ਸਰਬਜੀਤ ਕੌਰ ਜੱਸ ਰਚਿਤ ‘ਤਾਮ’- ਆਵੇਸ਼ ਨਾਲੋਂ ਚੇਤਨ ਭਾਰੀ : ਬਲਵਿੰਦਰ ਸੰਧੂ

‘ਤਾਮ’ ਸਰਬਜੀਤ ਕੌਰ ਜੱਸ ਦਾ ਚੌਥਾ ਮਾਣਮੱਤਾ ਕਾਵਿ ਸੰਗ੍ਰਹਿ ਆਇਆ ਹੈ। ਜੋ ਉਸ ਦੀ ਕਵਿਤਾ ਪ੍ਰਤੀ, ਪ੍ਰਤੀਬੱਧਤਾ ,ਨਿਸ਼ਠਾ ਤੇ ਉਸ ਦੇ ਕਾਵਿ ਵਿਕਾਸ ਦਾ ਲਿਖਾਇਕ ਹੈ। ਕਵਿੱਤਰੀ ਨੇ ਇਸ ਕਾਵਿ ਦੀ ਸਿਰਜਣਾ/ ਰਚਨਾ ਕਰਦਿਆਂ ਪ੍ਰਯੋਗਵਾਦੀ ਦ੍ਰਿਸ਼ਟੀ ਧਾਰਨ ਕਰੀ ਹੈ। ਕਿਉਂ ਜੋ ਕਵਿੱਤਰੀ ਇਹ ਕਾਵਿ ਰਚਨਾ ਕਰਦਿਆਂ ਯੋਜਨਾਬੱਧ (project) ਢੰਗ ਤਰੀਕੇ ਕਾਵਿ ਰਚਨ ਵਿਚ ਰੁਚਿਤ ਰਹੀ ਹੈ। ਜਿਸ ਵਿੱਚ ਆਵੇਸ਼ ਨਾਲੋਂ ਚੇਤਨ ਭਾਰੀ ਰਿਹਾ ਹੈ। ਇਸ ਜ਼ਰੀਹੇ ਉਸ ਦੀ ਪ੍ਰਤਿਭਾ, ਲਗਨ, ਮਿਹਨਤ, ਖੋਜ ਬਿਰਤੀ, ਤੇ ਸਿਰੜ ਦੇ ਦਰਸ਼ਨ ਹੋਏ ਹਨ। ਅਜਿਹੀ ਰਚਨਾ ( scholar work) ਕਰਦਿਆਂ , ਰਚਨ ਪ੍ਰਕਿਰਿਆ ਵਿੱਚ ਘਾੜਤ ਪ੍ਰਥਮ ਥਾਂ ਮੱਲ ਲੈਂਦੀ ਹੈ। ਘਾੜਤ ਨੂੰ ਕਿਸੇ ਵੀ ਕਲਾ ‘ਚੋਂ ਖਾਰਿਜ ਨਹੀਂ ਕੀਤਾ ਜਾ ਸਕਦਾ। ਘਾੜਤ ਸ਼ਿਲਪ ਦਾ ਆਧਾਰ ਹੈ। ਕਵਿਤਾ ਇਸ ਤੋਂ ਕਿਵੇਂ ਵੀ ਅਲਹਿਦਾ ਨਹੀਂ। ਪ੍ਰੋਜੈਕਟ ਕਾਵਿ ਵਿਚ ਇਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਆਵੇਸ਼ ਦੋਇਮ ਰਹਿ ਜਾਂਦਾ ਹੈ। ਇਸ ਕਾਵਿ ਵਿਚ ਸ਼ਾਮਲ ਸਾਰੇ ਬਿੰਬ/ ਅੰਗ, ‘ਤਾਮ’ (ਅਨਾਜ) ਦੁਆਲੇ ਪਰਕਰਮਾ ਵਿਚ ਹਨ। ਆਧੁਨਿਕਤਾ ਦੀ ਤੇਜ਼ ਰਫਤਾਰ ਜੀਵਣ ਸ਼ੈਲੀ ਨੇ ਸਧਾਰਨ ਪਰ ਸੰਵੇਦਨਸ਼ੀਲ ਮਨੁੱਖ ਨੂੰ ਬੌਂਦਲਾਅ ਕੇ ਰੱਖ ਦਿੱਤਾ ਹੈ। ਉਸ ਦੇ ਲਹੂ ਦੀ ਗਤੀ /ਤਾਸੀਰ ਜਦ ਚਲੰਤ ਰਫਤਾਰ ਨਾਲ ਮੇਲ ਨਹੀਂ ਖਾਂਦੀ ਤਾਂ ਉਹ ਪਿਛਲਝਾਤ ‘ਚ ਰਾਹਤ ਭਾਲਦਾ ਹੈ। ਮਰਮਰੀ ਘਰਾਂ ਨੂੰ ਤਿਆਗ ਜੰਗਲ ਵੱਲ ਦੌੜਦਾ ਹੈ।