ਐੱਨ ਰਤਨਬਾਲਾ ਦੇਵੀ: ਭਾਰਤੀ ਫ਼ੁੱਟਬਾਲ ਟੀਮ ਦੀ ਜਾਨ

ਮਨੀਪੁਰ ਦੇ ਬਿਸ਼ਨਪੁਰ ਜ਼ਿਲ੍ਹੇ ਵਿੱਚ ਪੈਂਦੇ ਨੰਬੋਲ ਖ਼ਥੋਂਗ ਵਿੱਚ ਜਨਮੀ ਫ਼ੁੱਟਬਾਲ ਖਿਡਾਰਨ ਨੋਂਗਮੈਥਮ ਰਤਨਬਾਲਾ ਦੇਵੀ ਨੇ ਦੇਸ ਦੀ ਬਿਹਤਰ ਫ਼ੁੱਟਬਾਲ ਖਿਡਾਰਨ ਬਣਨ ਦੀ ਆਪਣਾ ਇੱਛਾ ਨੂੰ ਪੂਰਿਆਂ ਕਰਨ ਲਈ ਇੱਕ ਲੰਬਾ ਸਫ਼ਰ ਤੈਅ ਕੀਤਾ।
ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਤੋਂ ਆਪਣੇ ਇਲਾਕੇ ਵਿੱਚ ਮੁੰਡਿਆਂ ਨਾਲ ਫ਼ੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ। ਮਸਤੀ ਲਈ ਸ਼ੁਰੂ ਹੋਈ ਗਤੀਵਿਧੀ ਉਸ ਲਈ ਜਨੂੰਨ ਵਿੱਚ ਬਦਲ ਗਈ ਅਤੇ ਰਤਨਬਾਲਾ ਨੇ ਗਰਾਉਂਡ ਵਿੱਚ ਵਧੇਰੇ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ।
ਮੁੱਢਲੀਆਂ ਰੁਕਾਵਟਾਂ ਨੂੰ ਪਾਰ ਕਰਨਾ
ਨਿੱਜੀ ਕੰਪਨੀ ਵਿੱਚ ਡਰਾਇਵਰ ਰਤਨਬਾਲਾ ਦੇਵੀ ਦੇ ਪਿਤਾ ਦੇ ਸਿਰ ਪਰਿਵਾਰ ਦੇ ਪੰਜ ਮੈਂਬਰਾਂ ਦੀ ਜ਼ਿੰਮੇਵਾਰੀ ਸੀ।
ਦੇਵੀ ਆਪਣੇ ਪਿਤਾ ਨੂੰ ਇੱਕ ਨਾਇਕ ਕਹਿੰਦੀ ਹੈ ਕਿਉਂਕਿ ਉਨ੍ਹਾਂ ਨੇ ਵਿੱਤੀ ਦਿੱਕਤਾਂ ਦੇ ਬਾਵਜੂਦ ਦੇਵੀ ਦੇ ਜਨੂੰਨ ਦਾ ਪੂਰਾ ਸਮਰਥਨ ਕੀਤਾ।
ਉਸ ਦੇ ਚਾਚਿਆਂ ਵਿੱਚੋਂ ਇੱਕ ਨੇ ਵੀ ਉਸ ਦੇ ਭਾਰਤ ਲਈ ਖੇਡਣ ਦੇ ਸੁਫ਼ਨੇ ਨੂੰ ਪੂਰਾ ਕਰਨ ਵਿੱਚ ਅਮੁੱਲ ਸਹਿਯੋਗ ਦਿੱਤਾ।
ਪਰਿਵਾਰਕ ਸਹਿਯੋਗ ਤੋਂ ਉਤਸ਼ਾਹਿਤ, ਦੇਵੀ ਨੇ ਇਮਫ਼ਾਲ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਦਾ ਟਰੇਨਿੰਗ ਸੈਂਟਰ ਜੁਆਇਨ ਕਰਨ ਦਾ ਫ਼ੈਸਲਾ ਕੀਤਾ।
ਹਾਲਾਂਕਿ, ਉਹ ਉਥੋਂ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਨਹੀਂ ਸੀ ਕਿਉਂਕਿ ਇਹ ਸੈਂਟਰ ਟੀਮ ਟੂਰਨਾਮੈਂਟਾਂ ਵਿੱਚ ਹਿੱਸਾ ਨਹੀਂ ਸੀ ਲੈਂਦਾ, ਜਿਸ ਨੇ ਰਤਨਬਾਲਾ ਦੇ ਪ੍ਰਦਰਸ਼ਨ ਨੂੰ ਸੀਮਤ ਕਰ ਦਿੱਤਾ।
ਇਸ ਲਈ ਉਸ ਨੇ ਸਥਾਨਕ ਕ੍ਰਿਆਪਸਾ ਫ਼ੁੱਟਬਾਲ ਕਲੱਬ ਨੂੰ ਜੁਆਇਨ ਕੀਤਾ, ਜਿਥੇ ਉਨ੍ਹਾਂ ਨੂੰ ਕੋਚ ਉਜਾ ਚਾਉਬਾ ਵਲੋਂ ਸਿਖਲਾਈ ਦਿੱਤੀ ਗਈ।
ਉਹ ਕਹਿੰਦੇ ਹਨ ਕਿ ਕਲੱਬ ਦਾ ਸਿਖਲਾਈ ਪ੍ਰੋਗਰਾਮ ਬਹੁਤ ਵਧੀਆ ਸੀ ਅਤੇ ਟੀਮ ਨੇ ਕਈ ਟੂਰਨਾਮੈਂਟਾਂ ਵਿੱਚ ਮੁਕਾਲਬਾ ਕੀਤਾ।
ਕਲੱਬ ਨਾਲ ਬੀਤਾਏ ਸਮੇਂ ਦੌਰਾਨ ਉਨ੍ਹਾਂ ਦੇ ਫ਼ੁੱਟਬਾਲ ਹੁਨਰ ਅਤੇ ਤਕਨੀਕ ਵਿੱਚ ਬਹੁਤ ਨਿਖ਼ਾਰ ਆਇਆ।
ਸੁਫ਼ਨਿਆ ਦੀ ਪਰਵਾਜ਼
ਰਤਨਬਾਲਾ ਦੇ ਸਥਾਨਕ ਟੂਰਨਾਮੈਂਟਾਂ ਵਿੱਚ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਮਨੀਪੁਰ ਦੀ ਸੂਬਾ ਟੀਮ ਵਿੱਚ ਜਗ੍ਹਾ ਦਿਵਾਈ ਅਤੇ ਉਨ੍ਹਾਂ ਨੇ ਕੌਮੀ ਪੱਧਰ ਦੇ ਟੂਰਨਾਮੈਂਟ ਖੇਡਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਨੇ ਏਆਈਐੱਫ਼ਐੱਫ਼ ਦੇ ਵੱਖ ਵੱਖ ਉਮਰ ਵਰਗਾਂ ਦੇ ਟੂਰਨਾਮੈਂਟਾਂ ਵਿੱਚ ਖੇਡਿਆ।
ਸਾਲ 2015 ਵਿੱਚ ਉਹ ਭਾਰਤੀ ਮਹਿਲਾ ਜੂਨੀਅਰ ਟੀਮ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ, ਉਨ੍ਹਾਂ ਨੇ ਕਈ ਬੈਸਟ ਪਲੇਅਰ ਆਫ਼ ਦਾ ਟੂਰਨਾਮੈਂਟ ਸਨਮਾਨ ਵੀ ਜਿੱਤੇ।
ਆਖ਼ਰ ਸਾਲ 2017 ਵਿੱਚ ਦੇਵੀ ਨੇ ਸੀਨੀਅਰ ਭਾਰਤੀ ਕੌਮੀ ਟੀਮ ਵਿੱਚ ਸ਼ਾਮਲ ਦਾ ਆਪਣਾ ਸੁਫ਼ਨਾ ਪੂਰਾ ਕੀਤਾ।
ਭਾਰਤੀ ਟੀਮ ਵਿੱਚ ਉਨ੍ਹਾਂ ਦਾ ਕੰਮ ਮਿਡ-ਫ਼ੀਲਡ ਵਿੱਚ ਖੇਡਣਾ ਅਤੇ ਬਚਾਅ ਪੱਖ ਨੂੰ ਤਰਤੀਬਬੱਧ ਕਰਨਾ ਸੀ। ਜਿਥੇ ਉਹ ਇੱਕ ਸਖ਼ਤ ਬਚਾਅ ਟੀਮ ਬਣਾਈ ਰੱਖਦੇ ਸਨ, ਉਥੇ ਹੀ ਉਨ੍ਹਾਂ ਦੀਆਂ ਤੇਜ਼ ਗਤੀਵਿਧੀਆਂ ਅਕਸਰ ਵਿਰੋਧੀ ਟੀਮ ਲਈ ਖ਼ਤਰਾ ਬਣਾਈ ਰੱਖਦੀਆਂ ਸਨ।
