ਪੰਜਾਬੀ ਖੇਡ ਸਾਹਿਤ ‘ਤੇ ਪੀਐੱਚਡੀ ਕਰਨ ਵਾਲਾ ਪਹਿਲਾ ਰਿਸਰਚ ਸਕਾਲਰ ਡਾ. ਚਹਿਲ

ਪ੍ਰਿੰ. ਸਰਵਣ ਸਿੰਘ

ਡਾ. ਸੁਖਦਰਸ਼ਨ ਸਿੰਘ ਚਹਿਲ ਪਹਿਲਾ ਰਿਸਰਚ ਸਕਾਲਰ ਹੈ ਜਿਸ ਨੇ ਪੰਜਾਬੀ ਖੇਡ ਸਾਹਿਤ ਤੇ ਪੀਐੱਚਡੀ ਕੀਤੀ ਹੈ। ਹੁਣ ਹੋਰ ਸਕਾਲਰ ਵੀ ਇਸ ਖੇਤਰ ਵਿਚ ਐੱਮਫਿੱਲ ਤੇ ਪੀਐੱਚਡੀ ਕਰ ਰਹੇ ਹਨ। ਡਾ. ਚਹਿਲ ਦੇ ਥੀਸਿਸ ਦਾ ਟਾਈਟਲ ‘ਪੰਜਾਬੀ ਖੇਡ ਸਾਹਿਤ: ਸਾਹਿਤਕ ਵਿਸ਼ਲੇਸ਼ਣ’ ਹੈ। 2005 ਵਿਚ ਖੋਜ ਸ਼ੁਰੂ ਕਰਦਿਆਂ ਉਹ ਮੇਰੇ ਨਾਲ ਇੰਟਰਵਿਊ ਕਰਨ ਮੁਕੰਦਪੁਰ ਆਇਆ ਤਾਂ ਮੇਰਾ ਸਿਆਣੂ ਹੋ ਗਿਆ। ਫਿਰ ਉਹ ਫੋਨ ਕਰਦਾ ਰਹਿੰਦਾ ਤੇ ਖੇਡ ਪੁਸਤਕਾਂ ਬਾਰੇ ਪੁੱਛਦਾ ਰਹਿੰਦਾ। ਉਹ ਮਿਹਨਤੀ ਤੇ ਸਿਰੜੀ ਹੋਣ ਕਰ ਕੇ ਡਾ. ਰਾਜਿੰਦਰਪਾਲ ਸਿੰਘ ਬਰਾੜ ਦੀ ਨਿਗਰਾਨੀ ਹੇਠ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡੇਢ ਸਾਲ ਵਿਚ ਹੀ ਪੀਐੱਚਡੀ ਦੀ ਡਿਗਰੀ ਹਾਸਲ ਕਰ ਗਿਆ। ਮੈਨੂੰ ਖੁਸ਼ੀ ਹੋਈ ਕਿ ਜਿਨ੍ਹਾਂ ਖੇਡ ਰਚਨਾਵਾਂ ਨੂੰ ਕੁਝ ਆਲੋਚਕ ਸਾਹਿਤ ਨਹੀਂ ਸਨ ਮੰਨਦੇ, ਉਨ੍ਹਾਂ ਉਤੇ ਸਭ ਤੋਂ ਉੱਚੀ ਪੀਐੱਚਡੀ ਦੀ ਡਿਗਰੀ ਮਿਲਣੀ ਸ਼ੁਰੂ ਹੋ ਗਈ ਹੈ।

ਡਾ. ਚਹਿਲ ਦੇ ਵਿਸ਼ਲੇਸ਼ਣ ਅਨੁਸਾਰ ਖੇਡ ਸਾਹਿਤ, ਸਾਹਿਤ ਦੀ ਉਹ ਵੰਨਗੀ ਹੈ ਜਿਸ ਦਾ ਸਮੁੱਚਾ ਤਾਣਾ-ਬਾਣਾ ਖਿਡਾਰੀਆਂ, ਖੇਡਾਂ ਤੇ ਇਨ੍ਹਾਂ ਨਾਲ ਜੁੜੇ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਬੁਣਿਆ ਜਾਂਦਾ ਹੈ। ਉਪਰੋਕਤ ਪਰਿਭਾਸ਼ਾ ਤੋਂ ਸਪੱਸ਼ਟ ਹੁੰਦਾ ਹੈ ਕਿ ਖੇਡ ਸਾਹਿਤ ਦਾ ਵਿਸ਼ਾ-ਵਸਤੂ ਖਿਡਾਰੀਆਂ ਤੇ ਖੇਡਾਂ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਤੇ ਆਧਾਰਿਤ ਹੁੰਦਾ ਹੈ। ਇਨ੍ਹਾਂ ਵਿਚ ਖਿਡਾਰੀਆਂ ਦੀ ਮਹਾਨਤਾ ਦੇ ਪੱਧਰ ਤੱਕ ਪੁੱਜਣ ਤੋਂ ਪਹਿਲਾਂ ਕੀਤੀ ਸਖ਼ਤ ਮਿਹਨਤ ਤੇ ਜਿਨ੍ਹਾਂ ਲੋਕਾਂ ਨੇ ਕਿਸੇ ਖਿਡਾਰੀ ਨੂੰ ਜਿੱਤ-ਮੰਚ ਤੱਕ ਪਹੁੰਚਾਇਆ ਹੋਵੇ, ਉਨ੍ਹਾਂ ਦੇ ਪਾਏ ਯੋਗਦਾਨ ਦੀ ਤਸਵੀਰ ਹੂ-ਬ-ਹੂ ਮਿਲਦੀ ਹੈ। ਖੇਡ ਸਾਹਿਤ ਖਿਡਾਰੀਆਂ ਦੇ ਜੀਵਨ ਦੇ ਨਾਲ ਨਾਲ ਉਨ੍ਹਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਦੇ ਸਮਕਾਲੀ ਹਾਲਾਤ ਬਾਰੇ ਵੀ ਬਾਖੂਬੀ ਚਾਨਣਾ ਪਾਉਂਦਾ ਹੈ। ਖੇਡ ਸਾਹਿਤ ਦੀਆਂ ਰੂਪ ਦੇ ਪੱਖ ਤੋਂ ਕੁਝ ਸੀਮਾਵਾਂ ਹਨ। ਕੁਝ ਸਮਾਂ ਪਹਿਲਾ ਖੇਡ ਸਾਹਿਤ ਜੀਵਨੀਆਂ, ਸਵੈ-ਜੀਵਨੀਆਂ, ਰੇਖਾ ਚਿੱਤਰਾਂ ਤੇ ਫੁਟਕਲ ਲੇਖਾਂ ਤੱਕ ਹੀ ਸੀਮਿਤ ਸੀ ਜੋ ਸਮੇਂ ਨਾਲ ਅਜੋਕੇ ਦੌਰ ਵਿਚ ਖੇਡ ਵਾਰਤਾ, ਕਹਾਣੀਆਂ, ਕਵਿਤਾਵਾਂ, ਸਿ਼ਅਰਾਂ, ਗੀਤਾਂ ਆਦਿ ਲਿਖਣ ਤਕ ਫੈਲ ਗਿਆ ਹੈ।

