fbpx Nawidunia - Kul Sansar Ek Parivar

ਸ਼ਹੀਦ ਦੀ ਪਤਨੀ ਕਹਾਵਾਂ ਤਾਂ ਮੇਰੇ ਲਈ ਫ਼ਖ਼ਰ ਵਾਲੀ ਗੱਲ ਹੋਵੇਗੀ…

ਸਿੰਘੂ/ਟਿੱਕਰੀ/ਗਾਜ਼ੀਪੁਰ/ਸ਼ਾਹਜਹਾਨਪੁਰ/ਪਲਬਲ ਬਾਰਡਰ ਤੋਂ ਕਮਲ ਦੁਸਾਂਝ


ਜਿਉਣ-ਮਰਨ ਦੇ ਜਜ਼ਬੇ ਨਾਲ ਲੜੇ ਜਾ ਰਹੇ ਇਸ ਅੰਦੋਲਨ ਦੀ ਜਿੱਤ ਲਾਜ਼ਮੀ ਹੈ

ਦਿੱਲੀ ਮੋਰਚੇ ਤੇ ਡਟੇ ਹੋਏ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਦੀ ਜੀਵਨ ਸਾਥਣ ਸਰਬਜੀਤ ਕੌਰ ਸੰਧੂ ਟੀ.ਵੀ. ਚੈਨਲਤੇ ਇੰਟਰਵਿਊ ਕਹਿ ਰਹੇ ਹਨ- ‘‘ਦੇਖਿਓ! ਖਾਲੀ ਹੱਥ ਘਰ ਨੀਂ ਮੁੜਨਾ… ਬਿਮਾਰ ਹੋ ਕੇ ਮਰਨ ਨਾਲੋਂ ਸ਼ਹੀਦ ਹੋ ਕੇ ਦੁਨੀਆ ਤੋਂ ਜਾਣਾ ਸਾਡੀ ਰਵਾਇਤ ਐ… ਜੰਗ ਜਿੱਤਣੀ ਹੀ ਜਿੱਤਣੀ ਐ… ਜੇ ਇਸ ਵਾਰ ਨਹੀਂ ਤਾਂ ਫੇਰ ਕਦੇ ਨਹੀਂ…ਸ਼ਹੀਦ ਦੀ ਪਤਨੀ ਕਹਾਵਾਂ ਤਾਂ ਮੇਰੇ ਲਈ ਫ਼ਖ਼ਰ ਵਾਲੀ ਗੱਲ ਹੋਵੇਗੀ …। ਮੈਂ ਸਿਰ ਉੱਚਾ ਕਰਕੇ ਜਿਉਣੈ।“

‘‘ਲੜਾਈ.. ਲੜਾਈ ਤਾਂ ਅਸੀਂ ਜਿੱਤ ਹੀ ਲਵਾਂਗੇ… ਪਰ ਇਹ ਸੰਘਰਸ਼ ਸਾਨੂੰ ਸਿਰਫ਼ ਜਿੱਤ ਨਾਲ ਹੀ ਚੇਤੇ ਨਹੀਂ ਰਹਿਣਾ… ਸਗੋਂ ਉਨ੍ਹਾਂ ਲੋਕਾਂ ਕਰਕੇ ਦਿਲਾਂ ਤੇ ਖੁਣਿਆ ਜਾਵੇਗਾ ਜਿਹੜੇ ਇਸ ਸੰਘਰਸ਼ਚ ਸ਼ਹੀਦੀਆਂ ਪਾ ਗਏ… ਆਪਣੀਆਂ ਨਸਲਾਂ ਬਚਾਉਣ ਲਈ ਜੂਝ ਰਹੇ ਬਜ਼ੁਰਗ ਚਲੇ ਗਏ… ਮਸਾਂ-ਮਸਾਂ ਜਵਾਨੀ ਵਿਚ ਪੈਰ ਧਰਨ ਵਾਲੇ ਸਾਡੇ ਹੀਰੇ ਪੁੱਤ ਚਲੇ ਗਏ…।

ਇਹ ਉਨ੍ਹਾਂ ਔਰਤਾਂ ਦਾ ਕਹਿਣਾ ਹੈ ਜਿਨ੍ਹਾਂ ਦੇ ਪਤੀ, ਪੁੱਤ, ਭਰਾ ਤੇ ਪਿਤਾ ਜਿਸਮ ਚੀਰਦੀ ਠੰਢ ਤੇ ਵਰ੍ਹਦੇ ਮੀਹਾਂ ਵਿਚ ਦਿੱਲੀ ਦੇ ਬਾਰਡਰਾਂ `ਤੇ ਮਘੇ ਹੋਏ ਮੋਰਚਿਆਂ `ਤੇ ਡਟੇ ਹੋਏ ਹਨ। ਇਹ ਕਿਸਾਨ ਆਗੂ ਪਹਿਲੀ ਵਾਰ ਕਿਸੇ ਮੋਰਚੇ `ਤੇ ਨਹੀਂ ਡਟੇ, ਸਗੋਂ ਉਨ੍ਹਾਂ ਦੇ ਬਾਪ-ਦਾਦੇ ਵੀ ਹਰ ਦੌਰ ਵਿਚ ਆਪਣੇ ਖੇਤ, ਆਪਣੀ ਜ਼ਮੀਨ ਬਚਾਉਣ ਲਈ ਮੋਰਚੇ ਲਾਉਂਦੇ ਰਹੇ ਹਨ ਤੇ ਇਹ ਆਗੂ ਵੀ ਹੋਸ਼ ਸੰਭਾਲਦਿਆਂ ਕਿਸੇ ਨਾ ਕਿਸੇ ਜਥੇਬੰਦੀ ਨਾਲ ਜੁੜ ਕੇ ਆਪਣੇ ਹੱਕਾਂ ਲਈ ਜੂਝਦੇ ਆ ਰਹੇ ਹਨ।