ਉਹ ਸਾਲ 2019 ਵਿੱਚ ਨੇਪਾਲ ਵਿੱਚ ਹੋਈ ਪੰਜਵੀਂ ਐੱਸਏਐੱਫ਼ਐੱਫ਼ ਚੈਂਪੀਅਨਸ਼ਿਪ ਜਿੱਤਣ ਵਾਲੀ ਮਹਿਲਾ ਟੀਮ ਦਾ ਹਿੱਸਾ ਸਨ। ਉਸੇ ਸਾਲ, ਉਹ 13 ਵੀਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸਨ।
ਸਾਲ 2019 ਵਿੱਚ ਸਪੇਨ ਵਿੱਚ ਹੋਏ ਕੋਟਿਫ਼ ਵੂਮੈਨਜ਼ ਟੂਰਨਾਮੈਂਟ ਵਿੱਚ ਦੇਵੀ ਨੇ ਭਾਰਤ ਲਈ ਦੋ ਗੋਲ ਕੀਤੇ ਸਨ।
ਉਹ ਘਰੇਲੂ ਪੱਧਰ ‘ਤੇ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹੇ ਹਨ।
ਦੇਵੀ ਨੂੰ 2019 ਵਿਚ ਹੀਰੋ ਇੰਡੀਅਨ ਮਹਿਲਾ ਲੀਗ (ਆਈਡਬਲਿਯੂਐੱਲ) ਦੇ ਤੀਜੇ ਐਡੀਸ਼ਨ ਵਿਚ ਟੂਰਨਾਮੈਂਟ ਦੀ ਉਭਰ ਰਹੀ ਖਿਡਾਰਣ ਚੁਣਿਆ ਗਿਆ ਸੀ।
ਲੀਗ਼ ਦੇ ਅਗਲੇ ਐਡੀਸ਼ਨ ਵਿੱਚ ਸਾਲ 2020 ਵਿੱਚ ਦੇਵੀ ਨੇ ਟੂਰਮਾਨੈਂਟ ਦੇ ਬਿਹਤਰ ਖਿਡਾਰੀ ਦਾ ਸਨਮਾਨ ਜਿੱਤਿਆ।
ਉਹ ਆਪਣੀ ਕ੍ਰਿਆਪਸਾ ਟੀਮ ਨੂੰ ਉਸ ਸੀਜ਼ਨ ਵਿੱਚ ਦੂਜੇ ਨੰਬਰ ‘ਤੇ ਲੈ ਆਏ ਸਨ।
ਮਾਨਤਾ ਮਿਲਣਾ
ਦੇਵੀ ਨੂੰ ਖੇਡਾਂ ਵਿੱਚ ਸਭ ਤੋਂ ਵੱਡੀ ਮਾਨਤਾ ਉਸ ਸਮੇਂ ਮਿਲੀ ਜਦੋਂ ਉਨ੍ਹਾਂ ਨੂੰ 2020 ਵਿੱਚ ਏਆਈਐੱਫ਼ਐੱਫ਼ ਉੱਭਰਦੇ ਖਿਡਾਰੀ ਆਫ਼ ਦਾ ਈਅਰ ਦਾ ਸਨਮਾਨ ਦਿੱਤਾ ਗਿਆ।
ਏਆਈਐੱਫ਼ਐੱਫ਼ ਦੀ ਅਧਿਕਾਰਿਤ ਵੈੱਬਸਾਈਟ ‘ਤੇ ਉਨ੍ਹਾਂ ਦੀ ਦਿੱਤੀ ਜੀਵਨੀ ਵਿੱਚ ਦੇਵੀ ਨੂੰ ਭਾਰਤੀ ਫ਼ੁੱਟਾਬਲ ਟੀਮ ਦੇ “ਫ਼ੇਫੜੇ” ਕਿਹਾ ਗਿਆ ਹੈ।
ਦੇਵੀ ਕਹਿੰਦੇ ਹਨ ਕਿ ਉਹ ਆਪਣਾ ਸੁਫ਼ਨਾ ਜਿਉਂ ਰਹੇ ਹਨ ਅਤੇ ਹਰ ਰੋਜ਼ ਸਖ਼ਤ ਮਿਹਨਤ ਨਾਲ ਹੋਰ ਸੁਧਾਰ ਕਰਦੇ ਰਹਿਣਾ ਚਾਹੁੰਦੇ ਹਨ। ਉਹ ਇੱਕ ਦਿਨ ਪ੍ਰੀਮੀਅਰ ਕੌਮਾਂਤਰੀ ਕਲੱਬ ਲਈ ਖੇਡਣ ਦੀ ਇੱਛਾ ਰੱਖਦੇ ਹਨ।
‘ਬੀਬੀਸੀ’ ਤੋਂ ਧੰਨਵਾਦ ਸਹਿਤ