fbpx Nawidunia - Kul Sansar Ek Parivar

ਉੱਤਰਾਖੰਡ ਤਬਾਹੀ ਤੇ ਕਿਸਾਨ ਅੰਦੋਲਨ-ਪਾਵੇਲ ਕੁੱਸਾ

ਮਹਿਮਾਨ ਸੰਪਾਦਕੀ

ਸਿਰਲੇਖ ਦੇਖ ਕੇ ਲੱਗ ਸਕਦਾ ਹੈ ਕਿ ਇਨ੍ਹਾਂ ਦੋਵਾਂ ਦਾ ਆਪਸ ‘ਚ ਕੀ ਸਬੰਧ ਹੈ। ਥੋੜ੍ਹਾ ਧਿਆਨ ਦੇ ਕੇ ਸੋਚਿਆਂ ਪਤਾ ਚਲਦਾ ਹੈ ਕਿ ਕਿਸਾਨ ਅੰਦੋਲਨ ਦੇ ਸਰੋਕਾਰ ਇਸ ਤਬਾਹੀ ਨਾਲ ਵੀ ਸਿੱਧੇ ਹੀ ਜੁੜਦੇ ਹਨ।

ਉੱਤਰਾਖੰਡ ‘ਚ ਹੋਈ ਤਬਾਹੀ ਮਨੁੱਖ ਵੱਲੋਂ ਕੀਤੀ ਜਾ ਰਹੀ ਵਾਤਾਵਰਣ ਦੀ ਤਬਾਹੀ ਦਾ ਸਿੱਟਾ ਹੈ। ਇਹ ਤਬਾਹੀ ਕਰਨ ਵਾਲੇ ਕਿਰਤੀ ਕਿਸਾਨ ਮਜ਼ਦੂਰ ਨਹੀਂ ਹਨ ਸਗੋਂ ਬਹੁਕੌਮੀ ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣੇ ਹਨ ਜਿਨ੍ਹਾਂ ਦੀ ਮੁਨਾਫ਼ੇ ਦੀ ਹਵਸ ਸਾਰੇ ਕੁਦਰਤੀ ਵਰਤਾਰਿਆਂ ਨਾਲ ਖਿਲਵਾੜ ਕਰ ਰਹੀ ਹੈ। ਇਹ ਹਾਕਮਾਂ ਦੇ ਨਵੇਂ ਕਾਰਪੋਰੇਟ ਵਿਕਾਸ ਮਾਡਲ ਦੇ ਰੰਗ ਹਨ ਜੋ ਲੋਕਾਂ ਦੀ ਜ਼ਿੰਦਗੀ ਨੂੰ ਬਦਰੰਗ ਕਰ ਰਹੇ ਹਨ। ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨ ਜਿਸ ਨਵੇਂ ਪ੍ਰਦੂਸ਼ਣ ਐਕਟ ਖ਼ਿਲਾਫ਼ ਵਿਰੋਧ ਜਤਾ ਰਹੇ ਹਨ ਉਹ ਪ੍ਰਦੂਸ਼ਣ ਐਕਟ ਕਾਰਪੋਰੇਟਾਂ ਨੂੰ ਅਜਿਹੀ ਤਬਾਹੀ ਮਚਾਉਣ ਦੀਆਂ ਹੋਰ ਖੁੱਲ੍ਹਾਂ ਦੇਣ ਵਾਲਾ ਹੈ। ਕਿਸਾਨ ਨੂੰ ਪਰਾਲੀ ਸਾੜਨ ਲਈ ਕੀਤਾ ਜੁਰਮਾਨਾ ਤੇ ਸਜ਼ਾ ਤਾਂ ਉਸ ਦਾ ਇੱਕ ਛੋਟਾ ਪੱਖ ਹੀ ਹੈ। ਅਸਲ ਵਿੱਚ ਇਹ ਕਾਰਪੋਰੇਟਾਂ ਦੇ ਪ੍ਰਾਜੈਕਟ ਲਾਉਣ ਵੇਲੇ ਵਾਤਾਵਰਨ ਦੀ ਸੁਰੱਖਿਆ ਸਬੰਧੀ ਨਿਯਮਾਂ ਤੋਂ ਛੋਟਾਂ ਦੇਣ ਲਈ ਲਿਆਂਦਾ ਗਿਆ ਹੈ। ਇਉਂ ਇਹ ਨਵਾਂ ਕਾਨੂੰਨ ਸਿਰਫ਼ ਕਿਸਾਨਾਂ ਤਕ ਸੀਮਤ ਨਹੀਂ ਹੈ ਸਗੋਂ ਇਸ ਧਰਤੀ ‘ਤੇ ਵੱਸਦੇ ਸਭਨਾਂ ਲੋਕਾਂ ਦਾ ਮੁੱਦਾ ਹੈ। ਲੁਟੇਰੀਆਂ ਕੰਪਨੀਆਂ ਦੇ ਮੁਨਾਫ਼ੇ ਖਾਤਰ ਇਹ ਸਰਕਾਰਾਂ ਇਸ ਹੱਦ ਤਕ ਜਾਣ ਲਈ ਤਿਆਰ ਹਨ ਕਿ 3 ਸਾਲ ਪਹਿਲਾਂ ਤਾਮਿਲਨਾਡੂ ਅੰਦਰ ਵੇਦਾਂਤਾ ਕੰਪਨੀ ਵੱਲੋਂ ਮਚਾਈ ਤਬਾਹੀ ਖ਼ਿਲਾਫ਼ ਜੂਝਦੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਚੁੱਕਿਆ ਹੈ। ਇਨ੍ਹਾਂ ਪ੍ਰੋਜੈਕਟਾਂ ਤੋਂ ਜੰਗਲਾਂ ਦੀ ਰਾਖੀ ਕਰਦੇ ਆਦਿਵਾਸੀਆਂ ਦਾ ਦਹਾਕਿਆਂ ਤੋਂ ਸ਼ਿਕਾਰ ਖੇਡਿਆ ਜਾ ਰਿਹਾ ਹੈ।

