ਕਹਾਣੀ- ਕਬਰ-ਗਾਹ / ਭਗਵੰਤ ਰਸੂਲਪੁਰੀ

ਪਿੰਡ ਦਾ ਗੇਟ ਲੰਘ ਗਿਆ ਵੇਖ ਮਿਲਖੀ ਰਾਮ ਸੋਚਾਂ ਵਿਚ ਪਿਆ ਓਬੜ ਵਾਹੇ ਬੋਲਿਆ ਸੀ, ‘‘ਓਏ ਭਰਾਵਾ! ਰੋਕ ਦੇ ਰੋਕ ਦੇ… ।ਤੇ ਮਿਲਖੀ ਨੇ ਹੱਥਾਂ ਵਿਚ ਫੜਿਆ ਝੋਲਾ ਸਵਾਰ ਕੇ ਹੋਰ ਘੁੱਟ ਲਿਆ ਸੀ। ‘ਮਿਲਖੀ ਰਾਮਾ ਕੀ ਏ ਇਹਦੇ `ਚ ਛੁਣਛਣਾ! ਲਾ ਪਾ ਕੇ ਮੋਮਜ਼ਾਮੇ ਦਾ ਖ਼ਾਲੀ ਲਿਫ਼ਾਫ਼ਾ ਜਿਹਦੇ ਵਿਚ ਉਹ ਪੂਣੀ ਕਰਕੇ ਅਚਾਰ ਨਾਲ ਰੋਟੀ ਲੈ ਕੇ ਗਿਆ ਸੀ ਤੇ ਇਕ ਪਲਾਸਟਿਕ ਦੀ ਖਾਲੀ ਬੋਤਲ। ਕੰਮ ਤੇ ਪਾਉਣ ਵਾਲੇ ਪੁਰਾਣੇ ਕੱਪੜੇ।` ਉਹ ਆਪਣੇ ਆਪ ਨੂੰ ਕਹਿੰਦਾ ਹੈ। ਪਰ ਉਹਨੇ ਝੋਲਾ ਐਨਾ ਘੁੱਟ ਕੇ ਫੜਿਆ ਹੋਇਆ, ਜਿਵੇਂ ਮਿਲਖੀ ਹੁਣੇ ਹੀ ਬੈਂਕ ਤੋਂ ਪੰਜ ਲੱਖ ਦਾ ਕੈਸ਼ ਲੈ ਕੇ ਆਇਆ ਹੋਵੇ। ਟੈਂਪੂ ਹੂੰਝਕਾ ਮਾਰ ਕੇ ਰੁਕਦਾ ਹੈ। ਪੂਣੀ ਕੀਤੇ ਦਸ ਰੁਪਏ ਦੇ ਕੇ ਮਿਲਖੀ ਜਹਾਂਗੀਰ ਪਿੰਡ ਦੇ ਅੱਡੇ ਦੇ ਆਸੇ ਪਾਸੇ ਨਜ਼ਰ ਮਾਰਦਾ ਹੈ... ਸਿਖਰ ਦੁਪਹਿਰਾ ਹੈ। ਬੀੜੀ ਦੇ ਲੰਮੇ ਦੋ ਤਿੰਨ ਸੂਟੇ ਖਿੱਚ ਕੇ ਉਹ ਬੀੜੀ ਵਗਾਹ ਮਾਰਦਾ ਹੈ। ਤੱਤੀ ਲੂਹ ਚੱਲ ਰਹੀ ਹੈ। ਪਿੰਡ ਨੂੰ ਜਾਣ ਵਾਲਾ ਕੋਈ ਰੜਕਦਾ ਨਹੀਂ ਹੈ। ਮਿਲਖੀ ਝੱਗੇ ਦੀ ਜੇਬ ਵਿਚ ਹੱਥ ਮਾਰਦਾ ਹੈ, ਇਕ ਸੌ ਵੀਹ ਰੁਪਏ ਨੂੰ ਟੋਹ ਕੇ ਵੇਖਦਾ ਹੈ। ਮੱਥੇ ’ਤੇ ਆ ਗਈਆਂ ਪਸੀਨੇ ਦੀਆਂ ਬੂੰਦਾਂ ਪੂੰਝਦਾ ਹੈ। ਕਰੜ-ਬਰੜੀ ਦਾੜ੍ਹੀ `ਤੇ ਹੱਥ ਫੇਰਦਾ ਹੈ। ਉਹਨੂੰ ਚੇਤੇ ਆਉਂਦਾ ਹੈ ਕਿ ਦਾੜ੍ਹੀ ਤਾਂ ਕਟਾਈ ਨੂੰ ਕਾਫੀ ਦੇਰ ਹੋ ਗਈ ਹੈ। ਸਿਰ ਦੇ ਵਾਲ਼ ਵੀ ਕਾਫੀ ਲੰਮੇ ਹੋ ਗਏ ਹਨ। ਉਸ ਨੇ ਦਾੜ੍ਹੀ ਤੇ ਵਾਲ਼ਾਂ ਦੀ ਹਜਾਮਤ ਕਰਵਾਉਣ ਬਾਰੇ ਕਈ ਵਾਰ ਸੋਚਿਆ ਸੀ ਪਰ ਐਵੇਂ ਘਰ ਦੇ ਦਲਿੱਦਰ ਬਾਰੇ ਸੋਚ ਕੇ ਹੱਥ ਘੁੱਟ ਲੈਂਦਾ ਸੀ। ਸੋਚਦਾ ਹੋਇਆ ਉਹ ਨਾਈ ਦੀ ਦੁਕਾਨ `ਤੇ ਖੜ ਜਾਂਦਾ ਹੈ। ਅੱਜ ਉਹਦੀ ਮਸਾਂ ਅੱਧੀ ਦਿਹਾੜੀ ਹੀ ਲੱਗੀ ਸੀ। ‘ਚੱਲ ਵੇਖੀ ਜਾਊ ਜੋ ਹਊ... ਐਵੇਂ ਮਰੂ ਮਰੂ ਕੀ ਕਰੀ ਜਾਣਾ। ਬੰਦਾ ਬਣ ਕੇ ਵੀ ਜੀਣਾ ਚਾਹੀਦਾ ਹੈ` ਸੋਚਦਾ ਹੋਇਆ ਉਹ ਦਾੜ੍ਹੀ ਤੇ ਹਜਾਮਤ ਕਟਵਾਉਣ ਬਾਰੇ ਮਨ ਬਣਾ ਲੈਂਦਾ ਹੈ। ‘‘ਸੁਣਾ ਮਿਲਖੀ ਰਾਮਾ ਕੀ ਹਾਲ ਏ ਤੇਰਾ? ਅੱਜ ਸਾਝਰੇ ਈ ਆ ਗਿਆ... ਦਿਹਾੜੀ ਲੱਗੀ ਨੀਂ? ਨਾਈ ਉਹਨੂੰ ਸੈਨਤ ਮਾਰਦਾ ਹੈ।
‘‘ਕਾਹਨੂੰ ਯਾਰ! ਅੱਧੀ ਕੁ ਲੱਗੀ… ਕੰਮ ਤਾਂ ਜਮਾਂ ਈ ਨਹੀਂ ਮਿਲਦਾ। ਰੋਜ਼ ਅੱਡੇ ’ਤੇ ਜਾਈਦਾ… ਜੇ ਕੋਈ ਲੇਬਰ ਲੈਣ ਆ ਜਾਵੇ ਤਾਂ ਸਾਰੇ ਉਹਦੇ ਵੱਲ ਭੱਜਦੇ ਆ… ਮੈਨੂੰ ਲੈ ਜਾਓ… ਮੈਨੂੰ ਲੈ ਜਾਓ। ਭਈਏ ਬਹੁਤ ਆ ਗਏ ਆ… ਹੁਣ ਤਾਂ ਬੇਜ਼ਮੀਨੇ ਜ਼ਿੰਮੀਦਾਰ ਵੀ ਦਿਹਾੜੀ ਲਾਉਣ ਨੂੰ ਅੱਡੇ ’ਤੇ ਆ ਜਾਂਦੇ ਆ।ਮਿਲਖੀ ਧੁਰ ਅੰਦਰੋਂ ਸੱਚ ਬੋਲਦਾ ਹੈ। ‘‘ਕੰਮ ਕਾਰ ਤਾਂ ਸਾਰੇ ਮੰਦੇ ਚਲ ਰਹੇ ਆ... ਇੱਟਾਂ ਦੇ ਭਾਅ ਚੜ੍ਹ ਗਏ ਆ... ਰੇਤਾ ਨੀਂ ਮਾਣ... ਜਿਹੜਾ ਰੇਤਾ ਕੌਡੀਆਂ ਦੇ ਭਾਅ ਵਿਕਦਾ ਸੀ ਹੁਣ ਸੋਨੇ ਦੇ ਬਰੋਬਰ ਪਹੁੰਚਣ ਨੂੰ ਫਿਰਦਾ... ਬੱਜਰੀ ਕੀ ਤੇ ਸੀਮੈਂਟ ਕੀ ਸਭ ਪਾਸੇ ਅੱਗ ਲੱਗੀ ਪਈ ਆ... ਅੱਜ ਜੇ ਜ਼ਮਾਨੇ `ਚ ਕੋਈ ਮਾਤ੍ਹੜ ਘਰ ਬਣਾ ਲਊ... ਐਵੇਂ ਤਰਲਾ ਈ ਆ...ਖੇਤਾਂ ਵਿਚ ਕੰਮ ਹੈਨੀ... ਖੇਤੀ ਵੀ ਖ਼ਸਮਾਂ ਸੇਤੀ ਬਣ ਗਈ ਆ। ਨਾਈ ਕਹਿੰਦਾ ਹੈ।
‘‘ਆਪਣੇ ਵੱਲ ਹੁਣ ਖੇਤਾਂ ਵਿਚ ਕੰਮ ਹੈਨੀ… ਮਸ਼ੀਨੀ ਕੰਮ ਵੱਧ ਗਿਆ… ਕਣਕ ਝੋਨਾ ਕੰਪੈਨ ਵੱਢ ਦਿੰਦੀ ਐ… ਨਹੀਂ ਪਹਿਲਾਂ ਦੋ ਦੋ ਮੀਨ੍ਹੇ ਵਾਢੀਆਂ ਚੱਲਦੀਆਂ ਸੀ ਹੁਣ ਘੰਟੇ ਚ ਖੱਤਾ ਪੱਧਰਾ ਹੋ ਜਾਂਦਾ... ਜ਼ਿੰਮੀਦਾਰਾਂ ਨੇ ਕਣਕਾਂ ਵੱਢ ਲਈਆਂ ਨੇ... ਹੁਣ ਝੋਨਾ ਬੀਜਣਗੇ... ਫੇ ਕੰਮ ਚਾਲੂ ਹਊ...ਨਾਲੇ ਆਪਣੇ ਅੱਲ ਜ਼ਮੀਨਾਂ ਕਿਹੜੀਆਂ ਰਹਿ ਗਈਆਂ।`` ਮਿਲਖੀ ਕਹਿੰਦਾ ਹੈ। ਬਾਹਰ ਬੈਂਚ ਉੱਤੇ ਬੈਠ ਕੇ ਮਿਲਖੀ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪੈਂਦਾ ਹੈ। ਬੀੜੀ ਲਾ ਕੇ ਸੂਟਾ ਖਿੱਚਦਾ ਹੈ। ਉਹਦੀ ਸੋਚ ਪਿੱਛੇ ਚਲੇ ਜਾਂਦੀ ਹੈ। ...ਮਿਲਖੀ ਦਾ ਬਾਬਾ ਲੱਭਾ ਰਾਮ ਆਪਣਾ ਪਿਤਾ ਪੁਰਖੀ ਕਿੱਤਾ ਮਰੇ ਪਸ਼ੂ ਚੁੱਕਣ ਦਾ ਛੱਡ ਕੇ ਸੁਰੈਣ ਸਿੰਘ ਦੇ ਖੇਤਾਂ ਵਿਚ ਸੀਰੀ ਦਾ ਕੰਮ ਕਰਨ ਲੱਗ ਪਿਆ ਸੀ। ਕਹਿੰਦਾ ਸੀ ਮੈਂ ਨਹੀਂ ਗੰਦਾ ਕੰਮ ਕਰਨਾ। ਮੈਂ ਤਾਂ ਸਾਫ਼ ਸੁਥਰਾ ਕੰਮ ਹੀ ਕਰੂੰ। ਉਹਨੂੰ ਰਿਸ਼ਤਾ ਬੜੀ ਮੁਸ਼ਕਲ ਨਾਲ ਜੁੜਿਆ ਸੀ। ਉਹਦੇ ਘਰਵਾਲੀ ਦੇ ਮਾਪੇ ਮਰੇ ਪਸ਼ੂ ਚੁੱਕਣ ਆਲੇ ਕੰਮ ਨੂੰ ਨਫ਼ਰਤ ਕਰਦੇ ਸਨ। ਕੁੜੀ ਨੇ ਤਾਂ ਕਰਨੀ ਈ ਸੀ। ਬਸ ਕਹਿੰਦੀ ਅੱਜ ਤੋਂ ਬਾਅਦ ਇਹ ਗੰਦਾ ਕੰਮ ਬੰਦ। ਉਦੋਂ ਸੁਰੈਣ ਸਿੰਘ ਕੋਲ ਤੀਹ ਏਕੜ ਜ਼ਮੀਨ ਸੀ। ਸਾਰੀ ਖੇਤੀ ਬਲਦਾਂ ਨਾਲ ਹੁੰਦੀ ਸੀ। ਕਾਲੀ ਵੇਈਂਚ ਸਾਫ਼ ਪਾਣੀ ਵਗਦਾ ਸੀ। ਸੁਰੈਣਾ ਤੇ ਉਹਦਾ ਬਾਬਾ ਤਰ ਕੇ ਵੇਈਂ ਦੇ ਦੂਜੇ ਕਿਨਾਰੇ ਚਲੇ ਜਾਂਦੇ ਸਨ। ਤਪਹਿਰਾ ਜਹਾਂਗੀਰ ਦੀ ਸਰਾਂ ਵਿਚ ਕੱਟਦੇ ਸਨ। ਕੋਹੜ ਹੋਣ ਦੇ ਡਰੋਂ ਲੋਕੀ ਸਰਾਂ ਚ ਆਉਂਦੇ ਨੀਂ ਸੀ। ਏਥੇ ਕਦੇ ਕੋਹੜੀ ਆਸ਼ਰਮ ਜਿਓਂ ਹੁੰਦਾ ਸੀ। ਕਿਉਂਕਿ ਅੱਧੀ ਜ਼ਮੀਨ ਜਹਾਂਗੀਰ ਪਿੰਡ ਨਾਲ ਲੱਗਦੀ ਸੀ ਤੇ ਅੱਧੀ ਵੇਈਂ ਟੱਪ ਕੇ ਜਹਾਂਗੀਰ ਸਰਾਂ ਦੇ ਕੋਲ ਸੀ। ਫ਼ਲੇ ਚੱਲਦੇ ਸਨ। ਹਾਰੇਚ ਦੁੱਧ ਕੜ੍ਹਦਾ ਸੀ। ਤੇਲ ਕੱਢਣ ਆਲੇ ਕੋਹਲੂ ਹੁੰਦੇ ਸੀ। ਵਾਹਵਾ ਫ਼ਸਲ ਹੋ ਜਾਂਦੀ ਸੀ। ਅਤੇ ਲੱਭੇ ਦਾ ਘਰ ਕਣਕ, ਦਾਲਾਂ, ਗੁੜ, ਮੌਸਮੀ ਸਬਜ਼ੀਆਂ ਅਤੇ ਪਸ਼ੂਆਂ ਲਈ ਪੱਠਿਆਂ ਨਾਲ ਭਰਿਆ ਹੀ ਰਹਿੰਦਾ ਸੀ। ਪੀਣ ਨੂੰ ਦੁੱਧ ਵੀ ਖੁੱਲ੍ਹਾ ਸੀ। ਸੁਰੈਣਾ ਖੁੱਲ੍ਹੇ ਦਿਲ ਦਾ ਬੰਦਾ ਸੀ। ਵੇਲੇ ਕੁਵੇਲੇ ਉਹਦੇ ਹੱਥ ’ਤੇ ਚਾਰ ਛਿੱਲੜ ਵੀ ਰੱਖ ਦਿੰਦਾ ਸੀ। ਫੇ ਲੱਭੇ ਨਾਲ ਮਿਲਖੀ ਦੀ ਬੇਬੇ ਵੀ ਸੁਰੈਣੇ ਹੁਣਾਂ ਦੇ ਡੰਗਰਾ ਦਾ ਗੋਹਾ ਕੂੜਾ ਕਰਨ ਲੱਗ ਪਈ ਸੀ। ਲੱਭੇ ਦਾ ਇਕ ਮੁੰਡਾ ਨਾਜ਼ਰ ਪੜ੍ਹ ਗਿਆ ਸੀ ਤੇ ਕਿਸੇ ਸਕੂਲ ਵਿਚ ਮਾਸਟਰ ਲੱਗ ਗਿਆ ਸੀ। ਜਦੋਂ ਵਿਆਹ ਹੋਇਆ ਤਾਂ ਘਰ ਵਾਲੀ ਵੱਖ ਹੋ ਕੇ ਜਲੰਧਰ ਰਹਿਣ ਲੱਗ ਪਈ ਸੀ। ਬਚਿਆ ਸੀ ਰੂੜਾ ਰਾਮ ਜਾਨੀ ਕਿ ਮਿਲਖੀ ਦਾ ਪਿਓ। ਲੱਭੇ ਨੇ ਪੜ੍ਹਨੋ ਹਟਾ ਕੇ ਰੂੜੇ ਨੂੰ ਆਪਣੇ ਨਾਲ ਖੇਤਾਂ ਵਿਚ ਕੰਮ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਸੀ। ਲੱਭੇ ਦੇ ਮਰਨ ਨਾਲ ਸੀਰੀ ਦੀ ਪੰਜਾਲੀ ਰੂੜੇ ਦੇ ਗਲ ਵਿਚ ਪੈ ਗਈ ਸੀ। ਰੂੜਾ ਰਾਮ ਕਬੀਲਦਾਰੀ ਦੇ ਚੱਕਰਾਂ ਵਿਚ ਸੁਰੈਣੇ ਦੇ ਟੱਬਰ ਦਾ ਕਰਜ਼ਾਈ ਹੋ ਗਿਆ ਸੀ। ਸੁਰੈਣੇ ਦਾ ਮੁੰਡਾ ਚਾਨਣ ਸਿੰਘ ਬੜਾ ਚੰਦਰਾ ਸੀ। ਉਹ ਰੂੜੇ ਕੋਲੋਂ ਕੰਮ ਠੋਕ ਕੇ ਲੈਂਦਾ ਸੀ ਤੇ ਵੇਲੇ ਕੁਵੇਲੇ ਦਾਰੂ ਵੀ ਪਿਆ ਦਿੰਦਾ ਸੀ। ਪੰਜਾਹ ਦੇ ਨੇੜੇ ਤੇੜੇ ਹੋਵੇਗਾ ਜਦੋਂ ਰੂੜਾ ਦਾਰੂ ਜਿਆਦਾ ਪੀਣ ਨਾਲ ਚਾਨਣ ਸਿੰਘ ਦੇ ਖੇਤਾਂ ਵਿਚੋਂ ਲਾਸ਼ ਬਣਿਆ ਚੁੱਕ ਕੇ ਲਿਆਂਦਾ ਸੀ। ਰੂੜਾ ਆਪਣੇ ਟੱਬਰ ਸਿਰ ਢੇਰ ਸਾਰਾ ਕਰਜ਼ਾ ਛੱਡ ਗਿਆ ਸੀ। ਤੇ ਸੁਰੈਣੇ ਦੇ ਮੁੰਡੇ ਚਾਨਣ ਸਿੰਘ ਨੇ ਮਿਲਖੀ ਨੂੰ ਖੇਤਾਂ ਵਿਚ ਕਾਮਾ ਰੱਖ ਲਿਆ ਸੀ। ਹੁਣ ਤਾਂ ਮਿਲਖੀ ਨੂੰ ਵੀ ਕਈ ਸਾਲ ਕੰਮ ਕਰਦਿਆਂ ਹੋ ਗਏ ਸਨ। ਸੁਰੈਣਾ ਕਦੋਂ ਦਾ ਮਰ ਮੁੱਕ ਗਿਆ ਸੀ ਤੇ ਚਾਨਣ ਖੇਤਾਂ ਵਿਚ ਖੂੰਡਾ ਫੜ ਕੇ ਤੁਰਨ ਲੱਗ ਪਿਆ ਸੀ। ਉਧਰ ਸੁਰੈਣੇ ਦੀ ਤੀਹ ਏਕੜ ਜ਼ਮੀਨ ਦੋ ਭਰਾਵਾਂ ਤੇ ਇਕ ਭੈਣ ਵਿਚ ਵੰਡ ਹੋ ਗਈ ਸੀ। ਤੇਜ ਕੌਰ ਨੇ ਅੜ ਕੇ ਆਪਣਾ ਹਿੱਸਾ ਲਿਆ ਸੀ। ਤਿੰਨਾਂ ਨੂੰ ਦੱਸ ਦੱਸ ਏਕੜ ਹਿੱਸੇ ਆਈ ਸੀ। ਤੇਜ ਕੌਰ ਦੇ ਕੋਈ ਬੱਚਾ ਨਹੀਂ ਸੀ। ਆਖਰੀ ਉਮਰੇ ਉਹ ਆਪਣੇ ਭਰਾਵਾਂ ਨੂੰ ਦਸ ਏਕੜ ਦੇ ਕੇ ਚੜ੍ਹਾਈ ਕਰ ਗਈ ਸੀ। ਤੇ ਰੁਲਦਾ ਸਿੰਘ ਤੇ ਕੂੜਾ ਸਿੰਘ ਦੇ ਹਿੱਸੇ ਸਾਢੇ ਸੱਤ-ਸੱਤ ਏਕੜ ਆਈ ਸੀ।
‘‘ਆ ਜਾ ਬਈ ਮਿਲਖੀ, ਤੇਰਾ ਨੰਬਰ ਲੱਗ ਗਿਆ।ਸੋਚਾਂ ਵਿਚ ਪਏ ਹੋਏ ਮਿਲਖੀ ਨੂੰ ਨਾਈ ਨੇ `ਵਾਜ਼ ਮਾਰ ਲਈ ਹੈ। ਮਿਲਖੀ ਦਾ ਧਿਆਨ ਟੁੱਟਦਾ ਹੈ। ਉਹ ਤੇਜ਼ੀ ਨਾਲ ਬੈਂਚ ਤੋਂ ਉੱਠਦਾ ਹੈ। ਸਿਰ ਦੁਆਲੇ ਲਪੇਟਿਆ ਸਾਫ਼ਾ ਲਾਹ ਬੈਂਚ ’ਤੇ ਰੱਖ ਦਿੰਦਾ ਹੈ ਤੇ ਸ਼ੀਸ਼ੇ ਦੇ ਸਾਹਮਣੇ ਪਈ ਕੁਰਸੀ ’ਤੇ ਬੈਠ ਜਾਂਦਾ ਹੈ। ‘‘ਲੱਗਦਾ ਕੱਲ ਨੂੰ ਵਾਂਢੇ ਜਾਣਾ। ਨਾਈ ਮਸ਼ਕਰੀ ਕਰਦਾ ਹੈ। ਮਿਲਖੀ ਜ਼ੋਰ ਲਾ ਕੇ ਹੱਸਦਾ ਹੈ। ਜਿਵੇਂ ਬਹੁਤ ਚਿਰਾਂ ਬਾਅਦ ਹੱਸਿਆ ਹੋਵੇ।
‘‘ਯਾਰ ਮਿਲਖੀ ਰਾਮਾ! ਤੈਨੂੰ ਸਾਰੀ ਉਮਰ ਟੁੱਟ ਟੁੱਟ ਮਰਦਿਆਂ ਹੋ ਗਈ ਏ। ਕਦੀ ਆਪਣੇ ਲਈ ਵੀ ਜੀਅ ਲਿਆ ਕਰ। ਆਹ ਵਾਲ਼ ਵੇਖੇ ਆ… ਬੰਦਾ ਵਾਲ਼ਾ ਨੂੰ ਭੋਰਾ ਰੰਗ ਰੋਗਨ ਲਾ ਲਵੇ, ਐਵੇਂ ਰੁiਲ਼ਆ ਜਿਆ ਰਹਿੰਨਾ…।ਨਾਈ ਵਾਲ਼ਾਂ ਨੂੰ ਕੈਂਚੀ ਨਾਲ ਕੱਟਦਾ ਕਹਿੰਦਾ ਹੈ। ‘‘ਹੁਣ ਕੀ ਕਰਨਾ ਯਾਰ ਮੂੰਹ ਸਿਰ ਕਾਲਾ ਕਰਕੇ... ਪੰਜਾਹ ਨੂੰ ਢੁੱਕਣ ਵਾਲੇ ਹੋ ਗਏ ਆਂ... ਤੇਰੀ ਭਰਜਾਈ ਰਤਨੀ ਮੰਜੇ ਨਾਲ ਲੱਗੀ ਹੋਈ ਆ... ਕਰਜ਼ੇ ਦੀ ਪੰਡ ਸਿਰ `ਤੇ ਆ... ਕੰਮ ਕਾਰ ਕੋਈ ਹੈ ਨਹੀਂ... ਰੁਲਦੇ ਦੇ ਖੇਤਾਂ ਵਿਚ ਹੁਣ ਬਹੁਤਾ ਕੰਮ ਹੈਨੀ... ਦਿਹਾੜੀ ਕਿਤੇ ਮਿਲਦੀ ਆ ਕਿਤੇ ਨਹੀਂ... ਰੁਲਦੇ ਹੁਰੀਂ ਜਦੋਂ ਦਾ ਟਰੈਕਟਰ ਲਿਆ, ਕੰਮ ਈ ਨਹੀਂ ਰਿਹਾ... ਸਾਰੇ ਕੰਮ ਟਰੈਕਟਰ ਕਰੀ ਜਾਂਦੈ...ਕਣਕ ਤੇ ਝੋਨਾ ਕੰਪੈਨ ਨਾਲ ਵਢਾ ਲੈਂਦੇ ਆ... ਆਲੂ ਬੀਜਣ ਆਲੀ ਮਸ਼ੀਨ ਲੈ ਆਂਦੀ ਤੇ ਫੇਰ ਆਲੂ ਪੁੱਟਣ ਆਲੀ ਮਸ਼ੀਨ ਲੈ ਆਂਦੀ...ਲਾ ਪਾ ਕੇ ਨੱਕੇ ਮੋੜਨ ਵਾਲਾ ਕੰਮ ਰਹਿ ਗਿਆ...ਜਾਂ ਸਬਜ਼ੀ ਨੂੰ ਗੋਡੀ ਕਰ ਦਿਓ। ਮਿਲਖੀ ਦਿਲ ਦੀ ਗੱਲ ਕਰਦਾ ਹੈ।
ਕਰਚ ਕਰਚ ਕੈਂਚੀ ਮਿਲਖੀ ਦੇ ਵਾਲ਼ ਲਾਹੁਣ ਲੱਗਦੀ ਹੈ। ਉਹਨੂੰ ਲੱਗਦਾ ਹੈ ਜਿਵੇਂ ਜਗਦੰਬੇ ਫਾਇਨਾਂਸ ਕੰਪਨੀ ਦੇ ਕਰਿੰਦੇ ਉਹਦੇ ਸਰੀਰ ਦੀ ਚਮੜੀ ਲਾਹ ਲਾਹ ਉਹਦੇ ਅੱਗੇ ਸੁੱਟੀ ਜਾਂਦੇ ਹੋਣ। ਉਹਦੀਆਂ ਸੋਚਾਂ ਫਾਇਨਾਂਸ ਕੰਪਨੀ ਦੇ ਵਿਆਜ਼ ਦੇ ਚੱਕੇ ਵਿਚ ਫਸ ਜਾਂਦੀਆਂ ਹਨ।
