fbpx Nawidunia - Kul Sansar Ek Parivar

‘ਮਿੱਟੀ’ ਦੇ ਬੋਲ ਸੁਣਦਿਆਂ/ ਮਨਮੋਹਨ

ਨਾਵਲ ‘ਮਿੱਟੀ ਬੋਲ ਪਈ’ ਪੰਜਾਬ ਦੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਨਾਲ ਸਬੰਧਿਤ ਹੈ। ਗ਼ਦਰੀ ਬਾਬਾ ਮੰਗੂ ਰਾਮ ਨੇ ਇਨ੍ਹਾਂ ਲੋਕਾਂ ਨੂੰ ਧਰਤੀ ਦੇ ਮੂਲਵਾਸੀ ਕਹਿੰਦਿਆਂ ਆਦਿ ਧਰਮ ਦੀ ਨੀਂਹ ਰੱਖੀ। ਪੰਜਾਬ ਦੇ ਲੋਕ-ਇਤਿਹਾਸਕਾਰ ਮਨਜ਼ੂਰ ਇਜਾਜ਼ ਨੇ ਇਨ੍ਹਾਂ ਲੋਕਾਂ ਨੂੰ ਹੜੱਪੀ ਵਸੇਬ (ਹੜੱਪਾ ਦੀ ਸਭਿਅਤਾ ਨੂੰ ਵਸਾਉਣ ਵਾਲੇ ਤੇ ਬਾਅਦ ਵਿਚ ਕੁਚਲੇ ਗਏ ਲੋਕ) ਕਿਹਾ ਹੈ। ਬਾਬਾ ਮੰਗੂ ਰਾਮ ਦੀ ਅਗਵਾਈ ਹੇਠ ਪੰਜਾਬ ਦੇ ਇਤਿਹਾਸ ਦਾ ਨਿਵੇਕਲਾ ਕਾਂਡ ਲਿਖਿਆ ਗਿਆ।

ਜਾਤ ਜਮਾਤ

ਬਲਬੀਰ ਮਾਧੋਪੁਰੀ ਪੰਜਾਬੀ ਸਾਹਿਤ ਜਗਤ ’ਚ ਦਲਿਤ ਸਾਹਿਤ ਦਾ ਪ੍ਰਮਾਣਿਕ ਹਸਤਾਖਰ ਹੈ। ਉਸ ਦੀ ਸਵੈਜੀਵਨੀ ‘ਛਾਂਗਿਆ ਰੁੱਖ’ ਨੂੰ ਪੰਜਾਬੀ ਸਾਹਿਤ ਜਗਤ ’ਚ ਵੱਡਾ ਹੁੰਗਾਰਾ ਮਿਲਿਆ। ਉਸ ਦੇ ਦੋ ਕਾਵਿ ਸੰਗ੍ਰਹਿਆਂ ‘ਮਾਰੂਥਲ ਦਾ ਬਿਰਖ’ ਅਤੇ ‘ਭਖਦਾ ਪਤਾਲ’ ਨੇ ਪੰਜਾਬੀ ਕਵਿਤਾ ਜਗਤ ’ਚ ਭਰਵੀਂ ਹਾਜ਼ਰੀ ਲਵਾਈ। ਉਸ ਤੋਂ ਬਾਅਦ ‘ਮੇਰੀ ਚੋਣਵੀਂ ਕਵਿਤਾ’ ਵਡਮੁੱਲੀ ਕਾਵਿ ਪੁਸਤਕ ਹੈ। ਉਸ ਦੀਆਂ ਵਾਰਤਕ ਪੁਸਤਕਾਂ ’ਚ ‘ਦਿੱਲੀ ਇਕ ਵਿਰਾਸਤ’ (ਇਤਿਹਾਸਕ ਯਾਦਗਾਰਾਂ), ‘ਸਮੁੰਦਰ ਦੇ ਸੰਗ ਸੰਗ’ (ਸਫ਼ਰਨਾਮਾ), ‘ਦਿੱਲੀ ਦੇ ਇਤਿਹਾਸਕ ਗੁਰਦੁਆਰੇ’, ‘ਸਾਹਿਤਕ ਮੁਲਾਕਾਤਾਂ’, ‘ਆਦਿ ਧਰਮ ਦੇ ਬਾਨੀ ਬਾਬਾ ਮੰਗੂ ਰਾਮ’ ਅਤੇ ‘ਮੇਰੀ ਪੱਤਰਕਾਰੀ’ ਨੇ ਪੰਜਾਬੀ ਵਾਰਤਕ ’ਚ ਨਿੱਗਰ ਵਾਧਾ ਕੀਤਾ। ਇਸ ਤੋਂ ਇਲਾਵਾ ਬਲਬੀਰ ਨੇ 36 ਪੁਸਤਕਾਂ ਦਾ ਅਨੁਵਾਦ ਅਤੇ ਲਗਪਗ 42 ਪੁਸਤਕਾਂ ਦਾ ਸੰਪਾਦਨ ਵੀ ਕੀਤਾ।

