ਅਰਪਨ ਲਿਖਾਰੀ ਸਭਾ ਨੇ ਮਿੰਨੀ ਗਰੇਵਾਲ ਨੂੰ ਸਨਮਾਨਤ ਕੀਤਾ

ਕੈਲਗਰੀ, (ਨਦਬ) : ਅਪਰਨ ਲਿਖਾਰੀ ਸਭਾ ਕੈਲਗਰੀ ਵਲੋਂ ਕਰਵਾਇਆ ਗਿਆ ਸਾਲਾਨਾ ਸਮਾਗਮ ਸ਼ਾਨਦਾਰ ਢੰਗ ਨਾਲ ਦਰਸ਼ਕਾਂ ਦੀ ਭਰਵੀ ਹਾਜ਼ਰੀ ਨਾਲ ਟੈਂਪਲ ਕਮਿਉਨਟੀ ਹਾਲ ਵਿੱਚ ਸਫ਼ਲਤਾ ਸਹਿਤ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਜਨਰਲ ਸਕੱਤਰ ਡਾ. ਲਖਬੀਰ ਸਿੰਘ ਰਿਆੜ ਨੇ ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ, ਮੁੱਖ-ਮਹਿਮਾਨ ਮਿੰਨੀ ਗਰੇਵਾਲ਼, ਪ੍ਰੋ. ਗੁਰਭਜਨ ਗਿੱਲ, ਡਾ. ਬਲਵਿੰਦਰ ਕੌਰ ਬਰਾੜ, ਸੱਤਪਾਲ ਕੌਰ ਬੱਲ ਅਤੇ ਸਵ: ਇਕਬਾਲ ਅਰਪਨ ਜੀ ਦੇ ਬੇਟੇ ਜਸਵਿੰਦਰ ਸਿੰਘ ਅਰਪਨ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦਾ ਆਰੰਭ ਸੱਤਪਾਲ ਕੌਰ ਬੱਲ (ਮੀਤ ਪ੍ਰਧਾਨ) ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖ ਕੇ ਕੀਤਾ। ਪਰਮਿੰਦਰ ਗਰੇਵਾਲ (ਮੀਤ-ਸਕੱਤਰ) ਨੇ ਸਭਾ ਦੇ ਸੁਹਿਰਦ-ਸਹਿਯੋਗੀ ਸਪਾਂਸਰਜ਼ ਦਾ ਧੰਨਵਾਦ ਕੀਤਾ। ਜਸਵੰਤ ਸਿੰਘ ਸੇਖੋਂ ਦੇ ਕਵੀਸ਼ਰੀ ਜਥੇ ਨੇ ਧੀ ਦੇ ਵਿਆਹ ਸਮੇਂ ਦੀ ਵਿਧਾਇਗੀ ਦੇ ਦ੍ਰਿਸ਼ ਨੂੰ ਭਾਵਿਕ ਸ਼ਬਦਾਂ ਰਾਹੀਂ ਬਿਆਨ ਕੀਤਾ। ਡਾ. ਮੁਖਤਿਆਰ ਸਿੰਘ ਕੈਲੇ ਨੇ ਮਿੰਨੀ ਗਰੇਵਾਲ ਦੀ ਪੰਜਾਬੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਭਾਵ-ਪੂਰਤ ਪਰਚਾ ਪੜ੍ਹਿਆ। ਡਾ. ਬਲਵਿੰਦਰ ਕੌਰ ਬਰਾੜ ਨੇ ਮਿੰਨੀ ਗਰੇਵਾਲ ਦੀ ਕਹਾਣੀ ਕਲਾ ਅਤੇ ਸਫ਼ਰਨਾਮੇ ਬਾਰੇ ਭਾਵ-ਪੂਰਤ ਪਰਚਾ ਪੜ੍ਹਿਆ। ਡਾ. ਬਲਵਿੰਦਰ ਕੌਰ ਬਰਾੜ ਦੀ ਮਿੰਨੀ ਗਰੇਵਾਲ ਨਾਲ ਬਹੁਤ ਨੇੜਲੀ ਜਾਣ-ਪਛਾਣ ਹੈ, ਸੋ ਉਨ੍ਹਾਂ ਨੇ ਮਿੰਨੀ ਗਰੇਵਾਲ ਦਾ ਰੇਖਾ ਚਿੱਤਰ ਵੀ ਪੇਸ਼ ਕੀਤਾ।
ਮਾ. ਬਚਿੱਤਰ ਸਿੰਘ ਗਿੱਲ ਨੇ ਪੰਜਾਬ ਦੇ ਅਜੋਕੇ ਹਾਲਾਤ ਬਾਰੇ ਕਵੀਸ਼ਰੀ ਸੁਣਾਂ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਇਸ ਪਿੱਛੋਂ ਟਰਾਂਟੋ ਨਿਵਾਸੀ ਮਿੰਨੀ ਗਰੇਵਾਲ ਦਾ ਪ੍ਰਧਾਨ ਅਤੇ ਸਮੁੱਚੀ ਐਗਜੈਕਟਿਵ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਸਨਮਾਨ ਵਿੱਚ ਲੇਖਕ ਨੂੰ ਇੱਕ ਹਜ਼ਾਰ ਕਨੇਡੀਅਨ ਡਾਲਰ ਦੀ ਰਾਸ਼ੀ, ਇਕਬਾਲ ਅਰਪਨ ਯਾਦਗਾਰੀ ਪਲੈਕ, ਇੱਕ ਸ਼ਾਲ ਅਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਇੱਕ ਸੈੱਟ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰੋ. ਗੁਰਭਜਨ ਗਿੱਲ ਦਾ ਵੀ ਇੱਕ ਪਲੈਕ ਦੇ ਕੇ ਸਨਮਾਨ ਕੀਤਾ ਗਿਆ ਹੈ। ਡਾ. ਲਖਬੀਰ ਸਿੰਘ ਹੋਰਾਂ ਨੇ ਗੁਰਭਜਨ ਗਿੱਲ ਬਾਰੇ ਹਾਜ਼ਰੀਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਆਖਿਆ। ਪ੍ਰੋ. ਸਾਹਿਬ ਹੋਰਾਂ ਪੰਜਾਬ ਵਿੱਚ ਪੰਜਾਬੀ ਲਾਗੂ ਕਰਨ ਸਮੇਂ ਦਰਪੇਸ਼ ਔਕੜਾਂ ਅਤੇ ਸਰਕਾਰੀ ਅਣਗਹਿਲੀ ਦਾ ਬੜੇ ਵਿਸਥਾਰ ਵਿੱਚ ਜ਼ਿਕਰ ਕੀਤਾ।
ਇਸ ਪਿੱਛੋਂ ਮੁੱਖ-ਮਹਿਮਾਨ ਮਿੰਨੀ ਗਰੇਵਾਲ ਨੇ ਅਰਪਨ ਲਿਖਾਰੀ ਸਭਾ, ਕੈਲਗਰੀ ਦਾ ਇਸ ਸਨਮਾਨ ਦੇਣ ਲਈ ਧੰਨਵਾਦ ਕੀਤਾ। ਸਭਾ ਦੇ ਇਸ ਸਮਾਗਮ ਵਿੱਚ ਸ੍ਰ. ਦਰਸ਼ਨ ਸਿੰਘ ਕੰਗ ਐਮ ਪੀ, ਅਵਿਨਾਸ਼ ਖੰਗੂੜਾ ਅਤੇ ਵਾਈਲਡਰੋਜ ਪਾਰਟੀ ਦੇ ਸਿਰਕੱਢ ਆਗੂ ਹੈਪੀ ਮਾਨ ਨੇ ਵੀ ਹਾਜ਼ਰੀ ਲਵਾਈ। ਕਵਿਤਾਵਾਂ ਅਤੇ ਗੀਤ-ਸੰਗੀਤ ਦੇ ਪ੍ਰੋਗਰਾਮ ਵਿੱਚ ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ, ਸਤਨਾਮ ਢਾਅ, ਇਕਬਾਲ ਖ਼ਾਨ, ਇੰਡੀਆ ਤੋਂ ਆਏ ਡਾ. ਸੁਭਾਸ਼ ਕੁਮਾਰ ਸ਼ਰਮਾ, ਗੁਰਜੀਤ ਕੌਰ ਮੋਹਰਾ, ਗੁਰਦੀਸ਼ ਕੌਰ ਗਰੇਵਾਲ, ਨਵਪ੍ਰੀਤ ਕੌਰ ਰੰਧਾਵਾ, ਕੁਲਦੀਪ ਕੌਰ ਗਟੌੜਾ, ਸੁਰਜੀਤ ਪੰਨੂੰ, ਅਜਇਬ ਸਿੰਘ ਸੇਖੋਂ, ਜਸਵੀਰ ਸਿੰਘ ਸਿਹੋਤਾ, ਬੀਜਾ ਰਾਮ ਅਤੇ ਛੋਟੇ ਬੱਚੇ ਰਣਯੋਧ ਧਾਲੀਵਾਲ ਨੇ ਭਾਗ ਲਿਆ।
ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਵੱਲੋਂ ਮਾ. ਭਜਨ ਸਿੰਘ ਗਿੱਲ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ। ਜਿਸ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ। ਅਖ਼ੀਰ ਵਿੱਚ ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ ਨੇ ਆਏ ਮਹਿਮਾਨਾਂ ਮਿੰਨੀ ਗਰੇਵਾਲ, ਪ੍ਰੋ. ਗੁਰਭਜਨ ਗਿੱਲ, ਸਰੋਤਿਆਂ, ਸਮੂਹ ਜਥੇਬੰਦੀਆਂ, ਸਪੌਂਸਰਜ, ਸਮੁੱਚੇ ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਆ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਸਟੇਜ ਦੀ ਕਾਰਵਾਈ ਡਾ. ਹਰਭਜਨ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *