ਪੜ੍ਹਣਯੋਗ ਕਿਤਾਬ ‘ਇਕ ਆਰਥਕ ਹਤਿਆਰੇ ਦਾ ਇਕਬਾਲੀਆ ਬਿਆਨ’ – ਗੁਲਸ਼ਨ ਪੀ ਦਿਆਲ

‘ਇਕ ਆਰਥਕ ਹਤਿਆਰੇ ਦਾ ਇਕਬਾਲੀਆ ਬਿਆਨ’ ਕਿਤਾਬ 2006 ਵਿੱਚ ਛਾਪੀ ਗਈ ਕਿਤਾਬ ਦਾ ਉਲਥਾ ਹੈ – ਪਰ ਇਸ ਕਿਤਾਬ ਵਿੱਚ ਲਿਖਾਰੀ ਨੇ 2015 ਵਿੱਚ ਹੋਰ ਵਾਧਾ ਕੀਤਾ ਹੈ ਜਿਹੜਾ ਇਸ ਕਿਤਾਬ ਵਿੱਚ ਨਹੀਂ ਹੈ ਤੇ ਉਸ ਨੇ ਬਹੁਤ ਸਾਰੇ ਲੋਕਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਹਨ । ਲਿਖਾਰੀ ਜਦ ਇਰਾਨ ਵਿੱਚ ਸ਼ਾਹ ਦੇ ਸਮੇਂ ਅਮਰੀਕੀ ਕੰਪਨੀ ਲਈ ਕੰਮ ਕਰ ਰਿਹਾ ਸੀ ਤਾਂ ਉਸ ਵੇਲੇ ਉਥੋਂ ਦੇ ਇੱਕ ਇਰਾਨੀ ਨੇ ਅਮਰੀਕੀ ਮੀਡੀਆ ਬਾਰੇ ਉਸ ਨੂੰ ਇਹ ਗੱਲ ਆਖੀ ਸੀ : ” …ਬੇਸ਼ਕ ਤੁਹਾਡੀ ਬਹੁਤੀ ਪ੍ਰੈਸ ਉੱਪਰ ਵੀ ਤੇਲ ਦਾ ਹੀ ਕਬਜ਼ਾ ਹੈ। ਇਸ ਲਈ ਉਹ ਉਹੀ ਸੁਣਦੇ ਹਨ, ਜੋ ਉਹ ਸੁਣਨਾ ਚਾਹੁੰਦੇ ਹਨ। ਉਹ ਉਹੀ ਕੁਝ ਲਿਖਦੇ ਹਨ ਜੋ ਉਨ੍ਹਾਂ ਨੂੰ ਇਸ਼ਤਿਹਾਰ ਦੇਣ ਵਾਲੇ ਪੜ੍ਹਨਾ ਚਾਹੁੰਦੇ ਹਨ। “
John Perkins ਆਪਣੀ ਇਸ ਕਿਤਾਬ ਲਈ ਆਖਦਾ ਹੈ : “ਆਰਥਕ ਹਤਿਆਰੇ ਅਜਿਹੇ ਉੱਚ ਤਨਖਾਹੀਏ ਹਨ , ਜਿਹੜੇ ਦੁਨੀਆ ਭਰ ਦੇ ਦੇਸ਼ਾਂ ਤੋਂ ਖਰਬਾਂ ਡਾਲਰ ਧੋਖੇ ਨਾਲ ਉਡਾ ਕੇ ਲੈ ਜਾਂਦੇ ਹਨ। ਉਹ ਸੰਸਾਰ ਬੈਂਕ , ਕੌਮਾਂਤਰੀ ਵਿਕਾਸ ਵਾਸਤੇ ਅਮਰੀਕੀ ਏਜੰਸੀ ਅਤੇ ‘ਸਹਾਇਤਾ’ ਅਦਾਰਿਆਂ ਤੋਂ ਮਣਾ -ਮੂੰਹੀ ਪੈਸੇ ਖਿੱਚ ਕੇ , ਧਰਤੀ ਦੇ ਕੁਦਰਤੀ ਸੋਮਿਆਂ ਉੱਤੇ ਕਾਬਜ਼ ਪਰਿਵਾਰਾਂ ਦੀਆਂ ਜੇਬਾਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਤਿਜੌਰੀਆਂ ਵਿਚ ਭਰ ਦਿੰਦੇ ਹਨ। ਉਹਨਾਂ ਵੱਲੋਂ ਵਰਤੇ ਜਾਂਦੇ ਤਰੀਕਿਆਂ ਵਿਚ ਫਰੇਬੀ ਵਿਤੀ ਰਿਪੋਰਟਾਂ, ਚੋਣ ਧਾਂਦਲੀਆਂ, ਰਿਸ਼ਵਤਾਂ, ਜਬਰੀ ਵਸੂਲੀਆਂ, ਕੰਜਰੀਆਂ ਦੀ ਦਲਾਲੀ ਅਤੇ ਕਤਲ ਸ਼ਾਮਲ ਹਨ।