ਖੇਡ ਸਾਹਿਤ ਨਾਲ ਸਬੰਧਿਤ ਰਚਨਾਵਾਂ ਦਾ ਅਧਿਐਨ ਕਰਨ ਤੇ ਪਤਾ ਲਗਦਾ ਹੈ ਕਿ ਸਾਹਿਤ ਦੀਆਂ ਹੋਰਨਾਂ ਵਿਧਾਵਾਂ ਵਾਂਗ ਇਹ ਰਚਨਾਵਾਂ ਪਾਠਕਾਂ ਨੂੰ ਸੁਹਜ-ਸੁਆਦ ਤੇ ਪ੍ਰੇਰਨਾ ਦੇਣ ਦੇ ਯੋਗ ਤਾਂ ਹੁੰਦੀਆਂ ਹੀ ਹਨ, ਨਾਲ ਦੀ ਨਾਲ ਸਿਹਤਮੰਦ ਤੇ ਸਡੌਲ ਜੁੱਸਿਆਂ ਵਾਲੇ ਇਨਸਾਨ ਬਣਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਇੰਜ ਇਨ੍ਹਾਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਆਧੁਨਿਕ ਸੰਚਾਰ ਸਾਧਨਾਂ ਰਾਹੀਂ ਜਿਸ ਤਰ੍ਹਾਂ ਖੇਡਾਂ ਘਰ ਘਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ, ਉਸੇ ਤਰ੍ਹਾਂ ਖੇਡ ਸਾਹਿਤ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਇਸ ਕਰ ਕੇ ਖਪਤ ਤੇ ਮੰਗ ਦੇ ਸਿਧਾਂਤ ਅਨੁਸਾਰ ਖੇਡ ਸਾਹਿਤ ਦੀਆਂ ਰਚਨਾਵਾਂ ਦੀ ਗਿਣਤੀ ਵਿਚ ਵਾਧਾ ਹੋਣਾ ਸੁਭਾਵਿਕ ਹੈ। ਸਾਹਿਤ ਦੀ ਇਸ ਵਿਧਾ ਦੇ ਪ੍ਰਫੁੱਲਤ ਹੋਣ ਨਾਲ ਜਿਥੇ ਆਮ ਪਾਠਕਾਂ ਨੂੰ ਨਰੋਏ ਬਣਨ ਦੀ ਤੇ ਖੇਡਾਂ ਵਿਚ ਹਿੱਸਾ ਲੈਣ ਦੀ ਪ੍ਰੇਰਨਾ ਮਿਲਦੀ ਹੈ, ਉਥੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਸਮੇਂ ਸਮੇਂ ਸਿਰ ਹੁੰਦੀ ਰਹਿੰਦੀ ਹੈ। ਖੇਡ ਸਾਹਿਤ ਖਾਸ ਤੌਰ ਤੇ ਨੌਜਵਾਨ ਵਰਗ ਲਈ ਵਧੇਰੇ ਪ੍ਰੇਰਨਾਦਾਇਕ ਸਿੱਧ ਹੁੰਦਾ ਹੈ, ਕਿਉਂਕਿ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਤੇ ਰੇਖਾ ਚਿੱਤਰ ਪੜ੍ਹ ਕੇ ਉਨ੍ਹਾਂ ਅੰਦਰ ਵੀ ਮਹਾਨਤਾ ਦੀਆਂ ਬੁਲੰਦੀਆਂ ਛੂਹਣ ਦੀ ਰੀਝ ਪੈਦਾ ਹੁੰਦੀ ਹੈ। ਖੇਡ ਸਾਹਿਤ ਵਿਸ਼ਾ-ਵਸਤੂ ਪੱਖੋਂ ਹੋਰਨਾਂ ਸਾਹਿਤਕ ਵਿਧਾਵਾਂ ਨਾਲੋਂ ਵੱਖਰਾ ਹੁੰਦਾ ਹੈ। ਸਾਹਿਤ ਦੀਆਂ ਹੋਰਨਾਂ ਵਿਧਾਵਾਂ ਵਿਚ ਆਮ ਮਨੁੱਖੀ ਜੀਵਨ ਨੂੰ ਆਧਾਰ ਬਣਾ ਕੇ ਰਚਨਾਵਾਂ ਹੋਂਦ ਵਿਚ ਆਉਂਦੀਆਂ ਹਨ ਜਦ ਕਿ ਖੇਡ ਸਾਹਿਤ ਦਾ ਵਿਸ਼ਾ ਮੁੱਖ ਤੌਰ ਤੇ ਖਿਡਾਰੀਆਂ, ਖੇਡ ਤੇ ਇਨ੍ਹਾਂ ਨਾਲ ਜੁੜੇ ਪਹਿਲੂਆਂ ਤੇ ਆਧਾਰਿਤ ਹੁੰਦਾ ਹੈ। ਜਿਥੇ ਸਾਹਿਤ ਦੀਆਂ ਹੋਰਨਾਂ ਵਿਧਾਵਾਂ ਵਿਚ ਕਲਪਨਾ ਦੀ ਬਹੁਤਾਤ ਹੁੰਦੀ ਹੈ, ਉਥੇ ਖੇਡ ਸਾਹਿਤ ਵਿਚ ਕਲਪਨਾ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸੇ ਕਰ ਕੇ ਖੇਡ ਸਾਹਿਤ ਯਥਾਰਥ ਦੇ ਵਧੇਰੇ ਨੇੜੇ ਹੁੰਦਾ ਹੈ, ਕਿਉਂਕਿ ਇਸ ਦੇ ਪਾਤਰਾਂ ਨਾਲ ਸਬੰਧਿਤ ਘਟਨਾਵਾਂ ਹਕੀਕੀ ਰੂਪ ਵਿਚ ਵਾਪਰਦੀਆਂ ਹਨ। ਇਉਂ ਖੇਡ ਸਾਹਿਤ ਵਧੇਰੇ ਯਥਾਰਥਕ ਅਤੇ ਤਰਕਮਈ ਹੁੰਦਾ ਹੈ।

ਸੁਖਦਰਸ਼ਨ ਚਹਿਲ ਦਾ ਜਨਮ ਅਧਿਆਪਕ ਜੋੜੀ ਮਾਸਟਰ ਗੁਰਬਚਨ ਸਿੰਘ ਤੇ ਸ੍ਰੀਮਤੀ ਗੁਰਮੇਲ ਕੌਰ ਦੇ ਘਰ ਪਿੰਡ ਆਲਮਪੁਰ ਮੰਦਰਾਂ ਜਿ਼ਲ੍ਹਾ ਮਾਨਸਾ ਵਿਚ ਹੋਇਆ। ਪੜ੍ਹਾਈ ਕਰਨ ਦੇ ਮਾਮਲੇ ਵਿਚ ਉਹਦਾ ਸਫ਼ਰ ਬੇਤਰਤੀਬਾ ਹੀ ਰਿਹਾ। ਪਿੰਡੋਂ ਮੈਟ੍ਰਿਕ ਕਰਨ ਪਿੱਛੋਂ ਉਸ ਨੇ ਅਧਿਆਪਕ ਮਾਪਿਆਂ ਦੀ ਇੱਛਾ ਅਨੁਸਾਰ ਥਾਪਰ ਪਾਲਿਟੈਕਨਿਕ ਪਟਿਆਲਾ ਤੋਂ ਡਿਪਲੋਮਾ ਇਨ ਸਿਵਲ ਇੰਜਨੀਅਰਿੰਗ ਕੀਤਾ। ਮੁੜ ਕੇ ਪ੍ਰੀਤ ਕਾਲਜ ਬੁਢਲਾਡਾ ਤੋਂ ਗਿਆਨੀ ਨਾਲ ਬੀਏ ਕੀਤੀ। ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੈਚਲਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਹਾਸਲ ਕਰ ਕੇ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਹਿਸਾਰ ਤੋਂ ਮਾਸਟਰ ਇਨ ਮਾਸ ਕਮਿਊਨੀਕੇਸ਼ਨ ਕਰਨ ਚਲਾ ਗਿਆ। ਮੁੜ ਕੇ ਜੇਬੀਟੀ ਸਕੂਲ ਬੁਢਲਾਡਾ ਤੋਂ ਈਟੀਟੀ ਕਰ ਕੇ ਉਸ ਨੂੰ 1997 ਵਿਚ ਪ੍ਰਾਇਮਰੀ ਸਕੂਲ ਅਧਿਆਪਕ ਦੀ ਨੌਕਰੀ ਮਿਲ ਗਈ। ਆਖ਼ਰ ਬੀਐੱਡ ਕਰ ਕੇ ਉਹ ਐੱਸਐੱਸ ਮਾਸਟਰ ਬਣ ਗਿਆ। ਨੌਕਰੀ ਦੌਰਾਨ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐੱਮਏ ਕੀਤੀ। ਫਿਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਪੀਐੱਚਡੀ ਕਰਨ ਲਈ 2005 ਵਿਚ ਦਰਖਾਸਤ ਦੇ ਦਿੱਤੀ ਤਾਂ ਉਸ ਵੇਲੇ ਪੰਜਾਬੀ ਵਿਭਾਗ ਦੀ ਮੁਖੀ ਡਾ. ਬਲਵਿੰਦਰ ਕੌਰ ਬਰਾੜ ਨੇ ਉਹਦੀ ਬਾਂਹ ਡਾ. ਰਾਜਿੰਦਰਪਾਲ ਸਿੰਘ ਬਰਾੜ ਨੂੰ ਫੜਾ ਦਿੱਤੀ। ਪੀਐੱਚਡੀ ਦੇ ਖੋਜ ਕਾਰਜ ਦੌਰਾਨ ਹੀ ਉਸ ਨੇ ਇੰਡੋ-ਪਾਕਿਸਤਾਨ ਪੰਜਾਬ ਖੇਡਾਂ ਤੇ ਆਧਾਰਿਤ ਆਪਣੀ ਪਹਿਲੀ ਪੁਸਤਕ ‘ਜਦ ਖੇਡੇ ਪੰਜੇ ਆਬ’ ਦੀ ਰਚਨਾ ਕੀਤੀ। 2006 ਵਿਚ ਉਸ ਨੇ ਪੀਐੱਚਡੀ ਦੀ ਡਿਗਰੀ ਹਾਸਲ ਕਰ ਲਈ। ਨਾਲ ਦੀ ਨਾਲ ਉਹ ਅਖ਼ਬਾਰਾਂ ਲਈ ਖੇਡ ਪੱਤਰਕਾਰੀ ਵੀ ਕਰਦਾ ਰਿਹਾ।