‘ਮਿੱਟੀ ਬੋਲ ਪਈ’ ਨਾਵਲ ਦਾ ਬਿਰਤਾਂਤ ਦੋ ਪੀੜ੍ਹੀਆਂ ਦਾ ਆਪਸੀ ਸੰਵਾਦ ਹੈ ਜੋ ਬਾਬੇ ਤੇ ਪੋਤੇ ਜਿਸ ਦਾ ਨਾਮ ਗੋਰਾ ਹੈ, ਦਰਮਿਆਨ ਵਾਪਰਦਾ ਹੈ। ਇਸ ਬਿਰਤਾਂਤ ਦਾ ਗਾਲਪਨਿਕ ਕਾਲ 1926 ਜਦੋਂ ਪੰਜਾਬ ’ਚ ਆਦਿ ਧਰਮ ਲਹਿਰ ਆਰੰਭ ਹੋਈ ਤੇ ਉਸ ਤੋਂ ਕੁਝ ਕੁ ਬਾਅਦ ਦੇ ਵਰ੍ਹਿਆਂ ਦਾ ਸਮਾਂ ਹੈ। ਪੂਰੇ ਬਿਰਤਾਂਤ ਦਾ ਸਥਾਨ ਪੰਜਾਬ ਦਾ ਦੁਆਬਾ ਖੇਤਰ ਹੈ ਜਿੱਥੇ ਆਦਿ ਧਰਮ ਲਹਿਰ ਦਾ ਪ੍ਰਭਾਵ ਵਿਆਪਕ ਪੱਧਰ ’ਤੇ ਰਿਹਾ। ਦੁਆਬੇ ’ਚੋਂ ਵੀ ਹੁਸ਼ਿਆਰਪੁਰ ’ਚ ਜੈਜੋਂ ਦਾ ਕੰਢੀ ਖੇਤਰ। ਇਕ ਦੋ ਜਗ੍ਹਾ ਮੁਲਤਾਨ ਅਤੇ ਲਾਹੌਰ ਦੇ ਇਲਾਕਿਆਂ ਨਾਲ ਜੁੜੇ ਵੇਰਵੇ ਵੀ ਇਸ ਬਿਰਤਾਂਤ ਦਾ ਹਿੱਸਾ ਬਣਦੇ ਹਨ। ਬਾਬੇ ਪੋਤੇ ਦੇ ਇਸ ਸੰਵਾਦ ’ਚ ਹੀ ਸਮਕਾਲੀ ਸਮਾਜ, ਸੱਭਿਆਚਾਰ, ਰਾਜਨੀਤੀ, ਆਰਥਿਕਤਾ ਨਾਲ ਜੁੜੇ ਵਿਭਿੰਨ ਪਾਸਾਰਾਂ ਦਾ ਵੀ ਬਿਰਤਾਂਤੀਕਰਣ ਹੁੰਦਾ ਹੈ। ਗੋਰੇ ਦਾ ਬਾਪ ਕਿਧਰੇ ਗੁਆਚ ਗਿਆ ਹੈ ਜੋ ਬੜੀ ਦੇਰ ਤੋਂ ਘਰ ਨਹੀਂ ਪਰਤਿਆ। ਉਸ ਦਾ ਭਰਾ ਗੱਜਣ ਅਜੇ ਛੋਟਾ ਹੈ। ਦਾਦੀ ਤੇ ਬਾਬਾ ਪਿਆਰੋ ਦੀ ਗੋਰੇ ਦੇ ਚਾਚੇ ਨਾਲ ਚਾਦਰ ਪੁਆਉਣਾ ਚਾਹੁੰਦੇ ਹਨ। ਗੋਰੇ ਦੇ ਨਾਨਕੇ ਵੀ ਇਸ ਲਈ ਮੰਨ ਗਏ ਹਨ। ਬਾਬੇ ਨਾਲ ਗੋਰਾ ਜੇਜੋਂ ਵਿਖੇ ਉਸ ਦੀ ਜੁੱਤੀਆਂ ਦੀ ਦੁਕਾਨ ’ਤੇ ਆਉਂਦਾ ਜਾਂਦਾ ਰਹਿੰਦਾ ਹੈ। ਗੋਰੇ ਦਾ ਓਥੇ ਫਾਤਿਮਾ ਨਾਮ ਦੀ ਜਿਸਮਫ਼ਰੋਸ਼ ਨਾਲ ਸਹਿਜ ਮੋਹ ਵਿਕਸਤ ਹੋ ਜਾਂਦਾ ਹੈ। ਗੋਰਾ ਤੇ ਬਾਬਾ ਗੁਆਚੇ ਜੀਅ ਨੂੰ ਲੱਭਣ ਮੁਲਤਾਨ ਵੀ ਜਾਂਦੇ ਹਨ। ਅੰਤ ਜਦੋਂ ਗੋਰੇ ਦਾ ਪਿਓ ਲੱਭ ਜਾਂਦਾ ਹੈ ਤਾਂ ‘ਮਿੱਟੀ ਬੋਲ ਪਈ’ ਦਾ ਬਿਰਤਾਂਤ ਆਪਣੇ ਕਲਾਈਮੈਕਸ ਨੂੰ ਅਪੜਦਾ ਹੈ। ਦੇਸ਼ਵੰਡ ਦੀਆਂ ਕਨਸੋਆਂ ਕਾਰਨ ਫਾਤਿਮਾ ਤੇ ਉਸ ਦੀ ਸਾਥਣ ਰੁਕੱਈਆ ਗੋਰੇ ਹੁਣਾਂ ਕੋਲ ਹੀ ਨਿਰਲੇਪ ਤੇ ਨਿਰਮਲ ਬਣ ਰੁਕ ਜਾਂਦੀਆਂ ਹਨ। ‘ਮਿੱਟੀ ਬੋਲ ਪਈ’ ਦਾ ਅੰਤਲੇ ਪੜਾਅ ਦਾ ਇਹ ਮਹੱਤਵਪੂਰਣ ਸੰਵਾਦ ਇਸ ਬਿਰਤਾਂਤ ਦਾ ਨਿਚੋੜ ਹੋ ਨਿਬੜਦਾ ਹੈ: ‘ਮੰਗੂ ਰਾਮ ਐਮ ਐਲ ਏ ਨੇ ਆਪਣੀ ਛੋਟੀ ਜਿਹੀ ਤਕਰੀਰ ਵਿਚ ਵੱਡੀ ਗੱਲ ਆਖ ਛੱਡੀ ਏ। ਮੇਰੇ ਦਿਲ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੱਤੇ ਜੇ ਕਿ ਅਛੂਤ, ਸ਼ੂਦਰ, ਕਬਾਇਲੀ, ਈਸਾਈ ਤੇ ਮੁਸਲਮਾਨ ਬਣੇ ਲੋਕ ਹਿੰਦੋਸਤਾਨ ਦੇ ਅਸਲੀ ਬਾਸ਼ਿੰਦੇ ਜੇ। ਸਾਡੇ ਰੰਗ-ਅੰਗ, ਜੱਦੀ-ਪੁਸ਼ਤੀ ਪੇਸ਼ੇ ਇਕ ਜੈਸੇ ਜੇ। ਜਾਤਪਾਤ, ਛੂਆਛਾਤ ਤੇ ਊਚ-ਨੀਚ ਦਾ ਫੈਲਾਅ ਕਰਨ ਵਾਲੇ ਸਾਡੇ ’ਚੋਂ ਨਹੀਂ’।

ਇੰਝ ਕਹਿ ਸਕਦੇ ਹਾਂ ਕਿ ਨਾਵਲ ’ਚ ਬਾਬਾ ਆਪਣੇ ਪੋਤੇ ਨੂੰ ਜੀਵਨ, ਸਮਾਜ ਅਤੇ ਰਾਜਨੀਤੀ ਦੀ ਸਹਿਜ ਸੂਝ ਰਾਹੀਂ ਇਕ ਤਰ੍ਹਾਂ ਨਾਲ ਗਿਆਨ ਦੀ ਦੀਖਿਆ ਦਿੰਦਾ ਹੈ ਜਿਸ ਦੇ ਬਿਰਤਾਂਤੀਕਰਣ ਰਾਹੀਂ ਬਲਬੀਰ ਦਲਿਤ ਨਾਇਕਤਵ ਤੇ ਪਛਾਣ ਰਾਹੀਂ ਮੁਕਤੀ ਦੀ ਤਲਾਸ਼ ਇਤਿਹਾਸ ’ਚ ਪਏ ਦੂਜੇ ਦਲਿਤ ਵਿਕਲਪਾਂ ’ਚੋਂ ਕਰਦਾ ਹੈ ਜੋ ਜਾਂ ਤਾਂ ਅਣਗੌਲੇ ਰਹਿ ਗਏ ਜਾਂ ਇਤਿਹਾਸ ’ਚੋਂ ਵਿਸਾਰ ਦਿੱਤੇ ਗਏ।

