ਨੌਜਵਾਨਾਂ ਨੂੰ ਗੋਡਸੇ ਬਾਰੇ ਦੱਸਣ ਲਈ ਹਿੰਦੂ ਮਹਾਸਭਾ ਨੇ ਸ਼ੁਰੂ ਕੀਤੀ ਗੋਡਸੇ ਲਾਇਬਰੇਰੀ

ਗਵਾਲੀਅਰ : ਹਿੰਦੂ ਮਹਾਸਭਾ ਨੇ ਵਿਸ਼ਵ ਹਿੰਦੀ ਦਿਵਸ ਤੇ ਗਵਾਲੀਅਰ ਵਿਚ ਆਪਣੇ ਦਫ਼ਤਰ
ਚ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦੀ ਲਾਇਬਰੇਰੀ ਦੀ ਸ਼ੁਰੂਆਤ ਕੀਤੀ ਹੈ।
ਮਹਾਸਭਾ ਨੇ ਇਸ ਲਾਇਬਰੇਰੀ ਨੂੰ ਗਿਆਨਸ਼ਾਲਾ ਦਾ ਨਾਮ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਵਿਚ ਗੋਡਸੇ ਅਤੇ ਦੇਸ਼ ਵੰਡ ਨਾਲ ਜੁੜੇ ਤੱਥ ਨੌਜਵਾਨ ਪੀੜ੍ਹੀ ਨੂੰ ਦੱਸਣ ਦਾ ਕੰਮ ਕੀਤਾ ਜਾਵੇਗਾ।
ਹਿੰਦੂ ਮਹਾਸਭਾ ਦੇ ਕੌਮੀ ਮੀਤ ਪ੍ਰਧਾਨ ਡਾ. ਜੈਵੀਰ ਭਾਰਦਵਾਜ ਨੇ ਦੋਸ਼ ਲਗਾਇਆ ਕਿ ਦੇਸ਼ ਵੰਡ ਲਈ ਕਾਂਗਰਸ ਜ਼ਿੰਮੇਵਾਰ ਹੈ, ਜਿਸ ਕਾਰਨ ਅਖੰਡ ਭਾਰਤ ਦੇ ਦੋ ਟੁਕੜੇ ਹੋਏ ਤੇ ਕਰੀਬ ਪੰਜ ਲੱਖ ਹਿੰਦੂਆਂ ਦਾ ਕਤਲ ਹੋਇਆ ਅਤੇ 20 ਲੱਖ ਤੋਂ ਜ਼ਿਆਦਾ ਹਿੰਦੂ ਬੇਘਰ ਹੋਏ।
ਉਨ੍ਹਾਂ ਕਿਹਾ ਕਿ ਦੇਸ਼ ਵੰਡ ਨੂੰ ਕਾਂਗਰਸ ਨੇ ਸਵੀਕਾਰ ਕੀਤਾ ਅਤੇ ਉਸ ਕਾਰਨ ਅੱਜ ਪਾਕਿਸਤਾਨ ਦੁਸ਼ਮਣ ਹੈ ਤੇ ਭਾਰਤ ਦਾ ਬਹੁਤ ਵੱਡਾ ਧਨ ਉਸ ਤੋਂ ਸੁਰੱਖਿਆ ਵਿਚ ਖ਼ਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹੀ ਨਹੀਂ, ਕਾਂਗਰਸ ਨੇ ਹੀ ਦੇਸ਼ ਵਿਚ ਹਿੰਦੂ ਅਤੇ ਮੁਸਲਮਾਨ ਵਿਚਾਲੇ ਨਫ਼ਰਤ ਵਧਾਈ। ਇਸੇ ਕਾਰਨ ਕਾਂਗਰਸ ਨੇ ਨਾਥੂਰਾਮ ਗੋਡਸੇ ਤੇ ਨਾਰਾਇਣ ਰਾਓ ਆਪਟੇ ਦਾ ਅਦਾਲਤ ਵਿਚ ਦਿੱਤਾ ਗਿਆ ਬਿਆਨ 50 ਸਾਲਾਂ ਤੱਕ ਬਾਹਰ ਨਹੀਂ ਆਉਣ ਦਿੱਤਾ।
ਮਹਾਤਮਾ ਗਾਂਧੀ ਦੀ ਹਤਿਆ ਕਰਨ ਦੇ ਜੁਰਮ ਵਿਚ ਗੋਡਸੇ ਅਤੇ ਆਪਟੇ ਨੂੰ 15 ਨਵੰਬਰ 1949 ਨੂੰ ਅੰਬਾਲਾ ਦੀ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।
ਭਾਰਦਵਾਜ ਨੇ ਦੱਸਿਆ, ‘‘ਹੁਣ ਹਿੰਦੂ ਮਹਾਸਭਾ ਇਸੇ ਇਤਿਹਾਸ ਨੂੰ ਨਵੀਂ ਪੀੜ੍ਹੀ ਨੂੰ ਦੱਸਣ ਲਈ ਗਵਾਲੀਅਰ ਵਿਚ ਦੌਲਤਗੰਜ ਸਥਿਤ ਦਫ਼ਤਰ ਵਿਚ ਗੋਡਸੇ ਦੀ ਗਿਆਨਸ਼ਾਲਾ ਸ਼ੁਰੂ ਕਰ ਰਹੀ ਹੈ। ਇਸ ਗਿਆਨਸ਼ਾਲਾ ਵਿਚ ਗੋਡਸੇ ਤੋਂ ਇਲਾਵਾ ਰਾਸ਼ਟਰ ਨਿਰਮਾਣ ਕਰਨ ਵਾਲੇ ਦੂਸਰੇ ਮਹਾਪੁਰਸ਼ਾਂ ਗੁਰੂ ਗੋਬਿੰਦ ਸਿੰਘ, ਛਪਰਪਤੀ ਸ਼ਿਵਾਜੀ, ਮਹਾਰਾਣਾ ਪ੍ਰਤਾਪ, ਡਾ. ਹੇਡਗੇਵਾਰ, ਪੰਡਤ ਮਦਨ ਮੋਹਰ ਮਾਲੀਵਯ ਨਾਲ ਜੁੜਿਆ ਇਤਿਹਾਸ ਵੀ ਦੱਸੇਗੀ। ‘ਇੰਡੀਅਨ ਐਕਸਪ੍ਰੈੱਸ` ਦੀ ਰਿਪੋਰਟ ਅਨੁਸਾਰ, ਉਨ੍ਹਾਂ ਕਿਹਾ, ‘‘ਗੋਡਸੇ ਸੱਚੇ ਦੇਸ਼ ਭਗਤ ਸਨ, ਦੁਨੀਆ ਨੂੰ ਇਹ ਦੱਸਣ ਲਈ ਲਾਇਬਰੇਰੀ ਖੋਲ੍ਹੀ ਗਈ ਹੈ। ਉਹ ਅਣਵੰਡੇ ਭਾਰਤ ਲਈ ਲੜੇ ਅਤੇ ਮਰੇ। ਲਾਇਬਰੇਰੀ ਨੂੰ ਸਥਾਪਤ ਕਰਨ ਦਾ ਉਦੇਸ਼ ਅੱਜ ਦੇ ਅਗਿਆਨੀ ਨੌਜਵਾਨਾਂ ਵਿਚ ਸੱਚੀ ਦੇਸ਼ ਭਗਤੀ ਨੂੰ ਜਗਾਉਣਾ ਹੈ ਜਿਸ ਲਈ ਗੋਡਸੇ ਖੜ੍ਹੇ ਹੋਏ ਸਨ।
ਉਨ੍ਹਾਂ ਕਿਹਾ, ‘‘ਹਿੰਦੂ ਮਹਾਸਭਾ ਨੇ ਹਮੇਸ਼ਾ ਤੋਂ ਹਿੰਦੀ, ਹਿੰਦੂ ਅਤੇ ਹਿੰਦੁਸਤਾਨ ਦੀ ਗੱਲ ਕੀਤੀ ਹੈ ਅਤੇ ਅੱਜ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਹੈ, ਇਸ ਲਈ ਗਿਆਨ ਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਹਿੰਦੂ ਮਹਾਸਭਾ ਨੇ ਨੂੰ5 ਨਵੰਬਰ 2017 ਨੂੰ ਗੋਡਸੇ ਦਾ ਇੱਥੇ ਮੰਦਿਰ ਬਣਾਉਣ ਲਈ ਮੂਰਤੀ ਵੀ ਸਥਾਪਤ ਕੀਤੀ ਸੀ, ਪਰ ਉਸ ਸਮੇਂ ਉਸ ਮੂਰਤੀ ਨੂੰ ਜ਼ਬਤ ਕਰ ਲਿਆ ਗਿਆ। ਇਸ ਮੂਰਤੀ ਨੂੰ ਹਿੰਦੂ ਮਹਾਸਭਾ ਦੇ ਵਰਕਰ ਕਈ ਵਾਰ ਪ੍ਰਸ਼ਾਸਨ ਤੋਂ ਮੰਗਦੇ ਰਹੇ ਹਨ।