ਯਾਰਾਂ ਨਾਲ ਮਜਾਲਸਾਂ ਵਿਚ ਬਹਿ ਕੇ

ਗੁਰਬਚਨ ਸਿੰਘ ਭੁੱਲਰ

ਇੰਟਰਵਿਊ, ਸਾਖਿਆਤਕਾਰ, ਮੁਲਾਕਾਤ, ਕੁਝ ਵੀ ਨਾਂ ਦੇ ਲਵੋ, ਹੁੰਦੀ ਤਾਂ ਦੋ ਵਿਅਕਤੀਆਂ ਦੀ ਗੱਲਬਾਤ ਦੇ ਰੂਪ ਵਿਚ ਹੀ ਹੈ ਪਰ ਆਮ ਕਰ ਕੇ ਇਕ ਦੀ ਭੂਮਿਕਾ ਜਗਿਆਸੂ ਵਾਂਗ ਸਵਾਲ ਪੁੱਛਣ ਤੇ ਦੂਜੇ ਦੀ ਗਿਆਨਵਾਨ ਵਾਂਗ ਉੱਤਰ ਦੇਣ ਵਾਲੀ ਹੁੰਦੀ ਹੈ। ਇਹ ਮੂਕ ਸਰੋਤਿਆਂ ਵਾਲੇ ਇਕਪਾਸੀ ਪ੍ਰਵਚਨ ਤੋਂ ਤਾਂ ਯਕੀਨਨ ਇਕ ਕਦਮ ਅੱਗੇ ਹੁੰਦੀ ਹੈ ਪਰ ਦੋਵਾਂ ਵਿਚਕਾਰ ਵਿਚਾਰ-ਚਰਚਾ ਤੋਂ, ਸੰਵਾਦ ਤੋਂ ਉਰੇ ਰਹਿ ਜਾਂਦੀ ਹੈ। ਬਹੁਤੀ ਵਾਰ ਸਵਾਲ-ਕਰਤਾ ਜਵਾਬਾਂ ਨੂੰ ਆਪਣੇ ਹੋਰ ਸਵਾਲਾਂ ਲਈ ਆਧਾਰ ਨਹੀਂ ਬਣਾਉਂਦਾ। ਪੰਜਾਬ ਵਿਚ ਸਦੀਆਂ ਤੋਂ ਚੱਲੀ ਆਉਂਦੀ ਪ੍ਰਵਚਨੀ ਪ੍ਰੰਪਰਾ ਦੀ ਥਾਂ ਦੋ ਜਾਂ ਵੱਧ ਬੰਦਿਆਂ ਦੇ ਸੰਵਾਦ ਨੂੰ ਮਹੱਤਵ ਦੇਣ ਦਾ ਮਾਣ ਸੂਫ਼ੀ ਸੰਤਾਂ, ਭਗਤਾਂ ਤੇ ਗੁਰੂ ਸਾਹਿਬਾਨ ਨੂੰ ਜਾਂਦਾ ਹੈ। ਸੂਫ਼ੀ ਸਿਆਣਿਆਂ ਨੇ ਇਹਦੇ ਲਈ ਖ਼ੂਬਸੂਰਤ ਸ਼ਬਦ ‘ਮਜਲਸ’ ਵਰਤਿਆ। ਬਾਬਾ ਬੁੱਲ੍ਹੇ ਸ਼ਾਹ ਤਾਮ ਨੂੰ ਭੋਰਾ ਭੋਰਾ ਵੰਡ ਕੇ ਖਾਂਦਿਆਂ ਨਾਲੋ-ਨਾਲ ਚਰਚਾ ਲਈ ਫ਼ਕੀਰਾਂ ਦੀ ਮਜਲਸ ਸਜਾਉਂਦੇ ਹਨ, “ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿਸ ਪਰ ਤਾਮ ਪਕਾਈਦਾ। ਰਲ ਫ਼ਕੀਰਾਂ ਮਜਲਸ ਕੀਤੀ ਭੋਰਾ ਭੋਰਾ ਖਾਈਦਾ।” ਵਾਰਿਸ ਸ਼ਾਹ ਵੀ ਕਹਿੰਦੇ ਹਨ, ਜੇ ਹੀਰ ਦੇ ਇਸ਼ਕ ਦੇ ਕਿੱਸੇ ਦਾ ਆਨੰਦ ਲੈਣਾ ਹੈ, ਉਹ ਯਾਰਾਂ ਦੀ ਮਜਲਸ ਸਜਾ ਕੇ ਪੜ੍ਹਿਆਂ ਹੀ ਆਵੇਗਾ, “ਯਾਰਾਂ ਨਾਲ ਮਜਾਲਸਾਂ ਵਿਚ ਬਹਿ ਕੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ!” ਸੰਤਾਂ, ਭਗਤਾਂ ਤੇ ਗੁਰੂ ਸਾਹਿਬਾਨ ਨੇ ਸੰਵਾਦ ਲਈ ਏਨਾ ਹੀ ਸੁਹਣਾ ਸ਼ਬਦ ਗੋਸ਼ਟਿ ਵਰਤਿਆ।

