fbpx Nawidunia - Kul Sansar Ek Parivar

ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਹੱਕੀ ਹੈ: ਡਾ. ਸੁਖਪਾਲ ਸਿੰਘ

ਲੋਕ-ਜਮਹੂਰੀਅਤ ਲਈ ਸਮਾਜ ਅੱਗੇ ਆਵੇ: ਵਕੀਲ ਰਾਜਿੰਦਰ ਸਿੰਘ ਚੀਮਾ

ਜਲੰਧਰ: ‘ਕਾਲ਼ੇ ਖੇਤੀ ਕਾਨੂੰਨ ਅਤੇ ਲੋਕ ਸੰਘਰਸ਼ਵਿਸ਼ੇ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੀਤੀ ਗੰਭੀਰ ਵਿਚਾਰ-ਚਰਚਾ ਨੇ ਇਹ ਪੱਖ ਉਭਾਰਿਆ ਕਿ ਜੇ ਕੇਂਦਰੀ ਭਾਜਪਾ ਹਕੂਮਤ ਦੇਸੀ-ਬਦੇਸੀ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਦੇਸ਼-ਵਿਰੋਧੀ ਕਾਨੂੰਨ ਧੱਕੇ ਨਾਲ ਮੜ੍ਹਨ ਲਈ ਬਜ਼ਿਦ ਹੈ। ਜਦ ਕਿ ਕਾਨੂੰਨ ਰੱਦ ਕਰਾਉਣ ਲਈ ਉੱਠੇ ਜਨ-ਅੰਦੋਲਨ ਵੱਲੋਂ ਮੋਰਚਾ ਫ਼ਤਿਹ ਕਰਨ ਤੋਂ ਬਿਨਾਂ ਪੈਰ ਪਿੱਛੇ ਨਾ ਪੁੱਟਣਾ ਬਿਲਕੁਲ ਜਾਇਜ਼ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਦੋਵੇਂ ਮੁੱਖ ਬੁਲਾਰੇ ਰਾਜਿੰਦਰ ਸਿੰਘ ਚੀਮਾ (ਸੀਨੀਅਰ ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈਕੋਰਟ) ਅਤੇ ਡਾ. ਸੁਖਪਾਲ ਸਿੰਘ (ਪੰਜਾਬੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਵਿਚਾਰ-ਚਰਚਾ ਮੌਕੇ ਮੰਚ ਤੇ ਸਸ਼ੋਭਤ ਸਨ। ਡਾ. ਪਰਮਿੰਦਰ ਸਿੰਘ ਨੇ ਵਿਚਾਰ-ਚਰਚਾ ਦੇ ਸਾਰ-ਤੱਤ ਉਪਰ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ, ਕਾਲ਼ੇ ਖੇਤੀ ਕਾਨੂੰਨਾਂ ਨੂੰ ਇਤਿਹਾਸਕ ਝਰੋਖੇ ਵਿਚੀਂ ਦੇਖਦੇ ਹੋਏ ਇਸ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਦੇ ਭਵਿੱਖਮੁਖੀ ਸੁਲੱਖਣੇ ਲੋਕ-ਸੰਗਰਾਮ ਦੇ ਵਰਤਾਰੇ ਵਜੋਂ ਦੇਖ ਰਹੀ ਹੈ। ਡਾ. ਸੁਖਪਾਲ ਨੇ ਕਿਹਾ ਕਿ ਧੱਕੇ ਨਾਲ ਕਿਸਾਨੀ ਦਾ ਫ਼ਾਇਦਾ ਕਰਨ ਦੇ ਨਾਂਅ ਹੇਠ ਜਬਰੀ ਕਾਨੂੰਨ ਠੋਸਣ ਖ਼ਿਲਾਫ਼ ਉੱਠਿਆ ਲੋਕ-ਰੋਹ, ਜਾਇਜ਼ ਅਤੇ ਹੱਕੀ ਹੈ। ਸਾਡੇ ਖੋਜਕਾਰਾਂ, ਇਤਿਹਾਸਕਾਰਾਂ, ਸਮਾਜ ਸ਼ਾਸਤਰੀ, ਵਿਗਿਆਨੀਆਂ ਨੂੰ ਦਿੱਲੀ ਮੋਰਚੇ ਅੰਦਰ ਧੜਕਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਚੌਤਰਫ਼ੇ ਆਰਥਕ, ਸਮਾਜਕ ਸੰਕਟ ਵਿਚ ਧੱਕਣ ਅਤੇ ਮੁੱਠੀ ਭਰ ਕਾਰਪੋਰੇਟਾਂ ਦੀ ਲੁੱਟ ਦੇ ਅੰਬਾਰ ਲਾਉਣ ਦੀਆਂ ਨੀਤੀਆਂ ਖ਼ਿਲਾਫ਼ ਚੱਲ ਰਿਹਾ ਸੰਘਰਸ਼, ਲੁੱਟ, ਅਨਿਆਂ, ਜ਼ਬਰ ਰਹਿਤ ਅਤੇ ਧਰਤੀਤੇ ਸਵਰਗ ਸਿਰਜਣ ਦਾ ਪ੍ਰਵੇਸ਼-ਦੁਆਰ ਹੈ।
ਪੰਜਾਬ-ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਿੰਦਰ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਕਾਨੂੰਨ ਕਿਸਾਨਾਂ, ਮਜ਼ਦੂਰਾਂ ਦੀ ਮੌਤ ਦੇ ਵਰੰਟ ਹਨ, ਇਸ ਕਰਕੇ ਕਿਸਾਨਾਂ ਦਾ ਇਹ ਮੌਲਿਕ ਜਮਹੂਰੀ ਹੱਕ ਹੈ ਕਿ ਉਹ ਅਜੇਹੇ ਕਾਨੂੰਨ ਰੱਦ ਕਰਾਉਣ ਲਈ ਡਟ ਕੇ ਸੰਘਰਸ਼ ਦੇ ਮੈਦਾਨ ਚ ਡਟੇ ਰਹਿਣ। ਉਨ੍ਹਾਂ ਕਿਹਾ ਕਿ ਮੁਲਕ ਦੇ ਕਿਰਤੀ-ਕਿਸਾਨ ਅਸਲਚ ਜਮਹੂਰੀਅਤ ਭਰੇ ਸਿਹਤਮੰਦ ਸਮਾਜ ਦੀ ਜੱਦੋ ਜਹਿਦ ਲੜ ਰਹੇ ਹਨ, ਜਦੋਂ ਕਿ ਸੰਵਿਧਾਨ, ਕਾਨੂੰਨ ਦੇ ਰਾਖੇ ਹੋਣ ਦੇ ਦਾਅਵੇਦਾਰ ਅਖਵਾਉਣ ਵਾਲੇ ਹੁਕਮਰਾਨਾਂ ਕੋਲੋਂ ਜਮਹੂਰੀਅਤ ਨੂੰ ਗੰਭੀਰ ਖ਼ਤਰਾ ਹੈ। ਜੀਵਨ ਦੀਆਂ ਮੁੱਢਲੀਆਂ ਅਤੇ ਬੁਨਿਆਦੀ ਲੋੜਾਂ ਦੇ ਦਾਇਰੇ ਵਿਚੋਂ ਅਨਾਜ ਨੂੰ ਬਾਹਰ ਕੱਢ ਕੇ ਜਮ੍ਹਾਂਖੋਰੀ ਦਾ ਕਾਰਪੋਰੇਟ ਨੂੰ ਕਾਨੂੰਨੀ ਲਾਇਸੰਸ ਮੁਹੱਈਆ ਕਰਨਾ ਅਤੇ ਦੂਜੇ ਪਾਸੇ ਸਮਾਜ ਦੇ ਸਿਰਜਕਾਂ ਨੂੰ ਮੌਤ ਦੇ ਅੰਨ੍ਹੇ ਖੂਹ ਵਿਚ ਸੁੱਟਣ ਦਾ ਅਪਰਾਧਜਨਕ ਕਾਨੂੰਨ ਮੜ੍ਹਨਾ ਹੈ।
ਸੀਨੀਅਰ ਵਕੀਲ ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਹਿੰਦੂ ਫ਼ਿਰਕੂ ਫਾਸ਼ੀਵਾਦੀ ਰਾਜ ਸਥਾਪਤ ਕਰਨ ਦੀ ਅੰਨ੍ਹੀ ਦੌੜ ਦੌੜਦੀ ਹੋਈ ਗ਼ਦਰ, ਕਿਰਤੀ ਅਤੇ ਨੌਜਵਾਨ ਭਾਰਤ ਸਭਾ ਲਹਿਰ ਦੀ ਸਾਂਝੀ ਕੁਰਬਾਨੀਆਂ ਭਰੀ ਸ਼ਾਨਾਮੱਤੀ ਵਿਰਾਸਤ ਦਾ ਅਪਮਾਨ ਕਰਨਾ ਹੈ।
