fbpx Nawidunia - Kul Sansar Ek Parivar

ਕਿਸਾਨਨਾਮਾ- ਅਸੀਂ ਲੜਾਂਗੇ ਜਦ ਤੱਕ, ਦੁਨੀਆਂ ‘ਚ ਲੜਨ ਦੀ ਲੋੜ ਬਾਕੀ ਹੈ…. – ਕੁਲਦੀਪ ਸਿੰਘ ਦੀਪ

ਜਦ ਧੁੰਦ ਏਨੀ ਪਸਰ ਜਾਏ ਕਿ ਹੱਥ ਨੂੰ ਹੱਥ ਨਾ ਦਿਖਾਈ ਦੇਵੇ…ਤਦ ਕੀ ਕਰਨਾ ਲੋੜੀਏ..

ਹੋਇਆ ਕੀ ਜੇ ਕੁਝ ਦਿਨ ਜ਼ਿਆਦਾ ਤੰਗੀ ਹੋ ਗਈ

ਬਰਸਾਤੀ ਡੱਡੂਆਂ ਦੀ ਜ਼ਾਤ ਨੰਗੀ ਹੋ ਗਈ…

ਦੋਸਤੋ 26 ਜਨਵਰੀ ਨੂੰ ਵਾਪਰੇ ਐਪੀਸੋਡ ਦੀ ਕਸਕ ਅਤੇ ਪੀੜ ਸਾਰਿਆਂ ਦੇ ਚਿਹਰਿਆਂ ਅਤੇ ਬੋਲਾਂ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਵੀ ਇਸ ਸੰਘਰਸ਼ ਦੀ ਪ੍ਰਾਪਤੀ ਹੈ ਕਿ ਸੋਸ਼ਲ ਮੀਡੀਆ ਤੇ ਜੁੜੇ ਹੋਏ ਹਜ਼ਾਰਾਂ ਲੋਕਾਂ ਅਤੇ ਆਮ ਜ਼ਿੰਦਗੀ ਵਿਚ ਮਿਲਦੇ ਹਜ਼ਾਰਾਂ ਲੋਕਾਂ ਨੇ ਇਸ ਪੀੜ ਦਾ ਅਹਿਸਾਸ ਕੀਤਾ ਹੈ ਤੇ ਇਸ ਪ੍ਰਤੀ ਗੰਭੀਰ ਫਿਕਰਮੰਦੀ ਜ਼ਾਹਿਰ ਕੀਤੀ ਹੈ। ਸਭ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਕੁਝ ‘ਖਾਸ’ ਖੁੱਸ ਗਿਆ ਹੋਵੇ। ਇਕ ਦੂਜੇ ਦੇ ਚਿਹਰੇ ਤੇ ਸਵਾਲੀਆ ਨਿਸ਼ਾਨ ਦੇ ਰੂਪ ਵਿਚ ਉਕਰੀ ਇਬਾਰਤ ਨੂੰ ਅਸੀਂ ਸਾਰੇ ਪੜ੍ਹ ਵੀ ਰਹੇ ਹਾਂ ਤੇ ਧੁਰ ਅੰਦਰੋਂ ਮਹਿਸੂਸ ਵੀ ਕਰ ਰਹੇ ਹਾਂ।

ਪਰ ਇਸ ਵਕਤ ਪਾਸ਼ ਦੇ ਇਹ ਸ਼ਬਦ ਸਾਡੇ ਲਈ ਬਹੁਤ ਮਹੱਤਵਪੂਰਨ ਹਨ :

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ

ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ

ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ

ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ

ਹੱਥਾਂ ‘ਤੇ ਪਏ ਰੱਟਣਾਂ ਦੀ ਕਸਮ ਖਾ ਕੇ

ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਜਦ ਤੱਕ

ਦੁਨੀਆਂ ‘ਚ ਲੜਨ ਦੀ ਲੋੜ ਬਾਕੀ ਹੈ….

