ਕਹਾਣੀ/ ਇਕ ਮੁੱਠੀ ਅਸਮਾਨ- ਇੰਦਰਜੀਤਪਾਲ ਕੌਰ

”ਬੈਲੰਸ ਪਲੀਜ਼ ਬੈਲੰਸ। ਤੂੰ ਅਪਣੀ ਹਾਲਤ ਵੇਖੀ ਏ ਕਦੀ? ਰੁੱਖੀ ਚਮੜੀ, ਸੁੱਕੇ ਵਾਲ ਫਟੀਆਂ ਅੱਡੀਆਂ। ਜਦੋਂ ਤੈਨੂੰ ਐਨੇ ਸੰਘਣੇ ਤੇ ਲੰਬੇ ਵਾਲ ਸੰਭਾਲਣ ਦੀ ਵੇਹਲ ਨਹੀਂ ਤਾਂ ਇਹਨਾਂ ਨੂੰ ਕਟਵਾ ਕਿਉਂ ਨਹੀਂ ਦਿੰਦੀ। ਜੂੜਾ ਖੋਲ੍ਹ ਕੇ ਵੇਖ ਕਿੰਨੀਆਂ ਅੜ੍ਹਕਾਂ ਨੇ ਵਾਲਾਂ ਵਿਚ। ਜੇਕਰ ਐਦਾਂ ਹੀ ਹਫ਼ਤੇ ਵਿਚ ਚਾਰ ਦਿਨ ਬਿਨਾਂ ਕੰਘੀ ਕੀਤਿਆਂ, ਜੂੜਾ ਲਪੇਟ ਕੇ ਜਾਲੀ ਲਗਾਂਦੀ ਰਹੇਂਗੀ ਤਾਂ ਛੇਤੀ ਹੀ ਵਾਲਾਂ ਦੀਆਂ ਜਟਾਵਾਂ ਬਣ ਜਾਣਗੀਆਂ।”

ਉਹਨੇ ਜੂੜੇ ਤੋਂ ਜਾਲੀ ਉਤਾਰ ਕੇ ਲੰਬੀ ਗੁੱਤ ਖੋਲ੍ਹ ਦਿੱਤੀ। ਥੱਬਾ-ਥੱਬਾ ਵਾਲ ਪਿੱਠ ਤੇ ਲਹਿਰਾ ਗਏ।

”ਕੀ ਕਟਵਾ ਦੇਵਾਂ ਵਾਲ?” ਉਸ ਨੇ ਅਪਣੇ-ਆਪ ਤੋਂ ਹੀ ਪੁੱਛਿਆ। ਕੰਘੀ ਵਿਚੋਂ ਟੁੱਟੇ ਵਾਲ ਕੱਢ ਕੇ ਉਸ ਇਕ ਨਜ਼ਰ ਸ਼ੀਸ਼ੇ ‘ਤੇ ਪਾਈ – ਕਿੰਨੇ ਫੱਬ ਰਹੇ ਸਨ ਬਾਬ ਕੱਟ ਵਾਲ ਉਸ ਦੇ ਗੋਲ ਚੇਹਰੇ ‘ਤੇ! ਜਾਗਦੀਆਂ ਅੱਖਾਂ ਦਾ ਸੁਪਨਾ।

ਬੜੇ ਪਿਆਰ ਨਾਲ ਦਾਦੀ ਉਹਦੇ ਵਾਲਾਂ ਵਿਚ ਸਰ੍ਹੋਂ ਦਾ ਤੇਲ ਝੱਸਦੀ ਹੁੰਦੀ ਸੀ। ”ਲੈ ਕੁੜੇ, ਕਰਦੇ ਸੁ ਗੁੱਤ।” ਮੇਰੀਆਂ ਤਾਂ ਬਾਵਾਂ ਥੱਕ ਜਾਂਦੀਆਂ ਨੇ, ਐਡੀ ਲੰਬੀ ਗੁੱਤ ਕਰਦਿਆਂ।

ਸ਼ੀਸ਼ੇ ਸਾਹਮਣੇ ਖੜ੍ਹੀ ਉਹ ਕੁੱਝ ਚਿਰ ਅਪਣੇ ਹੱਥ ਧਿਆਨ ਨਾਲ ਵੇਖਦੀ ਰਹੀ। ਟੁੱਟੇ ਨਹੁੰਆਂ ਤੇ ਗਠੀਲੇ ਜੋੜ੍ਹਾਂ ਕਰਕੇ, ਕਦੇ ਫਲੀਆਂ ਵਰਗੀਆਂ ਸਹੁਣੀਆਂ ਉਂਗਲਾਂ ਭੈੜੀਆਂ ਲੱਗ ਰਹਿਆਸਣ।

”ਕੀ ਵੇਖ ਰਹੀ ੲਂੇ? ਹੱਥਾਂ ਦੀਆਂ ਲਕੀਰਾਂ? ਕੌਣ ਲਿਖਦਾ ਏ ਕਿਸਮਤ? ਕੋਈ ਦਰਵਾਜ਼ਾ ਆਪ ਨਹੀਂ ਖੁਲ੍ਹਦਾ। ਖੜਕਾਉਣਾ ਪੈਂਦਾ ਏ। ਕਦੇ-ਕਦੇ ਧੱਕਾ ਵੀ ਮਾਰਨਾ ਪੈਂਦਾ ਏ।”

”ਪਰਾਜਿਤਾ ਹੋ ਕੀ ਗਿਆ ਏ ਤੈਨੂੰ? ਸਾਢੇ ਸੱਤ ਵੱਜ ਗਏ ਨੇ ਤੇ ਤੂੰ ਅਜੇ ਸ਼ੀਸ਼ੇ ਦੇ ਸਾਹਮਣੇ ਖਲੋਤੀ ਹੋਈ ਏਂ।”

ਪਤੀ ਦੀ ਅਵਾਜ਼ ਸੁਣ ਕੇ ਉਹ ਤ੍ਰਬਕ ਗਈ।

ਉਹਦਾ ਨਾਂ, ਕੋਈ ਐਨਾ ਖ਼ਾਸ ਲੰਬਾ ਵੀ ਨਹੀਂ ਸੀ। ਪਰ ਪਤੀ ਦੇਵ ਨੂੰ ”ਪਰਾਜਿਤਾ” ਦੇ ਅੱਗੇ ‘ਐੜਾ’ ਲਗਾਉਣ ਲੱਗਿਆਂ ਮੁਸ਼ਕਲ ਹੁੰਦੀ ਸੀ। ਸ਼ੁਰੂ ਵਿਚ ਉਸ ਨੇ ਵਿਰੋਧ ਕੀਤਾ ਸੀ। ਕਈ ਵਾਰ ਉਹ ਪਰਾਜਿਤਾ ਕਹਿ ਕੇ ਬੁਲਾਏ ਜਾਣ ‘ਤੇ ਜਵਾਬ ਨਹੀਂ ਸੀ ਦੇਂਦੀ। ਫਿਰ ਇਹ ਗੱਲ ਵੀ ਕਲੇਸ਼ ਦੇ ਕਈ ਕਾਰਨਾਂ ਵਿਚੋਂ ਇਕ ਹੋ ਗਈ। ਅਖ਼ੀਰ ਉਸ ਅਪਰਾਜਿਤਾ ਤੋਂ ਪਰਾਜਿਤਾ ਹੋਣਾ ਪ੍ਰਵਾਨ ਕਰ ਲਿਆ।

ਸ਼ਾਇਦ ਉਹ ਉਸ ਦੀ ਪਹਿਲੀ ਭੁੱਲ ਸੀ।

ਉਸ ਛੇਤੀ-ਛੇਤੀ ਗੁੱਤ ਦਾ ਜੁੜਾ ਲਪੇਟਦਿਆਂ ਦੀਵਾਰ ‘ਤੇ ਲੱਗੀ ਘੜੀ ਵੱਲ ਵੇਖਿਆ। ਪੈਂਡੂਲਮ ਟਿਕ-ਟਿਕ ਦੀ ਅਵਾਜ਼ ਕਰਦਾ ਸੱਜੇ-ਖੱਬੇ ਡੋਲ ਰਿਹਾ ਸੀ। ਪੈਂਡੂਲਮ! ਚਾਬੀ ਦੇ ਕੇ ਚਲਾਈ ਜਾਣ ਵਾਲੀ ਘੜੀ ਦਾ ਜਿਉਂਦਾ ਦਿਸਦਾ ਨਿਰਜੀਵ ਹਿੱਸਾ।

ਪੌਣੇ ਅੱਠ ਵੱਜ ਗਏ ਸਨ। ਅਜੇ ਨਾਸ਼ਤਾ ਬਣਾਉਣਾ ਸੀ।

ਸਵਾ ਅੱਠ। ਉਹ ਥੈਲਾ ਲੈ ਕੇ ਤੇਜ਼ ਕਦਮੀ ਸਬਜੀ ਲੈਣ ਜਾ ਰਹੀ ਸੀ। ਲਾਗੇ ਦੀ ਸਬਜ਼ੀ ਮੰਡੀ ਤੋਂ ਤਾਜ਼ੀ ਤੇ ਸਸਤੀ ਸਬਜ਼ੀ ਮਿਲ ਜਾਂਦੀ ਸੀ। ਪੈਦਲ ਜਾਣ ਨਾਲ ਸਵੇਰ ਦੀ ਸੈਰ ਵੀ ਹੋ ਜਾਂਦੀ ਸੀ। ਇਕ ਪੰਥ ਦੋ ਕਾਜ।

