fbpx Nawidunia - Kul Sansar Ek Parivar

ਦੀਪ ਸਿੱਧੂ ਤੇ ਕਿਸਾਨ ਮਜ਼ਦੂਰ ਏਕਤਾ ਸੰਘਰਸ਼ – ਬਲਜਿੰਦਰ ਸੰਘਾ

ਦੀਪ ਸਿੱਧੂ ਨੂੰ ਸਮਾਜਿਕ ਸਰੋਕਾਰਾਂ ਤੇ ਇਸਦੇ ਦੂਰਪ੍ਰਭਾਵੀ ਨਤੀਜਿਆਂ ਬਾਰੇ ਡੂੰਘੀ ਸਮਝ ਨਹੀਂ ਹੈ। ਇਸ ਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਉਸ ਨੇ ਸਮਾਜਿਕ ਜਿ਼ੰਦਗੀ ਵਿਚ ਹੁਣੇ-ਹੁਣੇ ਪੈਰ ਰੱਖਿਆ ਹੈ ਤੇ ਸੰਨੀ ਦਿਉਲ ਦੀ ਰਾਜਨੀਤੀ ਵਿਚ ਨਾਟਕੀ ਇੰਟਰੀ ਦਾ ਪ੍ਰਭਾਵ ਕਬੂਲ ਚੁੱਕਾ ਹੈ। ਇਸੇ ਪ੍ਰਭਾਵ ਅਧੀਨ ਉਹ ਵੀ ਸ਼ਾਰਟਕੱਟ ਰਸਤੇ ਰਾਹੀਂ ਪੰਜਾਬ ਦੀ ਰਾਜਨੀਤੀ ਵਿਚ ਛਾਅ ਜਾਣ ਦੀ ਅੰਨ੍ਹੀ ਚਾਹਤ ਰੱਖਦਾ ਮਹਿਸੂਸ ਹੋ ਰਿਹਾ ਹੈ। ਪੰਜਾਬ ਦੀ ਰਾਜਨੀਤੀ ਵਿਚ ਇਹ ਅੰਨ੍ਹੀ ਚਾਹਤ ਤਾਂ ਹੀ ਪੂਰੀ ਹੋ ਸਕਦੀ ਹੈ ਜੇਕਰ ਸਿੱਖ ਸਮਾਜ ਪ੍ਰਤੀ ਹਮਦਰਦੀ ਦਾ ਨਾਟਕ ਕਰਨ ਦਾ ਤਰੀਕਾ ਹੋਵੇ। ਦੂਸਰਾ ਜੇਕਰ ਕੋਈ ਅਨਪੜ੍ਹ ਵੀ ਗੱਲ ਗੱਲ ‘ਤੇ ਗੁਰਬਾਣੀ ਦੀਆਂ ਤੁਕਾਂ ਤੇ ਸਿੱਖ ਸ਼ਹੀਦੀਆਂ ਦੀ ਬਾਤ ਪਾਉਣ ਬਾਰੇ ਇਕ ਦੋ ਪੰਨੇ ਸਿੱਖ ਹਿਸਟਰੀ ਦੇ ਰਟ ਲਏ। ਹਰ ਮੁੱਦੇ ਨੂੰ ਸਿੱਖਾਂ ਦੀ ਹੋਂਦ ਦੇ ਮੁੱਦੇ ਨਾਲ ਜੋੜਨ ਦੀ ਲੱਛੇਦਾਰ ਗੱਲਬਾਤ ਸਿੱਖ ਲਵੇ ਤਾਂ ਅਸੀਂ ਭਾਵੁਕ ਹੋਕੇ ਉਸ ਨੂੰ ਆਪਣਾ ਸਭ ਕੁਝ ਮੰਨ ਲੈਂਦੇ ਹਾਂ। ਬਿਨਾਂ ਆਪਣੇ ਸਿਰ ਵਰਤਿਆਂ ਉਸ ਦੇ ਆਖੇ ਲੜਨ-ਮਰਨ ਨੂੰ ਤਿਆਰ ਹੋ ਜਾਂਦੇ ਹਾਂ। ਬਾਅਦ ਵਿਚ ਵਿਸ਼ਲੇਸ਼ਣ ਵੀ ਨਹੀਂ ਕਰਦੇ ਕਿ ਨੁਕਸਾਨ ਤਾਂ ਆਪਣੀ ਕੌਮ ਦਾ ਹੀ ਜਿ਼ਆਦਾ ਕਰਵਾ ਲਿਆ। ਦੀਪ ਸਿੱਧੂ ਨੂੰ ਵੀ ਇਸੇ ਢੰਗ ਤੇ ਰਾਹ ਰਾਹੀਂ ਸੰਸਦ ਵਿਚ ਡਿੱਠੀ ਆਪਣੀ ਕੁਰਸੀ ਦਿਖ ਰਹੀ ਹੈ। ਕਿਉਂਕਿ  ਇਸ ਰਾਹ ਪਹਿਲਾ ਵੀ ਕਈਆਂ ਨੇ ਅਪਣਾਇਆ ਹੈ ਤੇ ਸਫ਼ਲ ਵੀ ਹੋਏ ਹਨ।

ਦੀਪ ਸਿੱਧੂ ਨੇ ਵੀ ਆਪਣੀ ਪੈਤੜੇ ਬਾਜ਼ੀ ਇਸੇ ਅਧਾਰ ‘ਤੇ ਬਣਾਉਣੀ ਸ਼ੁਰੂ ਕੀਤੀ। ਉਸ ਨੇ ਕਿਸਾਨਾਂ ਦੇ ਤਿੰਨ ਬਿੱਲਾਂ ਦੇ ਸੰਘਰਸ਼ ਵਿਚ ਸਿੱਖਾਂ ਦੀ ਹੋਂਦ ਦਾ ਮਸਲਾ ਜੋੜ ਕੇ ਅਸਲ ਮੁੱਦੇ ਦੀ ਗੱਲ ਧੁੰਦਲੀ ਕਰਨ ਦੀ ਹਰ ਕੋਸਿ਼ਸ਼ ਕੀਤੀ। ਜਦੋਂਕਿ ਅਜੋਕੇ ਨਹੀਂ ਬਲਕਿ ਜਦੋਂ ਤੋਂ ਮਨੁੱਖ ਨੇ ਸਮਾਜਿਕ ਜਿ਼ੰਦਗੀ ਵਿਚ ਪੈਰ ਰੱਖਿਆ, ਉਹੀ ਕਬੀਲੇ ਜਾਂ ਕੌਮ ਹੀ ਅੱਗੇ ਰਹੀ ਜਿਸ ਨੇ ਵੱਧ ਆਰਥਿਕ ਵਸੀਲੇ ਕਬਜ਼ੇ ਵਿਚ ਲਏ। ਪਰ ਇੱਥੇ ਦੀਪ ਸਿੱਧੂ ਗੱਲ ਘੁਮਾ ਕੇ ਸਿੱਖ ਹੋਂਦ ਦੀ ਗੱਲ ਧਰਮ ਰਾਹੀਂ ਕਰਦਾ ਹੈ। ਚਾਹੇ ਸੱਚ ਇਹ ਹੈ ਕਿ ਅਜੋਕੇ ਡੈਮੋਕਰੈਸੀ ਦੇ ਯੁੱਗ ਵਿਚ ਜਦੋਂ ਕਾਰਪੋਰੇਟ ਦਾ ਭੁੱਖਾ ਸ਼ੇਰ ਸਭ ਕੁਝ ਨਿਗਲਣ ਲਈ ਸ਼ਹਿ ਲਾਈ ਤਿਆਰ ਬੈਠਾ ਹੈ ਤਾਂ ਜ਼ਮੀਨਾਂ ਵਾਲਿਆਂ ਨੇ ਜ਼ਮੀਨਾਂ ਬਚਾ ਲਈਆਂ ਤੇ ਦੁਕਾਨਦਾਰਾਂ ਨੇ ਦੁਕਾਨਾਂ ਤਾਂ ਉਹਨਾਂ ਦੀ ਹੋਂਦ ਆਪੇ ਬਚ ਜਾਵੇਗੀ। ਪਰ ਦੀਪ ਸਿੱਧੂ ਇਸ ਸਿੱਧੀ ਗੱਲ ਨੂੰ ਜੋ ਕਿਸਾਨ ਮਜ਼ਦੂਰ ਏਕਤਾ ਮੋਰਚੇ ਦੇ ਆਗੂ ਕਹਿ ਰਹੇ ਹਨ ਧੁੰਦਲੀ ਕਰਕੇ ਆਪਣੀ ਪੀਪਣੀ ਵਜਾਉਂਦਾ ਹੈ।    

ਚਾਹੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲ ਸਿੱਖ, ਹਿੰਦੂ ਜਾਂ ਮੁਸਲਮਾਨ ਦਾ ਮਸਲਾ ਨਹੀਂ ਇਹ ਪੂੰਜੀਵਾਦ  ਦੁਆਰਾ ਆਮ ਆਦਮੀ ਦੀ ਸੰਘੀ ਨੱਪ ਕੇ ਭਾਰਤ ਵਿਚ ਖਾਣ-ਪੀਣ ਦੀਆਂ ਵਸਤੂਆਂ ਦੇ ਸਭ ਰਾਹ ਕਾਰਪੋਰੇਟ ਸੈਕਟਰ ਰਾਹੀਂ ਸਾਡੇ ਤੱਕ ਲਿਆਉਣਾ ਹੈ। ਜਿਸ ਨਾਲ ਉਹ ਮਨਮਰਜ਼ੀ ਦੇ ਭਾਅ ਤਹਿ ਕਰ ਸਕਣ। ਇਸ ਕਰਕੇ ਕਿਸੇ ਵੀ ਕੌਮ ਜਾਂ ਮਨੁੱਖ ਦੀ ਹੋਂਦ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਹ ਆਰਥਿਕ ਤੌਰ ‘ਤੇ ਕਿੰਨਾ ਮਜ਼ਬੂਤ ਹੈ। ਦੀਪ ਸਿੱਧੂ ਇਹ ਵੀ ਕਹਿ ਸਕਦਾ ਹੈ ਕਿ ਸਾਡੀ ਹੋਂਦ ਦਾ ਮਸਲਾ ਸਾਡੀ ਆਰਥਿਕਤਾ ਨਾਲ ਜੁੜਿਆ ਹੈ। ਪਰ ਉਹ ਜੈ ਕਿਸਾਨ ਜਾਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਸਿੱਧੀ ਨਾ ਕਰਕੇ ਹਰ ਗੱਲ ਵਿਚ ਸਿੱਖੀ ਜਾਂ ਖਾਲਿਸਤਾਨ ਦੇ ਮਸਲੇ ਨੂੰ ਅਸਿੱਧੇ ਢੰਗ ਨਾਲ ਵਾੜ ਕੇ ਆਪਣੇ ਨਾਲ ਵੱਧ ਹਜ਼ੂਮ ਜੋੜਨ ਦੇ ਚੱਕਰ ਵਿਚ ਰਿਹਾ ਹੈ।

ਉਹ ਕਿਸਾਨੀ ਸੰਘਰਸ਼ ਦੇ ਲੀਡਰਾਂ ਦੀ ਗੱਲ ਵਿਚ ਆਪਣੇ ਵਿਚਾਰ ਮਿਲਾ ਕੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਆਮ ਬੰਦਾ ਗੁੰਮਰਾਹ  ਹੋ ਜਾਂਦਾ ਹੈ। ਜਿਵੇਂ ਜਦੋਂ ਕਿਸਾਨੀ ਲੀਡਰ ਹਰ ਗੱਲ ਜ਼ਾਬਤੇ ਰਾਹੀਂ ਕਰਨ ਤੇ ਜ਼ਾਬਤੇ ਵਿਚ ਰਹਿਣ ਦੀ ਅਪੀਲ ਕਰਦੇ ਹਨ ਤਾਂ ਉਹ ਤੇ ਇਕ (ਗੈਗਸਟਰ ਲਾਈਫ਼ ਵਿਚੋਂ ਪੱਥਰ ਚੱਟ ਕੇ ਮੁੜੀ ਮੱਛੀ) ਇਹ ਕਹਿ ਕੇ ਅਸਿੱਧੇ ਢੰਗ ਨਾਲ ਕਾਬਜ਼ ਹੋਣ ਦੀ ਗੱਲ ਕਰਦੇ ਹਨ ਕਿ ਨੌਜਵਾਨੀ ਦੀਆਂ ਭਾਵਨਾਵਾਂ ਕੁਝ ਹੋਰ ਹਨ। ਭਾਵ ਉਹ ਲੰਬਾ ਸਮਾਂ ਮੋਰਚੇ ਵਿਚ ਸ਼ਾਤ ਨਹੀ ਬੈਠਣਾ ਚਾਹੁੰਦੇ। ਜਦੋਂ ਕਿ ਜੇਕਰ ਉਹ ਕਿਸਾਨ ਆਗੂਆਂ ਦੇ ਸੱਚੀ ਹੀ ਮਗਰ ਹਨ ਤਾਂ ਆਖ ਸਕਦੇ ਹਨ ਕਿ ਨੌਜਵਾਨੋਂ ਆਪਣੇ ਆਗੂਆਂ ਦਾ ਹੁਕਮ ਮੰਨੋ। ਸਬਰ, ਸ਼ਾਤੀ ਬਣਾਈ ਰੱਖੋ। ਸਿੱਖੀ ਵਿਚ ਸਭ ਤੋਂ ਵੱਧ ਸਬਰ ਹੈ। ਯਾਦ ਕਰੋ ਉਹਨਾਂ ਮਾਵਾਂ ਨੂੰ ਜੋ ਬੱਚਿਆਂ ਦੇ ਟੁਕੜੇ ਝੋਲੀ ਪਵਾ ਕੇ ਵੀ ਸਬਰ ਵਿਚ ਚੱਕੀਆਂ ਪੀਸਦੀਆਂ ਰਹੀਆਂ। ਡੈਮੋਕਰਰਸੀ ਵਿਚ ਯੁੱਧ ਹਥਿਆਰਾਂ ਤੋਂ ਪਹਿਲਾ ਸ਼ਾਂਤੀ ਨਾਲ ਲੜ ਕੇ ਸੰਸਾਰ ਦਾ ਵੱਧ ਧਿਆਨ ਖਿੱਚਿਆ ਜਾ ਸਕਦਾ ਹੈ। ਇਹੋ ਜਿਹੇ ਯੁੱਧ ਸਭ ਨੂੰ ਨਾਲ ਲੈ ਕੇ ਲੜੇ ਜਾਂਦੇ ਹਨ ਤੇ ਕਈ ਸਟੇਜਾਂ ਵਿਚੋਂ ਨਿਕਲਦੇ ਹਨ। ਜੇਕਰ ਕੁਰਬਾਨੀਆਂ ਦੇਣ ਜਾਂ ਹਥਿਆਰ ਚੁੱਕਣ ਦੀ ਨੌਬਤ ਆਈ ਤਾਂ ਤਿੰਨ-ਤਿੰਨ ਦਹਾਕੇ ਤੋਂ ਘੋਲਾਂ ਵਿਚ ਲੱਗੇ ਇਹ ਬਾਬੇ ਆਗੂ ਆਪ ਦੱਸਣਗੇ। ਦੀਪ ਸਿੱਧੂ ਦੀ ਸਿੱਖੀ ਪੈਤੜਾ ਵਰਤ ਕੇ ਕਿਸਾਨੀ ਸੰਘਰਸ਼ ਦੀ ਥਾਂ ਆਪਣੇ ਨਾਲ ਭਾਵੁਕ ਸਿੱਖ ਨੌਜਵਾਨੀ ਨੂੰ ਜੋੜਨ ਦੀ ਅੰਦਰੂਨੀ ਖਹਿਸ਼ ਸਿੱਧੀ ਤੇ ਥੋੜੀ ਮਿਹਨਤ ਨਾਲ ਤੇ ਜਾਗਰੁਕਤਾ ਨਾਲ ਫੜ੍ਹੀ ਜਾ ਸਕਦੀ ਹੈ, ਪਰ ਗੈਗਸਟਰ ਮੱਛੀ ਸਮੇਂ-ਸਮੇਂ ਪੈਂਡੂਲਮ ਵਾਲ ਲਟਕ ਜਾਂਦੀ ਹੈ ਤੇ ਭਾਰਾ ਪੱਲੜਾ ਦੇਖਣ ਦੀ ਤਾਕ ਵਿਚ ਰਹਿੰਦੀ ਹੈ। ਪਰ ਉਦੇਸ਼ ਦੋਹਾਂ ਦਾ ਇਕੋ ਹੀ ਹੈ। ਆਪਣੇ ਨਾਲ ਭਾਵੁਕ ਲੋਕਾਂ ਨੂੰ ਜੋੜਨਾ।  

ਅਖੀਰ ਵਿਚ ਸਾਨੂੰ ਸਿੱਖਾਂ ਨੂੰ ਭਾਵੁਕਤਾ ਦੀਆਂ ਗੱਲਾਂ ਕਰਕੇ ਸਾਡੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਬਹੁਤ-ਬਹੁਤ ਲੋੜ ਹੈ। ਸਮਝਣ ਦੀ ਲੋੜ ਹੈ ਕਿ ਕਿਸਾਨ ਆਗੂ ਚਾਹੇ ਆਸਤਿਕ ਹਨ ਜਾਂ ਨਾਸਤਿਕ। ਪਰ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਹੀ ਨਹੀਂ ਬਲਕਿ ਇਹਨਾਂ ਤਿੰਨਾਂ ਬਿੱਲਾਂ ਦੇ ਦੂਰਪ੍ਰਭਾਵੀ ਨਤੀਜੇ ਸਮਝਣ ਵਾਲੇ ਹਨ। ਹਰ ਮਨੁੱਖ ਨੂੰ ਸੰਘਰਸ਼ ਨਾਲ ਜੋੜ ਕੇ ਜੇਕਰ ਜਿੱਤ ਪ੍ਰਾਪਤ ਕਰਦੇ ਹਨ ਤਾਂ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਦੀ ਹੋਂਦ ਦੀ ਵੀ ਜਿੱਤ ਹੈ। ਜੇਕਰ ਅਸੀਂ ਗੁਰਬਾਣੀ ਦੀ ਸਰਬ-ਸਾਂਝੀਵਾਲਤਾ ਦੇ ਅਰਥ ਸਮਝਦੇ ਹਾਂ ਤਾਂ ਸਾਨੂੰ ਸਿੱਖੀ ਭੇਸ ਵਿਚ ਅਜਿਹੇ ਲੋਕਾਂ ਦੀਆਂ ਗੱਲਾਂ ਤੋਂ ਦੂਰ ਰਹਿਣ ਦੀ ਲੋੜ ਹੈ ਜੋ ਆਖਦੇ ਹਨ ਇਹ ਸੰਘਰਸ਼ ਸਾਡਾ ਸਿੱਖਾਂ ਦਾ ਜਿ਼ਆਦਾ ਹੈ, ਕਿਉਂਕਿ ਹਰ ਪਾਸੇ ਦਸਤਾਰਾਂ ਵਾਲੇ ਜਿ਼ਆਦਾ ਹਨ, ਜਿ਼ਆਦਾ ਦਾਨ ਅਸੀਂ ਕਰ ਰਹੇ, ਅਸੀਂ ਮੂਹਰੇ ਹਾਂ, ਅਸੀਂ ਪਹਿਲ ਕੀਤੀ ਹੈ ਵਗੈਰਾ ਵਗੈਰਾ। ਕਿਉਂਕਿ ਸਿੱਖੀ ਸਿਧਾਂਤਾਂ ਵਿਚ ਇੱਕ ਲੱਖ ਰੁਪਏ ਦਾਨ ਕਰਨ ਵਾਲਾ ਵੀ ਦਾਨੀ ਹੈ ਤੇ ਇਕ ਪੈਸਾ ਪਾਉਣ ਵਾਲਾ ਵੀ ਦਾਨੀ ਹੈ। ਵੱਡੇ-ਨਿੱਕੇ, ਉਚ-ਨੀਚ, ਵੱਧ-ਘੱਟ ਦਾ ਮਸਲਾ ਹੀ ਨਹੀਂ। ਜੇਕਰ ਅਸੀਂ ਸੱਚੀ ਸਿੱਖੀ ਦੀ ਸਮਝ ਰੱਖਦੇ ਹਾਂ ਤਾਂ ਇਹ ਗੱਲਾਂ ਖੁਦ ਨਾ ਕਰਕੇ ਦੂਸਰਿਆਂ ਨੂੰ ਕਰਨ ਦਾ ਮੌਕਾ ਦੇਈਏ ਤੇ ਉਹ ਕਰ ਵੀ ਰਹੇ। ਹਰਿਆਣੀਏ, ਰਾਜਸਥਾਨੀ ਤੇ ਹੋਰ ਸਟੇਟਾਂ ਦੇ ਲੋਕ ਬਾਰ-ਬਾਰ ਸਿੱਖਾਂ ਨੂੰ ਵੱਡਾ ਭਾਈ, ਪੰਜਾਬ ਸਾਡਾ ਵੱਡਾ ਭਾਈ ਆਦਿ ਨਾਲ ਨਿਵਾਜ ਰਹੇ ਹਨ। ਸਾਡਾ ਸੱਚੇ ਦਿਲੋਂ ਕੀਤਾ ਵੱਧ ਕੰਮ, ਵੱਧ ਕੁਰਬਾਨੀਆਂ, ਵੱਧ ਜ਼ਜਬਾ, ਵੱਧ ਦਾਨ ਇਹਨਾਂ ਸਭ ਦੀ ਥਾਂ ਤੇ ਇਕ ਸ਼ਬਦ ਵੱਧ ਯੋਗਦਾਨ ਨਾ ਤਾਂ ਅਜਾਈ ਗਿਆ ਹੈ ਤੇ ਨਾ ਜਾਵੇਗਾ।

ਦੂਸਰੇ ਪਾਸੇ ਕੁਝ ਹਿੰਦੂ ਤੇ ਸਿੱਖ ਵੀਰ ਮੀਡੀਆ ਵਿਚ ਜਾਂ ਸੋਸ਼ਲ ਮੀਡੀਆ ਤੇ ਖਾਲਿਸਤਾਨ ਜਾਂ ਆਰ. ਐਸ. ਐਸ. ਦੇ ਪ੍ਰਭਾਵ ਹੇਠ ਇਕ ਦੂਸਰੇ ਨੂੰ ਵੱਧ ਘੱਟ ਬੋਲ ਜਾਂਦੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਜ਼ੁਬਾਨ ‘ਤੇ ਕਾਬੂ ਰੱਖਣ। ਕਿਉਂਕਿ ਕਿਸੇ ਪ੍ਰਤੀ ਬੋਲੇ ਗਲਤ ਸ਼ਬਦ ਵਾਪਸ ਮੂੰਹ ਵਿਚ ਨਹੀਂ ਪੈਂਦੇ। ਆਵੋ  ਆਪਾ ਆਪਣੇ ਵਿਸ਼ਵਾਸ਼, ਆਪਣੇ ਧਰਮ, ਆਪਣੇ ਲਿਬਾਸ, ਆਪਣੀ ਵਿਭਿੰਨਤਾ ਵਿਚ ਰਹਿ ਕੇ ਵੀ ਇਕ ਰਹੀਏ ਤੇ ਇਹਨਾਂ ਤਿੰਨਾਂ ਬਿੱਲਾਂ ਨੂੰ ਵਾਪਸ ਲੈਣ ਲਈ ਸਰਕਾਰ ਤੇ ਦਬਾ ਬਣਾਈ ਰੱਖੀਏ।

ਬਿੱਲਾਂ ਦੇ ਲਾਗੂ ਰਹਿਣ ਨਾਲ ਜੋ ਮੰਹਿਗਾਈ ਦੇ ਪ੍ਰਭਾਵ ਪੈਣੇ ਹਨ। ਵੱਡੇ ਸਟੋਰਾਂ ਨੇ ਨਿੱਕੇ ਵਪਾਰ ਖਾਣੇ ਹਨ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਵਪਾਰ ਕਿਸ ਧਰਮ ਦੇ ਬੰਦੇ ਦਾ ਹੈ। ਜੇਕਰ ਦੁਕਾਨਦਾਰ ਅੱਜ ਇਹ ਸੋਚਦੇ ਹਨ ਕਿ ਬਿੱਲਾਂ ਦਾ ਪ੍ਰਭਾਵ ਸਿਰਫ਼ ਕਿਸਾਨਾਂ ਤੇ ਹੈ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾ ਪ੍ਰਭਾਵ ਫੂਡ ਪਰੋਸੈਸਿਗ ਅਧੀਨ ਨਿੱਕੀ ਦੁਕਾਨਦਾਰੀ ‘ਤੇ ਪੈਣਾ ਹੈ। ਕਾਰਪੋਰੇਟ ਸੈਕਟਰ ਦਾ ਵਾਲਮਾਰਟ ਵਰਗਾ ਇਕ ਵੱਡਾ ਸਟੋਰ ਖੁੱਲਣ ਦੇ ਇਕ ਹਫ਼ਤੇ ਵਿਚ ਹੀ ਇਕ ਹਜ਼ਾਰ ਪਰਚੂਨ ਦੀ ਦੁਕਾਨ ਖਾ ਜਾਂਦਾ ਹੈ। ਉਹਨਾਂ ਦੁਕਾਨਦਾਰਾਂ ਵਿਚ ਪੰਜ ਪ੍ਰਤੀਸ਼ਤ ਨੂੰ ਹੀ ਉਸ ਵਿਚ ਨੌਕਰੀ ਮਿਲਦੀ ਹੈ ਤੇ ਉਹ ਆਪਣੇ ਵਪਾਰ ਦੀ ਥਾਂ ਨੌਕਰ ਬਣ ਜਾਂਦੇ ਹਨ ਤੇ ਬਾਕੀ ਬੇਰੁਜ਼ਗਾਰ।        

