ਕਹਾਣੀ- ਸ਼ਾਇਦ….! ਬਲਵਿੰਦਰ ਬੁਲੇਟ

ਹਨੇਰੀਆਂ ਰਾਤਾਂ ਦਾ ਦੌਰ ਸੀ। ਉਦੋਂ ਜੁਗਨੂੰਆਂ ਦੀ ਸਰਦਾਰੀ ਹੁੰਦੀ ਸੀ ਤੇ ਤਾਰੇ ਸੂਰਜ ਹੋਣ ਦਾ ਦਾਅਵਾ ਕਰਦੇ ਸਨ। ਹਵਾ ਜਿਵੇਂ ਕਿਸੇ ਹੋਰ ਮੁਲਕ ਵਿਚ ਜਾ ਵੱਸੀ ਸੀ। ਜੇ ਕਦੇ-ਕਦੇ ਹਵਾ ਦਾ ਬੁੱਲ੍ਹਾ ਆਉਂਦਾ ਤਾਂ ਪਿੱਪਲ ਦੇ ਪੱਤੇ ਅਜੀਬ ਡਰਾਉਣੀ ਖ਼ਰ-ਖ਼ਰ ਦੀ ਆਵਾਜ਼ ਕਰਦੇ। ਰਾਤਾਂ ਨੂੰ ਮੰਜੀ ਹੇਠਾਂ ਚੂਹੀਆਂ ਦੀ ਹਰਕਤ ਸਾਫ਼ ਜ਼ਾਹਰ ਹੁੰਦੀ, ਜਿਵੇਂ ਉਹ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੀਆਂ ਹੁੰਦੀਆਂ। ਮੈਨੂੰ ਆਪਣੇ ਤੇਜ਼ ਧੜਕਦੇ ਸਾਹਾਂ ਦੀ ਆਵਾਜ਼ ਸੁਣਦੀ। ਬਾਪੂ ਦੇ ਘੁਰਾੜੇ ਪੂਰੇ ਵਿਹੜੇ ਵਿਚ ਸਾਨ੍ਹ ਵਾਂਗ ਗਰਜਦੇ ਤੇ ਮਾਂ ਦੇ ਪਲਸੇਟਿਆਂ ਚ ਸਹਿਮ ਲੁਕਿਆ ਹੋਇਆ ਸੀ। ਬੀਡਿਆਂ ਦੀ ਟਰੈਂ-ਟੈਂ ਬੜੀ ਭਿਆਨਕ ਲੱਗਦੀ। ਹਰ ਰਾਤ ਵੱਖਰੀ ਹੁੰਦੀ। ਕੋਈ-ਕੋਈ ਰਾਤ ਤਾਂ ਸਾਲਾਂ ਵਰਗੀ ਲੰਬੀ ਜਾਪਦੀ ਤੇ ਕੋਈ ਪਲਕ ਝਪਕਣ ਵਾਂਗ ਛੂੰ ਕਰਕੇ ਬੀਤ ਜਾਂਦੀ। ਕਿਸੇ-ਕਿਸੇ ਰਾਤ ਮੈਂ ਆਪਣੀਆਂ ਉਂਗਲਾਂ ਨਾਲ ਸਿਰਹਾਣੇ ਦੀ ਕੰਨੀ ਨੂੰ ਟੋਂਹਦੀ ਰਹਿੰਦੀ... ਹੇਠਲੇ ਬੁੱਲ੍ਹ ਦੰਦਾਂ ਵਿਚਾਲੇ ਪਿਸਦੇ ਰਹਿੰਦੇ ਤੇ ਅੱਖਾਂ ਹਨੇਰੀ ਰਾਤਚ ਪਹਿਰਾ ਦਿੰਦੇ ਜੁਗਨੂੰਆਂ ਦਾ ਪਿੱਛਾ ਕਰਦੀਆਂ। ਪਤਾ ਨਹੀਂ ਉਨ੍ਹਾਂ ਰਾਤਾਂ ਚ ੲੋਹੋ ਜਿਹਾ ਕੀ ਸੀ ਕਿ ਮੈਂ ਬੇਸਬਰੀ ਨਾਲ ਰਾਤ ਦੀ ਉਡੀਕ ਕਰਦੀ। ਦਿਨ ਮੇਰੇ ਅੰਦਰੋਂ ਕੁਝ ਚੋਰੀ ਕਰਦਾ ਜਾਪਦਾ, ਜਿਵੇਂ ਉਹ ਮੇਰੇ ਨਕਸ਼ਾਂਚ ਲੁਕੇ ਮਨਸੂਬਿਆਂ ਨੂੰ ਨਸ਼ਰ ਕਰਦਾ ਸੀ। ਪਰ ਰਾਤ ਮੇਰੇ ਲਈ ਪਰਦਾ ਹੁੰਦੀ ਸੀ, ਜੋ ਗੂੜ੍ਹੀ ਚਾਦਰ ਵਾਂਗ ਮੈਨੂੰ ਕੁਝ ਦੁਨੀਆ ਤੋਂ ਢੱਕ ਲੈਂਦੀ ਤੇ ਮੈਂ ਆਪਣੇ ਆਪ ਅੱਗੇ ਬੇਪਰਦ ਹੋ ਕੇ ਵਿਚਰਦੀ। ਘਰ ਦੀਆਂ ਚਾਰ ਦੀਵਾਰਾਂ ਚ ਹੋ ਕੇ ਵੀ ਮੈਂ ਕੁੱਲ ਸੰਸਾਰ ਦੇ ਬਨੇਰੇ ਢਾਹ ਦਿੰਦੀ ਤੇ ਕੰਧਾਂਤੇ ਸੁਹਾਗਾ ਫੇਰ ਕੇ ਲੰਘ ਜਾਂਦੀ।
ਅਠਾਰਵਾਂ ਵਰ੍ਹਾ ਸੀ ਮੇਰਾ… ਵਰ੍ਹਾ ਨਹੀਂ ਸੀ, ਇਹ ਤਾਂ ਪੂਰੀ ਸਦੀ ਸੀ, ਜੋ ਮੇਰੀ ਰਗ਼-ਰਗ਼ ਚੋਂ ਕੀੜੀ ਤੋਂ ਵੀ ਹੌਲੀ ਚਾਲ ਨਾਲ ਗੁਜ਼ਰਿਆ। ਮੇਰੀਆਂ ਨਜ਼ਰਾਂ ਵੇਖਦੀਆਂ ਨਹੀਂ ਸਨ, ਚੀਰਦੀਆਂ ਸਨ। ਅੱਖਾਂ ਨੂੰ ਜਿਵੇਂ ਕਿਸੇ ਸਮੁੰਦਰ ਦੀ ਭਾਲ ਸੀ। ਕਦੇ ਮੇਰੇਚ ਏਨੀ ਹਿੰਮਤ ਖੌਰੇ ਕਿੱਥੋਂ ਆ ਜਾਂਦੀ ਕਿ ਮੈਂ ਅਸਮਾਨੀ ਦੂਰ ਉੱਡ ਜਾਣ ਦੀਆਂ ਵਿਉਂਤਾ ਬੁਣਨ ਲੱਗਦੀ। ਮੇਰੀ ਮਾਂ ਨਿਰੀ ਪੁਰੀ ਮਿੱਟੀ ਦੀ ਢੇਰੀ ਸੀ, ਜਿਸ ਨੂੰ ਮੇਰਾ ਬਾਪ ਨਿੱਤ ਨਵੇਂ ਸਾਂਚੇ ਚ ਢਾਲਦਾ ਜਾਂ ਸ਼ਾਇਦ ਪੱਥਰ ਸੀ, ਜਿਸ ਨੂੰ ਘਸਰਾਂ ਲਾਉਣ ਦੀਆਂ ਬਾਪੂ ਕਸਰਾਂ ਨਹੀਂ ਸੀ ਛੱਡਦਾ। ਬਾਪੂ ਨੂੰ ਮੁਰਗੀਆਂ ਰੱਖਣ ਦਾ ਸ਼ੌਕ ਸੀ ਤੇ ਝਟਕਾਉਣ ਦਾ ਵੀ। ਹਰ ਰੋਜ਼ ਨਵੀਂ ਮੁਰਗੀ ਦੀ ਟੰਗ ਬਾਪੂ ਦੇ ਦੰਦਾਂ ਹੇਠ ਦਮ ਤੋੜ ਜਾਂਦੀ। ਮਾਂ ਸਵੇਰੇ ਮੁਰਗੀਆਂ ਨੂੰ ਚੋਗਾ ਤਾਂ ਹਰ ਰੋਜ਼ ਪਾਉਂਦੀ, ਪਰ ਪਲ-ਪਲ ਤ੍ਰਭਕਦੀ, ਦਾਣਾ-ਦਾਣਾ ਸੁੱਟਦੀ... ਉਂਗਲਾਂ ਕੰਬਣ ਲੱਗਦੀਆਂ... ਦਾਣੇ ਡਿੱਗਣੇ ਤੇਜ਼ ਹੁੰਦੇ... ਉਂਗਲਾਂ ਹੋਰ ਕੰਬਦੀਆਂ, ਫਿਰ ਇਕਦਮ ਮੁੱਠੀ ਘੁੱਟ ਲੈਂਦੀ, ਅਚਾਨਕ ਉਹ ਮੁੱਠੀ ਮੁੱਕੇਚ ਬਦਲਦੀ ਜਾਪਦੀ। ਫਿਰ ਹੱਥਾਂ ਦੀਆਂ ਉਂਗਲਾਂ ਚ ਘਬਰਾਹਟ ਫੈਲ ਜਾਂਦੀ ਤੇ ਹੱਥਾਂਚੋਂ ਦਾਣੇ ਮੱਲੋ ਮੱਲੀ ਕਿਰ ਜਾਂਦੇ। ਮੈਂ ਕਦੇ ਮਾਂ ਵੱਲ ਵੇਖਦੀ ਤੇ ਕਦੇ ਕਿਰਦੇ ਦਾਣਿਆਂ ਵੱਲ। ਦਾਣੇ ਚੁਗਦਿਆਂ ਮੁਰਗੀਆਂ ਆਪਸ ਵਿਚ ਖਹਿਬੜ ਪੈਂਦੀਆਂ, ਕੁਰਬਲ ਕੁਰਬਲ ਹੋ ਜਾਂਦੀ।
ਰਾਤੀ ਖੁੱਡੇ ਵਿਚ ਸਭ ਮੁਰਗੀਆਂ ਮੇਰੀ ਮਾਂ ਵਾਂਗ ਸਹਿਮੀਆਂ ਸਹਿਮੀਆਂ ਅੰਗੜਾਈਆਂ ਲੈਂਦੀਆਂ। ਜਦੋਂ ਮੈਂ ਪਲੇਸਟਾ ਮਾਰਦੀ, ਤਾਂ ਮੇਰੇ ਮੰਜੇ ਦੀ ਆਵਾਜ਼ ਇੰਝ ਆਉਂਦੀ ਜਿਵੇਂ ਇਸ ਦੀ ਚੂਲ ਢਿੱਲੀ ਹੋਵੇ। ਕਿਸੇ ਕਿਸੇ ਰਾਤ ਤਾਂ ਮਾਂ ਮੰਜੇ ਦੀ ਆਵਾਜ਼ ਸੁਣ ਕੇ ਬੁੜਬੁੜਾ ਉੱਠਦੀ,
‘ਸ਼ੁਦਾਈ ਹੋ ਗਿਐਂ ਤੂੰ! ਉਹ ਬੁੜਕ ਕੇ ਮੰਜੇ ਤੋਂ ਉੱਠਦੀ। ਮਾਂ ਅਕਸਰ ਰਾਤਾਂ ਨੂੰ ਘਬਰਾਉਂਦੀ, ਪਰ ਬਹੁਤੀ ਵਾਰੀ ਏਹੀ ਫ਼ਿਕਰੇ ਉਸ ਦੀ ਜ਼ੁਬਾਨਤੇ ਹੁੰਦੇ। ਹੌਲੀ-ਹੌਲੀ ਜਿਵੇਂ ਇਹ ਮਾਂ ਦੀ ਘਬਰਾਹਟ ਦਾ ਤਕੀਆ ਕਲਾਮ ਬਣ ਗਏ ਸਨ। ਮੈਂ ਉੱਠ ਕੇ ਪਾਣੀ ਦਾ ਗਲਾਸ ਫੜਾਉਂਦੀ। ਉਹ ਰੁਕ-ਰੁਕ ਕੇ ਪੀਂਦੀ ਤੇ ਵਿਚ ਵਿਚ ਲੰਬੇ ਲੰਬੇ ਸਾਹ ਲੈਂਦੀ। ਬਾਪੂ ਦੇ ਘੁਰਾੜਿਆਂ ਦੀ ਲੜੀ ਨਾ ਟੁੱਟਦੀ। ਮਾਂ ਖੇਸ ਦੀਆਂ ਚਾਰੇ ਕੰਨੀਆਂ ਦੱਬ ਕੇ ਮੰਜੀ ਤੇ ਗੁਥਮਗੁੱਥਾ ਹੋ ਜਾਂਦੀ। ਉਨ੍ਹਾਂ ਰਾਤਾਂਚ ਅਜੀਬ ਕਿਸਮ ਦਾ ਖਲਾਅ ਸੀ। ਬਾਹਰ ਸਭ ਕੁਝ ਠਹਿਰਿਆ ਹੋਇਆ ਸੀ। ਇਸ ਠਹਿਰਾਅ ਚ ਕੋਈ ਗੁੱਝੀ ਸ਼ੈਅ ਸੀ, ਜੋ ਸ਼ਹਿ ਲਾ ਕੇ ਬੈਠੀ ਹੋਈ ਸੀ। ਸ਼ਾਮ ਵੇਲੇ ਜਦੋਂ ਆਲੇ-ਦੁਆਲੇ ਅਸਮਾਨੀ ਧੂੜ ਚੜ੍ਹੀ ਹੰਦੀ, ਤਾਂ ਮਾਂ ਦੂਰ ਤੱਕ ਨਜ਼ਰ ਦੌੜਾਉਂਦੀ ਤੇ ਮੈਨੂੰ ਆਵਾਜ਼ ਦਿੰਦੀ, ‘ਧੀਏ ਬਾਹਰੋਂ ਭਾਂਡੇ ਟੀਂਡੇ ਸਾਂਭ ਲੈ, ਲੱਗਦੈ ਰਾਤੀਂ ਹਨੇਰੀ ਆਊ
ਮੈਂ ਬਾਹਰੋਂ ਤਾਰ ਤੋਂ ਸਾਰੇ ਕੱਪੜੇ ਕੱਛ ਚ ਮਾਰ ਕੇ ਅੰਦਰ ਲੈ ਜਾਂਦੀ। ਪਰ ਸੁੰਨਸਾਨ ਰਾਤ ਖ਼ਾਮੋਸ਼ ਗੁਜ਼ਰ ਜਾਂਦੀ। ਅਗਲੀ ਸ਼ਾਮ ਮਾਂ ਫਿਰ ਅਸਮਾਨ ਵੱਲ ਝਾਤੀ ਮਾਰਦੀ ਤੇ ਆਪਣਾ ਕਿਆਸ ਦਹੁਰਾਉਂਦੀ, ‘ਅੱਜ ਤਾਂ ਪੱਕਾ ਕਹਿਰ ਦੀ ਹਨੇਰੀ ਆਊ,
ਪਿਛਲੀ ਰਾਤ ਵਾਂਗ ਸਹਿਮ ਉਸੇ ਤਰ੍ਹਾਂ ਬਣਿਆ ਰਹਿੰਦਾ। ਮਾਂ ਖੇਸ ਦੀਆਂ ਚਾਰੇ ਕੰਨੀਆਂ ਦੱਬ ਕੇ ਸੌਂ ਜਾਂਦੀ। ਸੌਣ ਵੇਲੇ ਤਾਂ ਮੈਂ ਵੀ ਖੇਸ ਉੱਪਰ ਲੈ ਲੈਂਦੀ। ਪਰ ਜਿਉਂ ਹੀ ਬਾਪੂ ਦੇ ਘੁਰਾੜੇ ਸ਼ੁਰੂ ਹੁੰਦੇ, ਤਾਂ ਖੇਸ ਮੇਰੇ ਪੈਰਾਂ ਹੇਠ ਪਿਆ ਹੁੰਦਾ ਤੇ ਮੈਂ ਪੂਰੀ ਮੰਜੀ ਤੇ ਅਸਮਾਨ ਵਾਂਗ ਫੈਲ ਜਾਂਦੀ। ਉੱਪਰੋਂ ਖੁੱਲ੍ਹਾ ਅਸਮਾਨ ਜਿਵੇਂ ਮੈਨੂੰ ਆਵਾਜ਼ਾਂ ਮਾਰਦਾ। ਮੇਰੇ ਪੈਰਾਂ ਦੀਆਂ ਝਾਂਜਰਾਂ ਦੀ ਮਰੂ ਜਿਹੀ ਆਵਾਜ਼ ਵੀ ਨਗਾਰੇ ਦੀ ਚੋਟ ਵਾਂਗ ਉਭਰਦੀ। ਗਲੀਚੋਂ ਮਰਦਾਵੇਂ ਪੈਰਾਂ ਦਾ ਖੜਾਕ ਸੁਣਦਾ… ਰੂਹ ਉਡਾਰੀ ਮਾਰ ਕੇ ਉਹਦੇ ਸਾਹਮਣੇ ਜਾ ਖੜ੍ਹਦੀ… ਉਹ ਵੀ ਬਹਾਦਰ ਸਿਪਾਹੀ ਵਾਂਗ ਤਣ ਜਾਂਦਾ… ਅੱਖਾਂ-ਅੱਖਾਂ ਚ ਕੋਈ ਹਲਚਲ ਹੁੰਦੀ... ਦੋ ਰੂਹਾਂ ਸਿਮਟ ਕੇ ਇਕ ਹੋ ਜਾਂਦੀਆਂ ਤੇ ਮੇਰੇ ਜਿਸਮਚ ਕੰਬਣੀ ਫੈਲ ਜਾਂਦੀ। ਝਾਂਜਰਾਂ ਸੁੰਨਸਾਨ ਰਾਤ ਚ ਸ਼ੋਰ ਕਰ ਦੇਂਦੀਆਂ। ਮੈਂ ਅੱਡੀਆਂ ਨੂੰ ਦੌਣਚ ਫਸਾ ਕੇ ਲੱਤਾਂ ਦੀ ਕੰਬਣੀ ਰੋਕਦੀ। ਪਰ ਝਾਜਰਾਂ ਜਿਵੇਂ ਬਗ਼ਾਵਤ ਕਰ ਦੇਂਦੀਆਂ। ਕੋਲ ਮੰਜੇ ਤੇ ਪਈ ਮਾਂ ਤ੍ਰਭਕ ਜਾਂਦੀ, ‘‘ਸ਼ੁਦਾਈ ਹੋ ਗਿਐਂ ਤੂੰ!