ਮਟਰਾਂ ਦੀਆਂ ਫਲੀਆਂ ਟੋਕਰੀ ਵਿਚ ਪਾਉਂਦਿਆਂ ਉਸ ਨੂੰ ਆਪਣੇ ਬਚਪਨ ਦੀ ਇਕ ਘਟਨਾ ਯਾਦ ਆ ਗਈ।

”ਵਿਖਾ ਤਾਂ ਬਹੂ ਸਬਜ਼ੀ ਕਿੱਦਾਂ ਦੀ ਬਣੀ ਏ?” ਮਾਂ ਦੀ ਲਿਆਂਦੀ ਸਬਜ਼ੀ ਵਾਲੀ ਕੌਲੀ ਵਿਚੋਂ ਮਟਰ ਦਾ ਇਕ ਦਾਣਾ ਚੁੱਕ ਕੇ ਦਾਦੀ ਨੇ ਗੁੱਸੇ ਨਾਲ ਆਖਿਆ ਸੀ। ”ਆਹ ਕੀ ਕਰ ਦਿੱਤਾ ਈ ਕੁੜੀਏ? ਮਟਰ ਥੋੜ੍ਹੇ ਘੱਟ ਗਲਾਉਣੇ ਸਨ। ਤੈਨੂੰ ਅਜੇ ਤੱਕ ਪਤਾ ਨਹੀਂ ਲੱਗਾ ਛਿੰਦਰ ਦੇ ਭਾਪਾ ਜੀ ਨੂੰ ਵੱਧ ਗਲੇ ਹੋਏ ਮਟਰ ਪਸੰਦ ਨਹੀਂ।”

ਦਾਦੀ ਨੂੰ ਬੁਖ਼ਾਰ ਸੀ। ਪਰ ਫਿਰ ਵੀ ਉਸ ਨੇ ਦੋਬਾਰਾ ਆਪ ਸਬਜ਼ੀ ਬਣਾਈ ਸੀ। ਪਤੀ ਤੇ ਪਰਿਵਾਰ ਹੀ ਦਾਦੀ ਦੇ ਜੀਵਨ ਦਾ ਧੁਰਾ ਸਨ। ਅਪਣੀ ਹੋਂਦ ਨੂੰ ਭੁੱਲ ਕੇ ਉਹ ਖ਼ੁਸ਼ ਸੀ, ਸੰਤੁਸ਼ਟ ਸੀ। ਉਸ ਦਾ ਸਾਰਾ-ਸੰਸਾਰ ਘਰ ਦੀ ਚਾਰ-ਦਿਵਾਰੀ ਵਿਚ ਹੀ ਸੀ। ਬਾਹਰ ਦੀ ਦੁਨੀਆ ਨਾਲ ਉਸ ਨੂੰ ਕੋਈ ਸਰੋਕਾਰ ਨਹੀਂ ਸੀ। ਦੂਸਰਾ ਵਿਸ਼ਵ ਯੁੱਧ; ਹੀਰੋਸ਼ਿਮਾ, ਨਾਗਾਸਾਕੀ ਤੇ ਪ੍ਰਮਾਣੂ ਬੰਬ ਦਾ ਸੁੱਟਿਆ ਜਾਣਾ, ਦੇਸ਼ ਦਾ ਬਟਵਾਰਾ ਉਸ ਲਈ ਕੋਈ ਮਾਇਨੇ ਨਹੀਂ ਸਨ ਰੱਖਦੇ।

ਦਾਦੀ ਚੌਦਾਂ ਸਾਲਾਂ ਦੀ ਵਿਆਹੀ ਗਈ ਸੀ। ਕੱਚੀ ਮਿੱਟੀ। ਮਾਂ, ਦਾਦੀ ਨਾਲੋਂ ਇਕ ਕਦਮ ਹੀ ਅੱਗੇ ਵਧੀ ਸੀ। ਉਹ ਪਿੰਡ ਦੇ ਸਕੂਲ ਤੋਂ ਮਾੜੇ ਮੋਟੇ ਅੱਖਰ ਜੋੜਨਾ ਸਿੱਖੀ ਸੀ। ਜੋੜ-ਜੋੜ ਕੇ ਕੈਦਾ ਪੜ੍ਹ ਲੈਂਦੀ। ”ਕ ਨੂੰ ਸਿਹਾਰੀ, ਤ ਨੂੰ ਕੰਨਾ, ਬ ਕਿਤਾਬ।” ਪਰ ਕਿਤਾਬ ਉਸ ਨੇ ਵੀ ਕੋਈ ਨਹੀਂ ਸੀ ਪੜ੍ਹੀ। ਬਟਵਾਰੇ ਦਾ ਉਸ ਨੂੰ ਕੇਵਲ ਐਨਾ ਹੀ ਦੁੱਖ ਸੀ ਕਿ ਉਸ ਦੀਆਂ ਮੁਸਲਮਾਨ ਸਹੇਲੀਆਂ ਨਵੇਂ ਬਾਡਰ ਦੇ ਉਸ ਪਾਰ ਚਲੀਆਂ ਗਈਆਂ ਸਨ।

……

ਅਪਰਾਜਿਤਾ ਨੂੰ ਅਕਸਰ ਇਕ ਸੁਪਨਾ ਆਉਂਦਾ। ਉਹ ਪਹਾੜ ਦੀ ਟੀਸੀ ‘ਤੇ ਖੜ੍ਹੀ ਹੈ। ਜਿੱਥੋਂ ਹੱਥ ਵਧਾਏ ਤਾਂ ਅੰਬਰ ਛੂਹ ਲਵੇ। ਪਹਾੜ ਦੀ ਪਿਛਲੀ ਢਲਾਣ ਤੋਂ ਥੱਲੇ, ਸਮਤਲ ਧਰਤੀ ‘ਤੇ ਉਸ ਦੀ ਦਾਦੀ ਹੈ। ਸੁਪਨੇ ਵਿਚ ਹੀ ਉਹ ਦਾਦੀ ਦਾ ਚਿਹਰਾ ਸਪਸ਼ਟ ਵੇਖ ਸਕਦੀ ਸੀ। ਬੁਢਾਪੇ ਦੀ ਤ੍ਰਿਪਤ ਸੁੰਦਰਤਾ ਨਾਲ ਦਹਿਕਦਾ ਭੋਲਾ ਮੂੰਹ। ਜਿਸ ਦੀਆਂ ਸਾਰੀਆਂ ਰੇਖਾਵਾਂ, ਸੰਤੁਸ਼ਟੀ, ਖ਼ੁਸ਼ੀ, ਮੁਸਕਾਨ ਦੀਆਂ ਗਵਾਹ ਸਨ। ਚਿੰਤਾ ਦੀ ਕੋਈ ਲਕੀਰ ਨਹੀਂ ਸੀ।

ਪਹਾੜ ਦੇ ਅਗਲੇ ਪਾਸੇ, ਦੂਰ ਢਲਾਨ ਤੋਂ ਉਤਰਦੀ ਇਕ ਔਰਤ ਦਿਖਦੀ। ਪਛਾਣ ਵਿਚ ਨਾ ਆਣ ਵਾਲਾ ਚੇਹਰਾ। ਜਿਸ ਦੇ ਭਾਵ ਉਹ ਕਦੇ ਨਾ ਪੜ੍ਹ ਸਕੀ। ਦੇਖਦਿਆਂ-ਦੇਖਦਿਆਂ ਉਹ ਜਵਾਨ ਔਰਤ ਸੰਘਣੇ ਜੰਗਲ ਵਿਚ ਗੁਆਚ ਜਾਂਦੀ।

ਸੁਪਨੇ ਵਿਚ ਹੀ ਟੀਸੀ ‘ਤੇ ਖਲੋਤਿਆਂ ਉਸ ਨੂੰ ਜਾਪਦਾ ਹਨ੍ਹੇਰੀ ਵਰਗੀਆਂ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਹਨ। ਉਸ ਨੂੰ ਸਿਰ ਛੁਪਾਉਣ ਲਈ ਕੋਈ ਥਾਂ ਨਾ ਲੱਭਦੀ। ਉਹ ਹੱਥਾਂ ਵਿਚ ਮੂੰਹ ਲਕੋ ਕੇ ਗੋਡਿਆਂ ਭਾਰ ਬੈਠ ਜਾਂਦੀ। ਉਸ ਵੇਲੇ ਦੂਸਰੀ ਔਰਤ ਦੇ ਆਸ-ਪਾਸ ਹੋਣ ਦਾ ਅਹਿਸਾਸ ਉਸ ਨੂੰ ਘੇਰ ਲੈਂਦਾ।

……

”ਮੈਂ ਪਰਸੋਂ ਕੁੱਝ ਦਿਨਾਂ ਲਈ ਕਸ਼ਮੀਰ ਜਾ ਰਿਹਾ ਹਾਂ। ਮੇਰੇ ਕੁੱਝ ਗਰਮ ਕੱਪੜੇ ਪੈਕ ਕਰ ਦੇਵੀਂ।”

ਉਸ ਨੂੰ ਹੈਰਾਨੀ ਪਤੀ ਦੇ ਕਸ਼ਮੀਰ ਜਾਣ ‘ਤੇ ਨਹੀਂ, ਪਰ ਦੂਜੇ ਪਰਿਵਾਰਾਂ ਨਾਲ ਉਹਨਾਂ ਦੇ ਇਕੱਲਿਆਂ ਜਾਣ ‘ਤੇ ਹੋਈ ਸੀ।

