ਕਿਸਾਨਾਂ ਲਈ ਬਣੀ ਕਮੇਟੀ : ਚਾਰੋ ਮੈਂਬਰ ਖੇਤੀ ਕਾਨੂੰਨਾਂ ਦੇ ਸਮਰਥਕ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਤੇ ਗੱਲਬਾਤ ਕਰਨ ਅਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਚਾਰ ਮੈਂਬਰਾਂ ਦੀ ਇਕ ਕਮੇਟੀ ਬਣਾਈ ਹੈ। ਇਨ੍ਹਾਂ ਵਿਚ ਅਸ਼ੋਕ ਗੁਲਾਟੀ ਅਤੇ ਡਾ. ਪ੍ਰਮੋਦ ਕੇ. ਜੋਸ਼ੀ ਖੇਤੀਬਾੜੀ ਆਰਥਕ ਮਾਹਰ ਹਨ, ਜਦਕਿ ਭੁਪਿੰਦਰ ਸਿੰਘ ਮਾਨ ਅਤੇ ਅਨਿਲ ਘਨਵਟ ਕਿਸਾਨ ਨੇਤਾ ਹਨ। ਚਾਰਾਂ ਕਲ ਇਸ ਖੇਤਰ ਦਾ ਚੰਗਾ-ਖ਼ਾਸਾ ਤਜਰਬਾ ਹੈ। ਚਾਰੋੋ ਮੈਂਬਰਾਂ ਦੇ ਪੁਰਾਣੇ ਲੇਖ ਅਤੇ ਇੰਟਰਵਿਊ ਦਸਦੇ ਹਨ ਕਿ ਉਹ ਖੇਤੀ ਕਾਨੂੰਨਾਂ ਦੇ ਪੱਖ ਵਿਚ ਰਹੇ ਹਨ। ਅਸ਼ੋਕ ਗੁਲਾਟੀ- ਐਮ.ਐਸ.ਪੀ. ਵਧਾਉਣ ਵਿਚ ਅਹਿਮ ਭੂਮਿਕਾ ਰਹੀ ਅਸ਼ੋਕ ਗੁਲਾਟੀ ਖੇਤੀਬਾੜੀ ਆਰਥਕ ਮਾਹਰ ਹਨ। ਹੁਣ ਉਹ ਇੰਡੀਅਨ ਕਾਊਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕੋਨਾਮਿਸਟ ਰਿਲੇਸ਼ਨ ਵਿਚ ਪ੍ਰੋਫੈਸਰ ਹਨ। ਉਹ ਨੀਤੀ ਆਯੋਗ ਤਹਿਤ ਪ੍ਰਧਾਨ ਮੰਤਰੀ ਵਲੋਂ ਬਣਾਈ ਐਗਰੀਕਲਚਰ ਟਾਸਕ ਫੋਰਸ ਦੇ ਮੈਂਬਰ ਅਤੇ ਖੇਤੀ ਬਾਜ਼ਾਰ ਸੁਧਾਰ
ਤੇ ਬਣੇ ਐਕਸਪਰਟ ਪੈਨਲ ਦੇ ਮੁਖੀ ਹਨ। ਉਹ ਖੇਤੀ ਕਾਨੂੰਨ ਨੂੰ ਕਿਸਾਨਾਂ ਲਈ ਲਾਹੇਵੰਦ ਦਸਦੇ ਰਹੇ ਹਨ। ਪਿਛਲੇ ਸਾਲ ਸਤੰਬਰ ਵਿਚ ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੇ ਆਪਣੇ ਲੇਖ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਇਹ ਕਾਨੂੰਨ ਕਿਸਾਨਾਂ ਨੂੰ ਵਧੇਰੇ ਬਦਲ ਅਤੇ ਆਜ਼ਾਦੀ ਦੇਣਗੇ। ਉਨ੍ਹਾਂ ਨੇ ਕਈ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਵਧਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ
ਡਾ. ਪ੍ਰਮੋਦ ਕੇ. ਜੋਸ਼ੀ- ਕੰਟਰੈਕਟ ਫਾਰਮਿੰਗ ਨੂੰ ਲਾਹੇਵੰਦ ਦਸ ਚੁੱਕੇ ਹਨ
ਡਾ. ਪ੍ਰਮੋਦ ਜੋਸ਼ੀ ਵੀ ਖੇਤੀਬਾੜੀ ਆਰਥਕ ਮਾਹਰ ਹਨ। ਇਸ ਵੇਲੇ ਉਹ ਸਾਊਥ ਏਸ਼ੀਆ ਇੰਟਰਨੈਸ਼ਨਲ ਫੂਡ ਪਾਲਸੀ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਹਨ। ਉਨ੍ਹਾਂ ਨੂੰ ਐਗਰੀਕਲਚਰ ਸੈਕਟਰ ਵਿ ਕੰਮ ਕਰਨ ਲਈ ਕਈ ਐਵਾਰਡ ਮਿਲ ਚੁੱਕੇ ਹਨ। ਉਨ੍ਹਾਂ ਨੇ 2017 ਵਿਚ ਇਕ ਅੰਗਰੇਜ਼ੀ ਅਖ਼ਬਾਰ ਵਿਚ ਲਿਖੇ ਆਪਣੇ ਲੇਖ ਵਿਚ ਕੰਟਰੈਕਟ ਫਾਰਮਿੰਗ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ ਸੀ। ਉਦੋਂ ਖੇਤੀ ਕਾਨੂੰਨ ਬਣਾਏ ਜਾ ਰਹੇ ਸਨ। ਜੋਸ਼ੀ ਨੇ ਲਿਖਿਆ ਸੀ ਕਿ ਇਨ੍ਹਾਂ ਕਾਨੂੰਨਾਂ ਨਾਲ ਫਸਲਾਂ ਦੀਆਂ ਕੀਮਤਾਂ ਵਿਚ ਉਤਾਰ-ਚੜ੍ਹਾਅ ਹੋਣ ਤੇ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਵੇਗਾ ਅਤੇ ਉਨ੍ਹਾਂ ਦਾ ਖ਼ਤਰਾ ਘੱਟ ਹਵੇਗਾ। ਭੁਪਿੰਦਰ ਸਿੰਘ ਮਾਨ- ਇਨ੍ਹਾਂ ਦੀ ਕਮੇਟੀ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੀ ਹੈ। 15 ਸਤੰਬਰ 1939 ਨੂੰ ਗੁਜਰਾਂਵਾਲਾ (ਹੁਣ ਪਾਕਿਸਤਾਨ ਵਿਚ) ਵਿਚ ਪੈਦਾ ਹੋਏ ਸਰਦਾਰ ਭੁਪਿੰਦਰ ਸਿੰਘ ਮਾਨ ਕਿਸਾਨਾਂ ਲਈ ਹਮੇਸ਼ਾ ਕੰਮ ਕਰਦੇ ਰਹੇ ਹਨ। ਇਸ ਕਾਰਨ ਰਾਸ਼ਟਰਪਤੀ ਨੇ 1990 ਵਿਚ ਉਨ੍ਹਾਂ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤਾ ਸੀ। ਉਹ ਕੁੱਲ ਹਿੰਦ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ ਵੀ ਹਨ। ਉਨ੍ਹਾਂ ਦੀ ਕਮੇਟੀ ਨੇ 14 ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤਮਰ ਨੂੰ ਇਕ ਪੱਤਰ ਲਿਖਿਆ ਸੀ। ਇਸ ਵਿਚ ਉਨ੍ਹਾਂ ਨੇ ਲਿਖਿਆ ਸੀ, ‘ਅੱਜ ਭਾਰਤ ਦੀ ਖੇਤੀ ਵਿਵਸਥਾ ਨੂੰ ਮੁਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮਦੀ ਦੀ ਅਗਵਾਈ ਵਿਚ ਜੋ ਤਿੰਨ ਕਾਨੂੰਨ ਪਾਸ ਕੀਤੇ ਗਏ ਹਨ, ਅਸੀਂ ਉਨ੍ਹਾਂ ਕਾਨੂੰਨਾਂ ਦੇ ਪੱਖ ਵਿਚ ਸਰਕਾਰ ਦਾ ਸਮਰਥਨ ਕਰਨ ਲਈ ਅੱਗੇ ਆਏ ਹਾਂ।
ਅਨਿਲ ਘਨਵਟ- ਇਨ੍ਹਾਂ ਨੇ ਕਿਹਾ ਸੀ ਇਨ੍ਹਾਂ ਕਾਨੂੰਨਾਂ ਨਾਲ ਪਿੰਡ ਵਿਚ ਨਿਵੇਸ਼ ਵਧੇਗਾ। ਅਨਿਲ ਘਨਵਟ ਮਹਾਰਾਸ਼ਟਰ ਵਿਚ ਕਿਸਾਨਾਂ ਦੇ ਵੱਡੇ ਸੰਗਠਨ ਸ਼ੇਤਕਾਰੀ ਸੰਗਠਨ ਦੇ ਮੁਖੀ ਹਨ। ਇਹ ਸੰਗਠਨ ਵੱਡੇ ਕਿਸਾਨ ਨੇਤਾ ਰਹੇ ਸ਼ਰਦ ਜੋਸ਼ੀ ਨੇ 1979 ਵਿਚ ਬਣਾਇਆ ਸੀ। ਅਨਿਲ ਘਨਵਟ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਆਉਣ ਨਾਲ ਪਿੰਡਾਂ ਵਿਚ ਕੋਲਡ ਸਟੋਰੇਜ ਅਤੇ ਵੇਅਰਹਾਊਸ ਬਣਾਉਣ ਵਿਚ ਨਿਵੇਸ਼ ਵਧੇਗਾ। ਘਨਵਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਦੋ ਰਾਜਾਂ ਦੇ ਦਬਾਅ ਵਿਚ ਆ ਕੇ ਇਹ ਕਾਨੂੰਨ ਵਾਪਸ ਲਏ ਜਾਂਦੇ ਹਨ ਤਾਂ ਇਸ ਨਾਲ ਕਿਸਾਨਾਂ ਲਈ ਖੁੱਲ੍ਹੇ ਬਾਜ਼ਾਰ ਦਾ ਰਸਤਾ ਬੰਦ ਹੋ ਜਾਵੇਗਾ।