fbpx Nawidunia - Kul Sansar Ek Parivar

ਭਾਰਤ ਦੇ ਕਿਸਾਨ ਅੰਦੋਲਨ ਦੇ ਹੱਕ ਵਿਚ ਵੱਡਾ ਇਕੱਠ ਫਰਿਜ਼ਨੋ ਵਿਚ ਹੋਇਆ

ਫਰਿਜ਼ਨੋ – ਭਾਰਤ ਵਿਚ ਚਲ ਰਹੇ ਕਿਸਾਨੀ ਅੰਦੋਲਨ ਨਾਲ ਇਕਮੁਠਤਾ ਪ੍ਰਗਟ ਕਰਨ ਲਈ ਫਰਿਜ਼ਨੋ ਇਲਾਕੇ ਦੀਆਂ ਕੁਝ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਇਕ ਪ੍ਰੋਗਰਾਮ ਕੀਤਾ ਗਿਆ। ਸਿਖ ਇੰਸਟੀਚਿਉਟ ਆਫ ਫਰਿਜ਼ਨੋ (ਸਿੰਘ ਸਭਾ ਗੁਰੂਘਰ) ਦੇ ਖੁਲੇ ਮੈਦਾਨ ਵਿਚ ਹੋਏ ਇਸ ਪ੍ਰੋਗਰਾਮ ਵਿਚ ਫਰਿਜ਼ਨੋ ਅਤੇ ਆਸ ਪਾਸ ਦੇ ਇਲਾਕੇ ਵਿਚੋਂ ਸੈਂਕੜੇ ਮਰਦ ਔਰਤਾਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਅਤੇ ਅਜ ਤੋਂ ਸੌ ਸਾਲ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਾਕਾ ਨਨਕਾਣਾ ਦੇ ਸ਼ਹੀਦਾਂ ਨੂੰ ਇਕ ਮਿੰਟ ਦਾ ਮੌਨ ਧਾਰ ਕੇ ਯਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵੱਖ ਵੱਖ ਵਰਗਾਂ ‘ਚੋਂ ਸ਼ਾਮਲ ਹੋਏ ਕੋਈ ਦਰਜਨ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦਾ ਮੁਖ ਮਕਸਦ ਭਾਰਤ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ ਤਿੰਨ ਨਵੇਂ ਕਾਨੂੰਨ ਰੱਦ ਕਰਵਾਉਣ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਚਲ ਰਹੇ ਕਿਸਾਨ ਅੰਦੋਲਨ ਲਈ ਹਮਾਇਤ ਜਤਾਉਣਾ ਸੀ। ਇਹ ਅੰਦੋਲਨ ਜਿਹੜਾ ਪਿਛਲੇ ਅੱਠਾ ਮਹੀਨਿਆਂ ਤੋਂ ਲਗਾਤਾਰ ਚਲ ਰਿਹਾ ਹੈ ਅਤੇ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, ਯੂਪੀ, ਉਤਰਾਖੰਡ, ਰਾਜਸਥਾਨ ਤੋਂ ਹੁੰਦਾ ਹੋਇਆ ਹੁਣ ਪੂਰੇ ਭਾਰਤ ਵਿਚ ਫੈਲ ਚੁਕਾ ਹੈ। ਇਨ੍ਹਾਂ ਮੰਗਾਂ ਲਈ ਅੱਜ ਸਿਰਫ ਭਾਰਤ ਹੀ ਨਹੀ ਬਲਕਿ ਪੂਰੀ ਦੁਨੀਆਂ ਵਿਚੋਂ ਬੇਮਿਸਾਲ ਮਦਦ ਮਿਲ ਰਹੀ ਹੈ। ਦੁਨੀਆਂ ਭਰ ਦੇ ਮੁਲਕਾਂ ਵਿਚ ਰੈਲੀਆਂ ਮੁਜਾਹਰੇ ਅਤੇ ਵਿਰੋਧ ਹੋ ਰਹੇ ਹਨ ਅਤੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਵਿਚ ਵੀ ਇਸ ਮਸਲੇ ਪ੍ਰਤੀ ਜਾਗਰਤੀ ਵੱਧ ਰਹੀ ਹੈ। ਕਈ ਜਥੇਬੰਦੀਆਂ ਇਸ ਹੱਕ ਮਸਲੇ ਨੂੰ ਯੂ.ਐਨ.ੳ. ਦੇ ਧਿਆਨ ਵਿਚ ਲਿਆਉਣ ਲਈ ਵੀ ਯਤਨਸ਼ੀਲ ਹਨ। ਇਨ੍ਹਾਂ ਧਰਨਿਆਂ ‘ਤੇ ਬੈਠੈ ਸੈਂਕੜੇ ਅੰਦੋਲਨਕਾਰੀ ਕਿਸਾਨ ਬੇਹੱਦ ਅਣਸੁਖਾਵੀਆਂ ਹਾਲਤਾ ਦਾ ਸਾਹਮਣਾ ਕਰਦੇ ਹੋਏ ਆਪਣੀਆਂ ਜਾਨਾ ਕੁਰਬਾਨ ਕਰ ਚੁਕੇ ਹਨ ਪਰ ਭਾਰਤ ਦੀ ਸਰਕਾਰ ਇਨ੍ਹਾਂ ਮੰਗਾਂ ਅਤੇ ਇਸ ਅੰਦੋਲਨ ਦੀ ਸਚਾਈ ਅਤੇ ਗਹਿਰਾਈ ਨੂੰ ਅਖੋਂ ਪਰੋਖੇ ਕਰ ਰਹੀ ਹੈ। ਪ੍ਰੋਗਰਾਮ ਵਿਚ ਸ਼ਾਮਲ ਕਈ ਬੁਲਾਰਿਆਂ ਨੇ ਸਰਕਾਰ ਦੇ ਅੜੀਅਲ ਵਤੀਰੇ ਦੇ ਕਾਰਨਾ ਦਾ ਗਹਿਰਾਈ ਵਿਚ ਜਾ ਕੇ ਮੁਲਾਕਣ ਕੀਤਾ। ਭਾਰਤ ਅਤੇ ਦੁਨੀਆਂ ਦੇ ਅਜਾਰੇਦਾਰਾਂ ਦੇ ਇਸ਼ਾਰਿਆਂ ਤੇ ਚਲ ਰਹੀ ਭਾਜਪਾ ਦੀ ਮੋਦੀ ਸਰਕਾਰ ਗੈਰ ਲੋਕਤੰਤਰੀ ਤਰੀਕੇ ਨਾਲ ਕਰੋਨਾ ਦੀਆਂ ਵਿਚ ਪਾਸ ਕੀਤੇ ਨਵੇਂ ਕਾਨੂੰਨਾ ਨੂੰ ਰੱਦ ਕਰਨ ਦੀ ਬਜਾਏ ਅਜਾਰੇਦਾਰਾਂ ਦੇ ਸੋਹਲੇ ਗਾ ਰਹੀ ਹੈ। ਸਾਰੇ ਬੁਲਾਰਿਆਂ ਨੇ ਇਸ ਗਲ ਵਿਚ ਤਸੱਲੀ ਪਰਗਟ ਕੀਤੀ ਕਿ ਹੁਣ ਲੋਕੀ ਸਰਕਾਰੀ ਤੰਤਰ ਦੀਆਂ ਚਾਲਾ ਤੋਂ ਵਾਕਫ ਹੋ ਚੁਕੇ ਹਨ। ਕਿਸਾਨਾ ਦੇ ਨਾਲ ਨਾਲ ਦੂਸਰੇ ਲੋਕੀ ਵੀ ਇਸ ਚਾਲ ਨੂੰ ਸਮਝ ਚੁਕੇ ਹਨ ਕਿ ਖੇਤੀ ਕਿਤੇ ਵਿਚ ਅਜਾਰੇਦਾਰੀ ਦਾ ਦਖਲ ਨਾ ਸਿਰਫ ਛੋਟੀ ਕਿਰਸਾਨੀ ਨੂੰ ਬਰਬਾਦ ਕਰੇਗਾ ਬਲਕਿ ਖੇਤੀ ਪੈਦਾਵਾਰ ਤੋਂ ਤਿਆਰ ਵਸਤਾਂ ਨੂੰ ਅਸਮਾਨੀ ਕੀਮਤਾਂ ‘ਤੇ ਵੇਚ ਕੇ ਖਪਤਕਾਰਾ ਦੀ ਲੁਟਵੀ ਕਰੇਗਾ। ਕਈ ਬੁਲਾਰਿਆਂ ਨੇ ਇਸ ਗਲ ਦਾ ਨੋਟਸ ਲਿਆ ਕਿ ਭਾਵੇ ਅੰਦੋਲਨ ਦੇ ਅਸਲੀ ਮੁਦਿਆਂ ਲਈ ਲੜਾਈ ਅਜੇ ਜਾਰੀ ਹੈ ਪਰ ਇਹ ਅੰਦੋਲਨ ਕਈ ਤਰਾਂ ਦੀਆਂ ਪਰਾਪਤੀਆਂ ਪਹਿਲਾਂ ਹੀ ਕਰ ਚੁਕਾ ਹੈ। ਭਾਈਚਾਰਕ ਏਕਤਾ, ਆਰਥਕ ਮੁਦਿਆਂ ‘ਤੇ ਲੋਕਾਂ ਦੀ ਵਧੀ ਹੋਈ ਸਮਝ ਅਤੇ ਬੋਲੀਆਂ ਅਤੇ ਇਲਾਕਿਆਂ ਦੇ ਨਾ ਪਾਈਆਂ ਹੋਰ ਕਿੰਨੀਆਂ ਹੀ ਦੀਵਾਰਾਂ ਨੂ ਢਾਹਉਣਾ ਇਸ ਅੰਦੋਲਨ ਦੀਆਂ ਹਾਂ ਪੱਖੀ ਪਰਾਪਤੀਆਂ ਹਨ। ਸਟੇਜ ਦੀ ਕਾਰਵਾਈ ਚਲਾਉਦਿਆਂ ਸੁਰਿੰਦਰ ਸਿੰਘ ਮੰਢਾਲੀ ਨੇ ਕਿਸਾਨਾ ਦੀ ਇਸ ਲੰਮੇਰੀ ਲੜਾਈ ਵਿਚ ਲੋਕਾਂ ਨੂ ਕੱਠੇ ਹੋ ਕੇ ਉਨ੍ਹਾਂ ਦਾ ਸਾਥ ਦਿੰਦੇ ਰਹਿਣ ਦਾ ਸੱਦਾ ਦਿਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆ ਨੂੰ ਭਾਰਤ ਸਰਕਾਰ ਦੀਆਂ ਏਜੰਸੀਆਂ ਅਤੇ ਮੀਡੀਆ ਸਿਲਾ ਵਲੋਂ ਲੋਕਾਂ ਦੇ ਇਤਿਹਾਸਕ ਏਕੇ ਨੂੰ ਤੋੜਣ ਲਈ ਫਿਲਾਏ ਜਾ ਰਹੇ ਭਰ ਮਜਾਲ ਤੋਂ ਪੂਰੇ ਸੁਚੇਤ ਰਹਿਣ ਦੀ ਲੋੜ ਹੈ।  ਹੋਰ ਬੁਲਾਰਿਆਂ ਵਿਚ ਰਾਜ ਬਰਾੜ, ਗੁਰਪ੍ਰੀਤ ਸਿੰਘ ਮਾਨ, ਸਾਧੂ ਸਿੰਘ ਸੰਘਾ, ਰਣਜੀਤ ਗਿੱਲ, ਗੁਰਦੀਪ ਸਿੰਘ ਅਣਖੀ, ਗੁਰਰੀਤ ਬਰਾੜ, ਬੇਅੰਤ ਸਿੰਘ ਧਾਲੀਵਾਲ, ਰਾਜ ਸੋਢੀ, ਸ਼ਰਨਜੀਤ ਧਾਲੀਵਾਲ, ਪਿਸ਼ੌਰਾ ਸਿੰਘ ਢਿਲੋਂ, ਪਰਗਟ ਸਿੰਘ ਧਾਲੀਵਾਲ, ਹਰਭਜਨ ਸਿੰਘ ਢਿਲੋਂ, ਪ੍ਰੋਪਰਮ ਪਾਲ ਸਿੰਘ, ਦਰਸ਼ਨ ਸਿੰਘ ਸੰਧੂ, ਜਗਰੂਪ ਸਿੰਘ, ਡਾ. ਮਲਕੀਤ ਸਿੰਘ ਕਿੰਗਰਾ, ਹਰਨੇਕ ਸਿੰਘ ਲੋਹਗੜ ਅਤੇ ਦਲਜੀਤ ਸਿੰਘ ਸਰਾਏ ਸ਼ਾਮਲ ਸਨ। ਇਸ ਪ੍ਰੋਗਰਾਮ ਵਿਚ ਸਾਧੂ ਸਿੰਘ ਸੰਘਾ ਵਲੋਂ ਪੇਸ਼ ਕੀਤਾ ਅਤੇ ਸਾਰੇ ਹਾਜ਼ਰ ਲੋਕਾ ਵਲੋਂ ਪਾਸ ਕੀਤਾ ਮਤਾ ਭਾਰਤ ਸਰਕਾਰ ਤੋਂ ਹੇਠ ਲਿਖੀਆ ਮੰਗਾਂ ਕਰਦਾ ਹੈ:

1. ਖੇਤੀਬਾੜੀ ਸਬੰਧੀ ਬਣਾੲ ਤਿੰਨ ਨਵੇਂ ਕਾਨੂੰਨ ਵਾਪਸ ਲਵੇ।

2. ਖੇਤੀ ਪੈਦਾਵਾਰ ਦੀਆਂ ਕੀਮਤਾਂ ਸਵਾਮੀ ਨਾਥਨ ਕਮੇਟੀ ਦੀਆ ਸਿਫਾਰਸ਼ਾ ਅਨੁਸਾਰ ਨਿਯਤ ਕਰੇ ਜੋ ਕਿ ਸਰਕਾਰ 2019 ਦੀਆਂ ਚੋਣਾ ਵੇਲੇ ਲਾਗੂ ਕਰਨ ਦਾ ਵਾਅਦਾ ਕਰ ਚੁਕੀ ਹੈ। ਇਸ ਨੂੰ ਦੇਸ਼ ਭਰ ਵਿਚ ਯਕੀਨੀ ਬਣਾਉਣ ਲਈ ਬਕਾਇਦਾ ਕਾਨੂੰਨ ਬਣਾਇਆ ਜਵੇ।

3. ਕਿਸਾਨ ਅੰਦੋਲਨਕਾਰੀਆਂ ਅਤੇ ਹਿਮਾਅਤੀਆ ਉਤੇ ਹੋ ਰਹੇ ਪੁਲਿਸ ਅੱਤਿਆਚਾਰ ਬੰਦ ਕਰੇ ਅਤੇ ਗ੍ਰਿਫਤਾਰ ਕੀਤੇ ਲੋਕਾਂ ਨੂੰ ਬਾਇਜਤ ਬਰੀ ਕਰੇ।

4. 26 ਜਨਵਰੀ 2021 ਨੂੰ ਟਰੈਕਟਰ ਮਾਰਚ ਦੌਰਾਨ ਸ਼ਹੀਦ ਹੋਏ ਅੰਦੋਲਨਕਾਰੀ ਨਵਰੀਤ ਸਿੰਘ ਦੀ ਮੌਤ ਦੀ ਬਕਾਇਦਾ ਨਿਰਪੱਖ ਜਾਂਚ ਰਿਟਾਇਰਡ ਜੱਜ ਤੋਂ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸ਼ਖਤ ਸਜਾਵਾਂ ਦਿਤੀਆਂ ਜਾਣ।

5. ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਆਰਥਿਕ ਮੁਆਵਜਾ ਦਿਤਾ ਜਾਵੇ।

6. ਇਸਤਰੀਆਂ ਅਤੇ ਬੱਚਿਆਂ ਵਿਰੁਧ ਨਿਰੰਤਰ ਵਧ ਰਹੇ ਜੁਰਮਾਂ ਨੂੰ ਨੱਥ ਪਾਈ ਜਾਵੇ ਅਤੇ ਇਹੋ ਜਿਹੇ ਘੋਰ ਅਪਰਾਧੀਆਂ ਦੇ ਖਿਲਾਫ ਕੋਈ ਰਿਆਇਤ ਨਾ ਵਰਤੀ ਜਾਵੇ। ਇਸ ਵਾਸਤੇ ਬਦਲੇ ਗਏ ਕਾਨੂੰਨ ਸਖਤੀ ਨਾਲ ਅਤੇ ਬਿਨਾਂ ਖੋਟ ਦੇ ਲਾਗੂ ਕੀਤੇ ਜਾਣ।

7. ਦੇਸ਼ ਦੀਆਂ ਧਾਰਮਿਕ, ਜਮਾਤੀ ਘਟ ਗਿਣਤੀਆਂ ਅਤੇ ਦਲਿਤਾਂ ‘ਤੇ ਵਧ ਰਹੇ ਅਤਿਆਚਾਰ ਰੋਕੇ ਜਾਣ ਉਨ੍ਹਾਂ ਦੇ ਮੁਢਲੇ ਸਵਿਧਾਨਕ ਹੱਕ ਸੁਰੱਖਿਅਤ ਅਤੇ ਯਕੀਨੀ ਬਣਾਏ ਜਾਣ।

Share this post

Leave a Reply

Your email address will not be published. Required fields are marked *