ਨੀਦਰਲੈਂਡ : ਘੁਟਾਲੇ ‘ਚ ਫਸੇ ਪ੍ਰਧਾਨ ਮੰਤਰੀ ਨੇ ਮੰਤਰੀਆਂ ਸਮੇਤ ਦਿੱਤਾ ਅਸਤੀਫ਼ਾ
ਐਮਸਟਰਡਮ : ਸਿਆਸਤ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਆਮ ਹਨ ਅਤੇ ਅਕਸਰ ਨੇਤਾਵਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਸਾਹਸ ਬਹੁਤ ਘੱਟ ਲੋਕ ਹੀ ਦਿਖਾ ਪਾਉਂਦੇ ਹਨ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੇ ਇਸ ‘ਸਾਹਸ
ਦਾ ਪਰਿਚੈ ਦਿੱਤਾ ਹੈ। ਰੂਟੇ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਚਾਈਲਡ ਕੇਅਰ ਸਬਸਿਡੀਜ਼ ਨਾਲ ਜੁੜੇ ਘੁਟਾਲੇ ਦੀ ਸਿਆਸੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇ ਦਿੱਤਾ।
ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਸਭ ਤੋਂ ਪਹਿਲਾਂ ਇਸ ਫ਼ੈਸਲੇ ਬਾਰੇ ਕਿੰਗ ਵਿਲੀਅਮ ਅਲਗਜ਼ੈਂਡਰ ਨੂੰ ਜਾਣਕਾਰੀ ਦਿੱਤੀ ਅਤੇ ਫੇਰ ਪ੍ਰੈੱਸ ਕਾਨਫਰੰਸ ਕਰਕੇ ਸਾਰੇ ਮੰਤਰੀਆਂ ਸਮੇਤ ਸਮੂਹਕ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਇਸ ਦੌਰਾਨ, ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਫ਼ੈਸਲੇ ਬਾਰੇ ਨੀਦਰਲੈਂਡ ਦੇ ਸਮਰਾਟ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਵਾਅਦਾ ਕੀਤਾ ਕਿ ਸਰਕਾਰ ਪ੍ਰਭਾਵਤ ਮਾਂ-ਬਾਪ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਅਤੇ ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ।