fbpx Nawidunia - Kul Sansar Ek Parivar

ਇਕ ਮਿੰਟ ਲਈ ਵਾਹਨਾਂ ਦੇ ਹਾਰਨ ਵਜਾ ਕੇ ‘ਕਿਸਾਨ ਏਕਤਾ’ ਦਾ ਕੀਤਾ ਮੁਜ਼ਾਹਰਾ

ਨਵੀਂ ਦਿੱਲੀ : ਖੇਤੀ ਕਾਨੂੰਨ ਰੱਦ ਕਰਵਾਉਣ, ਇੰਟਰਨੈੱਟ ਬੰਦ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਘੰਟਿਆਂ ਲਈ ਦੇਸ਼ ਭਰ ’ਚ ਦਿੱਤੇ ‘ਚੱਕਾ ਜਾਮ’ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲਾ, ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਅਸਾਮ, ਤਿਲੰਗਾਨਾ, ਮਹਾਰਾਸ਼ਟਰ, ਤ੍ਰਿਪੁਰਾ ਅਤੇ ਹੋਰ ਰਾਜਾਂ ਵਿੱਚ ਕਿਸਾਨਾਂ ਨੇ ਕੌਮੀ ਅਤੇ ਰਾਜਮਾਰਗਾਂ ਉਪਰ ਸ਼ਾਂਤਮਈ ਧਰਨੇ ਦੇ ਕੇ ਕੇਂਦਰ ’ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ। ਦਿੱਲੀ ਸਮੇਤ ਕਈ ਸੂਬਿਆਂ ’ਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਵੀ ਲਿਆ ਗਿਆ।

ਚੱਕਾ ਜਾਮ ਦੀ ਸਮਾਪਤੀ ’ਤੇ ਇਕ ਮਿੰਟ ਲਈ ਵਾਹਨਾਂ ਦੇ ਹਾਰਨ ਵਜਾ ਕੇ ‘ਕਿਸਾਨ ਏਕਤਾ’ ਦਾ ਮੁਜ਼ਾਹਰਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਗੱਲਬਾਤ ਲਈ ਮਾਹੌਲ ਸਾਜ਼ਗਾਰ ਬਣਾਉਣ ਵਾਸਤੇ ਸਰਕਾਰ ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅੰਦੋਲਨਕਾਰੀਆਂ ਨੂੰ ਰਿਹਾਅ ਕਰੇ, ਮੋਰਚਿਆਂ ਕੋਲ ਬੰਦ ਕੀਤੀਆਂ ਇੰਟਰਨੈੱਟ ਸਹੂਲਤਾਂ ਬਹਾਲ ਕੀਤੀਆਂ ਜਾਣ, ਉਸਾਰੇ ਗਏ ਬੈਰੀਕੇਡਾਂ ਨੂੰ ਹਟਾਇਆ ਜਾਵੇ ਅਤੇ ਕਿਸਾਨ ਆਗੂਆਂ, ਹਮਦਰਦਾਂ ਤੇ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਰੱਦ ਕੀਤੇ ਜਾਣ। ਦਿੱਲੀ, ਉਤਰ ਪ੍ਰਦੇਸ਼ ਅਤੇ ਉਤਰਾਖੰਡ ’ਚ ਚੱਕਾ ਜਾਮ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਇਨ੍ਹਾਂ ਸੂਬਿਆਂ ਨੂੰ ਜਾਂਦੇ ਮੁੱਖ ਮਾਰਗਾਂ ’ਤੇ ਰਾਹ ਰੋਕੇ ਗਏ। ਦਿੱਲੀ ਦੇ ਆਈਟੀਓ ਨੇੜੇ ਕਿਸਾਨਾਂ ਦੇ ਪੱਖ ’ਚ ਖੱਬੀਆਂ ਧਿਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀ ਜਿਵੇਂ ਹੀ ਅੱਗੇ ਵਧਣ ਲੱਗੇ ਤਾਂ ਦਿੱਲੀ ਪੁਲੀਸ ਨੇ ਸ਼ਹੀਦੀ ਪਾਰਕ ਨੇੜੇ ਕਰੀਬ 50 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਦਿੱਲੀ ਪੁਲੀਸ ਨੇ ਅੱਜ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਦੇ ਬੰਦੋਬਸਤ ਕਰਦਿਆਂ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਸਨ।

Share this post

Leave a Reply

Your email address will not be published. Required fields are marked *