਰੀਂ ਰਿਝ ਰਹੇ ਲੋਕਾਂ ਦੇ ਗੁੱਸੇ ਨੂੰ ਕਿਸਾਨੀ ਅੰਦੋਲਨ ਨੇ ਸਹੀ ਦਿਸ਼ਾ ਪ੍ਰਦਾਨ ਕੀਤੀ ਹੈ। ਦਿੱਲੀ ਦੀਆਂ ਕੁੰਡਲੀ- ਸਿੰਘੂ, ਟਿੱਕਰੀ, ਗਾਜ਼ੀਪੁਰ ਸਰਹੱਦਾਂਤੇ ਕਿਸਾਨ, ਮਜ਼ਦੂਰ ਤੇ ਕਿਰਤੀ ਲੋਕ ਜੁੜ ਗਏ ਹਨ। ਇਹ ਮਿਸਾਲੀ ਲਮ੍ਹੇ ਹਨ। ਇਸ ਅੰਦੋਲਨ ਦੇ ਹਜ਼ਾਰਾਂ ਹਜ਼ਾਰ ਰੰਗ ਹਨ। ਇਹ ਹਜ਼ਾਰਾਂ ਰੰਗ ਮਿਲ ਕੇ ਇਕ ਸਾਂਝਾ, ਬੇਹੱਦ ਗੂੜਾ ਤੇ ਸਜੀਲਾ ਰੰਗ ਬਣਾ ਰਹੇ ਹਨ – ‘ਲੋਕ ਸੰਘਰਸ਼ ਦਾ ਰੰਗ... ‘ਆਜ਼ਾਦੀ ਦਾ ਰੰਗ … ‘ਲੁਟੇਰੀ ਜਮਾਤ ਤੋਂ ਆਜ਼ਾਦੀ ਦਾ ਰੰਗ’।
ਇਸ ਸੰਘਰਸ਼ ਦਾ ਜਿੱਤ ਵਿਚ ਤਬਦੀਲ ਹੋਣਾ ਲਾਜ਼ਮੀ ਹੈ।
ਮੋਬਾਈਲ- 98887-99871

Leave a Reply

Your email address will not be published. Required fields are marked *