…ਮਿਲਖੀ ਦੀ ਵੱਡੀ ਕੁੜੀ ਗੁਣਜੀਤ ਕੌਰ ਜਵਾਨ ਹੋ ਗਈ ਸੀ। ਮਿਲਖੀ ਨੂੰ ਉਹਦੇ ਵਿਆਹ ਦੀ ਚਿੰਤਾ ਖਾਣ ਲੱਗ ਪਈ ਸੀ। ਉਹਦੀ ਪਤਨੀ ਬਿਮਾਰ ਰਹਿਣ ਲੱਗ ਪਈ ਸੀ। ਉਹਨੂੰ ਕੈਂਸਰ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ। ਰਤਨੀ ਨੇ ਆਪਣੇ ਪੇਕਿਆਂ ਤੋਂ ਇਕ ਮੁੰਡਾ ਲੱਭ ਕੇ ਗੁਣਜੀਤ ਕੌਰ ਦਾ ਰਿਸ਼ਤਾ ਕਰ ਦਿੱਤਾ ਸੀ। ਰਿਸ਼ਤੇ ਤੋਂ ਬਾਅਦ ਮੁੰਡੇ ਵਾਲੇ ਵਿਆਹ ਨੂੰ ਕਾਹਲੇ ਪੈ ਗਏ ਸਨ। ਮਿਲਖੀ ਨੂੰ ਫ਼ਿਕਰ ਪੈ ਗਿਆ ਸੀ। ਕੋਲ ਤਾਂ ਕੌਡੀ ਨਹੀਂ ਸੀ। ਜੋ ਦਿਹਾੜੀ ਲਾਉਂਦਾ ਜਾਂ ਰੁਲਦਾ ਸਿੰਘ ਦੇ ਖੇਤਾਂ ਵਿਚ ਜਿਹੜਾ ਕੰਮ ਕਰਦਾ, ਉਹ ਨਾਲੋਂ ਨਾਲ ਖਰਚੀ ਜਾਂਦਾ ਸੀ। ਇਕ ਦਿਨ ਜਦੋਂ ਰੁਲਦੇ ਅੱਗੇ ਮਿਲਖੀ ਨੇ ਕੁੜੀ ਦੇ ਵਿਆਹ ਲਈ ਪੈਸਿਆਂ ਬਾਬਤ ਹੱਥ ਅੱਡੇ ਤਾਂ ਰੁਲਦਾ ਅੱਗਿਓ ਝੱਗਾ ਚੁੱਕ ਗਿਆ ਸੀ, ‘‘ਉਏ ਮਿਲਖੀ ਰਾਮਾ ਹੁਣ ਖੇਤੀ ਵਿਚ ਐਨੀਆਂ ਕਮਾਈਆਂ ਹੈਨੀ… ਲਾ ਪਾ ਕੇ ਸੱਤ ਏਕੜ ਆ… ਅੱਧੇ ਏਕੜ ਵਿਚ ਮੋਟਰ ਆਲੀ ਝਿੜੀ ਐ… ਤੇਰੇ ਸਾਹਮਣੇ ਈ ਆ… ਕਿੰਨੀ ਕੁ ਕਮਾਈ ਹੁੰਦੀ ਆ… ਸਾਲੇ ਆੜ੍ਹਤੀਆਂ ਦਾ ਢਿੱਡ ਮਸਾਂ ਭਰਦਾ… ਖਾਦਾਂ ਤੇ ਸਪਰੇਆਂ ਦੇ ਖਰਚੇ ਕਿੰਨੇ ਆ…ਪਿਛਲੀ ਵਾਰੀ ਕਣਕ ਲਈ ਅੜ੍ਹਤੀਏ ਤੋਂ ਜਿਹੜੀ ਖਾਦ ਚੁੱਕੀ ਸੀ… ਸਪਰੇਆਂ ਚੁੱਕੀਆਂ ਸਨ… ਆੜ੍ਹਤੀਏ ਨੇ ਉਹ ਰਕਮ ਈ ਵਾਹਵਾ ਬਣਾ ਤੀ... ਸਾਲ ਭਰ ਦਾ ਰੋੜਿਆਂ ਦੀ ਹੱਟੀ ਤੋਂ ਕਰਿਆਨਾ ਚੁੱਕਿਆ ਸੀ... ਉਹ ਦੇਤੇ… ਘਰ ਪਹੁੰਚਦਿਆਂ ਨੂੰ ਖ਼ੀਸ਼ਾ ਖਾਲੀ…ਰਕਮ ਬਾਅਦ ਚ ਜੇਬਚ ਆਉਂਦੀ ਆ ਲੈਣ ਆਲੇ ਪਹਿਲੇ ਦਰ ’ਤੇ ਆ ਖੜਦੇ ਆ… ਫ਼ਸਲਾਂ ਦੇ ਝਾੜ ਭਾਵੇਂ ਵਧ ਗਏ ਪਰ ਉਨ੍ਹਾਂ ਤੇ ਆਉਣ ਵਾਲੇ ਖਾਦ ਤੇ ਸਪਰੇਆਂ ਦੇ ਖਰਚੇ ਵੀ ਵਧੀ ਜਾਂਦੇ ਆ।`` ਤੇ ਮਿਲਖੀ ਰਾਮ ਪਿੰਡ ਦੇ ਸਰਪੰਚ ਨੂੰ ਲੈ ਕੇ ਆਪਣੇ ਨੇੜੇ ਦੇ ਕਸਬੇ ਲਾਂਬੜੇ ਵਿਚ ਜਗਦੰਬੇ ਫਾਇਨਾਂਸ ਕੰਪਨੀ ਚਲੇ ਗਿਆ ਸੀ। ਕੁੜੀ ਦੇ ਵਿਆਹ ਲਈ ਕਰਜ਼ਾ ਲੈਣ ਲਈ। ਜਗਦੰਬੇ ਫਾਇਨਾਂਸ ਵਾਲਿਆਂ ਨੇ ਮਸਾਂ ਹੀ ਦੋ ਕੁ ਲੱਖ ਰੁਪਏ ਦਾ ਕਰਜ਼ਾ ਪੰਦਰਾਂ ਪਰਸੈਂਟ ਵਿਆਜ਼ ਨਾਲ ਦਿੱਤਾ ਸੀ। ਖੈਰ ਏਧਰੋਂ-ਓਧਰੋਂ ਕਰਕੇ ਮਿਲਖੀ ਨੇ ਕੁੜੀ ਦਾ ਵਿਆਹ ਕਰ ਦਿੱਤਾ ਸੀ। ਕਿਸ਼ਤ ਲੈਣ ਲਈ ਜਗਦੰਬੇ ਫਾਇਨਾਂਸ ਕੰਪਨੀ ਦੇ ਕਰਿੰਦੇ ਮਹੀਨੇ ਦੇ ਪਹਿਲੇ ਹਫ਼ਤੇ ਘਰ ਆ ਖੜਦੇ ਸਨ। ਮਿਲਖੀ ਕੋਲੋਂ ਮਸਾਂ ਅੱਧੀ ਕਿਸ਼ਤ ਹੀ ਦੇ ਹੁੰਦੀ ਸੀ। ਉਦੋਂ ਕੁ ਉਹਦੀ ਛੋਟੀ ਕੁੜੀ ਮਨਜੀਤ ਬਾਰਵੀਂ ਜਮਾਤ ਪਾਸ ਕਰ ਚੁੱਕੀ ਸੀ। ਇਕ ਦਿਨ ਜਦੋਂ ਮਿਲਖੀ ਹਜ਼ਾਰ ਰੁਪਈਆ ਲੈ ਕੇ ਜਗਦੰਬੇ ਫਾਇਨਾਂਸ ਕੰਪਨੀ ਕੋਲ ਗਿਆ ਸੀ ਤਾਂ ਕੰਪਨੀ ਮਾਲਕ ਨੇ ਮਿਲਖੀਤੇ ਨਵਾਂ ਜਾਲ਼ ਸੁੱਟਿਆ ਸੀ, ‘‘ਮਿਲਖੀ ਰਾਮਾ ਐਦਾਂ ਤੇ ਤੇਰੇ ਸਿਰ ਕਰਜ਼ੇ ਦਾ ਵਿਆਜ਼ ਚੜੀ ਜਾਣਾ। ਤੂੰ ਐਦਾਂ ਕਰ ਆਪਣੀ ਕੁੜੀ ਨੂੰ ਏਥੇ ਦਫ਼ਤਰ ਕੰਮ ਕਰਨ ਭੇਜ ਦਿਆ ਕਰ… ਅਸੀਂ ਤਨਖਾਹ ਤੇ ਉਹਨੂੰ ਰੱਖ ਲਵਾਂਗੇ… ਉਹਦੀ ਤਨਖਾਹ ਚੋਂ ਤੇਰੀ ਕਿਸ਼ਤ ਕੱਟੀ ਜਾਇਆ ਕਰੂ...ਨਾਲੇ ਕੁੜੀ ਕੰਮ ਕਰਨ ਲੱਗ ਪਊ। ਮਿਲਖੀ ਨੂੰ ਵੀ ਉਹਦੀ ਗੱਲ ਠੀਕ ਲੱਗੀ ਸੀ। ਤੇ ਉਹਨੇ ਮਨਜੀਤ ਕੌਰ ਨੂੰ ਜਗਦੰਬੇ ਫਾਇਨਾਂਸ ਕੰਪਨੀ ਵਿਚ ਨੌਕਰੀ ਕਰਨ ਭੇਜ ਦਿੱਤਾ ਸੀ।
‘‘ਉਏ ਮਿਲਖੀ ਰਾਮਾ… ਜਾਗ ਭਰਾਵਾ ਜਾਗ… ਤੂੰ ਤਾਂ ਸੌਂਦਾ ਜਾਂਦਾ…ਉੱਠ…।ਵਾਲ਼ ਕੱਟਦਾ ਨਾਈ ਉਹਨੂੰ ਹਲੂਣਦਾ ਹੈ। ‘‘ਓ ਹੋ... ਸਾਲਾ ਗਲ੍ਹਾਟ ਜਿਹਾ ਆ ਗਿਆ...। ਮਿਲਖੀ ਬੇਸੁਰਤੀ ਵਿਚੋਂ ਜਾਗਦਾ ਹੈ।
ਨਾਈ ਮਿਲਖੀ ਦੀ ਹਜਾਮਤ ਕਰ ਅਤੇ ਸ਼ੇਵ ਕਰਕੇ ਉਹਨੂੰ ‘ਬੰਦਾਬਣਾ ਦਿੰਦਾ ਹੈ। ਉਹਦੇ ਦੁਆਲੇ ਲਪੇਟਿਆ ਹੋਇਆ ਕੱਪੜਾ ਲਾਹੁੰਦਾ ਹੋਇਆ ਕਹਿੰਦਾ ਹੈ, ‘‘ਲੈ ਮਿਲਖੀ ਰਾਮਾ ਹੁਣ ਘਰ ਜਾ ਕੇ ਨਹਾ ਕੇ ਬੰਦਾ ਬਣ ਕੇ ਭਰਜਾਈ ਨਾਲ ਦੋ ਚਾਰ ਕਬੀਲਦਾਰੀ ਦੀਆਂ ਗੱਲਾਂ ਮਾਰ ਲਈਂ।`` ਨਾਈ ਮੂੰਹ ਵਿਚ ਹੱਸਦਾ ਹੈ। ‘‘ਤੈਨੂੰ ਗੱਲਾਂ ਆਉਂਦੀਆਂ... ਛਾਵੇਂ ਬੈਠ ਕੇ ਮਾੜੀ ਜਿਹੀ ਕੈਂਚੀ ਚਲਾ ਕੇ ਦਸ ਦਸ-ਵੀਹ ਵੀਹ ਰੁਪਈਏ ਲਈ ਜਾਂਦੈ... ਪਤਾ ਤਾਂ ਲੱਗੇ ਜੇ ਆਹ ਤਿੱਖੀ ਧੁੱਪਚ ਕੰਮ ਕਰਨਾ ਪਵੇ… ਨਾਲੇ ਭਰਾਵਾਂ ਹੁਣ ਕਾਹਦੀਆਂ ਗੱਲਾਂ ਕਰਨੀਆਂ… ਤੇਰੀ ਭਰਜਾਈ ਨੂੰ ਤਾਂ ਕੈਂਸਰ ਚੁੰਬੜਿਆ ਹੋਇਆ… ਡਾਕਟਰ ਦੀਆਂ ਗੋਲੀਆਂ ਆਸਰੇ ਚੱਲਦੀ ਆ।ਮਿਲਖੀ ਉਹਨੂੰ ਦੋ ਦਸ ਦਸ ਦੇ ਨੋਟ ਕੱਢ ਕੇ ਫੜਾਉਂਦਾ ਕਹਿੰਦਾ ਹੈ। ‘‘ਓਏ ਮਿਲਖੀ ਰਾਮਾ ਤੁਹਾਡੇ ਵਰਗਿਆ ਨੂੰ ਬੰਦੇ ਬਣਾਉਣ ਲਈ ਮੇਰੇ ਵਰਗਾ ਨਾਈ ਤਾਂ ਚਾਹੀਦਾ ਹੀ ਹੈ ਨਾ... ਤੁਹਾਡੇ ਪਿੰਡ ਨਾਲ ਦੀ ਵਗਦੀ ਕਾਲੀ ਵੇਈਂ ਨੇ ਘਰ ਘਰ ਕੈਂਸਰ ਕਰ `ਤਾ... ਪਾਣੀ ਕਾਹਦਾ ਨਿਰੀ ਜ਼ਹਿਰ ਐ। ਨਾਈ ਆਪਣੀ ਕਮੀਜ਼ ਨਾਲੋਂ ਵਾਲ਼ ਝਾੜਦਾ ਹੋਇਆ ਗੱਲ੍ਹੇ ਵਿਚ ਨੋਟ ਪਾਉਂਦਾ ਕਹਿੰਦਾ ਹੈ।
ਮਿਲਖੀ ਪਿੰਡ ਵਾਲੀ ਸੜਕੇ ਤੁਰ ਪੈਂਦਾ ਹੈ। ਸੱਜੇ ਪਾਸੇ ਉਹਦੇ ਮੁਗਲ ਕਾਲ ਦੇ ਮੁਗਲ ਪੁਲ ਦੇ ਖੰਡਰ ਦੀਆਂ ਡਾਟਾਂ ਦਿਸਦੀਆਂ ਹਨ। ਜਿਸ ਨੂੰ ਸਰਕਾਰ ਨੇ ਆਪਣੇ ਕਬਜ਼ੇ ਵਿਚ ਲਿਆ ਹੋਇਆ ਹੈ। ਜਿਹਦੀਆਂ ਅੱਧੀਆਂ ਡਾਟਾਂ ਧਰਤੀ ਚ ਲੁਕੀਆਂ ਹੋਈਆਂ ਹਨ। ਦੂਰ ਜਹਾਂਗੀਰ ਦੇ ਸਮੇਂ ਦੀ ਸਰਾਂ ਦਾ ਦਿੱਲੀ ਦਰਵਾਜ਼ਾ ਦਿਸਦਾ ਹੈ। ਇਥੇ ਵੀ ਕਦੇ ਮੁਗਲਾਂ ਦੇ ਸਮੇਂ ਰੌਣਕਾਂ ਲੱਗਦੀਆਂ ਹੋਣਗੀਆਂ। ਤੇ ਇਹ ਵੇਈਂ ਕਦੇ ਇਸ ਪੁਲ ਦੇ ਥੱਲਿਓ ਦੀ ਲੰਘਦੀ ਹੋਵੇਗੀ। ਬਾਬਾ ਰੂੜਾ ਦੱਸਦਾ ਹੁੰਦਾ ਸੀ ਕਿ ਇਸ ਸਰਾਂ ਨੂੰ ਪਹਿਲਾਂ ਪਹਿਲ ਕੋਹੜੀਆਂ ਦੇ ਆਸ਼ਰਮ ਲਈ ਵੀ ਵਰਤਿਆ ਜਾਂਦਾ ਸੀ। ਫਿਰ ਸਰਕਾਰ ਨੇ ਇਹਨੂੰ ਖਾਲੀ ਕਰਵਾ ਲਿਆ। ਇਸ ਦਾ ਲਾਹੌਰੀ ਦਰਵਾਜ਼ਾ ਅੰਗਰੇਜ਼ਾਂ ਦੇ ਸਮੇਂ ਦਾ ਬੰਦ ਪਿਆ ਹੈ। ਪਿੰਡ ਵਾਲਿਆਂ ਨੇ ਸਰਾਂ ਵਾਲੇ ਪਾਸੇ ਜਾਣ ਲਈ ਟਾਹਲੀਆਂ ਦੇ ਦੋ ਵੱਡੇ ਸਤੀਰਾਂ ਨੂੰ ਰੱਖ ਕੇ ਪੁਲ ਬਣਾਇਆ ਸੀ, ਅਸੀਂ ਤਾਂ ਵੇਈਂ ਵਿਚ ਤਰ ਕੇ ਸਰਾਂ ਵਾਲੇ ਪਾਸੇ ਚਲੇ ਜਾਂਦੇ ਸੀ। ਕਾਫੀ ਦੇਰ ਸਰਾਂ ਤੱਕ ਜਾਣ ਲਈ ਕੋਈ ਰਸਤਾ ਨਹੀਂ ਸੀ, ਹੁਣ ਬਣਾ ਗਿਆ ਹੈ। ਮੇਰੇ ਬਾਬੇ ਹੁਣੀਂ ਕਹਿੰਦੇ ਸਨ ਕਿ ਅਸੀਂ ਸਰਾਂ ਦੇ ਹਾਤੇ ਵਿਚ ਮੱਝਾਂ ਤੇ ਡੰਗਰ ਚਾਰਨ ਲਈ ਵੜ ਜਾਂਦੇ ਸਾਂ। ਐਨੇ ਨੂੰ ਉਧਰੋਂ ਰੁਲਦਾ ਸਿੰਘ ਦਾ ਮੁੱਛ ਫੁੱਟ ਮੁੰਡਾ ਗੁਰਮੁੱਖ ਗੁਰੀ ਤੇਜ਼ ਸਪੀਡ ਨਾਲ ਟਰੈਕਟਰ ਲਈ ਆਉਂਦਾ ਦਿਸਦਾ ਹੈ। ਮਿਲਖੀ ਦੇ ਨੇੜੇ ਆ ਉਹ ਟਰੈਕਟਰਤੇ ਬੈਠਾ ਹੀ ਉਹਨੂੰ ਹੱਥ ਹਿਲਾ ਕੇ ਲੰਘ ਜਾਂਦਾ ਹੈ। ਰੁਲਦੇ ਹੁਣਾਂ ਨੂੰ ਟਰੈਕਟਰ ਲਿਆਂ ਮਸਾਂ ਪੰਜ ਕੁ ਮਹੀਨੇ ਹੀ ਹੋਏ ਹੋਣਗੇ।
ਮਿਲਖੀ ਨੂੰ ਚੇਤੇ ਆਉਂਦਾ ਹੈ ਉਸ ਵੇਲੇ ਉਹ ਕਣਕ ਨੂੰ ਪਾਣੀ ਲਾ ਰਿਹਾ ਸੀ। ਰੁਲਦਾ ਵੀ ਉਹਦੇ ਕੋਲ ਸੀ। ਐਨੇ ਨੂੰ ਉਧਰੋਂ ਰੁਲਦੇ ਦੀ ਮੋਟਰ ਨੇੜੇ ਇਕ ਮੋਟਰ ਸਾਈਕਲ ਆਣ ਕੇ ਰੁਕਦਾ ਹੈ। ਉਹਦੇ ਉੱਤੇ ਨਵੇਂ ਕੱਪੜੇ ਪਈ ਦੋ ਜਵਾਨ ਮੁੰਡੇ ਉੱਤਰਦੇ ਹਨ। ਉਹ ਸਿੱਧੇ ਰੁਲਦਾ ਸਿੰਘ ਕੋਲ ਆ ਕੇ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਹਨ।
‘‘ਸਰਦਾਰ ਰੁਲਦਾ ਸਿੰਘ ਜੀ ਅਸੀਂ ਕਿਸਾਨ ਟਰੈਕਟਰ ਏਜੰਸੀ ਤੋਂ ਆਏ ਹਾਂ… ਅਸੀਂ ਤੁਹਾਡੇ ਕੀਮਤੀ ਸਮੇਂ ਵਿਚੋਂ ਕੁੱਝ ਮਿੰਟ ਲੈਣੇ ਨੇ… । ‘‘ਹਾਂ ਹਾਂ ਜ਼ਰੂਰ ਅਸੀਂ ਤਾਂ ਵਿਹਲੇ ਈ ਆਂ... ਹੁਕਮ ਕਰੋ ਤੁਸੀਂ । ਰੁਲਦਾ ਸਿੰਘ ਬੜੇ ਮਾਣ ਨਾਲ ਕਹਿੰਦਾ ਹੈ।
‘‘ਸਰਦਾਰ ਜੀ! ਅੱਜ ਦਾ ਸਮਾਂ ਤੇਜ਼ ਗਤੀ ਦਾ ਸਮਾਂ ਹੈ। ਅੱਜ ਦੇ ਸਮੇਂ ਵਿਚ ਹਰ ਬੰਦਾ ਤੇਜ਼ੀ ਨਾਲ ਤੇ ਸੌਖਾ ਕੰਮ ਕਰਨਾ ਚਾਹੁੰਦਾ ਹੈ। ਅੱਜ ਬਲਦਾਂ ਨਾਲ ਖੇਤੀ ਕਰਨ ਦਾ ਸਮਾਂ ਨਹੀਂ ਰਿਹਾ। ਹੱਥੀਂ ਖੇਤੀ ਕਰਨੀ ਬਹੁਤ ਮਹਿੰਗੀ ਪੈਂਦੀ ਹੈ, ਇਸ ਨਾਲ ਤੁਹਾਡਾ ਸਮਾਂ ਬਹੁਤ ਜਿਆਦਾ ਨਸ਼ਟ ਹੋ ਜਾਂਦਾ ਹੈ, ਪੰਜਾਬ ਦਾ ਕਿਸਾਨ ਦਿਨ ਰਾਤ ਖੇਤਾਂ ਵਿਚ ਕੰਮ ਕਰਦਾ ਰਹਿੰਦਾ ਹੈ, ਉਹਦੇ ਕੋਲ ਪਰਿਵਾਰ ਲਈ, ਆਪਣੀ ਪਤਨੀ ਲਈ, ਆਪਣੇ ਬੱਚਿਆਂ ਲਈ, ਰਿਸ਼ਤੇਦਾਰਾਂ ਲਈ ਸਮਾਂ ਹੀ ਨਹੀਂ ਬਚਦਾ… ਕਿਉਂਕਿ ਉਹ ਰਵਾਇਤੀ ਸੰਦਾਂ ਨਾਲ ਖੇਤੀ ਕਰਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਟਰੈਕਟਰ ਨੇ ਖੇਤੀ ਦਾ ਕੰਮ ਕਿੰਨਾ ਸੌਖਾ ਕਰ ਦਿੱਤਾ ਹੈ। ਜਿੱਥੇ ਬਲਦ ਦਿਨ ਰਾਤ ਲਾ ਕੇ ਇਕ ਏਕੜ ਖੇਤ ਵਾਹੁੰਦੇ ਸਨ, ਉਥੇ ਟਰੈਕਟਰ ਘੰਟੇ ਵਿਚ ਵਧੀਆ ਤਰੀਕੇ ਨਾਲ ਖੇਤ ਵਾਹ ਦਿੰਦਾ ਹੈ। ਆਲੂ ਪੁੱਟਣ ਵਾਲੀ ਮਸ਼ੀਨ ਆ ਗਈ… ਕਣਕ ਬੀਜਣ ਆਲੀ ਆ ਗਈ… ਸਮੇਂ ਦਾ ਮਸ਼ੀਨੀਕਰਨ ਹੋ ਗਿਆ…ਚੰਗੇ ਬੀਜ ਆ ਗਏ… ਸੁਧਰੇ ਹੋਏ… ਖਾਦਾਂ ਆ ਗਈਆਂ… ਕੀਟ ਨਾਸ਼ਕ ਦਵਾਈਆਂ ਆ ਗਈਆਂ… ਇਕ ਦਮ ਬੰਪਰ ਫ਼ਸਲਾਂ ਹੋਣ ਲੱਗ ਪਈਆਂ ਨੇ… ਤੁਸੀਂ ਕਿਉਂ ਪਿੱਛੇ ਰਹੋ… ਬਾਕੀ ਕਿਸਾਨਾਂ ਨਾਲ ਬਰਾਬਰੀ ਕਰੋ… ਜਿਹੜਾ ਕਿਸਾਨ ਸਮੇਂ ਨਾਲ ਨਹੀਂ ਚੱਲਦਾ ਉਹ ਸਰਵਾਈਵ ਨਹੀਂ ਕਰ ਸਕਦਾ… ਆਪਣੀ ਮਰਜ਼ੀ ਨਾਲ ਫ਼ਸਲ ਮੰਡੀ ਸੁਟ ਲਓ… ਜਦੋਂ ਵਿਹਲੇ ਹੋਏ ਤਾਂ ਤੁਸੀਂ ਆਪਣੇ ਸੰਦ ਨਾਲ ਹੋਰਨਾਂ ਦੇ ਕੰਮ ਕਰ ਲਓ… ਤੁਸੀਂ ਵਾਹੀ ਦਾ ਕੰਮ ਕਰਕੇ ਮਹੀਨੇ ਵਿਚ ਟਰੈਕਟਰ ਦੀ ਕਿਸ਼ਤ ਜੋਗੇ ਕਮਾ ਸਕਦੇ ਹੋ। ਉਪਰੋਂ ਤੁਹਾਡੀ ਚੀਜ਼ ਬਣ ਜਾਣੀ ਹੈ। ਤੁਹਾਡੇ ਭਰਾ ਕੂੜਾ ਸਿੰਘ ਹੁਰਾਂ ਨੂੰ ਅਸੀਂ ਪਿਛਲੇ ਸਾਲ ਟਰੈਕਟਰ ਲੈ ਕੇ ਦਿੱਤਾ ਸੀ। ਵੇਖ ਲਓ ਉਨ੍ਹਾਂ ਦਾ ਕੰਮ ਕਿੰਨਾ ਸੌਖਾ ਹੋ ਗਿਆ…। ‘‘ਲਾ ਪਾ ਕੇ ਸਾਡੇ ਕੋਲ ਜਵਾਨੋ ਸੱਤ-ਅੱਠ ਏਕੜ ਜ਼ਮੀਨ ਆ... ਕਿੰਨੀ ਕੁ ਫ਼ਸਲ ਹੋਣੀ ਆ... ਮੰਡੀਆਂ ਵਿਚ ਧੱਕੇ ਖਾਣੇ ਪੈਂਦੇ ਆ... ਸਰਕਾਰਾਂ ਸਹੀ ਮੁੱਲ ਨਹੀਂ ਦਿੰਦੀਆਂ...। ਰੁਲਦਾ ਸਿੰਘ ਦੂਰ ਦੀ ਸੋਚਦਾ ਹੈ।