ਲਿਖਾਰੀ ਨੂੰ ਇਹ ਕਿਤਾਬ ਲਿਖਣ ਲਈ ਉਸ ਦੀ ਇੱਕੋ ਇੱਕ ਧੀ ਨੇ ਤਿਆਰ ਕੀਤਾ ਸੀ – ਉਂਝ ਉਹ ਇਹ ਕਿਤਾਬ ਨੂੰ 20 ਸਾਲਾਂ ਤੋਂ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਡਰ ਤੇ ਕੁਝ ਹਾਲਾਤਾਂ ਕਰ ਕੇ ਉਹ ਲਿਖ ਨਹੀਂ ਸੀ ਰਿਹਾ। ਉਸ ਦੀ ਧੀ ਨੇ ਕਿਹਾ , “ਡੈਡੀ – ਇਹ ਕਿਤਾਬ ਜ਼ਰੂਰ ਲਿਖ ! ਜੇ ਉਹ ਲੋਕ ਤੁਹਾਨੂੰ ਮਾਰ ਦੇਣਗੇ ਤਾਂ ਉਸ ਤੋਂ ਬਾਦ ਫਿਰ ਮੈਂ ਲਿਖਾਂਗੀ।” ਪਰ ਹੁਣ ਇਹੀ ਕਿਤਾਬ ਉਸ ਨੂੰ ਬਚਾ ਰਹੀ ਹੈ – ਕਿਉਂਕਿ ਉਨ੍ਹਾਂ ਦੀ ਗੱਲ ਬਹੁਤਿਆਂ ਨੂੰ ਪਤਾ ਲੱਗ ਰਹੀ ਹੈ। ਪਰ ਆਪਣੇ ਨਵੀਂ ਕਿਤਾਬ ਵਿੱਚ ਉਸ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦੀ ਇਹ ਖੇਡ ਹੋਰ ਵੀ ਖ਼ਤਰਨਾਕ ਹੈ – ਉਸ ਨੇ 500 ਤੋਂ ਵੱਧ ਕੰਪਨੀਆਂ ਬਾਰੇ ਆਖਿਆ ਹੈ ਜਿਨ੍ਹਾਂ ਵਿੱਚ Exxon ,Walmart , General ਮੋਟਰਜ਼ ਆਦਿ ਹਨ। ਸੋਚ ਰਹੀ ਸੀ ਇਨ੍ਹਾਂ ਕੰਪਨੀਆਂ ਨੇ ਇਨ੍ਹਾਂ ਇਲੈਕਸ਼ਨਾਂ ਵਿੱਚ ਕਿਸ ਦਾ ਪੱਖ ਪੂਰਿਆ ਹੈ। ਉਂਝ ਵੱਡੇ ਵੱਡੇ ਰਿਪਬਲਿਕਨ ਪਾਰਟੀ ਦੇ ਲੀਡਰ ਚੇਨੀ ਤੇ ਬੁਸ਼ ਦੇ ਨਾਮ ਵੀ ਆਉਂਦੇ ਹਨ ਪਰ ਲਿਖਾਰੀ ਦਾ ਆਖਣਾ ਹੈ ਕਿ Roosevelt ਤੋਂ ਲੈ ਕੇ ਹਰ ਉਹ ਰਾਸ਼ਟਰਪਤੀ ਜਿਸ ਨੇ ਆਨੇ ਬਹਾਨੇ ਜ਼ੰਗ ਸ਼ੁਰੂ ਕੀਤੀ – ਉਹ ਸਭ ਆਰਥਿਕ ਹਤਿਆਰੇ ਹਨ।