ਫਿਰ ਤਾਂ ਇਹ ਰੁਟੀਨ ਹੋ ਗਈ ਸੀ। ਪਤੀ ਦੇਵ ਸਾਲ ਵਿਚ ਦੋ-ਤਿਨ ਵਾਰ ਆਪਣੇ ਮਿੱਤਰ ਪਰਿਵਾਰਾਂ ਨਾਲ ਘੁੰਮਣ ਫਿਰਨ ਜਾਂਦੇ। ਪਰ ਉਸ ਨੂੰ ਤੇ ਬੱਚਿਆਂ ਨੂੰ ਉਹਨਾਂ ਕਦੇ ਨਾਲ ਚੱਲਣ ਲਈ ਨਹੀਂ ਸੀ ਕਿਹਾ।

ਰਿਸ਼ਤੇਦਾਰੀ, ਵਿਆਹ-ਸ਼ਾਦੀ, ਖ਼ੁਸ਼ੀ-ਗ਼ਮੀ ‘ਤੇ ਵੀ ਉਸ ਨੂੰ ਨਾਲ ਖੜ੍ਹਨਾ ਜ਼ਰੂਰੀ ਨਹੀਂ ਸੀ ਸਮਝਿਆ ਜਾਂਦਾ।

ਜਦੋਂ ਤੱਕ ਉਸ ਦੇ ਮਾਪੇ ਜਿਉਂਦੇ ਸਨ ਉਹ ਛੁੱਟੀਆਂ ਵਿਚ ਬੱਚਿਆਂ ਨਾਲ ਪੇਕੇ ਚਲੀ ਜਾਂਦੀ। ਉਹਨਾਂ ਦੇ ਗੁਜ਼ਰ ਜਾਣ ਦੇ ਬਾਅਦ ਉਸਦਾ ਇਕੱਲਾ ਭਰਾ ਆਪਣੇ ਪਰਿਵਾਰ ਨਾਲ ਅਮਰੀਕਾ ਜਾ ਕੇ ਵਸ ਗਿਆ ਸੀ।

……

ਦੂਸਰੀ ਔਰਤ ਘਰ ਦਾ ਕੁੱਝ ਸਮਾਨ – ਕੁਰਸੀ, ਮੇਜ, ਪੱਖਾ, ਕੂਕਰ, ਗਮਲਾ, ਬਾਲਟੀ ਇਕੱਠਿਆਂ ਕਰ ਰਹੀ ਸੀ।

”ਇਹ ਕੀ ਕਰ ਰਹੀ ਏ?” ਉਸ ਹੈਰਾਨੀ ਨਾਲ ਪੁੱਛਿਆ।

”ਘਰ ਦੀਆਂ ਉਪਯੋਗੀ ਨਿਰਜੀਵ ਵਸਤੂਆਂ ਨੂੰ ਇਕ ਲਾਈਨ ਵਿਚ ਖੜ੍ਹਾ ਕਰ ਰਹੀ ਹਾਂ।” ਕਹਿੰਦਿਆਂ ਉਸ ਔਰਤ ਨੇ ਉਹਦੀ ਬਾਂਹ ਫੜ੍ਹ ਕੇ ਲਾਈਨ ਦੇ ਆਖੀਰ ਵਿਚ ਖੜ੍ਹਾ ਕਰ ਦਿੱਤਾ।

”ਮੈਨੂੰ ਐਥੇ ਕਿਉਂ ਖਲਾਰ ਦਿੱਤਾ ਏ” ਉਸਨੇ ਵਿਰੋਧ ਕੀਤਾ।

”ਕਿਉਂਕਿ ਤੂੰ ਵੀ ਇਕ ਵਸਤੂ ਹੋ ਗਈ ਏਂ। ਨਿਰਜੀਵ ਵਸਤੂ।”

ਘਬਰਾ ਕੇ ਉਸ ਦੀ ਨੀਂਦ ਖੁੱਲ ਗਈ। ਉਸ ਨੇ ਹੱਥ ਪੈਰ ਹਿਲਾ ਕੇ ਦੇਖੇ। ਨਹੀਂ ਉਹ ਨਿਰਜੀਵ ਨਹੀਂ ਸੀ।

”ਕੀ ਕੇਵਲ ਹੱਥ ਪੈਰ ਹਿੱਲਦੇ ਹੋਣ ਕਰਕੇ ਹੀ ਕੋਈ ਜਿਉਂਦਾ ਗਿਣੀਦਾ ਏ? ਕਿਸ ਮਿੱਟੀ ਦੀ ਬਣੀ ਏਂ ਤੂੰ? ਤੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ?”

ਉਸਦੀ ਦਾਦੀ ਤੇ ਮਾਂ ਨੂੰ ਵੀ ਕਦੇ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਸੀ। ਪਰ ਕੀ ਕਦੇ ਉਹਨਾਂ ਤੋਂ ਵੀ ਕੋਈ ਸਵਾਲ ਪੁੱਛਦਾ ਸੀ? ਸਵਾਲ ਜਿੰਨ੍ਹਾਂ ਨੂੰ ਉਹ ਅਣਗੋਲਿਆਂ ਛੱਡ ਦਿੰਦੀ ਸੀ।

……

ਅਲਮਾਰੀ ਸਾਫ ਕਰਦਿਆਂ ਉਸ ਦੀ ਨਜ਼ਰ ਸੰਭਾਲ ਕੇ ਰੱਖੀ ਫ਼ਾਇਲ ‘ਤੇ ਕੁੱਝ ਚਿਰ ਠਹਿਰੀ ਰਹੀ। ਉਹਨੇ ਹੌਲੀ ਜਿਹੀ ਫ਼ਾਇਲ ਚੁੱਕ ਕੇ ਖੋਲੀ। ਸਰਟੀਫਿਕੇਟ, ਡਿਗਰੀਆਂ ਹੈਰਾਨੀ ਨਾਲ ਉਸ ਵੱਲ ਤੱਕਣ ਲੱਗ ਪਈਆਂ।

ਐਸ.ਐਸ.ਸੀ. ਦੇ ਇਮਤਿਹਾਨ ਵਿਚ ਅਠਾਹਟ ਪ੍ਰਤੀਸ਼ਤ। ਬੀ.ਐਸ.ਸੀ. ਵਿਚ ਤਰੇਹਟ ਪ੍ਰਤੀਸ਼ਤ।

”ਅਗਲਾ ਕਾਗ਼ਜ਼ ਨਾ ਚੁੱਕ, ਪਿਆ ਰਹਿਣ ਦੇ ਜਿਵੇਂ ਸਾਲਾਂ ਤੋਂ ਪਿਆ ਹੋਇਆ ਏ।”

”ਕਾਗ਼ਜ਼? ਕਾਗਜ਼ ਨਹੀਂ ਇਹ ਮੇਰੀ ਪੋਸਟਗਰੈਜੂਏਸ਼ਨ ਦੀ ਡਿਗਰੀ ਏ।” ਉਸ ਦੀ ਅਵਾਜ਼ ਕੰਬ ਗਈ।

”ਕੀ ਫ਼ਰਕ ਏ ਡਿਗਰੀ ਵਿਚ ਤੇ ਕਾਗ਼ਜ਼ ਦੇ ਇਕ ਟੁਕੜੇ ਵਿਚ। ਜੇ ਉਸ ਦੀ ਵਰਤੋਂ ਈ ਨਈਂ ਹੋਣੀ”

ਉਹ ਡਿਗਰੀਆਂ ਹੱਥ ਵਿਚ ਫੜ੍ਹ ਕੇ ਖੜ੍ਹੀ ਸੋਚ ਰਹੀ ਸੀ, ”ਕੀ ਸਾਲਾਂ ਦੀ ਸਖ਼ਤ ਮਿਹਨਤ ਸਿਰਫ਼ ਕਾਗ਼ਜ਼ ਬਣ ਕੇ ਹੀ ਰਹਿ ਜਾਏਗੀ।”

ਦੂਸਰੀ ਔਰਤ ਦਾ ਬੋਲ ਫਿਰ ਉਸਦੇ ਕੰਨਾਂ ਵਿਚ ਪਿਆ। ਤੇਰੇ ਵਿਚ ਤੇ ਤੇਰੀ ਮਾਂ, ਦਾਦੀ ਵਿਚ ਕੀ ਫਰਕ ਏ? ਘਰ ਪਰਿਵਾਰ ਤਾਂ ਉਹ ਵੀ ਬਾਖ਼ੂਬੀ ਚਲਾਉਂਦੀਆਂ ਸਨ।

ਕੁੱਝ ਦੇਰ ਦੀ ਚੁੱਪੀ ਦੇ ਬਾਅਦ ਦੂਸਰੀ ਔਰਤ ਫੇਰ ਬੋਲੀ – ”ਪਾਏਦਾਨ।”

”ਪਾਏਦਾਨ?”

”ਹਾਂ ਸਭ ਲੰਘੀ ਜਾਂਦੇ ਨੇ। ਤੇ ਤੂੰ…….।”

”ਪਲੀਜ਼ ਰੱਬ ਦੇ ਵਾਸਤੇ ਚੁੱਪ ਕਰ ਜਾ।” ਉਸ ਨੇ ਦੂਸਰੀ ਔਰਤ ਦੀ ਗੱਲ ਵਿਚੇ ਕੱਟ ਦਿੱਤੀ।

”ਜਿਸ ਦਿਨ ਮੈਂ ਬੋਲਣਾ ਬੰਦ ਕਰ ਦਿਆਂਗੀ। ਲੱਖਾਂ ਔਰਤਾਂ ਵਾਂਗ ਤੂੰ ਵੀ ‘ਜ਼ੌਂਬੀ’ ਹੋ ਜਾਵੇਂਗੀ। ਕਦੇ ਤੂੰ ਸੋਚਿਆ ਏ ਇਹ ਬੇਚੈਨੀ, ਇਹ ਤੜਫ, ਇਹ ਵਿਆਕੁਲਤਾ ਕਿਉਂ ਏ?”