ਉੱਤਰਾਖੰਡ ‘ਚ ਤਬਾਹੀ ਦਾ ਇਹ ਮੰਜ਼ਰ ਲੋਕਾਂ ਨੂੰ ਕਹਿ ਰਿਹਾ ਹੈ ਕਿ ਉਹ ਲੁਟੇਰੇ ਮੰਤਵਾਂ ਲਈ ਤਬਾਹ ਕੀਤੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣ, ਕਾਰਪੋਰੇਟਾਂ ਨੂੰ ਅਜਿਹੀ ਤਬਾਹੀ ਦੇ ਲਾਇਸੰਸ ਦੇਣ ਵਾਲੇ ਨਵੇਂ ਕਾਨੂੰਨ ਖ਼ਿਲਾਫ਼ ਆਵਾਜ਼ ਉਠਾਉਣ। ਇਸ ਨਵੇਂ ਕਨੂੰਨ ‘ਚ ਕਿਸਾਨ ਨੂੰ ਸਜ਼ਾ ਦੇਣ ਤੇ ਕਾਰਪੋਰੇਟਾਂ ਨੂੰ ਛੋਟਾਂ ਦੇਣ ਦੀ ਮੱਕਾਰੀ ਭਰੀ ਨੀਤੀ ਦਾ ਵਿਰੋਧ ਕਰਨ। ਅੰਦੋਲਨ ਕਰ ਰਹੇ ਕਿਸਾਨਾਂ ਸਿਰ ਵੀ ਇਹ ਵਡੇਰੀ ਜ਼ਿੰਮੇਵਾਰੀ ਆਇਦ ਹੁੰਦੀ ਹੈ ਕਿ ਉਹ ਇਸ ਮੌਕੇ ਪ੍ਰਦੂਸ਼ਣ ਐਕਟ ‘ਚ ਕਿਸਾਨਾਂ ਨਾਲ ਸਬੰਧਤ ਮੱਦਾਂ ਤੋਂ ਅੱਗੇ ਸੋਚਣ। ਕਾਰਪੋਰੇਟਾਂ ਨੂੰ ਦਿੱਤੀਆਂ ਛੋਟਾਂ ਨੂੰ ਵੀ ਚਰਚਾ ਅਧੀਨ ਲਿਆਉਣ। ਕਾਰਪੋਰੇਟ ਜਗਤ ਨੂੰ ਮੋਟੇ ਮੁਨਾਫ਼ਿਆਂ ਖਾਤਰ ਇਕ ਪਾਸੇ ਖੇਤੀ ਮੰਡੀ ‘ਚ ਮਨਚਾਹੀ ਲੁੱਟ ਮਚਾਉਣ ਦੇ ਅਧਿਕਾਰ ਦੇਣ, ਬਿਜਲੀ ਖੇਤਰ ਹੜੱਪਣ , ਕਿਰਤ ਕਨੂੰਨਾਂ ਦਾ ਖ਼ਾਤਮਾ ਕਰਨ ਤੇ ਦੂਜੇ ਪਾਸੇ ਲੁਟੇਰੇ ਪ੍ਰਾਜੈਕਟਾਂ ਖ਼ਾਤਰ ਵਾਤਾਵਰਨ ਤਬਾਹ ਕਰਨ ਦੇ ਅਖਤਿਆਰ ਦੇਣ ਦੇ ਇਸ ਵੱਡੇ ਹਮਲੇ ਨੂੰ ਸਮੁੱਚੇ ਤੌਰ ‘ਤੇ ਪੇਸ਼ ਕਰਨ। ਇਹ ਚਰਚਾ ਉਭਾਰਨ ਕਿ ਨਵੇਂ ਕਾਨੂੰਨਾਂ ਤੋਂ ਸਿਰਫ਼ ਦੇਸ਼ ਦੀ ਅੰਨ ਸੁਰੱਖਿਆ ਨੂੰ ਹੀ ਖ਼ਤਰਾ ਨਹੀਂ ਹੈ ਸਗੋਂ ਉਸ ਤੋਂ ਅੱਗੇ ਸਮੁੱਚੇ ਵਾਤਾਵਰਨ ‘ਤੇ ਹੀ ਵੱਡਾ ਖਤਰਾ ਮੰਡਰਾ ਰਿਹਾ ਹੈ। ਮੁਲਕ ਭਰ ਅੰਦਰ ਖਿੱਚ ਦਾ ਕੇਂਦਰ ਬਣ ਕੇ ਉੱਭਰੇ ਦਿੱਲੀ ਮੋਰਚੇ ਲੋਕਾਂ ਅੰਦਰ ਇਸ ਸੋਝੀ ਦਾ ਸੰਚਾਰ ਕਰਨ ਦਾ ਇੱਕ ਮਹੱਤਵਪੂਰਨ ਜ਼ਰੀਆ ਬਣਦੇ ਹਨ। ਵਾਤਾਵਰਨ ਪ੍ਰੇਮੀਆਂ ਤੇ ਜਮਹੂਰੀ ਸਰੋਕਾਰਾਂ ਵਾਲੇ ਸਭਨਾਂ ਲੋਕਾਂ ਨੂੰ ਵੀ ਇਨ੍ਹਾਂ ਮੋਰਚਿਆਂ ਨਾਲ ਆਪਣਾ ਸਰੋਕਾਰ ਜੋੜਨਾ ਚਾਹੀਦਾ ਹੈ। ਕਾਰਪੋਰੇਟ ਜਗਤ ਵੱਲੋਂ ਤਬਾਹ ਕੀਤੇ ਜਾ ਰਹੇ ਵਾਤਾਵਰਨ ਦਾ ਮੁੱਦਾ ਨਵੇਂ ਪ੍ਰਦੂਸ਼ਣ ਕਾਨੂੰਨ ਦੇ ਹਵਾਲੇ ਨਾਲ ਇਨ੍ਹਾਂ ਮੋਰਚਿਆਂ ‘ਚ ਉਭਰਨਾ ਚਾਹੀਦਾ ਹੈ।

Share this post

Leave a Reply

Your email address will not be published. Required fields are marked *