fbpx Nawidunia - Kul Sansar Ek Parivar

ਗ਼ਜ਼ਲ- ਸ਼ਮਸ਼ੇਰ ਮੋਹੀ

ਅਪਣੀ ਤਾਕਤ ’ਤੇ ਹੰਕਾਰ ਹੈ ਨ੍ਹੇਰ ਨੂੰ

ਦੀਵਿਆਂ ਤੋਂ ਵੀ ਭੈਅ ਇਹ ਹੈ ਖਾਂਦਾ ਬੜਾ

ਤੇ ਤਰਫ਼ਦਾਰੀ ਸੂਰਜ ਦੀ ਕਰਦਾ ਹੈ ਜੋ

ਓਸ ਉੱਤੇ ਤਾਂ ਹੁੰਦੈ ਇਹ ਡਾਢਾ ਖ਼ਫ਼ਾ

ਕੱਲ੍ਹ ਦਰਿਆ ਨੂੰ ਓਹਨਾਂ ਕਿਹਾ ਚੀਕ ਕੇ

ਬਹੁਤ ਦੇਖੇ ਤੇਰੇ ਜਏ ਅਸੀਂ ਡੀਕ ਕੇ

ਤੈਨੂੰ ਸਾਡੇ ਮੁਤਾਬਿਕ ਹੀ ਵਗਣਾ ਪਊ

ਜਦ ਵੀ ਹੋਵੇਂਗਾ ਨਾਬਰ ਦਿਆਂਗੇ ਸੁਕਾ

ਕਹਿਣ ਲੱਗੇ ਹਵਾ ਨੂੰ ਕਿ ਇਕ ਬਾਤ ਸੁਣ

ਸਾਡੀ ਖ਼ਾਤਰ ਹੀ ਰੁਮਕੇਂਗੀ ਅੱਗੇ ਤੋਂ ਹੁਣ

ਇਹ ਸੁਭਾਅ ਆਪਣਾ ਤੂੰ ਵੀ ਤਬਦੀਲ ਕਰ

ਹੁਣ ਤਾਂ ਸਭ ਕੁਝ ਹੈ ਏਥੇ ਬਦਲਦਾ ਪਿਆ

ਜੇ ਤੁਸੀਂ ਸਾਡੀ ਹਾਂ ਵਿਚ ਮਿਲਾਓਗੇ ਹਾਂ

ਹੋਰਨਾਂ ਨੂੰ ਗ਼ਲਤ ਹੀ ਦਿਖਾਓਗੇ ਤਾਂ

ਫਿਰ ਤੁਹਾਡੀ ਛਵੀ ਹੋਰ ਜਾਊ ਨਿਖਰ

ਦਾਗ ਸਾਰੇ ਤੁਹਾਡੇ ਲਵਾਂਗੇ ਲੁਕਾ

ਮੰਨਿਆ ਕਿ ਤੁਹਾਡਾ ਹੀ ਹੈ ਇਹ ਵਤਨ

ਪਰ ਜੇ ਮਹਿਸੂਸ ਕਰਦਾ ਪਿਐ ਖ਼ੌਫ਼ ਮਨ

ਫੇਰ ਇਮਦਾਦ ਸਾਡੇ ਵੱਲੋਂ ਪੇਸ਼ ਹੈ

ਆਓ ਕਰ ਦੇਈਏ ਏਥੋਂ ਤੁਹਾਨੂੰ ਵਿਦਾ

ਅੰਤ ਆਈਆਂ ਫ਼ਿਜ਼ਾ ’ਚੋਂ ਅਵਾਜ਼ਾਂ ਕਈ

ਸਾਨੂੰ ਮਨਜ਼ੂਰ ਨਾ ਜ਼ਹਿਰੀ ਫ਼ਤਵੇ ਬਈ

ਸੁਰ, ਰਵਾਨੀ ਹੀ ਸਾਡੀ ਤਾਂ ਜਿੰਦ-ਜਾਨ ਨੇ

ਕੌਣ ਅੱਜ ਤੱਕ ਮੁਹੱਬਤ ਨੂੰ ਸਕਿਐ ਹਰਾ

ਸੰਪਰਕ: 94171-42415

Share this post

Leave a Reply

Your email address will not be published. Required fields are marked *