ਜ਼ਿੰਦਗੀ ਬਿਹਤਰ ਬਣਾਉਣ ਦੇ ਸੰਘਰਸ਼ ਦੀ ਗਾਥਾ ਹੈ ‘ਅਮੀਨਾ’

ਬਲਦੇਵ ਸਿੰਘ (ਸੜਕਨਾਮਾ)
ਨਾਵਲ ‘ਅਮੀਨਾ’ (ਲੇਖਕ: ਮੁਹੰਮਦ ਕਬੀਰ ਉਮਰ; ਅਨੁਵਾਦ: ਪਵਨ ਗੁਲਾਟੀ; ਕੀਮਤ: 300 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ)
ਨਾਇਜੀਰੀਆ ਦੀ ਧਰਤੀ ਉੱਪਰ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੇ ਸੰਘਰਸ਼ ਦੀ ਗਾਥਾ ਹੈ। ਇਸ ਨਾਵਲ ਵਿਚਲੀਆਂ ਸਾਰੀਆਂ ਘਟਨਾਵਾਂ ਨੂੰ ਨਾਵਲਕਾਰ ਨੇ ਇੰਨਾ ਨੇੜਿਓਂ ਵੇਖਿਆ ਤੇ ਸਮਝਿਆ ਹੈ ਜਿਵੇਂ ਖ਼ੁਦ ਇਨ੍ਹਾਂ ਦਾ ਹਿੱਸਾ ਹੋਵੇ।
ਅਮੀਨਾ ਇਸ ਨਾਵਲ ਦੀ ਮੁੱਖ ਨਾਇਕਾ ਹੈ। ਪੂਰੇ ਨਾਵਲੀ ਬਿਰਤਾਂਤ ਵਿਚ ਔਰਤਾਂ ਜਿਣਸੀ ਹਮਲਿਆਂ ਦਾ ਸ਼ਿਕਾਰ ਹੁੰਦੀਆਂ ਹਨ। ਮਰਦ ਉਨ੍ਹਾਂ ਨੂੰ ਲਿਤਾੜਦੇ ਤੇ ਦਮਨ ਕਰਦੇ ਹਨ। ਧਰਮ ਦੀ ਜ਼ਿਆਦਾਤਰ ਵਰਤੋਂ ਲੋਕਾਂ ਨੂੰ ਸੁੰਨ ਕਰਨ ਤੇ ਗੋਰਖਧੰਦੇ ਵਿਚ ਪਾਉਣ ਲਈ ਕੀਤੀ ਜਾਂਦੀ ਹੈ। ਨਾਵਲ ਦਾ ਸਾਰਾ ਘਟਨਾਕ੍ਰਮ ‘ਬਕਾਰੋ ਨਗਰ’ ਵਿਖੇ ਵਾਪਰਦਾ ਹੈ।
ਅਮੀਨਾ, ਇਕ ਦੰਭੀ ਰਾਜਨੀਤਕ ਮੌਕਾਪ੍ਰਸਤ ਅਲਹਾਜ਼ੀ ਹੁਰਨਾ ਦੀ ਚੌਥੀ ਬੀਵੀ ਹੈ। ਉਹ ਦੱਸਦਾ ਹੈ: ਮੇਰਾ ਅਸੂਲ ਹੈ- ‘ਨਵੀਂ ਸਫ਼ਲਤਾ, ਨਵੀਂ ਵਹੁਟੀ’। ਅਮੀਨਾ ਕੋਲ ਸਾਰੀਆਂ ਸ਼ਾਹੀ ਸਹੂਲਤਾਂ ਹਨ। ਕਾਰਾਂ, ਨੌਕਰ ਤੇ ਸ਼ੌਹਰ ਦੀ ਸੱਤਾ ਵਿਚ ਭਾਈਵਾਲੀ। ਉਹ ਯੂਨੀਵਰਸਿਟੀ ਦੀ ਪੜ੍ਹੀ ਹੈ। ਉਸ ਦੀਆਂ ਸਹੇਲੀਆਂ ਅਜੇ ਵੀ ਯੂਨੀਵਰਸਿਟੀ ਕੈਂਪਸ ਵਿਚ ਹਨ ਤੇ ਗਾਹੇ-ਬਗਾਹੇ ਮਿਲਦੀਆਂ ਰਹਿੰਦੀਆਂ ਹਨ। ਉਸ ਦੀਆਂ ਸਹੇਲੀਆਂ ਮੌਜੂਦਾ ਸਮਾਜ ਨੂੰ ਬਦਲਣ ਦੇ ਸਿਰਫ਼ ਸੁਪਨੇ ਹੀ ਨਹੀਂ ਵੇਖਦੀਆਂ, ਇਨ੍ਹਾਂ ਲਈ ਗੁਪਤ ਰੂਪ ਵਿਚ ਕਾਰਜਸ਼ੀਲ ਵੀ ਹਨ। ਅਮੀਨਾ ਇਨ੍ਹਾਂ ਸਰਗਰਮੀਆਂ ਵਿਚ ਕੋਈ ਦਿਲਚਸਪੀ ਨਹੀਂ ਲੈਂਦੀ।
ਇਕ ਦਿਨ ਉਸ ਦੀ ਸਹੇਲੀ ਫ਼ਾਤਿਮਾ ਪੁੱਛਦੀ ਹੈ, ‘ਤੂੰ ਕਿਨ੍ਹਾਂ ਵੱਲ ੲੇਂ?’
ਅਮੀਨਾ ਕਹਿੰਦੀ ਹੈ- ‘ਮੈਂ ਤਾਂ ਉਸ ਗਰੁੱਪ ਨਾਲ ਸਬੰਧ ਰੱਖਦੀ ਹਾਂ ਜਿਹੜਾ ਮੱਧ-ਮਾਰਗੀ ਹੈ।’ ਫ਼ਾਤਿਮਾ ਚਿੜ ਕੇ ਆਖਦੀ ਹੈ, ‘ਰਾਜਨੀਤੀ ਵਿਚ ਕੋਈ ਮੱਧ-ਮਾਰਗ ਨਹੀਂ ਹੁੰਦਾ।’
ਇਹੀ ਅਮੀਨਾ ਬਦਲਦੇ ਹਾਲਾਤ ਅਨੁਸਾਰ ਜਦੋਂ ਆਪਣੇ ਆਪ ਨੂੰ ਸੰਘਰਸ਼ ਵਿਚ ਪਾਉਂਦੀ ਹੈ ਤਾਂ ਔਰਤਾਂ ਦੀ ਮੁਕਤੀ ਲਈ ਮਸੀਹਾ ਹੋ ਨਿਬੜਦੀ ਹੈ। ਫ਼ਾਤਿਮਾ ਸਪਸ਼ਟ ਕਰਦੀ ਹੈ- ‘ਕੋਈ ਮੱਧ-ਮਾਰਗ ਨਹੀਂ ਹੁੰਦਾ ਜਾਂ ਤਾਂ ਤੁਸੀਂ ਵਿਵਸਥਾ ਦੇ ਹੱਕ ਵਿਚ ਹੋ ਜਾਂ ਵਿਰੋਧ ਵਿਚ।’
ਅਮੀਨਾ ਆਪਣੀ ਅਮੀਰੀ ਢੰਗ ਦੀ ਸ਼ਾਨ-ਸ਼ੌਕਤ ਵਿਚੋਂ ਬਾਹਰ ਨਿਕਲਣੋਂ ਝਿਜਕਦੀ ਹੈ। ਉਸ ਦੇ ਖਾਵੰਦ ਦਾ ਆਪਣਾ ਰੋਹਬ, ਰੁਤਬਾ ਹੈ। ਅਮੀਨਾ ਸਮਝਦੀ ਹੈ- ਔਰਤਾਂ ਨੂੰ ਸਿੱਖਿਆ ਦੀ ਲੋੜ ਹੈ। ਜਦ ਵੀ ਅਮੀਨਾ ਦੀਆਂ ਸਹੇਲੀਆਂ ਉਸ ਨੂੰ ਮਿਲਦੀਆਂ ਹਨ, ਉਹ ਮਿਹਣੇ ਦਿੰਦੀਆਂ ਹਨ- ‘ਤੂੰ ਆਪਣੀ ਸਿੱਖਿਆ ਦਾ ਇਸਤੇਮਾਲ ਨਹੀਂ ਕਰ ਰਹੀ। ਇਸ ਦਾ ਮਤਲਬ ਇਹ ਨਹੀਂ, ਔਰਤਾਂ ਨੂੰ ਪੜ੍ਹਨ ਦੀ ਲੋੜ ਹੀ ਨਹੀਂ। ਤੂੰ ਨਿਕੰਮੀ ਏਂ, ਬੱਸ ਵਿਹਲੀ ਬੈਠੀ ਏਂ।’
ਫ਼ਾਤਿਮਾ ਤੇ ਉਸ ਦੀਆਂ ਸਹੇਲੀਆਂ ਦਲੇਰ ਕੁੜੀਆਂ ਹਨ। ਫ਼ਾਤਿਮਾ, ਅਮੀਨਾ ਨੂੰ ਯਕੀਨ ਦੁਆਉਂਦੀ ਹੈ: ‘ਮੈਂ ਕਿਸੇ ਬਲਾਤਕਾਰੀ ਜਾਂ ਹਥਿਆਬੰਦ ਲੁਟੇਰੇ ਦਾ ਮੁਕਾਬਲਾ ਕਰ ਸਕਦੀ ਹਾਂ। ਮੇਰੇ ਕੋਲ ਜੂਡੋ ਵਿਚ ਬਲੈਕ ਬੈਲਟ ਹੈ ਤੇ ਮੈਂ ਕਰਾਟੇ ਸਿੱਖ ਰਹੀ ਹਾਂ।’