ਮੋਹਰਲੀਆਂ ਕਤਾਰਾਂ ਵਿਚ ਡਟੇ ਇਨ੍ਹਾਂ ਕਿਸਾਨ ਆਗੂਆਂ ਨੇ ਆਪਣੇ ਪਿੰਡੇ `ਤੇ ਅਨੇਕਾਂ ਵਾਰ ਹਾਕਮਾਂ ਦੀਆਂ ਡਾਗਾਂ ਖਾਧੀਆਂ ਹਨ, ਅੱਥਰੂ ਗੈਸ ਦੇ ਗੋਲਿਆਂ ਨਾਲ ਅੱਖਾਂ ਮਚਾਈਆਂ, ਪਾਣੀ ਦੀਆਂ ਵਾਛੜਾਂ ਝੱਲੀਆਂ ਤੇ ਜੇਲ੍ਹਾਂ ਵੀ ਕੱਟੀਆਂ ਹਨ। ਇਹ ਕੋਈ ਬਰਸਾਤੀ ਡੱਡੂ ਨਹੀਂ ਜੋ ਛੱਪੜਾਂ ਦਾ ਉਛਲਦਾ ਪਾਣੀ ਦੇਖ ਕੇ ਆਪਣਾ ਰਾਗ ਸੁਣਾਉਣ ਆ ਗਏ ਹਨ। ਚੰਗੀ ਭਾਸ਼ਣ ਕਲਾ ਨਾਲ ਕੋਈ ‘ਨਾਇਕ` ਨਹੀਂ ਹੋਇਆ ਕਰਦਾ ਜਿਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਭਾਸ਼ਣ ਕਲਾ ਰਾਹੀਂ ਜਨਤਾ ਨੂੰ 'ਮੰਤਰ ਮੁਗਧ' ਕੀਤਾ ਸੀ ਪਰ ਹੁਣ ਜਨਤਾ ਇਸ ਸੰਮੋਹਨ ਵਿਚੋਂ ਬਾਹਰ ਆ ਚੁੱਕੀ ਹੈ, ਸਿਰਫ਼ ਉਨ੍ਹਾਂ ਦੇ ਅੰਧ ਭਗਤਾਂ ਨੂੰ ਛੱਡ ਕੇ। ਸੋ, ਲੋਕ ਨਾਇਕ ਬਣਨ ਲਈ ਵੱਡੀ ਘਾਲਣਾ ਘਾਲਣੀ ਪੈਂਦੀ ਹੈ, ਜ਼ਿੰਦਗੀ ਲਾਉਣੀ ਪੈਂਦੀ ਹੈ।

ਦਰਅਸਲ! ਜਿਨ੍ਹਾਂ ਨੂੰ ਵਿਰਾਸਤ ਵਿਚ ਗ਼ਦਰ ਲਹਿਰ, ਆਜ਼ਾਦੀ ਸੰਗਰਾਮ, ਧਰਮ ਯੁੱਧ ਮੋਰਚਾ, ਪਗੜੀ ਸੰਭਾਲ ਜੱਟਾ ਵਰਗੀਆਂ ਲਹਿਰਾਂ ਮਿਲੀਆਂ ਹੋਣ, ਉਨ੍ਹਾਂ ਦਾ ਜਜ਼ਬਾ ਉਨ੍ਹਾਂ ਨੂੰ ਜਿਉਣ-ਮਰਨ ਦੇ ਸੰਘਰਸ਼ ਤੱਕ ਲੈ ਹੀ ਜਾਂਦਾ ਹੈ। ਛੋਟੀ ਜਿਹੀ ਵੱਟ ਲਈ ਕਿਸਾਨ ਭਰਾ ਮਰਨ-ਮਰਾਉਣ `ਤੇ ਆ ਜਾਂਦੇ ਹਨ, ਇਹ ਤਾਂ ਕਾਰਪੋਰੇਟੀ ਲੁਟੇਰੇ ਹਨ ਜੋ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਆ ਗਏ ਹਨ। ਜ਼ਮੀਨ ਬਿਨਾਂ ਕਿਸਾਨ ਦੀ ਕੀ ਹੋਂਦ? ਸੋ, ਇਹ ਲੜਾਈ ਤਾਂ ਹੋਂਦ ਬਚਾਉਣ ਦੀ ਹੈ।