ਉਸ ਦੇ ਲਹੂ ‘ਚ ਪਿਆ ਅਤੀਤ ਉਸ ਨੂੰ ਆਵਾਜਾ਼ ਮਾਰਦੈ। ਅੰਨ੍ਹੀ ਦੌੜ ਵਿਚ ਸ਼ਾਮਲ ਉਸ ਦੇ ਥੱਕੇ ਟੁੱਟੇ ਪੈਰ ਦਮਦਮਾ ਭਾਲਦੇ ਹਨ। ਵਿਗੋਚਾ ਸੱਲ੍ਹ ਮਾਰਦੇ। ਉਹ ਅਤਿ ਆਧੁਨਿਕ ਆਰਾਮਘਰਾਂ ਨੂੰ, ਹਵੇਲੀ, ਰਸੋਈ, ਤੰਦੂਰ, ਚੁੱਲ੍ਹਾ,ਦਾਣਾ ਪਾਣੀ ਆਦਿ ਜਿਹੇ ਨਾਂ ਦਿੰਦਾ ਖੁਦ ਨੂੰ ਠੁੰਮ੍ਹਣਾ ਦਿੰਦੈ। ਇਸ ਨਿਸ਼ਚੇ ਹੀ ਸਰਬਜੀਤ ਅੰਦਰਲੀ ਸ਼ਾਇਰਾ ‘ਤਾਮ’ ਨੂੰ ਕੇਂਦਰ ਵਿੱਚ ਰੱਖ ਕੇ ਉਸ ਨਾਲ ਜੁੜੇ ਤਮਾਮ ਨੂੰ ਸਾਂਭ ਲੈਣਾ ਲੋਚਦੀ ਹੈ। ਇਹ ਕੁਝ ਕਰਦਿਆਂ ਉਸ ਦੀਆਂ ਕਾਵਿ ਛੋਹਾਂ ਕਈ ਥਾਈਂ ਕਰਤਾਰੀ ਟੱਚ ਲਾ ਜਾਂਦੀਆਂ ਹਨ। ਇਹਨਾਂ ਕਵਿਤਾਵਾਂ ਵਿਚ ਬਹੁਤੀ ਥਾਈਂ ਮਾਨਵੀਂਕਰਨ ਦੀ ਰੁਚੀ ਵੀ ਉਜਾਗਰ ਹੋਈ ਹੈ। ਹਾਰਾ, ਤੰਦੂਰ, ਚੱਪਣੀ,ਕਾੜ੍ਹਨੀ, ਚੁੱਲ੍ਹਾ ਆਦਿ ਕਵਿਤਾਵਾਂ ਨੂੰ ਇਸ ਪ੍ਰਸੰਗ ਵਿਚ ਰੱਖਿਆ ਜਾ ਸਕਦਾ ਹੈ। ਜਿਹਨਾਂ ਵਿਚੋਂ ਘਰ ਦੇ ਜੀਅ: ਬਾਪੂ, ਬੇਬੇ, ਸਿਆਣੇ, ਨਿਆਣੇ ਸਭ ਉੱਘੜ ਉੱਘੜ ਸਾਹਮਣੇ ਆਉਂਦੇ ਹਨ। ਇਹ ਕਾਵਿ ਪੁਸਤਕ ਇਕ ਕਿਸਮ ਨਾਲ ਰਸੋਈ ਦਾ ਇਤਿਹਾਸ ਵੀ ਬਣਦੀ ਹੈ। ਉੱਤਰ ਆਧੁਨਿਕ ਰਸੋਈ ਸੰਦਾਂ ਲਈ ਆਪਣੇ ਪੁਰਖਿਆਂ ਨੂੰ ਜਾਣਨ ਦਾ ਜ਼ਰੀਹਾ ਵੀ। ਸ਼ਾਇਰਾ ਦੀਆਂ ਸਾਬਤ ਸਬੂਤੇ ਜੁੱਸੇ ਵਾਲੀਆਂ ਕਵਿਤਾਵਾਂ ਭਾਸ਼ਾ, ਮੁਹਾਵਰੇ ਪੱਖੋਂ ਪੰਜਾਬੀ ਕਵਿਤਾ ਦੀ ਮੌਲਿਕਤਾ ਨੂੰ ਸਾਂਭਦੀਆ ਹਨ। ਮੇਰੇ ਵਰਗੇ ਪਾਠਕ ਲਈ ਅਜਿਹੀ ਰਚਨਾ ਦਾ ਆਉਣਾ ਸੁਖ ਦਾ ਸਾਹ ਹੈ। ਇਸ ਕਾਵਿ ਪੋਥੀ ਨਾਲ ਸ਼ਾਇਰਾ ਸਰਬਜੀਤ ਦਾ ‘ਜੱਸ’ ਗਾਉਣ ਵਾਲਿਆਂ ਦਾ ਦਾਇਰਾ ਹੋਰ ਵਸੀਹ ਹੋਣਾ ਹੈ। ਪੁਸਤਕ ਦੀ ਛਪਾਈ ਲਈ ਤੇ ਭਾਸ਼ਿਕ ਊਣਤਾਈਆਂ ਤੋਂ ਮੁਕਤ ਹੋਣ ਲਈ ਪ੍ਰਕਾਸ਼ਕ ਪਰਿਵਾਰ ਵਧਾਈ ਦਾ ਪਾਤਰ ਹੈ ।ਮੁੱਲ 200/- ਰੁਪੈ ਪੂਰਾ ਹੈ। ਚੇਤਨਾ ਵਾਲਿਆਂ ਨਾਲ ਪਿਆਰ ਦੀ ਭਾਸ਼ਾ ਵਿੱਚ ਮਿਲੀਏ ਤਾਂ ਕੁਝ ਛੋਟ ਕਰ ਹੀ ਦਿੰਦੇ ਹਨ। ਸ਼ਾਇਰਾ ਸਰਬਜੀਤ ਕੌਰ ਤੇ ਉਸ ਦੇ ਸਹਿਯੋਗੀਆਂ ਨੂੰ ਇੰਨੀ ਸੋਹਣੀ ਕਿਰਤ ਲਈ ਵੱਡੀਆਂ ਵਧਾਈਆਂ