ਜਿਵੇਂ ਉਸ ਦੇ ਬਚਾਅ ਵਿਚ ਟੈਲੀਫ਼ੋਨ ਦੀ ਘੰਟੀ ਵੱਜਣ ਲੱਗ ਪਈ। ਜੇ ਉਹ ਘੜੀ ਵੱਲ ਨਾ ਵੀ ਵੇਖਦੀ ਤਾਂ ਵੀ ਉਸ ਨੂੰ ਵਕਤ ਦਾ ਪਤਾ ਚੱਲ ਜਾਂਦਾ। ਹਰ ਰੋਜ਼ ਪੁਰੇ ਡੇਢ ਵਜੇ ਇਹ ਘੰਟੀ ਵੱਜਦੀ ਹੈ। ਸਿਰਫ਼ ਇਹ ਜਾਨਣ ਲਈ ਕਿ ਰੋਟੀ ਤਿਆਰ ਹੈ ਕਿ ਨਹੀਂ। ਇਸ ਤੋਂ ਇਲਾਵਾ, ਇਕ ਸ਼ਬਦ ਵੀ ਨਹੀਂ।

ਅੱਜ ਪਹਿਲੀ ਵਾਰ ਘੰਟੀ ਅਣਸੁਣੀ ਚੀਖ ਵਾਂਗ ਵੱਜ-ਵੱਜ ਕੇ ਬੰਦ ਹੋ ਗਈ।

……

ਅਲਮਾਰੀ ਵਿਚ ਕੱਪੜਿਆਂ ਦੇ ਥੱਲੇ ਇਕ ਹੋਰ ਫ਼ਾਇਲ ਦੱਬੀ ਹੋਈ ਸੀ। ਪਰ ਸਾਲਾਂ ਤੋਂ ਛੂਹੀ ਉਹ ਵੀ ਨਹੀਂ ਸੀ ਗਈ। ਕੱਪੜੇ ਹਟਾ ਕੇ ਉਸ ਫ਼ਾਇਲ ਕੱਢ ਲਈ। ਮਟਮੈਲੇ ਕਾਗ਼ਜ਼ਾਂ ਦੇ ਥੱਲੇ ਤਿੰਨ ਰਸਾਲੇ ਸਨ। ਪਹਿਲਾ ਰਸਾਲਾ ਉਸ ਦੇ ਸਕੂਲ ਦਾ ਸੀ। ਰਸਾਲੇ ਦੇ ਕਾਗਜ਼ ਵਕਤ ਦੇ ਲੰਬੇ ਅੰਤਰਾਲ ਦੇ ਕਾਰਨ ਭੂਰੇ ਹੋ ਚੁੱਕੇ ਸਨ। ਇਸ ਰਸਾਲੇ ਵਿਚ ਉਸ ਦੀ ਪਹਿਲੀ ਰਚਨਾ ਛਪੀ ਸੀ। ਜਿਸ ਨੂੰ ਸਰਾਹਿਆ ਗਿਆ ਸੀ। ਹੈਡਮਾਸਟਰ ਸਾਹਿਬ ਨੇ ਉਸ ਨੂੰ ਬੁਲਾ ਕੇ ਸ਼ਾਬਾਸ਼ੀ ਦਿੰਦਿਆਂ ਆਖਿਆ ਸੀ- ”ਤੇਰੇ ਵਿਚ ਲਿਖਣ ਦੀ ਪ੍ਰਤਿਭਾ ਹੈ, ਇਹਨੂੰ ਅਜਾਇਆਂ ਨਾ ਜਾਣ ਦੇਈਂ।”

ਯੂਨੀਵਰਸਿਟੀ ਦੀ ਸਾਲਾਨਾ ਰਸਾਲੇ ਦੇ ਕੁੱਝ ਪੰਨੇ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਮਰਪਤ ਸਨ।

”ਯੂਨੀਵਰਸਿਟੀ ਦੇ ਹੀਰੇ” ਵਿਦਿਆਰਥੀ ਸੰਪਾਦਕ ਨੇ ਉਹਨਾਂ ਪੇਜਾਂ ਦਾ ਸਿਰਲੇਖ ਰੱਖਿਆ ਸੀ। ਤੀਸਰੇ ਪੰਨੇ ‘ਤੇ ਸੁਨੀਤੀ ਮਾਲਿਆ ਦੀ ਸਿਤਾਰ ਵਜਾਉਂਦੀ ਦੀ ਵੱਡੀ ਫ਼ੋਟੋ ਸੀ।

ਮਾਲਿਆ ਸਾਹਿਬ ਉਸ ਦੇ ਲੋਕਲ ਗਾਰਡੀਅਨ ਦੇ ਗੁਆਂਢ ਵਿਚ ਰਹਿੰਦੇ ਸਨ। ਸੁਨੀਤੀ ਉਹਨਾਂ ਦੀ ਇਕਲੋਤੀ ਬੇਟੀ ਸੀ। ਹਫ਼ਤੇ ਦੇ ਆਖ਼ੀਰ ਵਿਚ ਅਪਰਾਜਿਤਾ ਹੋਸਟਲ ਤੋਂ ਮਾਸੀ ਦੇ ਘਰ ਜਾਂਦੀ ਹੁੰਦੀ ਸੀ। ਸਵੇਰੇ ਲਾਨ ਵਿਚ ਬੈਠ ਕੇ ਚਾਹ ਪੀਂਦਿਆਂ ਸਿਤਾਰ ਦੇ ਮਿੱਠੇ ਸੁਰ ਸੁਣਾਈ ਦਿੰਦੇ ਸਨ।

ਇਕ ਦਿਨ ਉਸ ਦੇ ਮਾਸੜ ਜੀ ਨੇ ਪੁੱਛਿਆ ਸੀ। ”ਬੇਟਾ ਜਾਣਦੀ ਏਂ ਸੁਨੀਤੀ ਬੇਟੀ ਕਿਹੜੇ ਰਾਗ ਦਾ ਰਿਆਜ਼ ਕਰ ਰਹੀ ਏ?”

”ਨਹੀਂ। ਪਰ ਧੁਨ ਪਛਾਣਦੀ ਹਾਂ। ਜਾਗੋ ਮੋਹਨ ਪਿਆਰੇ ਜਾਗੋ।”

ਇਹ ਰਾਗ ਭੈਰਵ ਏ। ਅੰਮ੍ਰਿਤ ਵੇਲੇ ਦੇ ਰਾਗਾਂ ਵਿਚੋਂ ਇਕ। ਭੈਰਵ, ਜੋਗੀਆ, ਰਾਮਕਲੀ, ਲਲਿਤ ਸਵੇਰ ਵੇਲੇ ਦੇ ਰਾਗ ਨੇ।

”ਵਿਗਿਆਨ ਪੜ੍ਹਨ ਵਾਲਿਆਂ ਨੂੰ ਰਾਗ ਰਾਗਨੀਆਂ ਨਾਲ ਕੀ ਵਾਸਤਾ।” ਮਾਸੀ ਜੀ ਨੇ ਉਸਦੇ ਬਚਾਅ ਵਿਚ ਕਿਹਾ ਸੀ।

”ਸੰਗੀਤ ਹੀ ਨਹੀਂ, ਲਿਖਣ ਵਾਲਿਆਂ ਨੂੰ ਇਤਿਹਾਸ, ਮਿਥਹਾਸ, ਫ਼ਿਲਾਸਫ਼ੀ ਤੇ ਰਾਜਨੀਤੀ ਦਾ ਵੀ ਕੁੱਝ ਗਿਆਨ ਹੋਣਾ ਚਾਹੀਦਾ ਹੈ।”

ਮਾਸੜ ਜੀ ਨੇ ਕਾਲਜ ਦੀ ਸਲਾਨਾ ਰਸਾਲੇ ਵਿਚ ਉਸ ਦੀ ਕਹਾਣੀ ਪੜ੍ਹੀ ਸੀ।

ਉਸ ਨੂੰ ਯਾਦ ਆਇਆ, ਜਦੋਂ ਪੋਸਟਗਰੈਜੂਏਸ਼ਨ ਕਰਕੇ ਘਰ ਆਈ ਸੀ ਤਾਂ ਉਸ ਨੂੰ ਪਤਾ ਲੱਗਾ ਸੀ ਕਿ ਸੁਨੀਤੀ ਮਾਲਿਆ ਉਸ ਦੇ ਪੇਕੇ ਸ਼ਹਿਰ ਹੀ ਵਿਆਹੀ ਗਈ ਹੈ।

ਮਾਸੀ ਤੋਂ ਪਤਾ ਲੈ ਕੇ ਉਹ ਸੁਨੀਤੀ ਨੂੰ ਮਿਲਣ ਗਈ ਸੀ।

ਨੌ ਸੈਕਟਰ ਵਿਚ ਛੇ ਕਨਾਲ ਦੀ ਵੱਡੀ ਕੋਠੀ। ਅਮੀਰ ਸਹੁਰਿਆਂ ਦੀ ਧੰਨ ਦੌਲਤ ਦਾ ਪ੍ਰਦਰਸ਼ਨ ਕਰਦੀ ਮੈਨੀਕਵੀਨ ਵਾਂਗ ਗਹਿਣਿਆਂ ਕੱਪੜਿਆਂ ਨਾਲ ਸਜੀ ਹੋਈ ਸੁਨੀਤੀ ਦੀਦੀ।

ਚਾਹ-ਪਾਣੀ ਦੇ ਦੌਰਾਨ ਜਦੋਂ ਉਸਨੇ ਸੁਨੀਤੀ ਕੋਲੋਂ ਪੁੱਛਿਆ ਸੀ, ”ਕਿਵੇਂ ਚੱਲ ਰਿਹਾ ਏ ਤੁਹਾਡਾ ਸਿਤਾਰ ਵਾਦਨ” ਹੋਰ ਕਿੰਨੇ ਮਾਣ ਸਨਮਾਨ ਮਿਲੇ ਨੇ?

