fbpx Nawidunia - Kul Sansar Ek Parivar

ਪੁਲੀਸ ਨੂੰ ਖੁੱਲ੍ਹੀ ਚੁਣੌਤੀ ਦੇਣ ਵਾਲੇ ਲੱਖਾ ਸਿਧਾਣਾ ਨੇ ਮਹਿਰਾਜ ‘ਚ ਕੀਤੀ ਰੈਲੀ

ਬਠਿੰਡਾ (ਅਰਵਿੰਦ ਛਾਬੜਾ) : 26 ਜਨਵਰੀ ਦੀ ਦਿੱਲੀ ਹਿੰਸਾ ਦੇ ਮਾਮਲੇ ਵਿਚ ਪੁਲਿਸ ਵਲੋਂ ਬਤੌਰ ਮੁਲਜ਼ਮ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਦੀ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਵਿੱਚ ਹਾਜ਼ਰੀ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀ ਗੰਭੀਰਤਾ ਬਾਰੇ ਸਵਾਲ ਉੱਠ ਰਹੇ ਹਨ।

ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।ਹਾਲਾਂਕਿ, ਮੰਗਲਵਾਰ ਨੂੰ ਸਿਧਾਣਾ ਨਾ ਸਿਰਫ਼ ਮਹਿਰਾਜ ਪਿੰਡ ਵਿੱਚ ਰੈਲੀ ਵਿੱਚ ਪਹੁੰਚਿਆ ਬਲਕਿ ਇਕੱਠ ਨੂੰ ਸੰਬੋਧਨ ਵੀ ਕੀਤਾ।

ਸਿਧਾਣਾ ਨੇ ਇਸ ਤੋਂ ਪਹਿਲਾਂ ਇਸ ਰੈਲੀ ਲਈ ਹੁੰਮ ਹੁਮਾ ਕੇ ਸ਼ਾਮਲ ਹੋਣ ਦਾ ਸੋਸ਼ਲ ਮੀਡੀਆ ‘ਤੇ ਸੱਦਾ ਦਿੱਤਾ ਸੀ।

ਪੰਜਾਬ ਪੁਲਿਸ ਨੇ ਕਿਉਂ ਨਹੀਂ ਕੀਤੀ ਕਾਰਵਾਈ

ਜਦੋਂ ਬੀਬੀਸੀ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਕਿ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਦਿੱਲੀ ਪੁਲਿਸ ਦਾ ਮਾਮਲਾ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਵਰਗੇ ਕਦਮ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੂੰ ਅਮਨ-ਕਾਨੂੰਨ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਬਠਿੰਡਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਵਿਰਕ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, “ਦਿੱਲੀ ਪੁਲਿਸ ਨੇ ਇਸ ਸਬੰਧ ਵਿੱਚ ਘੱਟੋ-ਘੱਟ ਸੋਮਵਾਰ ਸ਼ਾਮ ਤੱਕ ਸਾਡੇ ਨਾਲ ਸੰਪਰਕ ਨਹੀਂ ਕੀਤਾ ਸੀ।”

ਉਨ੍ਹਾਂ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਛੁੱਟੀ ‘ਤੇ ਹਨ ਅਤੇ ਸ਼ਹਿਰ ਤੋਂ ਬਾਹਰ ਹਨ। ਉਨ੍ਹਾਂ ਨੇ ਕਿਹਾ, “ਇਹ ਦਿੱਲੀ ਪੁਲਿਸ ਦਾ ਕੇਸ ਹੈ ਨਾ ਕਿ ਪੰਜਾਬ ਪੁਲਿਸ ਦਾ।”

ਪੰਜਾਬ ਦੇ ਬਠਿੰਡਾ ਜ਼ੋਨ ਦੇ ਇੰਸਪੈਕਟਰ ਜਨਰਲ ਜਸਕਰਨ ਸਿੰਘ ਨੇ ਮੰਨਿਆ ਕਿ ਸਿਧਾਣਾ ਇੱਕ ਕੇਸ ਵਿੱਚ ਮੁਲਜ਼ਮ ਹੈ। “ਹਾਂ, ਦਿੱਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ।”

ਇਹ ਪੁੱਛੇ ਜਾਣ ‘ਤੇ ਕਿ ਉਸ ਨੂੰ ਉਦੋਂ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਅਮਨ-ਕਾਨੂੰਨ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ।

ਇੰਸਪੈਕਟਰ ਜਨਰਲ ਜਸਕਰਨ ਸਿੰਘ ਨੇ ਕਿਹਾ, “ਤੁਹਾਨੂੰ ਇਸ ਮਾਮਲੇ ਬਾਰੇ ਦਿੱਲੀ ਪੁਲਿਸ ਨੂੰ ਪੁੱਛਣਾ ਚਾਹੀਦਾ ਹੈ।”

ਪੰਜਾਬ ਦੀਆਂ ਸਿਆਸੀ ਧਿਰਾਂ ਦਾ ਪ੍ਰਤੀਕਰਮ

ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਬਠਿੰਡਾ ਰੈਲੀ ਦੌਰਾਨ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਨਾ ਕਰਨ ਨੂੰ ਪ੍ਰਸਾਸ਼ਨਿਕ ਨਾਕਾਮੀ ਦੱਸਿਆ।

ਉਨ੍ਹਾਂ ਬੀਬੀਸੀ ਪੰਜਾਬੀ ਨੂੰ ਕਿਹਾ, ” ਉਸ ਉੱਤੇ ਇੱਕ ਲੱਖ ਦਾ ਇਨਾਮ ਹੈ ਅਤੇ ਇਹ ਹੈਰਾਨੀਜਨਕ ਹੈ ਕਿ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਿਸ ਨਾਲ ਤਾਲਮੇਲ ਨਹੀਂ ਕੀਤਾ। ਆਖ਼ਰਕਾਰ ਲਾਅ ਐਂਡ ਆਰਡਰ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਡਿਊਟੀ ਹੈ। ਉਹ ਇੱਕ ਸ਼ੱਕੀ ਮੁਲਜ਼ਮ ਹੈ ਜਿਸ ਨੂੰ ਉਹ ਅੰਦੋਲਨ ਕਰ ਰਿਹਾ ਹੈ।”

ਇਸ ਮਾਮਲੇ ਉੱਤੇ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਉੱਤੇ ਫਿਲਹਾਲ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ, ”ਅਸੀਂ ਇਸ ਮਸਲੇ ਉੱਤੇ ਕੁਝ ਨਹੀਂ ਕਹਿਣਾ”। ਇਸ ਮਾਮਲੇ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਨੇ ਦੇਖਣਾ ਹੈ ਕਿ ਇਸ ਉੱਤੇ ਕੀ ਕੀਤਾ ਜਾਣਾ ਹੈ।”

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਇਹ ਮਾਮਲੇ ਉੱਤੇ ਸੂਬਾ ਸਰਕਾਰ ਹੀ ਚੰਗੀ ਤਰ੍ਹਾਂ ਦੱਸ ਸਕਦੀ ਹੈ। ”ਇਹ ਕਾਨੂੰਨ ਦਾ ਮਜਾਕ ਹੈ।”

ਕੀ ਹੈ ਮਾਮਲਾ

ਬਠਿੰਡਾ ਦਾ ਨਿਵਾਸੀ ਤੇ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਪਿਛਲੇ ਕਾਫ਼ੀ ਸਮੇਂ ਤੋਂ ਖਾਸਕਰਕੇ 26 ਜਨਵਰੀ 2021 ਤੋਂ ਬਾਅਦ ਸੁਰਖ਼ੀਆਂ ਵਿੱਚ ਹੈ।

26 ਜਨਵਰੀ ਨੂੰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਦਿੱਲੀ ਵਿਚ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ਉੱਤੇ ਜੋ ਹਿੰਸਾ ਵਾਪਰੀ ਸੀ ਉਸ ਵਿੱਚ ਦਿਲੀ ਪੁਲਿਸ ਲੱਖਾ ਸਿਧਾਣਾ ਦੀ ਲਗਾਤਾਰ ਤਲਾਸ਼ ਕਰ ਰਹੀ ਹੈ। ਇਸੇ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਨੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।

ਲੱਖਾ ਨੇ ਕਥਿਤ ਤੌਰ ‘ਤੇ ਹਿੰਸਾ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਮੰਚ ਤੋਂ ਭਾਸ਼ਣ ਦਿੱਤਾ ਸੀ ਕਿ ਨੌਜਵਾਨ ਜਿੱਥੋਂ ਵੀ ਪਰੇਡ ਕਰਨਾ ਚਾਹੁੰਦੇ ਹਨ, ਪਰੇਡ ਉੱਥੋਂ ਹੀ ਨਿਕਲੇਗੀ।

ਪੁਲਿਸ ਨੇ ਉਸ ‘ਤੇ ਇਲਜ਼ਾਮ ਲਾਇਆ ਕਿ ਉਸ ਨੇ ਲਾਲ ਕਿਲੇ ‘ਤੇ ਭੀੜ ਨੂੰ ਭੜਕਾਇਆ ਸੀ।

ਕੁਝ ਦਿਨ ਪਹਿਲਾਂ ਉਸ ਨੇ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਉਸ ਦੇ ਦੀਪ ਸਿੱਧੂ ਨਾਲ ਭਾਵੇਂ ਕਿੰਨੇ ਵੀ ਮਤਭੇਦ ਕਿਉਂ ਨਾ ਹੋਣ ਪਰ ਸਾਨੂੰ ਉਸ ਨਾਲ ਖੜ੍ਹਣਾ ਚਾਹੀਦਾ ਹੈ।

ਲਾਲ ਕਿਲੇ ‘ਝੰਡਾ ਲਹਿਰਾਉਣ ਅਤੇ ਹਿੰਸਾ ਭੜਕਾਉਣ ਦੇ ਮਾਮਲੇ ਦੇ ਮੁਲਜ਼ਮ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਦਿੱਲੀ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕਬਾਲ ਸਿੰਘ ਨੂੰ ਪੰਜਾਬ ਦੇ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਕੌਣ ਹੈ ਲੱਖਾ ਸਿਧਾਣਾ

ਪਿਛਲੇ ਕੁਝ ਸਾਲਾਂ ਤੋਂ ਲੱਖਾ ਸਿਧਾਣਾ ਦੀ ਪਛਾਣ ਇੱਕ ਅਜਿਹੇ ਸਾਬਕਾ ਗੈਂਗਸਟਰ ਵਜੋਂ ਹੁੰਦੀ ਰਹੀ ਹੈ ਜੋ ਪਹਿਲਾਂ ਸਿਆਸਤ ਵਿੱਚ ਆਇਆ ਤੇ ਫਿਰ ਸਮਾਜਿਕ ਕਾਰਜਾਂ ਵਿੱਚ ਸਰਗਰਮ ਹੋ ਗਿਆ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਕਿਸਾਨ ਅੰਦੋਲਨ ਵਿੱਚ ਉਹ ਸ਼ੁਰੂ ਤੋਂ ਹੀ ਸੁਰਖ਼ੀਆਂ ਵਿੱਚ ਰਿਹਾ ਹੈ।

ਕਬੱਡੀ ਨਾਲ ਵੀ ਜੁੜੇ ਰਹੇ ਲੱਖਾ ਸਿਧਾਣਾ ਨੇ ਪਿਛਲੇ ਸਾਲਾਂ ਦੌਰਾਨ ਪੰਜਾਬੀ ਸਤਿਕਾਰ ਕਮੇਟੀ ਵਿੱਚ ਸ਼ਾਮਲ ਹੋ ਕੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸੰਘਰਸ਼ ਵੀ ਕੀਤਾ।

ਨੈਸ਼ਨਲ ਹਾਈਵੇ ਸਾਈਨ ਬੋਰਡਾਂ ‘ਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ‘ਤੇ ਹੋਣ ਕਾਰਨ ਉਸ ‘ਤੇ ਕਾਲਖ਼ ਪੋਤ ਦਿੱਤੀ ਸੀ। ਉਸ ਦੀ ਪੋਚਾਮਾਰ ਮੁਹਿੰਮ ਕਾਫ਼ੀ ਚਰਚਾ ਵਿਚ ਰਹੀ ਸੀ।

ਲੱਖਾ ਸਿਧਾਣਾ ਉਰਫ਼ ਲਖ਼ਬੀਰ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਿਧਾਣਾ ਪਿੰਡ ਨਾਲ ਸਬੰਧ ਰੱਖਦਾ ਹੈ। ਇੱਕ ਸਮੇਂ ਪੰਜਾਬ ਦੇ ਗੈਂਗਸਟਰਾਂ ਵਿੱਚ ਸ਼ੁਮਾਰ, ਲੱਖਾ ਸਿਧਾਣਾ ਖ਼ਿਲਾਫ਼ ਬੂਥਾਂ ‘ਤੇ ਕਬਜ਼ਾ ਕਰਨ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਦੀ ਉਲੰਘਣਾ ਸਮੇਤ ਕਈ ਮਾਮਲੇ ਦਰਜ ਕੀਤੇ ਗਏ ਹਨ।

ਉਸ ਨੇ ਇੱਕ ਇੰਟਰਵਿਊ ਵਿੱਚ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਉਹ ਵਿਦਿਆਰਥੀ ਆਗੂ ਵਜੋਂ ਛੋਟੇ ਝਗੜਿਆਂ ਵਿੱਚ ਸ਼ਾਮਲ ਸੀ ਪਰ ਬਾਅਦ ਵਿੱਚ ਵੱਡੇ ਮਾਮਲਿਆਂ ਵਿਚ ਉਲਝ ਗਿਆ ਅਤੇ ਫਿਰ ਇੱਕ ਗੈਂਗਸਟਰ ਬਣ ਗਿਆ।

ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਉੱਤੇ ਹਮਲਾ ਵੀ ਹੋਇਆ ਸੀ। ਕਈ ਵਾਰ ਉਹ ਜੇਲ੍ਹ ਵੀ ਗਿਆ ਪਰ ਉਸ ਨੇ ਦਾਅਵਾ ਕੀਤਾ ਸੀ ਕਿ ਫਿਰ ਉਸ ਨੇ ਅਪਰਾਧ ਦੀ ਦੁਨੀਆਂ ਨੂੰ ਛੱਡ ਦਿੱਤਾ ਸੀ।

ਲੱਖਾ ਸਿਧਾਣਾ ਦਾ ਸਿਆਸੀ ਪਾਰਟੀਆਂ ਨਾਲ ਵੀ ਸੰਬੰਧ ਰਿਹਾ ਹੈ। ਪਿਛਲੇ ਕੁੱਝ ਸਾਲਾਂ ਤੋਂ ਉਹ ਸਮਾਜਿਕ ਕੰਮਾਂ ਵਿੱਚ ਸ਼ਾਮਲ ਰਿਹਾ ਸੀ। ਲੱਖਾ ਸਿਧਾਣਾ ਨੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਵੀ ਲੜੀ ਜਿਸ ਵਿੱਚ ਉਹ ਹਾਰ ਗਿਆ ਸੀ।

ਸੋਸ਼ਲ ਮੀਡੀਆ ‘ਤੇ ਕੀ ਕਹਿੰਦਾ ਹੈ ਲੱਖਾ ਸਿਧਾਣਾ

ਲੱਖਾ ਸਿਧਾਣਾ 26 ਨਵੰਬਰ ਤੋਂ ਸਿੰਘੂ ਸਰਹੱਦ ‘ਤੇ ਨਜ਼ਰ ਆਉਂਦਾ ਰਿਹਾ ਹੈ।

ਲੱਖਾ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਕਾਫ਼ੀ ਹੱਦ ਤੱਕ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਾ ਹੈ।

