ਸੰਘਰਸ਼ ਦੀ ਪ੍ਰੇਰਨਾ ਦਿੰਦੀ ਪੁਸਤਕ ‘ਮਨੂੰ ਸਿਮ੍ਰਤੀ’ – ਮੰਗਤ ਰਾਮ ਪਾਸਲਾ

ਭਾਰਤ ’ਚ ਮਨੂੰਵਾਦੀ ਵਿਵਸਥਾ ਦਾ ਕੇਂਦਰੀ ਬਿੰਦੂ ਜਾਤਪਾਤ ਦੀ ਗੈਰ ਮਾਨਵੀ ਪਰੰਪਰਾ ਹੈ, ਜੋ ਇਸ ਰੂਪ ’ਚ ਸੰਸਾਰ ਅੰਦਰ ਹੋਰ ਕਿਧਰੇ ਦਿਖਾਈ ਨਹੀਂ ਦਿੰਦੀ। ਉਂਝ ਸਮਾਜਿਕ ਵਿਤਕਰਿਆਂ ਦੇ ਵੱਖ ਵੱਖ ਰੂਪ ਅਨੇਕਾਂ ਹੋਰ ਦੇਸ਼ਾਂ ’ਚ ਵੀ ਵੇਖੇ ਜਾ ਸਕਦੇ ਹਨ, ਪੰ੍ਰਤੂ ਜਿਸ ਢੰਗ ਨਾਲ ਮਨੂੰਵਾਦੀ ਢਾਂਚਾ ਕਿਸੇ ਵੀ ਇਨਸਾਨ ਦੇ ਮੱਥੇ ਉੱਪਰ ਉਸ ਨੂੰ ਜਨਮ ਦੇਣ ਵਾਲੀ ਜਾਤ ਦਾ ਠੱਪਾ ਸਾਰੀ ਉਮਰ ਲਈ ਮੜ੍ਹ ਦਿੰਦਾ ਹੈ, ਉਹ ਬਿਲਕੁਲ ਹੀ ਅਨੋਖਾ ਹੈ। ਆਪਣੀ ਯੋਗਤਾ ਤੇ ਹੁਨਰ ਦੇ ਬਲਬੂਤੇ ਜੇਕਰ ਅਜਿਹਾ ਇਨਸਾਨ ਆਰਥਿਕ, ਰਾਜਨੀਤਕ, ਸਮਾਜਿਕ ਜਾਂ ਹੋਰ ਕਿਸੇ ਵੀ ਖੇਤਰ ’ਚ ੳੱੁਚ ਅਸਥਾਨ ਪ੍ਰਾਪਤ ਵੀ ਕਰ ਲੈਂਦਾ ਹੈ, ਪ੍ਰੰਤੂ ਹਰ ਸਮੇਂ ਇਹ ਜਾਤਪਾਤ ਦਾ ਭੂਤ ਉਸ ਦਾ ਪਿੱਛਾ ਨਹੀਂ ਛੱਡਦਾ। ਮਨੂੰਵਾਦੀ ਵਿਚਾਰਧਾਰਾ ਦੇ ਕੋਹਲੂ ’ਚ ਨਪੀੜੀ ਜਾ ਰਹੀ ਲੋਕਾਈ ਇਸ ਅਮਾਨਵੀ ਵਰਤਾਰੇ ਨਾਲ ਇੰਨੀ ਇਕਮਿਕ ਹੋ ਗਈ ਹੈ ਕਿ ਉਹ ਇਸ ਸਥਿਤੀ ’ਚ ਰਹਿਣ ਨੂੰ ਹੀ ਆਪਣੀ ‘ਜੀਵਨ ਜਾਚ’ ਸਮਝ ਕੇ ਤਸੱਲੀ ਕਰੀ ਬੈਠੀ ਹੈ। ਜਿਹੜੀਆਂ ਗ਼ੈਬੀ ਸ਼ਕਤੀਆਂ, ਧਾਰਿਮਕ ਮਾਨਤਾਵਾਂ ਜਾਂ ਸਮਾਜਿਕ ਰਸਮੋ ਰਿਵਾਜ ਮਨੂੰਸਿਮਰਤੀ ਗ੍ਰੰਥ ’ਚ ਦਰਜ ਹਨ ਤੇ ਕਥਿਤ ਨੀਤੀਆਂ ਤੇ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਨਾਲ ਸੰਬੰਧਤ ਲੋਕਾਂ ਨੂੰ ‘ਇਨਸਾਨ’ ਸਮਝਣ ਤੋਂ ਵੀ ਆਕੀ ਹਨ ਉਨ੍ਹਾਂ ਅੱਗੇ ਹੀ ਇਹ ਪੀੜਤ ਲੋਕ ਸਿਰ ਝੁਕਾ ਕੇ ਹਰ ਵਿਤਕਰੇ, ਅਪਮਾਨ ਤੇ ਜ਼ੁਲਮ ਨੂੰ ਬਰਦਾਸ਼ਤ ਕਰੀ ਜਾ ਰਹੇ ਹਨ। ਮਨੂੰ ਸਿਮਰਤੀ ’ਚ ਜਾਤੀਪਾਤੀ ਵਿਤਕਰਿਆਂ ਨੂੰ ‘ਕੁਦਰਤੀ ਕੰਮ ਵੰਡ’ ਦਾ ਨਾਮ ਦੇ ਕੇ ਹਜ਼ਾਰਾਂ ਸਾਲਾਂ ਤੋਂ ਸਮਾਜ ਦੇ ਸਭ ਤੋਂ ਕਰਮਸ਼ੀਲ ਤੇ ਜਨ ਸੇਵਾ ਨਿਭਾ ਰਹੇ ਲੋਕਾਂ ਨੂੰ ਉਚ ਜਾਤੀਆਂ ਨੇ ਹਮੇਸ਼ਾ ਹੀ ਤਰਿਸਕਾਰ ਦਾ ਪਾਤਰ ਬਣਾ ਰੱਖਿਆ ਹੈ ਤੇ ਇਹ ਕੁਕਰਮ ਕਰਨ ਵਾਲੇ ਹਮੇਸ਼ਾ ਹੀ ਆਪਣੇ ਇਸ ਵਿਵਹਾਰ ਨੂੰ ਹੱਕੀ ਤੇ ਮਾਣ ਕਰਨ ਯੋਗ ਸਮਝਦੇ ਆ ਰਹੇ ਹਨ। ਡਾਕਟਰ ਕਰਮਜੀਤ ਨੇ ਮਨੂੰਸਿਮਰਤੀ ਗ੍ਰੰਥ ਦਾ ਡੂੰਘਾ ਅਧਿਆਨ ਤੇ ਹਕੀਕੀ ਅਵਸਥਾਵਾਂ ਦੀ ਰੌਸ਼ਨੀ ’ਚ ਇਸ ਕਿਤਾਬ ਦੇ ਪ੍ਰਕਾਸ਼ਨ ਰਾਹੀਂ ਜਾਤਪਾਤੀ ਵਿਤਕਰਿਆਂ ਦੀ ਪੀੜਾ ਹੰਢਾ ਰਹੇ ਲੋਕਾਂ ਨੂੰ ਇਕ ਐਸਾ ਵਿਚਾਰਧਾਰਕ ਹਥਿਆਰ ਮੁਹੱਈਆ ਕਰਾ ਦਿੱਤਾ ਹੈ ਜਿਸ ਨਾਲ ਉਹ ਇਸ ਅਮਾਨਵੀ ਵਰਤਾਰੇ ਦਾ ਜੱਦੋ ਜਹਿਦ ਰਾਹੀਂ ਖਾਤਮਾ ਕਰਕੇ ਸਦੀਆਂ ਤੋਂ ਨੂੜੀ ਬੈਠੇ ਗ਼ੁਲਾਮੀ ਦੇ ਸੰਗਲਾਂ ਤੋਂ ਮੁਕਤੀ ਹਾਸਲ ਕਰ ਸਕਣਗੇ। ਹਕੀਕਤ ’ਚ ਇਹ ਕਿਤਾਬ ਸਮੁੱਚੇ ਸਮਾਜ ਦੇ ਵਿਵੇਕ ਨੂੰ ਵੀ ਟੁੰਬੇਗੀ, ਜਿਹੜਾ ਸਦੀਆਂ ਤੋਂ ਅਮਾਨਵੀ ਮਨੂੰਵਾਦੀ ਵਿਵਸਥਾ ਦੀ ਹਕੀਕਤ ਤੋਂ ਜਾਣੇ ਜਾਂ ਅਣਜਾਣੇ ਅਗਿਆਨ ਹੈ। ਇਹ ਸੱਚ ਨੂੰ ਸਵੀਕਾਰ ਕਰਨ ’ਚ ਵੀ ਕਿਸੇ ਨੂੰ ਝਿਜਕ ਨਹੀਂ ਹੋਣੀ ਚਾਹੀਦੀ ਕਿ ਮਨੂੰਵਾਦੀ ਵਿਵਸਥਾ ਅੰਦਰ ਜਾਤਪਾਤ ਦੇ ਨਪੀੜਨ ਨੂੰ ਦੇਸ਼ ਦੀ ਕਮਿਊਨਿਸਟ ਲਹਿਰ ਪੂਰੀ ਡੂੰਘਾਈ ਤੇ ਛਿੱਦਤ ਨਾਲ ਨਹੀਂ ਸਮਝ ਸਕੀ। ਇਸੇ ਕਰਕੇ ਜਿੱਥੇ ਕਮਿਊਨਿਸਟ ਲਹਿਰ ਨੇ ਲੋਟੂ ਪੂੰਜੀਵਾਦੀ ਢਾਂਚੇ ਦਾ ਖ਼ਾਤਮਾ ਕਰਕੇ ‘ਜਮਾਤ ਰਹਿਤ’ ਸਮਾਜ ਦੀ ਸਿਰਜਣਾ ਰਾਹੀਂ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਦਾ ਖ਼ੂਸੂਰਤ ਨਿਸ਼ਾਨਾ ਮਿਥਿਆ ਹੋਇਆ ਹੈ, ਓਥੇ ਇਸ ਨਵੇਂ ਪ੍ਰਬੰਧ ਅੰਦਰ ਦਲਿਤ ਸਮਾਜ ਨੂੰ ਜਾਤਪਾਤੀ ਵਿਤਕਰੇ ਤੋਂ ਨਿਜ਼ਾਤ ਦੁਆ ਕੇ ‘ਜਾਤਪਾਤ ਰਹਿਤ’ ਸਮਾਜ ਦਾ ਸੰਕਲਪ ਵੀ ਨੇਪਰੇ ਚਾੜ੍ਹਨਾ ਜ਼ਰੂਰੀ ਹੈ। ਪੂੰਜੀਵਾਦੀ ਪ੍ਰਬੰਧ ਦੇ ਖਾਤਮੇਂ ਨਾਲ਼ ਮਨੂੰਵਾਦੀ ਵਿਵਸਥਾ ਦੀ ਦੇਣ ‘ਜਾਤ ਪਾਤੀ ਪ੍ਰਥਾ’ ਆਪਣੇ ਆਪ ਹੀ ਖ਼ਤਮ ਨਹੀਂ ਹੋ ਜਾਣੀ। ਸਮਾਜਵਾਦੀ ਪ੍ਰਬੰਧ ਦੇ ਮੁਢਲੇ ਦੌਰ ਅੰਦਰ ਵੀ ਜਾਤਪਾਤ ਦੀ ਬਿਮਾਰੀ ਵਿਰੁੱਧ ਬੇਕਿਰਕ ਤੇ ਨਿਰੰਤਰ ਜਦੋ ਜਹਿਦ ਕਰਨੀ ਹੋਵੇਗੀ ਤਾਂ ਕਿ ਇਸ ਅਮਾਨਵੀ ਵਿਵਸਥਾ ਦੀ ਰਹਿਦ ਖੂੰਹਦ ਤੋਂ ਜਨ ਸਧਾਰਨ ਦੀ ਮਾਨਸਿਕਤਾ ਨੂੰ ਮੁਕਤ ਕੀਤਾ ਜਾ ਸਕੇ। ਬਿਨ੍ਹਾਂ ਸ਼ੱਕ ਪਿਛਲੇ ਸਮਿਆਂ ’ਚ ਕਮਿਊਨਿਸਟ ਲਹਿਰ ਨੇ ਹਰ ਕਿਸਮ ਦੀ ਲੁੱਟ ਖਸੁੱਟ ਤੇ ਵਿਤਕਰਿਆਂ ਵਿਰੁੱਧ ਡਟਵੀ ਅਵਾਜ਼ ਬੁਲੰਦ ਕੀਤੀ ਹੈ ਤੇ ਸ਼ਾਨਾਮੱਤੇ ਸੰਘਰਸ਼ ਵੀ ਕੀਤੇ ਹਨ। ਕਮਿਊਨਿਸਟਾਂ ਨੇ ਉਚ ਜਾਤੀਆਂ ਵਲੋਂ ਦਲਿਤ ਤੇ ਅਛੂਤ ਸਮਝੇ ਜਾਂਦੇ ਕਿਰਤੀਆਂ ਦੇ ਹੱਕ ’ਚ ਅਵਾਜ਼ ਉਠਾਉਣ ਦੀਆਂ ਬਹੁਤ ਸਾਰੀਆਂ ਪਹਿਲ ਕਦਮੀਆਂ ਵੀ ਕੀਤੀਆਂ ਹਨ। ਪ੍ਰੰਤੂ ਜਿੰਨਾ ਡੂੰਘਾ ਤੇ ਪਸਰਿਆ ਇਹ ਜਾਤਪਾਤ ਦਾ ਸਮਾਜਿਕ ਰੋਗ ਹੈ, ਉਸ ਅਨੁਪਾਤ ਵਿਚ ਇਸਦੇ ਅਹਿਸਾਸ ਹੋਣ ਤੇ ਸੰਘਰਸ਼ ਕਰਨ ਦਾ ਦਾਅਵਾ ਜੇਕਰ ਅੱਜ ਕਮਿਊਨਿਸਟ ਧਿਰਾਂ ਕਰਦੀਆਂ ਹਨ, ਤਦ ਇਹ ਸੱਚਾਈ ਤੋਂ ਹਟਵਾਂ ਹੋਵੇਗਾ। ਇਰਾਦੇ ਭਾਵੇਂ ਕਿੰਨੇ ਵੀ ਨੇਕ ਹੋਣ, ਹਕੀਕੀ ਅਮਲਾਂ ਨੇ ਹੀ ਅੰਤਮ ਨਤੀਜਾ ਕੱਢਣਾ ਹੁੰਦਾ ਹੈ। ਇਸ ਪੱਖ ਤੋਂ ਕੁਝ ਕਮੀ ਜ਼ਰੂਰ ਖਟਕਦੀ ਹੈ। ਖੱਬੀ ਲਹਿਰ ਦੀ ਇਸ ਕਮਜ਼ੋਰੀ ਦਾ ਲਾਹਾ ਲੈ ਕੇ ਹੀ ਕਈ ਖ਼ੁਦਗਰਜ਼ ਲੋਕਾਂ ਨੇ ਜਾਤਪਾਤੀ ਵਿਤਕਰਿਆਂ ਨੂੰ ਖ਼ਤਮ ਕਰਨ ਲਈ ਓੁਹੀ ਹਥਿਆਰ ਵਰਤਣ ਦਾ ਯਤਨ ਕੀਤਾ ਜਿਹੜਾ ਉਚ ਜਾਤੀ ਦੇ ਲੋਕਾਂ ਵਲੋਂ ਵਰਤਿਆ ਜਾਂਦਾ ਹੈ। ਭਾਵ ਕਿਰਤੀ ਲੋਕਾਂ ਦੀ ਜਮਾਤੀ ਏਕਤਾ ਮਜ਼ਬੂਤ ਕਰਨ ਦੀ ਥਾਂ ਜਾਤਪਾਤ ਅਧਾਰਤ ਸੰਗਠਨ ਤੇ ਉਸੇ ਆਧਾਰ ’ਤੇ ਰਾਜਨੀਤਕ ਤੇ ਸਮਾਜਕ ਪੈਂਤੜੇ। ਇਹ ਸਮਝਦਾਰੀ ਮਨੂੰਵਾਦੀ ਵਿਵਸਥਾ ਤੋਂ ਮੁਕਤੀ ਹਾਸਲ ਕਰਨ ਹਿਤ ਪੀੜਤ ਲੋਕਾਂ ਲਈ ਹਾਨੀਕਾਰਕ ਸਿੱਧ ਹੋਈ ਹੈ ਤੇ ਇਸ ਨੇ ਸਮੂਹ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੀ ਹਕੀਕੀ ਦੁਸ਼ਮਣਾਂ ਵਿਰੁੱਧ ਸਾਂਝੀ ਜਦੋਜਹਿਦ ਨੂੰ ਕਮਜ਼ੋਰ ਕੀਤਾ ਹੈ। ਸ਼ਾਇਦ ਅਜਿਹੀ ਭੁੱਲ ਮਨੂੰਵਾਦੀ ਵਿਵਸਥਾ ਦੇ ਠੀਕ ਗਿਆਨ ਨਾ ਹੋਣ ਕਾਰਨ ਵੀ ਪੈਦਾ ਹੋਈ ਹੈ, ਜਿਸਦੇ ਸਿੱਟੇ ਵਜੋਂ ਵਿਗਿਆਨਕ ਨਜ਼ਰੀਏ ਨਾਲ ਆਰਥਿਕ ਤੇ ਸਮਾਜਿਕ ਨਪੀੜਨ ਦਾ ਸੇਕ ਝੱਲ ਰਹੀ ਜਨਤਾ ਇਕਮਿਕ ਹੋ ਕੇ ‘ਜਾਤ ਰਹਿਤ’ ਤੇ ‘ਜਮਾਤ ਰਹਿਤ’ ਸਮਾਜ ਦੀ ਸਥਾਪਨਾ ਦੇ ਸੰਘਰਸ਼ ਵਿਚ ਪੱਛੜੀ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਦਲਿਤ ਤੇ ਕਥਿਤ ਤੌਰ ’ਤੇ ਪਛੜੇ ਸਮਾਜ ਅੰਦਰ, ਖਾਸ ਕਰ ਨੌਜਵਾਨਾਂ ’ਚ ਨਵੀਂ ਚੇਤਨਾ ਦਾ ਪਸਾਰਾ ਹੋਇਆ ਹੈ। ਉਨ੍ਹਾਂ ਦੇ ਮਨਾਂ ਅੰਦਰ ਇਸ ਮਨੂੰਵਾਦੀ ਢਾਂਚੇ ਦੀ ਦੇਣ ‘ਜਾਤਪਾਤ ਦੀ ਪ੍ਰਥਾ’ ਪ੍ਰਤੀ ਗੁੱਸਾ ਤੇ ਨਫ਼ਰਤ ਪੈਦਾ ਹੋਈ ਹੈ ਜਿਸ ਕਾਰਨ ਉਹ ਇਸ ‘ਮਹਾਂਮਾਰੀ’ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਪ੍ਰੰਤੂ ਇਹ ਵੀ ਇਕ ਹਕੀਕਤ ਹੈ ਕਿ ਇਸ ਜਦੋਜਹਿਦ ਦੀ ਸਫ਼ਲਤਾ ਲਈ ਅਜੇ ਹੋਰ ਗਿਆਨ ਹਾਸਲ ਕਰਨਾ ਹੋਵੇਗਾ ਤੇ ਵਿਗਿਆਨਕ ਨਜ਼ਰੀਏ ਨਾਲ ਵੱਡੇ ਸੰਘਰਸ਼ ਵਿੱਢਣੇ ਹੋਣਗੇ। ਬੀਤੇ ਸਮੇਂ ਦੇ ਤਜਰਬੇ ਤੇ ਸਮਾਜਕ ਯਥਾਰਥ ਦੀ ਗੰਭੀਰਤਾ ਨਾਲ ਘੋਖ ਪੜਤਾਲ ਰਾਹੀਂ ਆਰ.ਐਮ.ਪੀ.ਆਈ. ਨੇ ਆਪਣੇ ਪਾਰਟੀ ਪ੍ਰੋਗਰਾਮ ’ਚ ਲੋਕ ਜਮਹੂਰੀ ਇਨਕਲਾਬ ਦੀ ਕਾਮਯਾਬੀ ਲਈ ‘‘ਜਾਤ ਰਹਿਤ, ਜਮਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਧਰਮ ਨਿਰਪੱਖ ਸਮਾਜ’’ ਦੀ ਸਥਾਪਨਾ ਦਾ ਨਿਸ਼ਾਨਾ ਮਿਥਿਆ ਹੈ। ਇਸਦੇ ਨਾਲ ਹੀ ਭਾਰਤੀ ਇਨਕਲਾਬ ਦੀ ਸਫ਼ਲਤਾ ਲਈ, ਜਿਥੇ ਅਸੀਂ ਵਿਚਾਰਧਾਰਕ ਤੌਰ ’ਤੇ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨ ਤੋਂ ਸੇਧ ਲੈਣੀ ਹੈ ਓਥੇ ਭਾਰਤੀ ਸਮਾਜ ਨੂੰ ਇਨਕਲਾਬੀ ਤਬਦੀਲੀ ਲਈ ਜਥੇਬੰਦ ਕਰਕੇ ਸੰਘਰਸ਼ਾਂ ਦੇ ਰਾਹੇ ਪਾਉਣ ਵਾਲੇ ਭਾਰਤੀ ਸਮਾਜ ਦੇ ਮਹਾਨ ਸਮਾਜਿਕ ਤੇ ਰਾਜਨੀਤਕ ਆਗੂਆਂ, ਦਾਰਸ਼ਨਿਕਾਂ ਤੇ ਰਾਹ ਦਸੇਰਿਆਂ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ, ਸਤਿਗੁਰੂ ਰਵਿਦਾਸ ਜੀ, ਭਗਤ ਕਬੀਰ ਜੀ, ਗ਼ਦਰ ਪਾਰਟੀ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਡਾ.ਬੀ.ਆਰ.ਅੰਬੇਦਕਰ ਤੇ ਈ.ਵੀ.ਰਾਮਾਸਵਾਮੀ ਪੇਰੀਆਰ ਵਰਗੇ ਮਹਾਨ ਵਿਅਕਤੀਆਂ ਦੀਆਂ ਸਿੱਖਿਆਵਾਂ ’ਤੇ ਅਮਲਾਂ ਤੋਂ ਵੀ ਪ੍ਰੇਰਨਾ ਲਵੇਗੀ। ਡਾਕਟਰ ਕਰਮਜੀਤ ਹੁਰਾਂ ਦੇ ਮਨੂੰਵਾਦੀ ਵਿਵਸਥਾ ਬਾਰੇ ਡੂੰਘੇ ਤੇ ਸੰਵੇਦਨਾ ਭਰਪੂਰ ਗਿਆਨ ’ਚ ਗੁੜੱਚ ਇਹ ਕਿਤਾਬ ਜਿਥੇ ਦਲਿਤ ਤੇ ਕਥਿਤ ਨੀਵੀਆਂ ਜਾਤੀਆਂ ਨਾਲ ਸੰਬੰਧਤ ਮਿਹਨਤਕਸ਼ ਲੋਕਾਂ ਨੂੰ ਮੋਦੀ ਸਰਕਾਰ ਵਲੋਂ ਦੇਸ਼ ਅੰਦਰ ਮਨੂੰਵਾਦੀ ਵਿਵਸਥਾ ਦਾ ਅਨੁਸਰਨ ਕਰਨ ਵਾਲੇ ‘ਹਿੰਦੂ ਰਾਸ਼ਟਰ’ ਦੀ ਸਥਾਪਨਾ ਕਰਨ ਦੇ ਛੜਯੰਤਰ ਨੂੰ ਸਮਝਣ ਤੇ ਠੱਲ੍ਹਣ ’ਚ ਮਦਦ ਕਰੇਗੀ ਓੁਥੇ ਉਨ੍ਹਾਂ ਦੇ ਮਨਾਂ ਅੰਦਰ ਦੂਸਰੇ ਮਿਹਨਤਕਸ਼ ਲੋਕਾਂ ਨਾਲ ਏਕਤਾ ਬਣਾ ਕੇ ਹਰ ਕਿਸਮ ਦੀ ਲੁੱਟ ਖਸੁੱਟ ਰਹਿਤ ਇਕ ਨਵੇਂ ਸਮਾਜ ਦੀ ਸਿਰਜਣਾ ਕਰਨ ਦੇ ਸੰਘਰਸ਼ ਨੂੰ ਵੀ ਇਕ ਨਵੀਂ ਦਿਸ਼ਾ ਦੇਵੇਗੀ। ਮੇਰੀ ਪੰਜਾਬ ਦੇ ਸਮੂਹ ਲੋਕਾਂ, ਖ਼ਾਸਕਰ ਦਲਿਤ ਤੇ ਪਛੜੇ ਸਮਾਜ ਨਾਲ ਸੰਬੰਧਤ ਲੋਕਾਈ ਨੂੰ ਨਿਮਰਤਾ ਸਹਿਤ ਦਿਲੋਂ ਬੇਨਤੀ ਹੈ ਕਿ ਉਹ ਇਸ ਕਿਤਾਬ ਦਾ ਅਧਿਆਨ ਕਰਨ ਤੇ ਹੋਰਨਾਂ ਲੋਕਾਂ ਨੂੰ ਵੀ ਇਸਦਾ ਅਧਿਐਨ ਕਰਨ ਲਈ ਪ੍ਰੇਰਨਾ ਕਰਨ। ਇਸ ਕਿਤਾਬ ਰਾਹੀਂ ਡਾਕਟਰ ਕਰਮਜੀਤ ਨੇ ‘ਸਮਾਜਿਕ ਬਦਲਾਅ’ ਦੀ ਲਹਿਰ ਨੂੰ ਇਕ ਨਵਾਂ ਤੋਹਫ਼ਾ ਦਿੱਤਾ ਹੈ ਜੋ ਇਸਦੇ ਕਾਰਕੁੰਨਾਂ ਨੂੰ ਨਵਾਂ ਗਿਆਨ ਤੇ ਊਰਜਾ ਮੁਹੱਈਆ ਕਰੇਗਾ।ਡਾਕਟਰ ਕਰਮਜੀਤ ਇਕ ਉਚ ਕੋਟੀ ਦੇ ਵਿਦਵਾਨ ਹੀ ਨਹੀਂ ਹਨ ਬਲਕਿ ਆਪ ਅਮਲੀ ਰੂਪ ’ਚ ਸਮਾਜਿਕ ਤਬਦੀਲੀ ਦੀ ਲਹਿਰ ਦੇ ਮਹੱਤਵਪੂਰਨ ਆਗੂ ਦੀ ਭੂਮਿਕਾ ਵੀ ਅਦਾ ਕਰ ਰਹੇ ਹਨ। ਇਸੇ ਕਰਕੇ ਇਸ ਕਿਤਾਬਚੇ ’ਚ ਡਾਕਟਰ ਸਾਹਿਬ ਜੀ ਦੇ ਜ਼ਿਹਨ ’ਚ ਮਨੂੰਵਾਦੀ ਵਿਵਸਥਾ ਦੀ ਜਾਣਕਾਰੀ ਦੇ ਨਾਲ ਨਾਲ ਸਦੀਆਂ ਤੋਂ ਹੋ ਰਹੇ ਜਾਤਪਾਤ ਅਧਾਰਿਤ ਸਮਾਜਕ ਅਨਿਆਂ ਵਿਰੁੱਧ ਡੂੰਘੀ ਨਫ਼ਰਤ ਵੀ ਹੈ ਤੇ ਪੀੜਤ ਲੋਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਵੀ। ਪੂਰਨ ਭਰੋਸਾ ਹੈ ਕਿ ਇਨ੍ਹਾਂ ਦੋਨਾਂ ਮਨੋਰਥਾਂ ਨੂੰ ਪੂਰਾ ਕਰਨ ’ਚ ਇਹ ਕਿਤਾਬ ਪੂਰੀ ਤਰ੍ਹਾਂ ਕਾਰਗਾਰ ਸਿੱਧ ਹੋਵੇਗੀ।

ਮੰਗਤ ਰਾਮ ਪਾਸਲਾ, ਜਨਰਲ ਸਕੱਤਰ, ਆਰ.ਐਮ.ਪੀ.ਆਈ.

Leave a Reply

Your email address will not be published. Required fields are marked *