ਪੰਜਾਬ ਵਿਚ ਲੋਕ-ਪੱਖੀ ਸਿਆਸਤ ਦਾ ਨਵਾਂ ਮੁਹਾਜ ਉਭਰਨ ਦੀ ਸੰਭਾਵਨਾ / ਕਮਲ ਦੁਸਾਂਝ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਅੰਦੋਲਨ ਨੂੰ ਆਮ ਲੋਕਾਂ ਦੀ ਹੋਂਦ ਬਚਾਉਣ ਦੀ ਲੜਾਈ ਤੱਕ ਲੈ ਗਈਆਂ ਹਨ। ਇਹ ਅੰਦੋਲਨ ਹੁਣ ਹਰ ਆਮ ਬੰਦੇ ਦੇ ਜੀਉਣ-ਮਰਨ ਦਾ ਸਵਾਲ ਬਣ ਚੁੱਕਾ ਹੈ… ਇਸੇ ਲਈ ਇਸ ਅੰਦੋਲਨ ਦੀ ਸਾਂਝੀ ਸੁਰ ਵਿਚ ਸਮੁੱਚੀ ਲੋਕਾਈ ਦੀ ਪੀੜ ਝਲਕ ਰਹੀ ਹੈ।
ਕਿਸਾਨ ਜਥੇਬੰਦੀਆਂ ਦੇ ਆਗੂ ਵਰਿ੍ਹਆਂ ਦੇ ਤਜਰਬੇ ਨਾਲ ਇਸ ਸੰਘਰਸ਼ ਨੂੰ ਇਸ ਮੁਕਾਮ ਤੱਕ ਪਹੁੰਚਾ ਸਕੇ ਹਨ। ਉਨ੍ਹਾਂ ਆਪਣੀ ਸਾਰੀ ਉਮਰ ਜਿਥੇ ਖੇਤਾਂ ਵਿਚ ਹੰਢਾਈ ਹੈ, ਉਥੇ ਖੇਤੀ ਸੰਕਟਾਂ ਨਾਲ ਵੀ ਜੂਝਦੇ ਆਏ ਹਨ। ਪੀੜ ਭਾਵੇਂ ਕੁਦਰਤੀ ਮਾਰ ਦੀ ਹੋਵੇ ਜਾਂ ਹਕੂਮਤੀ ਸੱਟਾਂ ਦੀ ਹੋਵੇ, ਉਨ੍ਹਾਂ ਆਪਣੇ ਪਿੰਡੇ ’ਤੇ ਜਰੀ ਹੈ। ਸਿਰਫ਼ ਉਹੀ ਨਹੀਂ, ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਦੀ ਹਰ ਲੜਾਈ ਵਿਚ ਕਦਮ ਨਾਲ ਕਦਮ ਮਿਲਾ ਕੇ ਚੱਲੇ ਹਨ। ਜੇ ਇਹ ਆਗੂ ਅੱਜ ਸੰਘਰਸ਼ ਦੇ ਮੈਦਾਨ ਵਿਚ ਡਟੇ ਹਨ ਤਾਂ ਉਨ੍ਹਾਂ ਦੀਆਂ ਪਤਨੀਆਂ, ਭੈਣਾਂ, ਧੀਆਂ ਵੀ ਕਹੀਆਂ ਚੁੱਕ ਖੇਤਾਂ ਵਿਚ ਡਟ ਗਈਆਂ ਹਨ। ਇਹੀ ਕਾਰਨ ਹੈ ਕਿ ਅੱਜ ਇਨ੍ਹਾਂ ਆਗੂਆਂ ਦੀਆਂ ਪਤਨੀਆਂ ਨੂੰ ਕਹਿਣਾ ਪੈ ਰਿਹਾ ਹੈ ਕਿ ‘‘ਦੇਖੀਓ! ਪਿੱਠ ਨਾ ਲਵਾਇਓ… ਸ਼ਹੀਦ ਹੋ ਜਾਣਾ ਪਰ ਖਾਲੀ ਹੱਥ ਘਰ ਨਾ ਮੁੜਨਾ… ਸ਼ਹੀਦ ਦੀ ਪਤਨੀ ਕਹਾਉਣਾ ਮਾਣ ਵਾਲੀ ਗੱਲ ਹੈ।’’
ਇਕ ਕਹਾਵਤ ਅਕਸਰ ਕਹੀ ਜਾਂਦੀ ਹੈ, ਖ਼ਾਸ ਤੌਰ ’ਤੇ ਸਿਆਸਤਦਾਨਾਂ ਬਾਰੇ ਕਿ ਤੱਤੀ ਲੋਹ ’ਤੇ ਸਭ ਆਪਣੀਆਂ ਰੋਟੀਆਂ ਸੇਕਣ ਆ ਜਾਂਦੇ ਹਨ। ਇਸ ਅੰਦੋਲਨ ਵਿਚ ਵੀ ਕੁੱਝ ਲੋਕ ਬਿਨਾਂ ਕੁੱਝ ਕੀਤਿਆਂ ਹੀ ਖੱਟੀ ਖੱਟਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