‘ਮਿੱਟੀ ਬੋਲ ਪਈ’ ਦਾ ਬਿਰਤਾਂਤ ਬਲਬੀਰ ਮਾਧੋਪੁਰੀ ਦੇ ਜੀਵਨ ਦੇ ਪ੍ਰਮਾਣਿਕ ਅਨੁਭਵ ’ਤੇ ਆਧਾਰਿਤ ਹੈ। ਉਸ ਦਾ ਦਲਿਤ ਅਨੁਭਵ, ਚੇਤਨਾ, ਚਿੰਤਨ ਅਤੇ ਚਿੰਤਾ ਇਸ ਲਈ ਪ੍ਰਮਾਣਿਕ ਹੈ ਕਿ ਉਹ ਸਹਿਨੂਭਤੀ ਦਾ ਹੈ ਕਿਉਂਕਿ ਉਹ ਆਪ ਦਲਿਤ ਵਰਗ ‘ਚੋਂ ਹੈ। ਜੇ ਕੋਈ ਗ਼ੈਰ ਦਲਿਤ ਲਿਖਦਾ ਤਾਂ ਇਹ ਅਨੁਭਵ ਸਹਾਨੂਭੂਤੀ/ਹਮਦਰਦੀ ਵਾਲਾ ਹੁੰਦਾ। ਦਲਿਤ ਸਾਹਿਤ ਸ਼ਾਸਤਰ ਉਸਾਰਣ ਵਾਲੇ ਕਈ ਦਲਿਤ ਵਿਦਵਾਨਾਂ ਦਾ ਵਿਚਾਰ ਹੈ ਕਿ ਦਲਿਤ ਲੇਖਕ ਅਤੇ ਗ਼ੈਰ ਦਲਿਤ ਲੇਖਕ ਦੇ ਅਨੁਭਵ ’ਚ ਅੰਤਰ ਹੁੰਦਾ ਹੈ।

‘ਦਲਿਤ’ ਦਾ ਮਸਲਾ ਭਾਰਤੀ ਸਮਾਜਿਕ ਬਣਤਰ ਵਿਚ ਜਾਤ-ਪਾਤ ਨਾਲ ਜੁੜਿਆ ਹੋਇਆ ਹੈ। ਭਾਰਤੀ ਸਮਾਜ ਬੁਨਿਆਦੀ ਤੌਰ ’ਤੇ ਜਾਤੀ-ਜਮਾਤੀ ਸੰਸਥਾ ਹੈ। ਕੁਝ ਸੋਚਵਾਨ ਜਾਤੀ ਵਰਤਾਰੇ ਨੂੰ ਸਮਾਜ ਵਿਚਲੇ ਉਤਪਾਦਨ ਦੀ ਨਿਮਨ ਕਿਰਤ ਪ੍ਰਕਿਰਿਆ ਨਾਲ ਜੋੜਦੇ ਹਨ। ਮਨੁੱਖੀ ਸੋਸ਼ਣ ਲਈ ਇਹ ਜਾਤੀ ਵਰਤਾਰਾ ਸੰਸਥਾਗਤ ਰੂਪ ਧਾਰ ਕੇ, ਉਸ ਉਪਰੰਤ ਧਰਮ ਦੀ ਛਾਪ ਰਾਹੀਂ ਪ੍ਰਪੱਕ ਤੇ ਅਟੱਲ ਹੁਕਮਾਂ ਵਾਲਾ ਵਰਤਾਰਾ ਬਣ ਜਾਂਦਾ ਹੈ। ਸਦੀਆਂ ਤੋਂ ਉਦਪਾਦਨ ਦੇ ਸਾਧਨਾਂ ਤੋਂ ਵਾਂਝੇ ਲੋਕਾਂ ਨੂੰ ਅਜਿਹੇ ਹੀਣੇ, ਨਿਮਨ ਦਰਜੇ ਦਾ ਬਣਾ ਕੇ ਉਸ ਵਿਚੋਂ ਮਨੁੱਖੀ ਗੌਰਵ, ਸਵੈਮਾਨ ਖ਼ਤਮ ਕਰ ਦਿੱਤਾ ਅਤੇ ਹਾਸ਼ੀਆਗਤ ਪ੍ਰਾਣੀ ਵਿਚ ਬਦਲ ਦਿੱਤਾ। ਇਹ ਹਾਸ਼ੀਆਗਤ ਪ੍ਰਾਣੀ ਹੀ ਦਲਿਤ ਹੈ ਜਿਹੜਾ ਆਰਥਿਕਤਾ ਦੇ ਨਾਲ ਨਾਲ ਸਮਾਜਿਕ, ਸਭਿਆਚਾਰਕ, ਧਾਰਮਿਕ, ਮਾਨਸਿਕ, ਰਾਜਨੀਤਕ ਅਤੇ ਜਾਤੀ ਸੋਸ਼ਣ ਦਾ ਸ਼ਿਕਾਰ ਰਿਹਾ ਹੈ। ਡਾ. ਅੰਬੇਡਕਰ ਨੇ ਆਪਣੀ ਕਿਤਾਬ ‘Annihilation of Caste’ ਵਿਚ ਠੀਕ ਹੀ ਕਿਹਾ ਹੈ ਕਿ ਭਾਰਤ ਵਿਚ ਜਾਤਾਂ ਹੀ ਇਕ ਤਰ੍ਹਾਂ ਨਾਲ ਜਮਾਤੀ ਰੂਪ ਹਨ ਅਤੇ ਜਮਾਤਾਂ ਨੂੰ ਜਾਤਾਂ ਰਾਹੀਂ ਹੀ ਦੇਖਿਆ ਜਾਣਾ ਚਾਹੀਦਾ ਹੈ।

