fbpx Nawidunia - Kul Sansar Ek Parivar

ਕਹਾਣੀ- ‘ਅਨੰਤ ਕਥਾ…’/ ਵਿਸ਼ਵਜੋਤੀ ਧੀਰ

ਹਾਂ! ਮੈਂ ਇੱਕ ਕਥਾ… ਬਦਲਦੀਆਂ ਤਾਰੀਖਾਂ ਦੇ ਨਾਲ ਨਾਲ ਵਕਤ ਬਦਲਦਾ ਰਿਹਾ… ਪਰ ਮੈਂ ਓਥੇ ਦੀ ਓਥੇ… ਮੇਰੇ ਅੰਦਰ ਸਦਾ ਇੱਕ ਖੜੋਤ ਰਹੀ… ਮੇਰੇ ਵਿੱਚੋਂ ਹਵਾਂਕ ਆਉਂਦੀ ਹੈ… ਜਖਮ ਰਿਸਦੇ ਰਹਿੰਦੇ ਨੇ ਮੇਰੇ ਧੁਰ ਅੰਦਰ… ਮੈਂ ਆਪਣੀ ਤੈਅਸ਼ੁਦਾ ਜਿੰਦਗੀ ਵਿੱਚ ਭਟਕਦੀ ਫਿਰਦੀ ਹਾਂ… ਪਿੱਛਾ ਭਉਂ ਕੇ ਵੇਖਦੀ ਹਾਂ ਤਾਂ ਆਪਣਾ ਕੌੜਾ ਅਤੀਤ ਵੇਖ ਕੇ ਭੈ-ਭੀਤ ਹੋ ਜਾਂਦੀ ਹਾਂ… ਕਿੰਨੀ ਉਦਾਸ ਹੈ ਇਹ ਜ਼ਿੰਦਗੀ… ਬੇਬੱਸ… ਮਰ ਚੁੱਕੀਆਂ ਸੱਧਰਾਂ ਨੂੰ ਮੋਢਿਆਂ ’ਤੇ ਚੁੱਕੀ ਫਿਰਦੀ ਹਾਂ… ਆਹ ਵੇਖੋ… ਮੇਰੇ ਉਪਰ ਇੱਕ ਗਲਾਫ਼ ਚੜ੍ਹਿਆ ਹੋਇਆ ਹੈ, ‘ਡਰ ਦਾ ਗਲਾਫ਼... ਮੈਂ ਸਦੀਆਂ ਤੋਂ ਇਸ ਦੇ ਅੰਦਰ ਨੂੜੀ ਪਈ ਹਾਂ... ਜੀ ਕਰਦੈ ਇਸਨੂੰ ਲਾਹ ਕੇ ਵਗਾਹ ਮਾਰਾਂ... ਪਰ ਨਹੀਂ... ਇੰਝ ਨਹੀਂ ਕਰ ਸਕਦੀ... ਇਹ ਗਲਾਫ਼ ਮੇਰੀ ਸੁਰੱਖਿਆ ਵੀ ਕਰਦਾ ਹੈ... ਮੈਨੂੰ ਕਿਸੇ ਦੇ ਵਿਰੁੱਧ ਨਹੀਂ ਜਾਣ ਦਿੰਦਾ... ਮੈਨੂੰ ਸੁਖਾਲਾ ਵੀ ਰੱਖਦਾ ਹੈ... ਲੋਕ ਭਾਖਿਆ ਤੋ ਵੀ ਬਚਾਉਂਦਾ ਹੈ। ਹੁਣ ਤਾਂ ਮੈਂ ਤ੍ਰਿਸਕਾਰ ਹੇਠਾਂ ਦੱਬੀ ਸਹਿਕ ਰਹੀ ਹਾਂ... ਸਵੇਰ ਤੋਂ ਸ਼ਾਮ ਤੱਕ ਜਿਲ੍ਹੱਤ ਸਹਿਣੀ ਪੈਂਦੀ ਹੈ। ਮੇਰੀਆਂ ਅੱਖਾਂ ਵਿੱਚੋਂ ਦੋ ਹੰਝੂ ਡਿੱਗ ਪਏ, ਮੈਂ ਸ਼ੀਸ਼ੇ ਮੂਹਰੇ ਜਾ ਖਲੋਤੀ... ਆਪਣੇ ਚਿਹਰੇ ਤੋਂ ਹੰਝੂ ਪੂੰਝ ਲਏ। ਇੱਕ-ਟੱਕ ਆਪਣੇ ਚਿਹਰੇ ਵੱਲ ਵੇਖ ਰਹੀ ਸੀ। ਕੁਝ ਪਲ ਵਾਸਤੇ ਮੈਂ ਮੌਨ ਹੋ ਗਈ, ਪਰ ਹੌਲੀ-ਹੌਲੀ ਮੇਰੇ ਬੁੱਲ ਥਿਰਕੇ ਸਨ... ਚਿਹਰੇ ’ਤੇ ਫਿੱਕੀ ਜਿਹੀ ਮੁਸਕਰਾਹਟ ਫੈਲ ਗਈ। ਜਿਵੇਂ ਕਿਸੇ ਨੇ ਮੇਰੇ ਅੰਦਰ ਖਲੋਤੇ ਪਾਣੀ ਵਿਚ ਪੱਥਰ ਮਾਰ ਕੇ ਮੇਰੇ ਅੰਤਰ ਮਨ ਵਿੱਚ ਤਰੰਗਾਂ ਪੈਦਾ ਕਰ ਦਿੱਤੀਆਂ ਹੋਣ। ਮੈਂ ਸੁਫ਼ਨਿਆਂ ਦੀ ਦੁਨੀਆ ਵਿਚ ਗੁਆਚ ਗਈ। ਡੋਰ ਬੈੱਲ ਵੱਜ ਉੱਠੀ... ਮੈਨੂੰ ਹਸੀਨ ਸੁਫ਼ਨਿਆਂ ਦੀ ਕੈਦ ਵਿੱਚੋਂ ਨਿਕਲਣ ਲਈ ਵਕਤ ਲੱਗ ਗਿਆ। ਡੋਰ ਬੈੱਲ ਫੇਰ ਵੱਜ ਗਈ... ਮੈਂ ਭੱਜ ਕੇ ਬੂਹਾ ਖੋਲਿ੍ਹਆ... ਮਾਨਵ ਆ ਗਿਆ ਸੀ... ਉਸ ਤੋਂ ਸਿੱਧਾ ਵੀ ਨਹੀਂ ਤੁਰਿਆ ਜਾਂਦਾ... ਇਹ ਕਿਹੜਾ ਅੱਜ ਦੀ ਗੱਲ ਸੀ... ਮਾਨਵ ਹਰ ਰੋਜ਼ ਦੁਕਾਨ ਬੰਦ ਕਰਕੇ ਦੋਸਤਾਂ ਨਾਲ ਪੈਗ-ਸ਼ੈਗ ਲਾ ਕੇ ਘਰ ਆਉਂਦਾ... ਇਹ ਉਸ ਦਾ ਰੋਜ਼ ਦਾ ਕੰਮ ਸੀ। ਮੇਰਾ ਜਸ਼ਨ ਵੀ ਪਾਪਾ ਨੂੰ ਉਡੀਕਦਾ-ਉਡੀਕਦਾ ਸੌਂ ਜਾਂਦਾ... ਮੈਂ ਵੀ ਪੂਰੇ ਸੱਤ ਸਾਲ ਤੋਂ ਉਸਨੂੰ ਏਸੇ ਤਰ੍ਹਾਂ ਉਡੀਕਦੀ ਰਹਿੰਦੀ ਹਾਂ... ਖਿਝਦੀ ਰਹਿੰਦੀ ਹਾਂ ਪਰ ਅੱਜ ਮੈਨੂੰ ਕੋਈ ਖਿਝ ਨਹੀਂ ਆ ਰਹੀ... ਮੈਨੂੰ ਫੇਰ ਕੁਝ ਯਾਦ ਆ ਗਿਆ। ਮੈਂ ਮੁਸਕਰਾ ਪਈ। ਸਵੇਰ ਵਾਲੀ ਘਟਨਾ ਯਾਦ ਆ ਗਈ। ਅੱਜ ਮੈਂ ਮੰਮੀ ਤੋਂ ਇਜਾਜ਼ਤ ਲੈ ਕੇ ਪੁਸਤਕ ਮੇਲੇ ਵਿੱਚ ਪਹੁੰਚ ਗਈ ਸੀ। ਕੁਝ ਨਵਾਂ ਸਾਹਿਤ ਖਰੀਦਣਾ ਚਾਹੁੰਦੀ ਸੀ। ਪਿੱਛੋਂ ਕਿਸੇ ਨੇ ਆਵਾਜ਼ ਮਾਰੀ ‘‘ਕਲਪਨਾ ਤੂੰ ਏਥੇ?