ਪੱਗ ਦਾ ਹੱਕ ਦਿਵਾਉਣ ਵਾਲੇ ਪ੍ਰੀਤਮ ਸਿੰਘ ਜੌਹਲ ਨਹੀਂ ਰਹੇ

ਟੋਰਾਂਟੋ (ਨਦਬ): ਸਿੱਖ ਕੈਨੇਡਿਆਈ ਭਾਈਚਾਰੇ ਦੀ ਸਨਮਾਨਯੋਗ ਹਸਤੀ ਤੇ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲੈ ਚੁੱਕੇ 95 ਸਾਲਾ ਪ੍ਰੀਤਮ ਸਿੰਘ ਜੌਹਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਇਲ ਕੈਨੇਡਿਆਈ ਫੌਜ ਵਿੱਚ ਸਿੱਖਾਂ ਨੂੰ ਪੱਗ ਬੰਨ੍ਹਣ ਦਾ ਹੱਕ ਦਿਵਾਉਣ ਲਈ ਲੜਾਈ ਲੜੀ ਸੀ ਤੇ ਉਸ ਵਿੱਚ ਜਿੱਤ ਹਾਸਲ ਕੀਤੀ ਸੀ। ‘ਦਿ ਗੋਲਬਲ’ ਤੇ ‘ਮੇਲ’ ਅਖ਼ਬਾਰ ਨੇ ਲੈਫਟੀਨੈਂਟ ਕਰਨਲ ਪ੍ਰੀਤਮ ਸਿੰਘ ਜੌਹਲ ਦੀ ਧੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਨ੍ਹਾਂ ਦਾ ਐਤਵਾਰ ਨੂੰ ਸਰੀ ਵਿੱਚ ਦੇਹਾਂਤ ਹੋ ਗਿਆ ਸੀ। ਸ੍ਰੀ ਜੌਹਲ ਨੇ 38 ਸਾਲ ਤੱਕ ਭਾਰਤੀ ਫੌਜ ਅਤੇ ਸੀ.ਆਰ.ਪੀ.ਐਫ. ਵਿੱਚ ਸੇਵਾਵਾਂ ਦਿੱਤੀਆਂ ਸਨ ਅਤੇ ਲੈਫਟੀਨੈਂਟ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਸ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ 1980 ਵਿੱਚ ਕੈਨੇਡਾ ਆ ਗਏ। ਉਹ 1990 ਵਿੱਚ ਉਦੋਂ ਖ਼ਬਰਾਂ ਵਿੱਚ ਆਏ ਜਦੋਂ ਉਨ੍ਹਾਂ ਨੂੰ ਯਾਦਗਾਰ ਦਿਵਸ ਮੌਕੇ ਨਿਊਟਨ ਲੀਜ਼ਨ ਵਿੱਚ ਦਾਖਲੇ ਤੋਂ ਰੋਕਿਆ ਗਿਆ। ਉਸ ਸਮੇਂ ਪੱਗੜੀਧਾਰੀ ਸਿੱਖਾਂ ਨੂੰ ਕੈਂਪਸ ਵਿੱਚ ਦਾਖਲੇ ਦੀ ਇਜਾਜ਼ਤ ਨਹੀਂ ਸੀ। ਫੌਜ ਦੇ ਅਧਿਕਾਰੀਆਂ ਨੇ ਜ਼ੋਰ ਦਿੰਦਿਆਂ ਕਿਹਾ ਸੀ ਕਿ ਸ੍ਰੀ ਜੌਹਲ ਤੇ ਦੂਜੀ ਸੰਸਾਰ ਜੰਗ ਵਿੱਚ ਬਰਤਾਨਵੀ ਰਾਜ ਵਿੱਚ ਸੇਵਾਵਾਂ ਦੇ ਚੁੱਕੇ ਹੋਰ ਸਿੱਖ ਸਿਰਫ਼ ਪੱਗ ਲਾਹ ਕੇ ਹੀ ਆ ਸਕਦੇ ਹਨ, ਜਦ ਕਿ ਬਰਤਾਨਵੀ ਮਹਿਲਾ ਫੌਜੀਆਂ ਨੂੰ ਟੋਪੀ ਪਾ ਕੇ ਜਾਣ ਦੀ ਇਜਾਜ਼ਤ ਸੀ।