fbpx Nawidunia - Kul Sansar Ek Parivar

ਖੇਤੀਬਾੜੀ ਕਾਨੂੰਨਾਂ ਖਿਲਾਫ਼ ਹੋਏ ‘ਪੱਗੜੀ ਸੰਭਾਲ ਜੱਟਾ’ ਪ੍ਰੋਗਰਾਮ

ਪੰਜਾਬ, ਹਰਿਆਣਾ ਅਤੇ ਯੂਪੀ ਸਣੇ ਵੱਖ ਵੱਖ ਸੂਬਿਆਂ ਵਿਚ ਕਿਸਾਨਾਂ ਨੇ ਅੱਜ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਸਮਾਗਮ ਕੀਤੇ। ਸਿੰਘੂ ਬਾਰਡਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਗੱਲ ਸਮਝ ਲਵੇ ਕਿ ਉਹ ਡਰਾ ਧਮਕਾ ਕੇ ਅੰਦੋਲਨ ਨੂੰ ਖ਼ਤਮ ਨਹੀਂ ਕਰ ਸਕਦੀ।

ਦਰਸ਼ਨਪਾਲ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿੰਨੇ ਵੀ ਕਿਸਾਨਾਂ ਜਾਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਜਾਂ ਕੀਤੀਆਂ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਪੈਨਲ ਉਨ੍ਹਾਂ ਦੀ ਰਿਹਾਈ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਕਾਫੀ ਨੌਜਵਾਨ ਜੇਲ੍ਹਾਂ ਤੋਂ ਬਾਹਰ ਵੀ ਆ ਗਏ ਹਨ।

ਉਨ੍ਹਾਂ ਕਿਹਾ ਕਿ 24 ਤਾਰੀਕ ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਵਿਰੁੱਧ ਜ਼ਬਰ ਵਿਰੋਧੀ ਦਿਵਸ ਮਨਾਇਆ ਜਾਵੇਗਾ ਅਤੇ ਦੇਸ਼ ਭਰ ਵਿਚ ਵੱਡੇ ਇਕੱਠ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਅਗਲੇ ਐਕਸ਼ਨਾਂ ਦੇ ਸੱਦੇ ਇਸ ਅੰਦੋਲਨ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕਰਨਾ ਹੈ ਅਤੇ ਕਿਸਾਨ ਵੱਧ ਤੋਂ ਵੱਧ ਧਰਨਿਆਂ ਵਿਚ ਪਹੁੰਚਣ।

ਇਸ ਇਕੱਠ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ , ਮੇਜਰ ਸਿੰਘ ਅਤੇ ਮਨਜੀਤ ਸਿੰਘ ਰਾਏ ਨੇ ਸੰਬੋਧਨ ਕੀਤਾ। ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਸਮਾਗਮ ਵਿਚ ਅਜੀਤ ਸਿੰਘ ਤੇ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ।

ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਅਹਿਦ

ਰਿਪੋਰਟ- ਪ੍ਰਭੂ ਦਿਆਲ: ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਵਸ ‘ਤੇ ਪੰਗੜੀ ਸੰਭਾਲ ਦਿਵਸ ਮੌਕੇ ਸਿਰਸਾ ਦੇ ਦੁਸ਼ਹਿਰਾ ਗਰਾਉਂਡ ‘ਚ ਸਮਾਗਮ ਹੋਇਆ।

ਸਮਾਗਮ ਵਿੱਚ ਵੱਡੀ ਗਿਣਤੀ ‘ਚ ਕਿਸਾਨਾਂ ਪਹੁੰਚੇ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਆਗੂ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਤੋਂ ਇਲਾਵਾ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਜੋਗਿੰਦਰ ਸਿੰਘ ਉਗਰਾਹਾਂ ਸਣੇ ਹੋਰ ਸਥਾਨਕ ਆਗੂ ਵੀ ਪਹੁੰਚੇ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕੀਤੇ ਗਏ ਇਸ ਸਮਾਗਮ ਵਿੱਚ ਔਰਤਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ। ਉਹ ਟਰੈਕਟਰ-ਟਰਾਲੀਆਂ ‘ਤੇ ਕਿਸਾਨੀਂ ਝੰਡੇ ਲਾ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇ ਲਾਉਂਦੇ ਹੋਏ ਪਹੁੰਚੇ ਸਨ।