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ

ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ

ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ

ਤੇ ਅਸੀਂ ਲੜਾਂਗੇ ਸਾਥੀ….ਅਸੀਂ ਲੜਾਂਗੇ

ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ

ਅਸੀਂ ਲੜਾਂਗੇ ਸਾਥੀ

ਦੋਸਤੋ ਸੰਘਰਸ਼ਾਂ ਵਿਚ ਅਕਸਰ ਅਜਿਹੇ ਮੋੜ ਆਉਂਦੇ ਹਨ, ਜਦ ਬੰਦੇ ਨੂੰ ਖੁਦ ਨੂੰ ਵੀ ਆਪਣੇ ਸਾਹਵੇਂ ਖਲਾਰ ਕੇ ਸਵਾਲ ਕਰਨੇ ਪੈਂਦੇ ਹਨ ਕਿ ਕਿਤੇ ਕੁਝ ਮੇਰੇ ਕੋਲੋਂ ਤਾਂ ਨਹੀਂ ਗ਼ਲਤ ਹੋਇਆ? ਇਹ ਸਮਾਂ ਵਿਰੋਧੀ ਨਾਲ ਲੜਨ ਤੋਂ ਵੀ ਜ਼ਿਆਦਾ ਨਾਜ਼ੁਕ ਅਤੇ ਚੁਣੌਤੀਪੂਰਨ ਹੁੰਦਾ ਹੈ। ਕਿਉਂਕਿ ਅਜਿਹੇ ਸਮੇਂ ਆਮ ਵਰਕਰ ਤੋਂ ਲੈ ਕੇ ਆਗੂਆਂ ਤੱਕ ਸਭ ਤੋਂ ਵੱਧ ਦਬਾਅ ਹੁੰਦਾ ਹੈ। ਪਰ ਇਹੋ ਸਮਾਂ ਸਭ ਤੋਂ ਵੱਧ ਚਿੰਤਨ ਅਤੇ ਧੀਰਜ ਦੀ ਮੰਗ ਵੀ ਕਰਦਾ ਹੈ।ਜਦ ਤੁਹਾਡੇ ਸੱਦੇ ਤੇ ਤੁਹਾਡੀਆਂ ਉਮੀਦਾਂ ਤੋਂ ਕਿਤੇ ਵੱਧ ਕਾਡਰ ਆ ਜਾਵੇ ਅਤੇ ਉਹਦੇ ਵਿਚ ਕਾਫੀ ਸਾਰਾ ਕਾਡਰ ਨੌਜਵਾਨ ਹੋਵੇ ਤੇ ਆਪਮੁਹਾਰਾ, ਅੱਥਰਾ ਤੇ ਮੂੰਹਜ਼ੋਰ ਹੋਵੇ ਤਾਂ ਆਗੂਆਂ ਦੀ ਜ਼ਿੰਮੇਵਾਰੀ ਕਈ ਗੁਣਾ ਵੱਧ ਜਾਂਦੀ ਹੈ। ਕਿਉਂਕਿ ਦਰਿਆਵਾਂ ਨੂੰ ਦੋਵਾਂ ਪਾਸਿਆਂ ਤੋਂ ਬੰਨ੍ਹ ਮਾਰ ਕੇ ਠੀਕ ਦਿਸ਼ਾ ਵਿਚ ਲੈ ਜਾਣਾ ਬਹੁਤ ਵੱਡੀ ਸੂਰਮਗਤੀ ਅਤੇ ਸਿਆਣਪ ਹੁੰਦੀ ਹੈ। ਜਦ ਉਛਲਦੇ ਹੋਏ ਦਰਿਆ ਦੇ ਕਿਸੇ ਇਕ ਬੰਨੇ ਤੇ ਕੋਈ ‘ਅੰਦਰਲਾ’ ਜਾਂ ‘ਬਾਹਰਲਾ’ ਟੱਕ ਲਾ ਦੇਵੇ ਤਾਂ ਦਰਿਆ ਵਿਨਾਸ਼ ਵੀ ਬੇਤਹਾਸ਼ਾ ਕਰਦਾ ਹੈ। ਅਜਿਹੇ ਮੌਕੇ ਮੁੜ ਆਪਣੇ ਬੰਨਿਆਂ ਨੂੰ ਕਾਇਮ ਕਰਨਾ ਹੀ ਸਭ ਤੋਂ ਪਹਿਲਾ ਨਿਸ਼ਾਨਾ ਅਤੇ ਸਭ ਤੋਂ ਪਹਿਲੀ ਚੁਣੌਤੀ ਹੁੰਦੀ ਹੈ।ਹੁਣ ਲੋੜ ਇਸੇ ਗੱਲ ਦੀ ਹੈ।