`` ਮੇਰੇ ਪਿੱਛੇ ਮਨੋਜ ਖੜਾ ਸੀ। ‘‘ਬੜੇ ਸਾਲਾਂ ਬਾਅਦ ਮਿਲੀ ਏਂ।`` ਮੈਂ ਤੇ ਮਨੋਜ ਨੇ ਇੱਕਠੇ ਐਮ.ਏ. ਕੀਤੀ ਸੀ। ਠੀਕ ਹੀ ਕਹਿੰਦਾ ਸੀ ਮਨੋਜ, ਇੱਕੋ ਸ਼ਹਿਰ ਵਿੱਚ ਰਹਿੰਦਿਆਂ ਅਸੀਂ ਸੱਤ ਸਾਲਾਂ ਵਿੱਚ ਕਦੇ ਨਾ ਮਿਲੇ। ‘‘ਕਿਤਾਬਾਂ ਖਰੀਦਣ ਆਈ ਹਾਂ।`` ਮੈਂ ਛੋਟਾ ਜਿਹਾ ਜਵਾਬ ਦਿੱਤਾ। ‘‘ਮੈਨੂੰ ਪਤਾ ਹੈ ਤੂੰ ਕਿਤਾਬਾਂ ਪੜ੍ਹਣ ਦੀ ਸ਼ੌਕੀਨ ਸੀ... ਹਰ ਸਾਹਿਤ ਸੰਮੇਲਨ ਵਿੱਚ ਜਾਂਦੀ ਸੀ... ਹੁਣ ਤੂੰ ਸਭ ਨੂੰ ਭੁੱਲ ਗਈ।`` ਮਨੋਜ ਨੇ ਆਪਣੀ ਗੱਲ ਵਿੱਚ ਮਿੱਠਾ ਜਿਹਾ ਨਿਹੋਰਾ ਮਾਰਿਆ। ‘‘ਬੱਸ, ਘਰੋਂ ਨਿਕਲਣ ਦਾ ਟਾਇਮ ਹੀ ਨਹੀਂ ਮਿਲਦਾ।`` ‘‘ਇਹਨਾਂ ਨੂੰ ਜਾਣਦੀ ਐਂ?`` ਮਨੋਜ ਮੇਰੀ ਗੱਲ ਵਿਚਾਲਿਓਂ ਕੱਟ ਕੇ ਬੋਲਿਆ। ਮਨੋਜ ਦੇ ਨਾਲ ਇੱਕ ਦਰਮਿਆਨੇ ਜਿਹੇ ਕੱਦ ਦਾ ਸ਼ਖ਼ਸ ਖੜ੍ਹਾ ਸੀ ‘‘ਹਾਂ ਜੀ... ਮੈਂ ਇਹਨਾਂ ਨੂੰ ਪੜ੍ਹਿਆ ਹੈ... ਪਰ ਨਾਂਅ ਭੁੱਲ ਗਈ... ਓਹੋ...।`` ਮੈਂ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ‘‘ਤੁਸੀਂ ਪੜ੍ਹਿਆ ਵੀ ਹੈ ਪਰ ਨਾਂਅ ਭੁੱਲ ਗਏ।” ਉਹ ਸ਼ਖ਼ਸ ਵੱਡਾ ਸਾਰਾ ਮੂੰਹ ਖੋਲ੍ਹ ਕੇ ਹੱਸ ਪਿਆ... ਮੈਂ ਆਪਣੇ ਸਿਰ ਤੇ ਹੱਥ ਮਾਰਿਆ। ਮੈਂ ਯਾਦ ਕਰ ਰਹੀ ਸੀ, ‘‘... ਜਿੰਦਗੀ... ਜਿੰਦਗੀ... ਜਾਂ ਕੁਝ ਇਸਦੇ ਨੇੜੇ ਤੇੜੇ... ਕੁਝ ਇਦਾਂ ਦਾ ਹੀ ਸੀ ”। ‘‘ਜੀਵਨ ! ਜੀਵਨ ਹੈ ਮੇਰਾ ਨਾਂਅ।`` ਕਹਿ ਕੇ ਉਹ ਫੇਰ ਉੱਚੀ-ਉੱਚੀ ਹੱਸ ਪਿਆ। ਮੈਂ ਉਸ ਵੱਲ ਵੇਖਣ ਲੱਗ ਪਈ। ‘‘ਠੀਕ ਹੈ ਜੀ, ਠੀਕ ਹੈ।`` ਉਸਨੇ ਇਹ ਕਹਿ ਕੇ ਮੇਰੇ ਵੱਲ ਅਜਿਹੀ ਗਹਿਰੀ ਨਿਗਾਹ ਨਾਲ ਤੱਕਿਆ ਕਿ ਮੈਂ ਠਠੰਬਰ ਜਿਹੀ ਗਈ। ਉਸ ਦੀਆਂ ਅੱਖਾਂ ਬਹੁਤ ਚਮਕਦਾਰ ਸਨ ਜਿਵੇਂ ਦੋਂ ਦੀਵੇ ਜਗਦੇ ਹੋਣ। ਮੈਂ ਘਬਰਾ ਗਈ... ਛੇਤੀ ਛੇਤੀ ਕਾਹਲੇ ਕਦਮਾਂ ਨਾਲ ਉਥੋਂ ਤੁਰ ਪਈ ਮੈਂ ਇਸ ਅਣਜਾਣੀ ਜਿਹੀ ਨਿਗਾਹ ਨਾਲ ਕੀਲੀ ਗਈ। ਉਹ ਦੋ ਅੱਖਾਂ ਮੇਰੇ ਜ਼ਿਹਨ ਵਿੱਚ ਖੁੱਭ ਗਈਆਂ। ਅੱਜ ਫਿਰ ਮੇਰੇ ਕਦਮ ਪੁਸਤਕ ਮੇਲੇ ਵੱਲ ਨੂੰ ਤੁਰ ਪਏ। ਉਹ ਸ਼ਖ਼ਸ ਉੱਥੇ ਹੀ ਖੜ੍ਹਾ ਸੀ। ਜਿਵੇਂ ਕੱਲ ਦਾ ਇੱਕੋ ਥਾਂਵੇਂ ਖੜ੍ਹਾ ਹੋਵੇ... ਮੈਂ ਵੇਖ ਕੇ ਸਿਰ ਨਿਵਾ ਦਿੱਤਾ ਸੀ... ਮੈਂ ਅਗਾਂਹ ਨੂੰ ਤੁਰ ਪਈ ਪਤਾ ਨਹੀਂ ਕਿਉਂ ਮੈਂ ਫੇਰ ਓਸੇ ਬੁੱਕ ਸਟਾਲ ’ਤੇ ਵਾਪਿਸ ਆ ਗਈ... ਮੇਰੀਆਂ ਅੱਖਾਂ ਉਸਨੂੰ ਲੱਭ ਰਹੀਆਂ ਸਨ ਅਚਾਨਕ ਉਹ ਮੇਰੇ ਸਾਹਮਣੇ ਆ ਖਲੌਤਾ। ‘‘ਕਥਾ। ਓ ਕਥਾ।