ਉਂਜ ਕਿਸਾਨ ਜਥੇਬੰਦੀਆਂ ਦੇ ਇਹ ਆਗੂ ਵਰਿ੍ਹਆਂ ਤੋਂ ਹਰ ਸਮੇਂ ਦੀ ਸਰਕਾਰ ਨਾਲ ਟੱਕਰ ਲੈਂਦੇ ਆ ਰਹੇ ਹਨ। ਅੱਜ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਪਿਛਲੇ ਪਾਸਿਓਂ ਬਚ ਕੇ ਨਿਕਲ ਜਾਣ ਦਾ ਰਾਹ ਲਭਦਿਆਂ ਚੁਣਾਵੀ ਰਣਨੀਤੀ ਤਹਿਤ ਪੰਜਾਬ ਵਿਧਾਨ ਸਭਾ ਵਿਚ ਕੇਂਦਰੀ ਕਾਨੂੰਨਾਂ ਨੂੰ ਬੇਅਸਰ ਕਰਨ ਦੇ ਨਾਂਅ `ਤੇ 4 ਨਵੇਂ ਬਿਲ ਪਾਸ ਕਰਵਾਏ ਹਨ (ਜੋ ਕਿ ਬੇਹੱਦ ਖ਼ਾਮੀਆਂ ਭਰਪੂਰ ਹਨ) ਪਰ ਇਹ ਉਹੀ ‘ਕੈਪਟਨ ਸਾਹਿਬ` ਨੇ ਜੋ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵੱਲ ਰੋਸ ਮਾਰਚ ਕਰਨ ਜਾਂਦੇ ਕਿਸਾਨਾਂ ਦੇ ਮੋਰਚੇ ਵਾਈ.ਪੀ.ਐਸ. ਚੌਕ ਦੇ ਬੈਰੀਅਰ `ਤੇ ਹੀ ਡੱਕ ਦਿੰਦੇ ਨੇ... ਉਨ੍ਹਾਂ ਨੂੰ ਜਾਂ ਤਾਂ ਇਸ ਚੌਕ `ਤੇ ਹੀ ‘ਕੈਦ` ਕਰ ਲਿਆ ਜਾਂਦਾ ਹੈ ਜਾਂ ਚੰਡੀਗੜ੍ਹ ਦੀਆਂ ਸੈਕਟਰ 25 ਵਿਚਲੀਆਂ ਮੜ੍ਹੀਆਂ ਅੱਗੇ ਹੀ ਆਪਣਾ ਪ੍ਰਦਰਸ਼ਨ ਕਰਨ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਸੂਬਾ ਸਰਕਾਰਾਂ ਤੇ ਚੰਡੀਗੜ੍ਹ ਪ੍ਰਸ਼ਾਸਨ ਇਹ ਤਰਕ ਦਿੰਦਾ ਹੈ ਕਿ ਕਿਸਾਨ ‘ਖੂਬਸੂਰਤ` ਸ਼ਹਿਰ ਵਿਚ ਆ ਕੇ ਗੰਦ ਪਾਉਂਦੇ ਹਨ। ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਕੈਪਟਨ ਅਮਰਿੰਦਰ ਨੇ ਮੰਡੀਆਂ ਵਿਚ ਕਈ-ਕਈ ਦਿਨ ਰੁਲਦੇ ਕਿਸਾਨਾਂ ਦੀ ਕਦੇ ਵੀ ਸਾਰ ਨਹੀਂ ਲਈ। ਉਹ ਤਾਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੋਤੀ ਮਹਿਲ ਵੱਲ ਆਉਂਦੇ ਮੁਲਾਜ਼ਮਾਂ, ਬੇਰੁਜ਼ਗਾਰਾਂ, ਅਧਿਆਪਕਾਂ ਨੂੰ ਡਾਂਗਾਂ ਨਾਲ ਕੁੱਟ-ਕੁੱਟ ਕੇ ਖਦੇੜਨ ਤੱਕ ਜਾਂਦੇ ਹਨ। ਬਾਦਲਾਂ ਨੇ ਵੀ ਕਿਹੜਾ ਕਿਸਾਨਾਂ ਨਾਲ ਘੱਟ ਗੁਜ਼ਾਰੀ ਹੈ। ਆਪਣੇ ਚਹੇਤਿਆਂ ਦਾ ਕੀਟ ਨਾਸ਼ਕ ਵਪਾਰ ਚਮਕਾਉਣ ਲਈ ਫ਼ਸਲਾਂ ਹੀ ਤਬਾਹ ਕਰ ਦਿੱਤੀਆਂ। ਜੰਗਲ ਤਾਂ ਇਹ ਪਹਿਲੋਂ ਹੀ ਡਕਾਰ ਗਏ, ਹੁਣ ਕਿਸਾਨਾਂ ਦੀਆਂ ਜ਼ਮੀਨਾਂ ਵੀ ਨਿਗਲਣ ਆ ਗਏ ਹਨ। ਬੀਬਾ ਹਰਸਿਮਰਤ ਬਾਦਲ ਦਾ ਅਸਤੀਫ਼ਾ ਦੁਆ ਕੇ ਜਾਂ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਦੀ ਨੌਂਟਕੀ ਕਰਨ ਵਾਲੇ ਬਾਦਲਾਂ ਨੇ ਵੀ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ `ਤੇ ਠੋਕ ਵਜਾ ਕੇ ਮੋਹਰ ਲਗਾਈ ਸੀ। ਹਰਸਿਮਰਤ ਬਾਦਲ ਦੇ ਅਹੁਦਾ 'ਛੱਡਣ' ਨਾਲ ਕੀ ਹੋਣਾ ਹੈ, ਛੱਡਣਾ ਹੀ ਸੀ ਤਾਂ ਜਨਤਕ ਟਰਾਂਸਪੋਰਟ ਦੀ ਤਬਾਹੀ ਮਚਾਉਣ ਵਾਲੇ ਬੱਸਾਂ ਦੇ ਪਰਮਿਟ ਛੱਡਦੇ, ਲੋਕਾਂ ਦੇ ਧੱਕੇ ਨਾਲ ਕਬਜ਼ੇ 'ਚ ਕੀਤੇ ਕਾਰੋਬਾਰ ਛੱਡਦੇ ਅਤੇ ਆਪਣੀਆਂ ਤਿਜੌਰੀਆਂ ਭਰਨ ਲਈ ਪੰਜਾਬ ਨੂੰ ਤਬਾਹ ਕਰਨ ਲਈ ਹੁਣ ਤੱਕ ਕੀਤੇ ਗਏ ਆਪਣੇ ਗੁਨਾਹਾਂ ਲਈ ਮੁਆਫ਼ੀ ਮੰਗਦੇ।

ਇਸ ਕਿਸਾਨ ਅੰਦੋਲਨ ਦੌਰਾਨ ਸਰਕਾਰਾਂ ਦੀਆਂ ਬਦਨੀਤੀਆਂ ਤੇ ਨੀਅਤਾਂ ਹੁਣ ਪੂਰੀ ਤਰ੍ਹਾਂ ਜੱਗ-ਜ਼ਾਹਰ ਹੋ ਚੁੱਕੀਆਂ ਹਨ...ਜਨ-ਸਾਧਾਰਨ ਦੇ ਇਨ੍ਹਾਂ ਪ੍ਰਤੀ ਭੁਲੇਖੇ ਵੀ ਹੁਣ ਹੌਲ਼ੀ ਹੌਲ਼ੀ ਦੂਰ ਹੋ ਰਹੇ ਹਨ। ਇਹ ਆਰ.ਐਸ.ਐਸ. ਦੇ ਥਾਪੜੇ ਵਾਲਾ ਅੰਨਾ ਹਜ਼ਾਰੇ ਦਾ ਅੰਦੋਲਨ ਨਹੀਂ, ਜਿਸ ਵਿਚੋਂ ‘ਕੇਜਰੀਵਾਲ` ਪੈਦਾ ਹੋਣਗੇ। ਪਰ ਹਾਂ, ਇਹ ਘੋਲ ਪੰਜਾਬ ਦਾ ਸਿਆਸੀ ਸਮੀਕਰਨ ਜ਼ਰੂਰ ਬਦਲੇਗਾ। ਹਰ ਸਿਆਸੀ ਆਗੂ ਨੂੰ ਲੋਕਾਂ ਦੀ ਕਚਹਿਰੀ ਵਿਚ ਪੇਸ਼ ਹੋਣਾ ਪਵੇਗਾ।

ਖ਼ੈਰ, ਗੱਲ ਤਾਂ ਇਨ੍ਹਾਂ ਕਿਸਾਨੀ ਯੋਧਿਆਂ ਦੀ ਚੱਲ ਰਹੀ ਸੀ। ਕਈ ਦਿਨਾਂ ਤੋਂ ਪੰਜਾਬ ਵਿਚ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨ ਕਦਮ-ਦਰ-ਕਦਮ ਆਪਣਾ ਸੰਘਰਸ਼ ਅੱਗੇ ਤੋਰ ਰਹੇ ਸਨ। ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਦੀਆਂ ਆ ਰਹੀਆਂ ਸਰਕਾਰਾਂ ਦੀਆਂ ਅੱਖਾਂ ਉਦੋਂ ਖੁੱਲ੍ਹੀਆਂ ਜਦੋਂ ਇਨ੍ਹਾਂ ਨੇ ਰੇਲਵੇ ਲਾਈਨਾਂ ਜਾਮ ਕੀਤੀਆਂ, ਟੋਲ ਪਲਾਜ਼ੇ ਬੰਦ ਕੀਤੇ, ਰਿਲਾਇੰਸ ਦੇ ਸਟੋਰ ਬੰਦ ਕੀਤੇ। ਅਖ਼ੀਰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਐਲਾਨਿਆ।

ਆਮ ਕਿਸਾਨ ਹੁਣ ਤੱਕ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦੇ ਆਏ ਹਨ। ਕਦੇ ਉਨ੍ਹਾਂ ਦੇ ਘਰ-ਬਾਰ, ਜ਼ਮੀਨਾਂ ਵਿਕੀਆਂ ਤੇ ਕਦੇ ਉਹ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ। ਆਮ ਲੋਕਾਂ ਨੂੰ ਇਹ ਲੜਾਈ ਸਿਰਫ਼ ਕਿਸਾਨੀ ਮਸਲਿਆਂ ਤੱਕ ਹੀ ਸੀਮਤ ਲਗਦੀ ਸੀ। ਕੁਝ ਇਨ੍ਹਾਂ ਨਾਲ ਹਮਦਰਦੀ ਰੱਖਦੇ ਸਨ ਤੇ ਕੁਝ ਕਿਸਾਨਾਂ ਦੀਆਂ ਹੀ ਗ਼ਲਤੀਆਂ ਗਿਣਾ ਕੇ ਆਪਣੇ ਸਿਰੋਂ ਭਾਰ ਲਾਹੁੰਦੇ ਆਏ ਹਨ। ਪਰ ਹਕੂਮਤਾਂ ਦੇ ਜਬਰ ਦਾ ਸੇਕ ਜਦੋਂ ਆਮ ਲੋਕਾਂ ਤੱਕ ਪੁੱਜਾ, ਤਾਂ ਉਹ ਵੀ ਇਸ ਲੜਾਈ ਵਿਚ ਕੁੱਦ ਪਏ। ਕਿਸਾਨ ਆਗੂਆਂ ਨੇ ਜਦੋਂ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਉਲੀਕਿਆ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਜੇ ਉਨ੍ਹਾਂ ਨੂੰ ਚੰਡੀਗੜ੍ਹ ਦਾ ਬੈਰੀਅਰ ਨਹੀਂ ਟੱਪਣ ਦਿੱਤਾ ਜਾਂਦਾ ਤਾਂ ਦਿੱਲੀ ਕਿਥੋਂ ਵੜਨ ਦਿੱਤਾ ਜਾਵੇਗਾ। ਇਹੀ ਸੋਚ ਕਿ ਉਨ੍ਹਾਂ ਜਿੱਥੇ ਰਾਹ ਡੱਕੇ ਗਏ, ਉਥੇ ਹੀ ਧਰਨਾ ਦੇਣ ਦਾ ਫ਼ੈਸਲਾ ਕੀਤਾ। ਪਰ ਇਸ ਵਾਰ ਉਨ੍ਹਾਂ ਦਾ ਇਰਾਦਾ ਮਹਿਜ਼ ਧਰਨੇ ਦੇਣ ਦਾ ਹੀ ਨਹੀਂ ਸੀ। ਉਹ ਦਿਨੋਂ-ਦਿਨ ਵੱਖਰਾ ਪ੍ਰੋਗਰਾਮ ਦੇ ਕੇ ਆਪਣਾ ਸੰਘਰਸ਼ ਤੇਜ਼ ਕਰਦੇ ਆ ਰਹੇ ਸਨ। ਹਾਂ, ਇਹ ਜ਼ਰੂਰ ਹੈ ਜਦੋਂ ਉਨ੍ਹਾਂ ਹਰਿਆਣਾ ਵਿਚੋਂ ਦੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਨੇ ਬਾਹਾਂ ਖੋਲ੍ਹ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਲਈ ਪੱਥਰ ਤੋੜਦੇ ਹੋਏ ਰਾਹ ਬਣਾਉਂਦੇ ਚਲੇ ਗਏ। ਡਾਂਗਾਂ ਤੇ ਅਥਰੂ ਗੈਸ ਦੇ ਗiੋਲਆਂ ਦਾ ਪਹਿਲਾ ਵਾਰ ਸਹਿਣ ਲਈ ਉਹ ਪੰਜਾਬੀ ਕਿਸਾਨਾਂ ਦੇ ਨਾਲ਼ ਡਟ ਗਏ। ਇਸ ਤੋਂ ਵੱਡਾ ਚਮਤਕਾਰ ਇਹ ਹੋਇਆ ਕਿ ਹੋਸ਼ ਨਾਲ ਕਦਮ-ਦਰ-ਕਦਮ ਅੱਗੇ ਵਧ ਰਹੇ ਕਿਸਾਨੀ ਯੋਧਿਆਂ ਨਾਲ ਜੋਸ਼ ਵੀ ਸ਼ਾਮਲ ਹੋ ਗਿਆ। ਨੌਜਵਾਨਾਂ ਦੇ ਹੌਸਲੇ ਤੇ ਹਿੰਮਤ ਨੇ ਉਨ੍ਹਾਂ ਨੂੰ ਦਿੱਲੀ ਦੀਆਂ ਬਰੂਹਾਂ ਤੱਕ ਲੈ ਆਂਦਾ। ਹੌਲੀ-ਹੌਲੀ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਦੇ ਕਿਸਾਨ ਵੀ ਦਿੱਲੀ ਦੀਆਂ ਸਰਹੱਦਾਂ ਰੋਕ ਕੇ ਕਿਸਾਨੀ ਯੋਧਿਆਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਡਟ ਗਏ ਹਨ। ਇਨ੍ਹਾਂ ਜਥੇਬੰਦੀਆਂ ਵਲੋਂ ਵਾਰ-ਵਾਰ ਹਰ ਇਕ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨੌਜਵਾਨ ਵਲੰਟੀਅਰ ਵੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।

ਇਸ ਅੰਦੋਲਨ ਦੀਆਂ ਨਿਤ ਦੀਆਂ ਘਟਨਾਵਾਂ ਵਿਚੋਂ ਲੰਘਦਿਆਂ ਸ਼ਾਹਜਹਾਨਪੁਰ ਦੀ ਲੂਹ-ਕੰਡੇ ਖੜ੍ਹੇ ਕਰਨ ਵਾਲੀ ਘਟਨਾ ਵੀ ਚੇਤੇ ਆ ਰਹੀ ਹੈ। ਫ਼ੌਜ ਦੇ ਜਵਾਨਾਂ ਨਾਲ ਹੀ ਕੁਝ ਧਰਨਾਕਾਰੀ ਕਿਸਾਨ ਖੜ੍ਹੇ ਹਨ। ਮੈਂ ਸਹਿਜ ਸੁਭਾਅ ਇਨ੍ਹਾਂ ਨੂੰ ਆਖਦੀ ਹਾਂ- ‘‘ਜੈ ਜਵਾਨ, ਜੈ ਕਿਸਾਨ। ਉਹ ਖ਼ੁਸ਼ ਹੋ ਕੇ ਸਾਰੇ ਨਾਅਰਾ ਲਾਉਂਦੇ ਹਨ। ਲਾਗੇ ਖੜ੍ਹਾ ਬਜ਼ੁਰਗ ਕਿਸਾਨ ਦੱਸਦਾ ਹੈ – ‘‘ਜਦੋਂ ਰਾਤੀਂ ਅਸੀਂ ਕੱਠੇ ਬਹਿ ਕੇ ਰੋਟੀ ਖਾ ਰਹੇ ਸੀ ਤਾਂ ਕੁਝ ਲੋਕਾਂ ਨੇ ਆ ਕੇ ਪੁਛਿਆ, ਤੁਸੀਂ ਇਨ੍ਹਾਂ ਦੋ ਫ਼ੌਜੀ ਜਵਾਨਾਂ ਨਾਲ ਬੈਠ ਕੇ ਰੋਟੀ ਕਿਉਂ ਖਾ ਰਹੇ ਹੋ? ਤਾਂ ਮੈਂ ਕਿਹਾ- ਇਹ ਦੋਵੇਂ ਮੇਰੇ ਪੁੱਤਰ ਨੇ।`` ਮੈਂ ਹੈਰਾਨ ਹੋ ਕੇ ਕਿਸਾਨ ਦੇ ਫੌਜੀ ਪੁੱਤਰਾਂ ਨੂੰ ਪੁਛਦੀ ਹਾਂ- ‘‘ਜੇ ਕੱਲ੍ਹ ਨੂੰ ਸਰਕਾਰ ਨੇ ਲਾਠੀਚਾਰਜ ਦਾ ਹੁਕਮ ਦਿੱਤਾ, ਫੇਰ ਤੁਸੀਂ ਆਪਣੇ ਪਿਓ ਦੇ ਡਾਗਾਂ ਵਰ੍ਹਾਓਂਗੇ?`` ‘‘ਨਹੀਂ ਜੀ, ਅਸੀਂ ਆਪਣੇ ਪਿਓ ਦੇ ਕੀ, ਕਿਸੇਤੇ ਵੀ ਡਾਂਗ ਨਹੀਂ ਵਰ੍ਹਾਉਣੀ।

ਨਾਲ ਖੜ੍ਹੇ ਲੋਕ ਬੋਲਦੇ ਹਨ- ‘‘ਸਾਡੇ ਇਲਾਕੇ ਦੇ ਲਗਭਗ ਹਰ ਘਰ `ਚੋਂ ਇਕ ਨੌਜਵਾਨ ਪੁਲੀਸ ਜਾਂ ਫ਼ੌਜ `ਚ ਭਰਤੀ ਐ... ਸਾਡੇ ਕੋਲ ਕੋਈ ਰੁਜ਼ਗਾਰ ਨਹੀਂ... ਦੇਸ਼ ਦੀ ਰਾਖੀ ਲਈ ਡਟ ਜਾਂਦੇ ਹਾਂ। ਅਸੀਂ ਤਾਂ ਅੰਨ੍ਹ ਪੈਦਾ ਕਰਕੇ ਖੁਰਾਕ ਸੁਰੱਖਿਆ ਦਿੰਦੇ ਆਂ ਤੇ ਸਰਹੱਦਾਂ `ਤੇ ਖੜ੍ਹ ਕੇ ਦੁਸ਼ਮਣਾਂ ਤੋਂ ਮੁਲਕ ਨੂੰ ਸੁਰੱਖਿਆ ਦਿੰਦੇ ਆਂ। ਅੱਜ ਸਾਡੇ ਪਿਓ, ਚਾਚੇ, ਤਾਏ, ਭਰਾ ਆਪਣੇ ਹੀ ਖੇਤ ਬਚਾਉਣ ਲਈ ਸਰਕਾਰਾਂ ਦੀਆਂ ਡਾਂਗਾਂ ਖਾ ਰਹੇ ਹਨ ਤੇ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਅਸੀਂ ਸਰਹੱਦਾਂ `ਤੇ ਗੋਲੀਆਂ ਖਾ ਰਹੇ ਹਾਂ। ਉਹ ਨਾਲ ਹੀ ਸਵਾਲ ਕਰਦੇ ਹਨ, "ਕਿਸੇ ਲੀਡਰ ਦਾ ਪੁੱਤ ਫ਼ੌਜ `ਚ ਭਰਤੀ ਕਿਉਂ ਨਹੀਂ ਹੁੰਦਾ?