`` ਮੇਰੇ ਖਿਆਲ ਤਹਿਸ-ਨਹਿਸ ਹੋ ਜਾਂਦੇ ਤੇ ਰੂਹ ਠੱਗੀ-ਠੱਗੀ ਭੁੱਖੀ-ਪਿਆਸੀ ਮੇਰੇ ਕੋਲ ਪਰਤ ਆਉਂਦੀ। ਬੰਦੇ ਦੀ ਜ਼ਾਤਚ ਅਸੀਂ ਘਰ ਚ ਤਿੰਨ ਹੀ ਰੂਹਾਂ ਸਾਂ... ਤਿੰਨੋਂ ਵੱਖੋ ਵੱਖਰੀਆਂ .... ਤਿੰਨੋਂ ਬੇਚੈਨ ਤੇ ਆਪੋ ਆਪਣਾ ਭਾਰ ਢੋਂਹਦੀਆਂ। ਬਾਪੂ ਦੀ ਰੂਹ ਰਾਖਸ਼ਾਂ ਦੀ ਧਰਤੀ ਤੋਂ ਆਈ ਜਾਪਦੀ ਸੀ। ਮਾਂ ਦੀ ਰੂਹ ਜਿਵੇਂ ਕਿਸੇ ਖੂੰਖਾਰ ਜੰਗਲਚੋਂ ਭੈਭੀਤ ਹੋਈ ਧਰਤੀ ਤੇ ਉੱਤਰੀ ਸੀ ਤੇ ਮੇਰੀ ਰੂਹ ਤੋਂ ਮੈਂ ਬਹੁਤੀ ਵਾਕਫ਼ ਨਹੀਂ ਸਾਂ। ਖੌਰੇ ਕੀ-ਕੀ ਆਪਣੇ ਅੰਦਰ ਜਜ਼ਬ ਕਰੀ ਬੈਠੀ ਸੀ। ਸਾਡੇ ਤੋਂ ਇਲਾਵਾਂ ਵਿਚਾਰੀਆਂ ਮੁਰਗੀਆਂ ਸਨ, ਜਿਨ੍ਹਾਂ ਦੀ ਗਿਣਤੀ ਇਕ-ਇਕ ਕਰਕੇ ਘਟਦੀ ਜਾਂਦੀ ਸੀ। ਉਧਰ ਇਕ ਆਂਡਿਆਂਤੇ ਬੈਠੀ ਸੀ। ਮੈਂ ਛੋਟੀ ਹੁੰਦੀ ਤੋਂ ਵੇਖਦੀ ਆ ਰਹੀ ਸਾਂ… ਆਂਡਿਆਂ ਤੋਂ ਚੂਚੇ… ਚੂਚਿਆਂ ਤੋਂ ਮੁਰਗੀਆਂ… ਉਨ੍ਹਾਂ ਤੋਂ ਆਂਡੇ… ਫਿਰ ਚੂਚੇ ਤੇ ਫਿਰ ਨਵੀਆਂ ਮੁਰਗੀਆਂ।
ਮਾਂ ਮੁਰਗੀਆਂ ਨੂੰ ਪਿਆਰ ਵੀ ਰੱਜ ਕੇ ਕਰਦੀ ਤੇ ਨਫ਼ਰਤ ਵੀ। ਜਦੋਂ ਕਦੇ ਮੁਰਗਾ ਕਿਸੇ ਮੁਰਗੀ ਨੂੰ ਆਪਣੇ ਖੰਭਾਂ ਹੇਠ ਦਬੋਚ ਲੈਂਦਾ, ਤਾਂ ਮਾਂ ਸੜ ਬਲ ਜਾਂਦੀ ਤੇ ਸੋਟੀ ਫੜ ਕੇ ਮੁਰਗੇ ਦੇ ਮਗਰ ਪੈਂ ਜਾਂਦੀ। ਪਰ ਉਹ ਖੰਭ ਫੈਲਾ ਕੇ ਨਿੱਕੀਆਂ ਨਿੱਕੀਆਂ ਉਡਾਰੀਆਂ ਨਾਲ ਮਾਂ ਦੀ ਪਹੁੰਚ ਤੋਂ ਦੂਰ ਹੋ ਜਾਂਦਾ। ਮੈਨੂੰ ਮਾਂ ਦੀ ਉਸ ਹਰਕਤ ਤੇ ਹੈਰਾਨੀ ਹੁੰਦੀ, ਸਗੋਂ ਮੈਂ ਤਾਂ ਚੋਰ ਅੱਖਾਂ ਨਾਲ ਮੁਰਗੇ ਮੁਰਗੀ ਦੀ ਉਸ ਖੇਡ ਨੂੰ ਵੇਖਦੀ। ਮਾਂ ਮੈਨੂੰ ਝਿੜਕ ਕੇ ਅੰਦਰ ਭੇਜ ਦਿੰਦੀ। ਉਮਰ ਦੇ ਅਠਾਰ੍ਹਵੇਂ ਵਰ੍ਹੇ ਤੱਕ ਮੁਰਗੇ-ਮੁਰਗੀਆਂ ਦੀ ਖੇਡ ਮੇਰੇ ਲਈ ਬਹੁਤੀ ਖ਼ਾਸ ਨਹੀਂ ਸੀ ਰਹੀ। ਮੈਂ ਤਾਂ ਆਪ ਕਿਸੇ ਖੇਡ ਦੀ ਤਲਾਸ਼ਚ ਅੰਦਰੋਂ-ਅੰਦਰੀ ਦੌੜ ਰਹੀ ਸਾਂ। ਮੇਰੇ ਹੱਥ ਕੰਮ ਚ ਰੁੱਝੇ ਹੁੰਦੇ ਤੇ ਅੱਖਾਂ ਦਰਵਾਜ਼ੇ ਅੱਗੋਂ ਲੰਘਦੇ ਲੋਕਾਂ ਨੂੰ ਤਾੜਨਚ ਵਿਅਸਤ, ਮਰਦਾਵੇਂ ਚਿਹਰਿਆਂ ਨਾਲ ਖਹਿੰਦੀਆਂ। ਮਾਂ ਦਰਵਾਜ਼ੇ ਦੀ ਕੁੰਡੀ ਲਾ ਆਉਂਦੀ। ਮੈਂ ਅੰਦਰੋਂ ਭਰੀ-ਪੀਤੀ ਭਾਂਡਿਆਂ ਨੂੰ ਪਟਕਾ ਪਟਕਾ ਕੇ ਮਾਰਦੀ। ਘਰ ਦੇ ਅਸੀਂ ਤਿੰਨ ਜੀਅ… ਤਿੰਨੋਂ ਖ਼ਾਮੋਸ਼… ਪਰ ਕਹਿਣ ਦੇ ਤਰੀਕੇ ਤਿੰਨਾਂ ਦੇ ਆਪੋ-ਆਪਣੇ। ਬਾਪੂ ਗੁੱਸੇ ਚ ਮੁਰਗੀ ਦੀ ਗਰਦਨ ਝਟਕਾਅ ਦਿੰਦਾ। ਮੈਂ ਭਾਂਡਿਆਂਤੇ ਆਪਣਾ ਜ਼ੋਰ ਕੱਢਦੀ ਤੇ ਵਿਚਾਰੀ ਮਾਂ ਅੱਧੀ ਰਾਤ ਨੂੰ ਤ੍ਰਭਕ ਕੇ ਉੱਠ ਪੈਂਦੀ। ਉਹੀ ਤਕੀਆ ਕਲਾਮ ਮਾਂ ਦੀ ਜ਼ੁਬਾਨ ਚੋਂ ਛਲਾਂਗ ਮਾਰਦਾ, ‘‘ਸ਼ੁਦਾਈ ਹੋ ਗਿਐਂ ਤੂੰ!`` ਪਹਿਲਾਂ ਪਹਿਲਾਂ ਤਾਂ ਮੈਨੂੰ ਵੀ ਬੜੀ ਹੈਰਾਨੀ ਹੋਈ ਕੀ ਮਾਂ ‘ਸ਼ੁਦਾਈ ਕਿਸ ਨੂੰ ਕਹਿੰਦੀ ਸੀ, ਪਰ ਸਮਝਣ ਲੱਗਿਆਂ ਬਹੁਤੀ ਦੇਰ ਨਾ ਲੱਗੀ। ਕਿਸੇ ਕਿਸੇ ਰਾਤ ਮਾਂ ਦੀਆਂ ਘੁਟਵੀਆਂ ਆਵਾਜ਼ਾਂ ਸੁਣਦੀਆਂ, ਜਿਵੇਂ ਕਿਸੇ ਨੇ ਮਾਂ ਦਾ ਜਬਾੜਾ ਘੁੱਟ ਕੇ ਫੜਿਆ ਹੋਵੇ ਤੇ ਗਰਦਨ ਜ਼ੋਰ ਨਾਲ ਦੱਬੀ ਹੋਵੇ। ਮੈਂ ਡੌਰ-ਭੌਰ ਹੋਈ ਮਾਂ ਦੀ ਮੰਜੀ ਵੱਲ ਝਾਤੀ ਮਾਰਦੀ। ਇੰਝ ਜਾਪਦਾ ਜਿਵੇਂ ਖੇਸ ਦੀ ਓਟ ਹੇਠਾਂ ਕਈ ਜਣੇ ਖਹਿਬੜ ਰਹੇ ਹੋਣ। ਵਿਹੜੇ ਚ ਬਾਪੂ ਦਾ ਖਾਲੀ ਮੰਜਾ ਵੇਖ ਕੇ ਮੈਂ ਸਮਝ ਜਾਂਦੀ। ਕਦੇ-ਕਦੇ ਮੈਨੂੰ ਮਾਂ ਦੇ ਉਹ ਦੱਬੇ-ਦੱਬੇ ਸਾਹਾਂ ਦੀ ਆਵਾਜ਼ ਬੜੀ ਜਾਦੂਮਈ ਲੱਗਦੀ। ਕਦੇ ਆਪਣੀ ਇਸ ਮੰਦ ਭਾਵਨਾ ਕਰਕੇ ਖੁਦ ਤੋਂ ਨਫ਼ਰਤ ਵੀ ਹੁੰਦੀ ਤੇ ਮਾਂਤੇ ਤਰਸ ਆਉਂਦਾ। ਦਿਨੇ ਉਹਦੀਆਂ ਲੱਤਾਂ ਦੁਖਦੀਆਂ। ਉਨੀਂਦਰੀਆਂ ਅੱਖਾਂ ਦੀ ਜੋਤ ਉਦਾਸ ਹੋਈ ਜਾਪਦੀ। ਉਹ ਵਾਰ-ਵਾਰ ਮੰਜੇ ਤੇ ਬੈਠਦੀ। ਬਾਪੂ ਨੂੰ ਮਾਂ ਦੀ ਇਸ ਹਾਲਤ ਦੀ ਕੋਈ ਪਰਵਾਹ ਨਾ ਹੁੰਦੀ। ਸ਼ਾਇਦ ਮਾਂ ਦੀ ਇਹ ਹਾਲਤ ਵੇਖ ਕੇ ਉਸ ਨੂੰ ਅੰਦਰੋਂ-ਅੰਦਰੀਂ ਕਿਸੇ ਗੁੱਝੀ ਖੁਸ਼ੀ ਦਾ ਅਹਿਸਾਸ ਹੁੰਦਾ ਸੀ। ਏਸੇ ਲਈ ਤਾਂ ਉਸ ਦਾ ਚਿਹਰਾ ਇਨਸਾਨਾਂ ਵਰਗਾ ਨਹੀਂ ਸੀ। ਮੋਟੀਆਂ ਲਾਲ ਅੱਖਾਂ... ਸੁੱਜੀਆਂ ਹੋਈਆਂ ਪੁਤਲੀਆਂ... ਗੱਲ੍ਹਾਂਤੇ ਗਹਿਰੇ ਦਾਗ… ਮੋਟੇ ਵਾਲਾਂ ਨਾਲ ਗਹਿਗੱਚ ਮੁੱਛਾਂ… ਮੁੱਛਾਂ ਹੇਠ ਸ਼ਾਹ ਕਾਲੇ ਬੁੱਲ੍ਹ… ਬੁੱਲ੍ਹਾਂ ਚੋਂ ਝਾਕਦੇ ਪੀਲੇ-ਪੀਲੇ ਵਿਰਲੇ ਦੰਦ ਤੇ ਠੋਡੀ ਉੱਪਰ ਕਰੜ ਬਰੜੀ ਕਤਰਾਵੀਂ ਦਾੜ੍ਹੀ, ਇਹ ਸਭ ਵੇਖਦਿਆਂ ਮੈਨੂੰ ਧੁਣਧੁਣੀ ਜਿਹੀ ਆ ਜਾਂਦੀ। ਬਾਪੂ ਪ੍ਰਤੀ ਮੇਰੇ ਨਫ਼ਰਤ ਭਰੇ ਰਵੱਈਏ ਪਿੱਛੇ ਸ਼ਾਇਦ ਇਕ ਹੋਰ ਰਾਜ਼ ਵੀ ਸੀ, ਜੋ ਮੇਰੇ ਅੰਦਰ ਘੁਸਪੈਠੀਏ ਵਾਂਗ ਤਾਕਚ ਬੈਠਾ ਸੀ। ਇਹ ਰਾਜ਼ ਧੁੰਦ ਵਾਂਗ ਮੇਰੇ ਅੰਗ ਅੰਗ ਚ ਫੈਲ ਰਿਹਾ ਸੀ। ਕਦੇ ਇਹ ਧੁੰਦ ਅੱਗ ਦੀਆਂ ਲਪਟਾਂਚ ਬਦਲ ਜਾਂਦੀ ਤੇ ਕਦੇ ਭਾਫ਼ ਬਣ ਕੇ ਹਵਾ ਚ ਘੁਲ ਜਾਂਦੀ। ਸਵੇਰੇ ਚੁੰਨੀ ਮੇਰੇ ਸਿਰਤੇ ਹੁੰਦੀ, ਦੁਪਹਿਰੇ ਗਲ ਚ ਲਮਕ ਜਾਂਦੀ ਤੇ ਸ਼ਾਮ ਤੱਕ ਮੈਨੂੰ ਫਾਂਸੀ ਵਾਂਗ ਡਰਾਉਣੀ ਪ੍ਰਤੀਤ ਹੋਣ ਲੱਗਦੀ। ਮੈਂ ਚੁੰਨੀ ਕਿੱਲੀਤੇ ਟੰਗ ਕੇ ਦਰਵਾਜ਼ੇ ਦੀ ਸੇਧ ਚ ਰੱਖ ਕੇ ਭਾਂਡੇ ਧੋਣ ਲੱਗਦੀ। ਮਾਂ ਫਿਰ ਦਰਵਾਜ਼ੇ ਨੂੰ ਕੁੰਡੀ ਲਾ ਆਉਂਦੀ। ਉਸ ਵੇਲੇ ਮਾਂ ਮੈਨੂੰ ਕਿਸੇ ਜ਼ਾਲਮ ਤੋਂ ਘੱਟ ਨਾ ਲੱਗਦੀ। ਪਰ ਅਸਲਚ ਮਾਂ ਅਜਿਹੀ ਨਹੀਂ ਸੀ, ਅੰਦਰੋਂ-ਬਾਹਰੋਂ ਪਿਆਰ ਦੀ ਸੁੱਚੀ ਮੂਰਤ ਸੀ। ਬਾਪੂ ਦੀ ਗ਼ੈਰ ਹਾਜ਼ਰੀ ਚ ਜਦੋਂ ਅਸੀਂ ਵਿਹੜੇਚ ਸਰਦੀਆਂ ਦੀ ਮਿੱਠੀ-ਮਿੱਠੀ ਧੁੱਪ ਸੇਕਦੀਆਂ, ਤਾਂ ਉਹ ਮੇਰੇ ਸਿਰ ਤੇ ਤੇਲ ਝੱਸਦੀ ਤੇ ਨਾਲ ਹੱਸ-ਹੱਸ ਗੱਲਾਂ ਸੁਣਾਉਂਦੀ। ਪੁਰਾਣੀ ਸੁਰਮੇਦਾਨੀਚੋਂ ਉਹ ਮੇਰੇ ਨੈਣਾਂ ਚ ਸੁਰਮਾ ਪਾਉਂਦੀ। ਮੇਰੇ ਸਿਰਤੇ ਰੰਗ -ਬਿਰੰਗੀਆਂ ਚੁੰਨੀਆਂ ਬਦਲ ਬਦਲ ਕੇ ਵੇਖਦੀ। ਫਿਰ ਚੁੰਨੀਆਂ ਵਾਪਸ ਸਾਂਭ ਦਿੰਦੀ ਤੇ ਹੱਸ ਕੇ ਮਿੱਠਾ ਜਿਹਾ ਝਿੜਕਦੀ,
‘‘ਜਾਹ ਅੱਖਾਂ ਚ ਪਾਣੀ ਦੇ ਛਿੱਟੇ ਮਾਰ ਲੈ... ਮਰ ਜਾਣੀਏ ਕਿਸੇ ਦੀ ਨਜ਼ਰ ਨਾ ਲਵਾ ਬੈਠੀਂ`` ਕਦੇ ਕਦੇ ਮਾਂ ਉਮਰਚ ਮੇਰੇ ਤੋਂ ਵੀ ਅੱਠ-ਦੱਸ ਵਰ੍ਹੇ ਛੋਟੀ ਹੋ ਜਾਂਦੀ। ਨਿੱਕੀ-ਨਿੱਕੀ ਗੱਲ ਤੇ ਵੀ ਤਾੜੀ ਮਾਰ-ਮਾਰ ਕੇ ਹੱਸਦੀ... ਹਸੱਦੀ-ਹਸੱਦੀ ਮੰਜੇਤੇ ਦੂਹਰੀ ਹੋ ਜਾਂਦੀ। ਮੈਨੂੰ ਕੁਤਕੁਤਾਣੀਆਂ ਕਰਦੀ… ਮੈਂ ਅੱਗੇ-ਅੱਗੇ ਭੱਜ ਲੈਂਦੀ। ਜੇ ਕੋਈ ਤੀਜਾ ਸਾਨੂੰ ਲੁਕ ਕੇ ਵੇਖਦਾ, ਤਾਂ ਉਹਨੂੰ ਇੰਝ ਜਾਪਣਾ ਸੀ, ਜਿਵੇਂ ਦੋ ਬਾਲੜੀਆਂ ਪੀਚੋ ਛੱਡ ਕੇ ਖਰਮਸਤੀਆਂ ਤੇ ਉਤਰ ਆਈਆਂ ਹੋਣ। ਕਦੇ-ਕਦੇ ਮਾਂ ਪੁਰਾਣੀ ਕਹਾਣੀ ਛੋਹ ਲੈਂਦੀ। ਜਦੋਂ ਤੋਂ ਮੈਨੂੰ ਹੋਸ਼ ਆਈ ਸੀ। ਮਾਂ ਤੋਂ ਕਹਾਣੀ ਸੁਣਦੀ ਆ ਰਹੀ ਸਾਂ। ਵਿਚਾਰੀ ਕਹਾਣੀ ਵੀ ਮੇਰੀ ਮਾਂ ਵਰਗੀ ਅਧੂਰੀ ਸੀ। ਮਾਂ ਵੈਰਾਗਮਈ ਲਹਿਜ਼ੇਚ ਗਰਦਨ ਸੱਜੇ ਮੋਢੇ ਤੇ ਝੁਕਾ ਲੈਂਦੀ। ਉਸ ਦੀਆਂ ਨਜ਼ਰਾਂ ਕੂੰਜਾਂ ਦੇ ਦੇਸ਼ ਵੱਲ ਚਲੀਆਂ ਜਾਂਦੀਆਂ, ਜਿਨ੍ਹਾਂ ਦੀ ਉਹ ਕਹਾਣੀ ਸੁਣਾਉਂਦੀ; ‘‘ਕੂੰਜਾਂ ਦਾ ਕਦੇ ਆਪਣਾ ਦੇਸ਼ ਹੋਇਆ ਕਰਦਾ ਸੀ। ਪੂਰਾ ਅਸਮਾਨ ਉਨ੍ਹਾਂ ਦੀਆਂ ਉੱਚੀਆਂ ਉਡਾਰੀਆ ਨਾਲ ਬਾਗੋ-ਬਾਗ ਹੋਇਆ ਰਹਿੰਦਾ। ਕਦੇ ਉਹ ਸਮੁੰਦਰ ਕੰਢੇ ਪਾਣੀ ਦੀਆਂ ਲਹਿਰਾਂ ਨਾਲ ਖੇਡਦੀਆਂ.. ਕਦੇ ਜੰਗਲ ਦੇ ਫਲਾਂ ਦਾ ਆਨੰਦ ਮਾਣਦੀਆਂ, ਆਪਣੀਆਂ ਮਿੱਠੀਆਂ ਆਵਾਜ਼ਾਂ ਨਾਲ ਰਸ ਭਰੇ ਗੀਤ ਗਾਉਂਦੀਆਂ। ਕਦੇ ਇਕ ਦੂਜੀ ਦੇ ਦਿਲ ਦੇ ਭੇਤ ਸੁਣਦੀਆਂ ਤੇ ਸਿਰਜਣਹਾਰੇ ਦਾ ਸ਼ੁਕਰਾਨਾ ਕਰਦੀਆਂ। ਵਰਿ੍ਹਆਂ ਤੋਂ ਉਹ ਮਸਤੀ ਦੇ ਆਲਮਚ ਖੁਸ਼ੀ-ਖੁਸ਼ੀ ਉਡਾਰੀਆਂ ਭਰਦੀਆਂ ਆ ਰਹੀਆਂ ਸਨ। ਮਾਂ ਇਸ ਛੋਟੀ ਜਿਹੀ ਕਹਾਣੀ ਨੂੰ ਲੰਬੇ ਵਿਸਥਾਰ ਨਾਲ ਬਿਆਨ ਕਰਦੀ। ਮੈਂ ਮੱਠੇ-ਮੱਠੇ ਹੁੰਗਾਰੇ ਭਰਦੀ ਤੇ ਉਹ ਕਿਸੇ ਮਾਹਰ ਕਥਾਕਾਰ ਵਾਂਗ ਕਹਾਣੀ ਦੀ ਕਥਾ ਨੂੰ ਅੱਗੇ ਤੋਰਦੀ; ‘‘ਅਚਾਨਕ ਇਕ ਦਿਨ ਸਿਖ਼ਰ ਦੁਪਹਿਰੇ ਪੂਰਾ ਅਸਮਾਨ ਘਸਮੈਲਾ ਹੋ ਗਿਆ। ਕੂੰਜਾਂ ਘਬਰਾ ਗਈਆਂ। ‘ਇਹ ਧੂੜ ਕਿੱਧਰੋਂ ਚੜ੍ਹ ਆਈ!` ਹਲਾਂਕਿ ਵਾਰ-ਵਾਰ ਕਹਾਣੀ ਸੁਣਨ ਕਰਕੇ ਮੈਨੂੰ ਪਤਾ ਹੁੰਦਾ ਸੀ ਕਿ ਇਸ ਤੋਂ ਬਾਅਦ ਮਾਂ ਕਹੇਗੀ ਕਿ ਉਹ ਧੂੜ ਨਹੀਂ ਸੀ, ਬਾਜਾਂ ਦੀਆਂ ਡਾਰਾਂ ਸਨ। ਪਰ ਮਾਂ ਦੀ ਆਵਾਜ਼ ਵਿਚ ਅਜਬ ਜਿਹਾ ਰਸ ਹੁੰਦਾ, ਜੋ ਮੈਨੂੰ ਸ਼ਾਂਤ ਹੋ ਕੇ ਸੁਣਨ ਲਈ ਮਜਬੂਰ ਕਰਦਾ। ਲੰਬਾ ਸਾਹ ਲੈ ਕੇ ਮਾਂ ਬਾਜਾਂ ਨੂੰ ਆਪਣੀਆਂ ਅੱਖਾਂ `ਚ ਉਤਾਰ ਲੈਂਦੀ ਤੇ ਉਸ ਦੇ ਚਿਹਰੇ ਤੋਂ ਕੂੰਜਾਂ ਦਾ ਸਹਿਮ ਉਜਾਗਰ ਹੋ ਜਾਂਦਾ। ਉਸ ਤੋਂ ਬਾਅਦ ਕਹਾਣੀ ਇੰਝ ਸੀ ਕਿ ਬਾਜਾਂ ਨੇ ਕੂੰਜਾਂ ਨੂੰ ਘੇਰ ਕੇ ਕੈਦ ਕਰ ਲਿਆ ਤੇ ਉਨ੍ਹਾਂ ਦੇ ਆਸਮਾਨ `ਤੇ ਕਬਜ਼ਾ ਕਰ ਲਿਆ। ਕੂੰਜਾਂ ਦੇ ਉੱਡਣ `ਤੇ ਪਾਬੰਦੀ ਲੱਗ ਗਈ। ਮਾਂ ਕੂੰਜਾਂ ਦੀ ਇਹ ਵਿਥਿਆ ਸੁਣਾਉਂਦਿਆਂ ਕਿਸੇ ਗਹਿਰੀ ਖਾਈ `ਚ ਉਤਰ ਜਾਂਦੀ ਤੇ ਹਉਕਾ ਲੈ ਕੇ ਗਲ ਭਰ ਕੇ ਕਹਿਣ ਲੱਗਦੀ, ‘‘ਅਰਸੇ ਬੀਤ ਗਏ... ਹੌਲੀ-ਹੌਲੀ ਵਿਚਾਰੀਆਂ ਕੂੰਜਾਂ ਉੱਡਣਾ ਭੁੱਲ ਗਈਆਂ .... ਉਨ੍ਹਾਂ ਦੇ ਕੋਮਲ ਖੰਭ ਨਕਾਰੇ ਹੋ ਗਏ। ਬਾਜ ਜਦ ਚਾਹੁੰਦੇ, ਉਨ੍ਹਾਂ ਦਾ ਸ਼ਿਕਾਰ ਕਰਦੇ। ਉਹ ਰੋਂਦੀਆਂ ਕੁਰਲਾਉਂਦੀਆਂ, ਪਰ ਕੋਈ ਵੀ ਉਨ੍ਹਾਂ ਦੀ ਪੁਕਾਰ ਨਾ ਸੁਣਦਾ। ਬੱਸ ਕਠਪੁਤਲੀਆਂ ਬਣ ਕੇ ਰਹਿ ਗਈਆਂ ਸਨ ਵਿਚਾਰੀਆਂ।
ਮਾਂ ਚੁੱਪ ਹੋ ਜਾਂਦੀ। ਮੈਂ ਵੀ ਖ਼ਾਮੋਸ਼ੀ ਚ ਛੱਤਤੇ ਲਮਕਦੇ ਜਾਲਿਆਂ ਵੱਲ ਵੇਖਣ ਲੱਗਦੀ। ਜਾਲਿਆਂ ਚ ਮਕੜੀਆਂ ਮੱਧਮ ਹਰਕਤ ਕਰਦੀਆਂ। ਵਿਚ ਮਰੇ ਹੋਏ ਮੱਛਰ ਜਿਵੇਂ ਡੂੰਘੀ ਨੀਂਦੇ ਸੁੱਤੇ ਹੋਣ। ਮੈਂ ਜਦ ਵੀ ਸਵਾਲਾਂ ਦੀਆਂ ਗੁੰਝਲਾਂਚ ਉਲਝਦੀ, ਤਾਂ ਅਕਸਰ ਮੇਰੇ ਜ਼ਿਹਨ ਚ ਜਾਲੇ ਉੱਭਰ ਆਉਂਦੇ। ਦਿਨੋਂ-ਦਿਨ ਪੂਰੀ ਛੱਤਤੇ ਫੈਲ ਰਹੇ ਸਨ। ਮੇਰੀ ਹਾਲਤ ਵੀ ਉਨ੍ਹਾਂ ਮੱਛਰਾਂ ਵਰਗੀ ਸੀ। ਜਦੋਂ ਮਕੜੀਆਂ ਹਿੱਲਦੀਆਂ ਤਾਂ ਜਾਲੇ ਹਿੱਲਦੇ ਤੇ ਵਿਚ ਮੱਛਰਾਂ ਦੀਆਂ ਲੋਥਾਂ ਹਿੱਲਦੀਆਂ। ਕਿੰਨੇ ਹੀ ਅਦਿੱਖ ਜਾਲੇ ਮੇਰੀ ਰੂਹ ਦੁਆਲੇ ਬੁਣੇ ਹੋਏ ਸਨ। ਲੱਖ ਕੋਸ਼ਿਸ਼ ਕੀਤਿਆਂ ਵੀ ਕੋਈ ਤੰਦ ਨਜ਼ਰ ਨਾ ਆਉਂਦੀ, ਪਰ ਤਾਣਾ ਏਨਾ ਸਖ਼ਤ ਕਿ ਸਾਹ ਵੀ ਨਾ ਨਿੱਕਲੇ। ਫਿਰ ਵੀ ਮੈਂ ਜੀਣ ਦੀ ਜੱਦੋ-ਜਹਿਦ ਕਰ ਰਹੀ ਸਾਂ, ਇਕ ਹੋਰ ਲੋਥ ਨਾਲ, ਜੋ ਮੇਰੇ ਵਾਂਗ ਜਾਲਿਆਂ ਚ ਅਟਕੀ ਹੋਈ ਸੀ, ਮੇਰੀ ਮਾਂ। ਪਤਾ ਨਹੀਂ ਮਾਂ ਦੀ ਉਹ ਕਹਾਣੀ ਸੱਚੀ ਸੀ ਜਾਂ ਉਸ ਦੀ ਆਪਣੀ ਘੜੀ ਹੋਈ, ਪਰ ਮੇਰੀ ਉਮਰ ਦੇ ਨਾਲ-ਨਾਲ ਜਿਵੇਂ ਕਹਾਣੀ ਵੀ ਜਵਾਨ ਹੋ ਰਹੀ ਸੀ। ਤੇ ਮੇਰੇ ਲਈ ਹੋਰ ਦਿਲਚਸਪ ਹੁੰਦੀ ਜਾ ਰਹੀ ਸੀ, ਖ਼ਾਸ ਕਰਕੇ ਉਦੋਂ ਤੋਂ, ਜਦੋਂ ਤੋਂ ਇਕ ਕੂੰਜ ਨੇ ਖੰਭ ਫੈਲਾਉਣੇ ਸ਼ੁਰੂ ਕੀਤੇ ਸਨ। ਉਹ ਕੂੰਜ ਬਾਜ਼ਾਂ ਤੋਂ ਮੁਕਤ ਹੋਣ ਲਈ ਉਡਾਰੀ ਭਰਨਾ ਚਾਹੁੰਦੀ ਸੀ। ਉਸ ਦੇ ਖੰਭਾਂਚ ਏਨਾ ਦਮ ਨਹੀਂ ਸੀ ਕਿ ਲੰਬੀ ਉਡਾਰੀ ਮਾਰ ਸਕੇ। ਉਹ ਜੱਦੋ-ਜਹਿਦ ਕਰਦੀ… ਖੰਭਾਂ ਚ ਤਾਕਤ ਭਰਦੀ... ਕਦੇ ਚੰਦਰੇ ਬਾਜ਼ਾਂ ਤੋਂ ਡਰਦੀ। ਕਹਾਣੀ ਮੇਰੇ ਜੋਬਨ ਵਾਂਗ ਸਿਖ਼ਰ ਵੱਲ ਵਧ ਰਹੀ ਸੀ। ਇਕ ਦਿਨ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਮਾਂ ਨੇ ਕਹਾਣੀ ਅੱਗੇ ਤੋਰੀ, ‘‘ਇਕ ਰਾਤ ਕੂੰਜ ਦੇ ਖੰਭ ਫੜਫੜਾਏ... ਉØਡਣ ਲਈ ਤਰਲੋਮੱਛੀ ਹੋ ਉੱਠੀ... ਫਿਰ ਹੰਭ ਹਾਰ ਕੇ ਬੈਠ ਗਈ। ਅਚਾਨਕ ਘਬਰਾ ਗਈ। ਇਕ ਹੋਰ ਪੰਛੀ ਉਸ ਦੇ ਸਾਮ੍ਹਣੇ ਖੰਭ ਫੈਲਾਈ ਬੈਠਾ ਸੀ... ਉਸ ਦੀਆਂ ਚਮਕਦੀਆਂ ਤੇਜ਼ ਅੱਖਾਂ ਕੂੰਜ ਨੂੰ ਤਾੜ ਰਹੀਆਂ ਸਨ... ਕੂੰਜ ਦੰਗ ਰਹਿ ਗਈ। ਉਸ ਨੇ ਕੂੰਜ ਅੱਗੇ ਆਪਣੇ ਖੰਭ ਝੁਕਾ ਦਿੱਤੇ... ਹਨੇਰੇਚ ਉਸ ਦੇ ਧੁੰਦਲੇ ਅਕਸ ਨੂੰ ਵੇਖ ਕੇ ਕੂੰਜ ਪਹਿਲਾਂ ਡਰੀ, ਫਿਰ ਇਕ ਪਲ ਸੋਚ ਕੇ ਉਸ ਦੇ ਖੰਭਾਂ ਤੇ ਬੈਠ ਗਈ ਤੇ ਉਹ ਉਸ ਨੂੰ ਦੂਰ ਉਡਾ ਕੇ ਲੈ ਗਿਆ।`` ਉਸ ਦਿਨ ਮੈਨੂੰ ਮੇਰੇ ਉਲਝੇ ਸਵਾਲ ਦਾ ਹੱਲ ਮਿਲ ਗਿਆ। ਮੇਰੇ ਅੰਦਰ ਧੁਖਦੀ ਅੱਗ ਜਿਵੇਂ ਲਪਟਾਂਚ ਬਦਲ ਗਈ। ਮੈਂ ਮਾਂ ਤੋਂ ਕੰਨੀ ਕਤਰਾਉਣ ਲੱਗੀ। ਬਾਪੂ ਦੀ ਕੁਨੱਖੀ ਅੱਖ ਮੇਰੀਆਂ ਪੈੜਾਂ ਨੱਪਦੀ। ਬਾਜਾਂ ਦੇ ਇਸ ਪਹਿਰੇ ਤੋਂ ਖੁੱਲ੍ਹੇ ਅਸਮਾਨ ਚ ਗੁਆਚ ਜਾਣ ਦੀਆਂ ਕਲਪਨਾਵਾਂ ਮਨ ਹੀ ਮਨ ਮੈਨੂੰ ਮੰਤਰਮੁਗਧ ਕਰਦੀਆਂ। ਮੈਂ ਆਦਮਕੱਦ ਸ਼ੀਸ਼ੇ ਅੱਗੇ ਖਲ੍ਹੋ ਕੇ ਆਪਣੇ ਅੰਗ ਅੰਗ ਨਿਹਾਰਦੀ। ਨਹਾਉਣ ਵੇਲੇ ਠੰਢੇ ਪਾਣੀ ਦੀਆਂ ਬਾਲਟੀਆਂ ਭਰ-ਭਰ ਆਪਣੇ ਜਿਸਮਤੇ ਉਲਟਾਉਂਦੀ। ਕਦੇ ਕੱਪੜੇ ਸੁੱਕਣੇ ਪਾਉਣ ਬਹਾਨੇ ਛੱਤ ਤੇ ਚੜ੍ਹ ਜਾਂਦੀ ਤੇ ਪਿੰਡ ਦੀਆਂ ਗਲੀਆਂ ਵੱਲ ਨਿਗਾਹਾਂ ਦੌੜਾਉਂਦੀ ਰਹਿੰਦੀ। ਕਿੰਨੀਆਂ ਭਖਦੀਆਂ ਨਜ਼ਰਾਂ ਮੈਨੂੰ ਤਾੜਦੀਆਂ। ਮੈਂ ਬੇਮੁਹਾਰ ਹੋਈ ਭਮੱਤਰੀ ਫਿਰਦੀ। ਉਨ੍ਹਾਂ ਦਿਨਾਂਚ ਸਾਡੇ ਘਰ ਮਿਸਤਰੀ ਲੱਗਿਆ ਹੋਇਆ ਸੀ। ਘਰ ਦੀਆਂ ਕੰਧਾਂ ਉੱਚੀਆਂ ਕੀਤੀਆਂ ਜਾ ਰਹੀਆਂ ਸਨ। ਇਹ ਓਹੀ ਕੰਧਾਂ ਸਨ, ਜਿਨ੍ਹਾਂ ਦਾ ਬਚਪਨ ਤੋਂ ਹੀ ਮੇਰੇ ਨਾਲ ਵੈਰ ਸੀ। ਮੇਰੀ ਸੋਚ, ਮੇਰੇ ਸੁਪਨੇ ਤੇ ਉਡਾਰੀਆਂ ਇਸ ਕੰਧ ਨਾਲ ਟਕਰਾ ਕੇ ਦਮ ਤੋੜ ਜਾਂਦੀਆਂ ਸਨ। ਹੌਲੀ-ਹੌਲੀ ਇਹ ਕੰਧਾਂ ਮੇਰੇ ਅੰਦਰ ਉਸਰ ਗਈਆਂ ਸਨ। ਇਨ੍ਹਾਂ ਨੂੰ ਢਾਹੁਣ ਦੀ ਜੱਦੋ-ਜਹਿਦ ਚ ਮੇਰੀ ਰੂਹ ਬੜੀ ਵਾਰ ਜ਼ਖ਼ਮੀ ਹੋਈ ਸੀ। ਇਨ੍ਹਾਂ ਨੂੰ ਹੋਰ ਉੱਚਾ ਚੁੱਕਣ ਦੀ ਗੱਲ ਮੇਰੀ ਸਮਝ ਤੋਂ ਬਾਹਰ ਸੀ। ਮਿਸਤਰੀ ਦੇ ਨਾਲ ਦੋ ਦਿਹਾੜੀਏ ਸਨ। ਇਕ ਪਤਲਾ ਤੇ ਮਰੂ ਜਿਹਾ ਤੇ ਦੂਜਾ ਉਹ, ਜਿਸ ਦੀ ਮੌਜੂਦਗੀ ਨੇ ਮੇਰੀ ਰੂਹ ਦਾ ਕਾਸਾ ਨੱਕੋ-ਨੱਕ ਭਰ ਦਿੱਤਾ। ਉਹ ਸੁੱਕੀ ਮਿੱਟੀ ਦੇ ਢੇਰਚ ਪਾਣੀ ਪਾਉਂਦਾ … ਪਾਣੀ ਹੌਲੀ-ਹੌਲੀ ਮਿੱਟੀ ਵਿਚ ਰਿਸਦਾ ਤੇ ਫਿਰ ਉਹ ਕਹੀ ਨਾਲ ਪਲਟ ਪਲਟ ਕੇ ਗਾਰਾ ਬਣਾਉਂਦਾ। ਮੇਰਾ ਸਾਰਾ ਸਰੀਰ ਉਸ ਗਾਰੇ ਵਾਂਗ ਨਰਮ ਤੇ ਤਰ ਹੋ ਜਾਂਦਾ। ਉਹ ਭਰ ਭਰ ਬੱਠਲ ਕੰਧ ਤੇ ਡੋਲ੍ਹਦਾ, ਮਿਸਤਰੀ ਗਾਰਾ ਲਾ ਕੇ ਇੱਟ ਚਿਣਦਾ। ਮੇਰਾ ਸਰੀਰ ਪੱਥਰ ਵਾਂਗ ਸਖਤ ਹੋ ਜਾਂਦਾ। ਇੱਟਾਂ ਜਿਵੇਂ ਮੇਰਾ ਅੰਗ ਅੰਗ ਲਹੂ ਲੁਹਾਨ ਕਰ ਦਿੰਦੀਆਂ। ਮੈਂ ਜ਼ਖਮੀ ਸ਼ੇਰਨੀ ਵਾਂਗ ਬਗ਼ਾਵਤ ਕਰ ਦੇਂਦੀ। ਜਦੋਂ ਬੁਰੀ ਤਰ੍ਹਾਂ ਬਗਾਵਤ ਦੇ ਹੜ੍ਹਚ ਗੋਤੇ ਖਾਣ ਲੱਗਦੀ, ਤਾਂ ਇਕ ਹੱਥ ਮੇਰੇ ਵੱਲ ਵਧਦਾ। ਉਹ ਹੱਥ ਫੜ ਕੇ ਮੈਂ ਉਸ ਦੀ ਬੁੱਕਲ ਚ ਨਿੱਸਲ ਹੋ ਜਾਂਦੀ। ਹੌਲੀ-ਹੌਲੀ ਇਹ ਕਲਪਨਾ ਹਕੀਕਤ ਬਣਦੀ ਪ੍ਰਤੀਤ ਹੋਣ ਲੱਗੀ। ਸਾਡੀਆਂ ਨਜ਼ਰਾਂ ਇਕ-ਦੂਜੇ ਨੂੰ ਟੋਂਹਦੀਆਂ, ਕਦੇ ਸਿੱਧੀਆਂ ਟਕਰਾਉਂਦੀਆਂ ਤੇ ਕਦੇ ਮੌਕੇ ਦੀ ਤਾਕਚ ਉਡੀਕ ਕਰਦੀਆਂ। ਇਹ ਨਜ਼ਰਾਂ ਦੀ ਖੇਡ ਜਿੰਨੀ ਪਿਆਰੀ ਸੀ, ਓਨਾ ਮੈਨੂੰ ਸੂਲੀ ਤੇ ਵੀ ਟੰਗੀ ਰੱਖਦੀ। ਮੇਰੇ ਖਿਆਲ ਤਾਂ ਹਨੇਰੀ ਰਾਤ ਦੀ ਉਸ ਗਲਵੱਕੜੀ ਤੱਕ ਪਹੁੰਚ ਜਾਂਦੇ ਸਨ, ਜਦੋਂ ਅਸੀਂ ਭੁੱਖੇ ਭੇੜੀਏ ਵਾਂਗ ਇਕ-ਦੂਜੇਤੇ ਝਪਟ ਪਈਏ, ਤੇ ਮੋਮ ਵਾਂਗ ਪਿੱਘਲ ਜਾਈਏ। ਉਸ ਦੀ ਤੱਕਣੀ ਵਿਚ ਵੀ ਅਥਾਹ ਪਿਆਸ ਝਲਕਦੀ ਸੀ। ਮੈਂ ਆਪਣੇ ਅੰਗ-ਅੰਗ ਤੇ ਉਸ ਦੀਆਂ ਨਜ਼ਰਾਂ ਦੀ ਛੋਹ ਮਹਿਸੂਸ ਕਰਦੀ। ਤੀਬਰ ਵੇਗ ਮੇਰੇ ਸਿਰ ਨੂੰ ਚੜ੍ਹਦਾ ਤੇ ਮੈਂ ਬੇਸੁਧ ਜਿਹੀ ਹੋ ਜਾਂਦੀ। ਮੇਰੀ ਰਗ ਰਗ ਵਿਚ ਪੀੜ ਭਰ ਜਾਂਦੀ। ਇਸ ਪੀੜ ਵਿਚ ਚੋਭ ਜ਼ਰੂਰ ਸੀ, ਪਰ ਡੂੰਘੀ ਖਾਈ ਵਰਗੀ ਗਹਿਰੀ ਸੰਤੁਸ਼ਟੀ ਵੀ ਸੀ। ਉਸ ਦੇ ਜਾਣਤੇ ਮੈ ਬੇਚੈਨ ਹੋ ਉਠੱਦੀ ਤੇ ਅਗਲੇ ਦਿਨ ਤੱਕ ਉਸ ਦੇ ਆਉਣ ਦੀ ਉਡੀਕ ਕਰਦੀ। ਉਹ ਕਿਹੋ ਜਿਹਾ ਸ਼ਖ਼ਸ ਸੀ, ਜੋ ਰਾਤੀਂ ਮੇਰੇ ਸੁਪਨਿਆਂ ਚ ਜੁਗਨੂੰ ਵਾਂਗ ਆਉਂਦਾ। ਜਦੋਂ ਰੌਸ਼ਨ ਹੁੰਦਾ, ਤਾਂ ਮੇਰੀ ਜ਼ਿੰਦਗੀ ਚਮਕ ਉਠੱਦੀ, ਪਰ ਜਦੋਂ ਬੁਝਦਾ, ਤਾਂ ਹਨੇਰੇਚ ਮੇਰਾ ਦਮ ਘੁੱਟਦਾ। ਇਕ ਰਾਤ ਇੰਝ ਲੱਗਿਆ, ਜਿਵੇਂ ਕਿਸੇ ਨੇ ਸਹਿਜੇ ਜਿਹੇ ਮੇਰੀ ਮੰਜੀ ਦਾ ਪਾਵਾ ਠਕੋਰਿਆ ਹੋਵੇ। ਮੈ ਅੱਖਾਂ ਖੋਲ੍ਹੀਆਂ, ਉਹ ਮੇਰੇ ਸਿਰਹਾਣੇ ਖੜ੍ਹਾ ਸੀ। ਸਚਮੁਚ ਹੀ ਕੂੰਜ ਦੇ ਅੱਗੇ ਪੰਛੀ ਨੇ ਆਪਣੇ ਖੰਭ ਫੈਲਾ ਦਿੱਤੇ ਸਨ। ਜਿਵੇਂ ਮੇਰੇ ਅੰਦਰ ਕੋਈ ਓਪਰੀ ਰੂਹ ਪ੍ਰਵੇਸ਼ ਕਰ ਗਈ। ਪਤਾ ਨਹੀਂ ਮੇਰੇ ਅੰਦਰ ਘਰ ਦੀ ਦਹਿਲੀਜ਼ ਪਾਰ ਕਰਨ ਦੀ ਹਿੰਮਤ ਕਿੱਥੋਂ ਆ ਗਈ। ਮੈਂ ਉਠ ਕੇ ਉਸ ਦੇ ਨਾਲ ਤੁਰ ਪਈ।
ਅਚਾਨਕ ਬਾਪੂ ਖੰਘਿਆ, ਮੇਰੀਆਂ ਲੱਤਾਂ ਥਾਏਂ ਜੰਮ ਗਈਆਂ। ਇਕਦਮ ਹੋਸ਼ ਆਈ, ਤਾਂ ਪਤਾ ਲੱਗਿਆ ਕਿ ਮੈਂ ਤਾਂ ਉਨੀਂਦਰੀ ਸੁਪਨੇ ਚ ਤੁਰੀ ਜਾ ਰਹੀ ਸਾਂ। ਉਹ ਤਾਂ ਕਿਤੇ ਵੀ ਨਹੀਂ ਸੀ। ਫਿਰ ਵੀ ਮੇਰੇ ਦਿਲ-ਦਿਮਾਗਚ ਉਸੇ ਪਲ ਦੀ ਖ਼ਿਆਲੀ ਉਡੀਕ ਬਣੀ ਰਹੀ, ਜਦੋਂ ਉਹ ਮੈਨੂੰ ਕੂੰਜ ਵਾਂਗ ਉਡਾ ਕੇ ਲੈ ਜਾਂਦਾ।
ਇਕ ਦਿਨ ਬਾਪੂ ਸਵੇਰੇ ਸਵੇਰੇ ਤਿਆਰ ਹੋ ਕੇ ਸ਼ਹਿਰ ਚਲਾ ਗਿਆ। ਮੈਂ ਤੇ ਮਾਂ ਜਿਵੇਂ ਇਕ-ਦੂਜੇ ਤੋਂ ਟਲਦੀਆਂ ਰਹੀਆਂ। ਅਸਲ ਚ ਮੈਂ ਹੀ ਮਾਂ ਤੋਂ ਟਲ ਰਹੀ ਸਾਂ। ਉਂਝ ਉਹਦਾ ਮਨ ਵੀ ਵਾਹਵਾ ਉੱਖੜਿਆ-ਉੱਖੜਿਆ ਲੱਗ ਰਿਹਾ ਸੀ। ਮੇਰੇ ਅੰਦਰ ਵੀ ਘਬਰਾਹਟ ਧੁਖ ਰਹੀ ਸੀ ਕਿ ਕਿਤੇ...। ਖ਼ੈਰ, ਦੁਪਹਿਰੇ ਮਾਂ ਨੇ ਸਿਰ ਘੁੱਟਣ ਲਈ ਆਖਿਆ। ਉਹ ਮੰਜੇਤੇ ਲੇਟ ਗਈ। ਮੈਂ ਸਿਰਹਾਣੇ ਵਾਲੇ ਪਾਸੇ ਬੈਠ ਕੇ ਮੱਥਾ ਦੱਬਣ ਲੱਗੀ। ਕਿੰਨਾ ਚਿਰ ਖ਼ਾਮੋਸ਼ੀ ਛਾਈ ਰਹੀ। ਅਖ਼ੀਰ ਮਾਂ ਨੇ ਹੀ ਚੁੱਪ ਤੋੜੀ,
‘‘ਕੂੰਜ ਦੀ ਵਿਥਿਆ ਅੱਗੇ ਤੋਰਾਂ ਅੱਜ? ‘‘ਉਹਦੀ ਵਿਥਿਆ ਤਾਂ ਖ਼ਤਮ ਵੀ ਹੋ ਗਈ ਸੀ
ਮੈਂ ਬੇਧਿਆਨੀ ਨਾਲ ਜਵਾਬ ਦਿੱਤਾ।
‘‘ਨਹੀਂ, ਅਸਲ ਵਿਥਿਆ ਤਾਂ ਅਜੇ ਬਾਕੀ ਐ। ਇਹ ਸੁਣ ਕੇ ਮੇਰਾ ਹੈਰਾਨ ਹੋਣਾ ਸੁਭਾਵਕ ਸੀ। ਮੇਰੀ ਜਾਚੇ ਤਾਂ ਕੂੰਜ ਦੇ ਬਾਜਾਂ ਤੋਂ ਮੁਕਤ ਹੁੰਦਿਆਂ ਹੀ ਕਹਾਣੀ ਆਪਣੀ ਸਿਖ਼ਰ ਨੂੰ ਛੋਹ ਗਈ ਸੀ। ‘‘ਬਾਕੀ ਕੀ ਰਹਿ ਗਿਆ!