‘ਦਲਿਤ’ ਨੂੰ ਪਰਿਭਾਸ਼ਿਤ ਕਰਨ ਲਈ ਹੁਣ ਤਕ ਤਿੰਨ ਤਰ੍ਹਾਂ ਦੀ ਪਹੁੰਚ ਅਪਣਾਈ ਜਾਂਦੀ ਰਹੀ ਹੈ। ਪਹਿਲੀ ਪਹੁੰਚ ਹੈ ‘ਦਲਿਤ’ ਨੂੰ ਜਮਾਤੀ/ਵਰਗੀ ਸੰਕਲਪ ਤੋਂ ਸਮਝਣਾ। ਇਸ ਬਾਰੇ ਫਰਾਂਸਿਸੀ ਚਿੰਤਕ ਲੂਈਸ ਡੂਮੋਂਟ ਨੇ ਆਪਣੀ ਕਿਤਾਬ ‘ਹੋਮੋ ਹਾਈਰਾਰੀਕੀਸ’ ਵਿਚ ਠੀਕ ਹੀ ਕਿਹਾ ਹੈ ਕਿ ਪੱਛਮੀ ਚਿੰਤਕਾਂ ਦੀ ਸਮਭਾਵੀ ਪਹੁੰਚ ਕਾਰਨ ਉਹ ਜਾਤ-ਪਾਤ ਦੀ ਦਰਜੇਬੰਦੀ ਉਪਰ ਉਸਰੇ ਭਾਰਤੀ ਸਮਾਜ ਦੀ ਪੇਚੀਦਗੀ ਅਤੇ ਮੌਲਿਕਤਾ ਨੂੰ ਨਹੀਂ ਸਮਝ ਸਕੇ। ਦੂਜੀ ਪਹੁੰਚ ਹੈ ਦਲਿਤ ਨੂੰ ਵਰਣ ਦੇ ਨੁਕਤਾ ਨਿਗਾਹ ਤੋਂ ਦੇਖਣ ਦੀ ਤੇ ਤੀਜੀ ਪਹੁੰਚ ਦਲਿਤ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਦ੍ਰਿਸ਼ਟੀ ਤੋਂ ਸਮਝਣ ਦੀ ਹੈ ਜੋ ਅਛੂਤ/ਸ਼ੂਦਰ ਨੂੰ ਦਲਿਤ ਸਮਝਦਾ ਸੀ। ਅੰਬੇਡਕਰ ਦਾ ਵਰਤਮਾਨ ’ਚੋਂ ਵਿਗਿਆਨ ਤੇ ਭਵਿੱਖਮੁਖੀ ਸਰੂਪ ਨਾਲ ਜੁੜਨ ਦੀ ਬਜਾਏ ਅਤੀਤ ਵੱਲ ਪਰਤ ਕੇ ਬੁੱਧ ਧਰਮ ਵੱਲ ਮੁੜਨਾ ਵੱਡਾ ਵਿਰੋਧਾਭਾਸ ਸੀ ਕਿਉਂਕਿ ਅਜੋਕੀ ਬ੍ਰਾਹਮਣਵਾਦੀ ਸੱਤਾ ਦਾ ਪ੍ਰਤੀਰੋਧ ਪੁਰਾਣੇ ਬੁੱਧ ਧਰਮ (ਨੇਤਿ ਨੇਤਿ-ਨਾਸਤਿਕਤਾ) ਨਾਲ ਕਰਨਾ ਸੰਭਵ ਨਹੀਂ ਸੀ। ਦੂਜੇ ਪਾਸੇ ਕਮਿਊਨਲ ਐਵਾਰਡ ਤੋਂ ਬਾਅਦ ਹੋਏ ਪੂਨਾ ਪੈਕਟ ਅਧੀਨ ਅੰਬੇਡਕਰ ਵੱਲੋਂ ਗਾਂਧੀ ਨਾਲ ਸਮਝੌਤੇ ਤੋਂ ਬਾਅਦ ਅਤੇ ਮਹਾਤਮਾ ਗਾਂਧੀ ਵੱਲੋਂ ਆਪਣੀ ‘ਹਰਿਜਨ ਰਾਜਨੀਤੀ ਸ਼ੁਰੂ ਕਰਨ ਕਾਰਨ’ ਅੰਬੇਡਕਰ ਦੀ ਦਲਿਤ ਰਾਜਨੀਤੀ ਹੋਰ ਵੀ ਖੀਣ ਹੋ ਗਈ। ਗਾਂਧੀ ਦਲਿਤਾਂ ਨੂੰ ਕੁਝ ਦਿੱਤੇ ਬਿਨਾਂ ਉਨ੍ਹਾਂ ਦੇ ਹਰਮਨ ਪਿਆਰੇ ਨੇਤਾ ਬਣ ਗਏ ਤੇ ਅੰਬੇਡਕਰ ਦਲਿਤਾਂ ਲਈ ਬਹੁਤ ਕੁਝ ਕਰਨਾ ਚਾਹੁੰਦਿਆਂ ਵੀ ਉਨ੍ਹਾਂ ਦੇ ਮਸੀਹਾ ਨਾ ਬਣ ਸਕੇ। ਦਲਿਤਾਂ ਦੀ ਬਹੁਗਿਣਤੀ ਕਾਂਗਰਸ ਵੱਲ ਖਿੱਚੀ ਗਈ। ਮਹਾਤਮਾ ਗਾਂਧੀ ਰਾਸ਼ਟਰਵਾਦੀ ਏਕਤਾ ਨੂੰ ਆਪਣੀ ਕੁਟਲਨੀਤੀ ਸਦਕਾ ਸਫ਼ਲ ਬਣਾ ਗਏ। ਅੰਬੇਡਕਰ ਸੰਵਿਧਾਨ ਤਿਆਰ ਕਰਕੇ ਵੀ ਉਨ੍ਹਾਂ ਦਲਿਤ ਕੁਲੀਨਾਂ ਨੂੰ ਹੀ ਮੁਕਤੀ ਦਿਵਾ ਸਕੇ ਜਿਨ੍ਹਾਂ ਨੇ ਆਰਥਿਕ ਮੁਕਤੀ ਪਹਿਲਾਂ ਹੀ ਹਾਸਲ ਕਰ ਲਈ ਸੀ। ਪੰਜਾਬ ਵਿਚ ਵੀ ਮੰਗੂ ਰਾਮ ਮੁੱਗੋਵਾਲੀਆ ਦੀ 1926 ਦੇ ਲਾਗੇ ਸ਼ੁਰੂ ਕੀਤੀ ਆਦਿ ਧਰਮ ਮੰਡਲ ਲਹਿਰ ਹੌਲੀ ਹੌਲੀ ਦਲਿਤ ਦੇ ਸੰਘਰਸ਼ ਤੋਂ ਥਿੜਕ ਕੇ ਮੁੱਖ ਧਾਰਾ ਦੀ ਰਾਜਨੀਤੀ ਵਿਚ ਸ਼ਾਮਿਲ ਹੋ ਗਈ।

ਅਰੁੰਧਤੀ ਰਾਏ ਲਿਖਦੀ ਹੈ: ‘1913 ’ਚ ਕੈਨੇਡਾ ’ਚ ਸਥਾਪਿਤ ਹੋਈ ਸਾਮਰਾਜਵਾਦ ਵਿਰੋਧੀ ਇਨਕਲਾਬੀ ਵਿਚਾਰਧਾਰਾ ਵਾਲੀ ਗ਼ਦਰ ਪਾਰਟੀ ਦਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਮੈਂਬਰ ਸੀ। ਪਰ ਲਗਪਗ ਇਕ ਦਹਾਕਾ ਅਮਰੀਕਾ ’ਚ ਬਿਤਾ ਕੇ ਜਦ ਬਾਬੂ ਮੰਗੂ ਰਾਮ ਮੁੱਗੋਵਾਲੀਆ ਪਰਤਿਆ ਤਾਂ ਉਸ ਦਾ ਸਾਹਮਣਾ ਜਾਤੀ ਪ੍ਰਥਾ ਦੇ ਜ਼ੁਲਮਾਂ ਅਤੇ ਕਰੂਰਤਾ ਨਾਲ ਹੋਇਆ। ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਇਕ ਵਾਰ ਫਿਰ ਅਛੂਤ ਹੋ ਗਿਆ। 1926 ’ਚ ਉਸ ਨੇ ਆਦਿ ਧਰਮ ਲਹਿਰ ਚਲਾਈ। ਇਸ ਲਹਿਰ ਦਾ ਵਿਚਾਰ ਸੀ ਕਿ ਅਛੂਤ ਜਾਤਾਂ ਦੇ ਲੋਕ ਹੀ ਇੱਥੋਂ ਦੇ ਆਦਿ/ਮੂਲ ਨਿਵਾਸੀ ਹਨ। ਇਸ ਦੇ ਅਧਿਆਤਮਕ ਨਾਇਕ ਗੁਰੂ ਰਵਿਦਾਸ, ਕਬੀਰ ਅਤੇ ਭਗਤੀ ਲਹਿਰ ਦੇ ਹੋਰ ਸੰਤ ਕਵੀ ਸਨ। ਆਦਿ ਧਰਮ ਨੇ ਆਪਣੀ ਪਛਾਣ ਦਾ ਐਲਾਨ ਕੀਤਾ ਕਿ ਨਾ ਤਾਂ ਉਹ ਸਿੱਖ ਨੇ ਤੇ ਨਾ ਹਿੰਦੂ।

