ਜਮਹੂਰੀ ਕਿਸਾਨ ਸਭਾ ਵੱਲੋਂ ਅਰਾਜਕਤਾਵਾਦੀ ਅਤੇ ਸ਼ਰਾਰਤੀ ਅਨਸਰਾਂ ਦੀ ਜੋਰਦਾਰ ਨਿੰਦਾ
ਨਵੀਂ ਦਿੱਲੀ/ਜਲੰਧਰ ; 26 ਜਨਵਰੀ-ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਅੱਜ ਗਣਤੰਤਰ ਦਿਵਸ ਮੌਕੇ ਕੀਤੀ ਜਾ ਰਹੀ ਸ਼ਾਂਤੀਪੂਰਨ ਕਿਸਾਨ ਪਰੇਡ ਦੌਰਾਨ, ਅਰਾਜਕਤਾਵਾਦੀ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਸ਼ਰਾਰਤੀ ਅਨਸਰਾਂ ਦੀ ਜੋਰਦਾਰ ਨਿੰਦਾ ਕੀਤੀ ਗਈ ਹੈ। ਦਿੱਲੀ ਵਿਖੇ ਵਾਪਰੀਆਂ ਦੁਰਭਾਗ ਪੂਰਨ ਘਟਨਾਵਾਂ ‘ਤੇ ਡਾਢੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਸਭਾ ਦੇ ਸੂਬਾ ਪ੍ਰਧਾਨ ਸਾਥੀ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀਆਂ ਲਗਭਗ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚਾ’ ਵੱਲੋਂ ਅੱਜ ਦੀ ‘ਗਣਤੰਤਰ ਦਿਵਸ ਕਿਸਾਨ ਟਰੈਕਟਰ ਪਰੇਡ’ ਦਾ ਬਾਕਾਇਦਾ ਐਲਾਨ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਮਲੇ ਨਾਲ ਮਿਲ ਕੇ ਬਾਕਾਇਦਾ ਰੂਟ ਤੈਅ ਕੀਤਾ ਗਿਆ ਸੀ। ਪ੍ਰੰਤੂ ਕੁੱਝ ਸ਼ਰਾਰਤੀ ਤੱਤਾਂ, ਜਿਨ੍ਹਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਵੀ ਨਹੀਂ, ਦੀਆਂ ਗੈਰ ਜਿੰਮੇਵਾਰਾਨਾ ਕਾਰਵਾਈਆਂ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਅਤੇ ਮਾਹੌਲ ਵਿਗਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਉਕਤ ਕਾਰਵਾਈ ਲਈ ਪ੍ਰਸ਼ਾਸ਼ਨ ਨਾਲ ਸਾਂਝੀ ਕਿਸਾਨ ਲੀਡਰਸ਼ਿਪ ਤੋਂ ਵੱਖਰੀਆਂ ਮੀਟਿੰਗਾਂ ਕਰਕੇ ਵੱਖਰਾ ਰੂਟ ਤੈਅ ਕਰਨ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸਮੁੱਚੀ ਮਿਹਨਤੀ ਵਸੋਂ ਦੇ ਸਰਗਰਮ ਸਮਰਥਨ ਸਦਕਾ ਅੰਤਰਰਾਸ਼ਟਰੀ ਮਕਬੂਲੀਅਤ ਹਾਸਿਲ ਕਰਨ ਵਾਲੇ, ਸ਼ਾਂਤੀਪੂਰਨ, ਜਮਹੂਰੀ ਲੀਹਾਂ ਤੇ, ਸੰਵਿਧਾਨਕ ਦਾਇਰੇ ਅੰਦਰ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਚੱਲ ਰਿਹਾ ਹੱਕੀ ਕਿਸਾਨ ਸੰਗਰਾਮ ਕੇਂਦਰ ਦੀ ਮੋਦੀ ਸਰਕਾਰ ਦੀਆਂ ਅੱਖਾਂ ਵਿੱਚ ਵੀ ਬਹੁਤ ਰੜਕਦਾ ਹੈ ਅਤੇ ਇਸ ਸੰਗਰਾਮ ਨੂੰ ਕੁਰਾਹੇ ਪਾਕੇ ਸਾਬੋਤਾਜ ਕਰਨ ਦੀਆਂ ਕੁਚਾਲਾਂ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਚੱਲੀਆਂ ਜਾ ਰਹੀਆਂ ਸਨ। ਉਨ੍ਹਾਂ ਹੈਰਾਨੀ ਜਾਹਿਰ ਕਰਦਿਆਂ ਸਵਾਲ ਕੀਤਾ ਕਿ ਮੁੱਠੀ ਭਰ ਲੋਕ ਘੰਟਿਆਂ ਬੱਧੀ ਲਾਲ ਕਿਲੇ ਵਰਗੀ ਸੰਵੇਦਨਸ਼ੀਲ ਤੇ ਗੌਰਵਸ਼ਾਲੀ ਇਮਾਰਤ ਵਿੱਚ ਖਰੂਦ ਕਿਵੇਂ ਪਾਉਂਦੇ ਰਹੇ ਅਤੇ ਦਿੱਲੀ ਪੁਲਸ ਮੂਕ ਦਰਸ਼ਕ ਬਣ ਕੇ ਕਿਉਂ ਦੇਖਦੀ ਰਹੀ ? ਆਗੂਆਂ ਨੇ ਭਰੋਸਾ ਜਤਾਇਆ ਕਿ ਹਰ ਕਿਸਮ ਦੀਆਂ ਸਰਕਾਰੀ ਅਤੇ ਘੋਲ ਦੋਖੀ ਮਭੜਕਾਹਟਾਂ- ਸਾਜ਼ਿਸ਼ਾਂ ਨੂੰ ਸੂਝ- ਸਿਆਨਪ ਤੇ ਸਿਦਕ-ਸਿਰੜ ਨਾਲ ਟਾਕਰਾ ਕਰਦਾ ਕਰਦਾ ਹੋਇਆ ਲੋਕਾਂ ਦਾ ਚਹੇਤਾ ਕਿਸਾਨ ਸੰਘਰਸ਼ ਅੱਗੇ ਵਧੇਗਾ ਅਤੇ ਦੇਸ਼ ਦੇ ਕਿਰਤੀ-ਕਿਸਾਨਾਂ ਦੇ ਸ਼ਾਨਾਮੱਤੇ ਸਹਿਯੋਗ ਨਾਲ ਅਵੱਸ਼ ਫਤਹਿਯਾਬ ਹੋਵੇਗਾ।ਕਿਸਾਨ ਆਗੂਆਂ ਨੇ ਲੋਕਾਈ ਨੂੰ ਸਾਂਝੀ ਕਿਸਾਨ ਲੀਡਰਸ਼ਿਪ ਤੇ ਭਰੋਸਾ ਰੱਖਣ ਅਤੇ ਸੰਘਰਸ਼ੀ ਕਿਸਾਨਾਂ ਨੂੰ ਅਨੁਸ਼ਾਸਨ ਦੀ ਪਾਲਣਾ ਕਰਨ ਤੇ ਸ਼ਰਾਰਤੀ ਅਨਸਰਾਂ ਦੀਆਂ ਚਾਲਾਂ ਫੇਲੵ ਕਰਨ ਦੀ ਅਪੀਲ ਕੀਤੀ।ਜਾਰੀ ਕਰਤਾ: ਪਰਗਟ ਸਿੰਘ ਜਾਮਾਰਾਏ ( 98769-81577)