ਆਵੋ ਸਮਝੀਏ ਕਿ ਦੁਨੀਆਂ ਵਿਚ ਅਸਲ ਵਿਚ ਦੋ ਤਰ੍ਹਾਂ ਦੇ ਹੀ ਲੋਕ ਹਨ ਇਕ ਲੁੱਟਣ ਵਾਲੇ ਤੇ ਦੂਸਰੇ ਲੁੱਟੇ ਜਾਣ ਵਾਲੇ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਬਹੁਤ ਸਮਾਂ ਪਹਿਲਾਂ ਲਿਖਿਆ ਸੀ ਕਿ ‘ਦੋ ਧੜਿਆ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ’। ਦੀਪ ਸਿੱਧੂ ਤੇ ਇਸ ਵਰਗੇ ਹੋਰ ਬਹੁਤ ਹਿੰਦੂ, ਸਿੱਖ ਮੁਸਲਮਾਨ ਵੰਡੀਆ ਰਾਹੀਂ ਅਸਲ ਵਿਚ ਆਪਣੇ ਲਈ ਪਲੇਟਫਾਰਮ ਲੱਭ ਰਹੇ ਹਨ। ਅਗਲੀਆਂ ਚੋਣਾਂ ਤੱਕ ਅਜਿਹੀਆਂ ਬਹੁਤ ਸਾਰੀਆਂ ਬਿੱਲੀਆਂ ਥੈਲੇ ‘ਚੋ ਬਾਹਰ ਆਉਣਗੀਆਂ। ਭਾਰਤ ਦੇਸ਼ ਭਾਰਤ ਵਾਸੀਆ ਦਾ ਸਾਝਾਂ ਹੈ। ਇਸ ਨੂੰ ਵੰਡਣ ਵਾਲੇ, ਤੋੜਨ ਵਾਲੇ, ਲੁੱਟਣ ਵਾਲੇ ਮੁਗਲਾਂ ਤੋਂ ਲੈ ਕੇ ਕਈ ਆਏ ਤੇ ਕਈ ਗਏ। ਅਜੋਕੇ ਲੋਕਤੰਤਰੀ ਢਾਂਚੇ ਵਿਚ ਸਰਕਾਰਾਂ ਤਾਂ ਹਮੇਸ਼ਾਂ ਅਸਥਾਈ ਹੁੰਦੀਆਂ ਹਨ। ਨਾ ਭਾਰਤ ਮੋਦੀ ਦਾ ਹੈ ਨਾ ਅਮਿਤਸ਼ਾਹ ਦਾ। ਆਵੋ ਇਕੱਠੇ ਹੋਕੇ ਇਹਨੂੰ ਇਹਨਾਂ ਦੀਆਂ ਲੋਕਮਾਰੂ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਦੀਆਂ ਨੀਤੀਆਂ ਤੋਂ ਬਚਾਈਏ। ਭਾਰਤ ਜਿ਼ੰਦਾਬਾਦ, ਜੈ ਕਿਸਾਨ, ਜੈ ਜਵਾਨ, ਜੈ ਕਿਰਤੀ। 

                                                                                          403-680-3212

Share this post

Leave a Reply

Your email address will not be published. Required fields are marked *