`` ਉਸਨੇ ਮੈਨੂੰ ਆਵਾਜ਼ ਮਾਰੀ। ਮੈਂ ਹੈਰਾਨੀ ਨਾਲ ਕਿਹਾ, ‘‘ਮੇਰਾ ਨਾਂਅ ਕਥਾ ਨਹੀਂ... ਮੈਂ... ਮੈਂ ਤਾਂ...।” ਮੈਂ ਅਗਾਂਹ ਕੁਝ ਕਹਿੰਦੀ ਪਰ ਉਹ ਪਹਿਲਾਂ ਹੀ ਬੋਲ ਪਿਆ। ‘‘ਹਾਂ ਤੂੰ ਨਿਰੀ ਕਹਾਣੀ ਜਿਹੀ ਲੱਗਦੀ ਐਂ... ਤੂੰ ਹੀ ਤਾਂ ਕਥਾ ਐਂ।” ਉਸਨੇ ਇਹ ਕਹਿ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਲਈਆਂ... ਮੈਨੂੰ ਨੀਝ ਨਾਲ ਤੱਕਿਆ... ਫੇਰ ਮੇਰੇ ਵੱਲ ਇੱਕ ਕਿਤਾਬ ਕਰ ਦਿੱਤੀ।” ਕਥਾ ਇਹ ਤੇਰੇ ਲਈ ਕਿਤਾਬ... ‘‘ਓ ਜ਼ਹੀਰ।” ਮੈਂ ਕਿਤਾਬ ਫੜ੍ਹ ਕੇ ਉਸਨੂੰ ਥੈਂਕ-ਯੂ ਕਿਹਾ । ਨਾ ਚਾਹੁੰਦੇ ਹੋਏ ਵੀ ਮੈਂ ਉਸਦੀਆਂ ਅੱਖਾਂ ਵਿੱਚ ਝਾਕੀ... ਇਹ ਅੱਖਾਂ ਮੇਰੇ ਧੁਰ ਅੰਦਰ ਤਾਂਈ ਲਹਿ ਗਈਆਂ... ਮੈਂ ਇੱਕ ਸਮੋਹਨ-ਵਿੱਚ ਜਕੜੀ ਗਈ... ਕਾਹਲੇ-ਕਾਹਲੇ ਕਦਮਾਂ ਨਾਲ ਤੁਰ ਪਈ... ਉਹ ਦੋ ਅੱਖਾਂ ਮੇਰਾ ਪਿੱਛਾ ਕਰਨ ਲੱਗ ਪਈਆਂ... ਜਿੰਦਗੀ ਜਿਵੇਂ ਮੇਰੇ ਨਾਲ-ਨਾਲ ਤੁਰ ਪਈ... ਮੈਂ ਘਰ ਦੀਆਂ ਦਹਿਲੀਜ਼ਾਂ ਪਾਰ ਕਰ ਗਈ। ‘‘ਜਿੰਦਗੀ ਤੂੰ ਬਾਹਰ?” ਮੈਂ ਉਸਨੂੰ ਬਾਹਰ ਖੜਿਆਂ ਵੇਖ ਕੇ ਕਿਹਾ। ਜ਼ਿੰਦਗੀ ਜਿਵੇਂ ਤੜਪ ਉੱਠੀ, ‘‘ਹਾਂ ਕਥਾ, ਮੈਂ ਅੰਦਰ ਨਹੀਂ ਆ ਸਕਦੀ... ਪਰ ਤੂੰ ਤਾਂ ਬਾਹਰ ਆ ਸਕਦੀ ਏਂ,” ਜਿੰਦਗੀ ਨੇ ਬਾਹਾਂ ਖੋਲ੍ਹ ਲਈਆਂ। ‘‘ਕਥਾ, ਤੂੰ ਬਾਹਰ ਆ ਜਾ... ਮੈਨੂੰ ਜਿਉਂ ਕੇ ਤਾਂ ਵੇਖ।” ਮੈਂ... ਕਿਵੇਂ ਆਵਾਂ... ਮੈਂ ਨਹੀਂ ਆ ਸਕਦੀ... ਮੇਰਾ ਵੀ ਸਵੈਮਾਣ ਹੈ... ਜਿੰਦਗੀ। ਤੂੰ ਤਾਂ ਨਿੱਡਰ ਹੈ... ਬੇਪਰਵਾਹ ਵੀ ਐਂ...ਮੈਂ ਤੇਰੇ ਕੋਲ ਨਹੀਂ ਆ ਸਕਦੀ।” ਕਹਿ ਕੇ ਮੈਂ ਬੂਹਾ ਬੰਦ ਕਰ ਲਿਆ। ਅੰਦਰ ਆ ਕੇ ਜਿਵੇਂ ਮੈਂ ਸੱਖਣੀ ਜਿਹੀ ਹੋ ਗਈ... ਸੁੰਨੀ ਜਿਹੀ ਹੋ ਗਈ। ਘਰ ਪੈਰ ਪਾਇਆ ਈ ਸੀ ਕਿ ਮੇਰਾ ਮੂਡ ਖ਼ਰਾਬ ਹੋ ਗਿਆ। ਅੱਜ ਐਤਵਾਰ ਸੀ... ਮਾਨਵ ਘਰੇ ਮਹਿਫ਼ਲ ਸਜਾਈ ਬੈਠਾ ਸੀ... ਬਰਫ, ਸੋਢੇ, ਨਮਕੀਨ ਤੇ ਹੋਰ ਪਤਾ ਨਹੀਂ ਕੀ-ਕੀ ਮੰਗਵਾਏਗਾ। ਮੈਂ ਫੇਰ ਉਦਾਸ ਹੋ ਗਈ। ਅਜਿਹੀ ਉਦਾਸੀ ਵਿੱਚ ਮੈਨੂੰ ਆਪਣੇ ਮੰਮੀ ਡੈਡੀ ਯਾਦ ਆ ਗਏ। ਉਹਨਾਂ ਨੇ ਹੀ ਮੈਨੂੰ ਘੱਟ ਪੜ੍ਹੇ ਲਿਖੇ ਦੇ ਲੜ ਲਾ ਦਿੱਤਾ ਸੀ। ਮੰਮੀ ਨੇ ਤਾਂ ਵਿਰੋਧ ਵੀ ਕੀਤਾ ਪਰ ਵੱਡੀ ਮੰਮਾ ਤੇ ਡੈਡੀ ਨੇ ਮੰਮੀ ਨੂੰ ਕਨਵਿੰਸ ਕਰਵਾ ਲਿਆ। ਇਕੱਲਾ ਮੁੰਡਾ... ਐਡੀ ਵੱਡੀ ਕਪੜੇ ਦੀ ਦੁਕਾਨ... ਹੋਰ ਕੀ ਚਾਹੀਦੈ? ਫੇਰ ਕੀ ਹੋਇਆ ਜੇ ਘੱਟ ਪੜ੍ਹਿਆ ਐ। ਮੈਂ ਚਿੜ-ਚਿੜ ਕਰਦੀ ਰਹਿੰਦੀ। ਘਰ ਦੇ ਹਮੇਸ਼ਾ ਟੋਕਾ ਟਾਕੀ ਕਰਦੇ ਰਹਿੰਦੇ ਤਾਂ ਮੈਂ ਅੰਦਰ ਤਾਂਈ ਮੱਚ ਜਾਂਦੀ। ਵੱਡੀ ਮੰਮਾ ਅਕਸਰ ਹੀ ਕਹਿੰਦੀ ਰਹਿੰਦੀ, ‘‘ਤੇਰੀ ਛਾਤੀ ਭਾਰੀ ਐ... ਪਿਉ ਤੇ ਭਰਾ ਦੀ ਭੋਰਾ ਤਾਂ ਸ਼ਰਮ ਕਰ।” ਮੈਂ ਸਾਰਾ ਦਿਨ ਚੁੰਨੀ ਦਾ ਫਾਹਾ ਜਿਹਾ ਗਲ ਵਿੱਚ ਪਾਈ ਰੱਖਦੀ। ਟੋਨੀ ਵੀਰਾ ਬੂਹੇ ਮੂਹਰੇ ਵੀ ਖੜ੍ਹਣ ਨਹੀਂ ਦਿੰਦਾ ਸੀ ‘‘ਅੰਦਰ ਚੱਲ, ਬਾਹਰ ਕੀ ਕਰਦੀ ਐਂ।” ਮੰਮੀ ਵੀ ਟੋਕਦੀ ਰਹਿੰਦੀ। ‘‘ਵਾਲ ਕਿਉਂ ਖੋਹਲੇ ਨੇ? ਤੇਲ ਲਾ ਕੇ ਗੁੱਤ ਕਰ।’’ ਮੈਂ ਅਜਿਹੇ ਮਾਹੌਲ ਅਤੇ ਨਿੱਤ ਦੇ ਕਲੇਸ਼ ਤੋਂ ਸੁਤੰਤਰ ਹੋਣਾ ਚਾਹੁੰਦੀ ਸੀ। ਇਸੇ ਉਧੇੜ-ਬੁਣ ਵਿੱਚ ਮੈਂ ਆਪਣੀ ਆਉਣ ਵਾਲੀ ਜਿੰਦਗੀ ਦੇ ਨਕਸ਼ ਕਿਆਸਣ ਲੱਗ ਪਈ ਆਪਣੇ ਹੋਣ ਵਾਲੇ ਹਮਸਫ਼ਰ ਨਾਲ ਆਉਣ ਵਾਲੀ ਹਸੀਨ ਜਿੰਦਗੀ ਦੇ ਸੁਫ਼ਨੇ ਲੈਂਦੀ। ਇਹ ਮੇਰੀ ਜਿੰਦਗੀ ਦੇ ਰੰਗੀਨ ਪੰਨੇ ਸਨ...ਮੈਂ ਇਨ੍ਹਾਂ ਰੰਗ ਬਿਰੰਗੇ... ਖੁਸ਼ਬੂਦਾਰ... ਹਸੀਨ ਪੰਨਿਆਂ ਵਿੱਚ ਗੁਆਚ ਜਾਂਦੀ ਹਾਂ... ਇਹਨਾਂ ਪੰਨਿਆਂ ’ਤੇ ਖੂਬਸੂਰਤ ਇਬਾਰਤਾਂ ਉਕਰੀਆਂ ਹੋਇਆਂ ਸਨ ਪਰ ਹੋਇਆ ਕੀ... ਅਸਮਾਨ ਤੋਂ ਧਰਤੀ ’ਤੇ ਡਿੱਗ ਪਈ... ਹੋਰ ਵੀ ਬੇਰਹਿਮ ਕੈਦ ਵਿੱਚ ਜਕੜੀ ਗਈ। ਮਾਨਵ ਦਾ ਵਿਹਾਰ ਵੀ ਰੁੱਖਾ ਜਿਹਾ... ਉਹ ਸਦਾ ਹੀ ਆਪਣੀ ਹੀਨ ਭਾਵਨਾ ਦਾ ਸ਼ਿਕਾਰ ਰਹਿੰਦਾ... ਅਕਸਰ ਹੀ ਕਹਿੰਦਾ, ‘‘ਹੁਣ ਪਤਾ ਲੱਗਿਐਂ ਬਹੁਤੀ ਪੜ੍ਹੀ ਲਿਖੀ ਤੀਮੀਂ ਦਾ ਦਿਮਾਗ ਤਾਂ ਖਰਾਬ ਹੁੰਦਾ ਹੈ।” ਉਹ ਗੱਲ-ਗੱਲ ’ਤੇ ਮੈਨੂੰ ਨੀਵਾਂ ਵਿਖਾਉਂਦਾ। ਹੁਣ ਤਾਂ ਮੈਂ ਹਰ ਦਰਦ ਨੂੰ ਆਪਦੇ ਅੰਦਰ ਦਬਾਅ ਲਿਆ ਹੈ... ਮੇਰੇ ਅੰਦਰ ਬੇਵਸੀ ਦੇ ਬੱਦਲ ਹੰਝੂਆਂ ਨਾਲ ਭਰੇ ਰਹਿੰਦੇ ਪਰ ਵੱਸਦੇ ਨਹੀਂ ਸੀ... ਕਾਲਜਾ ਗਿੱਲੇ ਬਾਲਣ ਵਾਂਗ ਧੁੱਖਦਾ ਰਹਿੰਦੈ... ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ, ਘੜੀ ਦੀ ਟਿਕ-ਟਿਕ ਦੇ ਨਾਲ ਮੈਨੂੰ ਇੱਕ ਸੋਚ ਆਉਂਦੀ ਤੇ ਇੱਕ ਜਾਂਦੀ... ਸੂਈਆਂ ਭੱਜ ਰਹੀਆਂ ਸਨ... ਮੇਰਾ ਜੀਵਨ ਇਹਨਾਂ ਮਿੰਟਾਂ ਸਕਿੰਟਾਂ ਵਿੱਚ ਵੰਡਿਆ ਹੋਇਆ ਸੀ... ਮੈਂ ਇਹਨਾਂ ਹਾਲਾਤ ਨੂੰ ਸਵੀਕਾਰ ਕਰ ਲਿਆ ਸੀ... ਹੁਣ ਤਾਂ ਮੈਂ ਆਪਣੀ ਸ਼ਨਾਖ਼ਤ ਆਪ ਕਰਨ ਦੇ ਯੋਗ ਵੀ ਨਹੀਂ ਸੀ। ਜਿੰਦਗੀ ਤੇ ਮੈਂ ਹਰ ਰੋਜ਼ ਗੱਲ ਕਰਦੇ... ਮੈਂ ਤਾਂ ਆਪਦੇ ਬੇਤਰਤੀਬੇ ਘਰ ਨੂੰ ਤਰਤੀਬ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਹੁਣ ਤਾਂ ਮੈਂ ਆਪ ਹੀ ਬੇਤਰਤੀਬ ਹੁੰਦੀ ਜਾਂਦੀ ਹਾਂ... ਹਨੇਰੇ ਵਿੱਚ ਡਿਕ-ਡੋਲੇ ਖਾ ਰਹੀ ਹਾਂ ਜਦੋਂ ਜਿੰਦਗੀ ਵਾਜਾਂ ਮਾਰਦੀ ਤਾਂ ਰੌਸ਼ਨੀ ਜਿਹੀ ਵਿਖਾਈ ਦਿੰਦੀ... ਮੇਰੇ ਅੰਦਰ ਹਲਚਲ ਪੈਦਾ ਹੁੰਦੀ ” ਜਿੰਦਗੀ ਤੂੰ ਮੈਨੂੰ ਵਾਜਾਂ ਨਾ ਮਾਰ... ਮੈਂ ਆਪਣੀ ਇਕਾਗਰਤਾ ਨੂੰ ਇੱਕ... ਬਿੰਦੂ ਤੇ ਸਥਿਰ ਕਰਨਾ ਚਾਹੁੰਦੀ ਹਾਂ... ਮੈਂ ਬੜੀ ਗੂੜੀ ਨੀਂਦ ਸੌਣਾ ਚਾਹੁੰਦੀ ਹਾਂ... ਪੈਰਾਂ ਵਿੱਚ ਪਾਈਆਂ ਬੇੜੀਆਂ ਤੋਂ ਆਜ਼ਾਦ ਹੋਣਾ ਚਾਹੁੰਦੀ ਹਾਂ... ਖੁਦਮੁਖ਼ਤਾਰੀ ਦੀ ਸਰਜਮੀਂਤੇ ਪੈਰ ਰੱਖ ਕੇ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਚਾਹੁੰਦੀ ਹਾਂ… ਪਰ ਇਹ ਗਲਾਫ਼ ਮੈਨੂੰ ਬਾਹਰ ਦੀ ਹਵਾ ਵੀ ਨਹੀਂ ਲੱਗਣ ਦਿੰਦਾ… ਏਸੇ ਕਰਕੇ ਤਾਂ ਮੇਰੇ ਅੰਦਰ ਸਦਾ ਪਤਝੜ ਦਾ ਮੌਸਮ ਰਹਿੰਦਾ ਹੈ… ਮੇਰੇ ਅੰਦਰ ਰੁਖਾਂ ਦੇ ਜ਼ਰਦ ਪੱਤੇ ਸਦਾ ਹੀ ਝੜਦੇ ਰਹਿੰਦੇ ਹਨ ਤੇ ਮੈਂ ਅੰਦਰੋ ਅੰਦਰੀ ਨਿਰਵਸਤਰ ਹੁੰਦੀ ਜਾ ਰਹੀ ਹਾਂ। ਫੋਨ ਦੀ ਰਿੰਗ ਵੱਜ ਉੱਠੀ। ‘‘ਕਥਾ ! ਓ ਕਥਾ! ਤੂੰ ਜਿੰਦਗੀ ਨੂੰ ਤਾਂ ਜਾਣਦੀ ਹੈ ਪਰ ਇਸ ਨੂੰ ਜਿਉਣਾ ਨਹੀਂ ਜਾਣਦੀ… ਤੂੰ ਇਸ ਨੂੰ ਲੱਭ… ਇਹ ਬਹੁਤ ਹਸੀਨ ਹੈ… ਆਪਣੇ ਬੂਹੇ ਬਾਰੀਆਂ ਤਾਂ ਖੋਹਲ… ਇਹ ਦੋਬਾਰਾ ਨਹੀਂ ਆਉਣੀ… ਵੇਖ ਲੈ, ਨਹੀਂ ਤਾਂ ਇਹ ਇੱਕ ਮੋਇਆ ਸੁਫ਼ਨਾ ਬਣ ਜਾਏਗੀ।’’
‘‘ਜ਼ਿੰਦਗੀ ਤੈਨੂੰ ਰੱਬ ਦਾ ਵਾਸਤਾ ਤੂੰ ਮੈਨੂੰ ਨਾ ਬੁਲਾ… ਮੈਂ ਬੜੀ ਵਾਰੀ ਆਪਦਾ ਵਜੂਦ ਖਿੱਚ ਕੇ ਤੇਰੇ ਹਾਣ ਦਾ ਕੀਤਾ ਪਰ ਇਹ ਬਹੁਤ ਕਮਜੋਰ ਹੈ।” ਜਿੰਦਗੀ ਮੈਨੁੰ ਹਲੂਣਦੀ… ਜਗਾਉਂਦੀ… ਬੋਲਦੀ… ਧੜਕਦੀ… ਹਰ ਰੋਜ਼ ਇਹ ਸਭ ਹੁੰਦਾ… ਹੌਲੀ ਹੌਲੀ ਮੇਰਾ ਵਜੂਦ ਵੀ ਉਸਰਣ ਲੱਗ ਪਿਆ… ਏਸ ਹੱਦ ਤੋਂ ਪਾਰ ਸਭ ਕੁਝ ਹਸੀਨ ਨਜਰ ਆਉਣ ਲੱਗ ਪਿਆ… ਮੈਂ ਸੋਚਦੀ ਰਹਿੰਦੀ… ਕਿਵੇਂ ਲੰਘਾਂਗੀ ਇਹਨਾਂ ਦਹਿਲੀਜ਼ਾਂ ਨੂੰ… ਏਸ ਲਛਮਣ ਰੇਖਾ ਨੂੰ… ਇਸ ਵਿੱਚੋਂ ਤਾਂ ਚੰਗਿਆੜ੍ਹੇ ਨਿਕਲਦੇ ਨੇ… ਮੇਰੇ ਗਲਾਫ਼ ਨੂੰ ਸਾੜ੍ਹ ਦੇਣਗੇ… ਜਦੋਂ ਮੈਂ ਕਿਸੇ ਨਵੀਂ ਜਿੰਦਗੀ ਦੀ ਕਲਪਨਾ ਕਰਦੀ ਤਾਂ ਮੇਰੇ ਅੰਦਰ ਕਰੂਬਲਾਂ ਫੁਟਣ ਲੱਗ ਪਈਆਂ… ਮੈਂ ਹੌਲੀ ਹੌਲੀ ਬਦਲਣ ਲੱਗ ਪਈ… ਪਤਾ ਨਹੀ ਕਿਉਂ ਏਨੀ ਜ਼ਾਲਿਮ ਹੁੰਦੀ ਜਾ ਰਹੀ ਸੀ… ਸ਼ੂਕਦੇ ਪਾਣੀ ਵਾਂਗ ਸਭ ਕੁਝ ਤਹਿਸ-ਨਹਿਸ ਕਰ ਸਕਦੀ ਸੀ। ਮੇਰੇ ਅੰਦਰ ਇੱਛਾ ਤੇ ਮਰਿਯਾਦਾ ਦਾ ਯੁੱਧ ਚੱਲ ਪਿਆ… ਇੱਛਾ ਜਿੱਤ ਗਈ ਤੇ ਮਰਿਯਾਦਾ ਹਾਰ ਗਈ… ਮੈਂ ਆਪਣੇ ਕਦਮ ਘਰੋਂ ਬਾਹਰ ਵੱਲ ਪੁੱਟ ਲਏ,
…ਫੇਰ ਪਿੱਛਾ ਭਉਂ ਕੇ ਨਹੀਂ ਵੇਖਿਆ …ਤੁਰ ਪਈ ਸੀ ਨਵੀਆਂ ਰਾਹਾਂ ’ਤੇ… ਗੱਡੀ ਵਿੱਚ ਬੈਠ ਗਈ… ਮੇਰੇ ਅੰਦਰ ਕਥਾ ਦਾ ਵਜੂਦ ਉਸਰਦਾ ਜਾ ਰਿਹਾ ਸੀ … ਕਾਮਨਾ ਜਿਵੇਂ ਬੌਣੀ ਜਿਹੀ ਹੁੰਦੀ ਜਾ ਰਹੀ ਸੀ, ਮੇਰੇ ਅੰਦਰਲੇ ਜਹਾਨ ਵਿੱਚ ਪਤਝੜ ਦਾ ਮੌਸਮ ਬਹਾਰ ਵਿੱਚ ਬਦਲਣ ਲੱਗ ਪਿਆ… ਮੈਂ ਗੱਡੀ ਦੇ ਬਾਹਰ ਦਾ ਨਜ਼ਾਰਾ ਵੇਖ ਰਹੀ ਸੀ… ਸੂਰਜ ਦਾ ਲਾਲ ਗੋਲਾ, ਦਰਖ਼ਤ, ਧਰਤੀ ਸਭ ਮੇਰੇ ਨਾਲ ਭੱਜ ਰਹੇ ਸਨ ਜਿੰਦਗੀ ਨੂੰ ਗਲਵਕੜੀ ਪਾਉਣ ਲਈ।
ਮੈਂ ਗੱਡੀ ਦੇ ਅੰਦਰ ਨਿਗਾਹ ਮਾਰੀ… ਮੈਨੂੰ ਜਾਪਿਆ ਜਿਵੇਂ ਹਰ ਸ਼ਖ਼ਸ ਦੇ ਮੂੰਹ ’ਤੇ ਇੱਕ ਸਵਾਲੀਆ ਨਿਸ਼ਾਨ ਹੈ… ਮੈਂ ਡਰ ਗਈ… ਅੱਖਾਂ ਬੰਦ ਕਰ ਲਈਆਂ… ਹਵਾ ਮੇਰੇ ਉਲਟ ਚਲ ਰਹੀ ਸੀ… ਮੇਰੇ ਪੰਨੇ ਫੜ੍ਹ-ਫੜ੍ਹ ਕਰਦੇ ਹਵਾ ਨਾਲ ਖਹਿ ਰਹੇ ਸਨ।
