fbpx Nawidunia - Kul Sansar Ek Parivar

ਕਿਸਾਨ ਪੰਚਾਇਤਾਂ ‘ਚ ਜਾਟਾਂ ਅਤੇ ਮੁਸਲਮਾਨਾਂ ਦਾ ‘ਏਕਾ’ ਕੀ ਨਵੇਂ ਸਿਆਸੀ ਸਮੀਕਰਨ ਦਾ ਸੰਕੇਤ ਹੈ?- ਕਮਾਲ ਖਾਨ

ਅਨੁਵਾਦ- ਕਮਲ ਦੁਸਾਂਝ

‘‘ਕਿਸਾਨਾਂ ਦੀ ਨਾਰਾਜ਼ਗੀ ਅਤੇ ਮੁਸਲਮਾਨਾਂ ਦੇ ਜਾਟਾਂ ਨੇੜੇ ਆਉਣ ਨਾਲ ਭਾਜਪਾ ਦੇ ਮੱਥੇ ਤੇ ਵਲ਼ ਪੈਣਾ ਸੁਭਾਵਕ ਹੈ। ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਅਤੇ ਮੰਤਰੀ ਸੰਜੀਵ ਬਾਲੀਆਨ ਨੂੰ ਕਿਸਾਨਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਰ ਉਨ੍ਹਾਂ ਨੂੰ ਕਈ ਥਾਈਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।``

ਉੱਤਰ ਪ੍ਰਦੇਸ਼ ਵਿਚ 2013 ਦੇ ਮੁਜ਼ੱਫਰਨਗਰ ਦੰਗਿਆਂ ਮਗਰੋਂ ਪੱਛਮੀ ਯੂ.ਪੀ. ਦੀਆਂ ਕਿਸਾਨ ਪੰਚਾਇਤਾਂ ਵਿਚ ਵੱਡੀ ਤਾਦਾਦ ਵਿਚ ਮੁਸਲਮਾਨ ਸ਼ਾਮਲ ਹੋ ਰਹੇ ਹਨ। ਕਈ ਪੰਚਾਇਤਾਂ ਵਿਚ ‘ਹਰ ਹਰ ਮਹਾਦੇਵ ਅਤੇ ‘ਅੱਲ੍ਹਾ-ਹੂ-ਅਕਬਰਦੇ ਨਾਅਰੇ ਵੀ ਲੱਗ ਰਹੇ ਹਨ। ਇਸ ਨਾਲ ਦੰਗਿਆਂ ਕਾਰਨ ਪੈਦਾ ਹੋਈਆਂ ਦੂਰੀਆਂ ਵੀ ਘੱਟ ਰਹੀਆਂ ਹਨ। 