ਪੁਸਤਕ ‘ਮਜਲਸ’ ਵਿਚ ਸ਼ਾਮਲ ਗੱਲਾਂਬਾਤਾਂ ਸੰਵਾਦੀ ਸੁਭਾਅ ਵਾਲੀਆਂ ਹਨ। ਬਹੁਤ ਵਾਰ ਜਵਾਬ ਵਿਚੋਂ ਨਵੇਂ ਸਵਾਲ ਨਿੱਕਲਦੇ ਹਨ ਤੇ ਇਉਂ ਗੱਲ ਵਾਸਤੇ ਪਹਿਲਾਂ ਤੋਂ ਮਿਥੇ ਕਿਸੇ ਚੌਖਟੇ ਵਿਚ ਬੰਦ ਰਹਿਣ ਦੀ ਥਾਂ ਖੁੱਲ੍ਹੀ ਉਡਾਰੀ ਭਰਨ ਦੀ ਸੰਭਾਵਨਾ ਤੇ ਖੁੱਲ੍ਹ ਬਣੀ ਰਹਿੰਦੀ ਹੈ। ਇਸੇ ਕਰਕੇ ਇਸ ਨੂੰ ‘ਸਮਕਾਲੀਆਂ ਨਾਲ ਸੰਵਾਦ’ ਦਾ ਉਪ-ਨਾਂ ਦਿੱਤਾ ਗਿਆ ਹੈ। ਇਸ ਪੁਸਤਕ ਦੀ ਇਕ ਜ਼ਿਕਰਜੋਗ ਗੱਲ ਇਹ ਹੈ ਕਿ ਸਭ ਨਾਲ ਕਿਸੇ ਇਕ-ਇਕਹਿਰੇ ਵਿਸ਼ੇ ਨੂੰ ਲੈ ਕੇ ਸੰਵਾਦ ਰਚਾਉਣ ਦੀ ਥਾਂ ਚਰਚਾ ਕਾਫ਼ੀ ਵੱਖਰੇ-ਵੱਖਰੇ ਖੇਤਰਾਂ ਤੇ ਮੁੱਦਿਆਂ ਨੂੰ ਲੈ ਕੇ ਹੋਈ ਜਿਸ ਕਰਕੇ ਇਸ ਦੇ ਕਲਾਵੇ ਵਿਚ ਬਹੁਤ ਕੁਝ ਵੰਨਸੁਵੰਨਾ ਆ ਗਿਆ।

ਕਰਤਾਰ ਸਿੰਘ ਦੁੱਗਲ ਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਤੇ ਉਰਦੂ-ਹਿੰਦੀ ਵਿਚ ਵੀ ਲਿਖਿਆ ਅਤੇ ਉਹ ਕਈ ਭਾਸ਼ਾਵਾਂ ਵਿਚ ਅਨੁਵਾਦੇ ਵੀ ਗਏ। ਉਹਨਾਂ ਨੇ ਲਗਭਗ ਹਰ ਵਿਧਾ ਵਿਚ ਲਿਖਿਆ। ਇਕ ਵਾਰ ਪੰਜਾਬੀ ਦੇ ਇਕ ਦੁਮਾਸਕ ਪੱਤਰ ਨੇ ਹਰ ਵਾਰ ਕਿਸੇ ਨਵੀਂ ਛਪੀ ਪੁਸਤਕ ਦੇ ਰਚਨਾਕਾਰ ਨਾਲ ਗੱਲਬਾਤ ਛਾਪਣ ਦੀ ਸਲਾਹ ਬਣਾਈ। ਉਹਨੀਂ ਦਿਨੀਂ ਦੁੱਗਲ ਜੀ ਦੀ ਸਵੈਜੀਵਨੀ ‘ਕਿਸੁ ਪਹਿ ਖੋਲਉ ਗੰਠੜੀ’ ਛਪੀ ਸੀ। ਲੜੀ ਦੀ ਪਹਿਲੀ ਕੜੀ ਵਜੋਂ ਮੈਨੂੰ ਦੁੱਗਲ ਜੀ ਨਾਲ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸੰਵਾਦ ਦਾ ਉਹਨਾਂ ਦੇ ਲੰਮੇ ਤੇ ਸੰਘਣੇ ਅਨੁਭਵ ਸਦਕਾ ਜਾਣਕਾਰੀ-ਭਰਪੂਰ ਹੋਣਾ ਕੁਦਰਤੀ ਸੀ।