‘‘ਸਰਦਾਰ ਜੀ! ਤੁਸੀਂ ਪਲੈਨਿੰਗ ਨਾਲ ਚੱਲੋਗੇ ਤਾਂ ਸੱਤ ਏਕੜ ਵਿਚੋਂ ਲੱਖਾ ਰੁਪਏ ਦੀ ਫ਼ਸਲ ਕੱਢ ਸਕਦੇ ਹੋ… ਇਕ ਫ਼ਸਲ ਮੰਡੀ ਸੁੱਟੀ ਨਾਲ ਦੂਜੀ ਬੀਜ ਦਿਓ… ਗੱਲ ਫਿਰ ਉਹੀ ਹੈ ਜੇਕਰ ਤੁਹਾਡੀ ਆਪਣੀ ਮਸ਼ੀਨਰੀ ਹੋਵੇਗੀ… ਤੁਹਾਨੂੰ ਦੂਜੇ ਦੇ ਹੱਥਾਂ ਵੱਲ ਵੇਖਣਾ ਨਹੀਂ ਪਵੇਗਾ.. ਬਈ ਕਦੋਂ ਖੇਤ ਵਾਹ ਹੋਵੇਗਾ… ਕਦੋਂ ਕਣਕ ਬੀਜਾਂਗੇ… ਕਦੋਂ ਝੋਨਾ ਲਗਾਣਾ… ਝੋਨਾ ਲਗਾਉਣ ਵਾਲੀਆਂ ਮਸ਼ੀਨਾ ਆ ਗਈਆਂ… ਭਈਆਂ ਦੀ ਲੋੜ ਈ ਨਹੀਂ… ਅੱਜ ਦਾ ਸਮਾਂ ਮਸ਼ੀਨੀ ਯੁੱਗ ਦਾ ਹੈ। ਪਿਛਲੇ ਸੀਜ਼ਨ ਵਿਚ ਅਸੀਂ ਦੋ ਸੌ ਟਰੈਕਟਰ ਵੇਚ ਦਿੱਤੇ ਸੀ। ਬੈਂਕਾ ਟਰੈਕਟਰ ਦੇ ਸੰਦਾਂ ਤੇ ਕਿਸਾਨਾਂ ਨੂੰ ਸਬਸਿਡੀਆਂ ਵੀ ਦਿੰਦੀਆਂ। ਸਾਡੀ ਕੰਪਨੀ ਲਾਟਰੀ ਬੰਪਰ ਕੱਢਦੀ ਆ। ਕਿਸਾਨ ਦੀ ਇਹ ਜ਼ਰੂਰਤ ਆ ਜੀ। ਤੇ ਰੁਲਦਾ ਸਿੰਘ ਦੇ ਘਰ ਟਰੈਕਟਰ ਦੀਆਂ ਗੱਲਾਂ ਚੱਲ ਪਈਆਂ ਸਨ। ਉਹਦੇ ਮੁੰਡੇ ਗੁਰੀ ਨੇ ਵੀ ਬਾਪੂ ’ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ। ਬਈ ਟਰੈਕਟਰ ਬਹੁਤ ਜ਼ਰੂਰੀ ਹੈ। ਲਓ ਜੀ ਰੁਲਦਾ ਸਿੰਘ ਪੰਦਰੀਂ ਦਿਨੀਂ ‘ਕਿਸਾਨ ਟਰੈਕਟਰ ਕੰਪਨੀ` ਦੇ ਦਫ਼ਤਰ ਪਹੁੰਚ ਗਿਆ। ਨਾਲ ਉਸਦੇ ਉਹਦਾ ਮੁੰਡਾ ਗੁਰਮੁੱਖ। ਕੰਪਨੀ ਵਾਲਿਆਂ ਨੇ ਜ਼ਮੀਨ ਦੀਆਂ ਫਰਦਾਂ ਲੈ ਕੇ ਕਾਗਜ਼ੀ ਕਾਰਵਾਈ ਕਰ ਦਿੱਤੀ। ਬੈਂਕ ਨੇ ਜ਼ਮੀਨ ਦੀ ਲਿਮਟ ਬਣਾ ਕੇ ਪੰਦਰਾਂ ਲੱਖ ਲੋਨ ਪਾਸ ਕਰ ਦਿੱਤਾ। ਬੈਂਕ ਤੋਂ ਕਰਜ਼ਾ ਮਨਜ਼ੂਰ ਹੋ ਗਿਆ। ਵੀਹ ਹਜ਼ਾਰ ਕਿਸ਼ਤ ਬਣ ਗਈ। ਸ਼ਾਮ ਨੂੰ ਰੁਲਦਾ ਸਿੰਘ ਦੇ ਘਰ ਅੱਠ ਲੱਖਾ ਮੈਸੀ ਟਰੈਕਟਰ ਆ ਗਿਆ। ਘਰ ਲੱਡੂ ਵੰਡੇ ਗਏ। ਗੁਰਮੁੱਖ ਗੁਰੀ ਨੂੰ ਟਰੈਕਟਰ ਚਲਾਉਣਾ ਤਾਂ ਆਉਂਦਾ ਹੀ ਸੀ। ਉਹ ਖੇਤ ਤੋਂ ਘਰ ਤੇ ਘਰ ਤੋਂ ਨਕੋਦਰ ਤੇ ਨਕੋਦਰ ਤੋਂ ਲਾਂਬੜੇ ਦੀਆਂ ਗੇੜੀਆਂ ਕੱਢਣ ਲੱਗਾ। ਹਫ਼ਤੇ ਬਾਅਦ ਬਾਪੂ ਨੂੰ ਕਹਿਣ ਲੱਗਾ, ‘‘ਬਾਪੂ ਜੀ! ਇਕੱਲੇ ਟਰੈਕਟਰ ਨਾਲ ਗੱਲ ਨਹੀਂ ਬਣਨੀ... ਸਾਨੂੰ ਟਰਾਲੀ ਵੀ ਬਣਾਉਣੀ ਪੈਂਣੀ ਆ... ਇਹਦੇ ਹੱਲ੍ਹ ਵੀ ਲੈਣੇ ਪੈਣੇ ਆ... ਪਾਵਰ ਟਿਲਰ, ਆਲੂ ਪੁੱਟਣ ਵਾਲੀ ਮਸ਼ੀਨ... ਕਣਕ ਬੀਜਣ ਵਾਲੀ ਮਸ਼ੀਨ... ਥ੍ਰੈਸ਼ਰ...ਤਾਂ ਹੀ ਕੰਮ ਚੱਲੂ...।
ਰੁਲਦਾ ਸਿੰਘ ਸੋਚਾ ਵਿਚ ਪੈ ਗਿਆ… ਉਹਨੇ ਇਹਦੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਤਿੰਨ-ਚਾਰ ਲੱਖ ਦਾ ਹੋਰ ਖਰਚਾ ਸੀ। ਰੁਲਦਾ ਸਿੰਘ ਨੇ ਇਕ ਦਿਨ ਬੈਂਕ ਜਾ ਕੇ ਚਾਰ ਲੱਖ ਕਰਜ਼ੇ ਵਾਲੇ ਖਾਤੇ ਵਿਚੋਂ ਲੈ ਲਿਆ ਤੇ ਮਹੀਨੇ ਵਿਚ ਟਰਾਲੀ, ਹੱਲ੍ਹ, ਤੇ ਹੋਰ ਸਮਾਨ ਲੈ ਲਿਆ। ਅਜੇ ਉਸ ਦੇ ਖਾਤੇ ਵਿਚ ਕੁੱਝ ਰਕਮ ਹੋਰ ਪਈ ਸੀ। ਉਹ ਸੋਚਦਾ ਸੀ ਗੁਰਮੁੱਖ ਟਰੈਕਟਰ ਦਾ ਉਪਰਲਾ ਕੰਮ ਸਾਂਭ ਲਵੇਗਾ। ਅਤੇ ਉਹ ਮਿਲਖੀ ਨਾਲ ਖੇਤੀ ਦਾ ਕੰਮ ਕਰੀ ਜਾਊਗਾ। ਵਾਹੀ ਦੇ ਕੰਮ ਅਤੇ ਬਾਹਰਲੇ ਢੋਅ ਢੁਆਈ ਦਾ ਕੰਮ ਕਰਕੇ ਗੁਰਮੁੱਖ ਟਰੈਕਟ ਤੇ ਹੋਰ ਸੰਦਾਂ ਦੀਆਂ ਬੈਂਕ ਦੀਆਂ ਕਿਸ਼ਤਾਂ ਦੇਣ ਜੋਗੇ ਤਾਂ ਪੈਸੇ ਕੱਢ ਹੀ ਲਊਗਾ।
ਟਰੈਕਟਰ ਦਾ ਤੇਜ਼ ਹੌਰਨ ਮਿਲਖੀ ਦਾ ਧਿਆਨ ਫਿਰ ਤੋੜ ਦਿੰਦਾ ਹੈ। ਗੁਰੀ ਨੇ ਟਰੈਕਟਰ ਤੇ ਵੱਡੇ ਵੱਡੇ ਸਪੀਕਰ ਫਿਟ ਕਰਵਾਏ ਹੋਏ ਹਨ, ਉੱਚੀ ਡੈਕ ਦੀ ਅਵਾਜ਼ ਵਿਚ ਗੀਤ ਚਲ ਰਿਹਾ ਹੈ, ‘‘ਲੋਕਾਂ ਨੇ ਮਸ਼ੂਕ ਰੱਖੀ ਹੋਈ ਆ ਜੱਟ ਨੇ ਮੁੱਛ ਰੱਖੀ ਹੋਈ ਆ।ਗੁਰਮੁੱਖ ਘਰ ਤੋਂ ਮੋਟਰ ਤੇ ਮੋਟਰ ਤੋਂ ਅੱਡੇ ਦੇ ਨਿੱਤ ਕਈ ਗੇੜੇ ਕੱਢ ਮਾਰਦਾ ਹੈ। ਹੁਣ ਉਹ ਅੱਡੇ ਤੋਂ ਕੋਈ ਚੀਜ਼ ਲੈ ਕੇ ਵਾਪਸ ਮੁੜਿਆ ਹੈ। ਉਹ ਮਿਲਖੀ ਦੇ ਬਰਾਬਰ ਹੋ ਕੇ ਕਹਿੰਦਾ ਹੈ, ‘‘ਚਾਚਾ! ਤੈਨੂੰ ਬਾਪੂ ਚੇਤੇ ਕਰਦਾ, ਆ ਜਾਵੀਂ।`` ‘‘ਚੱਲ ਤੂੰ ਮੈਂ ਪਿੰਡੇਤੇ ਪਾਣੀ ਪਾ ਕੇ ਆਇਆ।ਕਹਿੰਦਾ ਮਿਲਖੀ ਬੀੜੀ ਲਾ ਲੈਂਦਾ ਹੈ। ਉਹਦੀਆਂ ਸੋਚਾਂ ਦੀ ਫਿਰਕੀ ਹੋਰ ਤੇਜ਼ ਚੱਲਣ ਲੱਗ ਪੈਂਦੀ ਹੈ। ਐਨੇ ਨੂੰ ਘਰ ਆ ਜਾਂਦਾ ਹੈ। ਘਰ ਦਾ ਖਿੜਕ ਖੋਲ੍ਹ ਕੇ ਅੰਦਰ ਵੜ ਜਾਂਦਾ ਹੈ। ਨਹਾ ਕੇ ਮਿਲਖੀ ਘਰੋਂ ਬਾਹਰ ਨਿਕਲ ਤੁਰਦਾ ਹੈ। ਉਹ ਸਿੱਧਾ ਰੁਲਦਾ ਸਿੰਘ ਦੀ ਹਵੇਲੀ `ਚ ਜਾਂਦਾ ਹੈ। ਹਵੇਲੀ ਵਿਚ ਮੰਜਾ ਡਾਹ ਕੇ ਰੁਲਦਾ ਸਿੰਘ ਬੈਠਾ ਹੋਇਆ ਹੈ। ਮਿਲਖੀ ਹਵੇਲੀ ਕਾਫੀ ਦਿਨਾਂ ਬਾਅਦ ਆਇਆ ਹੈ। ਹਵੇਲੀ ਦੀ ਨੁਕਰੇ ਉਹਨੂੰ ਨਵਾਂ ਨਕੋਰ ਮੋਟਰ ਸਾਇਕਲ ਦਿਸਦਾ ਹੈ। ਜਿਹੜਾ ਦੂਰੋਂ ਹੀ ਚਮਕਾ ਮਾਰਦਾ ਹੈ। ‘‘ਸਰਦਾਰ ਜੀ ਸਤਿ ਸ਼੍ਰੀ ਅਕਾਲ! ਲੈ ਬਈ ਲਗਦਾ ਆਪਣੇ ਗੁਰੀ ਨੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਆ... ਆਹ ਨਵਾਂ ਮੋਟਰ ਸਾਇਕਲ ਲਿਆ...। ਮਿਲਖੀ ਨਵੇਂ ਮੋਟਰ ਸਾਇਕਲ ’ਤੇ ਹੱਥ ਫੇਰਦਾ ਕਹਿੰਦਾ ਹੈ।
ਉਧਰੋਂ ਗੁਰੀ ਮੁਬਾਇਲ ਵਿਚ ਧਿਆਨ ਗੱਡੀ ਉਨ੍ਹਾਂ ਕੋਲ ਆ ਜਾਂਦਾ ਹੈ… ਮਿਲਖੀ ਦੀ ਗੱਲ ਸੁਣ ਕੇ ਗੁਰੀ ਕਹਿੰਦਾ ਹੈ, ‘‘ਚਾਚਾ! ਬੁਲਟ ਤੇ ਰੱਖਿਆ ਆਪਾ ਪਟਾਕੇ ਪਾਓਣ ਨੂੰ...।`` ‘‘ਸਾਡੇ ਪਟਾਕੇ ਤਾਂ ਭਰਾਵਾ ਸਾਲੀ ਗਰੀਬੀ ਤੇ ਕਰਜ਼ੇ ਦੀਆਂ ਕਿਸ਼ਤਾਂ ਪਾਈ ਜਾਂਦੇ ਐ।`` ਮਿਲਖੀ ਏਧਰ-ਉਧਰ ਟਹਿਲਦਾ ਕਹਿੰਦਾ ਹੈ। ‘‘ਨਾ ਕਾਹਨੂੰ ਯਾਰ! ਬੈਂਕ ਦੇ ਕਰਜ਼ੇ ਆਲੇ ਖਾਤੇ ਵਿਚ ਅਜੇ ਕੁੱਝ ਰਕਮ ਖੜੀ ਸੀ... ਗੁਰੀ ਨੂੰ ਪਤਾ ਲੱਗ ਗਿਆ... ਕਹਿੰਦਾ ਮੈਨੂੰ ਦੁੱਗ ਦੁੱਗ ਕਰਨ ਆਲਾ ਮੋਟਰ ਸੈਕਲ ਚਾਹੀਦਾ...ਲੈ ਆਇਆ ਪੇ ਦਾ ਪੁੱਤ... ਲੱਖ ਤੋਂ ਉਪਰ ਪਿਆ... ਕਹਿੰਦਾ ਮੋਟਰ ਸਾਇਕਲ ਤਾਂ ਜ਼ਰੂਰੀ ਆ... ਹੁਣ ਸ਼ਹਿਰ ਟਰੈਕਟਰ ਲੈ ਕੇ ਥੋੜ੍ਹਾ ਜਾਣਾ... ਮੁੰਡਾ ਹਟਿਆ ਨਹੀਂ...।`` ਰੁਲਦਾ ਢਿੱਲਾ ਜਿਹਾ ਬੋਲਦਾ ਹੈ। ਮਿਲਖੀ ਕਹਿੰਦਾ ਹੈ, ‘‘ਨਾਲੇ ਰੁਲਦਾ ਸਿਆ ਸੁੱਖ ਨਾਲ ਇਕੋਂ ਇਕ ਮੁੰਡਾ... ਇਹਦੇ ਚਾਅ ਪੂਰੇ ਨਹੀਂ ਕਰਨੇ ਤਾਂ ਹੋਰ ਕੀਹਦੇ ਕਰਨੇ ਆ ਸਰਦਾਰ ਜੀ! ਹਾਂ ਸੱਚ ਮੈਂ ਤਾਂ ਭੁੱਲ ਈ ਗਿਆ ਸੀ...ਪਿਛਲੇ ਮਹੀਨੇ ਦੀਆਂ ਪੰਦਰਾਂ ਦਿਹਾੜੀਆਂ ਲੱਗੀਆਂ... ਕੁੱਝ ਦਿਨ ਆਲੂਆਂ ਦੀ ਪੁਟਾਈ ਵੇਲੇ ਦਿਹਾੜੀਆਂ ਲੱਗੀਆਂ... ਕੁੱਝ ਸਬਜ਼ੀ ਦੀ ਗੋਡੀ ਕਰਦਿਆਂ ਦੇ ਲੱਗ ਗਈਆਂ... ਪੈਸੇ ਦੇ ਦਿਓ... ਤੰਗੀ ਜਿਹੀ ਆ ਗਈ...।`` ‘‘ਯਾਰ ਮਿਲਖੀ! ਥੋੜ੍ਹਾ ਰੁਕ ਜਾ... ਅੱਜ ਕੱਲ੍ਹ ਟਰੈਕਟਰ ਦਾ ਕੰਮ ਕਾਰ ਬਾਹਲਾ ਹੈ ਨੀਂ.. ਬੈਂਕ ਦੀਆਂ ਕਿਸ਼ਤਾਂ ਟੁੱਟੀ ਜਾਂਦੀਆਂ... ਉੱਤੋਂ ਸਰਦਾਰਨੀ ਢਿੱਲੀ ਰਹਿੰਦੀ ਆ...ਉਹਨੂੰ ਬੜੀ ਨਾ ਮੁਰਾਦ ਬਿਮਾਰੀ ਲੱਗ ਗਈ ਆ... ਡਾਕਟਰ ਕਹਿੰਦੇ ਆ ਬਈ ਛਾਤੀ ਦਾ ਕੈਂਸਰ ਆ... ਵਿਚੇ ਵੱਡੀ ਕੁੜੀ ਚੰਨੋ ਦਾ ਵਿਆਹ ਕਰਕੇ ਹੱਟੇ ਆਂ... ਸਾਲੇ ਖਰਚੇ ਈ ਸਾਹ ਨੀਂ ਲੈਣ ਦਿੰਦੇ... ਖੇਤੀ ਵਿਚੋਂ ਨਿਕਲਦਾ ਕੀ ਹੈ ਤੇਰੇ ਸਾਹਮਣੇ ਆ... ਬੋਰ ਦਾ ਪਾਣੀ ਸੁੱਕ ਗਿਆ ਆ... ਬੋਰ ਡੂੰਘਾ ਕਰਵਾਉਣ ਆਲਾ ਆ... ਉਹਦੇ ’ਤੇ ਪੰਜਾਹ ਸੱਠ ਹਜ਼ਾਰ ਲੱਗ ਜਾਣਾ... ਜੋ ਵੱਟੀਦਾ ਖਾਦਾਂ ਵਾਲੇ ਨੂੰ, ਦਵਾਈਆਂ ਵਾਲੇ ਨੂੰ ਦੇ ਦਈਦੇ ਆ... ਐਵੇਂ ਗਲ ਵਿਚ ਰੱਸਾ ਪਾਈ ਫਿਰਦੇ ਆਂ... ਗੁਰੀ ਜਿਹੜਾ ਬਾਹਰ ਦਾ ਕੰਮ ਕਰਦਾ ਉਹ ਖਾ ਪੀ ਛੱਡਦਾ। ਜਾਂ ਆਹ ਮੋਟਰ ਸਾਇਕਲ ਲੈ ਲਿਆ ਸ਼ਹਿਰ ਗੇੜਾ ਮਾਰਨ ਚਲੇ ਜਾਂਦਾ। ਸ਼ਹਿਰ ਗਿਆ ਦੋ ਚਾਰ ਸੌ ਆਵੇਂ ਉੜਾ ਆਉਂਦਾ ਹੈ... ਬੰਦਾ ਦੱਸ ਉੱਥੇ ਢੂਹਾ ਦੇਵੇ।`` ਰੁਲਦਾ ਸਿਰ ’ਤੇ ਪਰਨਾ ਲਪੇਟਦਾ ਕਹਿੰਦਾ ਹੈ। ‘‘ਹਾਂ ਸਹੀ ਆ ਸਰਦਾਰ ਜੀ! ਤੁਹਾਡਾ ਹਾਲ ਵੀ ਸਾਡੇ ਆਲਾ ਆ... ਤੁਸੀਂ ਖ਼ਲਾਰਾ ਬਾਹਲਾ ਪਾ ਲਿਆ... ਸਾਡੇ ਕੋਲ ਖਲਾਰਾ ਪਾਉਣ ਨੂੰ ਹੈ ਈ ਕੁੱਝ ਨਹੀਂ... ਇਹ ਕਬੀਲਦਾਰੀਆਂ ਵੀ ਬੰਦੇ ਨੂੰ ਮਾਰ ਲੈਂਦੀਆਂ ਆ...ਜਿਉਂਦੇ ਬੰਦੇ ਨੂੰ ਕਈ ਸਿਆਪੇ ਕਰਨੇ ਪੈਂਦੇ ਆ।`` ਕਹਿੰਦਾ ਹੋਇਆ ਮਿਲਖੀ ਉੱਠ ਪੈਂਦਾ ਹੈ। ਉਹਦੇ ਮਗਰੇ ਹੀ ਰੁਲਦਾ ਸਿੰਘ ਤੁਰ ਪੈਂਦਾ ਹੈ, ‘‘ਯਾਰ ਮਿਲਖੀ ਸਾਡੇ ਦਾਦੇ ਦਾ ਸਮਾਂ ਚੰਗਾ ਹੁੰਦਾ ਸੀ। ਉਨ੍ਹਾਂ ਨੇ ਸਾਰੀ ਉਮਰ ਬਲਦਾਂ ਨਾਲ ਖੇਤੀ ਕਰਦਿਆ ਲੰਘਾ ਦਿੱਤੀ। ਸਾਡਾ ਬਾਬਾ ਦੱਸਦਾ ਹੁੰਦਾ ਸੀ ਬਈ ਅਸੀਂ ਦਾਲਾਂ ਵਾਹਵਾ ਬੀਜ ਲੈਂਦੇ ਸੀ... ਮੂੰਗੀ ਬੀਜ ਲੈਣੀ... ਮਸਰ ਬੀਜ ਲੈਣੇ... ਛੋਲੇ ਬਹੁਤ ਹੁੰਦੇ ਸੀ... ਸਰੋਂ ਬੀਜ ਲੈਣੀ.. ਉਹਦਾ ਤੇਲ ਕਢਾ ਲੈਣਾ... ਫੋਟਕ ਦੀ ਖਲ਼ ਬਣ ਜਾਣੀ... ਹੁਣ ਲਾ ਪਾ ਦੇ ਦੋ ਫ਼ਸਲਾਂ ਈ ਰਹਿ ਗਈਆਂ... ਕਣਕ ਬੀਜ ਲਓ... ਝੋਨਾ ਬੀਜ ਲਓ... ਜਾਂ ਫੇਰ ਆਲੂ ਬੀਜ ਲਓ... ਇਹ ਸਾਲੀਆਂ ਵੀ ਖਾਦਾਂ ਤੋਂ ਬਿਨਾਂ ਹੁੰਦੀਆਂ ਨਹੀਂ... ਫੇਰ ਉੱਤੋਂ ਸੌ ਬੀਮਾਰੀਆਂ ਕਦੀ ਸੁੰਡੀ ਆ ਗਈ.. ਕਦੇ ਤੇਲਾ ਆ ਗਿਆ... ਕਦੇ ਝੁਲਸ ਆ ਗਈ, ਫੇ ਸਪਰੇਅ ਕਰੋ ਉਹਦੇ ਪੈਸੇ ਵੱਖਰੇ ਦਿਓ... ਪਹਿਲਾਂ ਕਿਤੇ ਐਨੀ ਖਾਦ ਕੋਈ ਪਾਉਂਦਾ ਸੀ... ਕੋਈ ਸਪਰੇਅ ਕਰਦਾ ਸੀ... ਦੇਸੀ ਬੀਅ ਸਨ.. ਉਹ ਘਰਾਂ ਦੇ ਭੜੋਲਿਆ ਵਿਚ ਰੱਖ ਲੈਣੇ ਤੇ ਉਹੀ ਬੀਜ ਲੈਣੇ... ਹੁਣ ਸ਼ਹਿਰ ਬੀਜ ਸਟੋਰਾਂ ਵੱਲ ਨੱਠਦੇ ਆਂ... ਆਹ ਸਰਕਾਰਾਂ ਨੇ ਸਾਡੇ ਢੂਹੇਚ ਟਰੈਕਟਰ ਦੇ ਦਿੱਤੇ…. ਫ਼ਸਲਾਂ ਦੇ ਬੀਜ ਐਂਦਾ ਦੇ ਬਣਾ ਦਿੱਤੇ ਬਈ ਖਾਦ ਤੋਂ ਬਿਨਾ… ਕੀੜੇ ਮਾਰ ਦਵਾਈਆਂ ਤੋਂ ਬਿਨਾ ਝਾੜ ਈ ਨਹੀਂ ਦਿੰਦੇ… ਐਨੇ ਖਰਚੇ ਆ ਬਈ ਹੱਥ ਖੜੇ ਕਰਾ ਦਿੰਦੇ ਆ ਬੰਦੇ ਦੇ… ਉਤੋਂ ਆਹ ਨਵੀਂ ਮੰਡੀਰ ਸਾਹ ਨੀਂ ਲੈਣ ਦਿੰਦੀ… ਆਹ ਗੁਰੀ ਸਾਲਾ ਕੱਲ੍ਹ ਕਿਸ਼ਤਾਂ ’ਤੇ ਮੁਬਾਇਲ ਫੋਨ ਲੈ ਆਇਆ… ਮੈਂ ਕਿਹਾ ਕੁੱਤਿਆ ਤੇਰੀ ਮਾਂ ਬਿਮਾਰ ਪਈ ਆ… ਬੈਂਕ ਵਾਲਿਆਂ ਦੀਆਂ ਕਿਸ਼ਤਾਂ ਟੁੱਟੀ ਜਾਂਦੀਆਂ… ਤੂੰ ਪਹਿਲਾ ਮੋਟਰ ਸਾਇਕਲ ਲੈ ਲਿਆ ਹੁਣ ਆਹ ਚਿਤੜਾਂ ਚ ਮੁਬਾਇਲ ਲੈ ਲਿਆ... ਸਾਰਾ ਦਿਨ ਉਂਗਲਾਂ ਨਾਲ ਟਿੱਕ ਟਿੱਕ ਕਰੀ ਜਾਊ... ਜੇ ਕਹਾਂ ਖੇਤਾਂਚ ਫ਼ਸਲ ਵੱਲ ਨਿਗਾ ਮਾਰ ਆ ਤਾਂ ਕੰਨੀ ਘੇਸਲ ਮਾਰ ਲਊ… ਬਸ ਜੀ ਉੱਖੜੀ ਕੁਹਾੜੀ ਆਂਗੂ ਪੈਂਦਾ ਹੈ।ਰੁਲਦਾ ਪਰੇਸ਼ਾਨ ਜਿਹਾ ਹੋ ਜਾਂਦਾ ਹੈ। ਜਦੋਂ ਉਹ ਇਸ ਸਥਿਤੀ ਵਿਚ ਹੁੰਦਾ ਹੈ ਤਾਂ ਸਿਰ ਦੇ ਕੇਸ ਕਦੇ ਖੋਲ੍ਹ ਲੈਂਦਾ ਹੈ ਫਿਰ ਗੁੱਟੀ ਕਰ ਲੈਂਦਾ ਹੈ...