ਮੈਂ ਉਤਸੁਕਤਾ ਨਾਲ ਪੁੱਛਿਆ।
‘‘ਜਦੋਂ ਉਹ ਪੰਛੀ ਦੇ ਖੰਭਾਂ ਤੇ ਸਵਾਰ ਹੋਈ, ਤਾਂ ਨਿਚਿੰਤ ਹੋ ਕੇ ਸੌਂ ਗਈ... ਏਨੀ ਗੂੜ੍ਹੀ ਨੀਂਦਚ ਉਸ ਨੂੰ ਪਹਿਲੀ ਵਾਰ ਬਹਾਰਾਂ ਦੇ ਸੁਪਨੇ ਆਏ… ਹਰੇ-ਭਰੇ ਰੁੱਖ, ਠੰਢੀ-ਠੰਢੀ ਹਵਾ ਦੇ ਝੌਕੇ ਤੇ ਲਹਿਰਾਉਂਦੇ ਪੱਤਿਆਂ ਚੋਂ ਛਣ ਕੇ ਆਉਂਦੀਆਂ ਸੂਰਜ ਦੀਆਂ ਕਿਰਨਾਂ ਜਿਵੇਂ ਉਸ ਦੀ ਆਜ਼ਾਦੀ ਦਾ ਜਸ਼ਨ ਮਨਾ ਰਹੀਆਂ ਹੋਣ। ਪਰ ਜਦੋਂ ਉਸ ਦੀ ਅੱਖ ਖੁੱਲ੍ਹੀ, ਤਾਂ ਉਸ ਦੀਆਂ ਡਾਡਾਂ ਨਿੱਕਲ ਗਈਆਂ।`` ‘‘ਕੀ ਹੋਇਆ?`` ਪੁੱਛਦਿਆਂ ਮੇਰਾ ਗਲਾ ਸੁੱਕ ਗਿਆ। ‘‘ਉਹ ਕਾਵਾਂਚ ਘਿਰੀ ਹੋਈ ਸੀ ‘‘ਹੈਂਅ... ਮੇਰਾ ਮੂੰਹ ਖੁੱਲ੍ਹਾ ਰਹਿ ਗਿਆ।
‘‘ਰਾਤ ਦੇ ਹਨੇਰੇ ਚ ਉਹ ਜਿਸ ਦੇ ਖੰਭਾਂਤੇ ਸਵਾਰ ਹੋਈ ਸੀ, ਉਹ ਕੋਈ ਹੋਰ ਪੰਛੀ ਨਹੀਂ ਸੀ, ਕਾਂ ਹੀ ਸੀ।ਮਾਂ ਦੀਆਂ ਅੱਖਾਂ ਖਲਾਅ `ਚ ਅਟਕ ਗਈਆਂ। ਮੈਨੂੰ ਕੂੰਜ ਦਾ ਇਹ ਹਸ਼ਰ ਬਿਲਕੁਲ ਮਨਜ਼ੂਰ ਨਾ ਹੋਇਆ। ਮੈਨੂੰ ਇੰਝ ਜਾਪਿਆ, ਜਿਵੇਂ ਕਾਂ ਦੀ ਬਜਾਇ ਮਾਂ ਨੇ ਕੂੰਜ ਨਾਲ ਸਾਜ਼ਿਸ਼ ਖੇਡੀ ਸੀ। ਮੈਥੋਂ ਰਿਹਾ ਨਾ ਗਿਆ, ਆਪਣੇ ਅੰਦਰ ਉਬਲਦਾ ਸਵਾਲ ਮੈਂ ਬਾਹਰ ਉਗਲ ਦਿੱਤਾ, ‘‘ਕੋਈ ਹੋਰ ਪੰਛੀ ਵੀ ਉਹਨੂੰ ਬਾਜਾਂ ਦੇ ਘੇਰੇ `ਚੋਂ ਕੱਢ ਸਕਦਾ ਸੀ। ਫਿਰ ਉਹ ਕਾਂ ਦੇ ਜਾਲ ਵਿਚ ਹੀ ਕਿਉਂ ਫਸੀ?
‘‘ਧੀਏ ਜਦੋਂ ਆਪਣੇ ਖੰਭ ਕਮਜ਼ੋਰ ਹੋਣ, ਤਾਂ ਕਾਵਾਂ ਦਾ ਖ਼ਤਰਾ ਬਹੁਤਾ ਰਹਿੰਦੈ। ‘‘ਫਿਰ ਮਾਂ ਤੂੰ ਹੀ ਦੱਸ... ਉਸ ਵਿਚਾਰੀ ਕੋਲ ਚਾਰਾ ਵੀ ਕੀ ਸੀ
ਮੈਂ ਮਾਂ ਅੱਗੇ ਤਰਲਾ ਮਾਰਿਆ, ਜਿਵੇਂ ਅਜੇ ਵੀ ਕੂੰਜ ਦੀ ਕਿਸਮਤ ਮਾਂ ਦੇ ਹੱਥ ਵਿਚ ਸੀ।
‘‘ਪਰਾਏ ਖੰਭ ਵੀ ਕਦੇ ਪਾਰ ਲੰਘਾਉਂਦੇ ਨੇ ਧੀਏ! ਮਾਂ ਦੀ ਵਿਅੰਗ ਭਰੀ ਦਲੀਲ ਮੇਰਾ ਸੀਨਾ ਛਲਣੀ ਕਰ ਗਈ। ਧੁਖਦੀ ਧੂਣੀ ਵਾਂਗ ਖ਼ਿਆਲਾਂ ਦਾ ਧੂੰਆਂ ਮੇਰੇ ਸਿਰ ਨੂੰ ਚੜ੍ਹਨ ਲੱਗਿਆ। ਅੱਖਾਂ `ਚ ਧੁੰਦ ਪਸਰ ਗਈ ਤੇ ਹਨੇਰੇ ਦਾ ਮਕੜਜਾਲ ਮੇਰੇ ਅੰਗ-ਅੰਗ `ਚ ਧਸ ਗਿਆ। ਜਿਵੇਂ ਖੂਹ `ਚ ਡੁੱਬ ਰਿਹਾ ਬੰਦਾ ਆਖ਼ਰੀ ਚੀਕ ਮਾਰਦਾ ਹੋਵੇ, ਮੈਂ ਆਪਣੀ ਗੁੰਝਲ ਸੁਲਝਾਉਣ ਲਈ ਇਕ ਹੋਰ ਤਰਲਾ ਮਾਰਨਾ ਚਾਹਿਆ, ‘‘ਮਾਂ, ਹੁਣ ਦੱਸ ਕੂੰਜ ਵਿਚਾਰੀ ਕੀ ਕਰੇ!! ਸਵਾਲ ਮੇਰੀ ਸੰਘੀ ਚ ਅਟਕ ਕੇ ਰਹਿ ਗਿਆ। ਉਪਰ ਅਸਮਾਨਚ ਧੂੜ ਦੇ ਬੱਦਲ ਘੁਸਰ-ਮੁਸਰ ਕਰ ਰਹੇ ਸਨ। ਧਰਤੀ ਦਾ ਪਿੰਡਾ ਮਘ ਰਿਹਾ ਸੀ। ਹਵਾ ਦਾ ਜਿਵੇਂ ਦਮ ਘੁੱਟ ਗਿਆ ਸੀ।
‘‘ਲੱਗਦੈ ਹਨੇਰੀ ਆਊ` ਗੱਲ ਦਾ ਰੁਖ ਬਦਲਦਿਆਂ ਮਾਂ ਨੇ ਅਸਮਾਨ ਵੱਲ ਸਰਸਰੀ ਜਿਹੀ ਝਾਤ ਮਾਰੀ। ‘ਸ਼ਾਇਦ...! ਮੈਥੋਂ ਬਸ ਏਨਾ ਹੀ ਬੋਲਿਆ ਗਿਆ।

ਈ-ਮੇਲ : bulletbalwinder@gmail.com

Leave a Reply

Your email address will not be published. Required fields are marked *