ਪਰਗਟ ਸਿੰਘ ਸਿੱਧੂ ਇਕ ਮਹੱਤਵਪੂਰਨ ਗਲਪਕਾਰ ਹੈ। ਉਹਨੇ ਕਹਾਣੀਆਂ ਵੀ ਲਿਖੀਆਂ ਹਨ ਤੇ ਨਾਵਲ ਵੀ ਜਿਨ੍ਹਾਂ ਦੀ ਖ਼ੁਸ਼ਬੂ ਪੰਜਾਬੀ ਤੋਂ ਬਾਹਰ ਵੀ ਫ਼ੈਲੀ ਹੈ। ਖਾਸ ਕਰ ਕੇ ਹਿੰਦੀ ਵਿਚ ਉਹਦੇ ਸਵੈ-ਅਨੁਵਾਦੇ ਲਗਭਗ ਸਮੁੱਚੇ ਗਲਪ ਨੂੰ ਬੜੇ ਚਾਅ ਨਾਲ ਪੜ੍ਹਿਆ ਗਿਆ ਹੈ। ਉਹ ਗਲਪ ਦੇ ਰਚਨਾਕਾਰ ਵਜੋਂ ਹੀ ਸਿਆਣਾ ਨਹੀਂ ਸਗੋਂ ਗਲਪ-ਰਚਨਾ ਦੀਆਂ ਸਿਧਾਂਤਕ ਬਰੀਕੀਆਂ ਦਾ ਵੀ ਗੂੜ੍ਹਾ ਜਾਣਕਾਰ ਹੈ। ਉਸ ਨਾਲ ਗੱਲ ਕਰ ਕੇ ਇਸ ਮੱਤ ਦੀ ਇਕ ਵਾਰ ਫੇਰ ਪੁਸ਼ਟੀ ਹੋਈ ਕਿ ਅੰਦਰਲੀ ਪ੍ਰਤਿਭਾ ਨੂੰ ਬਾਹਰਲੇ ਗਿਆਨ ਦੀ ਪਿਉਂਦ ਚਾੜ੍ਹਿਆਂ ਰਚਨਾਕਾਰ ਦੀ ਕਲਮ ਨੂੰ ਜੋ ਫਲ ਲਗਦਾ ਹੈ, ਬਿਨਾਂ-ਸ਼ੱਕ ਉਹਦਾ ਆਨੰਦ ਵੱਖਰਾ ਹੀ ਹੁੰਦਾ ਹੈ।

ਮੈਂ ਤੇ ਮੇਰੀ ਸਾਥਣ ਗੁਰਚਰਨ 14 ਕੁ ਹਫ਼ਤਿਆਂ ਲਈ ਅਮਰੀਕਾ ਗਏ ਤਾਂ ਅਸੀਂ ਦੇਖਣ ਵਾਲ਼ਾ ਤਾਂ ਜਿੰਨਾ ਕੁਝ ਦੇਖਣਾ ਸੰਭਵ ਸੀ, ਉਹ ਦੇਖਣਾ ਹੀ ਸੀ, ਅਸੀਂ ਕਾਫ਼ੀ ਕੁਝ ਜਾਣਨਾ ਵੀ ਚਾਹੁੰਦੇ ਸੀ। ਮਿਸਾਲ ਵਜੋਂ ਸਾਡੇ ਲੋਕ ਉਥੇ ਪਹੁੰਚ ਕੇ ਕਿੰਨੇ ਕੁ ਉਥੋਂ ਦੇ ਹੋ ਜਾਂਦੇ ਹਨ ਤੇ ਕਿੰਨੀ ਕੁ ਵਿੱਥ ਬਣਾਈ ਰਖਦੇ ਹਨ। ਉਥੋਂ ਦੀ ਰਹਿਤਲ ਨੂੰ ਜਾਣ ਕੇ ਕਿੰਨਾ ਕੁ ਉਹਦਾ ਅੰਗ ਬਣਦੇ ਹਨ ਤੇ ਉਸ ਅਨੁਸਾਰ ਢਲਦੇ ਹਨ। ਉਹ ਆਪ ਕੀ ਪ੍ਰਭਾਵ ਪਾਉਂਦੇ ਹਨ। ਆਪਣੀਆਂ ਵਿਸ਼ੇਸ਼ ਆਦਤਾਂ ਦੇ ਨਾਲ-ਨਾਲ ਉਹ ਬੇਈਮਾਨੀ ਤੇ ਰਿਸ਼ਵਤ ਨੂੰ ਸਾਧਾਰਨ ਵਰਤਾਰੇ ਸਮਝਣ ਵਾਲੇ ਸਾਡੇ ਦੇਸ ਵਿਚੋਂ ਆ ਕੇ ਉਥੇ ਕਿਵੇਂ ਵਿਚਰਦੇ ਹਨ। ਜਦੋਂ ਮੈਂ ਅਜਿਹੀਆਂ ਗੱਲਾਂ ਕਿਸੇ ਨਾਲ ਛੇੜਦਾ, ਜਵਾਬ ਤਸੱਲੀ ਨਾ ਕਰਵਾਉਂਦੇ। ਜਦੋਂ ਗੱਲ ਜਗਜੀਤ ਬਰਾੜ ਨਾਲ ਚੱਲੀ ਤਾਂ ਮੈਂ ਸਮਝ ਗਿਆ ਕਿ ਆਖ਼ਰ ਮੈਨੂੰ ਲੋੜੀਂਦਾ ਬੰਦਾ ਮਿਲ ਗਿਆ ਹੈ।

