ਜਿੱਤ ਦੇ ਸੁਪਨਿਆਂ ਨੂੰ ਸੰਜੋਈ ਬੈਠਾ ਕਹਾਣੀ ਸੰਗ੍ਰਹਿ- ‘ਹਾਰੀਂ ਨਾ ਬਚਨਿਆ’: ਅਨੇਮਨ ਸਿੰਘ ਮਾਨਸਾ

ਗੁਰਮੀਤ ਕੜਿਆਲਵੀ ਦੇ ਕਹਾਣੀ ਸੰਗ੍ਰਹਿ ‘ਹਾਰੀਂ ਨਾ ਬਚਨਿਆ’ ਦੀ ਚਰਚਾ ਸਾਹਿਤਕ ਹਲਕਿਆਂ ‘ਚ ਬੜੇ ਧੜੱਲੇ ਨਾਲ ਚੱਲ ਰਹੀ ਹੈ। ਮੈਂ ਉਸ ਦੀਆਂ ਕਹਾਣੀਆਂ ਉਦੋਂ ਤੋਂ ਪੜਦਾ ਆ ਰਿਹਾ ਹਾਂ, ਜਦੋਂ ਅਜੇ ਮੈਂ ਲਿਖਣਾ ਸ਼ੁਰੂ ਵੀ ਨਹੀਂ ਸੀ ਕੀਤਾ। ਉਸ ਦੀਆਂ ਕਹਾਣੀਆਂ ਸਮਾਜ ਦੇ ਲਤਾੜੇ ਵਰਗ ਦੇ ਕਰੂਰ ਯਥਾਰਥ ਦਾ ਬਿਆਨ ਹਨ। ਉਹ ਆਪਣੀ ਕਹਾਣੀ ਰਾਹੀਂ ਹਾਸ਼ੀਏ ‘ਤੇ ਧੱਕੇ ਲੋਕਾਂ ਦੀ ਗੱਲ ਕਰਦਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਜ਼ਿੰਦਗੀ ਨਾਲ ਦੋ ਚਾਰ ਹੁੰਦੇ ਹੋਏ ਵੀ ਕਿਤੇ ਨਿਰਾਸ਼ ਨਹੀਂ ਹੁੰਦੇ ਸਗੋਂ ਕਾਮਨਾ ਦਾ ਪੱਲਾ ਫੜੀ ਰੱਖਦੇ ਹਨ। ਇਹ ਆਸ਼ਾ ਚੰਗੇ ਭਵਿੱਖ ਦੀ ਨਿਸ਼ਾਨਦੇਹੀ ਕਰਦੀ ਹੈ। ਕਹਾਣੀ ‘ਕੀ ਕਰਾਂ’ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਹੋ ਰਹੇ ਸੋਸ਼ਣ ਦੀ ਗੱਲ ਕਰਦੀ ਹੈ। ‘ਛਿਲਤਰਾਂ’ ਦਲਿਤਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਨੂੰ ਨਵੇਂ ਜਾਵੀਏ ਤੋਂ ਪੇਸ਼ ਕਰਦੀ ਹੈ। ‘ਜੰਗ’ ਸਰਹੱਦਾਂ ‘ਤੇ ਲੜੀ ਜਾਂਦੀ ਜੰਗ ਰਾਜਧਾਨੀਆਂ ਦੇ ਹਾਕਮਾਂ ਵੱਲੋਂ ਆਪਣੀਆਂ ਕੁਰਸੀਆਂ ਖਾਤਰ ਛੇੜੀ ਜਾਂਦੀ ਹੈ, ਜਿਸ ਵਿਚ ਆਮ ਗਰੀਬ ਲੋਕਾਂ ਦਾ ਘਾਣ ਹੁੰਦਾ ਹੈ। ‘ਅਲਵਿਦਾ ਬਿੱਕਰ ਸਿੰਘ’ ਪਾਰਟੀਆਂ ਵੱਲੋਂ ਆਪਣੇ ਕਾਡਰ ਦੀ ਕੀਤੀ ਜਾਂਦੀ ਬੇਕਦਰੀ ਦੀ ਮਾਰਮਿਕ ਦਾਸਤਾਨ ਪੇਸ਼ ਕਰਦੀ ਹੈ। ‘ਕਮੀਨਾ’ ਮਨਾਂ ਅੰਦਰ ਬੈਠੇ ਸ਼ੱਕ ਦੀ ਕਲਾਤਮਿਕ ਪੇਸ਼ਕਾਰੀ ਹੈ ਜੋ ਕਿ ਵੱਖਰੇ ਦ੍ਰਿਸ਼ਟੀਕੋਣ ਦੀ ਕਹਾਣੀ ਹੈ। ‘ਵਾਇਰਸ’ ਦਫ਼ਤਰੀ ਭ੍ਰਿਸ਼ਟਾਚਾਰ ਹੇਠ ਪਿਸ ਰਹੇ ਇਮਾਨਦਾਰ ਕਰਮਚਾਰੀਆਂ ਦੀ ਬੇਵਸੀ ਦਾ ਖੂਬਸੂਰਤ ਵਰਨਣ ਹੈ। ‘ਹਾਰੀ ਨਾ ਬਚਨਿਆਂ’ ਮਨੁੱਖੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਬਚਨੇ ਵਰਗੇ ਮਨੁੱਖਾਂ ਦੀ ਕਹਾਣੀ ਹੈ ਜੋ ਗੁਰਮੀਤ ਦੀ ਕਲਾ ਦਾ ਹਾਸਲ ਹੈ। ‘ਤੂੰ ਜਾਹ ਡੈਡੀ’ ਨਸ਼ਿਆਂ ਦੀ ਸਮੱਸਿਆ ਨਾਲ ਸਬੰਧਿਤ ਹੈ, ਜਿਸ ਵਿਚ ਜ਼ੋਰਦਾਰ ਢੰਗ ਨਾਲ ਜ਼ਿੰਮੇਵਾਰ ਧਿਰਾਂ ਦੀ ਨਿਸ਼ਾਨਦੇਹੀ ਕੀਤੀ ਹੈ। ਸਾਰੀਆਂ ਕਹਾਣੀਆਂ ਸਮੁੱਚੇ ਰੂਪ ‘ਚ ਸਮਾਜ ਦੀਆਂ ਦੁਸ਼ਵਾਰੀਆਂ ਨੂੰ ਬਿਆਨ ਕਰਦੀਆਂ ਹਨ। ਗੁਰਮੀਤ ਅਫਸਰ ਹੈ ਪਰ ਉਸ ਦੀਆਂ ਕਹਾਣੀਆਂ ਦੇ ਪਾਤਰ ਦਮਿੱਤ ਵਰਗ ‘ਚੋ ਹਨ। ਮੈਂ ਕਾਮਨਾ ਕਰਦਾ ਹਾਂ ਕਿ ਉਹ ਇਵੇਂ ਹੀ ਲੋਕ ਪੱਖੀ ਰਚਨਾਵਾਂ ਦੀ ਸਿਰਜਣਾ ਕਰਦੇ ਸਾਹਿਤ ਦੀ ਚੰਗੇਰ ਨੂੰ ਭਰਨ ‘ਚ ਯੋਗਦਾਨ ਪਾਉਂਦਾ ਰਹੇ।