ਇਨ੍ਹਾਂ ਕਿਸਾਨ ਜਥੇਬੰਦੀਆਂ ਅਤੇ ਇਨ੍ਹਾਂ ਆਗੂਆਂ ਨੂੰ ਇਸ ਕਰਕੇ ਵੀ ਸਲਾਮ ਕਰਨਾ ਬਣਦਾ ਹੈ ਕਿ ਕੋਈ ਵੀ ਇਨ੍ਹਾਂ ਵਿਚੋਂ ਆਪਣੇ-ਆਪ ਨੂੰ ‘ਨਾਇਕਵਜੋਂ ਪੇਸ਼ ਨਹੀਂ ਕਰ ਰਿਹਾ। ਉਨ੍ਹਾਂ ਲਈ ਸਭ ਤੋਂ ਉਪਰ ਕਿਸਾਨਾਂ ਅਤੇ ਆਮ ਲੋਕਾਂ ਦੇ ਹਿਤ ਹਨ ਤੇ ਨਾਲੋ-ਨਾਲ ਆਮ ਲੋਕਾਂ ਵਲੋਂ ਜਿਤਾਏ ਭਰੋਸੇ ਦੀ ਜ਼ਿੰਮੇਵਾਰੀ ਹੈ। ਇਨ੍ਹਾਂ 30-32 ਜਥੇਬੰਦੀਆਂ ਤੋਂ ਇਲਾਵਾ ਦੂਜੇ ਸੂਬਿਆਂ ਦੀਆਂ ਜਥੇਬੰਦੀਆਂ ਵਿਚ ਵੀ ਸੌ ਵਖਰੇਵੇਂ ਹੋਣਗੇ, ਹੋਣੇ ਲਾਜ਼ਮੀ ਵੀ ਹਨ ਪਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਸਾਰੇ ਇਕਜੁਟ ਹਨ। ਇਨ੍ਹਾਂ ਦੀਆਂ ਮੀਟਿੰਗਾਂ ਵਿਚ ਇਕ ਰਾਏਤੇ ਸਹਿਮਤੀ ਬਣਦੀ ਹੈ ਤੇ ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕਰਨ ਵੇਲੇ ਵੀ ਕੋਈ ਇਕ ਚਿਹਰਾ ਹੀ ‘ਖੁਦ ਨੂੰ ਨਾਇਕ ਪੇਸ਼ ਕਰਨ ਲਈਵਾਰ-ਵਾਰ ਮੀਡੀਆ ਸਾਹਮਣੇ ਨਹੀਂ ਆਉਂਦਾ, ਸਗੋਂ ਸਾਰੇ ਵਾਰੋ-ਵਾਰੀ ਮੀਡੀਆ ਦੇ ਰੂਬਰੂ ਹੁੰਦੇ ਹਨ।

ਗੋਦੀ ਮੀਡੀਆ ਇਸ ਪੂਰੇ ਅੰਦੋਲਨ ਦੌਰਾਨ ਇਕ ਵਾਰ ਫੇਰ ਖਲ਼ਨਾਇਕ ਦੇ ਤੌਰਤੇ ਪੇਸ਼ ਹੋ ਰਿਹਾ ਹੈ। ਕਹਿਣ ਨੂੰ ਉਹ ਇਸ ਦ੍ਰਿਸ਼ ਵਿਚੋਂ ਗ਼ੈਰ ਹਾਜ਼ਰ ਦਿਖਾਈ ਦਿੰਦਾ ਹੈ, ਪਰ ਦਫ਼ਤਰਾਂ ਵਿਚ ਬੈਠ ਕੇ ਮਨਘੜਤ ਕਹਾਣੀਆਂ ਪਰੋਸਣ ਦਾ ਯਤਨ ਕਰ ਰਿਹਾ ਹੈ। ਇਸ ਅੰਦੋਲਨ ਨੇ ਲੋਕ ਪੱਖੀ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ਨੂੰ ਵੀ ਉਭਰਨ ਦਾ ਮੌਕਾ ਦਿੱਤਾ ਹੈ। ਪਰ ਇਸ ਬਦਲਵੇਂ ਮੀਡੀਆ ਵਿਚ ਵੀ ਕੁਝ ਲੋਕ ਆਪਣੀ ਵਿਊਰਸ਼ਿਪ ਵਧਾਉਣ ਦੇ ਚੱਕਰ ਵਿਚ ‘ਪਹਿਲੀ ਵਾਰ, ਸਿਰਫ਼ ਸਾਡੇ ਚੈਨਲ ਤੇ ਦੀ ਰੱਟ ਲਾਉਂਦੇ ਹੋਏ ਅਕਸਰ ਅਜਿਹਾ ਕੁਝ ਪੇਸ਼ ਕਰ ਜਾਂਦੇ ਹਨ ਜੋ ਗੋਦੀ ਮੀਡੀਆ ਰਾਹੀਂ ਸਰਕਾਰ ਨੂੰ ਤਾਂ ਚੋਰ ਮੋਰੀਆਂ ਲੱਭਣ ਦਾ ਮੌਕਾ ਦਿੰਦਾ ਹੀ ਹੈ, ਵਿਦੇਸ਼ਾਂ ਵਿਚ ਬੈਠੇ ਇਸ ਅੰਦੋਲਨ ਦੇ ਹਮਦਰਦੀਆਂ ਨੂੰ ਵੀ ਨਿਰਾਸ਼ ਕਰਦਾ ਹੈ।

ਅੱਜ ਜਿਸ ਮੁਕਾਮ ਤੇ ਇਹ ਅੰਦੋਲਨ ਪਹੁੰਚ ਗਿਆ ਹੈ, ਉੱਥੇ ਲੋੜਾਂ ਦੀ ਲੋੜ ਇਸ ਗੱਲ ਦੀ ਹੈ ਕਿ ਜਿਸ ਕਿਸੇ ਨੇ ਵੀ ਇਸ ਅੰਦੋਲਨ ਵਿਚ ਆਪਣਾ ਹਿੱਸਾ ਪਾਉਣਾ ਹੈ ਤਾਂ ਉਸ ਨੂੰ ਇਸ ਵਿਸ਼ਾਲ ਤੇ ਸਾਂਝੇ ਦੇਸ਼-ਵਿਆਪੀ ਅੰਦੋਲਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ ਹੈ ਨਾ ਕਿ ਆਪਣੇ ਆਪ ਨੂੰ ਵੱਖਰੀ ਧਿਰ ਵਜੋਂ ਉਭਾਰਨ ਦੀ ਕੋਸ਼ਿਸ਼ ਕਰਦਿਆਂ ਲਗਭਗ ਜਿੱਤੀ ਹੋਈ ਲੜਾਈ ਨੂੰ ਬੇਸੁਆਦੀ ਦੀ ਪਾਣ ਚਾੜ੍ਹਨੀ ਚਾਹੀਦੀ ਹੈ।