2013 ਵਿਚ ਹੋਏ ਮੁਜ਼ੱਫਰਨਗਰ ਦੰਗਿਆਂ ਨੇ ਜਾਟਾਂ ਅਤੇ ਮੁਸਲਮਾਨਾਂ ਵਿਚਾਲੇ ਫ਼ਿਰਕੂ ਖਾਈ ਪੈਦਾ ਕੀਤੀ ਸੀ ਪਰ ਸੱਤ ਸਾਲ ਬਾਅਦ ਫੇਰ ਪੱਛਮੀ ਯੂ.ਪੀ. ਵਿਚ ਜਾਟਾਂ ਅਤੇ ਮੁਸਲਮਾਨਾਂ ਦਾ ਇਕ ਹੋਣਾ ਕੀ ਕਿਸੇ ਸਿਆਸੀ ਸਮੀਕਰਨ ਦਾ ਸੰਕੇਤ ਹੈ? ਭਾਰਤੀ ਕਿਸਾਨ ਯੂਨੀਅਨ ਦੀਆਂ ਪੰਚਾਇਤਾਂ ਵਿਚ ‘ਹਰ ਹਰ ਮਹਾਦੇਵ ਅਤੇ ‘ਅੱਲ੍ਹਾ-ਹੂ-ਅਕਬਰਦੇ ਨਾਅਰੇ ਚੌਧਰੀ ਮਹੇਂਦਰ ਸਿੰਘ ਟਿਕੈਤ ਵੇਲੇ ਲਗਦੇ ਰਹੇ ਹਨ। ਪਰ ਹੁਣ ਮੁਜ਼ੱਫਰਨਗਰ ਦੰਗਿਆਂ ਦੇ ਸੱਤ ਸਾਲ ਬਾਅਦ ਫੇਰ ਸੁਣਾਈ ਦੇਣ ਲੱਗੇ ਹਨ। ਕੁਝ ਪੰਚਾਇਤਾਂ ਵਿਚ ਤਾਂ ਅੱਧੇ ਕਿਸਾਨ ਮੁਸਲਸਮਾਨ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਕਹਿੰਦੇ ਹਨ ਕਿ ‘‘2003 ਵਿਚ ਗ਼ਲਤੀ ਹੋਈ ਸੀ, ਜਿਸ ਕਾਰਨ ਮੁਸਲਮਾਨਾਂ ਨਾਲ ਰਿਸ਼ਤੇ ਖ਼ਰਾਬ ਹੋਏ। ਉਸ ਨਾਲ ਬਹੁਤ ਨੁਕਸਾਨ ਹੋਇਆ। ਅਸੀਂ ਯਤਨ ਕੀਤਾ ਕਿ ਉਨ੍ਹਾਂ ਨੂੰ ਨੇੜੇ ਲਿਆਈਏ। ਅਸੀਂ ਆਪਣੇ ਯਤਨ ਵਿਚ ਕਾਮਯਾਬ ਹੋਏ ਹਾਂ।`` ਇਥੇ ਮੁਸਲਿਮ ਆਬਾਦੀ ਵੀ ਕਾਫ਼ੀ ਹੈ। ਇਨ੍ਹਾਂ ਵਿਚ ਮੁਸਲਮਾਨਾਂ ਤੋਂ ਇਲਾਵਾਂ ਮੁੱਲੇ ਜਾਟ ਵੀ ਸ਼ਾਮਲ ਹਨ। ਇਹ ਉਹ ਜਾਟ ਹਨ ਜਿਨ੍ਹਾਂ ਦੇ ਪੂਰਵਜ ਮੁਗ਼ਲ ਕਾਲ ਵਿਚ ਮੁਸਲਮਾਨ ਹੋ ਗਏ ਸਨ।