ਸੱਤਾ ਨੇ ਹਮਲਾਵਰ ਰੁੱਖ ਅਖ਼ਤਿਆਰ ਕਰ ਲਿਆ ਹੈ, ਮੀਡੀਆ ਨੇ ਸੱਤਾ ਦੇ ਦਮਨ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ। ਸੱਚ ਉੱਪਰ ਕੂੜ ਦਾ ਏਨਾ ਕੁ ਮੁਲੰਮਾ ਚਾੜ੍ਹ ਦਿੱਤਾ ਗਿਆ ਹੈ ਕਿ ਸੱਚ ਨੂੰ ਦਿਸਣ ਲੱਗਣ ਲਈ ਸਿਰਪਰਨੇ ਹੋਣਾ ਪੈ ਰਿਹਾ ਹੈ। ਜਿੰਨਾ ਵੱਡਾ ਇੱਕਠ ਸੀ ਤੇ ਉਸ ਲਈ ਜਿੰਨੀ ਵੱਡੀ ਪਲਾਨਿੰਗ ਦੀ ਜ਼ਰੂਰਤ ਸੀ, ਉਸ ਲਈ ਵਕਤ ਹੀ ਨਹੀਂ ਸੀ। ਸਰਕਾਰ ਤੇ ਪੁਲਿਸ ਨੇ ਜਾਣ ਬੁੱਝ ਕੇ ਮੀਟਿੰਗਾਂ ਦਰ ਮੀਟਿੰਗਾਂ ਕਰਕੇ ਰੂਟ ਤੈਅ ਕਰਨ ਵਿਚ ਬਹੁਤ ਦੇਰੀ ਕਰ ਦਿੱਤੀ ਅਤੇ ਉਸ ਨਵੇਂ ਰੂਟ ਦਾ ਢੁੱਕਵਾਂ ਪ੍ਰਚਾਰ ਹੋਣ ਵਿਚ ਅਤੇ ਉਸ ਲਈ ਕਾਡਰ ਨੂੰ ਮਨੋਵਿਗਿਆਨਕ ਰੂਪ ਵਿਚ ਤਿਆਰ ਕਰਨ ਦਾ ਸਮਾਂ ਨਹੀਂ ਮਿਲਿਆ।

ਇਸ ਨਾਜ਼ੁਕ ਸਮੇਂ ਦਾ ਫਾਇਦਾ ਆਪਣੇ ‘ਅੰਦਰਲੇ’ ਹੀ ਕੁਝ ਬੰਦਿਆਂ ਨੇ ਉਠਾਇਆ ਅਤੇ ਲੱਖਾਂ ਲੋਕਾਂ ਵਿੱਚੋਂ ਕੁਝ ਕੁ ਹਜ਼ਾਰਾਂ ਲੋਕਾਂ ਨੂੰ ਆਪਣੇ ਨਾਲ ਤੋਰ ਲਿਆ। ਅੱਗੇ ਸੱਤਾ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹੀ ਬੈਠੀ ਸੀ। ਜਾਣ ਬੁੱਝ ਕੇ ਬੈਰੀਕੇਡ ਲੂਜ਼ ਰੱਖੇ ਗਏ, ਪੁਲਿਸ ਨੂੰ ਨਰਮੀ ਵਰਤਣ ਲਈ ਕਿਹਾ ਗਿਆ, ਨਿਰਧਾਰਿਤ ਰੂਟਾਂ ਤੇ ਜਾਣ ਤੋਂ ਰੋਕਿਆ ਗਿਆ ਤੇ ਦਰਿਆ ਦੇ ਇਕ ਹਿੱਸੇ ਦਾ ਮੁਹਾਣ ਦਿੱਲੀ ਵੱਲ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਸੰਘਰਸ਼ ਕਰ ਰਹੇ ਨੌਜਵਾਨਾਂ ਵੱਲੋਂ ਪਈਆਂ ਵੀਡੀਓਜ਼ ਦਸਦੀਆਂ ਹਨ ਕਿ ਲਾਲ ਕਿਲੇ ਤੇ ਤਾਂ ਕਿਸੇ ਨੇ ਵੀ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪਰਤੱਖਦਰਸ਼ੀਆਂ ਦੇ ਮੁਤਾਬਕ :“ਵਿਹਲੇ ਸੀ? ਸੋਚਿਆ ਕੀ ਕਰੀਏ…ਚਲੋ ਝੰਡਾ ਹੀ ਝੁਲਾ ਦਈਏ…”