ਅਜਿਹੀਆਂ ਗੱਲਾਂ ਤੋਂ ਅਮੀਨਾ ਪ੍ਰੇਰਿਤ ਹੋ ਜਾਂਦੀ ਹੈ ਤੇ ਉਨ੍ਹਾਂ ਸਾਰੀਆਂ ਸਹੇਲੀਆਂ ਨੂੰ ਆਪਣੇ ਘਰ ਵਿਚ ਗੁਪਤ ਮੀਟਿੰਗਾਂ ਕਰਨ ’ਤੇ ਰਾਜ਼ੀ ਹੋ ਜਾਂਦੀ ਹੈ। ਅਮੀਨਾ ਦਾ ਪਤੀ ਸ਼ੱਕੀ ਹੈ ਤੇ ਕੰਨਾਂ ਦਾ ਕੱਚਾ ਹੈ। ਅੰਦਰੋਂ ਉਹ ਇਨਕਲਾਬੀ ਕੁੜੀਆਂ ਦਾ ਘਰ ਆਉਣਾ ਪਸੰਦ ਨਹੀਂ ਕਰਦਾ। ਕਦੇ ਹਾਲਾਤ ਅਜਿਹੇ ਬਣ ਜਾਂਦੇ ਹਨ। ਅਮੀਨਾ ਆਪਣੇ ਪਤੀ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ। ਉਸ ਨੂੰ ਪਸ਼ੂਆਂ ਵਾਂਗ ਕੁੱਟਿਆ ਜਾਂਦਾ ਹੈ। ਅਮੀਨਾ ਹੁਣ ਆਪਣੀ ਹੋਣੀ ਦਾ ਫੈ਼ਸਲਾ ਕਰ ਚੁੱਕੀ ਹੁੰਦੀ ਹੈ। ਸਾਰੀਆਂ ਇਕੱਠੀਆਂ ਹੋ ਕੇ ਵਿਚਾਰਾਂ ਕਰਦੀਆਂ ਹਨ। ਉਨ੍ਹਾਂ ਦੀ ਸਮਝ ਵਿਕਸਤ ਹੁੰਦੀ ਹੈ ਕਿ ‘ਬਸਤੀਵਾਦ ਤੇ ਸਾਮਰਾਜਵਾਦ ਹੀ ਅਫ਼ਰੀਕਾ ਦੇ ਗੰਦੇ ਹਾਲਾਤ ਲਈ ਜ਼ਿੰਮੇਵਾਰ ਹਨ।’
ਅਮੀਨਾ ਪੰਜ ਵਕਤ ਨਮਾਜ਼ ਪੜ੍ਹਨ ਵਾਲੀ ਔਰਤ ਹੈ, ਪਰ ਜਦੋਂ ਫ਼ਾਤਿਮਾ ਦੱਸਦੀ ਹੈ- ‘ਧਰਮ ਦਾਅਵਾ ਕਰਦਾ ਹੈ ਕਿ ਅੱਲ੍ਹਾ ਦੇ ਫ਼ੁਰਮਾਨ ਅਨੁਸਾਰ ਹੀ ਕੁਝ ਲੋਕ ਵਿਹਲੇ, ਪਰ ਦੌਲਤਮੰਦ ਬਣਾਏ ਗਏ ਹਨ ਤੇ ਜਿਹੜੇ ਸਾਰੀ ਉਮਰ ਸਖ਼ਤ ਮਿਹਨਤ ਕਰਦੇ ਹਨ, ਉਹ ਘੋਰ ਗ਼ਰੀਬੀ ਵਿਚ ਗੁਜ਼ਾਰਾ ਕਰਦੇ ਹਨ।’ ਅਜਿਹੀਆਂ ਗੱਲਾਂ ਅਮੀਨਾ ਦੀ ਸੋਚ ਬਦਲਣ ਵਿਚ ਬਹੁਤ ਸਹਾਈ ਹੁੰਦੀਆਂ ਹਨ। ਦੂਜੇ ਪਾਸੇ ਉਸ ਦੇ ਪਤੀ ਦੀ ਸੋਚ ਬਿਲਕੁਲ ਵੱਖਰੀ ਹੈ। ਜਦੋਂ ਅਮੀਨਾ ਦੀ ਸਹੇਲੀ ਫ਼ਾਤਿਮਾ ਉਸ ਨੂੰ ਪੁੱਛਦੀ ਹੈ- ‘ਸਾਡੇ ਦੇਸ਼ ਅਫ਼ਰੀਕਾ ਤੇ ਸਾਰੇ ਸੰਸਾਰ ਵਿਚ ਮੁਸਲਮਾਨ ਵਸੋਂ ਸਭ ਤੋਂ ਜ਼ਿਆਦਾ ਪਛੜੀ ਕਿਉਂ ਹੈ?’ ਤਾਂ ਅਮੀਨਾ ਦਾ ਖਾਵੰਦ ਉੱਤਰ ਦਿੰਦਾ ਹੈ- ‘ਇਹ ਪਰਵਰਦਿਗਾਰ ਅੱਲ੍ਹਾ ਦੀ ਮਰਜ਼ੀ ਹੈ।’ ਫ਼ਾਤਿਮਾ ਉਸ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਕਹਿੰਦੀ ਹੈ- ‘ਇਹ ਸਾਡੇ ਹਾਕਮਾਂ ਦੀ ਮਰਜ਼ੀ ਹੈ।’
ਅਮੀਨਾ ਔਰਤਾਂ ਦੇ ਸੁਧਾਰਾਂ ਲਈ ਬਣਾਈ ਜਥੇਬੰਦੀ ਵਿਚ ਸ਼ਾਮਲ ਹੋ ਜਾਂਦੀ ਹੈ। ਉਸ ਦੇ ਪਤੀ ਦੇ ਸਮਝਾਉਣ ’ਤੇ ਵੀ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ। ਕਾਰ ਵਿਚ ਜਾਣ ਨਾਲੋਂ ਉਹ ਪੈਦਲ ਤੁਰਕੇ ਜਾਣਾ ਵਧੇਰੇ ਪਸੰਦ ਕਰਨ ਲੱਗ ਪਈ। ਉਨ੍ਹਾਂ ਦੀ ਜਥੇਬੰਦੀ ਉੱਪਰ ਪਾਬੰਦੀ ਲੱਗਦੀ ਹੈ, ਪਰ ਨਵੇਂ ਮੈਂਬਰ ਫਿਰ ਵੀ ਸ਼ਾਮਿਲ ਹੋਣ ਲੱਗਦੇ ਹਨ। ਉਸ ਦੇ ਵਿਚਾਰਾਂ ਵਿਚ ਵੱਡੀ ਤਬਦੀਲੀ ਹੋਈ। ਹੁਣ ਅਮੀਨਾ ਸਮਝਣ ਲੱਗੀ- ‘ਜੇ ਤੁਸੀਂ ਲੋਕਾਂ ਨੂੰ ਭੋਜਨ ਦਿਓ ਤਾਂ ਉਹ ਖਾ ਲੈਣਗੇ। ਜੇਕਰ ਤੁਸੀਂ ਲੋਕਾਂ ਨੂੰ ਸਾਧਨ ਦਿਓ ਤਾਂ ਉਹ ਖ਼ੁਦ ਆਪਣਾ ਢਿੱਡ ਭਰ ਲੈਣਗੇ।’
ਹੁਣ ਅਮੀਨਾ ਦੀ ਵੱਖਰੇ ਰੂਪ ਵਿਚ ‘ਬਕਾਰੋ ਨਗਰ’ ਵਿਚ ਪਛਾਣ ਬਣ ਰਹੀ ਹੈ ਜਿਹੜੀ ਉਸ ਦੇ ਰਾਜਨੀਤਕ ਸ਼ੌਹਰ ਨੂੰ ਚੁੱਭਦੀ ਹੈ। ਇਕ ਦਿਨ ਸਹਿਜ ਹੀ ਇਕ ਔਰਤ ਨੂੰ ਪੁੱਛ ਲਿਆ, ‘ਕਿਹੜਾ ਦ੍ਰਿਸ਼ ਵਧੇਰੇ ਆਕਰਸ਼ਕ ਲੱਗਦਾ ਹੈ- ਚੜ੍ਹ ਰਿਹਾ ਸੂਰਜ ਜਾਂ ਬਾਗ਼ੀ ਔਰਤਾਂ?’