ਸੁਨੀਤੀ ਨੇ ਮਠਿਆਈ ਦੀ ਪਲੇਟ ਉਸ ਵੱਲ ਵਧਾਉਂਦਿਆਂ ਗੱਲ ਟਾਲ ਦਿੱਤੀ ਸੀ।

ਸ਼ਾਇਦ ਯਾਦਾਂ ਦਾ ਪਰਦਾ ਹਟਾ ਕੇ ਕੁੱਝ ਭੁੱਲੇ ਹੋਏ ਪਲ ਸੁਨੀਤੀ ਦੇ ਮਨ ਦੇ ਕੈਨਵਸ ‘ਤੇ ਉਭਰ ਆਏ ਸਨ। ਕਿਸੇ ਹੋਰ ਨੇ ਵੇਖਿਆ ਹੋਵੇ ਜਾਂ ਨਾਂ, ਪਰ ਸੁਨੀਤੀ ਦੀਆਂ ਅੱਖਾਂ ਵਿਚ ਆਈ ਨਮੀ ਦੀ ਲਕੀਰ ਅਪਰਾਜਿਤਾ ਤੋਂ ਲੁਕ ਨਹੀਂ ਸਕੀ ਸੀ।

ਉਸ ਦੀਆਂ ਅੱਖਾਂ ਦੇ ਸਾਹਮਣੇ ਸੁਨੀਤੀ ਦੇ ਪੇਕੇ ਘਰ ਦੇ ਵੱਡੇ ਡਰਾਇੰਗ ਰੂਮ ਦੀ ਅਲਮਾਰੀ ਵਿਚ ਸਜਾ ਕੇ ਰੱਖੀਆਂ ਟ੍ਰੌਫ਼ੀਆਂ ਘੁੰਮ ਗਈਆਂ ਸਨ। ਜਿੰਨ੍ਹਾਂ ਨੂੰ ਉਸ ਦੇ ਮਾਤਾ ਪਿਤਾ ਬੜੇ ਮਾਨ ਨਾਲ ਮਹਿਮਾਨਾਂ ਨੂੰ ਦਿਖਾਉਂਦੇ ਸਨ।

ਜਦੋਂ ਉਹ ਵਾਪਸ ਆਉਣ ਲੱਗੀ ਸੀ ਤਾਂ ਸੁਨੀਤੀ ਉਸ ਦਾ ਹੱਥ ਫੜ ਕੇ ਕੋਠੀ ਦੇ ਪਿਛਲੇ ਪਾਸੇ ਬਣੀ ਅਨੈਕਸੀ ਵਿਚ ਲੈ ਗਈ ਸੀ। ਜਿੱਥੇ ਇਕ ਕਮਰੇ ਵਿਚ ਅਨਾਜ ਦੀਆਂ ਬੋਰੀਆਂ ਦੇ ਕੋਲ ਧੂੜ ਜੰਮੀ ਸਿਤਾਰ ਪਈ ਸੀ।

ਕੁੱਝ ਪਲ ਸਿਤਾਰ ਵੱਲ ਇੰਝ ਵੇਖ ਕੇ ਜਿਵੇਂ ਵਿਛੜਨ ਵਾਲੇ ਮਿੱਤਰ ਨੂੰ ਅਖੀਰਲੀ ਵਾਰ ਦੇਖੀਦਾ ਹੈ ਸੁਨੀਤੀ ਤੇਜ਼ੀ ਨਾਲ ਕਮਰੇ ਵਿਚੋਂ ਬਾਹਰ ਨਿਕਲ ਆਈ ਸੀ।

”ਚੱਲ ਇਕ-ਇਕ ਕੱਪ ਚਾਹ ਦਾ ਹੋਰ ਪੀਂਦੇ ਹਾਂ।” ਬਿਨ੍ਹਾਂ ਕੁੱਝ ਕਹੇ ਉਸ ਦੀ ਅਵਾਜ਼ ਦੀ ਲਰਜ਼ ਨੇ ਸਭ ਕੁੱਝ ਕਹਿ ਦਿੱਤਾ ਸੀ, ਹੁਣ ਦੂਸਰੀ ਔਰਤ ਅਕਸਰ ਉਸ ਦੇ ਨਾਲ-ਨਾਲ ਰਹਿਣ ਲੱਗ ਪਈ ਸੀ।

……

”ਕਿਤੇ ਜਾ ਰਹੇ ਹੋ ਤੁਸੀਂ?”

ਪਤੀ ਨੂੰ ਸੂਟ ਕੇਸ ਵਿਚ ਕੱਪੜੇ ਰੱਖਦਿਆਂ ਦੇਖ ਕੇ ਉਸ ਪੁੱਛਿਆ। ਪਤੀ ਨੇ ਇੰਝ ਹੈਰਾਨੀ ਨਾਲ ਉਸ ਵੱਲ ਵੇਖਿਆ ਜਿਵੇਂ ਉਸ ਨੇ ਕੋਈ ਅਣਹੋਣੀ ਗੱਲ ਕਰ ਦਿੱਤੀ ਹੋਵੇ।

ਜਦੋਂ ਉਹ ਉਤਰ ਲਈ ਖੜ੍ਹੀ ਰਹੀ ਤਾਂ ਪਤੀ ਨੂੰ ਮਜਬੂਰਨ ਦੱਸਣਾ ਪਿਆ।

”ਮੈਂ ਕੁੱਝ ਦਿਨਾਂ ਲਈ ਮਨਾਲੀ ਜਾ ਰਿਹਾ ਹਾਂ।”

”ਮੈਂ ਮਨਾਲੀ ਜਾ ਰਿਹਾ ਹਾਂ।”

”ਮੈਂ ਸ਼ਿਮਲਾ ਜਾ ਰਿਹਾ ਹਾਂ।”

”ਮੈਂ ਗੋਆ ਜਾ ਰਿਹਾ ਹਾਂ।”

ਇਹ ਸਿਲਸਿਲਾ ਸਾਲਾਂ ਤੋਂ ਚੱਲ ਰਿਹਾ ਸੀ।

”ਕੱਲੇ ਜਾ ਰਹੇ ਹੋ?”

ਦੂਸਰਾ ਪ੍ਰਸ਼ਨ ਵੀ ਪਹਿਲੀ ਵਾਰ ਕੀਤਾ ਗਿਆ ਸੀ।

”ਨਹੀਂ। ਕਾਹਲੋਂ ਸਾਹਿਬ ਤੇ ਵਰਮਾ ਸਾਹਿਬ ਦੀ ਫ਼ੈਮਲੀ ਦੇ ਨਾਲ। ”

ਸ਼ਿੰਗਾਰ ਮੇਜ਼ ਸਾਫ਼ ਕਰਦੇ ਉਸਦੇ ਹੱਥ ਰੁਕ ਗਏ। ਉਸ ਨੇ ਸ਼ੀਸ਼ੇ ਵਿਚ ਅਪਣਾ ਅਕਸ ਦੇਖਿਆ। ਵਾਲ ਅਜੇ ਵੀ ਪਹਿਲਾਂ ਵਾਂਗ ਲੰਬੇ ਤੇ ਸੰਘਣੇ ਸਨ। ਹਾਂ ਇੱਕਾ-ਦੁੱਕਾ ਚਿੱਟੇ ਵਾਲ ਜ਼ਰੂਰ ਦਿਖਣ ਲੱਗ ਪਏ ਸਨ। ਪਰ ਅੱਖਾਂ ਦੁਆਲੇ ਕਾਲੇ ਘੇਰੇ ਤੇ ਮੱਥੇ ਤੇ ਉਭਰੀਆਂ ਲਕੀਰਾਂ ਨਵੀਆਂ ਸਨ।

ਅਟੈਚੀ ਕੇਸ ਵਿਚ ਸਮਾਨ ਰੱਖਦੇ ਪਤੀ ਦਾ ਬਿੰਬ ਵੀ ਸ਼ੀਸੇ ਵਿਚ ਦਿਸ ਰਿਹਾ ਸੀ। ਵਾਲ ਵਿਰਲੇ ਹੋ ਗਏ ਸਨ। ਸ਼ਾਹੀ ਭੋਜਨ ਤੇ ਸ਼ਰਾਬ ਦੇ ਸ਼ੌਕ ਨੇ ਸ਼ਰੀਰ ਬੇਡੋਲ ਕਰ ਦਿੱਤਾ ਸੀ।

ਅਪਰਾਜਿਤਾ ਅਪਣੇ ਮਨ ਵਿਚ ਆਉਣ ਵਾਲੇ ਵਿਚਾਰਾਂ ਤੋਂ ਡਰ ਗਈ। ਬੇਟੇ ਦੀ ਅਵਾਜ਼ ਸੁਣ ਕੇ ਉਹ ਉਲਝੇ ਵਿਚਾਰਾਂ ਦੇ ਚੱਕਰਵਿਯੂ ਵਿਚੋਂ ਬਾਹਰ ਨਿਕਲੀ।