ਹੈ ਨਾ ਕਮਾਲ ਸਰਕਾਰ ਦਾ, ਦੇਸ਼ ਦੀ ਸਭ ਤੋਂ ਵੱਧ ਮਹਤਵਪੂਰਨ ਇਮਾਰਤ ਉਸ ਸਮੇਂ ਵਿਚ ਵੀ ਏਨੀ ਫਰੀ ਸੀ ਜਦ ਸਿੱਧੇ ਤੌਰ ਤੇ ਪਤਾ ਸੀ ਕਿ ਲੱਖਾਂ ਲੋਕਾਂ ਨੇ ਦਿੱਲੀ ਵਿਚ ਪਰੇਡ ਕਰਨੀ ਹੈ। ਸਿੱਧੇ ਤੌਰ ਤੇ ਇਹ ਸੱਤਾ ਦਾ ਵਿਛਾਇਆ ਜਾਲ ਸੀ ਜਿਸ ਵਿਚ ਸਾਡੇ ਅੰਦਰਲਿਆਂ ਵਿੱਚੋਂ ਕੁਝ ਦੀ ਸਾਜ਼ਿਸ਼ ਸੀ ਤੇ ਕੁਝ ਦੀ ਮਾਸੂਮੀਅਤ ਨਾਲ ਇਹ ‘ਭਾਣਾ’ ਵਾਪਰਿਆ। ਗੱਲ ਛੋਟੀ ਸੀ ਜਾਂ ਵੱਡੀ, ਪਰ ਇਸ ਨਾਲ ਸੱਤਾ ਅਤੇ ਉਸ ਦੇ ਮੀਡੀਆ ਨੂੰ ਭੰਡਣ, ਦੱਬਣ, ਗਰਜਣ ਅਤੇ ਸੰਘਰਸ਼ ਨੂੰ ਬਦਨਾਮ ਕਰਨ ਦਾ ਹੁਣ ਤੱਕ ਦਾ ਸਭ ਤੋਂ ਤਾਕਤਵਰ ਪਲੇਟਫਾਰਮ ਮਿਲ ਗਿਆ।

ਚਲੋ ਖੈਰ..ਹੁਣ ਕੀ ਕਰਨਾ ਲੋੜੀਏ..

1. ਆਤਮ ਚਿੰਤਨ ਕਰੀਏ ਅਤੇ ਨਿੱਠ ਕੇ ਸੰਵਾਦ ਰਚਾਈਏ ਕਿ ਸਾਡੇ ਤੋਂ ਕਿੱਥੇ ਗ਼ਲਤੀਆਂ ਰਹੀਆਂ ਹਨ?

2. ਜਿਨ੍ਹਾਂ ਅੰਦਰਲਿਆਂ ਦੀ ਸਾਜ਼ਿਸ਼ ਕਰਕੇ ਇਹ ਹੋਇਆ, ਉਹਨਾਂ ਦੀ ਸਾਜ਼ਿਸ਼ ਨੂੰ ਸਮਝੀਏ ਤੇ ਲੋਕਾਂ ਦੇ ਸਾਮ੍ਹਣੇ ਲਿਆਈਏ…

3. ਜਿਹੜਾ ਮਾਸੂਮ ਅਤੇ ਅਣਭੋਲ ਕਾਡਰ ਟਰੈਪ ਹੋ ਗਿਆ, ਉਹਨਾਂ ਨੂੰ ਸਮਝਾਈਏ, ਗੱਲ ਨਾਲ ਲਾਈਏ ਅਤੇ ਮੁੜ ਨਾਲ ਤੋਰੀਏ।