ਸਿਰ ਦੁਆਲੇ ਸਾਫ਼ਾ ਲਪੇਟ ਲੈਂਦਾ ਹੈ... ਫਿਰ ਖੋਲ੍ਹ ਲੈਂਦਾ ਹੈ। ਬਿੱਤਲੇ ਹੋਏ ਬਤਾਊਂ ਵਰਗਾ ਮੂੰਹ ਲੈ ਕੇ ਮਿਲਖੀ ਉਥੋਂ ਤੁਰ ਪੈਂਦਾ ਹੈ। ਰੁਲਦਾ ਸਿੰਘ ਦੀ ਛੋਟੀ ਕੁੜੀ ਉਹਦੇ ਅੱਗਿਓ ਦੀ ਲੰਘਦੀ ਹੈ, ਉਹ ਉਹਨੂੰ ਸਾਸਰੀ ਕਾਲ ਬੁਲਾਉਂਦੀ ਹੈ। ਉਹਦੇ ਧਿਆਨ ਵਿਚ ਮਨਜੀਤ ਆ ਜਾਂਦੀ ਹੈ, ਜਿਹੜੀ ਜਗਦੰਬੇ ਫਾਇਨਾਂਸ ਕੰਪਨੀ ਵਿਚ ਕੰਮ ਕਰਦੀ ਹੈ। ਮਨਜੀਤ ਦੀ ਤਨਖਾਹ ਵਿਚੋਂ ਕਰਜ਼ੇ ਦੀ ਕਿਸ਼ਤ ਨਿਕਲਣ ਲੱਗ ਪੈਂਦੀ ਹੈ। ਮਿਲਖੀ ਨੂੰ ਸੁਖ ਦਾ ਸਾਹ ਆਉਂਦਾ ਹੈ। ਹੁਣ ਮਨਜੀਤ ਘਰ ਵਿਚ ਕੁੱਝ ਪੈਸੇ ਬਚਾ ਕੇ ਲੈ ਆਉਂਦੀ ਹੈ। ਜਦੋਂ ਉਹ ਵਿਆਹ ’ਤੀ ਤਾਂ ਫੇਰ ਕੀ ਬਣੂ... ਸੋਚ ਕੇ ਮਿਲਖੀ ਡਰ ਜਾਂਦਾ ਹੈ। ਬੀੜੀ ਲਾ ਕੇ ਉਹ ਅੱਗੇ ਤੁਰ ਪੈਂਦਾ ਹੈ। ਇਕ ਦਿਨ ਮਿਲਖੀ ਦੀ ਪਤਨੀ ਖ਼ੁਰੇ ਵਿਚ ਨਹਾਉਂਦੀ ਹੋਈ ਤਿਲਕ ਕੇ ਡਿੱਗ ਪੈਂਦੀ ਹੈ। ਉਹਦੇ ਚੂਲੇ `ਤੇ ਸੱਟ ਲੱਗ ਜਾਂਦੀ ਹੈ। ਉਹ ਮੰਜੇ ’ਤੇ ਲੰਮੀ ਪੈ ਜਾਂਦੀ ਹੈ। ਸਾਲ ਕੁ ਪਹਿਲਾਂ ਕੈਂਸਰ ਵੀ ਹੋ ਗਿਆ ਸੀ। ਕੈਂਸਰ ਦੀ ਦਵਾ ਵੀ ਖਾ ਰਹੀ ਸੀ... ਉਪਰੋਂ ਨਵਾਂ ਸਿਆਪਾ ਆ ਪਿਆ... ਮਿਲਖੀ ਲਾਂਬੜੇ ਹੱਡੀਆਂ ਵਾਲੇ ਭਲਵਾਨ ਕੋਲ ਲੈ ਜਾਂਦਾ ਹੈ। ਪਰ ਰਤਨੀ ਨੂੰ ਭੋਰਾ ਵੀ ਫਰਕ ਨਹੀਂ ਪੈਂਦਾ। ਮਹੀਨੇ ਕੁ ਬਾਅਦ ਉਹਦਾ ਚੂਲਾ ਉਥੇ ਹੀ ਜਾਮ ਹੋ ਜਾਂਦਾ ਹੈ। ਹੁਣ ਬਸ ਉਹਦੇ ਕੋਲੋਂ ਜੂੰ ਦੀ ਤੋਰੇ ਤੁਰ ਹੀ ਹੁੰਦਾ ਹੈ। ਝੋਲੀ ਹੋਏ ਮੰਜੇ ’ਤੇ ਪਈ ਪਈ ਦੇ ਉਹਦੇ ਸਰਵਾਈਕਲ ਹੋ ਜਾਂਦੀ ਹੈ। ‘ਹੁਣ ਤਾਂ ਰੱਬ ਮੈਨੂੰ ਚੁੱਕ ਲਵੇ ਬਸ` ਰਤਨੀ ਅਕਸਰ ਹੀ ਕਹਿੰਦੀ ਹੈ। ਇਨ੍ਹਾਂ ਦਿਨ੍ਹਾਂ ਵਿਚ ਹੀ ਮਿਲਖੀ ਦਾ ਮੁੰਡਾ ਰਾਜ ਕੁਮਾਰ ਘਰ ਦਿਆਂ ਤੋਂ ਬਾਗੀ ਹੋ ਕੇ ਲਾਗਲੇ ਉੱਗੀ ਪਿੰਡ ਦੀ ਬਾਲਮੀਕੀਆਂ ਦੀ ਨਕੋਦਰ ਵਿਖੇ ਮਨੀ ਚੇਂਜਰ `ਤੇ ਕੰਮ ਕਰਦੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ। ਮਹੀਨਾ ਕੁ ਉਹ ਘਰੋਂ ਬਾਹਰ ਰਹਿੰਦੇ ਹਨ। ਫਿਰ ਇਕ ਦਿਨ ਰਾਜ ਕੁਮਾਰ ਉਹਨੂੰ ਘਰ ਲੈ ਆਉਂਦਾ ਹੈ। ਮਿਲਖੀ ਰਾਮ ਭਾਣਾ ਮੰਨ ਲੈਂਦਾ ਹੈ। ਰਤਨੀ ਦੋ ਕੁ ਦਿਨ ਮੌਨ ਵਰਤ ਰੱਖਦੀ ਹੈ, ‘‘ਰਤਨੀਏ!! ਤੂੰ ਭਾਣਾ ਮੰਨ ਲੈ ਹੁਣ... ਤੂੰ ਸੋਚ ਲੈ ਬਈ ਚੌਲਾ ਨਾਲ ਸਰ ਗਿਆ। ਆਪਾ ਨੂੰ ਜਗਦੰਬੇ ਫਾਇਨਾਂਸ ਵਾਲਿਆਂ ਕੋਲੋਂ ਕਰਜ਼ਾ ਨੀਂ ਚੁੱਕਣਾ ਪਿਆ। ਨਾ ਕੁੱਝ ਲਿਆ ਨਾ ਦਿੱਤਾ... ਹੁਣ ਇਹ ਘਰ ਦਾ ਕੰਮ ਕਾਰ ਕਰੂ ਤੂੰ ਤਾਂ ਮੰਜੇ ਨਾਲ ਲੱਗੀ ਹੋਈ ਏਂ... ਤੂੰ ਹੁਣ ਐਵੇਂ ਬਾਹਲੇ ਫ਼ਿਕਰ ਨਾ ਕਰ ਤੂੰ ਤਾਂ ਪਹਿਲਾਂ ਹੀ ਅੱਧੀ ਮਰੀ ਪਈ ਏ। ਮਿਲਖੀ ਦੂਜੇ ਪਾਸੇ ਮੂੰਹ ਕਰਕੇ ਅੱਖਾਂ ਪੂੰਝ ਲੈਂਦਾ ਹੈ। ਬੀੜੀ ਦਾ ਆਖਰੀ ਸੂਟਾ ਖਿੱਚ ਪੈਰ ਥੱਲੇ ਮਸਲ ਦਿੰਦਾ ਹੈ।
ਤਿੰਨ ਕੁ ਮਹੀਨੇ ਬਾਅਦ ਰਾਜ ਕੁਮਾਰ ਡੁੱਬਈ ਜਾਣ ਦੀ ਰਟ ਲਾ ਲੈਂਦਾ ਹੈ। ਕਹਿੰਦਾ ਹੈ, ਸੱਤਰ ਹਜ਼ਾਰ ਲੱਗਣਾ ਹੈ। ਐਨਾ ਪੈਸਾ ਕਿੱਥੋਂ ਆਵੇ। ਮਿਲਖੀ ਫਿਰ ਫਾਇਨਾਂਸ ਵਾਲਿਆਂ ਦੇ ਦਰ ’ਤੇ ਆ ਝੋਲੀ ਅੱਡ ਲੈਂਦਾ ਹੈ। ਕੰਪਨੀ ਦਾ ਮਾਲਕ ਮਿਲਖੀ ਨੂੰ ਕਹਿੰਦਾ ਹੈ, ‘‘ਮਨਜੀਤ ਨੂੰ ਸਾਡੀ ਕੰਪਨੀ ਵਿਚ ਦਸ ਸਾਲ ਕੰਮ ਕਰਨਾ ਪੈਣਾ। ਇਹ ਸੋਚ ਲਓ… ਅਸੀਂ ਐਗਰੀਮੈਂਟ ਕਰਵਾ ਲੈਣਾ।ਮਿਲਖੀ ਅੱਗੋਂ ਮਨਜੀਤ ਵੱਲ ਵੇਖ ਕੇ ਹੱਥ ਜੋੜ ਦਿੰਦਾ ਹੈ। ‘ਮੇਰੀ ਧੀ ਤਾਂ ਏਥੇ ਕੰਮ ਕਰਦੀ, ਸਾਡੇ ਕਰਜ਼ੇ ਲਾਹੁੰਦੀ ਹੀ ਬੁੱਢੀ ਹੋ ਜੂ।` ਉਹ ਮਨ ਹੀ ਮਨ ਸੋਚਦਾ ਹੈ। ਅਸਟਾਮ ਪੇਪਰ ’ਤੇ ਦਸਤਖ਼ਤ ਕਰਕੇ ਮਿਲਖੀ ਜਗਦੰਬੇ ਫਾਇਨਾਂਸ ਕੰਪਨੀ ਤੋਂ ਬਾਹਰ ਆ ਜਾਂਦਾ ਹੈ। ਉਧਰ ਪੈਸੇ ਲੈ ਕੇ ਏਜੰਟ ਦੌੜ ਜਾਂਦਾ ਹੈ। ਲੱਭੀ ਜਾਓ ਉਹਨੂੰ। ਠਾਣੇ ਦਰਖਾਸ ਦਿੰਦੇ ਹਨ। ਪੈਸੇ ਮਰ ਜਾਂਦੇ ਹਨ। ਮਿਲਖੀ ਚੁੱਪ ਰਹਿਣ ਲੱਗ ਪੈਂਦਾ ਹੈ। ਪੱਥਰ ਜਿਹਾ ਬਣ ਕੇ ਏਧਰ ਉਧਰ ਘੁੰਮਦਾ ਰਹਿੰਦਾ ਹੈ। ਕਦੇ ਕਦੇ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ, ‘‘ਲਓ ਹੁਣ ਦੱਸੋਂ ਬੰਦਾ ਕੀ ਕਰੂ... ਯਾਰ ਸਾਰੀ ਉਮਰ ਅਸੀਂ ਚੱਜ ਦਾ ਕੱਪੜਾ ਨੀਂ ਪਾ ਕੇ ਵੇਖਿਆ... ਖੋਤੇ ਆਂਗੂੰ ਕੰਮ ਕਰੀ ਗਏ... ਕਦੇ ਖੇਤਾਂ ਵਿਚ ਗਧੇ ਬਣੇ ... ਕਦੇ ਸ਼ਹਿਰ ਜਾ ਗਧੇ ਬਣੇ... ਉਤੋਂ ਮਾੜੀ ’ਲਾਦ ਜੰਮ ਪਈ... । ਉਹਨੂੰ ਰਾਜ ਕੁਮਾਰ ਤੇ ਗੁੱਸਾ ਆਉਂਦਾ ਹੈ। ਉਹ ਸਾਫਾ ਸਿਰ ਤੋਂ ਲਹੁੰਦਾ ਹੈ ਫਿਰ ਲਪੇਟ ਲੈਂਦਾ ਹੈ। ਫਿਰ ਲਾਹ ਲੈਂਦਾ ਹੈ ਫਿਰ ਲਪੇਟ ਲੈਂਦਾ ਹੈ। ਮਨਜੀਤ ਨੇ ਮਿਲਖੀ ਨੂੰ ਦਿਮਾਗੀ ਡਾਕਟਰ ਕੋਲੋਂ ਦਵਾਈ ਲੈ ਕੇ ਦਿੱਤੀ। ਡਾਕਟਰ ਕਹਿੰਦਾ ਇਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ... ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ...ਉਧਰ ਸੱਤਵੇਂ ਮਹੀਨੇ ਉਹਦੇ ਘਰ ਪੋਤਾ ਆ ਜਾਂਦਾ ਹੈ... ਜਿਵੇਂ ਲੱਤਾਂ ਬਾਹਾਂ ਨੂੰ ਸੋਕੜਾ ਪਿਆ ਹੋਵੇ। ‘ਸਾਲਿਆ ਰੱਬਾ! ਜੇ ਪੈਸਾ ਨਹੀਂ ਸੀ ਦੇਣਾ ਤਾਂ ਗਰੀਬਾਂ ਦੇ ਘਰ ਚੱਜ ਦੀ ਔਲਾਦ ਹੀ ਜੰਮ ਧਰਦਾ। ਉਹ ਰੱਬ ਨੂੰ ਮੋਟੀ ਸਾਰੀ ਗਾਲ੍ਹ ਕੱਢਦਾ ਹੈ। ਮਨਜੀਤ ਉਹਨੂੰ ਹੌਸਲਾ ਦਿੰਦੀ ਹੈ, ‘‘ਭਾਪਾ! ਤੂੰ ਮੇਰੇ ਹੁੰਦੇ ਕਿਓ ਡੋਲਦਾ… ਮੈਂ ਅਜੇ ਹੈਗੀ ਆਂ… ਤੂੰ ਬਾਹਲਾ ਫ਼ਿਕਰ ਨਾ ਕਰਿਆ ਕਰ। ਹੁਣ ਜਿੰਨਾ ਕੰਮ ਹੁੰਦਾ ਕਰ ਲਿਆ ਕਰ… ਰਹੀ ਕਰਜ਼ੇ ਦੀ ਗੱਲ ਉਹ ਉਤਰ ਈ ਜਾਣਾ… ਰਾਜ ਹੁਣ ਸ਼ਹਿਰ ਕਾਰਖਾਨੇ ਚ ਕੰਮ ਤੇ ਜਾਣ ਲੱਗ ਪਿਆ ਆ...ਤੂੰ ਬਹੁਤਾ ਫ਼ਿਕਰ ਨਾ ਕਰਿਆ ਕਰ ਤੇਰਾ ਪੋਤਾ ਵੀ ਠੀਕ ਹੋ ਜੂ।`` ਮਿਲਖੀ ਹੁਰਾਂ ਦਾ ਪਿੰਡ ਕਾਲੀ ਵੇਈਂ ਦੇ ਐਨ ਮੁੱਢ ਪੈਂਦਾ ਹੈ। ਜਹਾਂਗੀਰ। ਪਿਛਲੇ ਮਹੀਨੇ ਜਦੋਂ ਅਤਿ ਦੀ ਗਰਮੀ ਹੋ ਗਈ ਸੀ। ਮੋਟਰ ਦਾ ਪਾਣੀ ਥੱਲੇ ਚਲੇ ਗਿਆ ਤਾਂ ਰੁਲਦੇ ਨੂੰ ਪੰਜ ਕਨਾਲਾਂ ਵਿਚ ਬੀਜੇ ਬਤਾਊਆਂ ਦੀ ਚਿੰਤਾਂ ਖਾਣ ਲੱਗ ਪਈ। ਉਹ ਦਿਨ੍ਹਾਂ ਵਿਚ ਹੀ ਮੁਰਝਾ ਗਏ ਸਨ। ਰੁਲਦੇ ਨੂੰ ਮਿਲਖੀ ਨੇ ਸਲਾਹ ਦਿੱਤੀ ਕਿ ਕਾਲੀ ਵੇਈਂ ਵਿਚੋਂ ਡਰੇਨ ਦਾ ਪਾਣੀ ਟੁੱਲੂ ਪੰਪ ਨਾਲ ਕੱਢ ਕੇ ਬਤਾਊਆਂ ਨੂੰ ਲਗਾ ਦਿੰਦੇ ਹਾਂ। ਉਨ੍ਹਾਂ ਸ਼ਹਿਰੋਂ ਟੁੱਲੂ ਪੰਪ ਤੇ ਪਾਇਪ ਲਿਆ ਤੇ ਡਰੇਨ ਵਿਚੋਂ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਲਓ ਜੀ ਬਤਾਊਆਂ ਦੇ ਬੂਟੇ ਦਿਨ੍ਹਾਂ ਵਿਚ ਗਹਿਰੇ ਹਰੇ ਕਚੂਰ ਹੋ ਗਏ। ਉਨ੍ਹਾਂ ਦੇ ਦੇਖਾ ਦੇਖੀ ਡਰੇਨ ਨਾਲ ਲੱਗਦੇ ਜ਼ਿੰਮੀਦਾਰਾਂ ਨੇ ਆਪਣੇ ਖੇਤਾਂ ਵਿਚ ਬੀਜੀ ਸਬਜ਼ੀ ਨੂੰ ਡਰੇਨ ਦਾ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ ਸੀ। ਰੁਲਦਾ ਬਤਾਊਆਂ ਦੇ ਬੂਟਿਆਂ ਨੂੰ ਲੱਗੇ ਬਤਾਊ ਵੇਖ ਕੇ ਖੁਸ਼ ਹੋ ਰਿਹਾ ਹੈ, ‘‘ਬਈ ਮਿਲਖੀ ਰਾਮਾ! ਬਈ ਕਮਾਲ ਹੋਗੀ... ਡਰੇਨ ਦੇ ਪਾਣੀ ਨਾਲ ਸਬਜ਼ੀ ਬਹੁਤ ਵਧੀਆ ਹੁੰਦੀ ਆ।`` ‘‘ਹਾਂ ਹੁੰਦੀ ਤੇ ਹੈ... ਪਰ ਆਪਣੇ ਖਾਣ ਵਾਲੀ ਨਹੀਂ... ਸਰਦਾਰ ਜੀ ਇਹ ਸਬਜ਼ੀ ਤਾਂ ਨਿਰੀ ਜ਼ਹਿਰ ਹੈ... ਪਤਾ ਨਹੀਂ ਕਿੰਨਾ ਜ਼ਹਿਰੀ ਪਾਣੀ ਡਰੇਨ ਵਿਚ ਚਲ ਰਿਹਾ ਹੈ ਜਿਸ ਪਾਣੀ ਨੂੰ ਆਪਾਂ ਸਬਜ਼ੀਆਂ ਲਈ ਵਰਤ ਰਹੇ ਹਾਂ। ਜਿਹੜੇ ਲੋਕ ਇਸ ਨੂੰ ਖਾਣਗੇ ਤਾਂ ਆਪੇ ਮਰਨਗੇ... ਮੇਰਾ ਬਾਬਾ ਕਹਿੰਦਾ ਹੁੰਦਾ ਸੀ ਕਿ ਇਸ ਡਰੇਨ ਵਿਚ ਕਦੇ ਸਾਫ਼ ਪਾਣੀ ਵਗਦਾ ਹੁੰਦਾ ਸੀ... ਜਦੋਂ ਦੇ ਜਲੰਧਰ ਵਿਚ ਕਾਰਖਾਨਿਆਂ ਦਾ ਜਾਲ਼ ਵਿਛਿਆ ਹੈ... ਲੈਦਰ ਕੈਪਲੈਕਸ ਬਣਿਆ ਹੈ ਉਦੋਂ ਦਾ ਡਰੇਨ ਦਾ ਪਾਣੀ ਕਾਲਾ ਤੇ ਜ਼ਹਿਰੀਲਾ ਹੋ ਗਿਆ ਹੈ।`` ‘‘ਹਾਹੋ ਯਾਰ! ਗੱਲ ਤਾਂ ਤੇਰੀ ਸਹੀ ਆ... ਪਰ ਹੁਣ ਕਰੀਏ ਵੀ ਕੀ... ਬੋਰਾਂ ਦਾ ਪਾਣੀ ਥੱਲੇ ਚਲੇ ਗਿਆ ਹੈ...ਜੇ ਨਹੀਂ ਪਾਣੀ ਲਾਉਂਦੇ ਤਾਂ ਆਪਾਂ ਭੁੱਖੇ ਮਰ ਜਾਵਾਂਗੇ...ਲਾ ਪਾ ਕੇ ਇਹ ਸਬਜ਼ੀ ਹੀ ਏ ਜਿਹੜੀ ਨਿੱਤ ਦਾ ਰੋਟੀ ਪਾਣੀ ਦਾ ਗੁਜ਼ਾਰਾ ਤੋਰੀ ਜਾਂਦੀ ਹੈ।`` ਰੁਲਦਾ ਕਹਿੰਦਾ ਹੈ। ‘‘ਤੂੰ ਵੇਖ ਲੈ ਆਪਣੇ ਪਿੰਡ ਜਹਾਗੀਰ ਦੇ ਨਲਕਿਆ ਦਾ ਪਾਣੀ ਵੀ ਖਰਾਬ ਹੋ ਗਿਆ। ਆਪਣੇ ਪਿੰਡ ਦਾ ਹੀ ਨਹੀਂ... ਇਸੇਵਾਲ... ਆਠੌਲਾ... ਰੁਪੇਵਾਲ... ਨਿੱਝਰਾਂ... ਖੀਵਾ... ਖਾਨਪੁਰ... ਦੌਲਤਪੁਰ... ਕੁਲਾਰਾ... ਨਾਹਲਾਂ... ਗਾਖਲਾਂ... ਵਰਗੇ ਪਿੰਡ ਜਿਹੜੇ ਵੇਈਂ ਦੇ ਨਾਲ ਨਾਲ ਪੈਂਦੇ ਨੇ ਸਾਰੇ ਪਿੰਡਾਂ ਦੇ ਨਲਕਿਆ ਦਾ ਪਾਣੀ ਖਰਾਬ ਹੋ ਗਿਆ... ਤੈਨੂੰ ਪਤੈ ਇਥੋਂ ਦੇ ਲੋਕਾਂ ਨੂੰ ਕੈਂਸਰ ਹੋਈ ਜਾ ਰਿਹਾ... ਰਤਨੀ ਨੂੰ ਹੋ ਗਿਆ... ਤੇਰੀ ਘਰਵਾਲੀ ਨੂੰ ਹੋ ਗਿਆ... ਹੋਰ ਤਾਂ ਹੋਰ ਚਮੜੀ ਦੇ ਰੋਗ ਬਹੁਤ ਵੱਧ ਗਏ ਨੇ... ਆਪਾਂ ਭਾਵੇਂ ਨਾ ਖਾਈਏ ਇਹ ਜ਼ਹਿਰੀਲੇ ਪਾਣੀ ਦੀਆਂ ਸਬਜ਼ੀਆਂ ਪਰ ਬਚਣਾ ਮਿੱਤਰਾਂ ਆਪਾਂ ਵੀ ਨਹੀਂ... ਆਪਾਂ ਲੋਕਾਂ ਨੂੰ ਜ਼ਹਿਰ ਵੰਡ ਰਹੇ ਆਂ ਤੇ ਆਪਾਂ ਨੂੰ ਔਹ ਨੀਲੀ ਛੱਤਰੀ ਆਲਾ ਸਰਾਪ ਦੇਈ ਜਾ ਰਿਹਾ... ਆਪਾਂ ਪੀਣ ਲਈ ਪਾਣੀ ਤਾਂ ਇਨ੍ਹਾਂ ਨਲਕਿਆ ਦਾ ਪੀਣਾ... ਡਰੇਨ ਦੇ ਗੰਦੇ ਪਾਣੀਚ ਘੁਲ਼ੇ ਕੈਮੀਕਲ ਧਰਤੀ ਚ ਜਜ਼ਬ ਹੋ ਕੇ ਪਾਣੀਚ ਘੁਲ਼ੀ ਜਾਂਦੇ ਨੇ।ਮਿਲਖੀ ਜ਼ਮੀਨ ’ਤੇ ਪੈਰ ਘਸਾਉਂਦਾ ਕਹਿੰਦਾ ਹੈ। ‘‘ਚੱਲ ਕੋਈ ਨਾ... ਕਰਜ਼ੇ ਨਾਲ ਵੀ ਤਾਂ ਮਰੀ ਈ ਜਾ ਰਹੇ ਆਂ। ਰੁਲਦਾ ਪਰਨਾ ਸਿਰ ਤੋਂ ਲਾਹ ਕੇ ਮੂੰਹ ’ਤੇ ਆ ਗਈ ਗਰਮੀ ਨੂੰ ਪੂੰਝਦਾ ਹੈ।
ਇਕ ਦਿਨ ਮਿਲਖੀ ਰੁਲਦੇ ਨੂੰ ਮੋਟਰ ਦੇ ਨੇੜੇ ਖੜਾ ਤਿੰਨ ਕਨਾਲ ਵਿਚ ਲੱਗੀਆਂ ਮਿਰਚਾਂ ਵੱਲ ਵੇਖਦਾ ਕਹਿੰਦਾ ਹੈ, ‘‘ਸਰਦਾਰ ਜੀਂ ਕਮਾਲ ਹੋਗੀ! ਮਿਰਚਾ ਨਾਲ ਬੂਟੇ ਭਰੇ ਪਏ ਆ… ਔਹ ਪਰ੍ਹੇ ਬਤਾਊਂ ਵੀ ਉਤਰਨ ਲੱਗ ਪਏ ਆ… ਇਹ ਤੁਸੀਂ ਬਹੁਤ ਚੰਗਾ ਕੀਤਾ… ਸਬਜ਼ੀਆਂ ਵਿਚ ਬਹੁਤ ਕਮਾਈ ਆ… ਜਦੋਂ ਬਰਸਾਤ ਸ਼ੁਰੂ ਹੋ ਗਈ ਤਾਂ ਸਬਜ਼ੀਆਂ ਦੇ ਭਾਅ ਅਸਮਾਨੇ ਚੜ੍ਹ ਜਾਣੇ ਆ। ਉਏ ਕਮਲਿਆ ਤੈਨੂੰ ਕੀ ਦੱਸੀਏ... ਇਹ ਸਾਲੀਆਂ ਕੋਈ ਮਿਰਚਾਂ!... ਕੜੱਤਣ ਨੀਂ ਹੈਗੀ ਭੋਰਾ... ਕਮਾਲ ਹੋਗੀ ਬਈ ਮਿਰਚਾਂ ਵਿਚ ਕੜੱਤਣ ਨੀਂ ਹੈਗੀ... ਪਤਾ ਨਹੀਂ ਕਿਸ ਤਰ੍ਹਾਂ ਦੇ ਬੀਜ ਬਣੀ ਜਾ ਰਹੇ ਨੇ... ਤੇ ਆਹ ਬਤਾਊਂ... ਓਨੇ ਦੇ ਇਹਨਾਂ ਨੂੰ ਬਤਾਊਂ ਨੀ ਲੱਗਣੇ ਜਿੰਨੇ ਦੀ ਇਹਦੇ ’ਤੇ ਸਪਰੇਅ ਕਰ ਦਿੱਤੀ... ਜੇ ਨਾ ਕਰੋ ਤਾਂ ਸੁੰਡੀ ਨੀਂ ਛੱਡਦੀ...ਪਹਿਲਾ ਪੱਤੇ ਖਾਂਦੀ ਆ ਫਿਰ ਬਤਾਊਂ, ਸਾਲੀ ਬਤਾਊਂ `ਚ ਵੜ ਜਾਂਦੀ ਆ... ਬਤਾਊਂ ਕਾਹਦੇ ਨੇ ਇਹ ਤਾਂ ਜ਼ਹਿਰ ਆ... । ਰੁਲਦਾ ਕਹਿੰਦਾ ਹੈ।
‘‘ਰੁਲਦਾ ਸਿਆਂ! ਕਿਤੇ ਇਹ ਬੀਟੀ ਸੀਟੀ ਬੈਂਗਨ ਤਾਂ ਨਹੀਂ… ਜਿਨ੍ਹਾਂ ਦਾ ਪਿੱਛੇ ਜਿਹੇ ਬੜਾ ਰੌਲਾ ਪਿਆ।ਮਿਲਖੀ ਕਹਿੰਦਾ ਹੈ। ‘‘ਓਹੀ ਹੋਣੇ ਆ।
‘‘ਸਹੁਰੀ ਦੇ ਬੀਅ ਪਤਾ ਨੀਂ ਕਿਸ ਤਰ੍ਹਾਂ ਦੇ ਆਉਣ ਲੱਗ ਪਏ ਹੈ… ਪਹਿਲਾਂ ਦੇਸੀ ਬੀਅ ਹੁੰਦੇ ਸਨ, ਘਰੇ ਹਰ ਤਰ੍ਹਾਂ ਦਾ ਬੀਅ ਹੁੰਦਾ ਸੀ। ਉਹੀ ਬੀਜ ਦਈਦਾ ਸੀ… ਕੋਈ ਸਪਰੇ ਨਹੀਂ… ਕੋਈ ਖਾਦ ਨਹੀਂ… ਫ਼ਸਲ ਭਾਵੇਂ ਬਹੁਤ ਥੋੜੀ ਹੁੰਦੀ ਸੀ… ਹੁਣ ਫ਼ਸਲਾਂ ਖਾਦ ਤੇ ਕੀੜੇ ਮਾਰ ਦਵਾਈਆਂ ਤੋਂ ਬਿਨਾ ਹੁੰਦੀਆਂ ਹੀ ਨਹੀਂ…ਕਣਕ ਨੂੰ ਤੇਲਾ ਲੱਗ ਜਾਂਦਾ ਆ… ਆਲੂਆਂ ਨੂੰ ਨਵੀਆਂ ਬਿਮਾਰੀਆਂ ਚੁੰਬੜ ਗਈਆਂ…। ਜਦੋਂ ਮੰਡੀ ਬਤਾਊ ਤੇ ਮਿਰਚਾਂ ਜਾਣ ਲੱਗੀਆਂ ਤਾਂ ਮੰਡੀ `ਚ ਇਹਨ੍ਹਾਂ ਨੂੰ ਕੌਡੀਆਂ ਦੇ ਭਾਅ ਲਿਆ ਜਾਂਦਾ। ਹੁਣ ਬੰਦਾ ਕੀ ਕਰੇ। ਇਕ ਦਿਨ ਰੁਲਦਾ ਮੰਡੀ ਵਿਚ ਬਤਾਊਂਆ ਦੀ ਟਰਾਲੀ ਢੇਰੀ ਕਰ ਕੇ ਆੜ੍ਹਤੀਆਂ ਨੂੰ ਗਾਲ੍ਹਾ ਕੱਢਦਾ ਆ ਗਿਆ। ਆਉਂਦਿਆਂ ਉਹਦਾ ਬਲੱਡ ਵੱਧ ਗਿਆ। ਘਰ ਆ ਕੇ ਬਿਮਾਰ ਪੈ ਗਿਆ। ਬਸ ਚੁੱਪ ਜਿਹਾ ਕਰ ਗਿਆ। ਇਕ ਮੰਜੇ ’ਤੇ ਉਹਦੀ ਘਰ ਆਲੀ ਕੈਂਸਰ ਨਾਲ ਨਿਢਾਲ ਹੋ ਕੇ ਪਈ ਸੀ, ਦੂਜੇ ਮੰਜੇ ’ਤੇ ਉਹ ਪੈ ਜਾਂਦਾ ਹੈ...ਉਧਰ ਮੱਕੀ ਨੂੰ ਦਾਣੇ ਪੱਕਣ ਲੱਗਦੇ ਹਨ। ਉੱਤੋਂ ਮੀਂਹ ਪੈ ਜਾਂਦਾ ਹੈ... ਲਓ ਜੀ ਅੱਧਾ ਭਾਅ ਘੱਟ ਜਾਂਦਾ ਹੈ। ਰੁਲਦਾ ਸਿਓਂ ਦੀ ਪਤਨੀ ਦਾ ਬਰੈਸਟ ਕੈਂਸਰ ਵੱਧ ਜਾਂਦਾ ਹੈ। ਡਾਕਟਰ ਕਹਿ ਦਿੰਦੇ ਨੇ ਕਿ ਇਹਦੀ ਛਾਤੀ ਕੱਟਣੀ ਪੈਣੀ ਏ... ਖਰਚਾ ਆ ਪਿਆ, ਰੁਲਦੇ ਨੂੰ ਆੜ੍ਹਤੀਏ ਕੋਲੋਂ ਇਲਾਜ਼ ਲਈ ਪੈਸੇ ਚੁੱਕਣੇ ਪੈ ਜਾਂਦੇ ਹਨ। ਰੁਲਦੇ ਦੀ ਪਤਨੀ ਦੀ ਇਕ ਛਾਤੀ ਡਾਕਟਰ ਕੱਟ ਦਿੰਦੇ ਹਨ। ਹੋਰ ਕੋਈ ਚਾਰਾ ਹੀ ਨਹੀਂ ਬਚਦਾ। ਤੇ ਜਦੋਂ ਰੁਲਦਾ ਉਹਨੂੰ ਘਰ ਲੈ ਕੇ ਜਾਂਦਾ ਹੈ ਤੇ ਉਹ ਡਿਪਰੈਸ਼ਨ ਵਿਚ ਚਲੇ ਜਾਂਦੀ ਹੈ। ਉਹ ਅੰਦਰੋਂ ਬਾਹਰ ਨਹੀਂ ਜਾਂਦੀ.... ਦਿਨ੍ਹਾਂ ਵਿਚ ਕੈਂਸਰ ਦੂਜੀ ਛਾਤੀ ਨੂੰ ਹੋ ਜਾਂਦਾ ਹੈ। ਤੀਜੇ ਮਹੀਨੇ ਦੂਜੀ ਛਾਤੀ ਵੀ ਕੱਟਣੀ ਪੈ ਜਾਂਦੀ ਹੈ। ਰੁਲਦੇ ਦੀ ਪਤਨੀ ਦਿਨ੍ਹਾਂ ਵਿਚ ਤੀਲ੍ਹਾ ਹੋ ਜਾਂਦੀ ਹੈ। ਰੁਲਦੇ ਦਾ ਧਿਆਨ ਖੰਡਤ ਹੋਣ ਲੱਗ ਪੈਂਦਾ ਹੈ। ਉਹ ਮੰਜੇ ਤੋਂ ਉੱਠਦਾ ਨਲਕੇ ਥੱਲੇ ਜਾ ਕੇ ਆਪਣੇ ਕੇਸ਼ ਖੋਲ੍ਹ ਕੇ ਧੋਣ ਲੱਗ ਪੈਂਦਾ। ਸਤਿਨਾਮ ਵਹਿਗੁਰੂ! ਸਤਿਨਾਮ ਵਹਿਗੁਰੂ ਕਰਨ ਲੱਗ ਪੈਂਦਾ... ਫਿਰ ਗੁੱਟੀ ਕਰਕੇ ਏਧਰ ਉਧਰ ਫਿਰਨ ਲੱਗ ਪੈਂਦਾ। ਘੰਟੇ ਕੁ ਬਾਅਦ ਫਿਰ ਕੇਸ ਖੋਲ੍ਹ ਕੇ ਧੋਣ ਲੱਗ ਪੈਂਦਾ। ਗੁਰੀ ਟਰੈਕਟਰ ਟਰਾਲੀ ਦੇ ਭਾੜੇ ਤੋਂ ਜਿਹੜਾ ਪੈਸੇ ਕਮਾਉਂਦਾ, ਆਪਣਾ ਜੇਬ ਖਰਚ ਕਰ ਲੈਂਦਾ। ਬੈਂਕ ਦੇ ਕਰਜ਼ੇ ਦੀਆਂ ਕਿਸ਼ਤਾਂ ਲਗਾਤਾਰ ਟੁੱਟਣ ਲੱਗ ਪਈਆਂ। ਬੈਂਕ ਦੀਆਂ ਚਿੱਠੀਆਂ ਘਰ ਆਉਣ ਲੱਗ ਪਈਆਂ। ਇਕ ਦਿਨ ਰੁਲਦੇ ਦੀ ਘਰਵਾਲੀ ਕਣਕ `ਚ ਰੱਖਣ ਵਾਲੀਆਂ ਗੋਲੀਆਂ ਖਾ ਕੇ ਮਰ ਜਾਂਦੀ ਹੈ। ਰੁਲਦਾ ਪੱਥਰ ਜਿਹਾ ਹੋ ਜਾਂਦਾ ਹੈ। ਉਹ ਖੇਤਾਂ ਵਿਚ ਗੇੜਾਂ ਮਾਰਨਾ ਵੀ ਛੱਡ ਦਿੰਦਾ ਹੈ। ਮੱਕੀ ਦੀ ਪੱਕੀ ਹੋਈ ਫ਼ਸਲ ਖਰਾਬ ਹੋਣ ਲੱਗਦੀ ਹੈ। ਰੁਲਦੇ ਦੀ ਛੋਟੀ ਕੁੜੀ ਤੇਜ਼ ਕੌਰ ਬਾਪੂ ਨੂੰ ਕਹਿੰਦੀ ਹੈ, ‘‘ਮੈਂ ਤਾਂ ਕਹਿਨੀ ਆਂ ਬਾਪੂ ਜੀ! ਤੁਸੀਂ ਆਹ ਬਿਮਾਰੀ ਪੈਣਾ ਟਰੈਕਟਰ ਤੇ ਹੋਰ ਸਮਾਨ ਵੇਚ ਦਓ, ਸਾਨੂੰ ਕੀ ਇਹਦਾ ਆਸਰਾ... ਗੁਰੀ ਨੂੰ ਤਾਂ ਭੋਰਾ ਫ਼ਿਕਰ ਨਹੀਂ... ਕਰਜ਼ਾ ਦੁੱਗਣਾ ਹੋਈ ਜਾਂਦਾ... ਬੈਂਕਾ ਵਾਲੇ ਚਿੱਠੀਆਂ ਵਿਚ ਲਿਖਦੇ ਆ ਬਈ ਜੇ ਪੰਜ ਮਹੀਨੇ ਹੋਰ ਕਿਸ਼ਤਾਂ ਨਾ ਦਿੱਤੀਆਂ ਤਾਂ ਜ਼ਮੀਨ ਦੀ ਕੁਰਕੀ ਦੇ ਆਰਡਰ ਦੇ ਦੇਣੇ ਆ।
ਰੁਲਦਾ ਤੇਜ਼ੋ ਨੂੰ ਕੋਈ ਜਵਾਬ ਨਾ ਦਿੰਦਾ। ਬਸ ਚੁੱਪ ਕਰ ਜਾਂਦਾ। ਫਿਰ ਇਕ ਦਿਨ ਰੁਲਦਾ ਮਿਲਖੀ ਨੂੰ ਲੈ ਕੇ ਮੋਗੇ ਵਿਖੇ ਟਰੈਕਟਰਾਂ ਦੀ ਲੱਗਦੀ ਮੰਡੀ ਵਿਚ ਟਰੈਕਟਰ, ਹੱਲ੍ਹ, ਟਰਾਲੀ ਤੇ ਹੋਰ ਸਮਾਨ ਲੈ ਕੇ ਵੇਚਣ ਚਲੇ ਗਏ। ਤੁਰਨ ਲੱਗਿਆ ਰੁਲਦੇ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਮਿਲਖੀ ਨੇ ਉਹਨੂੰ ਹੌਸਲਾ ਦਿੱਤਾ,
‘‘ਰੁਲਦਾ ਸਿਆ! ਹੁਣ ਇਹ ਅੱਕ ਬੀ ਚੱਬਣਾ ਪੈਣਾ! ਹੌਸਲੇ ਨਾਲ ਹੀ ਕੰਮ ਹੁੰਦੇ ਆ। ਟਰੈਕਟਰਾਂ ਦੀ ਮੰਡੀ ਵਿਚ ਰੁਲਦੇ ਨਾਲ ਮਿਲਖੀ ਘੁੰਮ ਕੇ ਵੇਖਣ ਲੱਗ ਪੈਂਦਾ ਹੈ। ‘‘ਹੈ ਕਮਾਲ ਹੋਗੀ! ਸਰਦਾਰ ਜੀ!!... ਐਨੇ ਟਰੈਕਟਰ। ਸਾਰੇ ਜੱਟ ਟਰੈਕਟਰ ਵੇਚਣ ਤੁਰੇ ਹੋਏ ਆ... ਇਹ ਭਲਾ ਕਿਉਂ ਵੇਚਣ ਤੁਰੇ ਹੋਏ ਆ... ਕਈ ਤਾਂ ਬਿਲਕੁੱਲ ਨਵੇਂ ਆ... ਆਹ ਵੇਖ ਖਾਂ ਫੋਰਡ ਟਰੈਕਟਰ ਖੜਾ... ਆ ਜਾ ਬਜ਼ੁਰਗ ਨੂੰ ਮਿਲ ਲਈਏ। ਮਿਲਖੀ ਹੈਰਾਨ ਹੋ ਕੇ ਕਹਿੰਦਾ ਹੈ।
ਰੁਲਦਾ ਦੂਰੋਂ ਹੀ ਕਮਾਨ ਬਣੇ ਬਜ਼ੁਰਗ ਵੱਲ ਹੱਥ ਜੋੜ ਕੇ ਕਹਿੰਦਾ ਹੈ, ‘‘ਸਤਿ ਸ਼੍ਰੀ ਅਕਾਲ ਜੀ! ਬਜ਼ੁਰਗੋ ਨਵਾਂ ਫੋਰਡ ਈ ਮੰਡੀ ਲਿਆ ਖੜਾ ਕੀਤਾ? ‘‘ਹਾਹੋ ਖੜਾ ਕੀਤਾ!... ਹੋਰ ਇਹ ਚਿਤੜਾਂ `ਚ ਲੈਣਾ.... ਮਾਂ ਜਾਵੇ ਜੁਆਕਾਂ ਨੇ ਮੰਢੀਰ ਦੇ ਮਗਰ ਲੱਗ ਕੇ ਨਵਾਂ ਫੋਰਡ ਕੜਾ ਲਿਆ... ਦੂਜੀ ਕਿਸਤ ’ਤੇ ਮੋਕ ਮਾਰ ਗਏ... ਅਖੇ ਸਾਡਾ ਨੀਂ ਟਰੈਕਟਰ ਨਾਲ ਕੰਮ ਚੱਲਦਾ... ਅਸੀਂ ਕੰਪਨੀ ਆਲਿਆਂ ਨੂੰ ਮੋੜਨ ਗਏ... ਉਹ ਕਹਿਣ ਵਿਕੀ ਹੋਈ ਚੀਜ਼ ਨਹੀਂ ਵਾਪਸ ਹੁੰਦੀ... ਸਾਡੇ ਕੋਲੋਂ ਤਾਂ ਨਵੇਂ ਟਰੈਕਟਰ ਖੜੇ ਕਰਨ ਨੂੰ ਥਾਂ ਨਹੀਂ ਤੁਸੀਂ ਪੁਰਾਣਾ ਚੁੱਕ ਲਿਆਏ ਓ...। ਬਜ਼ੁਰਗ ਉਨ੍ਹਾਂ ਦੇ ਨੇੜੇ ਆ ਕੇ ਕਹਿੰਦਾ ਹੈ, ‘‘ਤੁਸੀਂ ਲੈਣਾਂ ਟਰੈਕਟਰ? ‘‘ਨਾ ਬਾਪੂ ! ਅਸੀਂ ਤੁਹਾਡੇ ਵਾਂਗ ਟਰੈਕਟ ਵੇਚਣ ਆਏ ਆ...ਬੈਂਕ ਦੀਆਂ ਕਿਸ਼ਤਾ ਟੁੱਟ ਰਹੀਆਂ ਸੀ। ਕਹਿ ਕੇ ਮਿਲਖੀ ਤੇ ਰੁਲਦਾ ਅੱਗੇ ਤੁਰ ਪੈਂਦੇ ਹਨ।
‘‘ਵੇਖ ਲੈ ਮਿਲਖੀ ਰਾਮਾ…. ਸਭ ਨੂੰ ਟਰੈਕਟਰਾਂ ਦਾ ਕੈਂਸਰ ਚੁੰਬੜਿਆ ਹੋਇਆ… ਮੈਨੂੰ ਖਰੀਦਣ ਆਲਾ ਤਾਂ ਕੋਈ ਦੀਹਦਾ ਨਹੀਂ… ਸਾਰੇ ਵੇਚਣ ਆਲੇ ਈ ਆ…ਸਾਰੇ ਜੱਟ ਜ਼ਿੰਮੀਦਾਰਾਂ ਨੂੰ ਕੀ ਹੋ ਗਿਆ… ਸਾਰੇ ਟਰੈਕਟਰਾਂ ਤੇ ਟਰਾਲੀਆਂ, ਹੱਲ੍ਹਾਂ ਨਾਲ ਆਪਣੀਆਂ ਹਵੇਲੀਆਂ ਭਰੀ ਜਾ ਰਹੇ ਨੇ… ਐਨੀ ਮਸ਼ੀਨਰੀ ਕਿੱਥੋਂ ਆ ਗਈ ਆ… ਕੀ ਹੋ ਗਿਆ ਸਾਡੀ ਮੱਤ ਨੂੰ…ਅੰਤ ਨੂੰ ਘਾਟਾ ਖਾ ਕੇ ਰੁਲਦੇ ਹੁਣੀਂ ਟਰੈਕਟਰ ਤੇ ਹੋਰ ਸਮਾਨ ਵੇਚ ਆਉਂਦੇ ਨੇ।
ਕਰਜ਼ਾ ਪੂਰਾ ਮੋੜਨ ਲਈ ਅਜੇ ਵੀ ਪੈਸੇ ਘਟਦੇ ਹਨ। ਰੁਲਦਾ, ਕਿਸ਼ਨ ਅੜ੍ਹਤੀਏ ਕੋਲ ਦੋ ਖੇਤ ਗਹਿਣੇ ਰੱਖ ਕੇ ਕਰਜ਼ਾ ਚੁੱਕ ਲੈਂਦਾ ਹੈ… ਬੈਂਕ ਦੀ ਅਜੇ ਵੀ ਦੋ ਲੱਖ ਦੀ ਰਕਮ ਖੜੀ ਰਹਿੰਦੀ ਹੈ।
‘‘ਵੇਖ ਲੈ ਮਿਲਖੀ ਰਾਮਾ ਕੁਦਰਤ ਦੀ ਲੀਲਾ… ਚੀਜ਼ ਵੀ ਵਿਕ ਗਈ ਖੇਤ ਵੀ ਗਹਿਣੇ ਪੈ ਗਿਆ ਤੇ ਕਰਜ਼ਾ ਵੀ ਨਹੀਂ ਲੱਥਾ।ਉਧਰ ਗੁਰੀ ਨੂੰ ਕੈਨੇਡਾ ਜਾਣ ਦਾ ਭੂਤ ਸਵਾਰ ਹੋ ਗਿਆ। ਰੁਲਦੇ ਨੂੰ ਲੱਗਾ ਕਿ ਮੁੰਡੇ ਨੂੰ ਕੈਨੇਡਾ ਭੇਜ ਕੇ ਗੱਲ ਬਣਨੀ ਹੈ, ਹੁਣ ਡਾਲਰਾਂ ਨਾਲ ਹੀ ਕਰਜ਼ਾ ਉਤਰੂ... ਲਓ ਜੀ ਪਲੱਸ ਟੂ ਕਰਦਿਆਂ ਹੀ ਗੁਰੀ ਸ਼ਹਿਰ ਆਈਲੈਟਸ ਕਰਨ ਲੱਗ ਪਿਆ। ਇਕ ਵਾਰ ਪੇਪਰ ਦਿੱਤਾ... ਬੈਂਡ ਘੱਟ ਆਏ... ਫਿਰ ਦੂਜੀ ਵਾਰ ਦਿੱਤਾ... ਫਿਰ ਬੈਂਡ ਘੱਟ ਗਏ... ਫਿਰ ਤੀਜੀ ਵਾਰ ਦਿੱਤਾ ਫਿਰ ਸਾਢੇ ਛੇ ਬੈਂਡ ਆ ਗਏ... ਕੈਨੇਡਾ ਦਾ ਪੇਪਰ ਵਰਕ ਸ਼ੂਰੂ ਹੋ ਗਿਆ। ਇਕ ਦਿਨ ਗੁਰੀ ਆਪਣੇ ਬਾਪੂ ਰੁਲਦੇ ਨੂੰ ਏਜੰਟ ਕੋਲ ਲੈ ਗਿਆ, ‘‘ਦੇਖੋਂ ਬਾਪੂ ਜੀ! ਦੋ ਸਾਲ ਦੇ ਸਟੱਡੀ ਵੀਜ਼ੇ ਲਈ ਤੀਹ ਪੈਂਤੀ ਲੱਖ ਦੀ ਗੇਮ ਹੈ... ਦੋ ਸਾਲ ਬਾਅਦ ਮੁੰਡੇ ਨੂੰ ਵਰਕ ਪਰਮਿਟ ਮਿਲ ਜਾਣਾ ਫਿਰ ਇਹ ਪੀ ਆਰ ਲਈ ਅਪਲਾਈ ਕਰ ਦੇਵੇ ਤੇ ਛੇ ਸਾਲ ਵਿਚ ਮੁੰਡਾ ਪੱਕਾ ਕੈਨੇਡਾ ਦਾ ਸਿਟੀਜਨ। ਫੇਰ ਭਾਵੇਂ ਡਾਲਰ ਝਾੜੂ ਨਾਲ ਹੂੰਝੀ ਜਾਇਓ! ਰੁਲਦਾ ਸਿੰਘ ਦੀਆਂ ਅੱਖਾਂ ਖੁਸ਼ੀ ਵਿਚ ਫੈਲ ਕੇ ਵੱਡੀਆਂ ਹੋ ਗਈਆਂ। ਉਹ ਕਿਸ਼ਨ ਅੜ੍ਹਤੀਏ ਕੋਲੋਂ ਤਿੰਨ ਖੱਤੇ ਗਹਿਣੇ ਰੱਖ ਕੇ ਬਾਰਾਂ ਲੱਖ ਦਾ ਕਰਜ਼ਾ ਲੈ ਲੈਂਦਾ ਹੈ। ਗੁਰੀ ਬਾਪੂ ਨੂੰ ਕਹਿੰਦਾ ਹੈ, ‘‘ਬਾਪੂ ਤੂੰ ਫ਼ਿਕਰ ਨਾ ਕਰ… ਡਿਪਲੋਮੇ ਤੋਂ ਬਾਅਦ ਮੈਨੂੰ ਵਰਕ ਪਰਮਟ ਮਿਲ ਜਾਣਾ ਫੇਰ ਮੈਂ ਦੋ ਸਾਲ ਵਿਚ ਟਰੱਕ ਚਲਾ ਕੇ ਕਿਸ਼ਨ ਅੜ੍ਹਤੀਏ ਕੋਲੋਂ ਸਾਰੇ ਖੱਤੇ ਵਿਆਜ਼ ਸਮੇਤ ਰਕਮ ਦੇ ਕੇ ਛੁਡਾ ਲੈਣੇ ਹਨ।ਤੇ ਗੁਰੀ ਤਿੰਨ ਮਹੀਨੇ ਵਿਚ ਕੈਨੇਡਾ ਪਹੁੰਚ ਜਾਂਦਾ ਹੈ। ਉਨ੍ਹਾਂ ਦਿਨ੍ਹਾਂ ਵਿਚ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਜੈਮਲ ਸਿੰਘ ਘੁੰਮਣ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਲੱਭਦਾ ਫਿਰਦਾ ਹੈ। ਰੁਲਦਾ ਸਿੰਘ ਵੀ ਇਕ ਦਿਨ ਉਹਨੂੰ ਟੱਕਰ ਜਾਂਦਾ ਹੈ, ‘‘ਰੁਲਦਾ ਸਿੰਘ ਜੀ! ਸਾਡੀ ਕਿਸਾਨ ਯੂਨੀਅਨ ਕਿਸਾਨਾਂ ਦੇ ਹੱਕਾਂ ਲਈ ਲੜਦੀ ਆ ਰਹੀ ਆ... ਮੰਡੀਆਂ ਵਿਚ ਜਿਹੜੀਆਂ ਫ਼ਸਲਾਂ ਰੁਲਦੀਆਂ... ਜਦੋਂ ਸਰਕਾਰਾਂ ਸਹੀ ਭਾਅ ਨਹੀਂ ਲਾਉਂਦੀਆਂ ਤੇ ਜਿਹੜੇ ਕਿਸਾਨ ਕਰਜ਼ੇ ਹੇਠ ਦੱਬੇ ਹੋਏ ਨੇ ਉਨ੍ਹਾਂ ਨੂੰ ਕਰਜ਼ੇ ਤੋਂ ਮੁਕਤੀ ਦੇਣ ਲਈ ਸੰਘਰਸ਼ ਕਰਦੀ ਹੈ। ਜੇਕਰ ਆਪਾਂ ਸਾਰੇ ਇਕੱਠੇ ਹੋ ਕੇ ਧਰਨੇ ਲਾਈਏ... ਚੰਡੀਗੜ੍ਹ ਜਾ ਕੇ ਰੈਲੀਆਂ ਕਰੀਏ ਤਾਂ ਸਰਕਾਰਾਂ ਹਿੱਲ ਜਾਣਗੀਆਂ... ਮੈਂ ਕਹਿੰਦਾ ਸਰਕਾਰਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਕੇ ਛੁੱਟਣਗੀਆਂ...।
ਰੁਲਦਾ ਸਿੰਘ ਨੂੰ ਕਰਜ਼ਾ ਮਾਫ਼ ਕਰਨ ਦੀ ਹੀ ਗੱਲ ਸੁਣੀ ਹੈ… ‘‘ਅੱਛਾ ਸਰਦਾਰ ਜੀ! ਜੇ ਕਰਜ਼ੇ ਮਾਫ਼ ਹੋ ਜਾਣਗੇ ਤਾਂ ਅਸੀਂ ਤੁਹਾਡੇ ਨਾਲ ਆ… ਦੱਸੋਂ ਕਿੱਥੇ ਧਰਨੇ ਦੇਣੇ ਆ… ਅਸੀਂ ਚੱਲਾਂਗੇ ਤੁਹਾਡੇ ਨਾਲ। ਜੈਮਲ ਸਿੰਘ ਨੇ ਤਿੰਨ ਕੁ ਮਹੀਨੇ ਵਿਚ ਸਾਰੇ ਕਰਜ਼ੇ ਹੇਠ ਦੱਬੇ ਕਿਸਾਨ ਇਕ ਪਲੇਟਫਾਰਮ ’ਤੇ ਇਕੱਠੇ ਕਰ ਲੈਂਦਾ ਹੈ। ਤਕਰੀਬਨ ਸਾਰੇ ਕਿਸਾਨ ਤਾਂ ਕਰਜਾਈ ਸਨ। ਇਕ ਦਿਨ ਸ਼ਾਮ ਨੂੰ ਜੈਮਲ ਸਿੰਘ ਰੁਲਦਾ ਸਿੰਘ ਦੇ ਪਿੰਡ ਆ ਜਾਂਦਾ ਹੈ, ਰੁਲਦੇ ਨੇ ਪਿੰਡ ਦੇ ਕਿਸਾਨ ਆਪਣੀ ਹਵੇਲੀ `ਕੱਠੇ ਕੀਤੇ ਹੋਏ ਹਨ। ਚਾਹ ਪਾਣੀ ਦਾ ਪ੍ਰਬੰਧ ਹੈ। ‘‘ਸਾਥੀਓ! ਆਪਾ ਅਗਲੇ ਮਹੀਨੇ ਦੇਸ਼ ਦੀ ਰਾਜਧਾਨੀ ਰੈਲੀ ਕਰਨੀ ਆ... ਉਥੇ ਦੇਸ਼ ਦੇ ਕੋਨੇ ਕੋਨੇ ਤੋਂ ਕਿਸਾਨ ਰੈਲੀ ’ਤੇ ਪਹੁੰਚ ਰਹੇ ਹਨ। ਅਸੀਂ ਰੈਲੀ ਦੌਰਾਨ ਸੜਕਾਂ ਤੇ ਰੇਲਾਂ ਜ਼ਾਮ ਕਰ ਦੇਣੀਆਂ ਹਨ। ਤੁਸੀਂ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਉਥੇ ਪਹੁੰਚਣਾ ਆ।
ਰੁਲਦਾ, ਮਿਲਖੀ ਨੂੰ ਵੀ ਉਸ ਰੈਲੀ ’ਤੇ ਲੈ ਜਾਂਦਾ ਹੈ। ਜੈਮਲ ਦੇ ਜੱਥੇ ਵਿਚ ਇਲਾਕੇ ਦੇ ਤਿੰਨ ਸੌ ਕਿਸਾਨ ਸਨ। ਜੈਮਲ ਸਿੰਘ ਉਨ੍ਹਾਂ ਦਾ ਲੀਡਰ ਸੀ। ਰੁਲਦਾ ਰੈਲੀ ਵਿਚ ਪਹੁੰਚ ਦੂਜੇ ਰਾਜਾਂ ਤੋਂ ਆਏ ਕਿਸਾਨ ਨੂੰ ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ, ‘‘ਹੈਂ! ਮਿਲਖੀ ਯਾਰ! ਇਹ ਭਈਏ ਜਿਹੇ ਵੀ ਕਿਸਾਨ ਆ… ਵੇਖ ਤਾਂ ਕਿਵੇਂ ਬੀੜੀਆਂ ਫੂਕੀ ਜਾ ਰਹੇ ਨੇ। ‘‘ਉਏ ਰੁਲਦਾ ਸਿਆਂ! ਤੂੰ ਕੀ ਸਮਝਦਾ ਬਈ ਜੱਟ ਈ ਕਿਸਾਨ ਹੁੰਦੇ ਆ... ਇਹ ਵੀ ਕਿਸਾਨ ਆ.... ਆ ਜਾ ਜੇ ਨਹੀਂ ਯਕੀਨ ਤਾਂ ਮਿਲਾ ਦੇਵਾਂ। ਮਿਲਖੀ ਰਾਮ ਉਹਦੀ ਬਾਂਹ ਫੜ ਕੇ ਉਹਨੂੰ ਇਕ ਮਹਾਂ ਰਾਸ਼ਟਰ ਦੇ ਕਿਸਾਨ ਕੋਲ ਲੈ ਜਾਂਦਾ ਹੈ।
ਉਸ ਦੇ ਕੋਲ ਜਾ ਕੇ ਮਿਲਖੀ ਕਹਿੰਦਾ ਹੈ, ‘‘ਹਮ ਪੰਜਾਬੀ! ਹਮ ਵੀ ਕਿਸਾਨ, ਤੁਮ ਵੀ ਕਿਸਾਨ! ‘‘ਓ! ਵਾਹ!! ਪੰਜਾਬ ਸੇ ਹੋ... ਕਿਆ ਬਾਤ ਹੈਂ... ਪੰਜਾਬ ਕਾ ਕਿਸਾਨ ਤੋਂ ਬਹੁਤ ਖੁਸ਼ਹਾਲ ਹੈ... ਬਹੁਤ ਸੀ ਤਰੱਕੀ ਕੀ ਹੈਂ ਪੰਜਾਬ ਕੇ ਕਿਸਾਨ ਨੇ... ਗੇਹੂ ਮੇਂ ਸਭ ਸੇ ਆਗੇ...ਆਲੂ ਦੀ ਫ਼ਸਲ ਮੇਂ ਆਗੇ... ਔਰ ਧਾਨ ਕੀ ਫ਼ਸਲ ਤੋਂ ਬੰਪਰ ਫ਼ਸਲ ਹੋਤੀ ਹੈ। ਵਹਾਂ ਤੋਂ ਬਹੁਤ ਪਾਨੀ ਹੈਂ... ਅੱਛੀ ਭੂਮੀ ਹੈਂ... ਫ਼ਸਲ ਤੋਂ ਹੋਗੀ ਹੀ... ਹਮਾਰੇ ਤੋ ਪਾਨੀ ਕੀ ਬਹੁਤ ਕਿੱਲਤ ਹੈਂ... ਫ਼ਸਲੇ ਬਾਰਸ਼ ਸੇ ਹੋਤੀ ਹੈਂ... ਜਬ ਬਾਰਸ਼ ਨਹੀਂ ਹੋਤੀ ਤੋਂ ਸੋਕਾ.... ਹਮ ਭੀ ਭੂਖੇ ਔਰ ਦਿਹਾਤ ਕੇ ਲੋਗ ਵੀ ਭੂਖੇ...।
‘‘ਆਪ ਗੰਨਾ ਬੀਜਤੇ ਹੋ?ਮਿਲਖੀ ਕਹਿੰਦਾ ਹੈ। ‘‘ਕਾ...ਈਖ ਕਹੇ ਨਾ.... ਨਾ ਭਾਈ... ਹਮਰੇ ਪ੍ਰਦੇਸ਼ ਮੇਂ ਤੋਂ ਦਾਲੇਂ ਹੋਤੀ ਹੈ। ਬਾਜ਼ਾਰ ਮੇਂ ਅਰਹਰ ਦਾ ਦਾਮ 200 ਰੁਪਏ ਪ੍ਰਤੀ ਕਿੱਲੋ ਹੋ ਗਯਾ... ਹਮ ਨੇ ਦੋ ਏਕੜ ਕੇ ਬਜਾਇ ਚਾਰ ਏਕੜ ਅਰਹਰ ਬੀਜ਼ ਦੀ... ਸਾਲ ਕੇ ਸੂਖੇ ਕੇ ਬਾਅਦ ਇਸ ਸਾਲ ਬਾਰਸ਼ ਵੀ ਅਧਿਕ ਹੂਈ... ਜਬ ਫ਼ਸਲ ਬਜ਼ਾਰ ਮੇਂ ਆਈ ਤੋਂ ਦਾਮ ਗਿਰਨੇ ਲਗੇ... ਬੰਪਰ ਫ਼ਸਲ ਕੇ ਬਾਵਜੂਦ ਹਮਾਰੀ ਸਰਕਾਰ ਨੇ ਵਿਦੇਸ਼ ਸੇ ਖੂਬ ਦਾਲੋਂ ਕਾ ਆਯਾਤ ਕੀਯਾ...ਕਿਆ ਹੂਆ ਕਿ ਅਰਹਰ ਕੇ ਦਾਮ ਚਾਰ ਹਜ਼ਾਰ ਪ੍ਰਤੀ ਕੁਵਿੰਟਲ ਗਿਰ ਗਯੇ... ਹਮ ਨੇ ਸੋਚਾ ਥਾ ਕਿ ਦਾਮ ਦਸ ਯਾ ਬਾਰਾ ਹਜ਼ਾਰ ਰੁਪਏ ਮਿਲੇਗੇ ਤੋਂ ਕਿਆ ਮਿਲਾ... ਦਾਲ ਕੇ ਪਾਂਚ ਹਜ਼ਾਰ ਵੀ ਨਹੀਂ ਮਿਲੇ...ਹਮ ਅਰਹਰ ਚਾਰ ਹਜ਼ਾਰ ਰੁਪਏ ਪ੍ਰਤੀ ਕੁਵਿੰਟਲ ਬੇਚਤੇ ਹੈਂ ਔਰ ਸਰਕਾਰ ਬਿਦੇਸ਼ ਸੇ ਦਸ ਹਜ਼ਾਰ ਪ੍ਰਤੀ ਕੁਵਿੰਟਲ ਕੀਮਤ ਸੇ ਅਰਹਰ ਆਯਾਤ ਕਰਤੀ ਹੈ...ਮਤਲਬ ਕਿ ਜੋ ਸਰਕਾਰ ਅਪਨੇ ਕਿਸਾਨੋ ਕੋ ਨਿਊਨਤਮ ਮੂਲ ਦੇ ਨਹੀਂ ਪਾ ਰਹੀ ਵੋਹ ਸਰਕਾਰ ਵਿਦੇਸ਼ ਸੇ ਦੁੱਗਨੇ ਦਾਮ ਪਰ ਦਾਲੇਂ ਮੰਗਵਾ ਰਹੀ ਹੈ। ਫਿਰ ਹਮ ਸਰਕਾਰ ਕੋ ਕਿਯਾ ਕਰੇਂਗੇ... ਪੂਰੇ ਦੇਸ਼ ਕਾ ਕਿਸਾਨ ਮਰ ਰਹਾ ਹੈ ਔਰ ਸਰਕਾਰ ਖਾਮੋਸ਼ ਹੈ... ਸੋਆਬੀਨ ਸੇ ਵੀ ਐਸਾ ਹੂਆ... । ਉਹ ਕਿਸਾਨ ਬੀੜੀ ਦਾ ਲੰਮਾ ਸੂਟਾ ਖਿੱਚਦਾ ਹੈ। ਤੇ ਉਹਦੇ ਨਾਲ ਖੜਾ ਇਕ ਹੋਰ ਕਿਸਾਨ ਬੋਲ ਪੈਂਦਾ ਹੈ,
‘‘ਹਮਾਰਾ ਦਿਹਾਤ ਸੋਆਬੀਨ ਸੇ ਜਾਨਾ ਜਾਤਾ ਹੈ… ਹਮਾਰਾ ਮਧਿਆ ਪ੍ਰਦੇਸ਼ ਇਲਾਕਾ ਹੈ… ਮਾਲਬਾ ਔਰ ਨਿਮਾਡਾ… ਹਮਾਰੀ ਇੰਦੌਰ ਕੀ ਮੰਡੀ ਮੇਂ ਸੋਆਬੀਨ ਕੇ ਦਾਮ ਤੀਨ ਹਜ਼ਾਰ ਸੇ ਉਪਰ ਨਹੀਂ ਗਯੇ… ਪਿਪਲੀਯਾ ਮੰਡੀ ਸੋਆਬੀਨ ਕਾ ਗੜ ਹੈ.. ਤੀਨ ਸਾਲ ਪਹਿਲੇ ਸੋਆਬੀਨ ਛੇ ਸੇ ਸਾਤ ਹਜ਼ਾਰ ਰੁਪਏ ਬਿਕਾ ਅਬ ਇਸ ਦਾ ਭਾਵ ਸਤਾਈਸ ਸੌ ਰੁਪਏ ਪਰ ਟਿਕ ਗਯਾ ਹੈ…ਔਰ ਮੂੰਗੀ ਪੱਚੀਸ਼ ਰੁਪਏ ਤੱਕ ਬਿਕੀ…ਹਮੇ ਨਿਊਨਤਮ ਮੂਲ ਕਾ ਆਧਾ ਦਾਮ ਵੀ ਨਹੀਂ ਮਿਲਾ… ਤੋਂ ਹਮ ਸੜਕੋਂ ਪਰ ਪ੍ਰਦਰਸ਼ਨ ਕਰੇਂਗੇ ਹੀ..। ‘ਭਾਈ ਸਾਹਿਬ ਹਮਾਰੇ ਪੰਜਾਬ ਮੇਂ ਵੀ ਐਸਾ ਹੋਤਾ ਹੈ... ਜਬ ਹਮਾਰੇ ਪ੍ਰਦੇਸ਼ ਮੇਂ ਆਲੂ ਜਿਆਦਾ ਹੋ ਜਾਤੇ ਹੈਂ ਤੋ ਸਹੀ ਦਾਮ ਨਹੀਂ ਮਿਲਤਾ... ਤੋਂ ਕਿਸਾਨ ਸੜਕੋਂ ਪਰ ਆਲੂ ਫੈਂਕਤੇ ਹੈ... ਪਿਛਲੇ ਸਾਲ ਇਸ ਤਰ੍ਹਾਂ ਹੂਆ... ਆਲੂ ਕੀ ਪੈਦਾਵਾਰ ਬਹੁਤ ਹੋ ਗਈ... ਕਿਸਾਨੋਂ ਨੇ ਸਭੀ ਆਲੂ ਸਟੋਰ ਕਰ ਦੀਏ... ਜਬ ਨਿਕਾਲਨੇ ਥੇ ਤੋਂ ਭਾਅ ਫਿਰ ਕਮ ਹੋ ਗਯਾ... ਫਿਰ ਹਮ ਨੇ ਆਲੂ ਸੜਕੋਂ ਮੇਂ ਖਿਲਾਰ ਦੀਏ... ਬਹੁਤ ਸੇ ਲੋਗੋ ਨੇ ਜੇਹ ਆਲੂ ਉਠਾ ਲੀਏ...ਕਿਸਾਨੋ ਨੇ ਗੰਨਾ ਸੂਗਰ ਮਿੱਲ੍ਹ ਮੇਂ ਵੇਚਾ ਮਿੱਲ੍ਹ ਵਾਲੋਂ ਨੇ ਅਬੀ ਤੱਕ ਪੈਸਾ ਨਹੀਂ ਦੀਆ... ਪਹਿਲੇ ਤੋਂ ਕਿਸਾਨ ਗੰਨਾ ਬੀਜੇ... ਉਸ ਕੋ ਪਾਨੀ ਦੇ ਫਿਰ ਖਾਦੇਂ ਡਾਲੇ ਫਿਰ ਫਸਲ ਕਾਟੇ ਔਰ ਮੰਡੀ ਮੇਂ ਦੇ... ਔਰ ਉਨ ਕੋ ਫੁੱਟੀ ਕੌਡੀ ਨਾ ਮਿਲੇ। ਔਰ ਜੋ ਖੇਤੋਂ ਮੇਂ ਮਜ਼ਦੂਰ ਕਾਮ ਕਰਤਾ ਹੈ... ਉਸ ਕੇ ਪਾਸ ਤੋਂ ਆਧਾ ਮਰਲਾ ਭੂਮੀ ਵੀ ਨਹੀਂ...ਵੋਹ ਵੀ ਕਰਜ਼ੇ ਕੀ ਮਾਰ ਝੇਲਤਾ ਹੈ। ਮਿਲਖੀ ਵੀ ਪੰਜਾਬ ਦੇ ਕਿਸਾਨਾਂ ਦਾ ਦਰਦ ਦੱਸਦਾ ਹੈ।
ਦੂਰ ਦੂਰ ਕਿਸਾਨ ਹੀ ਕਿਸਾਨ ਦਿਸ ਰਹੇ ਹਨ। ਦੂਰ ਸਟੇਜ ਲੱਗੀ ਹੋਈ ਹੈ। ਕਿਸਾਨ ਲੀਡਰ ਵਾਰੀ ਵਾਰੀ ਭਾਸ਼ਣ ਕਰ ਰਹੇ ਹਨ। ਰੁਲਦਾ ਸਿੰਘ ਆਪਣੇ ਕਾਮੇ ਮਿਲਖੀ ਨੂੰ ਇਕ ਪਾਸੇ ਲੈ ਜਾਂਦਾ ਹੈ, ‘‘ਯਾਰ ਮਿਲਖੀ! ਇਹ ਤਾਂ ਪੂਰੇ ਦੇਸ਼ ਵਿਚ ਆਵਾ ਊਤਿਆ ਹੋਇਆ ਹੈ। ਹਰ ਪਾਸੇ ਕਿਸਾਨ ਮਰ ਰਿਹਾ ਹੈ। ਤੂੰ ਸੁਣਿਆ ਨਹੀਂ ਇਕ ਲੀਡਰ ਆਤਮ ਹੱਤਿਆ ਕਰ ਚੁੱਕੇ ਕਿਸਾਨਾਂ ਬਾਰੇ ਦੱਸ ਰਿਹਾ ਸੀ। ਜਿਹੜੇ ਕਰਜ਼ੇ ਥੱਲੇ ਦੱਬੇ ਪਏ ਸਹਿਕ ਰਹੇ ਸਨ। ਗੱਲਾਂ ਕਰਦੇ ਉਹ ਸਟੇਜ਼ ਨੇੜੇ ਚਲੇ ਜਾਂਦੇ ਹਨ। ਇਕ ਲੀਡਰ ਭਾਸ਼ਣ ਦੇ ਰਿਹਾ ਹੈ, ‘‘ਸਾਥੀਓ! ਮੈਂ ਆਪ ਕੋ 1946 ਕਾ ਏਕ ਵਾਕਿਆ ਬਤਾਨਾ ਚਾਹਤਾ ਹੂੰ... ਜੇਹ ਬਾਤ ਗੁਜਰਾਤ ਕੇ ਏਕ ਗਾਂਵ ਕੀ ਹੈ... ਵਹਾਂ ਕੇ ਕਿਸਾਨੋਂ ਨੇ ਏਕ ਮਿਲਕ ਪਰੋਡਕਟ ਕੰਪਨੀ ਕੇ ਖਿਲਾਫ਼ ਅੰਦੋਲਨ ਖੜਾ ਕਰ ਦੀਆ... ਕਿ ਕਿਸਾਨ ਕਮ ਕੀਮਤ ਪਰ ਦੂਧ ਨਹੀਂ ਬੇਚੇਂਗੇ ਬਲਕਿ ਵੋਹ ਦੂਧ ਧਰਤੀ ਮੇਂ ਵਹਾ ਦੇਂਗੇ... ਵਹਾਂ ਪਰ ਨੇਤਾਂ ਲੋਕ ਬੋਲੇ ਕਿ ਆਪ ਲੋਗ ਜੋ ਦੂਧ ਕੀ ਪੈਦਾਵਾਰ ਕਰਤੇ ਹੋ ਉਸ ਸੇ ਕਾਮ ਨਹੀਂ ਚੱਲੇਗਾ... ਆਪ ਲੋਗੋ ਕੋ ਦੂਧ ਔਰ ਉਸ ਕੇ ਉਤਪਾਦ ਕੀ ਬਿਕਰੀ ਕਾ ਨਿਯੰਤਰਣ ਵੀ ਆਪਣੇ ਹਾਥ ਮੇਂ ਲੇਨਾ ਹੋਗਾ। ਜੇਹ ਉਸ ਅੰਦੋਲਨ ਕਾ ਨਤੀਜਾ ਥਾ ਕਿ ਆਜ ਗੁਜਰਾਤ ਮੇਂ ਗੁਜਰਾਤ ਕੋਅੱਪਰੇਟਿਵ ਮਿਲਕ ਮਾਰਕੀਟਿੰਗ ਫੇਡਰੇਸ਼ਨ ਯਾਨੀ ਅਮੂਲ ਦੇ ਰੂਪ ਮੇਂ ਕਰੀਬ 30 ਹਜ਼ਾਰ ਕਰੋੜ ਰੁਪਏ ਕੀ ਐਸੀ ਕੰਪਨੀ ਬਨੀ ਜੋ ਗੁਜਰਾਤ ਔਰ, ਔਰ ਰਾਜੋਂ ਕੇ ਕਿਸਾਨੋਂ ਕੀ ਆਮਦਨ ਦਾ ਅਧਾਰ ਬਨੀ... ਆਜ ਕਿਸਾਨੋਂ ਕੋ ਦੂਧ ਕੀ ਕੀਮਤ 40 ਰੁਪਏ ਲੀਟਰ ਮਿਲਤੀ ਹੈ... ਦਿੱਲੀ, ਮੁੰਬਈ ਕੇ ਆਸ ਪਾਸ ਕੇ ਜੋ ਛੇਤਰ ਹੈਂ... ਜੇਹ ਏਕ ਮਿਸਾਲ ਹੈ ਸਫ਼ਲ ਕਿਸਾਨ ਅੰਦੋਲਨ ਕੀ... ਸਾਥਾਓ! ਮੈਂ ਆਪ ਕੋ ਬਤਾਨਾ ਚਾਹਤਾ ਹੂੰ ਕਿ ਜਬ ਕਿਸਾਨੋਂ ਦੀ ਫ਼ਸਲੋ ਮੇਂ ਉਤਪਾਦਨ ਕੀ ਬਡੋਤਰੀ ਹੂਈ ਤੋਂ ਕਿਸਾਨ ਕੇ ਪਾਸ ਪੈਸਾ ਆਨੇ ਲਗਾ... ਔਰ ਇਸ ਸਮੇਂ ਮੋਟਰ ਸਾਇਕਲ ਔਰ ਟਰੈਕਟਰ ਇੰਡਸਟਰੀ ਗਾਵੋਂ ਤੱਕ ਫੈਲ ਗਈ... ਇਸ ਚਮਕ ਕੋ ਕਿਸਾਨੋਂ ਕੀ ਨਈ ਪੀੜ੍ਹੀ ਨੇ ਖੀਂਚਾ... ਓਧਰ ਦੇਸ਼ ਕੀ ਹਾਕਮ ਸਰਕਾਰੋ ਨੇ ਫ਼ਸਲੋਂ ਕੀ ਅਯਾਤ ਮੇਂ ਬਡੋਤਰੀ ਕਰ ਦੀ... ਗੇਹੂੰ, ਦਾਲੇ, ਤੇਲ ਵਗੈਰਾ ਵਹਾਂ ਸੇ ਹਮਾਰੇ ਦੇਸ਼ ਆਨੇ ਲਗਾ... ਖੇਤੀ ਉਤਪਾਦਨੋ ਮੇਂ ਏਕ ਦਮ ਗਿਰਾਵਟ ਆਨੇ ਲਗੀ... ਓਧਰ ਸਰਕਾਰ ਕਾ ਜੋਰ ਮਹਿੰਗਾਈ ਰੋਕਨੇ ਮੇਂ ਲਗਾ ਰਹਾ...ਜਿਸ ਕੇ ਚਲਤੇ ਫਸਲੋਂ ਕਾ ਲਾਗਤ ਮੂਲਿਆ ਵੇਚ ਮੂਲਿਆ ਸੇ ਬੜਨੇ ਲੱਗਾ... ਫਿਰ ਕਿਯਾ ਹੂਆ... ਕਿਸਾਨ ਕਰਜ਼ੇ ਮੇਂ ਫਸਨੇ ਲੱਗੇ ਔਰ ਖੁਦਕੁਸ਼ੀਏ ਕਰਨੇ ਲੱਗੇ... ਸਾਥੀਓ! ਮੈਂ ਆਪ ਕੋ ਬਤਾਨਾ ਚਾਹਤਾ ਹੂੰ ਕਿ 2015 ਮੇਂ ਤੀਨ ਲਾਖ ਚਾਲੀ ਹਜ਼ਾਰ ਕਿਸਾਨ ਆਤਮ ਹੱਤਿਆ ਕਰ ਚੁੱਕੇ ਹੈਂ..ਅਬ ਤੋਂ ਖੇਤ ਮਜ਼ਦੂਰੋਂ ਕੀ ਖੁਦਕੁਸ਼ੀ ਵੀ ਬੜਨੇ ਲੱਗੀ ਹੈਂ... 2017 ਮੇਂ ਸੁਪਰੀਮ ਕੋਰਟ ਮੇਂ ਰੱਖੇ ਗਏ ਅੰਕੜੇ ਬਤਾਤੇ ਹੈਂ ਕਿ ਹਰ ਸਾਲ ਬਾਰਾ ਹਜ਼ਾਰ ਸੇ ਅਧਿਕ ਲੋਗ ਆਤਮ ਹੱਤਿਆ ਕਰਤੇ ਹੈਂ...ਸਰਕਾਰੀ ਅੰਕੜੇ ਕੇ ਮੁਤਾਬਿਕ ਖੇਤੀ ਸੈਕਟਰ ਮੇਂ ਬਾਰਾ ਹਜ਼ਾਰ ਛੇ ਸੌ ਲੋਗੋ ਨੇ ਆਤਮ ਹੱਤਿਆ ਕੀ ਜਿਸ ਮੇਂ ਆਠ ਹਜ਼ਾਰ ਕੇ ਕਰੀਬ ਕਿਸਾਨ ਔਰ ਚਾਰ ਹਜ਼ਾਰ ਛੇ ਸੌ ਕੇ ਕਰੀਬ ਖੇਤ ਮਜ਼ਦੂਰ ਥੇ... ਔਰ ਗੈਰ ਸਰਕਾਰੀ ਸੂਤਰ ਇਸ ਕੀ ਗਿਨਤੀ ਕਹੀਂ ਅਧਿਕ ਬਤਾਤੇ ਹੈਂ... ਮੈਂ ਆਪ ਕੋ ਬਤਾਨਾ ਚਾਹਤਾ ਹੂੰ ਕਿ ਖੁਦਕੁਸ਼ੀ ਮੇਂ ਮਹਾਂਰਾਸ਼ਟਰ ਕੇ ਕਿਸਾਨੋ ਕੀ ਸੰਖਿਆ ਸਭ ਸੇ ਅਧਿਕ ਹੈ ਔਰ ਫਿਰ ਕਰਨਾਟਕ, ਤੇਲੰਗਨਾ, ਮੱਧ ਪ੍ਰਦੇਸ਼, ਪੰਜਾਬ ਆਤੇ ਹੈਂ। ਅਬ ਜੇ ਰਾਸ਼ਟਰੀ ਸੱਤਰ ਪਰ ਅੰਦੋਲਨ ਖੜਾ ਹੋ ਗਯਾ ਹੈ... ਸੋ ਸਾਥੀਓ! ਆਪ ਕੋ ਏਕ ਦਿਨ ਅਵੱਸ਼ ਸਫ਼ਲਤਾ ਮਿਲੇਗੀ... ਜੈ ਕਿਸਾਨ! ਜੈ ਭਾਰਤ!!