ਹਿੰਸਾ ਵਾਲੇ ਦਿਨ 26 ਜਨਵਰੀ ਤੋਂ ਬਾਅਦ ਅਗਲੇ ਕੁੱਝ ਹੀ ਘੰਟਿਆਂ ਵਿੱਚ ਉਸ ਨੇ ਚਾਰ ਵੀਡੀਓ ਜਾਰੀ ਕੀਤੇ। ਕਿਸਾਨ ਅੰਦੋਲਨ ਬਾਰੇ ਉਹ ਲਗਾਤਾਰ ਵੀਡੀਓ ਜਾਰੀ ਕਰਦਾ ਰਿਹਾ ਹੈ।

ਇੱਕ ਵੀਡੀਓ ਵਿੱਚ ਲੱਖਾ ਸਿਧਾਣਾ ਨੂੰ ਦਿੱਲੀ ਸਰਹੱਦ ਦੇ ਵਿਰੋਧ ਸਥਾਨ ਉੱਤੇ ਸਨੈਕਸ ਦਾ ਸੁਆਦ ਲੈਂਦੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਲਾਈਵ ਵੀਡੀਓ ਸੈਸ਼ਨ ਦੌਰਾਨ ਉਹ ਲੋਕਾਂ ਨਾਲ ਗੱਲ ਕਰਦਾ ਹੈ।

ਇੱਕ ਹੋਰ ਫੇਸਬੁੱਕ ਲਾਈਵ ਵੀਡੀਓ ਵਿੱਚ 5 ਫਰਵਰੀ ਨੂੰ ਲੱਖਾ ਸਿਧਾਣਾ ਲੋਕਾਂ ਨੂੰ ਵੱਡੀ ਗਿਣਤੀ ਵਿੱਚ 6 ਫਰਵਰੀ ਦੇ ਖ਼ੇਤੀ ਕਾਨੂੰਨ ਦੇ ਵਿਰੋਧ ਵਿੱਚ ‘ਚੱਕਾ ਜਾਮ’ ਵਿੱਚ ਸ਼ਾਮਲ ਹੋਣ ਲਈ ਕਹਿੰਦਾ ਦਿਖਾਈ ਦੇ ਰਿਹਾ ਹੈ।

ਹਾਲ ਹੀ ਵਿੱਚ ਜਾਰੀ ਕੀਤੀਆਂ ਗਏ ਪੋਸਟਾਂ ਵਿੱਚ ਉਹ ਲੋਕਾਂ ਨੂੰ ਇੱਕਜੁੱਟ ਹੋ ਕੇ ਰਹਿਣ ਲਈ ਕਹਿੰਦਾ ਹੈ ਤਾਂ ਕਿ ਇਕੱਠੇ ਰਹਿ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕੀਤਾ ਜਾਵੇ।

ਇੱਕ ਫੇਸਬੁੱਕ ਲਾਈਵ ਵੀਡੀਓ ਵਿੱਚ ਲੱਖਾ ਸਿਧਾਨਾ ਕਿਸਾਨਾਂ ਨੂੰ ਆਪਣੇ ਮਤਭੇਦ ਭੁੱਲਣ ਅਤੇ ਵਿਰੋਧ ਨੂੰ ਸਫ਼ਲ ਬਣਾਉਣ ਲਈ ਆਪਣੀ ਹਉਮੈ ਨੂੰ ਪਾਸੇ ਕਰਨ ਲਈ ਕਹਿੰਦੇ ਦੇਖਿਆ ਜਾ ਸਕਦਾ ਹੈ।

ਲੱਖਾ ਸਿਧਾਣਾ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ।

ਉਹ ਕਹਿੰਦਾ ਹੈ ਕਿ ਜੋ ਵੀ ਪਹਿਲਾਂ ਹੋਇਆ ਸੀ ਸਾਨੂੰ ਖੇਤ ਕਾਨੂੰਨਾਂ ਵਿਰੁੱਧ ਲੜਨ ਲਈ ਇੱਕਜੁੱਟ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੀ ਲੜਾਈ ਵਿਅਕਤੀਗਤ ਨਹੀਂ ਸਗੋਂ ਸਾਰੇ ਪੰਜਾਬ ਦੀ ਹੈ।

Share this post

Leave a Reply

Your email address will not be published. Required fields are marked *