4. ਸੰਘਰਸ਼ ਦਾ ਜਿਹੜਾ ਕਿਰਤ ਆਧਾਰਿਤ ਸਰਬ ਸਾਂਝਾ ਕਿਰਦਾਰ ਉੱਸਰਿਆ ਸੀ, ਉਸ ਨੂੰ ਖਿੱਲਰਨ ਨਾ ਦਈਏ। ਇਸ ਨੂੰ ਹਰ ਪ੍ਰਕਾਰ ਦੇ ਧਰਮ, ਜਾਤ, ਮਜ਼ਹਬ ਅਤੇ ਖੇਤਰ ਤੋਂ ਪਰ੍ਹੇ ਉਸੇ ਤਰ੍ਹਾਂ ਭਾਰਤ ਦੇ ਕਿਰਤੀ ਕਿਸਾਨ ਅਤੇ ਅਵਾਮ ਦਾ ਅੰਦੋਲਨ ਬਣਾਏ ਰੱਖਣ ਲਈ ਆਖਰੀ ਹੱਦ ਤੱਕ ਯਤਨ ਕਰੀਏ..

5. 26 ਜਨਵਰੀ ਦੀ ਟਰੈਕਟਰ ਪਰੇਡ ਦਾ ਜਿਹੜਾ ਰੂਪ ਕਾਰਪੋਰੇਟੀ ਤੇ ਵਿਕਾਊ ਮੀਡੀਆ ਦੀ ਬਦੌਲਤ ਦੁਨੀਆ ਦੇਖ ਹੀ ਨਹੀਂ ਸਕੀ, ਉਸ ਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਸੰਘਰਸ਼ ਪੱਖੀ ਚੈਨਲਾਂ ਰਾਹੀਂ ਜ਼ਰੂਰ ਦਿਖਾਈਏ..ਹਜ਼ਾਰਾਂ ਹਜ਼ਾਰਾਂ ਵੀਡੀਓਜ਼ ਸੰਘਰਸ਼ੀ ਯੋਧਿਆਂ ਕੋਲ ਪਈਆਂ ਹਨ..ਕਿਤੇ ਦਿੱਲੀ ਦੇ ਲੋਕ ਸਵਾਗਤ ਕਰ ਰਹੇ ਹਨ, ਕਿਤੇ ਕਿਸਾਨ ਲੋਕਾਂ ਦੀ ਮਦਦ ਕਰ ਰਹੇ ਹਨ, ਝਾਕੀਆਂ ਕੱਢੀਆਂ ਜਾ ਰਹੀਆਂ ਹਨ, ਅਨੁਸ਼ਾਸ਼ਨ ਵਿਚ ਟਰੈਕਟਰ ਜਾ ਰਹੇ ਹਨ, ਜੋਸ਼ੀਲੇ ਨਾਹਰੇ ਲੱਗ ਰਹੇ ਹਨ ਤੇ ਲੋਕ ਸਹੀ ਰੂਟਾਂ ਤੇ ਆ ਵੀ ਰਹੇ ਹਨ ਤੇ ਵਾਪਿਸ ਵੀ ਮੁੜ ਰਹੇ ਹਨ।

6. ਸਰਕਾਰੀ ਦਮਨ ਦਾ ਜਿਹੜਾ ਵੀ ਪਰੂਫ ਕਿਸੇ ਵੀ ਬੰਦੇ ਕੋਲ ਹੈ, ਉਸ ਨੂੰ ਵੀ ਉੱਨੀ ਹੀ ਤੇਜੀ ਨਾਲ ਸਾਂਝਾ ਕਰੀਏ ਤਾਂ ਜੋ ਜਿਹੜਾ ਦੇਸ਼ਧਰੋਹੀ, ਦੰਗਈ, ਉਪੱਦਰਵੀ, ਫਿਰਕੂ ਵਾਲਾ ਇਮੇਜ ਮੀਡੀਆ ਨੇ ਸਾਡਾ ਬਣਾਇਆ ਹੈ ਉਸ ਨੂੰ ਬਰੇਕ ਕੀਤਾ ਜਾ ਸਕੇ।