ਖ਼ੁਦ ਨੂੰ ਇਸ ਅੰਦੋਲਨ ਦਾ ‘ਨਾਇਕ’ ਪੇਸ਼ ਕਰਨ ਦੇ ਤਰਦਦ ਕਰ ਰਹੇ ਇਹ ਲੋਕ ਉਦੋਂ ਕਦੇ ਨਜ਼ਰ ਨਹੀਂ ਆਏ ਜਦੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਕਿਸਾਨ ਟੱਕਰ ਲੈ ਰਹੇ ਸਨ… ਕਦੇ ਰੇਲਵੇ ਲਾਈਨਾਂ ’ਤੇ ਕਈ-ਕਈ ਦਿਨ ਬੈਠਦੇ ਸਨ… ਕਦੇ ਮੰਡੀਆਂ ਵਿਚ ਰੁਲਦੇ ਸਨ… ਉਹ ਉਦੋਂ ਕਦੇ ਨਜ਼ਰ ਨਹੀਂ ਆਏ ਜਦੋਂ ਦੁਖੀ ਹੋਏ ਕਿਸਾਨ ਸੜਕਾਂ ’ਤੇ ਆਪਣੀਆਂ ਫ਼ਸਲਾਂ ਸੁੱਟਦੇ ਸਨ… ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਸਨ… ਹੋਰ ਤਾਂ ਹੋਰ ਉਹ ਉਦੋਂ ਵੀ ਨਜ਼ਰ ਨਹੀਂ ਆਏ ਜਦੋਂ ਚੰਡੀਗੜ੍ਹ ਸਥਿਤ ਪੰਜਾਬ ਵਿਧਾਨ ਸਭਾ ਵੱਲ ਜਾਣ ਤੋਂ ਕਿਸਾਨਾਂ ਨੂੰ ਡੱਕ ਦਿੱਤਾ ਜਾਂਦਾ ਰਿਹਾ ਹੈ… ਉਨ੍ਹਾਂ ਨੂੰ ਮੁਹਾਲੀ ਦੇ ਵਾਈ.ਪੀ.ਐਸ. ਚੌਕ ਦੇ ਬੈਰੀਅਰ ਤੋਂ ਅਗਾਂਹ ਨਹੀਂ ਸੀ ਟੱਪਣ ਦਿੱਤਾ ਜਾਂਦਾ।
ਬਹੁਤੀ ਦੂਰ ਕੀ ਜਾਣਾ… ਪਿਛਲੇ ਸਮੇਂ ਦੌਰਾਨ ਹੀ ਨੌਕਰੀ ਮੰਗਣ ਲਈ ਤੇ ਕਦੇ ਨੌਕਰੀ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰਾਂ, ਮੁਲਾਜ਼ਮਾਂ ’ਤੇ ਜਦੋਂ ਲਾਠੀਚਾਰਜ ਹੋ ਰਹੇ ਸਨ ਤੇ ਕਈ ਜ਼ਖ਼ਮੀ ਹੋ ਰਹੇ ਸਨ ਤਾਂ ਇਨ੍ਹਾਂ ‘ਅਖੌਤੀ ਨਾਇਕਾਂ’ ਨੇ ਹਾਅ ਦਾ ਇਕ ਵੀ ਨਾਅਰਾ ਨਹੀਂ ਮਾਰਿਆ। ਭਾਵੇਂ ਉਹ ਬਾਦਲਾਂ ਦਾ ਗੁੰਡਾਗਰਦੀ ਵਾਲਾ ਰਾਜ ਹੋਵੇ ਜਾਂ ਕੈਪਟਨ ਦੀ ਧੱਕੇਸ਼ਾਹੀ ਵਾਲੀ ਸਰਕਾਰ ਹੋਵੇ, ਇਹ ‘ਨਾਇਕ’ ਕਿਤੇ ਨਜ਼ਰ ਨਹੀਂ ਆਏ। ਜੇ ਹਕੂਮਤਾਂ ਨਾਲ ਕੋਈ ਟੱਕਰ ਲੈਂਦਾ ਆਇਆ ਹੈ ਤਾਂ ਉਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਆਗੂ ਹੀ ਹਨ।