ਗੋਦੀ ਮੀਡੀਆ ਨੂੰ ਲੰਮੇ ਹੱਥੀਂ ਲੈਂਦਿਆਂ ਵਕੀਲ ਚੀਮਾ ਨੇ ਕਿਹਾ ਕਿ ਅਜ਼ਾਰੇਦਾਰ ਘਰਾਣਿਆਂ ਦੀ ਬੋਲੀ ਬੋਲਦਾ ਮੀਡੀਆ ਲੋਕਾਂ ਨਾਲ ਧ੍ਰੋਹ ਕਮਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੁੱਧੀਜੀਵੀ ਵਰਗ ਵੱਲੋਂ ਕਿਸਾਨੀ ਸੰਘਰਸ਼ ਨੂੰ ਸਲਾਮ ਕਰਨਾ ਬਣਦਾ ਹੈ ਜਿਨ੍ਹਾਂ ਨੇ ਹਉਮੈਂ ਚ ਮਦਹੋਸ਼ ਕੇਂਦਰੀ ਭਾਜਪਾ ਹੁਕਮਰਾਨਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਸਾਡੇ ਲਈ ਡਾਢਿਆਂ ਦੀਆਂ ਅੱਖਾਂਚ ਅੱਖਾਂ ਪਾ ਕੇ ਗੱਲ ਕਰਨ ਦਾ ਅਧਿਕਾਰ ਬਹਾਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ਟੀ ਤੋਂ ਘੋਖਿਆਂ ਅਤੇ ਮੁਲੰਕਣ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਨੈਤਿਕ ਤੌਰ ਤੇ ਕਿਸਾਨਾਂ ਨੇ ਮੋਰਚਾ ਜਿੱਤ ਲਿਆ ਹੈ। ‘ਪਾੜੋ ਤੇ ਰਾਜ ਕਰੋ ਦੀ ਨੀਤੀ ਉਪਰ ਕਰਾਰੀ ਸੱਟ ਮਾਰਨ ਵਾਲੇ ਅਜੋਕੇ ਅੰਦੋਲਨ ਦੇ ਅਮੀਰ ਮੁੱਲਾਂ ਨੂੰ ਵਡਿਆਉਂਦਿਆਂ ਵਕੀਲ ਚੀਮਾ ਨੇ ਕਿਹਾ ਕਿ ਲੋਕਾਂ ਨੇ ਆਪਣੇ-ਪਰਾਏ ਦੀ ਨਿਰਖ਼ ਕਰਨ ਦਾ ਇਮਤਿਹਾਨ ਅੱਵਲ ਦਰਜੇ ਚ ਪਾਸ ਕਰ ਲਿਆ ਹੈ। ਹਾਕਮ ਜਮਾਤੀ ਪੱਖੀ ਚੋਣ-ਪ੍ਰਣਾਲੀ ਉੱਪਰ ਤਿੱਖੀ ਚੋਟ ਕਰਦਿਆਂ ਸੀਨੀਅਰ ਵਕੀਲ ਨੇ ਕਿਹਾ ਕਿ ਜਮਹੂਰੀਅਤ ਜ਼ੋਰਾਵਰਾਂ ਨੇ ਅਗਵਾ ਕਰ ਲਈ ਹੈ ਇਸ ਲਈ ਹਕੀਕੀ ਜਮਹੂਰੀਅਤ ਦੀਆਂ ਨੀਂਹਾਂ ਅਤੇ ਇਮਾਰਤ ਪੱਕੀ ਕਰਨ ਲਈ ਲੋਕਾਂ ਨੂੰ ਖ਼ੁਦ ਲੋਕ-ਜਮਹੂਰੀਅਤ ਮਜ਼ਬੂਤ ਕਰਨ ਲਈ ਲੰਮਾ ਦਮ ਰੱਖਵੇਂ ਸੰਘਰਸ਼ ਦੇ ਰਾਹ ਅੱਗੇ ਵਧਣਾ ਪਵੇਗਾ। ਵਿਚਾਰ-ਚਰਚਾਚ ਮਤੇ ਪਾਸ ਕੀਤੇ ਗਏ ਕਿ ਐਨ.ਆਈ.ਏ. ਵੱਲੋਂ ਲੋਕਾਂ ਨੂੰ ਕੇਸਾਂ ਚ ਫਸਾਉਣ ਅਤੇ ਸੂਬਿਆਂ ਅੰਦਰ ਸਿੱਧੀ ਦਖ਼ਲਅੰਦਾਜ਼ੀ ਕਰਨਾ ਬੰਦ ਕੀਤਾ ਜਾਏ। ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਫ਼ੌਰੀ ਰਿਹਾਅ ਕੀਤਾ ਜਾਏ। ਖੇਤੀ ਅਤੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਉੱਠੇ ਸੰਘਰਸ਼ ਦੀ ਹਮਾਇਤ ਕਰਦਿਆਂ ਮੰਗ ਕੀਤੀ ਗਈ ਕਿ ਬਿਨਾਂ ਕਿਸੇ ਦੇਰੀ ਦੇ ਕਾਨੂੰਨ ਰੱਦ ਕੀਤੇ ਜਾਣ। ਆਈ.ਐਮ.ਐਫ਼. ਵੱਲੋਂ ਕਾਨੂੰਨਾਂ ਦੀ ਬੇਸ਼ਰਮੀ ਭਰੀ ਹਮਾਇਤ ਕਰਨ ਦੀ ਤਿੱਖੀ ਆਲੋਚਨਾ ਦਾ ਵੀ ਮਤਾ ਪਾਸ ਕੀਤਾ ਗਿਆ। ਦੋਵੇਂ ਮੁੱਖ ਬੁਲਾਰਿਆਂ ਨੂੰ ਕਿਤਾਬਾਂ ਦੇ ਸੈੱਟ ਭੇਟ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਨਮਾਨਤ ਕੀਤਾ। ਇਸ ਮੌਕੇ ਅਹੁਦੇਦਾਰਾਂ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖ਼ਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਪ੍ਰਿਥੀਪਾਲ ਮਾੜੀਮੇਘਾ, ਚਰੰਜੀ ਲਾਲ ਕੰਗਣੀਵਾਲ, ਹਰਮੇਸ਼ ਮਾਲੜੀ, ਵਿਜੈ ਬੰਬੇਲੀ ਅਤੇ ਪ੍ਰੋ. ਗੋਪਾਲ ਬੁੱਟਰ ਵੀ ਮੌਜੂਦ ਸਨ। ਸਮਾਗਮਤੇ ਸਮੇਟਵੀਂ ਟਿੱਪਣੀ ਅਤੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਦੋਵੇਂ ਬੁਲਾਰਿਆਂ ਦੇ ਅਮੁੱਲੇ ਵਿਚਾਰਾਂ ਨੂੰ ਲੜ ਬੰਨ੍ਹ ਦੇ ਹੋਏ ਸਾਨੂੰ ਚੱਲ ਰਹੇ ਅੰਦੋਲਨ ਤੋਂ ਸਿੱਖਣ ਅਤੇ ਇਸ ਨੂੰ ਭਰਵਾਂ ਸਮਰਥਨ ਦੇਣ ਲਈ ਅੱਗੇ ਆਉਣ ਦੀ ਲੋੜ ਹੈ।
ਸਮਾਗਮ ਚ ਖੜ੍ਹੇ ਹੋ ਕੇ ਕਾਲ਼ੇ ਕਾਨੂੰਨ ਵਿਰੋਧੀ ਸੰਘਰਸ਼ ਦੌਰਾਨ ਜਾਨ ਵਾਰਨ ਵਾਲਿਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਅਤੇ ਸੀਨੀਅਰ ਪੱਤਰਕਾਰ, ਲੇਖਕ ਮਨੋਹਰ ਲਾਲ ਦੇ ਵਿਛੋੜੇਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਨੇ ਵਿਚਾਰ-ਚਰਚਾ ਦੌਰਾਨ ਮੰਚ ਸੰਚਾਲਨ ਕੀਤਾ।

Share this post

Leave a Reply

Your email address will not be published. Required fields are marked *