ਸਟੇਸ਼ਨ ਆ ਗਿਆ। ਜਿੰਦਗੀ ਮੈਨੂੰ ਉਡੀਕ ਰਹੀ ਸੀ… ਉਸਨੇ ਮੇਰਾ ਹੱਥ ਫੜ੍ਹਕੇ ਮੈਨੂੰ ਗੱਡੀ ਵਿਚੋਂ ਉਤਾਰ ਲਿਆ… ਮੇਰੇ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਏ… ਮੇਰੀਆਂ ਅੱਖਾਂ ਮੀਟੀਆਂ ਗਈਆਂ। ‘‘ਜਿੰਦਗੀ ਮੈਨੂੰ ਇਥੋਂ ਦੂਰ ਲੈ ਚੱਲ… ਮੈਨੂੰ ਏਨੇ ਇਕੱਠ ਵਿੱਚ ਘਬਰਾਹਟ ਹੋ ਰਹੀ ਹੈ।” ਇਹ ਦੁਨੀਆਂ ਪਤੈ ਕਿਉਂ ਭੱਜ ਰਹੀ ਹੈ?, ਕਥਾ? ਮੈਨੂੰ ਤਲਾਸ਼ਦੀ ਹੈ… ਮੈਂ ਤਾਂ ਇਹਨਾਂ ਦੇ ਨੇੜੇ ਹੀ ਹਾਂ… ਫੇਰ ਵੀ ਇਹ ਮੈਨੂੰ ਪਛਾਣਦੇ ਨਹੀਂ… ਘੁਰਣਿਆਂ ਵਿੱਚੋਂ ਨਿਕਲਦੇ ਨੇ ਤੇ ਘੁਰਣਿਆਂ ਵਿੱਚ ਹੀ ਵੜ ਜਾਂਦੇ ਨੇ… ਬੱਸ ਇਹ ਏਸੇ ਤਰ੍ਹਾਂ ਭੱਜ ਨੱਸ ਵਿੱਚ ਹੀ ਮਸਰੂਫ਼ ਨੇ।”… ਕੁੱਝ ਪਲ ਵਾਸਤੇ ਮੈਂ ਚੁੱਪ ਹੋ ਗਈ। ਕੁਝ ਦੂਰ ਚੱਲ ਕੇ ਜਿੰਦਗੀ ਨੇ ਪੁੱਛਿਆ ਸੀ, ‘‘ਦੱਸ ਕਥਾ ਤੈਨੂੰ ਕੀ ਚਾਹੀਦੈ।’’ ‘‘ਜਿੰਦਗੀ ਮੈਨੂੰ ਬਹੁਤ ਪਿਆਸ ਲੱਗੀ ਹੈ… ਪਾਣੀ… ਬੱਸ ਪਾਣੀ ਚਾਹੀਦੈ… ਜਿੰਦਗੀ ਓਹ ਵੇਖ ਗੁਰਦੁਆਰਾ… ਓਥੇ ਚੱਲੀਏ?” ਅਸੀਂ ਗੁਰਦੁਆਰੇ ਮੱਥਾ ਟੇਕਿਆ… ਠੰਡਾ ਅੰਮ੍ਰਿਤ ਵਰਗਾ ਪਾਣੀ ਪੀਤਾ… ਅੰਦਰ ਤਾਂਈ ਰੂਹ ਸ਼ਾਂਤ ਹੋ ਗਈ। ‘‘ਹੁਣ ਦੱਸ ਕਥਾ।” ‘‘ਜਿੰਦਗੀ ਮੈਂ ਬਹੁਤ ਭੁੱਖੀ ਵੀ ਹਾਂ… ਪਰ ਮੈਂ ਰੋਟੀ ਨਹੀਂ ਖਾਣੀ… ਇਹ ਤਾਂ ਮੈਂ ਹਰ ਰੋਜ਼ ਖਾਂਦੀ ਹਾਂ।” ‘‘ਫੇਰ ਜਲੇਬੀਆਂ ਖਾਣੀਆਂ ਨੇ?” ‘‘ਹਾਂ ਜਰੂਰ।” ਅਸੀਂ ਅਖਬਾਰ ਦੇ ਕਾਗਜ਼ ਉੱਤੇ ਜਲੇਬੀਆਂ ਰੱਖ ਕੇ ਖਾਧੀਆਂ… ਮਿਠਾਸ ਅੰਦਰ ਤਾਂਈ ਘੁਲ ਗਈ। ‘‘ਕਥਾ ਤੂੰ ਇੰਨ੍ਹੇ ਵਿੱਚ ਹੀ ਰੱਜ ਗਈ ?” ‘‘ਜਿੰਦਗੀ ਮੈਨੂੰ ਬੱਸ ਇਨ੍ਹੀ ਹੀ ਭੁੱਖ ਸੀ।” ‘‘ਕਥਾ ਤੂੰ ਆਪਣਾ ਭਾਰ ਮੈਨੂੰ ਦੇ ਦੇ,” ਉਸਨੇ ਮੇਰਾ ਬੈਗ ਆਪਣੇ ਮੋਢਿਆਂ ਤੇ ਪਾ ਲਿਆ। ਮੇਰੇ ਸਿਰ ’ਤੇ ਪੋਲਾ ਜਿਹਾ ਹੱਥ ਫੇਰਿਆ… ਮੇਰੀਆਂ ਅੱਖਾਂ ਆਪ ਮੁਹਾਰੇ ਮੀਟੀਆਂ ਗਈਆਂ। ਮੈਂ ਤੇ ਜ਼ਿੰਦਗੀ ਨੇ ਹੱਥਾਂ ਵਿਚ ਹੱਥ ਪਾ ਲਏ… ਅਸੀਂ ਤੁਰ ਪਏ… ਇੱਕ ਹਸੀਨ ਸਫ਼ਰ ’ਤੇ… ਅੱਜ ਇਹ ਸੜਕ ਵੀ ਮੈਨੂੰ ਤੁਰਦੀ ਹੋਈ ਜਾਪੀ… ਮੇਰੇ ਘਰ ਤੋਂ ਜ਼ਿੰਦਗੀ ਤੱਕ ਤੇ ਜ਼ਿੰਦਗੀ ਤੋਂ ਮੇਰੇ ਤੱਕ। ਮੇਰੇ ਖੱਬੇ ਪਾਸੇ ਮਾਸ ਦਾ ਟੁਕੜਾ ਧੜਕਣ ਲੱਗ ਪਿਆ… ਖੂਨ ਦੀ ਗਰਦਿਸ਼ ਤੇਜ਼ ਹੋ ਗਈ… ਅੱਜ ਜ਼ਿੰਦਗੀ ਕਿੰਨੀ ਹਸੀਨ ਤੇ ਬੇਪਰਵਾਹ ਸੀ। ਸਰਦੀਆਂ ਦੀ ਕੋਸੀ ਜਿਹੀ ਧੁੱਪ ਤੇ ਕੂਲੀ ਸ਼ਾਮ ਕਿੰਨੀ ਬੇਇਖ਼ਤਿਆਰ… ਕਿੰਨੀ ਮੁਕੰਮਲ… ਅੱਜ ਮੈਂ ਚਾਹਤ ਤੇ ਇਛਾਵਾਂ ਦੇ ਸ਼ਕਤੀ ਸ਼ਾਲੀ ਨਿਯੰਤਰਨ ਵਿਚ ਸੀ। ਅਜਿਹੀ ਸਥਿਤੀ ਵਿੱਚ ਮੈਂ ਆਪਦੇ ਆਪ ਨੂੰ ਭੁੱਲ ਗਈ ਸੀ… ਅੱਜ ਮੇਰੇ ਅੰਦਰ ਦੀ ਸਿਆਣੀ ਜਿਹੀ ਔਰਤ ਬਦਲ ਗਈ… ਮੈਂ ਇੱਕ ਬੁੱਧੂ ਜਿਹੀ ਸਿਧੀ ਸਾਧੀ ਕੁੜੀ ਬਣ ਗਈ, ਅੱਜ ਦਾ ਦਿਨ ਅਜਿਹਾ ਸੀ ਜਿਵੇਂ ਰਾਤ ਦੇ ਹਨੇਰੇ ਵਿੱਚੋਂ ਨਿਕਲ ਕੇ ਰੂਪਮਾਨ ਹੋਇਆ ਹੋਵੇ… ਮੇਰੀ ਰੂਹ ਨੂੰ ਤ੍ਰਿਪਤ ਕਰ ਰਿਹਾ ਸੀ… ਮੈਂ ਜਿੰਦਗੀ ਦੇ ਇਸ ਬੰਧਨ ਤੋਂ ਕਦੇ ਦੂਰ ਨਹੀਂ ਜਾਣਾ ਚਾਹੁੰਦੀ ਸੀ… ਇਹ ਨਿੱਘਾ, ਵਰਖਾ ਭਰਿਆ ਦਿਨ ਸੀ… ਅਸੀਂ ਬੜੀ ਦੇਰ ਤਲਾਅ ਦੇ ਕਿਨਾਰੇ ਬੈਠੇ ਰਹੇ…ਕਿੰਨਾਂ ਸਕੂਨ ਸੀ ਇੱਥੇ ਮੈਨੂੰ ਜਾਪਦਾ ਸੀ ਜਿਵੇਂ ਮੈਂ ਸਿਪੀਆਂ ਘੋਗੇ ਚੁਗ ਰਹੀ ਹੋਵਾਂ… ਆਸਮਾਨੀ ਤਾਰੀ ਲਾਉਂਦੇ ਪੰਛੀਆਂ ਸੰਗ ਉਡਦੀ ਹੋਵਾਂ… ਮੱਛੀਆਂ ਸੰਗ ਬੋਲਦੀ ਹੋਵਾਂ… ਤਲਾਅ ਦੇ ਆਲੇ ਦੁਆਲੇ ਹਰਾ ਹਰਾ ਘਾਹ… ਖੇਤਾਂ ਵਿੱਚ ਝੂਲਦੀਆਂ ਫਸਲਾਂ… ਜਿਨ੍ਹਾਂ ਦੀ ਖੁਸ਼ਬੋਈ ਮੇਰੇ ਅੰਤਰੀਵ ਤਾਂਈ ਵੱਸ ਗਈ… ਦੂਰ ਅਸਮਾਨ ਵਿਚੋਂ ਨਿੰਮੀ ਨਿੰਮੀ ਬਿਜਲੀ ਦੀ ਲਿਸ਼ਕ ਵਿਖਾਈ ਦੇ ਰਹੀ ਸੀ… ਮੇਰੇ ਅੰਦਰ ਇੱਕ ਇਲਾਹੀ ਸੰਗੀਤ ਗੂੰਜ ਰਿਹਾ ਸੀ… ਮੈਂ ਥਿਰਕਣ ਲੱਗ ਪਈ… ਮੈਂ ਆਪਣੇ ਅੰਦਰਲੀ ਔਰਤ ਕੋਲੋਂ ਬਹੁਤ ਦੂਰ ਜਾ ਰਹੀ ਸੀ… ਕਿੰਨਾ ਰਹੱਸਮਈ ਨਜ਼ਾਰਾ ਸੀ। ਨੀਲਾ ਪਾਣੀ ਇੰਝ ਜਿਵੇਂ ਨੀਲਾ ਅਸਮਾਨ ਦਾ ਰੰਗ… ਸਭ ਨਜ਼ਾਰੇ ਮਦਹੋਸ਼ ਕਰ ਦੇਣ ਵਾਲੇ ਸੀ। ਇਹ ਧਰਤੀ ਜਿਵੇਂ ਸਵਰਗ ਦਾ ਟੁਕੜਾ ਹੋਵੇ, ਜਿੰਦਗੀ ਦੀਆਂ ਅੱਖਾਂ ਬੜੀਆਂ ਰੁਮਾਨੀ… ਲਿਸ਼ਕਦੀਆਂ ਹੋਈਆਂ… ਖੁਸ਼ੀ ਨਾਲ ਭਰੀਆਂ… ਰਹੱਸਮਈ ਤੇ ਚੰਚਲ। ਦੂਰ-ਘਰਾਂ ਵਿਚ ਬਿਜਲੀ ਟਿਮਕਣੀ ਸ਼ੁਰੂ ਹੋ ਗਈ… ਮੈਨੂੰ ਅੱਜ ਕੋਈ ਚਾਹਤ ਨਹੀਂ ਸੀ… ਮੈਂ ਜਿੰਦਗੀ ਨੂੰ ਰੱਜ ਕੇ ਜਿਉਂ ਰਹੀ ਸੀ…‘‘ਕਥਾ ਕੀ ਤੈਨੂੰ ਅੱਜ ਕਿਸੇ ਦੀ ਪਰਵਾਹ ਨਹੀਂ? ਹੁਣ ਤੇਰਾ ਸਵੈਮਾਣ ਕਿੱਥੇ ਗਿਆ?” ‘‘ਮੈਂ ਨਹੀਂ ਜਾਣਦੀ ਮੇਰਾ ਸਵੈਮਾਣ ਕਿੱਥੇ ਗਿਆ… ਤੈਨੂੰ ਨਹੀਂ ਪਤਾ ਮੈਂ ਇਸ ਸਵੈਮਾਣ ਨੂੰ ਗੁਆ ਕੇ ਕਿੰਨੀ ਵੱਡੀ ਚੀਜ਼ ਹਾਸਿਲ ਕਰ ਲਈ।” ‘‘ਕਥਾ, ਓਹ ਕੀ?” ‘‘ਆਜ਼ਾਦੀ… ਇਹੋ ਜਿਹੀ ਆਜ਼ਾਦੀ ਜਿਸਨੇ ਮੈਨੂੰ ਅੱਜ ਅਮਰ ਕਰ ਦਿੱਤਾ।” ਤਲਾਅ ਦੇ ਕਿਨਾਰੇ ਤੁਰਦਿਆਂ ਤੁਰਦਿਆਂ ਸਾਡੇ ਪੈਰ ਭੁਰਭੁਰੀ ਜਿਹੀ ਮਿੱਟੀ ਉੱਤੇ ਪੈ ਗਏ ‘‘ਕਥਾ ਆਹ ਵੇਖ ਮਿੱਟੀ ਦੇ ਘੁਰਨੇ।” ਮੈਂ ਹੱਸ ਪਈ, ਜਿੰਦਗੀ ਤੈਨੂੰ ਨਹੀਂ ਪਤਾ ਇਹ ਸਿਉਂਕ ਹੁੰਦੀ ਹੈ… ਇਹਨਾਂ ਦੇ ਨਾਂ ਕੋਈ ਦਿਮਾਗ ਹੁੰਦਾ ਹੈ ਤੇ ਨਾ ਹੀ ਕੋਈ ਅੱਖਾਂ… ਇਹ ਸਵੈਚਾਲਕ ਯੰਤਰ ਵਾਂਗ ਸਾਰੀ ਉਮਰ ਏਸੇ ਤਰ੍ਹਾਂ ਕੰਮ ਕਰਦੀ ਰਹਿੰਦੀ ਹੈ। ਮੇਰਾ ਧਿਆਨ ਸਿਉਂਕ ਦੇ ਘੁਰਣਿਆਂ ਵਿਚ ਅਟਕ ਗਿਆ… ਜਿੰਦਗੀ ਨੇ ਮੈਨੂੰ ਹਲੂਣਿਆਂ… ਉਸ ਦੀਆਂ ਅੱਖਾਂ ਵਿੱਚ ਹੰਝੂ ਚਮਕ ਪਏ, ‘‘ਕਥਾ ਕੀ ਤੂੰ ਜਾਣਦੀ ਏਂ ਤੂੰ ਵੀ ਤਾਂ ਇੱਕ ਸਿਉਂਕ ਹੀ ਹੈ।” ਜਿੰਦਗੀ ਨੇ ਕਹਿ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਲਈਆਂ। ਮੇਰੀਆਂ ਅੱਖਾਂ ਵੀ ਨਮ ਹੋ ਗਈਆਂ।
ਫੋਨ ਵੱਜ ਉੱਠਿਆ… ‘‘ਮੰਮਾ ਤੁਸੀ ਕਿੱਥੇ ਓ?… ਜਲਦੀ ਆਓ… ਮੈਨੂੰ ਹੋਮ ਵਰਕ ਕਰਵਾ ਦਓ।” ‘‘ਹਾਂ ਬੇਟਾ। ਮੈਂ ਜਲਦੀ ਆ ਰਹੀ ਹਾਂ।” ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਮੈਂ ਜਿਵੇਂ ਨੀਮ ਬੇਹੋਸ਼ੀ ਵਿੱਚੋ ਬਾਹਰ ਆ ਗਈ ਹੋਵਾਂ… ਡਰ ਗਈ ਸੀ ਇੱਕ ਸੱਚੇ ਸੁੱਚੇ ਅਹਿਸਾਸ ਨੂੰ ਗੁਆ ਨਾਂ ਬੈਠਾ… ਫਿਰ ਇੱਕ ਮੋਮ ਦੀ ਗੁੱਡੀ ਨਾਂ ਬਣ ਜਾਵਾਂ… ਜਿਸ ਦਾ ਕੋਈ ਵਜੂਦ ਨਹੀਂ। ਜਿੰਦਗੀ ਨੇ ਫੇਰ ਮੈਨੂੰ ਆਵਾਜ ਮਾਰੀ। ਉਸਦੀਆਂ ਅੱਖਾਂ ਵਿੱਚ ਸਵਾਲੀਆ ਨਿਸ਼ਾਨ ਸੀ… ਚਿਹਰੇ ’ਤੇ ਉਦਾਸੀ ਦੇ ਬੱਦਲ ਛਾ ਗਏ। ਜ਼ਿੰਦਗੀ ਇੱਕ ਪਲ ਵਾਸਤੇ ਚੁੱਪ ਹੋ ਗਈ ਫੇਰ ਕੁਝ ਸੋਚ ਕੇ ਬੋਲੀ, ‘‘ਹੁਣ ਤੂੰ ਘਰ ਜਾਣੈ?” ‘‘ਹਾਂ ਜਿੰਦਗੀ, ਜਸ਼ਨ ਬੁਲਾ ਰਿਹਾ ਐ… ਉਸ ਮਾਸੂਮ ਦਾ ਕੀ ਕਸੂਰ?” ਜਿੰਦਗੀ ਫੇਰ ਹੱਸੀ। ਉਸਦੇ ਹਾਸੇ ਵਿਚ ਰੁਦਨ ਸੀ। ‘‘ਠੀਕ ਹੈ ਕਥਾ ਤੈਨੂੰ ਜਾਣਾ ਹੀ ਪਵੇਗਾ… ਆਹ ਲੈ ਆਪਣਾ ਭਾਰ ਚੁੱਕ ਲੈ।’’ ਉਸਨੇ ਬੈਗ ਫੇਰ ਮੇਰੇ ਮੋਢੇ ਉੱਤੇ ਪਾ ਦਿੱਤਾ, ‘‘ਕਥਾ ਚਾਹੁੰਣਾ ਤੇ ਪਾਉਣਾ ਦੋਹਾਂ ਵਿੱਚ ਬਹੁਤ ਅੰਤਰ ਹੈ।’’ ‘‘ਜਿੰਦਗੀ ਫੇਰ ਵੀ ਮੈਨੂੰ ਜਾਪ ਰਿਹੈ ਮੈਂ ਤੇਰੇ ਨਾਲ ਕਈ ਵਰ੍ਹੇ ਹਢਾਂਅ ਲਏ।” ਫੋਨ ਫੇਰ ਵੱਜ ਪਿਆ ‘‘ਬੱਸ ਬੇਟਾ ਮੈਂ ਆ ਰਹੀ ਆ।” ਮੈਂ ਗੱਡੀ ਵਿੱਚ ਬੈਠ ਗਈ। ਜਿੰਦਗੀ ਨੇ ਮੇਰੇ ਹੱਥ ਆਪਣੇ ਹੱਥਾਂ ਵਿਚ ਘੁੱਟ ਲਏ। ਉਸਦੀਆਂ ਅੱਖਾਂ ਵਿੱਚ ਅੰਤਾਂ ਦਾ ਦਰਦ ਸੀ। ‘‘ਕਥਾ ਤੂੰ ਘਰ ਜਾ ਕੇ ਕੀ ਕਹੇਂਗੀ?” ‘‘ਮੈਂ… ਮੈਂ ਝੂਠ ਬੋਲਾਂਗੀ ਝੂਠ।’’ ਮੈਂ ਉੱਚੀ ਉੱਚੀ ਹੱਸ ਪਈ। ‘‘ਕੀ ਇਹ ਵੀ ਤੇਰਾ ਕੋਈ ਚੱਲਿਤਰ ਹੈ?” ‘‘ਹਾਂ ਜਿੰਦਗੀ ਚਲਿੱਤਰ ਹੀ ਤਾਂ ਹੈ… ਮੈਂ ਤੇਰੇ ਕੋਲੋਂ ਹੀ ਤਾਂ ਸਿਖਿਆ ਹੈ, ਤੂੰ ਹੀ ਤਾਂ ਕਿਹਾ ਸੀ ਜੇ ਮੈਨੂੰ ਭਰਪੂਰ ਜਿਉਣਾ ਹੈ ਤਾਂ ਚਲਿੱਤਰ ਖੇਡਣੇ ਪੈਣਗੇ।” ਗੱਡੀ ਨੇ ਚੀਕ ਮਾਰ ਦਿੱਤੀ। ‘‘ਕਥਾ! ਇਹ ਚੀਕ ਮੈਨੂੰ ਜਿੰਦਗੀ ਭਰ ਨਹੀਂ ਭੁੱਲੇਗੀ”। ‘‘ਹਾਂ ਜਿੰਦਗੀ, ਇਹ ਆਪਣੇ ਵਿਛੜਣ ਦਾ ਐਲਾਨ ਕਰ ਰਹੀ ਹੈ।” ਗੱਡੀ ਸਰਕ ਪਈ ‘‘ਜੰਦਗੀ ਇਹ ਤਾਂ ਦੱਸ ਜਾ, ਤੂੰ ਪੁਰਸ਼ ਏਂ ਕੇ ਨਾਰੀ?” ‘‘ਮੈਂ ਅਰਧ ਨਾਰੀ… ਅਰਧ ਨਾਰੀ ਹਾਂ ਮੈਂ”। ‘‘ਹਾਂ ਜ਼ਿੰਦਗੀ ਫੇਰ ਵੀ ਹਰ ਦੋਸ਼ ਤੇਰੀ ਨਾਰੀ ਦੇ ਹਿੱਸੇ ਹੀ ਆਉਂਦਾ ਹੈ।’’ ਜ਼ਿੰਦਗੀ ਖਾਮੋਸ਼ ਹੋ ਗਈ ਪਰ ਫੇਰ ਉਸਨੇ ਹਾਮੀ ਭਰ ਦਿੱਤੀ। ਜਿੰਦਗੀ ਮੈਥੋਂ ਦੂਰ ਹੁੰਦੀ ਜਾ ਰਹੀ ਸੀ… ਦੂਰੋਂ ਹੱਥ ਹਿਲਾ ਰਹੀ ਸੀ… ਮੇਰਾ ਹਰ ਮਿੰਟ… ਹਰ ਖਿਆਲ… ਹਰ ਲਫ਼ਜ਼ ਆਜ਼ਾਦ ਸੀ… ਪੂਰੀ ਤਰ੍ਹਾਂ ਨਾਲ ਮੁਕੰਮਲ… ਮੈਂ ਅਜੀਬ ਜਿਹੇ ਆਨੰਦ ਨਾਲ ਸਰਾਬੋਰ ਸੀ… ਜਿਸ ਦੀ ਕੋਈ ਪਰਿਭਾਸ਼ਾ ਨਹੀਂ ਸੀ ਇੱਕ ਨਵੇਂ ਰਕਤ ਨਾਲ ਭਰੀ ਹੋਈ ਸੀ… ਹੁਣ ਹਵਾ ਮੇਰੇ ਵੱਲ ਚੱਲ ਰਹੀ ਸੀ… ਗੱਡੀ ਤੇਜ਼ ਹੋ ਗਈ… ਤੇਜ਼ ਹਵਾ ਦੇ ਬੁਲ੍ਹੇ ਮੇਰੇ ਵਜੂਦ ਨੂੰ ਬਦਲ ਰਹੇ ਸੀ, ਮੇਰਾ ਹਰਫ਼ ਹਰਫ਼ ਚੱਲਣ ਲੱਗ ਪਿਆ… ਕਥਾ ਹੁਣ ਤੁਰਨ ਲੱਗ ਪਈ ਤੇ ਏਸੇ ਤਰ੍ਹਾਂ ਤੁਰਦੀ ਰਹੇਗੀ ਅਨੰਤ ਤੱਕ… ਜਿੰਦਗੀ ਦੀ ਤਲਾਸ਼ ਵਿੱਚ …।
ਮੋਬਾਈਲ : 98558-23005

Share this post

Leave a Reply

Your email address will not be published. Required fields are marked *