ਮੋਦੀ ਦੀ ‘ਅੰਦੋਲਨਜੀਵੀ ਟਿੱਪਣੀ ‘ਤੇ ਕਿਸਾਨ ਆਗੂ ਬੋਲੇ- ਅੰਦੋਲਨ ਨਾਲ ਹੀ ਮਿਲੀ ਸੀ ਆਜ਼ਾਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ
ਤੇ ਬੋਲਦਿਆਂ ਨਵੇਂ ਸ਼ਬਦ ਅੰਦੋਲਨਜੀਵੀ ਦਾ ਜ਼ਿਕਰ ਕੀਤਾ।
ਮੋਦੀ ਨੇ ਰਾਜ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਲੋਕ ਕੁਝ ਸ਼ਬਦਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਕਿਰਤਜੀਵੀ, ਬੁੱਧੀਜੀਵੀ। ਇਨ੍ਹਾਂ ਸ਼ਬਦਾਂ ਤੋਂ ਜਾਣੂ ਹਾਂ ਪਰ ਮੈਂ ਦੇਖ ਰਿਹਾ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਇਸ ਦੇਸ਼ ਵਿਚ ਇਕ ਨਵੀਂ ਜਮਾਤ ਪੈਦਾ ਹੋਈ ਹੈ, ਇਕ ਨਵੀਂ ਬਿਰਾਦਰੀ ਸਾਹਮਣੇ ਆਈ ਹੈ ਅਤੇ ਉਹ ਹੈ ਅੰਦੋਲਨਜੀਵੀ। ਉਨ੍ਹਾਂ ਕਿਹਾ, ‘ਇਹ ਜਮਾਤ ਤੁਸੀਂ ਦੇਖੋਗੇ, ਵਕੀਲਾਂ ਦਾ ਅੰਦੋਲਨ ਹੈ, ਉਥੇ ਨਜ਼ਰ ਆਉਣਗੇ, ਵਿਦਿਆਰਥੀਆਂ ਦਾ ਅੰਦੋਲਨ ਹੈ, ਉਥੇ ਨਜ਼ਰ ਆਉਣਗੇ, ਮਜ਼ਦੂਰਾਂ ਦਾ ਅੰਦੋਲਨ ਹੈ, ਉਥੇ ਨਜ਼ਰ ਆਉਣਗੇ। ਕਦੇ ਪਰਦੇ ਦੇ ਪਿਛੇ, ਕਦੇ ਪਰਦੇ ਦੇ ਅੱਗੇ। ਇਹ ਪੂਰੀ ਟੋਲੀ ਹੈ ਜੋ ਅੰਦੋਲਨਜੀਵੀ ਹੈ, ਇਹ ਅੰਦੋਲਨ ਦੇ ਬਿਨਾਂ ਜੀ ਨਹੀਂ ਸਕਦੇ ਅਤੇ ਅੰਦੋਲਨ ਨਾਲ ਜਿਉਣ ਲਈ ਰਸਤੇ ਲਭਦੇ ਰਹਿੰਦੇ ਹਨ।
ਪ੍ਰਧਾਨ ਮੰਤਰੀ ਨੇ ਵਿਦੇਸ਼ਾਂ ਤੋਂ ਅੰਦੋਲਨ ਨੂੰ ਪ੍ਰਭਾਵਤ ਕਰਨ ਦੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ‘ਵਿਦੇਸ਼ੀ ਤਬਾਹਕਾਰੀ ਵਿਚਾਰਧਾਰਾ(ਐਫ.ਡੀ.ਆਈ) ਕਰਾਰ ਦਿੱਤਾ ਅਤੇ ਕਿਹਾ ਕਿ ਦੇਸ਼ ਵਿਚ ਅੰਦੋਲਨਕਾਰੀਆਂ ਦੀ ਨਵੀਂ ਨਸਲ ਪੈਦਾ ਹੋਈ ਹੈ ਜੋ ਬਿਨਾਂ ਕਿਸੇ ਹੰਗਾਮੇ ਦੇ ਨਹੀਂ ਰਹਿ ਸਕਦੀ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ
ਤੇ ਵਿਰੋਧੀ ਧਿਰਾਂ ਦੇ ਕਈ ਆਗੂਆਂ, ਸਮਾਜਕ ਕਾਰਕੁਨਾਂ ਅਤੇ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੇ ਸਖ਼ਤ ਇਤਰਾਜ਼ ਪ੍ਰਗਟਾਏ ਹਨ।
ਇਹ ਕਿਸਾਨਾਂ ਦਾ ਅਪਮਾਨ ਹੈ : ਸੰਯੁਕਤ ਕਿਸਾਨ ਮੋਰਚਾ
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਦੇ ਅੰਦੋਲਨਜੀਵੀ ਬਿਆਨ ਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਕਿਸਾਨਾਂ ਦਾ ਅਪਮਾਨ ਹੈ। ਕਿਸਾਨ ਸੰਗਠਨ ਦੇ ਸਮੂਹ ਨੇ ਕਿਹਾ ਕਿ ਅੰਦੋਲਨਾਂ ਕਾਰਨ ਭਾਰਤ ਨੂੰ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਮਿਲੀ ਅਤੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ‘ਅੰਦੋਲਨ-ਜੀਵੀ
ਹਨ। ਜਥੇਬੰਦੀ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਦੇ ਅਪਮਾਨ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ, ‘ਭਾਜਪਾ ਅਤੇ ਉਸ ਦੇ ਵਡਾਰੂਆਂ ਨੇ ਅੰਗਰੇਜ਼ਾਂ ਖ਼ਿਲਾਫ਼ ਅੰਦੋਲਨ ਨਹੀਂ ਕੀਤਾ ਅਤੇ ਉਹ ਹਮੇਸ਼ਾ ਅੰਦੋਲਨਾਂ ਦੇ ਖ਼ਿਲਾਫ਼ ਰਹੇ। ਉਹ ਹੁਣ ਵੀ ਜਨ ਅੰਦੋਲਨਾਂ ਤੋਂ ਡਰੇ ਹੋਏ ਹਨ। ਜੇਕਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਲੈਂਦੀ ਹੈ ਤਾਂ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਪਰਤਨ ਵਿਚ ਖੁਸ਼ੀ ਹੋਵੇਗੀ ਅਤੇ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਜ਼ਿਆਦਾ ਅੰਦੋਲਨ-ਜੀਵੀ ਪੈਦਾ ਹੋ ਰਹੇ ਹਨ।