ਬਹੁਤ ਬੰਦੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਹੁੰਦੇ ਹਨ। ਇਸੇ ਤਰ੍ਹਾਂ ਦੇ ਬੰਦਿਆਂ ਵਿਚ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਸ਼ੁਮਾਰ ਹੁੰਦਾ ਹੈ ਜੋ ਖੇਡ ਲੇਖਕ, ਪੱਤਰਕਾਰ, ਕੁਮੈਂਟੇਟਰ, ਨਾਟਕਕਾਰ ਤੇ ਅਧਿਆਪਕ ਵਜੋਂ ਸਰਗਰਮ ਹੈ। ਉਹ 10 ਖੇਡ ਪੁਸਤਕਾਂ ਪ੍ਰਕਾਸਿ਼ਤ ਕਰਵਾ ਚੁੱਕਾ ਹੈ। ਕਰੋੜਾਂ ਦੀ ਕਬੱਡੀ, ਚੱਕ ਦੇ ਕਬੱਡੀ, ਕਬੱਡੀ ਦੀ ਆਲਮੀ ਹੈਟ੍ਰਿਕ, ਰੰਗਲੀ ਕਬੱਡੀ, ਜੱਗ ਜੇਤੂ ਕਬੱਡੀ ਖਿਡਾਰੀ, ਕਬੱਡੀ ਦੀ ਧਮਾਲ, ਕਬੱਡੀ ਦੀ ਬੱਲੇ-ਬੱਲੇ ਅਤੇ ਵਾਹ ਕਬੱਡੀ ਤੋਂ ਬਾਅਦ 2019 ਵਿਚ ਉਸ ਦੀ ਪੁਸਤਕ ‘ਗੁਰੂ ਚਰਨਾਂ `ਚ ਕਬੱਡੀ ਦਾ ਸਿਜਦਾ’ ਛਪੀ ਹੈ।

ਡਾ. ਰਾਜਿੰਦਰਪਾਲ ਸਿੰਘ ਬਰਾੜ ਦੀ ਪ੍ਰੇਰਨਾ ਨਾਲ ਹੀ ਸੁਖਦਰਸ਼ਨ ਚਹਿਲ ਨੇ ਅਖ਼ਬਾਰੀ ਲੇਖ ਲਿਖ ਕੇ ਖੇਡ ਸਾਹਿਤ ਵੱਲ ਮੋੜ ਕੱਟਿਆ ਸੀ। ਉਹ ਓਲੰਪਿਕ, ਰਾਸ਼ਟਰਮੰਡਲ, ਵਿਸ਼ਵ ਸੈਨਿਕ ਖੇਡਾਂ, ਹਾਕੀ ਵਿਸ਼ਵ ਕੱਪ ਤੇ ਚੈਪੀਅਨਜ਼ ਟਰਾਫੀਆਂ ਅਤੇ ਕਬੱਡੀ ਵਿਸ਼ਵ ਕੱਪਾਂ ਸਮੇਤ ਦੋ ਦਰਜਨ ਦੇ ਕਰੀਬ ਕੌਮਾਂਤਰੀ ਖੇਡ ਮੇਲਿਆਂ ਦੀਆਂ ਰਿਪੋਰਟਾਂ ਲਿਖ ਚੁੱਕਾ ਹੈ। ਸਕੂਲੀ ਵਿਦਿਆਰਥੀਆਂ ਵਿਚ ਛੁਪੀ ਨਾਟਕੀ ਅਦਾਕਾਰੀ ਨੂੰ ਨਿਖਾਰਨ ਲਈ ਵੀ ਉਹ ਕਾਫੀ ਸਮਾਂ ਦਿੰਦਾ ਆ ਰਿਹਾ ਹੈ। ਉਸ ਨੇ ਪਹਿਲਾ ਨੁੱਕੜ ਨਾਟਕ ‘ਅਸੀਂ ਸਭ ਦੋਸ਼ੀ ਹਾਂ’ ਲਿਖਿਆ। ਫਿਰ ‘ਮੇਰਾ ਘਰ ਕਿਹੜਾ’, ‘ਮੇਰੀ ਅਵਾਜ਼ ਸੁਣੋ’ ਤੇ ‘ਮੈਂ ਨਹੀਂ ਜਾਣਾ ਪਰਦੇਸ’ ਦੀ ਰਚਨਾ ਕੀਤੀ। ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਦੀ ਟੀਮ ਬਣਾ ਕੇ ਇਨ੍ਹਾਂ ਨਾਟਕਾਂ ਦੇ ਸੌ ਤੋਂ ਵਧੇਰੇ ਸ਼ੋਅ ਕੀਤੇ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਹ ਸਚਿੱਤਰ ਮੈਗਜ਼ੀਨ ‘ਚੱਕ ਦੇ ਕਬੱਡੀ’ ਦੇ ਵੀ ਸਾਲ ਵਿਚ ਤਿੰਨ ਅੰਕ ਕੱਢੀ ਜਾ ਰਿਹੈ।

ਉਹਦੀ ਪਹਿਲੀ ਪੁਸਤਕ ਭਾਰਤ-ਪਾਕਿ ਪੰਜਾਬ ਖੇਡਾਂ 2004 ਬਾਰੇ 2005 ਵਿਚ ਛਪੀ ਸੀ ਜਿਸ ਦਾ ਨਾਂ ‘ਜਦੋਂ ਖੇਡੇ ਪੰਜੇ ਆਬ’ ਰੱਖਿਆ ਗਿਆ। ਉਸ ਦੀ ਭੂਮਿਕਾ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਲਿਖੀ: ਖੇਡਾਂ ਦਾ ਇਤਿਹਾਸ ਮਨੁੱਖੀ ਸਭਿਅਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਆਦਿ ਮਾਨਵ ਕੁਦਰਤੀ ਆਫ਼ਤਾਂ ਦਾ ਟਾਕਰਾ ਕਰਨ ਲਈ, ਖੂੰਖਾਰ ਜੰਗਲੀ ਜਾਨਵਰਾਂ ਤੋਂ ਬਚਣ ਅਤੇ ਭੋਜਨ ਦੀ ਭਾਲ ਵਿਚ ਨਿਰੰਤਰ ਭੱਜਦਾ, ਨੱਠਦਾ, ਛਾਲਾਂ ਮਾਰਦਾ, ਹਮਲੇ ਕਰਦਾ ਤੇ ਜ਼ੋਰ-ਅਜ਼ਮਾਈ ਕਰਦਾ ਰਹਿੰਦਾ ਸੀ। ਹਰ ਸਫ਼ਲਤਾ ਉਸ ਨੂੰ ਖ਼ੁਸ਼ੀ ਬਖ਼ਸ਼ਦੀ ਸੀ ਪਰ ਇਹ ਖੇਡ ਨਹੀਂ ਸੀ, ਜਿਊਣ-ਮਰਨ ਦਾ ਸੰਘਰਸ਼ ਸੀ। ਖੇਡ ਦੀ ਬਨਿਆਦ ਤੁਰੰਤ ਜੀਵਨ-ਮਰਨ ਦੇ ਸੰਘਰਸ਼ ਦੀ ਥਾਵੇਂ ਜੀਵਨ-ਮਰਨ ਦੀ ਤਿਆਰੀ ਨਾਲ ਰੱਖੀ ਜਾਂਦੀ ਹੈ। ‘ਕੰਮ’ ਜਾਂ ‘ਲੋੜ’ ਦਾ ‘ਖੇਡ’ ਜਾਂ ‘ਸ਼ੌਕ’ ਵਿਚ ਪਲਟਣਾ ਹੀ ਮਨੁੱਖੀ ਸਭਿਅਤਾ ਦੀ ਸਿਰਜਣਾ ਹੈ। ਭੋਜਨ ਦੀ ਭਾਲ ਵਿਚ ਦਰਿਆ ਪਾਰ ਕਰਨਾ ਜਾਂ ਸਮੁੰਦਰ ਵਿਚ ਉਤਰਨਾ ਲੋੜ ਹੈ, ਬਿਨਾਂ ਲੋੜ ਤੋਂ ਖ਼ੁਸ਼ੀ ਲਈ ਤੈਰਨਾ ਖੇਡ ਹੈ। ਭੁੱਖ ਦੇ ਸਤਾਇਆਂ ਦਾ ਹਿਰਨ ਮਾਰਨਾ ਜਾਂ ਸਫ਼ਰ ਲਈ ਘੋੜੇ ਦੀ ਸਵਾਰੀ ਕਰਨਾ ਲੋੜ ਹੈ, ਰੱਜ ਕੇ ਸਿ਼ਕਾਰ ਕਰਨਾ ਜਾਂ ਘੋੜਿਆਂ ਤੇ ਪੋਲੋ ਖੇਡਣੀ ਸ਼ੌਕ ਹੈ। ਦੂਸਰੇ ਕਬੀਲਿਆਂ ਹੱਥੋਂ ਭੋਜਨ ਬਚਾਉਣਾ ਜਾਂ ਖੋਹਣਾ ਮਜਬੂਰੀ ਹੈ ਪਰ ਮਿਥ ਕੇ ਜ਼ੋਰ-ਅਜ਼ਮਾਈ ਕਰਨੀ ਖੇਡ ਹੈ। ਸਾਰੀਆਂ ਮੁਢਲੀਆਂ ਖੇਡਾਂ ਨੇ ਮਨੁੱਖ ਦੇ ਕੁਦਰਤ ਨਾਲ, ਜਾਨਵਰਾਂ ਨਾਲ ਜਾਂ ਦੂਸਰੇ ਮਨੁੱਖਾਂ ਨਾਲ ਸੰਘਰਸ਼ ਵਿਚੋਂ ਜਨਮ ਲਿਆ ਹੈ। ਇਸ ਪਿੱਛੇ ਮਨੁੱਖ ਦੇ ਆਰੰਭਿਕ ਪੜਾਅ ਦਾ ਅਭਿਆਸ ਜੁੜਿਆ ਹੋਇਆ ਹੈ। ਪਹਿਲਾਂ-ਪਹਿਲ ਨਿਸ਼ਾਨੇਬਾਜ਼ੀ ਅਸਲੀ ਸਿ਼ਕਾਰ ਦੀ ਤਿਆਰੀ ਲਈ ਕੀਤੀ ਜਾਂਦੀ ਸੀ। ਖੇਡਾਂ ਰਾਹੀਂ ਛੋਟਿਆਂ ਨੂੰ ਵੱਡੇ ਹੋ ਕੇ ਟੱਕਰਨ ਵਾਲੀਆਂ ਚਣੌਤੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।

ਇੱਕੋ ਭੂਗੋਲਿਕ ਖਿੱਤੇ ਵਿਚ ਰਹਿਣ ਵਾਲੇ, ਇੱਕੋ ਨਸਲ ਦੇ, ਇੱਕੋ ਭਾਸ਼ਾ ਬੋਲਣ ਅਤੇ ਇੱਕੋ ਜਿਹਾ ਕੰਮ ਕਰਨ ਵਾਲਿਆਂ ਦੀਆਂ ਖੇਡਾਂ ਵੀ ਇੱਕੋ ਜਿਹੀਆਂ ਹੁੰਦੀਆਂ ਹਨ। ਖੇਡਾਂ ਦਾ ਭੂਗੋਲ ਅਤੇ ਕੰਮ ਹਾਲਤਾਂ ਨਾਲ ਨੇੜੇ ਦਾ ਸਬੰਧ ਹੁੰਦਾ ਹੈ। ਪੰਜ ਆਬਾਂ ਦੀ ਮਿੱਟੀ ਵਿਚ ਜੰਮੇ ਜਾਇਆਂ ਦੇ ਖ਼ਾਬੋ-ਖਿਆਲ ਵਿਚ ਵੀ ਨਹੀਂ ਸੀ ਕਿ ਸਾਮਰਾਜ ਦੀ ਬਦਨੀਤੀ ਤੇ ਸੱਤਾ ਦੇ ਭੁੱਖਿਆਂ ਦੀ ਰਾਜਨੀਤੀ ਉਨ੍ਹਾਂ ਨੂੰ ਇਉਂ ਵੰਡ ਦੇਵੇਗੀ ਕਿ ਉਨ੍ਹਾਂ ਦਰਮਿਆਨ ਨਫ਼ਰਤ ਦੀ ਦੀਵਾਰ ਖੜ੍ਹੀ ਹੋ ਜਾਵੇਗੀ ਪਰ ਸਮਾਂ ਬੜਾ ਬਲਵਾਨ ਹੈ ਤੇ ਪਰਿਵਰਤਨ ਕੁਦਰਤ ਦਾ ਨਿਯਮ ਹੈ। ਸਮੇਂ ਨੇ ਪਾਸਾ ਪਲਟਿਆ, ਦੋਹਾਂ ਦੇਸ਼ਾਂ ਦਰਮਿਆਨ ਸਾਂਝ ਦੀ ਹਵਾ ਰੁਮਕਣ ਲੱਗੀ ਤਾਂ ਸਭ ਤੋਂ ਵੱਧ ਖ਼ੁਸ਼ੀ ਦੋਹਾਂ ਦੇਸ਼ਾਂ ਦੇ ਪੰਜਾਬੀਆਂ ਨੂੰ ਹੋਈ। ਸਰਹੱਦ ਤੇ ਅਮਨ ਦੀਆਂ ਮੋਮਬੱਤੀਆਂ ਜਗਾਉਣ ਵਾਲਿਆਂ ਦੀਆਂ ਆਸਾਂ ਨੂੰ ਬੂਰ ਪਿਆ। ਕਲਾਕਾਰਾਂ ਤੇ ਖਿਡਾਰੀਆਂ ਦਾ ਲੈਣ-ਦੇਣ ਸੰਭਵ ਹੋਇਆ। ਸਿੱਟਾ ਪਹਿਲੀਆਂ ਪੰਜਾਬ ਖੇਡਾਂ ਵਜੋਂ ਨਿਕਲਿਆ। ਦੋਹਾਂ ਪੰਜਾਬਾਂ ਦੇ ਮੁੜ ਮਿਲਾਪ ਵਿਚ ਇਨ੍ਹਾਂ ਖੇਡਾਂ ਦਾ ਇਤਿਹਾਸਕ ਯੋਗਦਾਨ ਹੈ। ਹਥਲੀ ਪੁਸਤਕ ‘ਜਦੋਂ ਖੇਡੇ ਪੰਜੇ ਆਬ’ ਇਨ੍ਹਾਂ ਖੇਡਾਂ ਦਾ ਸ਼ਬਦ ਚਿੱਤਰ ਹੈ, ਜੋ ਇਤਿਹਾਸ ਵੀ ਹੈ ਅਤੇ ਇਤਿਹਾਸਕ ਪਲਾਂ ਦੀ ਅੱਖੀਂ ਦੇਖੀ ਗਵਾਹੀ ਵੀ ਤੇ ਆਪਣੀ ਖੇਡ ਸ਼ੈਲੀ ਤੇ ਸ਼ਬਦਾਵਲੀ ਕਾਰਨ ਕਲਾਤਮਿਕ ਦਸਤਾਵੇਜ਼ ਵੀ।

ਖਿਡਾਰੀਆਂ ਨੂੰ ਖੇਡ ਲਈ ਹੱਲਾਸ਼ੇਰੀ ਦੇਣ ਵਾਲੇ ਦਰਸ਼ਕਾਂ ਦੀ ਹੀ ਜ਼ਰੂਰਤ ਹੀ ਨਹੀਂ ਹੁੰਦੀ ਸਗੋਂ ਉਨ੍ਹਾਂ ਦੀ ਖੇਡ ਦਾ ਮੁੱਲ ਹੀ ਦਰਸ਼ਕਾਂ ਦੀ ਪਰਵਾਨਗੀ ਤੇ ਟਿਕਿਆ ਹੁੰਦਾ ਹੈ। ਆਧੁਨਿਕ ਖੇਡਾਂ ਸਮੇਂ ਸਾਰੇ ਲੋਕ ਤਾਂ ਸਟੇਡੀਅਮ ਵਿਚ ਜਾ ਕੇ ਖੇਡਾਂ ਨਹੀ ਦੇਖ ਸਕਦੇ, ਬਹੁਗਿਣਤੀ ਟੈਲੀਵਿਜ਼ਨ ਉਪਰ ਖੇਡਾਂ ਦੇਖਦੀ ਹੈ, ਰੇਡੀਓ ਉਪਰ ਅੱਖੀਂ ਦੇਖਿਆ ਹਾਲ ਸੁਣਦੀ ਹੈ, ਖੇਡਾਂ ਦੀਆਂ ਖ਼ਬਰਾਂ ਸੁਣਦੀ-ਪੜ੍ਹਦੀ ਹੈ। ਪੰਜਾਬੀ ਵਿਚ ਖੇਡ-ਪੱਤਰਕਾਰੀ ਦਾ ਵੱਖਰਾ ਖੇਤਰ ਵਿਕਸਿਤ ਹੋ ਰਿਹਾ ਹੈ। ਸੁਖਦਰਸ਼ਨ ਸਿੰਘ ਚਹਿਲ ਇਸੇ ਖੇਤਰ ਦਾ ਖਿਡਾਰੀ ਹੈ। ਉਸ ਕੋਲ ਖੇਡ ਪੱਤਰਕਾਰੀ ਦਾ ਲੰਮਾ ਤਜਰਬਾ ਹੈ, ਇਸ ਪੁਸਤਕ ਰਾਹੀਂ ਉਹ ਖੇਡ ਪੱਤਰਕਾਰੀ ਦੇ ਨਾਲ-ਨਾਲ ਖੇਡ ਸਾਹਿਤ ਵਿਚ ਲੰਮੀ ਪੁਲਾਂਘ ਪੁੱਟ ਰਿਹਾ ਹੈ।

ਉਸ ਨੇ ਆਪਣੀ ਪੁਸਤਕ ਨੂੰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਅਧਿਆਏ ‘ਪੰਜ ਪਾਣੀਆਂ ਦਾ ਖੇਡ ਵਿਰਸਾ’ ਵਿਚ ਜਿਵੇਂ ਨਾਂ ਤੋਂ ਹੀ ਸਪੱਸ਼ਟ ਹੈ ਪੰਜਾਬੀਆਂ ਦੇ ਖੇਡ ਵਿਰਸੇ ਨੂੰ ਇਤਿਹਾਸਕ ਪੱਖੋਂ ਦੇਖਿਆ ਹੈ। ਦੂਜੇ ਅਧਿਆਏ ‘ਪਟਿਆਲਾ ਰਿਆਸਤ ਦੀ ਖੇਡ ਵਿਰਾਸਤ’ ਵਿਚ ਪਟਿਆਲਾ ਰਿਆਸਤ ਦੀ ਖੇਡਾਂ ਨੂੰ ਦੇਣ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਮਹਾਰਾਜਾ ਭੁਪਿੰਦਰ ਸਿੰਘ ਨੇ ਆਧੁਨਿਕ ਪੱਛਮੀ ਖੇਡਾਂ ਨੂੰ ਅਪਨਾਇਆ ਅਤੇ ਪ੍ਰਚੱਲਿਤ ਕੀਤਾ। ਤੀਜੇ ਅਧਿਆਏ ‘ਸ਼ਾਹੀ ਰਿਆਸਤ ਦੀ ਖੇਡ ਸਿਆਸਤ’ ਵਿਚ ਖੇਡ ਪ੍ਰਬੰਧਾਂ ਵਿਚ ਪਟਿਆਲਾ ਰਾਜ ਘਰਾਣੇ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ। ਅਗਲੇ ਅਧਿਆਏ ‘ਕੋਰੀਅਨ ਮਿਲਾਪ ਦੇ ਦੀਵੇ ਚੋਂ ਲਈ ਲੋਅ’ ਅਧੀਨ ਭਾਰਤ-ਪਾਕਿਸਤਾਨ ਵਾਂਗ ਹੀ ਵੰਡੇ ਹੋਏ ਉੱਤਰੀ ਤੇ ਦੱਖਣੀ ਕੋਰੀਆ ਵੱਲੋਂ ਏਸ਼ੀਅਨ ਖੇਡਾਂ ਸਮੇਂ ਆਪਣੇ ਮਤਭੇਦ ਭੁਲਾ ਕੇ ਇਕੱਠੇ ਖੇਡਣ ਖੇਡਣ ਤੋਂ ਪ੍ਰੇਰਨਾ ਲੈ ਕੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਤੇ ਪਾਕਿਸਤਾਨੀ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਮੁਹੰਮਦ ਲਤੀਫ਼ ਭੱਟ ਦੇ ਲਏ ਸੁਫ਼ਨੇ ਦੀ ਗੱਲ ਕੀਤੀ ਗਈ ਹੈ ਜੋ ਪੂਰਾ ਹੋਇਆ ਅਤੇ ਚੜ੍ਹਦਾ ਪੰਜਾਬ ਮੇਜ਼ਬਾਨ ਬਣਿਆ ਤੇ ਲਹਿੰਦਾ ਪੰਜਾਬ ਮਹਿਮਾਨ ਬਣ ਕੇ ਪਹੁੰਚਾ। ਅਗਲੇ ਅਧਿਆਏ ‘ਲਾਹੌਰੋਂ ਆਈ ਅਮਨਜੋਤ’ ਵਿਚ ਸਾਰਾ ਅੱਖੀਂ ਡਿੱਠਾ ਹਾਲ ਹੈ। ‘ਜਦੋਂ ਮੁਹੱਬਤ ਦਾ ਜਾਮ ਛਲਕਿਆ’ ਵਿਚ ਉਦਘਾਟਨੀ ਸਮਾਰੋਹ ਦਾ ਭਾਵਪੂਰਤ ਸ਼ਬਦਾਂ ਵਿਚ ਬਿਆਨ ਹੈ। ‘ਜੋ ਅਮਨ ਦਾ ਦੂਤ ਬਣੇ’ ਅਧਿਆਏ ਵਿਚ ਖਿਡਾਰੀਆਂ ਅਤੇ ਪ੍ਰਬੰਧਕਾਂ ਬਾਰੇ ਤੱਥਗਤ ਜਾਣਕਾਰੀ ਹੈ ਜਿਸ ਨੇ ਭਵਿੱਖ ਵਿਚ ਖੇਡ ਇਤਿਹਾਸ ਬਣਨਾ ਹੈ।

‘ਖੇਡ ਨਜ਼ਾਰੇ’ ਅਧਿਆਏ ਵਿਚ ਸਾਰੀਆਂ ਖੇਡਾਂ ਦੇ ਮੁਕਾਬਲਿਆਂ ਦਾ ਅੱਖੀਂ ਡਿੱਠਾ ਹਾਲ ਦਰਜ ਹੈ। ਇਸੇ ਅਧਿਆਏ ਵਿਚ ਹੀ ‘ਤਮਗਾ ਸੂਚੀ’ ਹਰ ਖਿਡਾਰੀ ਪਾਠਕ ਨੂੰ ਪ੍ਰੇਰਨਾ ਦਿੰਦੀ ਹੈ। ਅਧਿਆਏ ‘ਖੇਡਾਂ ਦੇ ਅੰਗ ਸੰਗ’ ਤੇ ‘ਅਣਕਿਆਸੇ ਜਲਵੇ’ ਵਿਚ ਖੇਡ ਮੈਦਾਨਾਂ ਤੋਂ ਬਾਹਰ ਵਾਪਰੀਆਂ ਘਟਨਾਵਾਂ ਦੇ ਮਹੱਤਵਪੂਰਨ ਪਲਾਂ ਨੂੰ ਸ਼ਬਦੀ ਜਾਮਾ ਪਹਿਨਾਇਆ ਗਿਆ ਹੈ। ‘ਉਦਾਸ ਘੜੀਆਂ’, ‘ਨੱਚਦੇ ਗਾਉਂਦੇ ਪੰਜ ਪਾਣੀ’ ਤੇ ‘ਮੋਹਭਿੱਜੀ ਸਲਾਮ’ ਖੇਡਾਂ ਅਤੇ ਖੇਡਾਂ ਨਾਲ ਜੁੜੇ ਹਰ ਪਲ, ਹਰ ਘਟਨਾ ਨੂੰ ਪਕੜਨ ਦਾ ਖੂਬਸੂਰਤ ਯਤਨ ਹਨ। ‘ਸਦੀਵੀ ਅਮਨ ਦੇ ਹੋਕੇ’ ਨਾਲ ਖੇਡਾਂ ਮੁੱਕਦੀਆਂ ਹਨ ਤੇ ਇਸੇ ਹੋਕੇ ਨਾਲ ਹੀ ਪੁਸਤਕ ਮੁੱਕਦੀ ਹੈ। ਹਰ ਅਧਿਆਏ ਦਾ ਢੁੱਕਵਾਂ ਸਿਰਲੇਖ ਪੂਰੇ ਅਧਿਆਏ ਦੀ ਕਹਾਣੀ ਅੱਖਾਂ ਸਾਹਮਣੇ ਲਿਆਉਣ ਦੀ ਸਮਰੱਥਾ ਰੱਖਦਾ ਹੈ। ਪੂਰੀ ਪੁਸਤਕ ਦੇ ਅਧਿਆਇ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਪੂਰੀ ਰਚਨਾ ਕਹਾਣੀ ਵਾਂਗ ਅੱਗੇ ਵਧਦੀ ਹੈ। ਬਿਨਾਂ ਸ਼ੱਕ ਇਹ ਪੁਸਤਕ ਕੇਵਲ ਖੇਡ ਪ੍ਰੇਮੀਆਂ ਦੇ ਹੀ ਪੜ੍ਹਨ ਵਾਲੀ ਨਹੀਂ ਸਗੋਂ ਚੜ੍ਹਦੇ-ਲਹਿੰਦੇ ਪੰਜਾਬ ਦੇ ਮੇਲ-ਮਿਲਾਪ ਨੂੰ ਵਧਦਾ ਫੁਲਦਾ ਵੇਖਣ ਦੇ ਹਰ ਚਾਹਵਾਨ ਲਈ ਪਿਆਰ ਦੀਆਂ ਘੜੀਆਂ ਦਾ ਸ਼ਬਦੀ ਤੋਹਫ਼ਾ ਹੈ। ਇਸ ਯਤਨ ਲਈ ਸੁਖਦਰਸ਼ਨ ਚਹਿਲ ਸ਼ਾਬਾਸ਼ ਦਾ ਹੱਕਦਾਰ ਹੈ।

ਸੁਖਦਰਸ਼ਨ ਚਹਿਲ ਨੇ ਲਿਖਿਆ: ਪੰਜ ਪਾਣੀਆਂ ਦੀ ਧਰਤੀ ਹਮੇਸ਼ਾ ਯੁੱਧਾਂ ਦਾ ਅਖਾੜਾ ਬਣੀ ਰਹੀ ਹੈ। ਦੁਨੀਆ ਦੇ ਕਿਸੇ ਵੀ ਕੋਨੇ ਚੋਂ ਕੋਈ ਵੀ ਧਾੜਵੀ ਹਿੰਦੁਸਤਾਨ ਤੇ ਹਮਲਾ ਕਰਦਾ ਤਾਂ ਉਸ ਲਈ ਪ੍ਰਵੇਸ਼ ਦੁਆਰ ਪੰਜ ਆਬ ਦੀ ਧਰਤੀ ਹੀ ਰਹੀ। ਇਸੇ ਕਰ ਕੇ ਇਸ ਧਰਤੀ ਦੇ ਜੰਮਪਲ ਸਦਾ ਧਾੜਵੀਆਂ ਨਾਲ ਜੂਝਦੇ ਰਹੇ। ਦਲੇਰੀ&ਨਬਸਪ; ਤੇ ਜੁਝਾਰੂਪਣ ਹਮੇਸ਼ਾ ਇਸ ਧਰਤੀ ਦੇ ਲੋਕਾਂ ਦੇ ਸੁਭਾਅ ਵਿਚ ਸ਼ਾਮਲ ਰਿਹਾ। ਚੜ੍ਹਦੀ ਕਲਾ, ਹਿੰਮਤ ਤੇ ਜਿ਼ੰਦਾਦਿਲੀ ਵਾਲੀ ਜਿ਼ੰਦਗੀ ਗੁਜ਼ਾਰਨ ਲਈ ਮਨੁੱਖ ਨੂੰ ਤੰਦਰੁਸਤ ਤੇ ਤਾਕਤਵਰ ਸਰੀਰ ਦੀ ਲੋੜ ਹੁੰਦੀ ਹੈ। ਇਸੇ ਕਰ ਕੇ ਪੰਜ ਆਬ ਦੇ ਜੰਪਪਲ ਲੋਕ ਚੰਗੀ ਖੁਰਾਕ ਖਾਣ ਤੇ ਵਰਜਿਸ਼ ਕਰਨ ਦੇ ਸ਼ੁਕੀਨ ਰਹੇ ਹਨ…। ਮੁੱਕਦੀ ਗੱਲ ਕਿ ਪੁਰਾਤਨ ਕਾਲ ਤੋਂ ਹੀ ਪੰਜਾਬ ਦੀ ਧਰਤੀ ਤੇ ਹੋਏ ਗੁਰੂਆਂ, ਪੀਰਾਂ, ਪੈਗ਼ੰਬਰਾਂ, ਰਾਜਿਆਂ, ਰਾਣਿਆਂ ਤੇ ਸ਼ਾਸਕਾਂ ਨੇ ਖੇਡਾਂ ਰਾਹੀਂ ਲੋਕਾਂ ਨੂੰ ਰਿਸ਼ਟ-ਪੁਸ਼ਟ ਤੇ ਸਡੌਲ ਜੁੱਸਿਆਂ ਵਾਲੇ ਬਣਾਉਣ, ਸਭਨਾਂ ਲੋਕਾਂ ਵਿਚ ਆਪਸੀ ਭਾਈਚਾਰਾ ਵਧਾਉਣ ਦੀ ਪਰੰਪਰਾ ਕਾਇਮ ਰੱਖੀ। ਇਸੇ ਕਰ ਕੇ ਖੇਡਾਂ ਪੰਜਾਬੀਆਂ ਦੇ ਜੀਵਨ ਦਾ ਅਟੁੱਟ ਅੰਗ ਰਹੀਆਂ ਹਨ।