ਯੂ.ਪੀ. ਵਿਚ 19.26 ਫ਼ੀਸਦੀ ਮੁਸਲਮਾਨ ਹਨ ਜਦਕਿ ਪੱਛਮੀ ਯੂ.ਪੀ. ਵਿਚ 26.21 ਫ਼ੀਸਦੀ ਪੱਛਮੀ ਯੂ.ਪੀ. ਦੇ ਦਸ ਜ਼ਿਲਿ੍ਹਆਂ ਵਿਚ ਤਾਂ ਉਨ੍ਹਾਂ ਦੀ ਆਬਾਦੀ 50 ਫ਼ੀਸਦੀ ਤੋਂ 35 ਫ਼ੀਸਦੀ ਤੱਕ ਹੈ। ਰਾਮਪੁਰ ਵਿਚ 50.57 ਫ਼ੀਸਦੀ ਮੁਰਾਦਾਬਾਦ ਵਿਚ 447.12 ਫ਼ੀਸਦੀ, ਬਿਜਨੌਰ ਵਿਚ 43.03 ਫ਼ੀਸਦੀ, ਸਹਾਰਨਪੁਰ ਵਿਚ 41.95 ਫ਼ੀਸਦੀ, ਅਮਰੋਹਾ ਵਿਚ 38 ਫ਼ੀਸਦੀ, ਹਾਪੁੜ ਵਿਚ 37.14 ਫ਼ੀਸਦੀ ਅਤੇ ਸ਼ਾਮਲੀ ਵਿਚ 35 ਫ਼ੀਸਦੀ ਮੁਸਲਮਾਨ ਹਨ। ਪੱਛਮੀ ਯੂ.ਪੀ. ਵਿਚ ਮੁਸਲਮਾਨ, ਪੂਰਬੀ ਯੂ.ਪੀ. ਦੇ ਮੁਸਲਮਾਨਾਂ ਦੇ ਮੁਕਾਬਲੇ ਜ਼ਿਆਦਾ ਖ਼ੁਸ਼ਹਾਲ ਹਨ। ਸਹਾਰਨਪੁਰ ਵਿਚ ਲੱਕੜੀ ਦੇ ਕਾਰੋਬਾਰ ਅਤੇ ਮੁਰਾਦਾਬਾਦ ਦੇ ਪਿੱਤਲ ਦੇ ਕਾਰੋਬਾਰ ਵਿਚ ਉਹ ਸ਼ਾਮਲ ਹਨ। ਉਹ ਵੱਡੇ ਕਿਸਾਨ ਵੀ ਹਨ। ਇਥੇ ਜਾਟਾਂ ਨਾਲ ਉਨ੍ਹਾਂ ਦੇ ਝਗੜੇ ਫ਼ਿਰਕੂ ਘੱਟ, ਕਾਰੋਬਾਰੀ ਜਾਂ ਜ਼ਮੀਨ ਜਾਇਦਾਦ ਦੇ ਜ਼ਿਆਦਾ ਰਹੇ ਹਨ। ਪੱਛਮੀ ਯੂ.ਪੀ. ਵਿਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ‘ਮਜਗਰ ਭਾਵ ਮੁਸਲਮਾਨ, ਅਹੀਰ, ਜਾਟ, ਗੁੱਜਰ ਅਤੇ ਰਾਜਪੂਤ ਨੂੰ ਜੋੜਨ ਦਾ ਨਾਅਰਾ ਦਿੱਤਾ ਸੀ। ਇਸ ਦਾ ਉਨ੍ਹਾਂ ਨੂੰ ਸਿਆਸੀ ਲਾਭ ਮਿਲਿਆ। ਪਰ 1992 ਵਿਚ ਬਾਬਰੀ ਮਸਜਿਦ ਟੁੱਟਣ ਤੇ ਮੁਸਲਮਾਨ-ਜਾਟ ਰਿਸ਼ਤਿਆਂ ਵਿਚਾਲੇ ਦਰਾਰ ਪੈ ਗਈ। ਪਰ ਖੇਤੀ ਅਰਥਵਿਵਸਥਾਤੇ ਦੋਹਾਂ ਦੀ ਨਿਰਭਰਤਾ ਕਾਰਨ ਵਕਤ ਦੇ ਨਾਲ-ਨਾਲ ਦੂਰੀਆਂ ਘੱਟ ਹੋਈਆਂ। ਪਰ ਮੁਜ਼ੱਫਰਨਗਰ ਦੰਗਿਆਂ ਨੇ ਇਸ ਪੂਰੇ ਇਲਾਕੇ ਵਿਚ ਜਾਟ-ਮੁਸਲਿਮ ਰਿਸ਼ਤੇ ਤੋੜ ਦਿੱਤੇ।


ਭਾਰਤੀ ਕਿਸਾਨ ਯੂਨੀਅਨ ਦੇ ਇਕ ਵੱਡੇ ਨੇਤਾ ਹਰਨਾਮ ਸਿੰਘ ਕਹਿੰਦੇ ਹਨ, ‘‘ਦਸ ਸਾਲ ਪਹਿਲਾਂ ਤੁਸੀਂ ਜੇਕਰ ਇਨ੍ਹਾਂ ਪਿੰਡਾਂ ਵਿਚ ਆਉਂਦੇ ਤਾਂ ਪਛਾਣ ਨਾ ਸਕਦੇ ਕਿ ਤੁਹਾਡੇ ਲਈ ਦੁੱਧ ਕਿਸ ਘਰ ਚੋਂ ਆਇਆ ਹੈ, ਗੁੜ ਕਿਹੜੇ ਘਰ ਤੋਂ ਅਤੇ ਚਾਹ ਕਿਹੜੇ ਘਰ ਤੋਂ ਆਈ ਹੈ। ਪਰ ਸਿਆਸੀ ਲਾਭ ਲਈ ਭਾਜਪਾ ਅਤੇ ਉਸ ਦੇ ਸਮਰਥਕਾਂ ਨੇ ਮਾਹੌਲ ਖ਼ਰਾਬ ਕਰ ਦਿੱਤਾ ਹੈ।`` ਇਹ ਸੱਚ ਹੈ ਕਿ ਮੁਜ਼ੱਫਰਨਗਰ ਦੰਗਿਆਂ ਦੌਰਾਨ ਅਫ਼ਵਾਹਾਂ ਨੇ ਅੱਗ ਵਿਚ ਘਿਓ ਦਾ ਕੰਮ ਕੀਤਾ। ਮੁਜ਼ੱਫਰਨਗਰ ਦੰਗਿਆਂ ਨਾਲ ਹੋਏ ਧਰੁਵੀਕਰਨ ਦਾ ਸਭ ਤੋਂ ਵੱਡਾ ਲਾਭ ਭਾਜਪਾ ਨੂੰ ਹੋਇਆ। ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਦੇ ਗਵਾਹ ਹਨ। ਪੱਛਮੀ ਯੂ.ਪੀ. ਦੇ 17 ਜ਼ਿਲਿ੍ਹਆਂ ਦੀਆਂ 93 ਵਿਧਾਨ ਸਭਾ ਸੀਟਾਂ ਵਿਚ 2012 ਵਿਚ ਭਾਜਪਾ ਸਿਰਫ਼ 14 ਸੀਟਾਂ ਜਿੱਤੀ ਸੀ ਪਰ 2017 ਵਿਚ ਉਹ 73 ਸੀਟਾਂ ਜਿੱਤ ਗਈ। ਮੁਜ਼ੱਫਰਨਗਰ ਦੀ ਸ਼ਾਹਪੁਰ ਬਸਤੀ ਵਿਚ ਕਰੀਬ ਪੰਜ ਹਜ਼ਾਰ ਦੰਗਾ ਪੀੜਤ ਵਸਦੇ ਹਨ। ਇਥੇ ਪਰਚੂਨ ਦੀ ਦੁਕਾਨ ਚਲਾ ਰਹੇ ਸਾਹਿਲ ਦੇ ਕੁਟਬਾ ਪਿੰਡ ਵਿਚ ਦੰਗਿਆਂ ਦੌਰਾਨ ਜਿਹੜੇ 8 ਲੋਕ ਮਾਰੇ ਗਏ, ਉਨ੍ਹਾਂ ਵਿਚ 5 ਜਣੇ ਉਨ੍ਹਾਂ ਦੇ ਪਰਿਵਾਰ ਦੇ ਜੀ ਸਨ। ਸਾਹਿਲ ਕਹਿੰਦਾ ਹੈ, ‘‘ਕਿਸਾਨਾਂ ਦੀ ਨਾਰਾਜ਼ਗੀ ਅਤੇ ਮੁਸਲਮਾਨਾਂ ਦੇ ਜਾਟਾਂ ਨੇੜੇ ਆਉਣ ਨਾਲ ਭਾਜਪਾ ਦੇ ਮੱਥੇਤੇ ਵਲ਼ ਪੈਣਾ ਸੁਭਾਵਕ ਹੈ। ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਅਤੇ ਮੰਤਰੀ ਸੰਜੀਵ ਬਾਲੀਆਨ ਨੂੰ ਕਿਸਾਨਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਰ ਉਨ੍ਹਾਂ ਨੂੰ ਕਈ ਥਾਈਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।“

ਹੁਣ ਦੇਖਣਾ ਇਹ ਹੈ ਕਿ ਜਾਟਾਂ ਅਤੇ ਮੁਸਲਮਾਨਾਂ ਵਿਚਾਲੇ ਘਟਦੀ ਦੂਰੀ ਕੀ ਇਥੇ ਕਿਸੇ ਨਵੇਂ ਸਿਆਸੀ ਸਮੀਕਰਨ ਦਾ ਸੰਕੇਤ ਹੈ ਜਾਂ ਚੋਣਾਂ ਤੱਕ ਕੋਈ ਨਵਾਂ ਫ਼ਿਰਕੂ ਮੁੱਦਾ ਉਨ੍ਹਾਂ ਨੂੰ ਫੇਰ ਵੰਡ ਦੇਵੇਗਾ।
‘ਐਨ.ਡੀ.ਟੀ.ਵੀ. ਤੋਂ ਧੰਨਵਾਦ ਸਹਿਤ

Share this post

Leave a Reply

Your email address will not be published. Required fields are marked *