ਲੋਕ ਪਿੜਾਂ ਦੀ ਥਾਂ ਸੋਸ਼ਲ ਮੀਡੀਆ ’ਤੇ ਹੀ ਸਰਗਰਮ ਰਹਿਣ ਵਾਲੇ ਇਹ ਲੋਕ ਇਸ ਅੰਦੋਲਨ ਦੀ ਆੜ ਵਿਚ ਆਪਣੀ ਸਿਆਸੀ ਜ਼ਮੀਨ ਭਾਲਣ ਵਿਚ ਲੱਗੇ ਹੋਏ ਹਨ। ਇਹ ਪੰਜਾਬ ਦੇ ‘ਅਰਵਿੰਦ ਕੇਜਰੀਵਾਲ’ ਬਣਨਾ ਚਾਹੁੰਦੇ ਹਨ ਜੋ ਆਰ.ਐਸ.ਐਸ. ਦੇ ਥਾਪੜੇ ਨਾਲ ਉੱਠੇ ਅੰਨਾ ਹਜ਼ਾਰੇ ਦੇ ਅੰਦੋਲਨ ’ਚੋਂ ਨਿਕਲਿਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਪੰਜਾਬ ਨੂੰ ਤੀਸਰੀ ਸਿਆਸੀ ਧਿਰ ਦੀ ਵੱਡੀ ਲੋੜ ਹੈ ਪਰ ਅਜਿਹੇ ਵਕਤੀ ਮੌਸਮੀ ਡੱਡੂਆਂ ਦੀ ਨਹੀਂ। ਕਿਉਂਕਿ ਪਿਛਲੇ ਸਮੇਂ ‘ਆਮ ਆਦਮੀ ਪਾਰਟੀ’ ਦੇ ਰੂਪ ਵਿਚ ਸਾਹਮਣੇ ਆਈ ਸਿਆਸੀ ਧਿਰ ਨੇ ਪਹਿਲਾਂ ਹੀ ਪੰਜਾਬ ਵਿਚ ਲੋਕ ਸਿਆਸਤ ਦੇ ਉਭਾਰ ਦੀਆਂ ਸੰਭਾਵਨਾਵਾਂ ਨੂੰ ਖੋਰਾ ਲਾਇਆ ਹੈ। ਪੰਜਾਬ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੇ ਕਾਂਗਰਸ ਅਤੇ ਅਕਾਲੀ ਦਲ ਤੋਂ ਤੰਗ ਆਏ ਆਮ ਲੋਕਾਂ ਦੇ ਗੁੱਸੇ ਨੂੰ ਲੋਕ-ਪੱਖੀ ਸਿਆਸੀ ਬਦਲ ਵਿਚ ਤਬਦੀਲ ਕਰਨ ਦੀ ਥਾਂ ਨਿਰਾਸ਼ਾ ਦਾ ਆਲਮ ਸਿਰਜਣ ਵਿਚ ਹੀ ਵੱਡੀ ਭੂਮਿਕਾ ਨਿਭਾਈ ਹੈ।
ਕਿਸਾਨੀ ਅੰਦੋਲਨ ਨੇ ਇਕ ਵਾਰ ਫੇਰ ਆਮ ਬੰਦੇ ਨੂੰ ਉਸ ਦੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਉਸ ਅੰਦਰ ਉਮੀਦ ਜਗਾਈ ਹੈ ਕਿ ਹਾਲੇ ਸਭ ਕੁਝ ਤਬਾਹ ਨਹੀਂ ਹੋਇਆ। ਇਸੇ ਲਈ ਲੱਗ ਰਿਹਾ ਹੈ ਕਿ ਕਿਸਾਨ ਅੰਦੋਲਨ ਦੀ ਸਫ਼ਲਤਾ ਤੋਂ ਬਾਅਦ ਜਿੱਥੇ ਸਾਰੇ ਮੁਲਕ ਵਿਚ ਲੋਕ ਅੰਦੋਲਨਾਂ ਦੀਆਂ ਨਵੀਆਂ ਇਬਾਰਤਾਂ ਲਿਖੀਆਂ ਜਾਣ ਲੱਗਣਗੀਆਂ, ਉੱਥੇ ਪੰਜਾਬ ਵਿਚ ਵੀ ਲੋਕ-ਪੱਖੀ ਸਿਆਸਤ ਦਾ ਨਵਾਂ ਮੁਹਾਜ ਵੀ ਜ਼ਰੂਰ ਉਸਰੇਗਾ, ਜੋ ਹੌਲੀ ਹੌਲੀ ਸਿਆਸੀ ਬਦਲ ਵਿਚ ਤਬਦੀਲ ਹੋਣ ਦੀਆਂ ਸੰਭਾਵਨਾਵਾਂ ਪੈਦਾ ਕਰੇਗਾ।

Leave a Reply

Your email address will not be published. Required fields are marked *