ਅਨੇਕਾਂ ਦੁਸ਼ਵਾਰੀਆਂ ਅਮੀਨਾ ਦੇ ਜੀਵਨ ਵਿਚ ਆਉਂਦੀਆਂ ਹਨ। ਉਹ ਜੇਲ੍ਹ ਜਾਂਦੀ ਹੈ। ਉਸ ਦਾ ਪੁੱਤਰ ਬਿਮਾਰ ਹੋ ਕੇ ਮਰ ਜਾਂਦਾ ਹੈ, ਪਰ ਉਹ ਆਪਣੇ ਰਸਤੇ ਅਡੋਲ ਤੁਰੀ ਜਾਂਦੀ ਹੈ। ਇਨਕਲਾਬ ਬਾਰੇ ਉਸ ਦੀ ਸਮਝ ਪੁਖ਼ਤਾ ਹੁੰਦੀ ਹੈ:
– ਅਜਿਹਾ ਇਨਕਲਾਬ ਜੋ ਸਮਾਜ ਦਾ ਢਾਂਚਾ ਬਦਲ ਦੇਵੇ। ਜ਼ਿੰਦਗੀ ਦੀ ਨਵੀਂ ਸ਼ੈਲੀ ਸ਼ੁਰੂ ਕਰੇ। ਇਨਸਾਫ਼, ਆਜ਼ਾਦੀ, ਬਰਾਬਰੀ, ਪਿਆਰ, ਸੂਝ-ਬੂਝ ਤੇ ਸਾਰਿਆਂ ਨੂੰ ਸਨਮਾਨ ਦੇਵੇ। ਅਜਿਹਾ ਅਸਲੀ ਇਨਕਲਾਬ ਜੋ ਲੋਕਾਂ ਦੀਆਂ ਤਾਂਘਾਂ ਨੂੰ ਸੰਤੁਸ਼ਟ ਕਰੇ। ਜੋ ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਜ਼ਮੀਨ, ਭੋਜਨ ਤੇ ਚੰਗਾ ਜੀਵਨ ਮੁਹੱਈਆ ਕਰੇ…’
ਜੇਲ੍ਹ ਵਿਚੋਂ ਆਉਣ ਤੋਂ ਬਾਅਦ ਅਮੀਨਾ ਨੂੰ ਪੁੱਛਿਆ ਜਾਂਦਾ ਹੈ- ‘ਤੈਨੂੰ ਖ਼ੁਸ਼ੀ ਹੈ, ਜੇਲ੍ਹ ’ਚੋਂ ਤੇਰਾ ਖਹਿੜਾ ਛੁੱਟਿਆ?’ ਉਹ ਕਹਿੰਦੀ ਹੈ- ‘ਨਹੀਂ, ਅਸੀਂ ਸਾਰੇ ਇਕ ਵੱਡੀ ਜੇਲ੍ਹ ਵਿਚ ਹਾਂ। ਸਾਡਾ ਸਮਾਜ ਬਹੁਤ ਵੱਡੀ ਜੇਲ੍ਹ ਹੈ।’
ਉਸ ਦੇ ਜੀਵਨ ਭਰ ਦੇ ਸੰਘਰਸ਼ ਲਈ ਯੂਐੱਨਓ ਦੇ ਅਧਿਕਾਰੀ ਉਸ ਨੂੰ ਸਰਟੀਫਿਕੇਟ ਆਫ ਆਨਰ ਭੇਟ ਕਰਨ ਦਾ ਫੈ਼ਸਲਾ ਕਰਦੇ ਹਨ।
ਨਾਵਲ ਰੌਚਿਕ ਹੈ, ਪ੍ਰੇਰਣਾ ਦੇਣ ਵਾਲਾ ਹੈ, ਅਨੁਵਾਦ ਬਹੁਤ ਹੀ ਸੂਝ-ਬੂਝ ਨਾਲ ਕੀਤਾ ਗਿਆ ਹੈ।