”ਮਾਂ ਮੈਨੂੰ ਕੁੱਝ ਹੋਰ ਪੈਸੇ ਚਾਹੀਦੇ ਨੇ। ਗੋਆ ਰੁਕਣ ਦਾ ਪ੍ਰੋਗਰਾਮ ਚਾਰ ਦਿਨਾਂ ਦਾ ਬਣ ਗਿਆ ਹੈ।”

ਇੰਜੀਨੀਅਰਿੰਗ ਦੇ ਦੂਸਰੇ ਸਾਲ ਵਿਚ ਪੜ੍ਹਦਾ ਵੱਡਾ ਬੇਟਾ ਅਪਣੇ ਕੁੱਝ ਦੋਸਤਾਂ ਨਾਲ ਨਵਾਂ ਸਾਲ ਮਨਾਉਣ ਜਾ ਰਿਹਾ ਸੀ। ਛੋਟਾ ਦੋ ਦਿਨ ਪਹਿਲਾਂ ਸਕੂਲ ਦੇ ਟ੍ਰਿਪ ਨਾਲ ਦੱਖਣ ਭਾਰਤ ਗਿਆ ਸੀ।

”ਪਿਤਾ ਕੋਲੋਂ ਕਿਉਂ ਨਹੀਂ ਪੈਸੇ ਲੈਂਦਾ?” ਦੂਸਰੀ ਔਰਤ ਦੀ ਅਵਾਜ਼ ਉਸ ਤੋਂ ਸਿਵਾ ਹੋਰ ਕੋਈ ਨਹੀਂ ਸੁਣ ਸਕਦਾ। ਉਹ ਆਪ ਵੀ ਤਾਂ ਸਾਲਾਂ ਤੋਂ ਉਸ ਅਵਾਜ਼ ਨੂੰ ਸੁਣ ਕੇ ਵੀ ਅਣਸੁਣਿਆਂ ਕਰਦੀ ਰਹੀ ਹੈ। ਉਸਨੇ ਅਲਮਾਰੀ ਖੋਲ੍ਹ ਕੇ ਰੁਪਏ ਬੇਟੇ ਨੂੰ ਫੜਾਉਂਦਿਆਂ ਆਖਿਆ।

”ਜਬਲਪੁਰ ਲਈ ਦੋ ਟਿਕਟਾਂ ਬੁੱਕ ਕਰਵਾ ਦੇਈਂ। ਜਾਣ ਦੀ ਬਾਈ ਤਾਰੀਕ ਤੇ ਵਾਪਸੀ ਦੀ ਤਿੰਨ ਜਨਵਰੀ”

ਪਿਤਾ ਵੱਲ ਇਕ ਲੰਬਾ ਪਲ ਦੇਖ ਕੇ ਬੇਟਾ ਚਲਾ ਗਿਆ। ਅਟੈਚੀ ਬੰਦ ਕਰਦੇ ਪਤੀ ਨੇ ਉਸ ਵੱਲ ਦੇਖ ਕੇ ਗੰਭੀਰ ਆਵਾਜ਼ ਵਿਚ ਪੁੱਛਿਆ। ”ਕੌਣ ਜਾ ਰਿਹਾ ਏ ਜਬਲਪੁਰ?”

”ਮੈਂ”

”ਕੱਲਿਆਂ?”

”ਹਾਂ”

”ਉਥੇ ਸਭ ਠੀਕ ਤਾਂ ਹੈ?”

”ਉਸ ਦਾ ਜੀਅ ਕੀਤਾ ਕਹਿ ਦੇਵੇ, ਉਥੇ ਤਾਂ ਸਭ ਠੀਕ ਏ।”

”ਪਰ ਤੂੰ ਪਹਿਲਾਂ ਤਾਂ ਜਾਣ ਬਾਰੇ ਕੁੱਝ ਦੱਸਿਆ ਹੀ ਨਹੀਂ – ਪੁੱਛਿਆ ਵੀ ਨਹੀਂ। ਇੰਝ ਅਚਾਨਕ….।” ਪਤੀ ਨੇ ਵਾਕ ਅਧੂਰਾ ਛੱਡ ਦਿੱਤਾ। ਪਰ ਉਸ ਵਿਚਲਾ ਅਰਥ ਪੂਰਾ ਸੀ।

ਵਿਆਹ ਤੋਂ ਬਾਅਦ ਉਸ ਨੂੰ ਕਦੇ ਜਬਲਪੁਰ ਜਾਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਮਾਸੀ, ਮਾਂ ਦੀ ਚਚੇਰੀ ਭੈਣ ਟੈਲੀਫ਼ੋਨ ‘ਤੇ ਗਿਲਾ ਕਰਦੀ – ”ਤੂੰ ਤਾਂ ਬੇਟਾ ਸਾਨੂੰ ਭੁੱਲ ਹੀ ਗਈ ਏਂ।”

ਮਾਸੀ ਦੇ ਪਰਿਵਾਰ ਤੇ ਉਥੇ ਰਹਿਣ ਵਾਲਿਆਂ, ਨਾਲ ਪੜ੍ਹੀਆਂ ਸਹੇਲੀਆਂ ਦੇ ਨਾਲ ਉਸ ਦਾ ਰਾਬਤਾ ਦੀਵਾਲੀ ਤੇ ਨਵੇਂ ਸਾਲ ਦੀਆਂ ਸ਼ੁੱਭ-ਕਾਮਨਾਵਾਂ ਤੱਕ ਹੀ ਸੀਮਿਤ ਹੋ ਗਿਆ ਸੀ।

……

ਉਹ ਟਰੰਕ ਵਿਚੋਂ ਸਾੜੀਆਂ ਕੱਢ ਰਹੀ ਸੀ। ਸਾੜੀਆਂ ਥੱਲਿਉਂ ਚੂਹੇ ਰੰਗ ਦਾ ਸ਼ਾਲ ਉਸ ਦੇ ਹੱਥ ਵਿਚ ਆ ਗਿਆ। ਇਹ ਸ਼ਾਲ ਪਿਛਲੇ ਸਾਲ ਦਲੀਪ ਚੀਮਾ ਉਸ ਲਈ ਕਸ਼ਮੀਰ ਤੋਂ ਲਿਆਈ ਸੀ। ਉਸ ਨੂੰ ਸ਼ਾਲ ਦਿੰਦਿਆਂ ਮਿਸੀਜ਼ ਚੀਮਾ ਦੇ ਬੋਲ ਹਉਮੇ ਵਿੱਚ ਭਿੱਜ ਗਏ ਹਨ। ਉਸ ਦਾ ਕਿਹਾ ਇਕ-ਇਕ ਸ਼ਬਦ ਅਪਰਾਜਿਤਾ ਨੂੰ ਯਾਦ ਏ।

”ਮੈਂ ਚੀਮਾ ਸਾਹਿਬ ਨੂੰ ਆਖਿਆ, ਆਪਾਂ ਹੀ ਇਕ ਸ਼ਾਲ ਲੈ ਚੱਲੀਏ, ਵਿਚਾਰੀ ਮਿਸੀਜ਼ ਕਪੂਰ ਵਾਸਤੇ। ਕਪੂਰ ਸਾਹਿਬ ਤਾਂ ਕਦੇ ਉਸ ਲਈ ਕੁੱਝ ਖ਼ਰੀਦਦੇ ਹੀ ਨਹੀਂ।”

ਵਿਚਾਰੀ ਸ਼ਬਦ ਉਸ ਨੂੰ ਅੰਦਰ ਤੱਕ ਲੂਹ ਗਿਆ ਸੀ। ਉਸ ਰਾਤ ਦੂਸਰੀ ਔਰਤ ਉਸ ਨੂੰ ਰੋਂਦਿਆਂ ਦੇਖਦੀ ਰਹੀ ਸੀ।

”ਤੂੰ ਚੁੱਪ ਕਿਉਂ ਏ? ਕੁੱਝ ਕਹਿੰਦੀ ਕਿਉਂ ਨਹੀਂ? ਕਿਉਂ ਮੈਂ ਵਿਚਾਰੀ ਹਾਂ? ਸੱਭ ਕੁੱਝ ਤਾਂ ਹੈ ਮੇਰੇ ਕੋਲ। ਇੱਜਤ, ਮਾਣ, ਚੰਗੀ ਨੌਕਰੀ, ਚੰਗੇ ਬੱਚੇ।”

”ਪਰ ਤੇਰੀ ਅਪਣੀ ਹੋਂਦ ਕਿੱਥੇ ਹੈ? ਅਪਰਾਜਿਤਾ ਕਿੱਥੇ ਹੈ? ਵਿਚਾਰੀ ਤੂੰ ਹੈਂ ਨਹੀਂ ਆਪ ਬਣ ਗਈ ਏਂ। ਤੂੰ ਜ਼ਿੰਮੇਦਾਰੀਆਂ ਸਾਰੀਆਂ ਚੁੱਕ ਲਈਆਂ। ਅਧਿਕਾਰ ਛੱਡਦੀ ਗਈ। ਨਜ਼ਰਅੰਦਾਜ਼ੀ, ਅਨਾਦਰ, ਸ਼ੋਸ਼ਣ ਸੱਭ ਚੁੱਪਚਾਪ ਸਹਿੰਦੀ ਰਹੀ। ਹੁਣ ਕੋਈ ਅਬਰਾਹਿਮ ਲਿੰਕਨ ਅਵਤਾਰ ਨਹੀਂ ਲਏਗਾ। ਸਦੀਆਂ ਤੋਂ ਚੱਲਦੀ ਆ ਰਹੀ ਮਾਨਸਿਕ ਗ਼ੁਲਾਮੀ ਤੋਂ ਤਾਂ ਆਪ ਹੀ ਮੁਕਤ ਹੋਣਾ ਪਵੇਗਾ। ਛੱਡ ਦੇ ਇਹੋ ਜਿਹੇ ਬੰਦੇ ਨੂੰ ਤਲਾਕ ਲੈ ਲੈ।”

ਤਲਾਕ ਸ਼ਬਦ ਹਥੌੜੇ ਵਾਂਗ ਵੱਜਦਾ ਰਿਹਾ, ਉਸਦੇ ਮਨ ‘ਤੇ। ਕੀ ਇਹ ਹੀ ਸਮੱਸਿਆ ਦਾ ਹੱਲ ਏ?