ਅੱਧੀ ਸਦੀ ਤੋਂ ਚਰਚਿਤ ਨਾਵਲ ‘ਧੁੱਪ ਦਰਿਆ ਦੀ ਦੋਸਤੀ’ ਵਾਲਾ ਜਗਜੀਤ ਬਰਾੜ ਗਲਪਕਾਰ ਤੇ ਕਵੀ ਵਜੋਂ ਜਾਣਿਆ ਜਾਂਦਾ ਹੈ। ਪਰ ਮੈਂ ਉਸ ਨਾਲ ਗੱਲਬਾਤ ਸਾਹਿਤ ਬਾਰੇ ਨਹੀਂ ਸੀ ਕਰਨੀ। ਮੇਰੀ ਲੋੜ ਅਨੁਸਾਰ ਉਹਨੇ ਭਾਰਤ ਤੇ ਅਮਰੀਕਾ ਦੀਆਂ ਆਰਥਿਕਤਾਵਾਂ ਬਾਰੇ ਤਾਂ ਕੰਮ ਦੀ ਜਾਣਕਾਰੀ ਦਿੱਤੀ ਹੀ, ਉਥੋਂ ਦੇ ਪੰਜਾਬੀਆਂ ਬਾਰੇ ਵੀ ਉਹ ਸਭ ਦੱਸਿਆ ਜੋ ਹੋਰ ਕਿਤੋਂ ਪਤਾ ਲੱਗਣ ਦੀ ਕੋਈ ਸੰਭਾਵਨਾ ਨਹੀਂ ਸੀ। ਅਕਾਦਮਿਕ ਖੇਤਰ ਵਿਚ, ਆਧੁਨਿਕ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਨਾਂ ਕਮਾਉਣਾ; ਵੱਡੇ-ਵੱਡੇ ਫ਼ਾਰਮ ਕਾਇਮ ਕਰਨੇ; ਆਪਣੇ ਖੇਤਾਂ ਤੇ ਸਟੋਰਾਂ ਵਿਚ ਮਿਹਨਤ ਕਰਨ ਦੀ ਪ੍ਰਸੰਸਾਜੋਗ ਸਮਰੱਥਾ; ਪਰ ਨਾਲ ਹੀ ਇਧਰੋਂ ਲਿਜਾਈਆਂ ਗਈਆਂ ਬੇਈਮਾਨੀ ਦੀਆਂ ਆਦਤਾਂ ਨੂੰ ਬਹੁਤਿਆਂ ਵੱਲੋਂ ਛੱਡੇ ਜਾਣ ਤੋਂ ਇਨਕਾਰ; ਉਥੋਂ ਦੀ ਰਹਿਤਲ ਤੇ ਸਥਾਨਕ ਲੋਕਾਂ ਨਾਲ ਮੇਲਜੋਲ ਵਧਾਉਣ ਤੇ ਸਾਂਝ ਪਾਉਣ ਤੋਂ ਸੰਕੋਚ ਜਾਂ ਨਾਂਹ; ਮਰਯਾਦਾ ਦੇ ਅਨੁਸਾਰੀ ਸਿੱਖ ਧਰਮ ਦਾ ਪਤਲਾ ਭਵਿੱਖ; ਪੰਜਾਬੀ ਦਾ ਹਨੇਰਾ ਭਵਿੱਖ; ਪੰਜਾਬ ਨਾਲੋਂ ਕਿਤੇ ਵੱਧ ਪੀੜ੍ਹੀਆਂ ਦਾ ਪਾੜਾ; ਅਗਲੀਆਂ ਪੀੜ੍ਹੀਆਂ ਦੀ ਪੰਜਾਬੀ ਪਿਛੋਕੇ ਨਾਲ, ਪੰਜਾਬੀਅਤ ਨਾਲ ਪਤਲੀ ਪੈਂਦੀ-ਪੈਂਦੀ ਆਖ਼ਰ ਮੁਕਦੀ ਜਾਣੀ ਸਾਂਝ; ਤੇ ਹੋਰ ਬਹੁਤ ਕੁਝ!