2010 ਵਿਚ ਪੰਜਾਬ ਸਰਕਾਰ ਨੇ ਖੇਡ ਵਿਭਾਗ ਪੰਜਾਬ ਵੱਲੋਂ ਪਹਿਲਾ ਕਬੱਡੀ ਵਰਲਡ ਕੱਪ ਕਰਵਾਇਆ ਤਾਂ ਸਪੋਰਟਸ ਡਾਇਰੈਕਟਰ ਪਰਗਟ ਸਿੰਘ ਨੇ ਮੈਨੂੰ ਵੀ ਆਪਣੇ ਨਾਲ ਜੋੜ ਲਿਆ ਸੀ। ਮੇਰੀ ਡਿਊਟੀ ਕੁਮੈਂਟਰੀ ਦਾ ਕੁਆਰਡੀਨੇਟਰ ਦੀ ਲੱਗੀ ਸੀ। ਕੁਮੈਂਟੇਟਰਾਂ ਵਿਚ ਪ੍ਰੋ. ਮੱਖਣ ਸਿੰਘ ਤੇ ਡਾ. ਦਰਸ਼ਨ ਬੜੀ ਨਾਲ ਕਮੇਡੀਅਨ ਭਗਵੰਤ ਮਾਨ ਵੀ ਸੀ ਜਿਸ ਦੇ ਜਿ਼ੰਮੇ ਦਰਸ਼ਕਾਂ ਦਾ ਚਿੱਤ ਪਰਚਾਉਣਾ ਸੀ। ਮੈਂ ਮਾਨ ਨੂੰ ਆਪਣੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਪੜ੍ਹਨ ਨੂੰ ਦਿੱਤੀ ਤਾਂ ਜੋ ਕਬੱਡੀ ਦੀ ਕਾਮੇਡੀ ਸਿਰਜਣ ਵਿਚ ਸੌਖ ਰਹੇ। ਵਿਸ਼ਵ ਕੱਪ ਦੇ ਵੱਖ ਵੱਖ ਮੈਚਾਂ ਤੇ ਖਿਡਾਰੀਆਂ ਦੇ ਅੰਕਾਂ ਦਾ ਹਿਸਾਬ ਕਿਤਾਬ ਰੱਖਣ ਲਈ ਡਾ. ਚਹਿਲ ਨੂੰ ਕਬੱਡੀ ਕੱਪ ਨਾਲ ਜੋੜ ਲਿਆ। ਉਦੋਂ ਤੋਂ ਉਹ ਦੇਸ਼ ਵਿਦੇਸ਼ ਦੇ ਕਬੱਡੀ ਕੱਪਾਂ ਨਾਲ ਜੁੜਿਆ ਆ ਰਿਹੈ ਤੇ ਵਿਦੇਸ਼ਾਂ ਦੀ ਸੈਰ ਕਰ ਰਿਹਾ ਹੈ।

‘ਗੁਰੂ ਚਰਨਾਂ `ਚ ਕਬੱਡੀ ਦਾ ਸਿਜਦਾ’ ਪੁਸਤਕ ਦੀ ਭੂਮਿਕਾ ਵਿਚ ਡਾ. ਰਾਜਿੰਦਰਪਾਲ ਸਿੰਘ ਲਿਖਦਾ ਹੈ: ਸਾਡੇ ਕੋਲ ਕਈ ਤਰ੍ਹਾਂ ਦੇ ਵਿਦਿਆਰਥੀ ਸਭ ਤੋਂ ਉੱਚੀ ਡਿਗਰੀ ਭਾਵ ਪੀਐੱਚਡੀ ਕਰਨ ਆਉਂਦੇ ਹਨ। ਇੱਕ ਉਹ ਜਿਨ੍ਹਾਂ ਦਾ ਮੰਤਵ ਡਿਗਰੀ ਲੈ ਕੇ ਅਸਿਸਟੈਂਟ ਪ੍ਰੋਫ਼ੈਸਰ ਲੱਗਣ ਦੇ ਯੋਗ ਹੋਣਾ ਹੁੰਦਾ ਹੈ ਜਾਂ ਫਿਰ ਵਿਅਕਤੀਗਤ ਵਿਭਾਗੀ ਤਰੱਕੀ ਲੈਣੀ ਹੁੰਦੀ ਹੈ। ਦੂਜੇ ਉਹ ਜਿਨ੍ਹਾਂ ਨੂੰ ਸਿਰਫ਼ ਆਪਣੇ ਨਾਂ ਨਾਲ ਡਾਕਟਰ ਲਗਾਉਣ ਦਾ ਸ਼ੌਕ ਹੁੰਦਾ ਹੈ। ਤੀਜੇ ਉਹ ਜਿਹੜੇ ਆਪਣੀ ਅਕਾਦਮਿਕ ਯੋਗਤਾ ਵਧਾਉਣ ਨਾਲ ਸੱਚਮੁੱਚ ਸਬੰਧਤ ਵਿਸ਼ੇ ਵਿਚ ਰੁਚੀ ਰੱਖਦੇ ਹਨ। ਹੱਥਲੀ ਪੁਸਤਕ ਦਾ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਤੀਜੇ ਵਰਗ ਦਾ ਮੇਰਾ ਹੋਣਹਾਰ ਵਿਦਿਆਰਥੀ ਹੈ ਜਿਸ ਦੀਆਂ ਪ੍ਰਾਪਤੀਆਂ ਤੇ ਮੈਨੂੰ ਮਾਣ ਹੈ। ਜਦੋਂ ਉਹ ਮੇਰੇ ਕੋਲ ਖੋਜ ਕਰਨ ਲਈ ਆਇਆ ਸੀ ਤਾਂ ਉਸ ਨੇ ਦੱਸਿਆ ਕਿ ਉਹ ਪੰਜਾਬੀ ਤੋਂ ਇਲਾਵਾ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਚ ਵੀ ਰੁਚੀ ਰੱਖਦਾ ਹੈ। ਉਸ ਦੀਆਂ ਕਈ ਖੇਡ ਰਚਨਾਵਾਂ ਅਖ਼ਬਾਰਾਂ ਰਸਾਲਿਆਂ ਵਿੱਚ ਛਪ ਚੁੱਕੀਆਂ ਸਨ। ਉਹ ਖੁਦ ਵੀ ਸਕੂਲ ਪੱਧਰ ਤੇ ਕਬੱਡੀ ਅਤੇ ਅਥਲੈਟਿਕਸ ਕਰਦਾ ਰਿਹਾ ਸੀ। ਮੈਨੂੰ ਉਸ ਦਾ ਸਵੈ-ਵਿਸ਼ਵਾਸੀ ਹੋਣਾ ਤੇ ਹਲੀਮੀ ਨਾਲ ਗੱਲ ਕਰਨਾ ਚੰਗਾ ਲੱਗਿਆ ਤੇ ਉਸ ਨੂੰ ਪੰਜਾਬੀ ਖੇਡ ਸਾਹਿਤ ਤੇ ਖੋਜ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਸੀ। ਅਸਲ ਵਿਚ ਖੇਡ ਸਾਹਿਤ ਨੂੰ ਸਾਹਿਤ ਦੀ ਇੱਕ ਵੰਨਗੀ ਵਜੋਂ ਕਦੇ ਵੀ ਅਕਾਦਮਿਕ ਪੱਖ ਤੋਂ ਵਿਚਾਰਿਆ ਨਹੀਂ ਸੀ ਗਿਆ। ਪੰਜਾਬੀ ਜਗਤ ਵਿਚ ਪ੍ਰਿੰਸੀਪਲ ਸਰਵਣ ਸਿੰਘ ਤੇ ਬਲਵੀਰ ਸਿੰਘ ਕੰਵਲ ਨੇ ਇਸ ਵੰਨਗੀ ਦੀ ਲਗਾਤਾਰ ਸਾਹਿਤ ਰਚਨਾ ਕੀਤੀ ਸੀ ਅਤੇ ਲੋਕਾਂ ਨੇ ਉਸ ਨੂੰ ਪੜ੍ਹਿਆ ਵੀ ਸੀ ਪਰ ਖੇਡ ਲਿਖਤ ਨੂੰ ਸਾਹਿਤਕ ਵੰਨਗੀ ਵਜੋਂ ਅਤੇ ਲੇਖਕਾਂ ਨੂੰ ਸਾਹਿਤਕਾਰਾਂ ਵਜੋਂ ਘੱਟ ਹੀ ਪ੍ਰਵਾਨਿਆ ਜਾਂਦਾ ਸੀ। ਸੁਖਦਰਸ਼ਨ ਚਹਿਲ ਨੇ ਬਹੁਤ ਮਿਹਨਤ ਨਾਲ ਪੀਐੱਚਡੀ ਕੀਤੀ ਅਤੇ ਡਿਗਰੀ ਕੁੱਟਣ ਵਾਲੇ ਵਿਦਿਆਰਥੀਆਂ ਦੇ ਉਲਟ ਡਿਗਰੀ ਕੁੱਟਣ ਤੋਂ ਬਾਅਦ ਖੇਡ ਸਾਹਿਤ ਬਾਰੇ ਸਗੋਂ ਵਧੇਰੇ ਗੰਭੀਰ ਹੋ ਗਿਆ। ਆਮ ਕਰ ਕੇ ਖੋਜਾਰਥੀ ਨੌਕਰੀ ਅਤੇ ਕੰਮ-ਧੰਦਿਆਂ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਨ ਕਿ ਆਪਣੇ ਖੋਜ ਕਾਰਜ ਨੂੰ ਭੁੱਲ ਹੀ ਜਾਂਦੇ ਹਨ ਪਰ ਸੁਖਦਰਸ਼ਨ ਚਹਿਲ ਦੀ ਖੂਬੀ ਹੈ ਕਿ ਉਹ ਲਗਾਤਾਰ ਇਸ ਖੇਤਰ ਨਾਲ ਜੁੜਿਆ ਹੋਇਆ ਹੈ। ਲਗਭਗ ਹਰ ਸਾਲ ਹੀ ਇੱਕ ਖੇਡ ਪੁਸਤਕ ਲਿਖਦਾ ਹੈ ਅਤੇ ਮੇਰੇ ਕੋਲੋਂ ਭੂਮਿਕਾ ਵਜੋਂ ਕੁਝ ਸ਼ਬਦ ਲਿਖਵਾਉਣ ਲਈ ਆਉਂਦਾ ਹੈ। ਮੈਂ ਉਹਦੀਆਂ ਭੂਮਿਕਾਵਾਂ ਲਿਖਦਾ ਹੀ ਥੱਕ ਗਿਆ ਹਾਂ…।

ਉਸ ਨੇ ਕਬੱਡੀ ਦੇ ਵੱਡੇ ਟੂਰਨਾਮੈਂਟਾਂ ਬਾਰੇ ਲਿਖਿਆ ਹੀ ਨਹੀਂ ਸਗੋਂ ਮੌਕੇ ਸਿਰ ਰੇਡੀਓ ਤੇ ਟੈਲੀਵਿਜ਼ਨ ਤੇ ਲਾਈਵ ਕੁਮੈਂਟਰੀ ਵੀ ਕੀਤੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਵਿਸ਼ਵ ਕਬੱਡੀ ਕੱਪਾਂ ਬਾਰੇ ਪੁਸਤਕਾਂ ਲਿਖਣ ਦਾ ਪ੍ਰਾਜੈਕਟ ਹੀ ਸ਼ੁਰੂ ਕਰ ਲਿਆ ਹੈ। ਹਥਲੀ ਪੁਸਤਕ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਉੱਪਰ ਹੋਏ ਕੌਮਾਂਤਰੀ ਕਬੱਡੀ ਕੱਪ ਨਾਲ ਸਬੰਧਿਤ ਹੈ। ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕਬੱਡੀ ਦੇ ਖਿਡਾਰੀਆਂ ਬਾਰੇ ਹੀ ਨਹੀਂ ਲਿਖਿਆ ਸਗੋਂ ਟੂਰਨਾਮੈਂਟਾਂ ਦੇ ਇੱਕ ਇੱਕ ਮੈਚ ਦੇ ਇੱਕ ਇੱਕ ਅੰਕ ਦਾ ਹਿਸਾਬ ਦੱਸਿਆ ਹੈ ਜੋ ਇੱਕ ਤਰ੍ਹਾਂ ਨਾਲ ਖੇਡਾਂ ਦਾ ਇਤਿਹਾਸ ਸਾਂਭਣ ਵਾਲੀ ਗੱਲ ਹੈ। ਉਸ ਦੀ ਹੱਥਲੀ ਪੁਸਤਕ ‘ਗੁਰੂ ਚਰਨਾਂ `ਚ ਕਬੱਡੀ ਦਾ ਸਿਜਦਾ’ ਦੇ ਤੇਰਾਂ ਅਧਿਆਇ ਹਨ। ਸ਼ਾਇਦ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਤੇਰਾਂ ਤੇਰਾਂ ਕਾਰਨ ਹਨ। ਡਾ. ਚਹਿਲ ਦੀ ਇੱਕ ਖ਼ੂਬਸੂਰਤੀ ਇਹ ਵੀ ਹੈ ਕਿ ਉਹ ਕੇਵਲ ਅੰਕੜਿਆਂ ਦਾ ਵਿਵਰਨ ਅਤੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਹੀ ਨਹੀਂ ਦੱਸਦਾ ਸਗੋਂ ਉਹ ਮੇਲੇ ਦੇ ਸਮੁੱਚੇ ਮਾਹੌਲ ਅਤੇ ਜਿੱਥੇ ਮੈਚ ਹੋ ਰਿਹਾ ਹੋਵੇ, ਉਸ ਸਥਾਨ ਦੀ ਇਤਿਹਾਸਕ, ਸੱਭਿਆਚਾਰਕ, ਸਮਾਜਿਕ ਮਹੱਤਤਾ ਵੀ ਦੱਸਦਾ ਹੈ। ਉਹ ਪੁਸਤਕ ਨੂੰ ਰੌਚਕ ਬਣਾਉਣ ਲਈ ਖਿਡਾਰੀਆਂ ਨਾਲ ਜੁੜੇ ਵਿਸ਼ੇਸ਼ ਦਿਲਚਸਪੀ ਵਾਲੇ ਰੌਚਕ ਤੱਥ ਵੱਖਰੇ ਚੈਪਟਰ ਵਿਚ ਬਿਆਨ ਕਰਦਾ ਹੈ। ਉਸ ਦੀ ਇਹ ਪੁਸਤਕ ਕਬੱਡੀ ਦੇ ਇਤਿਹਾਸਕਾਰਾਂ ਲਈ ਸੰਦਰਭ ਪੁਸਤਕ ਹੈ। ਕਬੱਡੀ ਕੁਮੈਂਟੇਟਰਾਂ ਲਈ ਤੱਥਗਤ ਮਸਾਲਾ ਹੈ, ਕਬੱਡੀ ਖਿਡਾਰੀਆਂ ਲਈ ਆਪਣੀ ਪ੍ਰਾਪਤੀ ਦੀ ਲਿਖਤੀ ਸਨਦ ਹੈ ਤੇ ਕਬੱਡੀ ਪ੍ਰੇਮੀਆਂ ਲਈ ਸਾਂਭ ਕੇ ਰੱਖਣ ਵਾਲੀ ਸੌਗਾਤ ਹੈ। ਮੈਂ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਚਹਿਲ ਦੀ ਕਲਮ ਇਸੇ ਤਰ੍ਹਾਂ ਚਲਦੀ ਰਹੇਗੀ ਅਤੇ ਪੰਜਾਬੀ ਖੇਡ ਸਾਹਿਤ ਦੇ ਖੇਤਰ ਵਿਚ ਡੂੰਘੀਆਂ ਪੈੜਾਂ ਪਾਵੇਗੀ।

ਸੰਪਰਕ: +1-905-799-1661

Leave a Reply

Your email address will not be published. Required fields are marked *