”ਯੁੱਧ ਦੇ ਵੀ ਨਿਯਮ ਹੁੰਦੇ ਨੇ। ਮੈਦਾਨ ਛੱਡ ਕੇ ਭੱਜ ਜਾਓ ਜਾਂ ਡਟ ਕੇ ਲੜੋ।”

ਬੱਤੀ ਬਾਲ ਕੇ ਉਸ ਨੇ ਸੁੱਤੇ ਹੋਏ ਪਤੀ ਵੱਲ ਵੇਖਿਆ। ”ਕੌਣ ਏ ਇਹ ਇਨਸਾਨ? ਕੀ ਰਿਸ਼ਤਾ ਏ ਇਸ ਨਾਲ ਮੇਰਾ? ਕਿਉਂ ਅਧਿਕਾਰ ਏ ਇਸ ਨੂੰ ਮੇਰਾ ਸ਼ਰੀਰ ਛੂਹਣ ਦਾ?”

ਉਸ ਨੇ ਅਪਣਾ ਸਿਰਹਾਣਾ ਚੁੱਕਿਆ, ਬੱਤੀ ਬੁਝਾਈ ਤੇ ਜਾ ਕੇ ਲਿਵਿੰਗ ਰੂਮ ਵਿਚ ਸੌਂ ਗਈ।

ਅਗਲੇ ਦਿਨ ਉਸ ਦੀ ਨੀਂਦ ਸਵਖਤੇ ਖੁੱਲ ਗਈ। ਅੱਜ ਉਸ ਦਾ ਤਨ ਹੀ ਨਹੀਂ ਮਨ ਵੀ ਹਲਕਾ ਸੀ।

ਛੁੱਟੀਆਂ ਸ਼ੁਰੂ ਹੋਣ ਵਿਚ ਕੁੱਝ ਦਿਨ ਹੀ ਬਾਕੀ ਸਨ।

”ਵੱਡੇ ਦਿਨਾਂ ਦੀਆਂ ਛੁੱਟੀਆਂ ਥੋੜ੍ਹੀਆਂ ਹੁੰਦੀਆਂ ਨੇ। ਪਰ ਇਹਨਾਂ ਵਿਚ ਕਰਨ ਵਾਲੇ ਕੰਮ ਵੱਧ।

”ਰਜਾਈਆਂ ਦੇ ਨਵੇਂ ਗਿਲਾਫ਼ ਸਿਉਣੇ ਨੇ। ਚੌਲਾਂ ਵਿਚ ਸੁਸਰੀ ਪੈ ਗਈ ਏ। ਪਤਾ ਹੀ ਨਹੀਂ ਲੱਗਾ ਕਦੋਂ ਸਟੋਰ ਦੇ ਦਰਵਾਜ਼ੇ ਨੂੰ ਥੱਲਿਉਂ ਸਿਉਂਕ ਖਾ ਗਈ। ਬਾਹਰਲੇ ਗੇਟ ਕੋਲ ਲੱਗੀ ਬੋਗਨ ਬੇਲ ਦੀ ਕਟਿੰਗ ਜੇ ਕੋਲ ਖਲੋ ਕੇ ਨਾ ਕਰਵਾਈ ਤਾਂ ਮਾਲੀ ਅਨਾੜੀ ਨਾਈ ਵਾਂਗ ਉਸ ਨੂੰ ਕੱਟ ਦੇਵੇਗਾ।”

”ਗਿਲਟ। ਅਪਰਾਧ ਬੋਧ। ਪੰਜਵੇਂ ਦਹਾਕੇ ਵਿਚ ਜੰਮੀਆਂ ਔਰਤਾਂ ਦੀ ਬੱਸ ਇਹ ਹੀ ਤ੍ਰਾਸਦੀ ਏ। ਖੂਹ ਵਿਚੋਂ ਛਾਲ ਮਾਰ ਕੇ ਬਾਹਰ ਤਾਂ ਨਿਕੱਲ ਆਉਣਗੀਆਂ ਪਰ ਘੁੰਮਣਗੀਆਂ ਖੂਹ ਦੀ ਮੌਣ ‘ਤੇ ਹੀ।” ਦੂਜੀ ਔਰਤ ਫੇਰ ਸਾਹਮਣੇ ਆ ਕੇ ਖਲੋ ਗਈ।

……

ਉਹਨੇ ਕੱਪੜਿਆਂ ਵਾਲੀ ਅਲਮਾਰੀ ਖੋਲ੍ਹੀ। ਕੁੱਝ ਸਾੜੀਆਂ ਤੇ ਅਜੇ ਵੀ ਫਾਲ ਲੱਗਣ ਵਾਲੀ ਸੀ। ਨਵੇਂ ਕੱਪੜੇ ਪਾਉਣ ਨੂੰ ਉਸ ਦਾ ਜੀਅ ਹੀ ਨਹੀਂ ਸੀ ਕਰਦਾ। ਮਨ ਬੁੱਝ ਜਿਹਾ ਗਿਆ ਸੀ। ਫਿੱਕਾ-ਫਿੱਕਾ ਹੋ ਗਿਆ ਸੀ ਜੀਵਨ। ਪਲ-ਪਲ ਤਿਰਸਕਾਰ, ਬਿਨ੍ਹਾਂ ਕਾਰਨ, ਬਿਨ੍ਹਾਂ ਕਸੂਰ ਸਜ਼ਾ।

ਉਸ ਦੇ ਤੇ ਪਤੀ ਦੇ ਵਿਚਕਾਰ ਇਕ ਕੰਧ ਜਹੀ ਉਸਰ ਆਈ ਸੀ। ਸ਼ਾਇਦ ਉਸ ਦੀ ਪਹਿਲੀ ਇੱਟ ਉਸ ਦਿਨ ਰੱਖੀ ਗਈ ਸੀ ਜਿਸ ਦਿਨ ਉਸ ਨੇ ਨੌਕਰੀ ਕਰਨ ਦੀ ਗੱਲ ਕੀਤੀ ਸੀ। ਫਿਰ ਹੌਲੀ-ਹੌਲੀ ਇਹ ਕੰਧ ਉਚੀ ਤੇ ਅਭੇਦ ਹੁੰਦੀ ਗਈ।

ਜਦੋਂ ਉਸ ਨੂੰ ਪਹਿਲੀ ਤਨਖ਼ਾਹ ਮਿਲੀ ਤਾਂ ਪਤੀ ਨੇ ਘਰ ਦਾ ਖ਼ਰਚਾ ਦੇਣਾ ਬੰਦ ਕਰ ਦਿੱਤਾ। ਅਗਲੇ ਮਹੀਨੇ ਬੱਚਿਆਂ ਨੇ ਸਕੂਲ ਦੀ ਫ਼ੀਸ ਮੰਗੀ ਤਾਂ ਉਹਨਾਂ ਨੂੰ ਕਿਹਾ ਗਿਆ ”ਹੁਣ ਤੁਹਾਡੀ ਮਾਂ ਬਥੇਰਾ ਕਮਾਉਂਦੀ ਏ। ਉਸੇ ਕੋਲੋਂ ਫ਼ੀਸ ਲਿਆ ਕਰੋ।”

ਉਹ ਹੈਰਾਨ ਰਹਿ ਗਈ। ਕਦੇ-ਕਦੇ ਉਹ ਸੋਚਦੀ ”ਇੰਝ ਇਕੱਲਿਆਂ ਪਿਸੇ ਜਾਣ ਨਾਲੋਂ ਚੰਗਾ ਏ ਕਿ ਉਹ ਨੌਕਰੀ ਛੱਡ ਦੇਵੇ।”

”ਪਾਗ਼ਲ ਹੋ ਗਈ ਏਂ ਤੂੰ।” ਦੂਜੀ ਔਰਤ ਅੱਗੇ ਆ ਖਲੋਂਦੀ।

”ਤੂੰ ਮਰਦ ਦੀ ਕੁੰਠਾ ਨਹੀਂ ਜਾਣਦੀ। ਉਹ ਕਦੇ ਵੀ ਸਹਿ ਨਹੀਂ ਸਕਦਾ ਕਿ ਪਤਨੀ ਉਸ ਤੋਂ ਇੱਕੀ ਹੋਵੇ। ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਗੱਲ ਕਰਨਾ ਹੋਰ ਗੱਲ ਏ। ਪਰ ਆਦਮੀ ਚਾਹੁੰਦਾ ਇਹੀ ਏ ਕਿ ਔਰਤ ਉਸ ਦੇ ਪਿੱਛੇ-ਪਿੱਛੇ ਚੱਲੇ। ਪੂੰਛ ਹਿਲਾਉਂਦੀ ਚੱਲੇ ਤਾਂ ਉਸ ਦੇ ਹਊਮੇ ਨੂੰ ਜ਼ਿਆਦਾ ਸੰਤੁਸ਼ਟੀ ਮਿਲਦੀ ਏ। ਉਹ ਤੈਨੂੰ ਤੋੜਨ ਦੀ, ਝੁਕਾਉਣ ਦੀ ਹਰ ਕੋਸ਼ਿਸ਼ ਕਰੇਗਾ। ਯਾਦ ਏ ਡਾਕਟਰ ਗੌੜ ਨੇ ਫ਼ਾਈਨਲ ਦੇ ਇਮਤਿਹਾਨ ਤੋਂ ਪਹਿਲਾਂ ਕਿਹਾ ਸੀ-”ਇਹ ਤਾਂ ਸਾਧਾਰਨ ਪ੍ਰੀਖਿਆ ਏ, ਜੀਵਨ ਦੀ ਅਸਲੀ ਪ੍ਰੀਖਿਆ ਤਾਂ ਬਾਅਦ ਵਿਚ ਸ਼ੁਰੂ ਹੁੰਦੀ ਏ।”

