ਪੁਣੇ ਦੇ ਸੀਰਮ ਪਲਾਂਟ ਵਿੱਚ ਅੱਗ ਲੱਗਣ ਨਾਲ 5 ਮਜ਼ਦੂਰਾਂ ਦੀ ਮੌਤ
ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਪੁਣੇ ਪਲਾਂਟ ਵਿੱਚ ਅੱਗ ਲੱਗਣ ਨਾਲ 5 ਮਜ਼ਦੂਰਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਪੁਣੇ ਦੇ ਮੇਅਰ ਮੁਰਲੀਧਰ ਨੇ ਕਿਹਾ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅੱਗ ਬੁੱਝਣ ਤੋਂ ਬਾਅਦ 5 ਮ੍ਰਿਤਕ ਦੇਹਾਂ ਬਿਲਡਿੰਗ ’ਚੋਂ ਮਿਲੀਆਂ ਹਨ।
ਉਨ੍ਹਾਂ ਕਿਹਾ, “ਇਹ ਪੰਜ ਲੋਕ, ਜਿਨ੍ਹਾਂ ਦੀ ਜਾਨ ਗਈ ਹੈ, ਨਿਰਮਾਣ ਅਧੀਨ ਬਿਲਡਿੰਗ ਦੇ ਵਰਕਰ ਹੋ ਸਕਦੇ ਹਨ। ਅੱਗ ਦੇ ਕਾਰਨਾਂ ਬਾਰੇ ਅਜੇ ਤੱਕ ਸਾਫ਼ ਨਹੀਂ ਹੋ ਪਾਇਆ ਹੈ। ਪਰ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਿਲਡਿੰਗ ’ਚ ਚੱਲ ਰਹੇ ਵੈਲਡਿੰਗ ਦੇ ਕੰਮ ਕਾਰਨ ਇਹ ਹਾਦਸਾ ਹੋਇਆ ਹੈ।”
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਤੋਪੀ ਨੇ ਦੱਸਿਆ ਕਿ ਬਿਲਡਿੰਗ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਹੁਣ ਤੱਕ ਪੰਜ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਦੀ ਖੇਪ ਨੂੰ ਕੋਈ ਨੁਕਸਾਨ ਨਹੀਂ ਪਹੰਚਿਆ। ਉਹ ਇਸ ਬਿਲਡਿੰਗ ਤੋਂ ਕਾਫ਼ੀ ਦੂਰ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਅੱਗ ਪਲਾਂਟ ਦੇ ਟਰਮੀਨਲ 1 ਗੇਟ ’ਤੇ ਲੱਗੀ। ਮੌਕੇ ਉੱਤੇ ਅੱਗ ਬੁਝਾਉਣ ਲਈ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ।
ਸਬੰਧਤ ਅਧਿਕਾਰੀਆਂ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਹੈ ਕਿ ਇੰਸਟੀਚਿਊਟ ਦੀ ਇਮਾਰਤ ਦੀ ਚੌਥੀ ਅਤੇ ਪੰਜਵੀਂ ਮੰਜ਼ਿਲਾਂ ਵਿਚ ਅੱਗ ਲੱਗੀ ਹੈ ਅਤੇ ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਉਣ ਵਾਲੀਆਂ 10 ਗੱਡੀਆਂ ਉੱਥੇ ਪਹੁੰਚੀਆਂ ਹਨ।
ਡਿਪਟੀ ਕਮਿਸ਼ਨਰ ਆਫ਼ ਪੁਲਿਸ ਨਮਰਤਾ ਪਾਟਿਲ ਨੇ ਦੱਸਿਆ ਕਿ ਸੀਰਮ ਇੰਸਟੀਚਿਊਟ ਦੇ SEZ 3 ਬਿਲਡਿੰਗ ਦੇ ਚੌਥੀ ਅਤੇ ਪੰਜਵੀਂ ਮੰਜ਼ਿਲ ’ਤੇ ਦੁਪਹਿਰ 2.45 ਦੇ ਕਰੀਬ ਅੱਗ ਫੈਲਣੀ ਸ਼ੁਰੂ ਹੋਈ।
ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇੰਸਟੀਚਿਊਟ ਦੇ ਇਸ ਹਿੱਸੇ ਵਿੱਚ ਵੈਕਸੀਨ ਉਤਪਾਦਨ ਦਾ ਕੰਮ ਨਹੀਂ ਹੋ ਰਿਹਾ ਸੀ।
ਫਾਇਰ ਬ੍ਰਿਗੇਡ ਅਫ਼ਸਰ ਨੇ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਬਾਲਾਸਾਹਿਬ ਠਾਕਰੇ ਨੇ ਕਿਹਾ ਕਿ ਉਹ ਇਸ ਪੂਰੀ ਘਟਨਾ ਦੀ ਜਾਣਕਾਰੀ ਪੁਣੇ ਮੁਨਸੀਪਲ ਕਮੀਸ਼ਨਰ ਤੋਂ ਲੈ ਰਹੇ ਹਨ।