ਉਸ ਤੋਂ ਬਾਅਦ ਇਕ ਹੋਰ ਲੀਡਰ ਬੋਲਣ ਲੱਗ ਪੈਂਦਾ ਹੈ। ਮਿਲਖੀ ਹੁਰੀਂ ਸਟੇਜ ਤੋਂ ਦੂਰ ਜਾਣ ਲਈ ਪਿਛਲ ਖੁਰੀ ਤੁਰ ਪੈਂਦੇ ਹਨ।
‘‘ਰੁਲਦਾ ਸਿਆਂ! ਸਾਰੇ ਲੀਡਰ ਕਿਸਾਨਾਂ ਦੀ ਗੱਲ ਕਰੀ ਜਾ ਰਹੇ ਨੇ… ਜਿਹੜੇ ਸਾਡੇ ਵਰਗੇ ਨੇ… ਜਿਨ੍ਹਾਂ ਕੋਲ ਜ਼ਮੀਨ ਦਾ ਟੁਕੜਾ ਵੀ ਨਹੀਂ… ਉਹ ਵੀ ਕਰਜ਼ੇ ਹੇਠ ਦੱਬੇ ਪਏ ਹਨ… ਉਨ੍ਹਾਂ ਦੀ ਕੋਈ ਗੱਲ ਈ ਨਹੀਂ ਕਰਦਾ ਯਾਰ… ਮੈਂ ਵੀ ਕਰਜ਼ਾਈ ਹਾਂ… ਮੇਰੇ ਵਰਗੇ ਹੋਰ ਭਰਾ ਵੀ ਕਰਜ਼ੇ ਹੇਠ ਦੱਬੇ ਹੋਏ ਹਨ…ਚੱਲ ਰੁਲਦਾ ਸਿਆਂ ਕਿਤੇ ਠੇਕਾ ਲੱਭੀਏ! ਲੀਡਰਾਂ ਨੇ ਸਾਡੇ ਸਿਰਾਂ ’ਤੇ ਐਨਾ ਬੋਝ ਪਾ ਦਿੱਤਾ ਹੈ, ਇਹ ਹੁਣ ਦਾਰੂ ਨਾਲ ਈ ਲੱਥੂਗਾ।ਮਿਲਖੀ ਆਪਣਾ ਰੋਣਾ ਲੈ ਕੇ ਬੈਠ ਜਾਂਦਾ ਹੈ। ਤੇ ਉਹ ਠੇਕਾ ਲੱਭ ਕੇ ਹਾਤੇ `ਚ ਜਾ ਬੈਠਦੇ ਹਨ। ਅੱਗੋਂ ਹਾਤਾ ਰੈਲੀ `ਤੇ ਪਹੁੰਚੇ ਕਿਸਾਨਾਂ ਨਾਲ ਭਰਿਆ ਪਿਆ ਹੈ। ਮਿਲਖੀ ਨੂੰ ਚੇਤੇ ਆਉਂਦਾ ਹੈ ਕਿ ਇਕ ਦਿਨ ਖੇਤ ਮਜ਼ਦੂਰ ਯੂਨੀਅਨ ਵਾਲੇ ਵੀ ਉਸ ਕੋਲ ਆਏ ਸਨ। ਉਨ੍ਹਾਂ ਦੇ ਇਕ ਲੀਡਰ ਨੇ ਕਿਹਾ ਸੀ ਕਿ ਮਿਲਖੀ ਰਾਮ ਜੀ ਤੁਹਾਨੂੰ ਪਤੈ ਕਿ ਪੰਜਾਬ ਵਿਚ ਤੁਹਾਡੇ ਵਰਗੇ ਮਜ਼ਦੂਰ ਵੀ ਕਰਜ਼ੇ ਥੱਲੇ ਦੱਬੇ ਹੋਏ ਹਨ। ਸਰਕਾਰਾਂ ਸਾਡੇ ਵਰਗੇ ਦਲਿਤ ਲੋਕਾਂ ਦੀ ਗੱਲ ਹੀ ਨਹੀਂ ਕਰਦੀਆਂ... ਨਾ ਹੀ ਕਿਸਾਨ ਯੂਨੀਅਨਾਂ ਵਾਲੇ ਕਰਦੇ ਹਨ। ਅਸੀਂ ਪਿੰਡ ਪਿੰਡ ਜਾ ਕੇ ਜਿਹੜੇ ਕਰਜ਼ੇ ਥੱਲੇ ਦੱਬੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕ ਹਨ, ਅਸੀਂ ਉਨ੍ਹਾਂ ਨੂੰ ਇਕੱਠੇ ਕਰਨ ਲੱਗੇ ਹੋਏ ਆਂ... ਜਿਹੜਾ ਖੇਤ ਮਜ਼ਦੂਰ ਕਰਜ਼ੇ ਤੋਂ ਦੁੱਖੀ ਹੋ ਕੇ ਆਤਮ ਹੱਤਿਆ ਕਰਦਾ ਹੈ ਉਸ ਬਾਰੇ ਸਾਰੇ ਚੁੱਪ ਹੋ ਜਾਂਦੇ ਹਨ। ਅਸੀਂ `ਕੱਠੇ ਹੋ ਕੇ ਰੈਲੀਆਂ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਦਲਿਤ ਭਰਾ ਜਿਹੜੇ ਕਰਜ਼ੇ ਕਰਕੇ ਆਤਮ ਹੱਤਿਆ ਕਰਦੇ ਹਨ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਸੋਚਿਆ ਜਾਵੇ। ਉਨ੍ਹਾਂ ਦੇ ਕਰਜ਼ੇ ਮਾਫ ਕੀਤੇ ਜਾਣ। ਪੰਜਵੇਂ ਦਿਨ ਦੋਵੇਂ ਰੈਲੀ ਤੋਂ ਵਾਪਸ ਮੁੜਦੇ ਹਨ। ਉਨ੍ਹਾਂ ਦਾ ਲੀਡਰ ਜੈਮਲ ਸਿੰਘ ਅਜੇ ਉਥੇ ਹੀ ਰੁਕਦਾ ਹੈ। ਰੁਲਦਾ ਸਿੰਘ ਨੂੰ ਆਸ ਹੋ ਜਾਂਦੀ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਜਾਣਾ ਹੈ। ਕਿਸਾਨ ਯੂਨੀਅਨ ਵਾਲੇ ਸਰਕਾਰ ਨੂੰ ਮੰਨਵਾ ਕੇ ਸਾਹ ਲੈਣਗੇ। ਤੀਜੇ ਦਿਨ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸਾਨ ਦੀ ਰੈਲੀ ਵਿਚ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ... ਪੰਜ ਕਿਸਾਨ ਥਾਂ ’ਤੇ ਮਰ ਗਏ ਸਨ... ਬਹੁਤ ਸਾਰਿਆ ਦੇ ਸੱਟਾਂ ਲੱਗੀਆਂ ਸਨ। ਰੁਲਦਾ ਸਿੰਘ ਕੋਲੋਂ ਬੈਂਕ ਦੀਆਂ ਕਿਸ਼ਤਾਂ ਦੇ ਨਹੀਂ ਹੁੰਦੀਆਂ... ਕਿਸ਼ਨ ਅੜ੍ਹਤੀਆਂ ਹਰ ਮਹੀਨੇ ਵਿਆਜ਼ ਲਾ ਲਾ ਕੇ ਰਕਮ ਵਧਾਈ ਜਾ ਰਿਹਾ ਹੈ। ਰੁਲਦੇ ਕੋਲ ਭਲਾ ਕਿਹੜਾ ਬਲੈਕ ਦੀ ਕਮਾਈ ਆਉਂਦੀ ਹੈ... ਜਾਂ ਗੁਰੀ ਡਾਲਰ ਭੇਜਦਾ ਹੈ... ਸੀਜ਼ਨ `ਤੇ ਕਣਕ ਝੋਨੇ ਤੋਂ ਜਿਹੜੇ ਪੈਸੇ ਬਚਦੇ ਹਨ ਉਹ ਬੈਂਕ ਤੇ ਅੜ੍ਹਤੀਏ ਦੀ ਝੋਲੀ ਪਾ ਆਉਂਦਾ ਹੈ... ਜਾਂ ਫਿਰ ਘਰ ਦੀਆਂ ਖੱਲ੍ਹਾ ਖੂੰਜਿਆਂ ਵਿਚ ਵੜ ਜਾਂਦੇ ਹਨ। ਜਦੋਂ ਕਿਤੇ ਪੈਸੇ ਦੀ ਲੋੜ ਪੈਂਦੀ ਤਾਂ ਕਿਸ਼ਨ ਅੜ੍ਹਤੀਏ ਕੋਲ ਜਾ ਖੜਦਾ ਹੈ...ਜਦੋਂ ਅੜ੍ਹਤੀਏ ਕੋਲ ਜਾਂਦਾ ਤਾਂ ਉਹ ਰੁਲਦੇ ਨੂੰ ਫ਼ਿਕਰਾਂ ਵਿਚ ਪਾ ਦਿੰਦਾ ਹੈ, ‘‘ਰੁਲਦਾ ਸਿਆਂ ਰਕਮ ਹੁਣ ਵਿਆਜ਼ ਪੈ ਕੇ ਦੁੱਗਣੀ ਤੋਂ ਟੱਪ ਗਈ ਆ...। ਰੁਲਦਾ ਕੈਨੇਡਾ ਬੈਠੇ ਗੁਰੀ ਵੱਲ ਝਾਕਦਾ ਰਹਿੰਦਾ ਹੈ। ਗੁਰੀ ਪੰਜ ਲੱਖ ਰੁਪਈਆਂ ਹੋਰ ਮੰਗਵਾ ਲੈਂਦਾ ਹੈ… ਰੁਲਦਾ ਆੜ੍ਹਤੀਏ ਦੇ ਪਰਨੋਟ ਤੇ ਦਸਖ਼ਤ ਕਰ ਕੇ ਪੰਜ ਲੱਖ ਹੋਰ ਕਰਜ਼ਾ ਲੈ ਲੈਂਦਾ ਹੈ। ਕਿਸ਼ਨ ਆੜ੍ਹਤੀਆ ਦੋ ਖੱਤੇ ਆਪਣੇ ਨਾਂ ਕਰਵਾ ਕੇ ਰੁਲਦੇ ਦਾ ਇਕ ਖੱਤਾ ਹੋਰ ਗਹਿਣੇ ਧਰ ਲੈਂਦਾ ਹੈ। ਰੁਲਦਾ ਇਸ ਗੱਲ ਦੀ ਘਰ ਵਿਚ ਧੂਹ ਨਹੀਂ ਕੱਢਦਾ… ਉਹਨੂੰ ਬਸ ਗੁਰੀ ਦੇ ਡਾਲਰਾਂ ਤੋਂ ਆਸ ਬੱਝੀ ਹੋਈ ਹੈ। ਉਧਰ ਬੈਂਕ ਦਾ ਮੈਨੇਜ਼ਰ ਘਰ ਆ ਕੇ ਕਹਿ ਦਿੰਦਾ ਹੈ ਕਿ, ‘‘ਸਰਦਾਰ ਰੁਲਦਾ ਸਿੰਘ ਜੀ! ਜੇ ਹੋਰ ਇਕ ਮਹੀਨੇ ਕਰਜ਼ੇ ਦੀ ਕਿਸ਼ਤ ਦੇ ਨਾ ਹੋਈ ਤਾਂ ਅਸੀਂ ਜ਼ਮੀਨ ਕੁਰਕ ਕਰ ਲੈਣੀ ਹੈ। ਰੁਲਦਾ ਮੈਨੇਜ਼ਰ ਦੀ ਗੱਲ ਸੁਣ ਕੇ ਗਹਿਰੇ ਸਦਮੇ ਵਿਚ ਚਲਾ ਜਾਂਦਾ ਹੈ। ਉਹ ਬੋਲਦਾ ਹੀ ਨਹੀਂ। ਇਕ ਦੋ ਵਾਰ ਮਿਲਖੀ ਉਹਨੂੰ ਮਿਲਣ ਆਉਂਦਾ ਹੈ। ਪਰ ਉਹ ਬੋਲਦਾ ਨਹੀਂ। ਇਕ ਦਿਨ ਸਾਝਰੇ ਸਾਝਰੇ ਖ਼ਬਰ ਪਿੰਡ ਵਿਚ ਅੱਗ ਵਾਂਗ ਫੈਲ ਜਾਂਦੀ ਹੈ ਕਿ ਪਿੰਡ ਦਾ ਬੇਜ਼ਮੀਨਾ ਜ਼ਿੰਮੀਦਾਰ ਰੌਸ਼ਨ ਸਿੰਘ ਕੀੜੇ ਮਾਰ ਦਵਾਈ ਪੀ ਕੇ ਆਤਮ ਹੱਤਿਆ ਕਰ ਲੈਂਦਾ ਹੈ। ਪਿੰਡ ਵਿਚ ਚੀਕ ਚਿਹਾੜਾ ਪੈ ਜਾਂਦਾ ਹੈ। ਮਿਲਖੀ ਭੱਜਾ ਭੱਜਾ ਆਉਂਦਾ ਹੈ। ਦੂਜੇ ਦਿਨ ਉਹਦੇ ਘਰ ਦੇ ਪੁਲਿਸ ਨੂੰ ਸੂਚਨਾ ਦਿੰਦੇ ਹਨ। ਪਟਵਾਰੀ ਆਉਂਦਾ ਹੈ। ਉਹ ਠਾਣੇਦਾਰ ਨੂੰ ਕਹਿੰਦਾ ਹੈ , ‘‘ਠਾਣੇਦਾਰ ਜੀ! ਰੌਸ਼ਨ ਨੇ ਜਿਹੜਾ ਕਰਜ਼ਾ ਲਿਆ ਸੀ ਉਹ ਖੇਤੀ ਲਈ ਨਹੀਂ ਸੀ... ਉਹਨੇ ਕਰਜ਼ਾ ਲਿਆ ਕੁੜੀ ਦੇ ਵਿਆਹ ’ਤੇ... ਇਹਦਾ ਕਰਜ਼ਾ ਮਾਫ਼ ਨਹੀਂ ਹੋਣਾ...। ਕਰਜ਼ੇ ਉਹੀ ਮਾਫ਼ ਹੁੰਦੇ ਆ ਜਿਹੜੇ ਕਰਜ਼ੇ ਕਿਸਾਨ ਨੇ ਬੀਜਾਂ ਲਈ, ਖਾਦਾਂ ਲਈ, ਸਪਰੇਅ ਲਈ ਲਏ ਹੋਏ ਹਨ। ਭੀੜ ਵਿਚ ਰੁਲਦਾ ਵੀ ਆ ਖੜਦਾ ਹੈ। ਉਹ ਅੱਖਾਂ ਫੈਲਾ ਕੇ ਸਾਰੇ ਪਾਸੇ ਵੇਖ ਰਿਹਾ ਹੈ। ਉਹ ਰੌਸ਼ਨ ਸਿੰਘ ਦੀ ਲਾਸ਼ ਵਿਚ ਆਪਣਾ ਭਵਿੱਖ ਵੇਖਦਾ ਹੈ। ਭੀੜ ਚੋਂ ਸਰਪੰਚ ਬੋਲਦਾ ਹੈ,‘‘ਪਟਵਾਰੀ ਸਾਹਿਬ ਪਿਛਲੇ ਸਾਲ ਇਹਦਾ ਮੁੰਡਾ ਸ਼ਹਿਰੋਂ ਖਾਦ ਲੈਣ ਗਿਆ... ਰੇਲ ਗੱਡੀ ਥੱਲੇ ਆ ਕੇ ਮਰ ਗਿਆ ਸੀ। ਪੁਲਿਸ ਨੇ ਹਾਦਸੇ ਦਾ ਕੇਸ ਬਣਾ ਦਿੱਤਾ ਹੈ ਉਹ ਆਤਮ ਹੱਤਿਆ ਦਾ... ਤੁਸੀਂ ਇਹਦਾ ਕਰੋ ਜੀ ਕੁਝ, ਸੈਦ ਇਹਦਾ ਕਰਜ਼ਾ ਮਾਫ਼ ਹੋਜੇ।`` ਉਧਰ ਰੁਲਦਾ ਸਿੰਘ ਨੂੰ ਲੱਗਦਾ ਹੈ ਜਿਵੇਂ ਉਹ ਆਪ ਦਵਾਈ ਪੀ ਕੇ ਮੰਜੇ ’ਤੇ ਪਿਆ ਹੋਵੇ। ਰੌਸ਼ਨ ਨੇ ਠੇਕੇ ’ਤੇ ਤਿੰਨ ਏਕੜ ਜ਼ਮੀਨ ਲੈ ਕੇ ਉਹਦੇ ਵਿਚ ਆਲੂ ਬੀਜੇ ਸਨ, ਪਰ ਜਦੋਂ ਵਿਕੇ ਕੌਡੀਆ ਦੇ ਭਾਅ... ਕਿਸ਼ਨ ਆੜ੍ਹਤੀਏ ਦਾ ਉਹਦੇ ਸਿਰ ਕਰਜ਼ਾ ਚੜ੍ਹ ਗਿਆ। ਬਸ ਉਹੀ ਜਾਨ ਲੈ ਬੈਠਾ। ਸੋਚਦਾ ਉਹ ਪੱਥਰ ਜਿਹਾ ਹੋ ਜਾਂਦਾ ਹੈ। ਮਿਲਖੀ ਉਹਦੀ ਬਾਂਹ ਫੜ ਕੇ ਉਹਨੂੰ ਭੀੜ ਤੋਂ ਪਰੇਂ ਲੈ ਜਾਂਦਾ ਹੈ। ਰੁਲਦਾ ਕੁੱਝ ਨਹੀਂ ਬੋਲਦਾ। ਉਹ ਪੱਥਰ ਜਿਹਾ ਬਣ ਜਾਂਦਾ ਹੈ। ਇਕ ਟੱਕ ਤਾਕੀ ਵੱਲ ਝਾਕੀ ਜਾਂਦਾ ਹੈ। ਮੋਟਰ ਕੋਲ ਝੋਨੇ ਦੀ ਪਨੀਰੀ ਦੀ ਖੱਤੀ ਵਿਚ ਬੈਠਾ ਰੁਲਦਾ ਸਿਓਂ ਆਪਣੀ ਵਿਚਕਾਰਲੀ ਕੁੜੀ ਤੇਜੋ ਅਤੇ ਛੋਟੀ ਕੁੜੀ ਗਿਆਨ ਕੌਰ ਨਾਲ ਝੋਨੇ ਦੀ ਪਨੀਰੀ ਪੁੱਟ ਰਿਹਾ ਹੈ। ਨਾਲ ਉਸ ਨੇ ਮਿਲਖੀ ਨੂੰ ਲਾਇਆ ਹੋਇਆ ਹੈ, ‘‘ਯਾਰ ਮਿਲਖੀ! ਤਿੰਨ ਖੱਤਿਆਂ ਦੇ ਆਲੂ ਸੰਧੂ ਹੁਰਾਂ ਦੇ ਸਟੋਰ ਵਿਚ ਪਏ ਹਨ... ਸੋਚਿਆ ਸੀ ਜਦੋਂ ਭਾਅ ਚੰਗਾ ਲੱਗ ਗਿਆ ਤਾਂ ਚਾਰ ਪੈਸੇ ਕਮਾ ਲਵਾਂਗੇ... ਪਰ ਆਲੂ ਸੱਤ ਸੌ ਰੁਪਏ ਤੋਂ ਟੱਪਦੇ ਨਹੀਂ... ਹੋਰ ਤਿੰਨ-ਚਾਰ ਮਹੀਨਿਆਂ ਨੂੰ ਨਵੇਂ ਆਲੂ ਬੀਜ ਹੋਣੇ ਸ਼ੁਰੂ ਹੋ ਜਾਣੇ ਨੇ... ਸਟੋਰ ਆਲੇ ਕਹਿੰਦੇ ਆ ਆਲੂ ਚੁੱਕ ਲਓ... ਸਟੋਰ ਆਲਾ ਕਹਿ ਰਿਹਾ ਸੀ ਬਈ ਹਜ਼ਾਰਾਂ ਕੁਇੰਟਲ ਆਲੂ ਆਸ ਪਾਸ ਦੇ ਸਟੋਰਾਂ ਵਿਚ ਡੰਪ ਹੋਏ ਪਏ ਨੇ... ਉਨ੍ਹਾਂ ਦੇ ਪੈਸੇ ਵੀ ਦੇਣ ਆਲੇ ਆ... ਤੂੰ ਦੱਸ ਕਿਥੇ ਸੁੱਟੀਏ ਆਲੂ... ਚੱਜ ਦਾ ਭਾਅ ਈ ਨਹੀਂ ਮਿਲਦਾ...ਤੂੰ ਆਪੇ ਹਸਾਬ ਲਾ ਲੈ.. ਪੰਜ ਹਜ਼ਾਰ ਵਹਾਈ ਦਾ, ਡੀਜਲ ਦਾ ਖਰਚਾ... ਇਕ ਏਕੜ ਦਾ... ਫੇ ਡੀ ਏ ਪੀ ਖਾਦ ਦੇ ਪੰਜ ਥੈਲੇ ਪੈਂਦੇ...ਤਿੰਨ ਥੈਲੇ ਪੋਟਾਸ਼ ਦੇ ਪੈਂਦੇ... ਤਿੰਨ ਥੈਲੇ ਯੂਰੀਆ ਦੇ ਪੈਂਦੇ...ਪੰਜ ਹਜ਼ਾਰ ਦਾ ਇਹ ਖਰਚਾ ਪੈ ਜਾਂਦਾ... ਫੇ ਢੋਅ ਡੁਆਈ ਦੇ ਖਰਚੇ ਲਾ ਪਾ ਕੇ ਬਾਰਾ ਸੌ ਨੂੰ ਬੋਰੀ ਪਹੁੰਚ ਜਾਂਦੀ ਆ ਤੇ ਮਿਲਦਾ ਕੀ ਛੁਣਛੁਣਾ... ਮਸਾਂ ਈ ਦੋ ਸੌ ਰੁਪਏ... ਹੁਣ ਝੋਨਾ ਬੀਜਣ ਲਈ ਆੜ੍ਹਤੀਏ ਕੋਲੋਂ ਖਾਦ ਤੇ ਦਵਾਈ ਚੁੱਕ ਲਈ ਆ... ਪਹਿਲੇ ਪੈਸੇ ਅਜੇ ਖੜੇ ਆ... ਉਪਰੋਂ ਬੈਂਕ ਆਲੇ ਚਿੱਠੀਆਂ ਭੇਜੀ ਜਾਂਦੇ ਆ... ਮੁੰਡੇ ਦੀ ਪੜ੍ਹਾਈ ਪੂਰੀ ਹੋਣ ਨੂੰ ਅਜੇ ਸੱਤ ਅੱਠ ਮਹੀਨੇ ਪਏ ਆ... ਫਿਰ ਕਿਤੇ ਜਾ ਕੇ ਕੰਮ ਦਾ ਪਰਮਟ ਮਿਲੂ... ਲੰਮਾ ਕੰਮ ਹੈ...ਤੂੰ ਦੱਸ ਬੰਦਾ ਕਿਹੜੇ ਖੂਹਚ ਛਾਲ ਮਾਰੇ… ਖੱਤੇ ਛੱਡ ਕੇ ਜੰਗਲਾਂ ਵਿਚ ਭੱਜਿਆਂ ਵੀ ਗੁਜਾਰਾ ਨਹੀਂ… ਰੁਲਦਾ ਸਿੰਘ ਪਸ਼ੀਨੋ ਪਸ਼ੀਨੀ ਹੋਇਆ ਪਨੀਰੀ ਪੁੱਟੀ ਜਾ ਰਿਹਾ ਹੈ ਨਾਲੇ ਬੋਲੀ ਜਾ ਰਿਹਾ ਹੈ।