ਇਕ ਦਿਨ ਕਾਲਜ ਵਿਚ ਵਨਸਪਤੀ ਵਿਭਾਗ ਵੱਲ ਜਾਂਦਿਆਂ ਉਸ ਦੀ ਸਤਿ ਸ੍ਰੀ ਅਕਾਲ ਦੇ ਉਤਰ ਵਿਚ ਪ੍ਰਕਾਸ਼ ਜੀ ਨੇ ਝਿਜਕਦੇ ਹੋਏ ਕਿਹਾ, ”ਮਿਸਜ਼ ਕਪੂਰ, ਬੁਰਾ ਨਾ ਮੰਨੋ ਤਾਂ ਇਕ ਗੱਲ ਕਹਾਂ।” ਪ੍ਰਕਾਸ਼ ਬੜੀ ਸਾਊ ਲੈਕਚਰਾਰ ਸੀ। ਅਪਰਾਜਿਤਾ ਜਾਣਦੀ ਸੀ ਜੇ ਉਹ ਕੋਈ ਗੱਲ ਕਹੇਗੀ ਤਾਂ ਉਸਦੇ ਭਲੇ ਲਈ ਹੀ ਕਹੇਗੀ।”

”ਦੱਸੋ”

”ਇਸ ਹਫ਼ਤੇ ਤੁਸਾਂ ਇਹ ਸਾੜੀ ਤੀਜੀ ਵਾਰ ਰਿਪੀਟ ਕੀਤੀ ਏ।”

ਕਿੰਨੀ ਉਦਾਸ ਹੋ ਗਈ ਸੀ ਉਹ ਅਪਣੇ ਕੱਪੜਿਆਂ ਵੱਲ, ਅਪਣੇ ਜੀਵਨ ਵੱਲ, ਅਪਣੀ ਹੋਂਦ ਵੱਲ। ਅਗਲੇ ਦਿਨ ਉਸ ਨੇ ਮੋਰ ਪੰਖੀ ਰੰਗ ਦੀ ਗੁਲਾਬੀ ਬਾਡਰ ਵਾਲੀ ਕਾਂਜੀਵਰਮ ਦੀ ਸਾੜੀ ਕੱਢੀ। ਸਾੜੀ ਬੰਨ੍ਹ ਕੇ ਜਦੋਂ ਉਹ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੋਈ ਤਾਂ ਉਸ ਨੂੰ ਇੰਝ ਲੱਗਾ ਜਿਵੇਂ ਕਿਸੇ ਨੇ ਹੌਲੀ ਜਿਹੀ ਆਖਿਆ ਹੋਵੇ। ”ਹਾਏ ਸਵੀਟ ਹਾਰਟ”

ਐਡਰਾਨਾਲਿਨ ਦੀ ਵੱਡੀ ਡੋਜ਼। ਸਾਲਾਂ ਤੋਂ ਨਿਰਜੀਵ ਜਿਹਾ ਉਸ ਦਾ ਦਿਲ ਤੇਜ਼ੀ ਨਾਲ ਧੜਕਿਆ। ਉਸ ਨੂੰ ਇਕ ਭੁੱਲਿਆ ਹੋਇਆ ਚਿਹਰਾ ਯਾਦ ਆ ਗਿਆ। ਚਿਰਾਂ ਬਾਅਦ ਉਸ ਦੇ ਬੁੱਲਾਂ ਨੂੰ ਹਲਕੀ ਮੁਸਕਾਨ ਛੂਹ ਗਈ। ਹਰ ਕਿਸੇ ਨੂੰ ਜਿਉਣ ਲਈ ਇਕ ਮੁੱਠੀ ਅਸਮਾਨ ਚਾਹੀਦਾ ਹੈ। ਕਾਲਜ ਵਿਚ ਸਾਰਾ ਦਿਨ ਉਸ ਦਾ ਮਨ ਉਤਸ਼ਾਹਿਤ ਰਿਹਾ।

”ਮੈਮ! ਤੁਸੀਂ ਇਹੋ ਜਿਹੀਆਂ ਸਾੜ੍ਹੀਆਂ ਹੀ ਬੰਨ੍ਹਿਆ ਕਰੋ। ਤੁਹਾਡੇ ‘ਤੇ ਗੂੜ੍ਹੇ ਰੰਗ ਬੜੇ ਫੱਬਦੇ ਨੇ।” ਕੁੜੀਆਂ ਦੀਆਂ ਪ੍ਰਸ਼ੰਸਾ ਭਰੀਆਂ ਨਿਗਾਹਾਂ ਨੇ ਉਸ ਨੂੰ ਘੇਰੀ ਰੱਖਿਆ।

”ਕੀ ਗੱਲ ਏ ਭਾਈ। ਅੱਜ ਤਾਂ ਬੜੇ ਲਿਸ਼ਕਾਰੇ ਮਾਰ ਰਹੇ ਓ। ਜੀਜਾ ਜੀ ਲਿਆਏ ਨੇ ਇਹ ਸਾੜ੍ਹੀ?” ਸਟਾਫ਼ ਰੂਮ ਵਿਚ ਚਾਹ ਪੀਂਦਿਆਂ ਮਿਸੀਜ਼ ਬਾਜਵਾ ਨੇ ਪੁੱਛਿਆ ਤਾਂ ਉਸ ਨੂੰ ਇੰਝ ਲੱਗਿਆ, ਉਦਾਸੀ, ਜਿਸ ਨੂੰ ਉਹ ਘਰ ਛੱਡ ਆਈ ਸੀ ਫਿਰ ਉਡ ਕੇ ਉਥੇ ਪਹੁੰਚ ਗਈ ਹੋਵੇ।

”ਨਹੀਂ। ਹੁਣ ਉਹ ਆਪਣੇ-ਆਪ ਨੂੰ ਉਦਾਸ ਨਹੀਂ ਹੋਣ ਦੇਵੇਗੀ। ਬਹੁਤ ਹੋ ਗਿਆ ਹੋਰਨਾਂ ਲਈ ਜਿਉਣਾ। ਹੁਣ ਉਹ ਉਹੀ ਕਰੇਗੀ ਜੋ ਉਸ ਨੂੰ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ। ਅਪਣੇ ਮਨ ਪਸੰਦ ਕੰਮਾਂ ਲਈ ਵੀ ਵਕਤ ਕੱਢਣਾ।

”ਬੁੱਝ ਜਾਣਾ, ਜੀਵਨ ਨਹੀਂ। ਜਿਉਣ ਵਾਸਤੇ ਜਿੱਥੋਂ ਊਰਜਾ ਮਿਲੇ ਲੈ ਲੈਣੀ ਚਾਹੀਦੀ ਹੈ।”

ਦੂਸਰੀ ਔਰਤ ਦੇ ਚੇਹਰੇ ‘ਤੇ ਵੀ ਮੁਸਕਾਨ ਸੀ।

……

ਗੱਡੀ ਸਟੇਸ਼ਨ ‘ਤੇ ਰੁਕੀ ਤਾਂ ਉਸ ਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ। ਮਾਸੀ-ਮਾਸੜ ਜੀ ਦੇ ਇਲਾਵਾ ਸਾਰੀ ਮਿੱਤਰ ਮੰਡਲੀ ਉਸ ਨੂੰ ਲੈਣ ਆਈ ਹੋਈ ਸੀ।

ਰਫਤ, ਅੰਜਲੀ, ਕਾਜਲ, ਡਾਲੀ ਤੋਂ ਇਲਾਵਾ ਦੂਬੇ, ਚੋਹਾਨ, ਅਮਿਤ ਤੇ ਕੌਸ਼ਲ ਵੀ ਸਨ।

ਮਾਸੀ ਜੀ ਨੇ ਉਸ ਨੂੰ ਕਲਾਵੇ ਵਿਚ ਲੈ ਲਿਆ। ਮਾਸੜ ਜੀ ਨੇ ਪਿਆਰ ਨਾਲ ਸਿਰ ‘ਤੇ ਹੱਥ ਫੇਰਿਆ। ਸਹੇਲੀਆਂ ਨਾਲ ਗਲੇ ਮਿਲਾਈ, ਅੱਥਰੂ ਵਗਾਈ ਹੋ ਗਈ ਤਾਂ ਡਾਕਟਰ ਅਮਿਤ ਨੇ ਉਸ ਦੇ ਮੋਢੇ ‘ਤੇ ਹੱਥ ਰੱਖਦਿਆਂ ਪੁੱਛਿਆ।

”ਕੀ ਹਾਲ ਏ ਤੁਹਾਡਾ?”

ਪਥਰਾਈਆਂ ਰੂਹਾਂ ਨੂੰ ਸੁਰਜੀਤ ਹੋਣ ਲਈ ਬੱਸ ਇਕ ਛੋਹ ਦੀ ਹੀ ਲੋੜ ਹੁੰਦੀ ਏ।

ਮੋਬਾਈਲ : 99152-92229

Leave a Reply

Your email address will not be published. Required fields are marked *