ਪਛਾਣ ਦਾ ਮੋਟਿਫ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦੀ ਮੂਲ ਧੁਨੀ ਹੈ। ਪੂਰੇ ਬਿਰਤਾਂਤ ਦੇ ਆਰ-ਪਾਰ ਪਛਾਣ ਦਾ ਵਿਹਾਰਕ ਪਰਿਪੇਖ ਅਮੂਰਤ ਰੂਪ ’ਚ ਪਸਰਿਆ ਹੈ। ਨਾਇਕ, ਗੋਰੇ ਦਾ ਬਾਬਾ ਉਸ ਨੂੰ ਆਦਿ ਧਰਮ ਬਾਰੇ ਵਿਆਖਿਆ ਕਰਦਿਆਂ ਦੱਸਦਾ ਹੈ: ‘‘ਭੁੱਲਿਆ ਧੁਆਨੂੰ ਆਦਿ ਧਰਮ ਦੀ ਸੋਚ ਤੇ ਹਜ਼ਾਰਾ ਰਾਮ ਪਿੱਪਲਾਂਵਾਲਾ ਦਾ ਆਖਿਆ ਦੱਸਣ ਲੱਗਾਂ, ‘ਦੇਖੋ ਬਈ ਸਿੱਧਾ-ਸਾਫ਼ ਮਤਲਬ ਇਹ ਆ ਕਿ ਅਸੀਂ ਹਿੰਦੁਸਤਾਨ ਦੇ ਅਸਲੀ ਬਾਸ਼ਿੰਦਿਆਂ ਦੀ ਔਲਾਦ ਆਂ। ਆਦਿਵਾਸੀ ਦਾ ਮਤਲਬ ਏਦਾਂ ਸਮਝੋ ਪਈ ਅਸੀਂ ਮੁੱਢ-ਕਦੀਮ ਤੋਂ ਏਥੇ ਦੇ ਰਹਿਣ ਆਲੇ ਆਂ। ਸਾਡੇ ਲੋਕਾਂ ਦੇ ਸਮਾਜ ਦਾ ਨਾਂ ਆਦਿ ਸਮਾਜ ਆ… ਸਮਝ ਗਏ?’

ਪਲੈਟੋ ਪਹਿਚਾਣ ਬਾਰੇ ਕਹਿੰਦਾ ਹੈ ਕਿ ਪਹਿਚਾਣ ਦੀ ਜੜ੍ਹ ਥਾਈਮੋਸ ’ਚ ਪਈ ਹੈ। ਥਾਈਮੋਸ ਸ਼ਬਦ ਮਾਨਵੀ ਆਤਮਾ ਦੇ ਉਨ੍ਹਾਂ ਪੱਖਾਂ ਦੀ ਵਿਆਖਿਆ ਕਰਦਾ ਹੈ ਜੋ ਮਨੁੱਖੀ ਸਵੈਮਾਣ, ਗੌਰਵ, ਸ਼ਰਮ ਅਤੇ ਨਾਰਾਜ਼ਗੀ/ਗੁੱਸੇ ਜਿਹੇ ਭਾਵਾਂ ਨੂੰ ਭਾਵੁਕ ਪੱਧਰ ’ਤੇ ਅਨੁਭਵ ਕਰਦਾ ਹੈ। ਇਹ ਥਾਈਮੋਸ ਹੀ ਹੈ ਜੋ ਸਨਮਾਨ ਅਤੇ ਅਸਮਿਤਾ ਵਾਸਤੇ ਪਛਾਣ ਦੀ ਇੱਛਾ ਪੈਦਾ ਕਰਦਾ ਹੈ। ਪਛਾਣ ਆਦਿਕਾਲੀ ਹੈ ਅਤੇ ਇਹ ਸਾਡੀਆਂ ਮੂਲ ਸੰਵੇਦਨਾਵਾਂ ’ਚ ਕਿਤੇ ਬਹੁਤ ਡੂੰਘੇ ਪਈ ਹੁੰਦੀ ਹੈ ਜੋ ਦੱਸਦੀ ਹੈ ਕਿ ਅਸੀਂ ਕੌਣ ਹਾਂ? ਪ੍ਰਸਿੱਧ ਬੁੱਧੀਜੀਵੀ ਪ੍ਰੋ. ਐਜਾਜ਼ ਅਹਿਮਦ ਪਛਾਣ ਦੀ ਰਾਜਨੀਤੀ ਬਾਰੇ ਆਪਣੇ ਇਕ ਲੇਖ ’ਚ ਲਿਖਦਾ ਹੈ ਕਿ ਸਿਰਜਣਸ਼ੀਲਤਾ ਹਮੇਸ਼ਾ ਸਮਾਜਿਕ ਹੁੰਦੀ ਹੈ। ਸਿਮਰਤੀ ਹੀ ਹੈ ਜੋ ਸਾਨੂੰ ਸਿਰਜਣਸ਼ੀਲ ਬਣਾਉਂਦੀ ਹੈ। ਸਿਮਰਤੀ ਨਿੱਜੀ ਵੀ ਹੁੰਦੀ ਹੈ ਤੇ ਸਮੂਹਿਕ ਵੀ। ਕਿਰਤੀ ਵਰਗ ਦੀ ਵੀ ਸਮੂਹਿਕ ਸਿਮਰਤੀ ਹੁੰਦੀ ਹੈ। ਸੋਸ਼ਣ ਦੀ। ਦਮਨ ਦੀ। ਦਲਨ ਦੀ। ਅਨਿਆਂ ਦੀ। ਅੱਤਿਆਚਾਰ ਦੀ। ਇਨ੍ਹਾਂ ਲੋਕਾਂ ’ਚ ਹਿੰਦੂ-ਮੁਸਲਮਾਨ, ਗੋਰੇ ਕਾਲੇ, ਇਸਤਰੀ-ਪੁਰਸ਼ ਸਭ ਤਰ੍ਹਾਂ ਦੇ ਲੋਕ ਸ਼ਮਿਲ ਹੁੰਦੇ ਹਨ। ਇਸ ਲਈ ਪਛਾਣ ਦਾ ਮਸਲਾ ਬੜਾ ਗੁੰਝਲਦਾਰ ਮਸਲਾ ਹੈ। ਇਹ ਇਕਹਿਰਾ ਨਹੀਂ। ਬਹੁਪਰਤੀ ਹੈ।