‘‘ਰੁਲਦਾ ਸਿਆ! ਤੂੰ ਵੀ ਅੱਡੀਆਂ ਚੁੱਕ ਚੁੱਕ ਕੇ ਫਾਹਾ ਲਿਆ… ਪਹਿਲਾ ਕਰਜ਼ਾ ਚੁੱਕ ਕੇ ਟਰੈਕਟਰ ਲੈ ਲਿਆ… ਫਿਰ ਹੋਰ ਸੰਦ-ਪੌਲਾ ਲੈ ਲਿਆ… ਉੱਤੋਂ ਤੁਹਾਡਾ ਲਾਡਲਾ ਗੁਰੀ… ਡੱਕਾ ਦੋਹਰਾ ਨੀਂ ਸੀ ਕਰਦਾ… ਖਰਚਾ ਵਧਾਈ ਗਏ… ਆਮਦਨ ਧੇਲੇ ਦੀ ਨੀਂ ਫੇਰ ਤਾਂ ਭਾਈ ਬੰਦੇ ਨੇ ਮਰਨਾ ਈ ਮਰਨਾ… ਫੇਰ ਗੁਰੀ ਨੂੰ ਕੈਨੇਡਾ ਭੇਜ ’ਤਾ… ਆੜਤੀਆ ਦੇ ਕਰਜ਼ੇ ਥੱਲੇ ਦੱਬ ਹੋ ਗਏ… ਮੈਂ ਸੁਣਿਆ ਆੜ੍ਹਤੀਏ ਨੇ ਦੋ ਖੱਤੇ ਆਪਣੇ ਨਾਂ ਬੀ ਕਰਵਾ ਲਏ ਆ… ਫ਼ਸਲਾਂ ਦਾ ਚੱਜ ਨਾਲ ਭਾਅ ਨੀਂ ਲੱਗਦਾ… ਤੇਰੇ ਕੋਲ ਜ਼ਮੀਨ ਹੈਗੀ ਆ ਤਾਂ ਬੀ ਮਰੂ ਮਰੂ ਕਰੀ ਜਾਂਦੈ ਮੇਰੇ ਕੋਲ ਹੈ ਨਹੀਂ ਮੈਂ ਤਾਂ ਮਰੂ ਮਰੂ ਕਰਨਾ ਈ ਆ… ਤੂੰ ਦੇਖ ਲੈ ਮੇਰਾ ਬਾਬਾ ਤੁਹਾਡੇ ਸੀਰੀ ਸੀਗਾ… ਫੇਰ ਭਾਪਾ ਲੱਗ ਗਿਆ… ਫੇ ਮੇਰੀ ਵਾਰੀ ਆ ਗਈ… ਪਰ ਸਾਡੇ ਘਰ ਦੀਆਂ ਛੱਤਾਂ ਅਜੇ ਵੀ ਮੀਂਹ ਚ ਚੋਣ ਲੱਗ ਪੈਂਦੀਆਂ... ਮੇਰਾ ਮੁੰਡਾ ਕਹਿੰਦਾ ਭਾਪਾ ਹੁਣ ਨੀਂ ਮੈਂ ਖੇਤਾਂਚ ਦਿਹਾੜੀਆਂ ਕਰਨੀਆਂ।ਮਿਲਖੀ ਪਨੀਰੀ ਦੀ ਪੂਲੀ ਬੰਨ੍ਹਦਾ ਕਹਿੰਦਾ ਹੈ। ‘‘ਤੂੰ ਵੀ ਤਾਂ ਫਾਇਨਾਂਸ ਕੰਪਨੀ ਦੇ ਕਰਜ਼ੇ ਥੱਲੇ ਦੱਬਿਆਂ ਪਿਆਂ... ਬਚਾਰੀ ਕੁੜੀ ਮਨਜੀਤ ਕਰਜ਼ੇ ਦੀਆਂ ਕਿਸ਼ਤਾਂ ਲਾਹੁੰਦੀ ਬੁੱਢੀ ਹੋ ਗਈ... ਨਾਲੇ ਖੇਤੀ ਤਾਂ ਸਾਡੇ ਵਰਗੇ ਜੱਟਾਂ ਦੇ ਹੱਥਾਂ `ਚੋਂ ਨਿਕਲਦੀ ਜਾਂਦੀ ਹੈ। ਵੇਖ ਲੈ ਸਾਲੇ ਕਿਸ਼ਨ ਆੜ੍ਹਤੀਏ ਨੇ ਕਿੰਨੇ ਖੱਤੇ ਬਣਾ ਲਏ... ਹੱਟੀ ’ਤੇ ਬੈਠਾ ਖੱਤੇ ਠੇਕੇ ’ਤੇ ਦਈ ਜਾਂਦਾ... ਉਨ੍ਹਾਂ ਨੂੰ ਉਥੋਂ ਖਾਦਾਂ ਤੇ ਬੀਜ ਚਕਾਈ ਜਾਂਦਾ ਵਹੀ ’ਤੇ ਰਕਮ ਮਨ ਮਰਜ਼ੀ ਦੀ ਲਿਖਦਾ। ਮੋਟੀ ਕਮਾਈ ਕਰੀ ਜਾਂਦਾ। ਰੁਲਦਾ ਕਹਿੰਦਾ ਹੈ।
‘‘ਮੇਰਾ ਪੋਤਾ ਪੰਜ ਸਾਲ ਦਾ ਹੋ ਗਿਆ…ਉਹ ਬੋਲਦਾ ਈ ਨੀਂ…. ਤੁਰਦਾ ਈ ਮਸੀਂ ਆ… ਨਿਆਣਾ ਹੋਇਆ ਉਹ ਵੀ ਮੁਸੀਬਤ… ਡਾਕਟਰਾਂ ਦੇ ਇਲਾਜ਼ ਵਿਚ ਬੜਾ ਪੈਸਾ ਖਰਾਬ ਕੀਤਾ… ਕਰਜ਼ਾ ਚੁੱਕ ਚੁੱਕ ਕੇ ਦੂਰ ਦੂਰ ਡਾਕਟਰਾਂ ਦੇ ਲੈ ਕੇ ਜਾਂਦਾ ਰਿਹਾ… ਬਈ ਮੁੰਡੇ ਦੀ ਜੜ੍ਹ ਹਰੀ ਰਹੇ… ਪਰ… ਘਰ ਆਲੀ ਹੱਡੀਆਂ ਦੀ ਮੁੱਠ ਬਣੀ ਪਈ ਆ… ਮਸਾਂ ਹੀ ਐਤਕੀਂ ਦਾ ਸਿਆਲ ਕੱਢੂ… ਇਕ ਤਾਂ ਚੂਲਾ ਟੁੱਟ ਗਿਆ ਦੂਜਾ ਕੈਂਸਰ ਨੇ ਨੱਪ ਲਿਆ।ਮਿਲਖੀ ਪਨੀਰੀ ਪੁੱਟਦਾ ਪੁੱਟਦਾ ਖੜਾ ਹੋ ਜਾਂਦਾ ਹੈ। ਚਾਰੇ ਜਣੇ ਝੋਨਾ ਲਗਾਉਣ ਲੱਗ ਪੈਂਦੇ ਨੇ। ਇਸ ਵਾਰ ਬਿਹਾਰ ਤੋਂ ਭਈਏ ਬਹੁਤ ਘੱਟ ਆਏ ਹਨ। ਸੋ ਜ਼ਿੰਮੀਦਾਰਾਂ ਨੂੰ ਝੋਨਾ ਲਗਾਉਣ ਵਿਚ ਲੇਬਰ ਨਹੀਂ ਲੱਭ ਰਹੀ। ਹੱਥ ਤੰਗ ਹੋਣ ਕਰਕੇ ਰੁਲਦਾ ਤਿੰਨ ਮੱਝਾਂ ਵੇਚ ਦਿੰਦਾ ਹੈ। ਬਲਦਾਂ ਦੀ ਜੋੜੀ ਵੇਚ ਦਿੰਦਾ ਹੈ। ਖੇਤ ਝੋਨੇ ਨਾਲ ਹਰੇ ਭਰੇ ਹੋਣ ਲੱਗ ਪੈਂਦੇ ਨੇ... ਰੁਲਦਾ ਦਿਨ ਰਾਤ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਹਫ਼ਤੇ ਬਾਅਦ ਆ ਕੇ ਮਿਲਖੀ ਪੰਪ ਨਾਲ ਝੋਨੇ ’ਤੇ ਸਪਰੇਅ ਕਰ ਜਾਂਦਾ ਹੈ। ਕਈ ਵਾਰ ਉਹ ਮੋਟਰ ਦੀ ਛੱਤ ’ਤੇ ਮੰਜਾ ਡਾਹ ਕੇ ਰੁਲਦੇ ਨਾਲ ਸੌਂ ਜਾਂਦਾ ਹੈ। ਇਕ ਦਿਨ ਖੂਹ ’ਤੇ ਹੀ ਬੈਂਕ ਦਾ ਕਰਮਚਾਰੀ ਉਹਨੂੰ ਚਿੱਠੀ ਫੜਾ ਜਾਂਦਾ ਹੈ ਤੇ ਕਹਿ ਜਾਂਦਾ ਹੈ, ‘‘ਅਗਲੇ ਮਹੀਨੇ ਤੁਹਾਡੀ ਜ਼ਮੀਨ ਦੀ ਕੁਰਕੀ ਹੋਣੀ ਹੈ, ਬੈਂਕ ਨੇ ਜ਼ਮੀਨ ਵੇਚ ਕੇ ਆਪਣੇ ਪੈਸੇ ਵਿਆਜ਼ ਸਮੇਤ ਵਸੂਲ ਕਰਨੇ ਹਨ...।
‘‘ਲੈ ਸਾਲਿਓ ਮੇਰੀ ਜ਼ਮੀਨ ਕਿਵੇਂ ਕੁਰਕ ਕਰ ਲਓਗੇ! ਤੁਸੀਂ ਕੌਣ ਹੁੰਦੇ ਹੋ ਕੁਰਕ ਕਰਨ ਆਲੇ…. ਮੈਂ ਆਂ ਜ਼ਮੀਨ ਦਾ ਮਾਲਕ।ਰੁਲਦਾ ਗੁੱਸੇ ਵਿਚ ਕਹਿੰਦਾ ਹੈ। ‘‘ਸਰਦਾਰ ਜੀ! ਤੁਸੀਂ ਸਾਨੂੰ ਆਪਣੇ ਹੱਥ ਵੱਢ ਕੇ ਦਿੱਤੇ ਹੋਏ ਨੇ... ਸਾਰੇ ਕਾਗਜ਼ਾਂ ’ਤੇ ਦਸਖ਼ਤ ਕੀਤੇ ਹੋਏ ਹਨ...। ਬੈਂਕ ਦਾ ਕਰਮਚਾਰੀ ਕਹਿੰਦਾ ਹੈ।
‘‘ਦੱਸ ਦਈਂ ਬੈਂਕ ਮੈਨੇਜ਼ਰ ਨੂੰ ਜਾ ਕੇ ਜੇ ਕੁਰਕੀ ਕੀਤੀ ਤਾਂ ਤੁਹਾਡੇ ਧੱਕੇ ਚੜ੍ਹ ਕੇ ਦਵਾਈ ਪੀ ਲਊਂ… ਤੇ ਨਾਂ ਲਾਊ ਬੈਂਕ ਮੈਨੇਜ਼ਰ ਦਾ… ਫੇ ਸਾਲਾ ਸਾਰੀ ਉਮਰ ਲਈ ਬੱਝਾ ਰਹੂ… ਹਾਂ ਦੱਸ ਦਈਂ ਜਾ ਕੇ… ਸਾਲੇ ਨਵੇਂ ਬਾਣੀਏ ਜੰਮ ਧਰੇ ਆ ਸਰਕਾਰਾਂ ਨੇ। ਕਰਜ਼ਾ ਮੋੜਾਂਗੇ ਹੀ… ਅਸੀਂ ਕਿਹੜਾ ਪਿੰਡ ਛੱਡ ਕੇ ਨੱਠ ਚੱਲੇ ਆ।ਰੁਲਦਾ ਗੁੱਸੇ `ਚ ਆ ਏਧਰ ਉਧਰ ਸਿਰ ਫੇਰਦਾ ਹੈ। ਉਹਦੇ ਸਿਰ ’ਤੇ ਲਪੇਟਿਆ ਪਰਨਾ ਖੁੱਲ੍ਹ ਕੇ ਗਲ ਵਿਚ ਪੈ ਜਾਂਦਾ ਹੈ। ਉਸ ਦਿਨ ਤੋਂ ਬਾਅਦ ਰੁਲਦਾ ਚੁੱਪ ਹੀ ਹੋ ਜਾਂਦਾ ਹੈ। ਕਿੰਨੀ ਕਿੰਨੀ ਦੇਰ ਵੱਟਾਂ ’ਤੇ ਬੈਠਾ ਰਹਿੰਦਾ ਹੈ। ਘਰ ਜਾਂਦਾ ਤਾਂ ਬਹੁਤੀ ਗੱਲ ਨਹੀਂ ਕਰਦਾ... ਕੁੜੀਆਂ ਬਾਪੂ ਨੂੰ ਰੋਟੀ ਦੇ ਦਿੰਦੀਆਂ ਹਨ। ਉਹ ਰੋਟੀ ਖਾ ਕੇ ਲੰਮਾ ਪੈ ਕੇ ਸਾਰੀ ਸਾਰੀ ਰਾਤ ਅੰਬਰ ਵੱਲ ਝਾਕਦਾ ਰਹਿੰਦਾ ਹੈ। ਕਈ ਵਾਰ ਅੱਧੀ ਰਾਤ ਨੂੰ ਬੁੜ ਬੁੜ ਕਰਦਾ ਉੱਠ ਬੈਠਦਾ ਹੈ। ਖਾਲੀ ਹੋ ਗਈ ਹਵੇਲੀ ਵੱਲ ਨਜ਼ਰ ਮਾਰਦਾ ਹੈ... ਜਿੱਥੇ ਕਦੇ ਟਰੈਕਟਰ... ਟਰਾਲੀ... ਹਲ੍ਹ ਤੇ ਹੋਰ ਖੇਤੀ ਦਾ ਸਮਾਨ ਪਿਆ ਹੁੰਦਾ ਸੀ। ਇਕ ਨੁਕਰੇ ਮੱਝਾਂ ਬੰਨ੍ਹੀਆਂ ਹੋਈਆਂ ਹੁੰਦੀਆਂ ਸਨ... ਹੁਣ ਖੁਰਲੀਆਂ ਗਿੱਲੇ ਬਾਲਣ ਨਾਲ ਭਰੀਆਂ ਹੋਈਆਂ ਹਨ। ਜਦੋਂ ਕਿਤੇ ਉਹਦੇ ਮੁੰਡੇ ਗੁਰੀ ਦਾ ਬਾਹਰੋਂ ਫੋਨ ਆਉਂਦਾ ਹੈ ਤਾਂ ਉਹਦਾ ਗਲ਼ਾ ਖੁਸ਼ਕ ਹੋ ਜਾਂਦਾ ਹੈ... ਹੂੰ-ਹਾਂ ਕਰਕੇ ਮੁੜ ਫੋਨ ਕੁੜੀਆਂ ਨੂੰ ਫੜਾ ਦਿੰਦਾ ਹੈ। ਰੁਲਦਾ ਸੋਚਦਾ ਹੈ... ਲੈ ਹੁਣ ਬੈਂਕ ਵਾਲਿਆਂ ਨੇ ਬਾਕੀ ਜ਼ਮੀਨ ਨਹੀਂ ਛੱਡਣੀ... ਦੋ ਖੱਤੇ ਤਾਂ ਕਿਸ਼ਨ ਆੜ੍ਹਤੀਏ ਨੇ ਹੋਰ ਲੈ ਜਾਣੇ ਆ... ਉਹਦਾ ਕਰਜ਼ਾ ਈ ਬਹੁਤ ਹੋ ਗਿਆ... ਬਾਕੀ ਬੈਂਕ ਆਲਿਆਂ ਨੇ ਕੁਰਕ ਕਰ ਲੈਣੇ... ਮੈਨੂੰ ਸਾਲਿਆਂ ਨੇ ਰੜ੍ਹੇ ਬਿਠਾ ਦੇਣਾ... ਮੈਂ ਸ਼ਰੀਕੇ `ਚ ਕੀ ਮੂੰਹ ਦਿਖਾਓ... ਬਈ ਮੁੰਡਾ ਕੈਨੇਡਾ ਬੈਠਾ ਤੇ ਇਹ ਵੱਡਾ ਜ਼ਿੰਮੀਦਾਰ ਆਪਣੇ ਖੱਤੇ ਵੀ ਸਾਂਭ ਨਾ ਸਕਿਆ। ਲੋਕ ਮੈਨੂੰ ਪੁੱਛ ਪੁੱਛ ਕੇ ਤਾਂ ਜੀਉਂਦੇ ਨੂੰ ਮਾਰ ਦੇਣਗੇ। ਉਹ ਰੱਜ ਕੇ ਦਾਰੂ ਪੀਂਣ ਲੱਗ ਪਿਆ ਹੈ। ਦਾਰੂ ਤੋਂ ਬਿਨਾ ਉਹਨੂੰ ਨੀਂਦ ਹੀ ਨਹੀਂ ਆਉਂਦੀ। ... ਇਕ ਦਿਨ ਤੇਜ ਕੌਰ ਭੱਜੀ ਭੱਜੀ ਮਿਲਖੀ ਕੋਲ ਆਉਂਦੀ ਹੈ, ‘‘ਚਾਚਾ! ਭਾਪੇ ਨੇ ਫਾਹਾ ਲੈ ਲਿਆ... ਆ ਜਾ ਭੱਜ ਕੇ...। ਤੇਜੋ ਹੌਂਕਦੀ ਹੋਈ ਵਿਹੜੇ ਵਿਚ ਡਿੱਗ ਪੈਂਦੀ ਹੈ। ਜਗਦੰਬੇ ਫਾਇਨਾਂਸ ਕੰਪਨੀ ਵਿਚ ਕੰਮ ਕਰਦੀ ਮਨਜੀਤ ਕੌਰ ਉਹਨੂੰ ਚੁੱਕਦੀ ਹੈ।
ਮਿਲਖੀ ਉਨ੍ਹੀਂ ਪੈਰੀ, ਰੁਲਦਾ ਸਿੰਘ ਦੇ ਘਰ ਪਹੁੰਚ ਜਾਂਦਾ ਹੈ। ਰੁਲਦਾ ਗਾਡਰ ਨਾਲ ਪਾਏ ਰੱਸੇ ਨਾਲ ਲਟਕ ਰਿਹਾ ਹੈ। ਉਹਦੀ ਧੌਣ ਇਕ ਪਾਸੇ ਨੂੰ ਲੁੜਕ ਗਈ ਹੈ। ਫ਼ਰਸ਼ ’ਤੇ ਦਾਰੂ ਦੀ ਖਾਲੀ ਬੋਤਲ ਟੁੱਟੀ ਹੋਈ ਪਈ ਹੈ। ਪਿੰਡ ਦੇ ਮੁੰਡਿਆਂ ਨੇ ਰਲ਼ ਕੇ ਰੁਲਦਾ ਸਿੰਘ ਨੂੰ ਲਾਹ ਲਿਆ ਹੈ। ਤੇ ਮਿਲਖੀ ਅੱਗੇ ਹੋ ਕੇ ਬੜੇ ਹੌਸਲੇ ਨਾਲ ਰੁਲਦੇ ਦੀ ਲਾਸ਼ ਨੂੰ ਮੰਜੇ ’ਤੇ ਲੰਮੀ ਪਾ ਦਿੰਦਾ ਹੈ। ਇਕ ਬੰਦਾ ਉਹਦੀ ਜੇਬ ਵਿਚੋਂ ਇਕ ਚਿੱਠੀ ਕੱਢਦਾ ਹੈ। ਮਿਲਖੀ ਕਹਿੰਦਾ ਹੈ, ‘‘ਕਿਹਦੀ ਚਿੱਠੀ ਆ ਬਈ… ਹੈਂ! ਵੇਖ ਤਾਂ। ‘‘ਚਾਚਾ ਬੈਂਕ ਵਾਲਿਆ ਦੀ ਆ... ਲਿਖਿਆ ਜ਼ਮੀਨ ਦੀ ਕੁਰਕੀ ਕਰ ਦੇਣੀ ਆ। ਉਸ ਕੋਲੋਂ ਐਨਾ ਕਹਿ ਹੁੰਦਾ ਹੈ।
ਮਿਲਖੀ ਰਾਮ ਉਨ੍ਹੀਂ ਪੈਰੀ ਪਿੱਛੇ ਨੂੰ ਮੁੜ ਜਾਂਦਾ ਹੈ। ਉਹਦੇ ਪੈਰ ਤੇ ਦਿਮਾਗ਼ ਉਹਦੇ ਕਾਬੂ ਵਿਚ ਨਹੀਂ ਰਹਿੰਦੇ। ਪੈਰ ਜਿਵੇਂ ਅੰਗਆਰਿਆਂ ’ਤੇ ਰੱਖੇ ਗਏ ਹੋਣ। ਘਰ ਵੱਲ ਨੂੰ ਤੁਰਿਆ ਜਾਂਦਾ ਉਹ ਆਪੇ ਹੀ ਬੋਲੀ ਜਾਂਦਾ ਹੈ… ‘‘ਉਏ ਰੁਲਦਾ ਸਿਆਂ… ਤੂੰ ਕਾਹਨੂੰ ਆਪਣੀ ਦੇਹ ਭੰਗ ਦੇ ਭਾੜੇ ਗਵਾ ਲਈ… ਸਰਕਾਰ ਨੇ ਕਰਜ਼ੇ ਸਭ ਦੇ ਮਾਫ਼ ਕਰ ਦੇਣੇ ਸੀ… ਮੇਰੇ ਵੱਲ ਨਹੀਂ ਵੇਖਦਾ… ਮੈਂ ਵੀ ਜੀਅ ਈ ਰਿਹਾਂ… ਮੇਰਾ ਰੋਮ ਰੋਮ ਕਰਜ਼ੇ ਵਿਚ ਫਸਿਆ ਪਿਆ। ਮੈਨੂੰ ਤਾਂ ਸਾਲੀ ਔਲਾਦ ਨੇ ਖਾ ਲਿਆ। ਆਹ ਪੋਤਾ … ਰਾਜ ਕੁਮਾਰ ਦਾ ਮੁੰਡਾ… ਸੱਤ ਮਾਹਾਂ ਹੋਇਆ… ਹੁਣ ਪੰਜ ਸਾਲ ਦਾ ਹੋ ਗਿਆ ਚੱਜ ਨਾਲ ਤੁਰਦਾ ਈ ਨਹੀਂ… ਐਵੇਂ ਲੋਲਾ ਜਿਹਾ… ਪੈਸੇ ਫੜ ਫੜ ਬੜਾ ਇਲਾਜ਼ ਕਰਵਾਇਆ… ਪਰ ਉਹ ਨੀਂ ਠੀਕ ਹੋਇਆ… ਯਾਰ ਤੂੰ ਤਾਂ ਜ਼ਮੀਨਾਂ ਵਾਲਾ ਸੀ… ਤੇਰੇ ਕੋਲ ਟਰੈਕਟਰ ਸੀ… ਖੇਤੀ ਸੀ… ਤੂੰ ਵੀ ਕਰਜ਼ੇ ਵਿਚ ਫਸ ਗਿਆ…. ਹਾਂ ਬੰਦੇ ਦੇ ਕਿਹੜਾ ਵਸ ਚ ਹੁੰਦਾ।`` ‘‘ਓਏ ਮਿਲਖੀ ਰਾਮਾ ਤੂੰ ਕਮਲਾ ਹੋ ਗਿਆਂ... ਆਪੇ ਗੱਲਾਂ ਕਰੀ ਜਾਂਦਾ।`` ਸਾਇਕਲ ’ਤੇ ਘਰ ਨੂੰ ਜਾਂਦਾ ਨਾਈ ਮਿਲਖੀ ਰਾਮ ਨੂੰ ਕਹਿੰਦਾ ਹੈ। ਘਰ ਪਹੁੰਚ ਉਹ ਦਾਰੂ ਦੇ ਮੋਟੇ ਮੋਟੇ ਪੈੱਗ ਲਾਉਂਦਾ ਹੈ। ਉਹਨੂੰ ਥੋੜ੍ਹੀ ਜਿਹੀ ਚੈਨ ਆਉਂਦੀ ਹੈ। ਪੈਰਾਂ ਵਿਚ ਮਚਦੇ ਅੰਗਿਆਰ ਠੰਢੇ ਹੋ ਗਏ ਲਗਦੇ ਹਨ। ਬੀੜੀ ਲਾ ਉਹ ਮੰਜੇ ’ਤੇ ਟੇਢਾ ਹੋ ਜਾਂਦਾ ਹੈ। ਦੂਜੇ ਦਿਨ ਕਿਸਾਨ ਯੂਨੀਅਨ ਦਾ ਪ੍ਰਧਾਨ ਜੈਮਲ ਸਿੰਘ ਘੁੰਮਣ ਚਿੱਟੇ ਰੰਗ ਦੀ ਕਾਰ ਵਿਚੋਂ ਨਿੱਕਲ, ਰੁਲਦਾ ਸਿੰਘ ਦੇ ਘਰ ਆ ਸੱਥਰ ਵਿਚ ਬੈਠ ਜਾਂਦਾ ਹੈ... ਨਾਲ ਦੋ ਪੁਲਿਸ ਦੇ ਗੰਨਮੈਨ ਹੁੰਦੇ ਹਨ। ਸੱਥਰਤੇ ਬੈਠੇ ਲੋਕਾਂ ਚ ਘੁਸਰ-ਮੁਸਰ ਹੁੰਦੀ ਹੈ। ਸੱਥਰ ਵਿਚ ਬੈਠੇ ਮਿਲਖੀ ਨੂੰ ਪਤਾ ਲੱਗਦਾ ਹੈ ਕਿ ਜੈਮਲ ਸਿੰਘ ਰਾਜ ਕਰਦੀ ਸਰਕਾਰ ਵਿਚ ਜਾ ਰਲਿਆ ਹੈ। ਤੇ ਉਨ੍ਹਾਂ ਨੇ ਇਹਨੂੰ ਚੇਅਰਮੈਨ ਬਣਾ ਦਿੱਤਾ ਹੈ। ਤੁਰਨ ਲੱਗੇ ਜੈਮਲ ਦੇ ਮੋਹਰੇ ਮਿਲਖੀ ਆ ਜਾਂਦਾ ਹੈ, ‘‘ਬਈ ਮਿਲਖੀ ਰਾਮਾ ਬਹੁਤ ਮਾੜੀ ਹੋਈ... ਇਕ ਨਾ ਇਕ ਦਿਨ ਕਰਜ਼ਾ ਤਾਂ ਮਾਫ਼ ਹੋ ਈ ਜਾਣਾ ਸੀ... ਹੁਣ ਮੈਂ ਸਰਕਾਰ ਵਿਚ ਬੈਠਾਂ... ਰੁਲਦੇ ਦਾ ਕਰਜ਼ਾ ਜ਼ਰੂਰ ਮਾਫ਼ ਕਰਵਾਊਂ... ਤਹਿਸੀਲ ਦਾਰ ਨੂੰ ਫੋਨ ਕਰ ਦਿੱਤਾ...ਪਟਵਾਰੀ ਆ ਜਾਊ... ਮੌਕਾ ਵੇਖਣ... ਤੁਸੀਂ ਪਰਿਵਾਰ ਨੂੰ ਹੌਸਲਾ ਦਿਓ...।`` ਮਿਲਖੀ ਰਾਮ ਦੇ ਜੈਮਲ ਸਿੰਘ ਅੱਗੇ ਜੁੜਨ ਲੱਗੇ ਹੱਥ ਥੱਲੇ ਲੁੜਕ ਜਾਂਦੇ ਹਨ। ਕਬਰ-ਗਾਹਚ ਖੜਾ ਮਿਲਖੀ ਉੱਥੇ ਹੀ ਪੱਥਰ ਹੋ ਜਾਂਦਾ ਹੈ। ਕਾਹਲੇ ਕਦਮ ਪੁੱਟਦਾ ਜੈਮਲ ਸਿੰਘ ਘੁੰਮਣ ਚਿੱਟੇ ਰੰਗ ਦੀ ਕਾਰ ਵਿਚ ਬੈਠੇ ਕੇ ਚਲੇ ਜਾਂਦਾ ਹੈ।
ਮੋਬਾਈਲ : 94170-64350

Leave a Reply

Your email address will not be published. Required fields are marked *