ਗੱਲ ਕਿਸਾਨ ਅੰਦੋਲਨ ਦੇ ਯੋਧਿਆਂ ਦੀਆਂ ਪਤਨੀਆਂ/ਮਾਵਾਂ/ਭੈਣਾਂ ਤੋਂ ਸ਼ੁਰੂ ਕੀਤੀ ਸੀ, ਜੋ ਖੁਦ ਵੀ ਕਈ ਮੋਰਚਿਆਂਤੇ ਡਟੀਆਂ ਹੋਈਆਂ ਹਨ। ਕੁਝ ਦਿੱਲੀ ਬਾਰਡਰਾਂ ਤੇ ਬੈਠੀਆਂ ਹਨ ਤੇ ਕੁਝ ਖੇਤੀਬਾੜੀ ਸੰਭਾਲ ਰਹੀਆਂ ਹਨ। ਇਨ੍ਹਾਂ ਔਰਤਾਂ ਦੀ ਸਰਗਰਮੀ ਵੀ ਪਹਿਲੀ ਵਾਰ ਨਹੀਂ ਹੋਈ, ਬਲਕਿ ਹਰ ਦੌਰਚ, ਹਰ ਸਮੇਂ ਵਿਚ ਉਹ ਡਟ ਕੇ ਅੱਗੇ ਆਈਆਂ ਹਨ। ਇਹ ਮਾਤਾ ਗੁਜਰੀ, ਮਾਈ ਭਾਗੋ, ਗ਼ਦਰੀ ਗੁਲਾਬ ਕੌਰ, ਦੁਰਗਾ ਭਾਬੀ ਵਰਗੀਆਂ ਇਨਕਲਾਬੀ ਔਰਤਾਂ ਦੀਆਂ ਜਾਈਆਂ ਹਨ।


ਇਕ ਨੌਜਵਾਨ ਧੀ ਨੂੰ ਜਦੋਂ ਉਹਦੀ ਸ਼ਮੂਲੀਅਤ ਦਾ ਕਾਰਨ ਪੁਛਦੀ ਹਾਂ ਤਾਂ ਉਹ ਦਸਦੀ ਹੈ- ‘‘ਅੱਜ ਮੇਰਾ ਬਾਪ ਸਾਨੂੰ ਭੈਣ-ਭਰਾ ਨੂੰ ਪੜ੍ਹਾ ਰਿਹੈ, ਕੱਲ੍ਹ ਜੇ ਉਹਦੇ ਕੋਲ ਜ਼ਮੀਨ ਨਾ ਰਹੀ.. ਆਰਥਕ ਤੰਗੀਆਂ ਨੇ ਘੇਰ ਲਿਆ ਤਾਂ ਕੱਲ੍ਹ ਨੂੰ ਉਹ ਸਿਰਫ਼ ਆਪਣੇ ਪੁੱਤ ਨੂੰ ਹੀ ਪੜ੍ਹਾਉਣ ਬਾਰੇ ਸੋਚੇਗਾ।` ਸੋ, ਇਹ ਲੜਾਈ ਪਿੱਤਰਸੱਤਾ ਦੇ ਖ਼ਿਲਾਫ਼ ਵੀ ਹੈ। ਇਹ ਆਉਣ ਵਾਲੇ ਹਰ ਬੱਚੇ ਦੀ ਲੜਾਈ ਹੈ, ਸਾਡੇ ਭਵਿੱਖ ਦੀ ਲੜਾਈ ਹੈ।

ਸੌ ਸੱਚਾਂ ਦਾ ਸੱਚ ਇਹ ਹੈ ਕਿ ਜਦੋਂ ਸੰਘਰਸ਼ ਹਰ ਆਮ ਬੰਦੇ ਦੀ ਹੋਂਦ ਨਾਲ ਜੁੜਿਆ ਹੋਵੇ, ਉਹ ਕਦੇ ਹਾਰਿਆ ਨਹੀਂ ਕਰਦਾ, ਹਮੇਸ਼ਾ ਜਿੱਤਿਆ ਹੀ ਜਾਂਦਾ ਹੈ। ਦਿੱਲੀ ਦੀਆਂ ਜੂਹਾਂਤੇ ਉਸਰਿਆ ਭਾਈਚਾਰਕ ਸਾਂਝਾਂ ਵਾਲਾ ਭਾਰਤ ਇਸ ਸੰਘਰਸ਼ ਦੀ ਜਿੱਤ ਯਕੀਨੀ ਬਣਾਉਂਦਾ ਹੈ। ਇਹ ਭਾਰਤ ਦੀ ਜਿੱਤ ਹੋਵੇਗੀ, ਭਾਰਤ ਮਤਲਬ ਮੁਲਕ ਦੇ 140 ਕਰੋੜ ਲੋਕ।
ਮੋਬਾਈਲ- 98887-99871

Share this post

Leave a Reply

Your email address will not be published. Required fields are marked *