ਕਿਸਾਨ ਅੰਦੋਲਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਾ ਹੈ। ਸਮਾਂ ਥੋੜ੍ਹਾ ਹੈ, ਇਕੱਠੇ ਹੋ ਜਾਓ। ਜੇ ਅਜੇ ਵੀ ਸੁੱਤੇ ਰਹੇ ਤਾਂ ਤੁਹਾਨੂੰ ਬਾਅਦ ਵੱਚ ਨੀਂਦ ਵੀ ਨਸੀਬ ਨਹੀਂ ਹੋਣੀ।

ਬਲਬੀਰ ਸਿੰਘ ਰਾਜੇਵਾਲ ਨੇ ਇਸ ਮੌਕੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ, “ਪੰਜਾਬ ਦੇ ਜੱਟ ਤੇ ਹਰਿਆਣਾ ਦੇ ਜਾਟਾਂ ਦਾ ਸੱਭਿਆਚਾਰ ਇੱਕੋ ਹੈ। ਅਸੀਂ ਜ਼ਮੀਨ ਨਾਲ ਜੁੜੇ ਲੋਕ ਹਾਂ। ਪਿੰਡਾਂ ਵਿੱਚ ਜੇ ਕੋਈ ਕਿਸਾਨ ਆਪਣੀ ਸਾਰੀ ਜ਼ਮੀਨ ਵੇਚ ਦੇਵੇ ਤਾਂ ਵੀ ਅਸੀਂ ਕਹਿੰਦੇ ਹਾਂ ਕਿ ਇਹ ਪੁੱਤ ਜ਼ਿੰਮੀਦਾਰ ਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜ਼ਮੀਨ ਤੋਂ ਵੱਖ ਨਹੀਂ ਰਹਿ ਸਕਦੇ। ਜੇ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਯਾਦ ਰੱਖਿਓ ਹਰਿਆਣਾ ਤੇ ਪੰਜਾਬ ਦੋ ਸੂਬੇ ਤੁਹਾਡੇ ਲਈ ਨਹੀਂ ਰਹਿਣੇ।”

ਕਿਸਾਨਾਂ ਨੇ ਮਨਾਇਆ ਪਗੜੀ ਸੰਭਾਲ ਦਿਵਸ

ਰਿਪੋਰਟ-ਗੁਰਪ੍ਰੀਤ ਚਾਵਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 23 ਫਰਵਰੀ ਨੂੰ ਭਗਤ ਸਿੰਘ ਦੇ ਚਾਚਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ 140 ਵੇਂ ਜਨਮ ਦਿਨ ਨੂੰ “ਪਗੜੀ ਸੰਭਾਲ” ਦਿਹਾੜੇ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।

ਇਸੇ ਦੇ ਤਹਿਤ ਅੱਜ ਅੰਮ੍ਰਿਤਸਰ-ਪਠਾਨਕੋਟ ਮੁਖ ਮਾਰਗ ‘ਤੇ ਕੱਥੂਨੰਗਲ ਟੋਲ ਪਲਾਜ਼ਾ ‘ਤੇ ਪੱਕਾ ਮੋਰਚਾ ਲਾਕੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਨਾਲ ਜੁੜੇ ਕਿਸਾਨਾਂ ਵੱਲੋਂ ਵੱਡਾ ਇਕੱਠ ਕਰ ਕੇਂਦਰ ਸਰਕਾਰ ਖਿਲਾਫ਼ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਆਵਾਜ਼ ਬੁਲੰਦ ਕੀਤੀ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇੱਕ ਕਿਸਾਨ ਦੀ ਜ਼ਮੀਨ ਤੇ ਕਿਸਾਨੀ ਉਸਦੀ ਇੱਜ਼ਤ ਅਤੇ ਰੋਜ਼ੀ-ਰੋਟੀ ਹੈ ਅਤੇ ਉਦੋਂ ਵੀ ਕਿਸਾਨ ਦੀ ਪੱਗ ਨੂੰ ਹੱਥ ਪਿਆ ਸੀ ਅਤੇ ਅੱਜ ਵੀ ਉਹੀ ਖ਼ਤਰਾ ਹੈ। ਪਰ ਅੱਜ ਜੋ ਕਿਸਾਨੀ ਅੰਦੋਲਨ ਰੂਪ ਧਾਰਨ ਕਰ ਚੁੱਕਿਆ ਹੈ ਉਹ ਬਹੁਤ ਅਹਿਮ ਹੈ। ਲੋਕ ਬਹੁਤ ਵੱਡੀ ਗਿਣਤੀ ਵਿੱਚ ਜਾਗਰੂਕ ਹੋ ਕੇ ਇਸ ਅੰਦੋਲਨ ਦਾ ਹਿੱਸਾ ਹਨ।

Share this post

Leave a Reply

Your email address will not be published. Required fields are marked *