7. ਹਰ ਜਥੇਬੰਦੀ ਆਪਣੇ ਨੌਜਵਾਨ ਦਸਤੇ ਕਾਇਮ ਕਰੇ ਤੇ ਆਪਣੇ ਕਾਡਰ ਨੂੰ ‘ਬੰਦੇ ਤੋਂ ਬੰਦੇ ਤੱਕ, ਟਰਾਲੀ ਤੋਂ ਟਰਾਲੀ ਤੱਕ ਅਤੇ ਪਿੰਡ ਤੋਂ ਪਿੰਡ ਤੱਕ ਟਰੇਂਡ ਕਰੇ। ਉੱਪਰ ਤੋਂ ਲੈ ਕੇ ਹੇਠਾਂ ਤੱਕ ਇਕ ਚੇਨ ਬਣੇ ਤਾਂ ਜੋ ਬਹੁਤ ਘੱਟ ਸਮੇਂ ਵਿਚ ਆਪਣਾ ਏਜੰਡਾ ਹੇਠਲੇ ਪੱਧਰ ਦੇ ਵਰਕਰਾਂ ਤੱਕ ਲਿਜਾਇਆ ਜਾ ਸਕੇ।

8. ਜਥੇਬੰਦੀਆਂ ਆਪਣੇ ਵਿੱਚੋਂ ਅਤੇ ਬਾਹਰੋਂ ਸਿਆਣੇ ਅਤੇ ਚਿੰਤਨਸ਼ੀਲ ਬੰਦਿਆਂ ਦੇ ਦਸਤੇ ਤਿਆਰ ਕਰਨ ਜਿਹੜੇ ਇਸ ਸੰਘਰਸ਼ ਦੇ ਕਿਰਦਾਰ ਅਤੇ ਪ੍ਰਾਪਤੀਆਂ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਹਰ ਰਾਜ ਤੱਕ ਲੈ ਜਾਣ ਤਾਂ ਜੋ ਆਪਣਾ ਸੱਚ ਅਤੇ ਸੱਤਾ ਦਾ ਕੂੜ ਨੰਗਾ ਕੀਤਾ ਜਾ ਸਕੇ।

9. ਫੁਕਰਾ ਐਲੀਮੈਂਟ ਤੇ ਗੇੜੀ ਕਲਚਰ ਨੂੰ ਘਟਾਇਆ ਜਾਵੇ, ਇਸ ਨਾਲ ਫਾਇਦਾ ਕੋਈ ਹੁੰਦਾ ਨਹੀਂ, ਉੱਲਟਾ ਗ਼ਲਤ ਪ੍ਰਭਾਵ ਜਾਂਦੇ ਹਨ।

10. ਗੀਤਾਂ, ਸਲੋਗਨਾਂ, ਕਵਿਤਾਵਾਂ ਤੇ ਨਾਹਰਿਆਂ ਦੀ ਵੀ ਸਕਰੀਨਿੰਗ ਕਰਨ ਦੀ ਜ਼ਰੂਰਤ ਹੈ। ਜਦ ਇਸ ਸੰਘਰਸ਼ ਦੀ ਟੋਨ ਤੇ ਗਤੀ ਸ਼ਾਂਤੀ ਅਤੇ ਦਲੀਲ ਵਾਲੀ ਹੈ, ਤਾਂ ਮਾਰ ਦਿਆਂਗੇ, ਵੱਢ ਦਿਆਂਗੇ, ਕਬਜ਼ਾ ਕਰਾਂਗੇ, ਹੱਲਾ ਬੋਲਾਂਗੇ ਵਰਗੇ ਤੱਤੇ ਨਾਹਰਿਆਂ ਦੀ ਥਾਂ ਸਾਡੇ ਵਿਰਸੇ ਦੇ ਉਹ ਅੰਸ਼ ਪਰਮੋਟ ਕੀਤੇ ਜਾਣ ਜਿਹੜੇ ਇਸ ਸੰਘਰਸ਼ ਦੀ ਨੇਚਰ ਨੂੰ ਸੁਪੋਰਟ ਕਰਨ। ਜਿਵੇਂ ਗੁਰੂਨਾਨਕ ਸਾਹਿਬ ਦਾ ‘ਦਲੀਲ, ਗੋਸ਼ਟਿ ਅਤੇ ਸੰਵਾਦ ਦਾ ਮਾਡਲ, ਗੁਰੂ ਅਰਜਨ ਦੇਵ ਜੀ ਦਾ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਮਾਡਲ, ਗੁਰੂ ਤੇਗ ਬਹਾਦਰ ਸਾਹਿਬ ਦਾ ਕੁਰਬਾਨੀ ਦਾ ਮਾਡਲ, ਭਗਤ ਸਿੰਘ ਦਾ ‘ਤਲਵਾਰ ਦੇ ਮੁਕਾਬਲੇ ਵਿਚਾਰ ਦੀ ਤਾਕਤ ਦਾ ਮਾਡਲ, ਗਦਰੀਆਂ ਦਾ ਗਦਰ ਅਖ਼ਬਾਰ ਦਾ ਮਾਡਲ ਅਤੇ ਕਾਲਾਪਾਣੀ ਜੇਲ੍ਹ ਵਿਚ ਤਸੀਹੇ ਜਰਨ ਦਾ ਮਾਡਲ ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਵਿਚ ਵਧੇਰੇ ਸਹਾਈ ਹੋ ਸਕਦੇ ਹਨ।

11. ਵੱਡੇ ਐਕਸ਼ਨਾਂ ਦੀ ਥਾਂ ਤੇ ਸਥਾਨਕ ਐਕਸ਼ਨਾਂ ਰਾਹੀਂ ਸੰਘਰਸ਼ ਨੂੰ ਕੁਝ ਦੇਰ ਮੱਘਦੇ ਰਖਣਾ ਚਾਹੀਦਾ ਹੈ। ਭਾਂਬੜ ਉੱਚਾ ਜ਼ਰੂਰ ਦਿਖਾਈ ਦਿੰਦਾ ਹੈ, ਪਰ ਇਹ ਥੋੜ ਚਿਰਾ ਹੁੰਦਾ ਹੈ, ਕੋਲਿਆਂ ਦੀ ਮੱਘਦੀ ਅੱਗ ਭੰਬੂਕਾ ਨਹੀਂ ਉਠਾਉਂਦੀ, ਪਰ ਲੰਮਾ ਸਮਾਂ ਮਘਦੀ ਹੈ। ਸਾਡੇ ਸੱਭਿਆਚਾਰ ਵਿਚ ਤਾਂ ਭੁੱਬਲ ਵਿਚ ਵੀ ਅੱਗ ਲੁਕਾ ਕੇ ਰੱਖਣ ਦੀ ਰਵਾਇਤ ਹੈ ਜੋ ਲੋੜ ਪੈਣ ਤੇ ਕਦੇ ਵੀ ਭਖਾਈ ਜਾ ਸਕਦੀ ਹੈ।ਆਖਰੀ ਪਰ ਅੰਤਿਮ ਗੱਲ ਨਹੀਂ :‘ਜੀਵੇ ਆਸ਼ਾ ਮਰੇ ਨਿਰਾਸ਼ਾ’ਦੀ ਤਰਜ ਤੇ ਮੁੜ ਆਪਣੇ ਖੰਭਾਂ ਨੂੰ ਛੰਡੋ ਤੇ ਪਰਵਾਜ਼ ਭਰੋ…ਅਭੀ ਇਸ਼ਕ ਕੇ ਇਮਤਿਹਾਂ ਔਰ ਵੀ ਹੈ…ਧੁੰਦ ਅਤੇ ਹਨੇਰੇ ਦੀ ਪਰਤ ਜਿੰਨੀ ਮਰਜੀ ਗਾੜ੍ਹੀ ਹੋਵੇ, ਸੂਰਜ ਮੂਹਰੇ ਟਿਕ ਨਹੀਂ ਸਕਦੀ।

ਇੱਕੋ ਕਿਰਨ ਹੀ ਨ੍ਹੇਰਾ ਲੀਰੋ ਲੀਰ ਕਰੇ

ਸੂਰਜ ਕਦੋਂ ਲੁਕੇ ਨੇ ਘੋਰ ਘਟਾਵਾਂ ਨਾਲ..

9876820600 (ਇਹ ਫੋਟੋਆਂ ਇਸ ਸੰਘਰਸ਼ ਦਾ ਹੋਰ ਚਿਹਰਾ ਦਿਖਾ ਰਹੀਆਂ ਹਨ)

Share this post

Leave a Reply

Your email address will not be published. Required fields are marked *