ਦਲਿਤ ਨਾਇਕਤਵ ਦਾ ਪ੍ਰਸ਼ਨ ਵੀ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦਾ ਕੇਂਦਰੀ ਮੋਟਿਫ਼ ਹੈ। ਨਾਇਕਤਵ ਦੀ ਤਲਾਸ਼ ਦਾ ਨਿਰਮਾਣ ਬਲਬੀਰ ਮਾਧੋਪੁਰੀ ਗੁਰੂ ਰਵਿਦਾਸ, ਕਬੀਰ ਜਿਹੇ ਬਾਣੀਕਾਰਾਂ ਦੇ ਸਮਤਾਮੂਲਕ ਸਮਾਜ ਦੇ ਯੂਟੋਪੀਏ (ਬੇਗਮ ਪੁਰਾ ਸਹਿਰ ਕੋ ਨਾਓ॥) ਰਾਹੀਂ ਕਰਦਾ ਹੈ। ਇਨ੍ਹਾਂ ਬਾਣੀਕਾਰਾਂ ਦੇ ਨਾਲ ਬੁੱਲ੍ਹੇ ਸ਼ਾਹ ਜਿਹਾ ਮੱਧਕਾਲ ਦਾ ਵੱਡਾ ਨਾਬਰੀ ਸੁਰ ਵਾਲਾ ਸੂਫ਼ੀ ਵੀ ਹੈ। ਇਨ੍ਹਾਂ ਦੇ ਨਾਲ ਨਾਲ ਸਿੱਧ ਚਾਨੋ ਜਿਹੇ ਇਸ਼ਟ ਦੀ ਪਛਾਣ ’ਚੋਂ ਵੀ ਨਾਵਲਕਾਰ ਨਾਇਕਤਵ ਦਾ ਬਿੰਬ ਉਸਾਰਦਾ ਹੈ। ਸ਼ੂਦਰਾਂ ਦੀ ਦਾਸਤਾ ਦੀ ਵਿਆਖਿਆ ਕਰਦਿਆਂ ਬਾਬਾ ਪੋਤੇ ਨੂੰ ਕਹਿੰਦਾ ਹੈ: ‘‘ਗੋਰਿਆ, ਤੈਨੂੰ ਦੱਸਾਂ ਪਈ ਸਨਾਤਨੀ ਗ੍ਰੰਥਾਂ ’ਚ ਇਨ੍ਹਾਂ ਬੇਜ਼ੁਬਾਨੇ ਨੂੰ ਸ਼ੂਦਰ ਦੀ ਜ਼ਦ ’ਚ ਰੱਖਿਆ ਹੋਇਆ। ਹੋਰ ਤਾਂ ਹੋਰ ਸ਼ਹਿਦ ਦੀਆਂ ਮੱਖੀਆਂ ਜੋ ਮਿਲ ਕੇ ਇਕੋ ਛੱਤੇ ’ਚ ਰਹਿੰਦੀਆਂ, ਉਨ੍ਹਾਂ ਨੂੰ ਵੀ ਰਾਣੀ ਮੱਖੀ ਤੇ ਗੋਲੀ ਮੱਖੀ ’ਚ ਵੰਡਿਆ ਹੋਇਆ। ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ: ‘ਸਤਸੰਗਤਿ ਮਿਲਿ ਰਹੀਐ ਮਾਧੁਉ  ਜੈਸੇ ਮਧੁਪ ਮਖੀਰਾ’। ਦੂਜੀ ਸੰਸਾਰ ਜੰਗ ’ਚ ਉੱਤਰ ਪੂਰਬ ਭਾਰਤ ’ਚ ਕੋਹੀਮਾ ਫਰੰਟ ’ਤੇ ਚਮਾਰ ਰੈਜੀਮੈਂਟ ਦੇ ਲਗਪਗ 45 ਜਵਾਨ ਸ਼ਹੀਦ ਹੋਏ। ਸ਼ਹੀਦ ਰਾਮ ਰੱਖਾ ਦੇ ਭੋਗ ’ਤੇ ਬਾਬਾ ਫਿਰ  ਕਬੀਰ ਸਾਹਿਬ ਦਾ ਸ਼ਬਦ ‘ਸੂਰਾ ਜੋ ਪਹਿਚਾਨੀਏ…’ ਅਤੇ ਗੁਰੂ ਰਵਿਦਾਸ ਦੇ ਸ਼ਬਦ ‘ਮਾਟੀ ਕਾ ਪੁਤਰਾ ਕੈਸੇ ਨਚਤ ਹੈ॥’ ਦੀ ਬਹੁਧਵਨੀ ਨੂੰ ਜਗਾਉਂਦਿਆਂ ਆਪਣੇ ਨਾਇਕਤਵ ਦੀ ਪਛਾਣ ਬਹਾਦਰੀ ਅਤੇ ਕੁਰਬਾਨੀ ਦੇ ਨਾਲ ਨਾਲ ਮੌਤ ਨੂੰ ਹੱਸ ਕੇ ਗਲੇ ਲਾ ਲੈਣ ਦੇ ਅਧਿਆਤਮ ਰਾਹੀਂ ਕਰਦਾ ਹੈ। ਬਾਬਾ ਪੋਤੇ ਨੂੰ ਸਿੱਧ ਚਾਨੋ ਦੇ ਇਸ਼ਟ ’ਚੋਂ ਵੀ ਨਾਇਕਤਵ ਤੇ ਪਛਾਣ ਦਾ ਸਬਕ ਦਿੰਦਿਆਂ ਕਹਿੰਦਾ ਹੈ: ‘ਇਕ ਹੋਰ ਗੱਲ ਆ ਕਿ ਜਿਹੜਾ ਕੁਸ਼ਤੀ ਜਿੱਤਦਾ, ਉਹ ਪਿੜ ’ਚ ਗੱਡਿਆ ਝੰਡਾ ਪੁੱਟਦਾ ਆ ਤੇ ਆਪਣੇ ਮੋਢੇ ’ਤੇ ਰੱਖ ਕੇ ਸਿੱਧ ਚਾਨੋ ਦੇ ਮੰਦਰ ਜਾ ਕੇ ਚੜ੍ਹਾਉਂਦਾ ਆ ਤੇ ਮੱਥਾ ਟੇਕਦਾ’।

‘ਦਲਿਤ’ ਦੇ ਪ੍ਰਸ਼ਨ ਨੂੰ ਨਾਇਕਤਵ ਦੇ ਨੁਕਤੇ ਤੋਂ ਸਮਝਣ ਲਈ ਸਾਨੂੰ ਨੀਤਸ਼ੇ ਦੀ ਦਰਸ਼ਨ ਵਿਚ ਨਾਇਕ ਦੀਆਂ ਡਾਇਨੋਸੀਅਸ ਤੇ ਅਪੋਲੋਨਿਕ ਪਾਸਾਰਾਂ ਦੀਆਂ ਚਿਹਨਾਤਮਕਤਾਵਾਂ ਨੂੰ ਪਛਾਨਣਾ ਪਵੇਗਾ। ਉਸ ਦਾ ਮੱਤ ਹੈ ਕਿ ਡਾਇਓਨੀਸੀਅਸ ਦੀ ਮਰਦਾਵੀਂ ਤੇ ਬਹਾਦਰੀ ਵਾਲੀ ਪ੍ਰਤਿਭਾ ਤੇ ਅਪੋਲੋਨਿਕ ਅਪਸਰਾਈ-ਇਸਤਰੀ ਪ੍ਰਤਿਭਾ ਦਾ ਮਿਲਾਪ ਜ਼ਰੂਰੀ ਹੈ। ‘ਦਲਿਤ’ ਨਾਇਕਤੱਵ ਦੇ ਡਾਇਓਨੀਸੀਅਸ ਤੇ ਅਪੋਲੋਨਿਕ ਪਾਸਾਰਾਂ ਨੂੰ ਉਸ ਨਾਲ ਜੁੜੀ ਭਾਸ਼ਾ, ਕਵਿਤਾ, ਸੰਗੀਤ, ਨਾਚ, ਰਿਦਮ, ਮਿੱਥਾਂ ਤੇ ਦਰਸ਼ਨ ਦੇ ਕੇਂਦਰ ਨੂੰ ਤਲਾਸ਼ਣਾ ਪਵੇਗਾ। ‘ਮਿੱਟੀ ਬੋਲ ਪਈ’ ਦਾ ਬਾਬਾ ਚਰਿੱਤਰ ਨਾ ਸਿਰਫ਼ ਸਾਰੰਗੀਵਾਦਕ ਹੈ ਸਗੋਂ ਵਧੀਆ ਗਵੱਈਆ ਵੀ ਹੈ ਜਿਸ ਨੂੰ ਸ਼ਾਸਤਰੀ ਸੰਗੀਤ ਅਤੇ ਰਾਗਾਂ ਦੀ ਸਮਝ ਹੈ। ਇਸ ਦੇ ਨਾਲ ਹੀ ਬਾਬਾ ਸਾਹਿਤ, ਗਿਆਨ ਅਤੇ ਬਾਣੀ ਦਾ ਵੀ ਰਸੀਆ ਹੈ। ਉਹ ਹਰ ਗੱਲ ਦਾ ਤਰਕ ਆਪਣੇ ਪੋਤੇ ਨੂੰ ਜਾਂ ਤਾਂ ਇਤਿਹਾਸ ’ਚੋਂ ਦਿੰਦਾ ਹੈ ਜਾਂ ਮਿਥਿਹਾਸ ’ਚੋਂ। ਜਾਂ ਗੁਰਬਾਣੀ ’ਚੋਂ ਦਿੰਦਾ ਹੈ ਜਾਂ ਪੜ੍ਹੇ ਸਾਹਿਤ ’ਚੋਂ। ਜਾਂ ਆਪਣੇ ਕੀਤੇ ਸੰਘਰਸ਼ ’ਚੋਂ ਕਸ਼ੀਦੇ ਰਾਜਨੀਤਕ ਅਨੁਭਵ ’ਚੋਂ ਜਾਂ ਆਦਿ ਧਰਮ ਦੇ ਬਾਬੂ ਮੰਗੂ ਰਾਮ ਵੱਲੋਂ ਘੜੀ ਰਾਜਨੀਤੀ ’ਚੋਂ। ਇਸ ਤਰ੍ਹਾਂ ਇਸ ਤਲਾਸ਼ ਦੇ ਚਾਰ ਕੇਂਦਰ ਰੋਮਾਂਸ, ਧਰਮ, ਰਾਜਨੀਤੀ ਤੇ ਬਹਾਦਰੀ ਬਣਦੇ ਹਨ। ਇਨ੍ਹਾਂ ਕੇਂਦਰਾਂ ਵਿਚ ਹੀ ਕਿਸੇ ਚਰਿੱਤਰ ਦੇ ਨਾਇਕਤਵ ਦਾ ਗੌਰਵ ਪਿਆ ਹੁੰਦਾ ਹੈ।

ਮੁਕਤੀ ‘ਮਿੱਟੀ ਬੋਲ ਪਈ’ ਦਾ ਤੀਜਾ ਮੁੱਖ ਬਿਰਤਾਂਤਕ ਮੋਟਿਫ਼ ਹੈ। ਇੱਥੇ ਮੁਕਤੀ ਨੂੰ ਭਾਰਤੀ ਸਨਾਤਨੀ ਸੰਕਲਪਿਕ ਵਰਤਾਰਿਆਂ ਦੇ ਪ੍ਰਸੰਗ ’ਚ ਨਹੀਂ ਸਗੋਂ ਜਾਤ-ਜਮਾਤ ਵਿਰੁੱਧ ਵਿੱਢੇ ਦਲਿਤ ਸੰਘਰਸ਼ ਦੇ ਪਰਿਪੇਖ ਤੋਂ ਸਮਝਿਆ ਜਾਣਾ ਜ਼ਰੂਰੀ ਹੈ। ਬਾਬਾ ਭੀਮ ਰਾਓ ਅੰਬੇਡਕਰ ਦੀ ਜੀਵਨੀ ’ਚ ਧਨੰਜਯ ਕੀਰ ਲਿਖਦਾ ਹੈ ਕਿ ਡਾ. ਅੰਬੇਡਕਰ ਦਾ ਨਾਅਰਾ ਸੀ: ‘ਪੜ੍ਹੋ, ਸੰਗਠਿਤ ਹੋਵੋ ਤੇ ਸੰਘਰਸ਼ ਕਰੋ।’ ਡਾ. ਜਸਵੰਤ ਰਾਏ ਆਪਣੀ ਕਿਤਾਬ ‘ਬਾਬੂ ਮੰਗੂ ਰਾਮ ਮੁੱਗੋਵਾਲੀਆ’ ਵਿਚ ਆਦਿ ਧਰਮ ਵੱਲੋਂ ਸਥਾਪਿਤ ਕੀਤੇ ਮੰਡਲ ਦੇ ਲਿਖਤੀ ਸਿਧਾਂਤਾਂ ਦਾ ਵੇਰਵਾ ਦਿੰਦਾ ਹੈ ਜਿਸ ਅਨੁਸਾਰ ਗਿਆਨ ਗ੍ਰਹਿਣ ਕਰਨਾ, ਭਾਲਣਾ, ਤਰੱਕੀ ਹਾਸਲ ਕਰਨਾ ਅਤੇ ਭਾਲਣਾ ਹਰ ਵਿਅਕਤੀ ਲਈ ਜ਼ਰੂਰੀ ਹੈ। ਵਿੱਦਿਆ ਦੇ ਮਹੱਤਵ ਬਾਰੇ ਇਕ ਪ੍ਰਸੰਗ ਹੈ ਕਿ ਬਾਬਾ ਗੋਰੇ ਨੂੰ ਪੜ੍ਹਨ ਲਈ ਕਾਇਦੇ ਵਰਗੀਆਂ ਦੋ ਛੋਟੀਆਂ ਪਤਲੀਆਂ ਕਿਤਾਬਾਂ ਫੜਾਉਂਦਾ ਹੈ। ਗੋਰਾ ਪੜ੍ਹਨ ਲੱਗਦਾ ਹੈ:

‘ਪੜ੍ਹੋ ਵਿਦਿਯਾ ਕੌਮ ਸੰਭਾਲ ਲਈਏ,

ਪਤਾ ਲੱਗ ਜਾਵੇ ਗੱਲਾਂ ਚੰਗੀਆਂ ਦਾ।

ਸੇਵਕ ਸਮਝ ਕੇ ਵਾਸਤਾ ਮੰਨ ਲੈਣਾ

ਮੰਗੂ ਰਾਮ ਕੀ ਕਰਨਾ ਬਾਤਾਂ ਲੰਮੀਆਂ ਦਾ’।

‘ਮਿੱਟੀ ਬੋਲ ਪਈ’ ਮਹਿਜ਼ ਬਾਬੇ, ਗੋਰੇ, ਗੱਜਣ, ਚਾਚਾ, ਪਿਆਰੋ, ਬਚਨੀ, ਫਾਤਿਮਾ ਜਿਹੇ ਪਾਤਰਾਂ ਨਾਲ ਜੁੜਿਆ ਘਟਨਾਵੀ ਬਿਰਤਾਂਤ ਹੀ ਨਹੀਂ ਸਗੋਂ ਆਪਣੀ ਸਮ-ਸਾਮਿਅਕਤਾ, ਸੱਭਿਆਚਾਰ, ਸਮਾਜ, ਰਾਜਨੀਤੀ, ਸੱਤਾ ਤੇ ਮਾਨਵੀ ਕਦਰਾਂ ਕੀਮਤਾਂ ਦਾ ਪ੍ਰਤਿਬਿੰਬ ਵੀ ਹੈ। ਇਸ ਬਿਰਤਾਂਤ ਦੇ ਅਮੂਰਤਨ ’ਚ ਦਲਿਤ ਸੱਭਿਆਚਾਰ ਤੇ ਦਲਿਤ ਦਰਸ਼ਨ ਦਾ ਵਿਵਰਣ ਵੀ ਪਿਆ ਹੈ। ਇਸੇ ਕਾਰਨ ਇਹ ਬਹੁਸੁਰੀ ਹੈ। ਇਸ ’ਚ ਪੰਜਾਬ ਦੀ ਵੰਡ ਤੋਂ ਪਹਿਲਾਂ ਦਾ ਸਮਾਂ, ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਸਮਾਜਿਕਤਾ, ਸੱਭਿਆਚਾਰ ਤੇ ਸੰਸਕ੍ਰਿਤੀ, ਲੋਕਯਾਨ ਤੇ ਲੋਕ ਰੰਗ ਦਾ ਬੜਾ ਮਾਰਮਿਕ ਤੇ ਅੱਖੀਂ ਡਿੱਠਾ ਵਰਣਨ ਹੈ । ਮਿਖਾਇਲ ਮਿਖਾਈਲੋਵਿਚ ਬਾਖ਼ਤਿਨ ਇਸ ਤਰ੍ਹਾਂ ਦੇ ਬਿਰਤਾਂਤ ਨੂੰ ‘ਸ਼ਬਦ ਸੰਚਾਰੀ ਵੰਨਸੁਵੰਨਤਾ/ ਹੈਟਰੋਗਲਾਸੀਆ’ ਕਹਿੰਦਾ ਹੈ। ਇਕ ਕਥਾ ਆਪਣੇ ਅੰਦਰ ਕਈ ਪਾਠ ਸਾਂਭੀ ਬੈਠੀ ਹੁੰਦੀ ਹੈ। ਇਹੋ ਪਾਠਾਤਿਮਕ ਬਹੁਵੰਦਤਾ/ਬਹੁਸੁਰਤਾ ਹੀ ਅਸਲ ’ਚ ਲੇਖਕ ਦੀ ਦ੍ਰਿਸ਼ਟੀ ਹੁੰਦੀ ਹੈ।

‘ਮਿੱਟੀ ਬੋਲ ਪਈ’ ਪੂਰੀ ਸ਼ਿੱਦਤ, ਸੰਵੇਦਨਾ, ਸੰਘਰਸ਼, ਸਮਰਪਣ ਤੇ ਸੁਹਿਰਦਤਾ ਨਾਲ ਜੀਵੀ ਜ਼ਿੰਦਗੀ ਦਾ ‘ਉਤਸਵ’ ਹੈ। ਮਿਖਾਇਲ ਬਾਖ਼ਤਿਨ ਆਪਣੇ ਇਸ ਉਤਸਵ ਦੇ ਸੰਕਲਪ ਬਾਰੇ ਲਿਖਦਾ ਹੈ ਕਿ ‘ਉਤਸਵ’ ਅਜਿਹਾ ਪ੍ਰਸੰਗ ਹੈ ਜਿਸ ਵਿਚ ਵੱਖਰੀਆਂ ਤੇ ਵਿਭਿੰਨ ਆਵਾਜ਼ਾਂ ਸੁਣਦੀਆਂ, ਪਣਪਦੀਆਂ ਹਨ। ਇਸੇ ਕਰਕੇ ਸੰਵਾਦ ਸੰਭਵ ਹੁੰਦਾ ਹੈ। ਇਹ ਉਤਸਵ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦੀ ਨਾ ਸਿਰਫ਼ ਕਥਾਤਮਕਤਾ ਸਗੋਂ ਇਸ ਦੀ ਸੱਭਿਆਚਾਰਕ ਦ੍ਰਿਸ਼ਕਾਰੀ, ਭਾਸ਼ਾਕਾਰੀ, ਲੋਕਤਾ ਤੇ ਮੁਹਾਵਰਾਮੂਲਕਤਾ ’ਚੋਂ ਸਹਿਜ ਭਾਅ ਝਲਕਦਾ ਹੈ। ‘ਮਿੱਟੀ ਬੋਲ ਪਈ’ ਦੇ ਬਿਰਤਾਂਤ ’ਚ ਦੁਆਬੀ ਤੇ ਕੰਢੀ ਦੇ ਇਲਾਕੇ ਦੀ ਬੋਲੀ ਕਾਰਨ ਆਂਚਲਿਕਤਾ ਦੀ ਪੁੱਠ ਇਸ ਨੂੰ ਹੋਰ ਪੜ੍ਹਨਯੋਗਤਾ ਪ੍ਰਦਾਨ ਕਰਦੇ ਹਨ।

ਸੰਪਰਕ: 82839-48811

Share this post

Leave a Reply

Your email address will not be published. Required fields are marked *