ਜਸਬੀਰ ਭੁੱਲਰ ਦੀ ਭਾਸ਼ਾ ਤੇ ਸ਼ੈਲੀ ਹੀ ਰਸ਼ਕਜੋਗ ਨਹੀਂ, ਉਹਦੇ ਵਿਸ਼ੇ ਵੀ ਆਮ ਨਾਲੋਂ ਹਟਵੇਂ ਹੁੰਦੇ ਹਨ। ਖਾਸ ਕਰ ਕੇ ਸਾਧਾਰਨ ਪਾਠਕ ਲਈ ਓਪਰੇ-ਅਨਜਾਣੇ ਫ਼ੌਜੀ ਜੀਵਨ, ਜੰਗਾਂ ਤੇ ਬਰਬਾਦੀਆਂ ਉੱਤੇ ਪੁਆਈ ਝਾਤ ਉਹਦੀ ਵੱਡੀ ਦੇਣ ਹੈ। ਇਹਦੇ ਨਾਲ ਹੀ ਉਹ ਬਾਲ-ਸਾਹਿਤ ਨੂੰ ਲੋੜੀਂਦੀ ਗੰਭੀਰਤਾ ਨਾਲ ਲੈਣ ਵਾਲ਼ਾ ਲੇਖਕ ਹੈ। ਬਹੁਤਿਆਂ ਨੂੰ ਪਤਾ ਨਹੀਂ, ਕੰਮਕਾਜੀ ਜੀਵਨ ਦੀ ਸ਼ੁਰੂਆਤ ਵੇਲ਼ੇ ਜਸਬੀਰ ਨੇ ਚਾਰ ਸਾਲਾਂ ਲਈ ਇਕ ਵੱਡੇ ਗਾਂਧੀ ਆਸ਼ਰਮ ਵਿਚ ਵੀ ਨੌਕਰੀ ਕੀਤੀ ਸੀ ਤੇ ਖਾਦੀ ਦੇ ਕੱਪੜੇ ਪਾਏ ਸਨ। ਉਥੇ ਹੋਇਆ ਗਾਂਧੀ ਦੀ ਰੂਹ ਨੂੰ ਨਿੱਤ-ਦਿਹਾੜੀ ਕਤਲ ਕੀਤੇ ਜਾਣ ਦਾ ਅਨੁਭਵ ਹੈਰਾਨ ਕਰਨ ਵਾਲੇ ਨਾਵਲ ‘ਚਿੱਟੀ ਗੁਫ਼ਾ ਤੇ ਮੌਲਸਰੀ’ ਦੇ ਰੂਪ ਵਿਚ ਸਾਹਮਣੇ ਆਇਆ। ਇਸੇ ਲਈ ਮੈਂ ਸਾਧਾਰਨ ਰੀਤ ਤੋਂ ਹਟ ਕੇ ਗੱਲਬਾਤ ਨੂੰ ਉਹਦੇ ਆਸ਼ਰਮ-ਨਿਵਾਸ ਤੇ ਬਾਲ ਸਾਹਿਤ ਉੱਤੇ ਕੇਂਦਰਿਤ ਰੱਖਿਆ।

ਅਜਮੇਰ ਸਿੰਘ ਔਲਖ ਮੰਨਿਆ ਹੋਇਆ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਅਭਿਨੇਤਾ ਸੀ। ਉਹਨੇ ਰਚਨਾਤਮਿਕ ਪ੍ਰਤਿਭਾ ਤੇ ਮੰਚ-ਮੁਹਾਰਿਤ ਪੂਰੀ ਤਰ੍ਹਾਂ ਕਿਰਤੀ ਲੋਕਾਂ, ਖਾਸ ਕਰ ਕੇ ਪੇਂਡੂ ਕਿਰਤੀ ਲੋਕਾਂ ਦੇ ਨਮਿੱਤ ਕਰ ਦਿੱਤੀਆਂ। ਉਹਨੇ ਆਪਣੇ ਨਾਟਕ ਹਜ਼ਾਰਾਂ ਵਾਰ ਨੇੜੇ-ਦੂਰ ਦੇ ਪਿੰਡਾਂ ਵਿਚ ਜਾ ਕੇ ਲੱਖਾਂ ਲੋਕਾਂ ਸਾਹਮਣੇ ਪੇਸ਼ ਕੀਤੇ। ਪਿੰਡਾਂ ਤੱਕ ਪਹੁੰਚੇ ਭਾਅ-ਜੀ ਗੁਰਸ਼ਰਨ ਸਿੰਘ ਵੀ ਬਹੁਤ, ਪਰ ਅਜਮੇਰ ਦਾ ਮੁੱਖ ਮੰਚ ਪਿੰਡ ਦੀ ਸੱਥ ਹੀ ਰਹੀ। ਖੇਡਣ ਵਾਸਤੇ ਉਹਨੂੰ ਆਪਣੇ ਲਿਖੇ ਨਾਟਕ ਹੀ ਮੇਚ ਆਉਂਦੇ। ਅਜਿਹੇ ਕਿਰਤ-ਸਮਰਪਿਤ ਕਲਾਵੰਤ ਦਾ ਮਨ ਫਰੋਲਣਾ ਪਾਠਕਾਂ ਤੇ ਨਾਟਕ-ਪ੍ਰੇਮੀਆਂ ਦੀ ਵੱਡੀ ਲੋੜ ਦੀ ਪੂਰਤੀ ਸੀ। ਨਾਟ-ਲੇਖਕ ਵਜੋਂ ਉਹਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਤੇ ਰੰਗਕਰਮੀ ਵਜੋਂ ਸੰਗੀਤ ਨਾਟਕ ਅਕਾਦਮੀ ਦਾ ਪੁਰਸਕਾਰ ਵੀ।

ਬਲਦੇਵ ਸ਼ੁਰੂ ਵਿਚ ਕਹਾਣੀਕਾਰ ਬਲਦੇਵ ਸਿੰਘ ਸੀ ਪਰ ਅੰਮ੍ਰਿਤਾ ਪ੍ਰੀਤਮ ਦੇ ‘ਨਾਗਮਨੀ’ ਵਿਚ ਜਦੋਂ ਉਹਦਾ ‘ਸੜਕਨਾਮਾ’ ਲੜੀਵਾਰ ਛਪਣ ਲਗਿਆ, ਉਹ ਸੜਕਨਾਮੇ ਵਾਲ਼ਾ ਹੋ ਗਿਆ। ਫੇਰ ਕਿਸੇ ਰਚਨਾਤਮਿਕ ਘੜੀ ਉਹਦੇ ਸੰਘਣੇ ਜੀਵਨ-ਅਨੁਭਵ ਨੇ ਉਹਦੇ ਕੰਨ ਵਿਚ ਮੰਤਰ ਦੀ ਫੂਕ ਮਾਰੀ, “ਬੰਦਿਆ, ਨਾਵਲ ਲਿਖ!” ਨਾਵਲ ‘ਲਾਲ ਬੱਤੀ’ ਨੇ ਉਹਦੀ ਬੱਲੇ-ਬੱਲੇ ਹੀ ਨਾ ਕਰਵਾਈ, ‘ਸੜਕਨਾਮਾ’ ਦੀ ਥਾਂ ਮੱਲ ਕੇ ਉਹਨੂੰ ਬਲਦੇਵ ਸਿੰਘ ‘ਲਾਲ ਬੱਤੀ’ ਵੀ ਬਣਾ ਦਿੱਤਾ। ਫੇਰ ਜੋ ਵੀ ਨਾਵਲ ਉਹ ਲਿਖਦਾ ਆਇਆ ਹੈ, ਉਸੇ ਵਾਲ਼ਾ ਬਲਦੇਵ ਸਿੰਘ ਬਣਦਾ ਆਇਆ ਹੈ। ਇਹ ਉਹਦੀ ਹਰ ਰਚਨਾ ਦੀ ਸਫਲਤਾ ਦਾ ਪ੍ਰਮਾਣ ਹੈ। ਉਹਦੇ ਗ਼ੈਰ-ਇਤਿਹਾਸਕ ਨਾਵਲਾਂ ਵਿਚੋਂ ਕਿਸਾਨ ਦਾ ਹਸ਼ਰ ਦਿਖਾਉਂਦਾ ‘ਅੰਨਦਾਤਾ’ ਅੱਜ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਪੰਜਾਬ ਦੇ ਵੱਡੇ ਇਤਿਹਾਸਕ ਨਾਂਵਾਂ ਬਾਰੇ ਲਿਖੇ ਉਹਦੇ ਨਾਵਲ ਵੱਖਰੀ ਭਾਂਤ ਦੀ ਸਾਹਿਤਕ ਦੇਣ ਹਨ। ਇਸੇ ਕਰਕੇ ਉਹਦੇ ਨਾਲ ਗੱਲਬਾਤ ਜੀਵਨੀ-ਆਧਾਰਿਤ ਨਾਵਲਾਂ ਉੱਤੇ ਕੇਂਦਰਿਤ ਰਹੀ।

ਨ੍ਰਿਪਇੰਦਰ ਸਿੰਘ ਰਤਨ ਕਹਾਣੀ ਨਾਲ ਸ਼ੁਰੂ ਕਰ ਕੇ ਮਗਰੋਂ ਕਵਿਤਾ ਲਿਖਣ ਲੱਗਿਆ, ਪਰ ਦੋਵਾਂ ਵਿਚ ਬਰਾਬਰ ਅੱਗੇ ਵਧਦਾ ਆਇਆ। ਮੈਂ ਕਵਿਤਾ ਨਾਲੋਂ ਕਹਾਣੀ ਦਾ ਪਾਠਕ ਵਧੇਰੇ ਹਾਂ। ਕੁਦਰਤੀ ਸੀ ਕਿ ਮੈਨੂੰ ਉਹਦਾ ਕਹਾਣੀਕਾਰ ਵਾਲ਼ਾ ਰੂਪ ਵੱਧ ਨੇੜੇ ਲਗਦਾ। ਮੈਨੂੰ ਉਹਦੀਆਂ ਕਹਾਣੀਆਂ ਚੰਗੀਆਂ ਵੀ ਲਗਦੀਆਂ। ਫੇਰ ਉਹਦੀ ਕਹਾਣੀ ‘ਇਕ ਅਫ਼ਸਰ ਦਾ ਜਨਮ’ ਪੜ੍ਹੀ। ਇਹ ਕਹਾਣੀ ਕੋਈ ਅਫ਼ਸਰ ਹੀ ਲਿਖ ਸਕਦਾ ਸੀ ਤੇ ਉਹ ਅਫ਼ਸਰ ਨ੍ਰਿਪਇੰਦਰ ਸਿੰਘ ਰਤਨ ਹੀ ਹੋ ਸਕਦਾ ਸੀ! ਓਦੋਂ ਤੱਕ ਦਾ ਸਾਰਾ ਜੀਵਨ ਮੈਂ ਕਿਤੋਂ ਇਹ ਸਮਝਣ ਲਈ ਪਰੇਸ਼ਾਨ ਹੁੰਦਾ ਰਿਹਾ ਸੀ ਕਿ ਸਾਡੇ ਹੀ ਘਰਾਂ ਵਿਚੋਂ ਉੱਠ ਕੇ ਅਫ਼ਸਰ ਬਣੇ ਮੁੰਡੇ ਅੱਜ ਵੀ ਪੁਰਾਣੀ ਕਹਾਵਤ “ਮਾਂ, ਜੇ ਮੈਂ ਠਾਨੇਦਾਰ ਹੋਵਾਂ, ਪਹਿਲਾਂ ਤੇਰੇ ਗਿੱਟੇ ਭੰਨਾਂ” ਦੇ ਪਾਲਕ ਕਿਉਂ ਬਣਦੇ ਰਹਿੰਦੇ ਹਨ! ਇਹ ਕਹਾਣੀ ਮੇਰੀ ਇਸ ਪਰੇਸ਼ਾਨੀ ਦਾ ਜਵਾਬ ਸੀ। ਉਹਦੇ ਰਚਨਾ-ਕਾਰਜ ਵਿਚ ਝਾਤ ਪਾਉਣੀ ਬੜੀ ਫਲਦਾਇਕ ਰਹੀ।

ਪ੍ਰੇਮ ਗੋਰਖੀ ਦੇ ਜੀਵਨ ਦੇ ਪਹਿਲੇ ਲੰਮੇ ਸਮੇਂ ਤੱਕ ਗ਼ਰੀਬੀ, ਪੜ੍ਹਾਈ ਦੇ ਰਾਹ ਦੀਆਂ ਮੁਸ਼ਕਲਾਂ, ਸਖ਼ਤ ਮਿਹਨਤ-ਮੁਸ਼ੱਕਤ, ਸਮਾਜਕ ਰੁਕਾਵਟਾਂ, ਡਾਢਿਆਂ ਦਾ ਧੱਕਾ, ਵਹਿਸ਼ੀ ਪੁਲਸੀਆਂ ਦਾ ਜਬਰ, ਇਹ ਸਭ ਨਾਲੋ-ਨਾਲ ਚਲਦੇ ਰਹੇ। ਇਸ ਸੰਘਣੇ ਹਨੇਰੇ ਵਿਚ ਉਹ ਏਨਾ ਜ਼ਰੂਰ ਜਾਣਦਾ ਸੀ ਕਿ ਜੇ ਕਿਤੋਂ ਚਾਨਣ ਦੀ ਕਿਰਨ ਦੀ ਆਸ ਕੀਤੀ ਜਾ ਸਕਦੀ ਹੈ, ਉਹ ਹੈ ਸ਼ਬਦ! ਸ਼ਬਦ ਦੇ ਲੜ ਲੱਗਣ ਦੇ ਨਾਲ ਹੀ ਉਹ ਇਹ ਵੀ ਜਾਣ ਗਿਆ ਕਿ ਮਨ ਦੀ ਮੁਕਤੀ ਲਈ ਇਹਨਾਂ ਪਰੇਸ਼ਾਨੀਆਂ ਦੇ ਨਿਕਾਸ ਦਾ ਰਾਹ ਵੀ ਸਾਹਿਤ ਬਣ ਕੇ ਇਹ ਸ਼ਬਦ ਹੀ ਦੇਣਗੇ। ਗੋਰਖੀ ਸਚੇਤ ਸਾਹਿਤਕਾਰ ਹੈ ਤੇ ਸਾਹਿਤਕਾਰੀ ਨੂੰ ਜ਼ਿੰਮੇਦਾਰੀ ਵਾਲ਼ਾ ਕਾਰਜ ਮੰਨਦਿਆਂ ਉਹਨੇ ਆਪਣੇ ਰਚਨਾ-ਕਾਰਜ ਵਿਚ ਨਿਰੰਤਰਤਾ ਬਣਾਈ ਰੱਖੀ ਹੈ। ਉਹਨੇ ਪੰਜਾਬੀ ਸਾਹਿਤ ਵਿਚ ਇੱਜ਼ਤ-ਮਾਣ ਦੀ ਜੋ ਕਮਾਈ ਕੀਤੀ ਹੈ, ਆਪਣੀ ਕਲਮੀ ਘਾਲਨਾ ਦੇ ਸਹਾਰੇ ਹੀ ਕੀਤੀ ਹੈ।

ਇਸ ਪੁਸਤਕ ਵਿਚ ਸ਼ਾਮਲ ਡਲਹੌਜ਼ੀ ਵਿਖੇ ਹੋਈ ਇਕ ਕਹਾਣੀ-ਗੋਸ਼ਟੀ ਨੂੰ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਇਹਦੀਆਂ ਸਾਰੀਆਂ ਬੈਠਕਾਂ ਦਾ ਸੰਚਾਲਨ ਮੈਨੂੰ ਸੌਂਪਿਆ ਗਿਆ ਸੀ। ਇਸ ਗੋਸ਼ਟੀ ਵਿਚ ਹੋਈ ਚਰਚਾ ਦੇ ਚੰਗੇ ਮਿਆਰ ਦੀ ਚਰਚਾ ਲੰਮਾ ਸਮਾਂ ਹੁੰਦੀ ਰਹੀ ਸੀ ਤੇ ਉਥੇ ਉੱਭਰ ਕੇ ਸਾਹਮਣੇ ਆਏ ਨੁਕਤਿਆਂ ਦਾ ਅਸਰ ਮੇਰੇ ਮਨ ਵਿਚੋਂ ਅਜੇ ਵੀ ਮਿਟਿਆ ਨਹੀਂ। ਫੇਰ ਵੀ ‘ਮਜਲਸ’ ਵਿਚ ਛਾਪਣ ਜਾਂ ਨਾ ਛਾਪਣ ਦਾ ਫ਼ੈਸਲਾ ਕਰਨ ਲਈ ਇਹਦਾ ਹੁਣ ਪ੍ਰਸੰਗਿਕ ਜਾਂ ਅਪ੍ਰਸੰਗਿਕ ਹੋਣਾ ਦੇਖਣ ਵਾਸਤੇ ਨਜ਼ਰ ਮਾਰੀ ਤਾਂ ਪੰਜਾਬੀ ਕਹਾਣੀ ਦੇ, ਸਗੋਂ ਪੰਜਾਬੀ ਸਾਹਿਤ ਦੇ ਸਭ ਮੁੱਦੇ, ਮਾਮਲੇ ਤੇ ਮਸਲੇ ਅੱਜ ਵੀ ਓਨੇ ਹੀ ਸੱਜਰੇ ਲੱਗੇ ਜਿੰਨੇ ਗੋਸ਼ਟੀ ਵੇਲ਼ੇ ਸਨ! ਸਾਰਾ ਵਿਚਾਰ-ਵਟਾਂਦਰਾ ਟੇਪ ਕਰ ਕੇ ਮਗਰੋਂ ਲਿਖਤ ਵਿਚ ਉਤਾਰ ਲਿਆ ਗਿਆ ਸੀ। ਇਹ ਲਿਖਤ ਰਚਨਾ-ਕਾਰਜ ਨੂੰ ਗੰਭੀਰਤਾ ਨਾਲ ਲੈਣ ਵਾਲ਼ੇ ਅਨੇਕ ਕਲਮਕਾਰਾਂ ਦੇ ਵਿਚਾਰਾਂ ਦਾ ਗੁਲਦਸਤਾ ਹੋਣ ਸਦਕਾ ਪੰਜਾਬੀ ਰਚਨਾ-ਖੇਤਰ ਦੇ ਚੱਪੇ-ਚੱਪੇ ਦੇ ਦਰਸ਼ਨ ਕਰਵਾ ਦਿੰਦੀ ਹੈ।

ਇਹ ਮੇਰੀ ਖ਼ੁਸ਼ਕਿਸਮਤੀ ਰਹੀ ਕਿ ਉਮਰੋਂ ਵੱਡੇ, ਹਾਣੀ ਤੇ ਛੋਟੇ ਅਨੇਕ ਸਮਕਾਲੀਆਂ ਦੀ ਸੰਗਤ ਤਾਂ ਮਿਲੀ ਹੀ, ਬਹੁਤੀਆਂ ਸੂਰਤਾਂ ਵਿਚ ਨੇੜਤਾ ਵੀ ਬਣੀ। ਗੱਲਬਾਤ ਤਾਂ ਅਕਸਰ ਹੁੰਦੀ ਹੀ, ਕਈ ਵਾਰ ਕੋਈ ਅਜਿਹਾ ਸਬੱਬ ਬਣ ਜਾਂਦਾ ਕਿ ਗੱਲਬਾਤ ਸਵਾਲਾਂ-ਜਵਾਬਾਂ ਦਾ ਰੂਪ ਧਾਰ ਕੇ ਬਾਕਾਇਦਾ ਸੰਵਾਦ ਬਣ ਜਾਂਦੀ। ਸਾਹਿਤਕ ਗਿਆਨ ਦਾ ਮੰਥਨ ਹੁੰਦਾ ਤੇ ਜਾਣਕਾਰੀ ਨੂੰ ਹੰਘਾਲਿਆ ਜਾਂਦਾ। ਇਸ ਸਭ ਵਿਚੋਂ ਰਿੜਕੇ ਹੋਏ ਦੁੱਧ ਉੱਤੇ ਆ ਤਰਦੀ ਮਖਣੀ ਵਾਂਗ ਬੜਾ ਕੁਝ ਅਜਿਹਾ ਨਿੱਤਰਦਾ ਜੋ ਪੜ੍ਹਨ ਵਾਲੇ ਲਈ ਲਾਹੇਵੰਦਾ ਰਹਿੰਦਾ। ਮੇਰਾ ਯਕੀਨ ਹੈ, ਇਸ ਪੁਸਤਕ, ਜੋ ਅਜਿਹੇ ਹੀ ਕੁਝ ਅਨੁਭਵਾਂ ਦਾ ਸੰਗ੍ਰਹਿ ਹੈ, ਦੇਪਾਠ ਮਗਰੋਂ ਪਾਠਕ ਆਪਣੇ ਆਪ ਨੂੰ ਜੀਵਨ ਦੇ ਤੇ ਪੰਜਾਬੀ ਸਾਹਿਤ ਦੇ ਕਈ ਪੱਖਾਂ ਦਾ ਵਧੇਰੇ ਜਾਣਕਾਰ ਮਹਿਸੂਸ ਕਰੇਗਾ।

(‘ਮਜਲਸ’ ਆਰਸੀ ਪਬਲਿਸ਼ਰਜ਼, 51, ਪਰਦਾ ਬਾਗ਼, ਦਰਿਆਗੰਜ, ਦਿੱਲੀ-110002, ਫੋਨ 9811225358 ਨੇ ਛਾਪੀ ਹੈ।)

Leave a Reply

Your email address will not be published. Required fields are marked *