fbpx Nawidunia - Kul Sansar Ek Parivar

ਸਾਫ਼ ਸੁਥਰੀ ਤੇ ਸਭਿਆਚਾਰਕ ਗਾਇਕੀ ਦਾ ਸਿਰਨਾਵਾਂ ਹਰਜੀਤ ਹਰਮਨ/ ਹਰਜਿੰਦਰ ਸਿੰਘ ਜਵੰਦਾ

ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਿਮਾਉਂਦਾ ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀਂ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਦੋਦਾ ਦੇ ਜੰਮਪਲ ਅਤੇ ਪਿਤਾ ਸ. ਬਚਿੱਤਰ ਸਿੰਘ ਤੇ ਮਾਤਾ ਸਰਦਾਰਨੀ ਅਮਰਜੀਤ ਕੌਰ ਦੇ ਇਸ ਲਾਡਲੇ ਵੱਲੋਂ ਹੁਣ ਤਕ ਗਾਏ ਹਰ ਗੀਤ ਨੇ ਹੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਸ ਦੀ ਆਵਾਜ਼ ਵਿਚ ਗੰਭੀਰਤਾ, ਸਹਿਜਤਾ ਤੇ ਸਰਲਤਾ ਦਾ ਸੁਮੇਲ ਹੈ। ਹਰਮਨ ਦੀ ਗਾਇਕੀ ਦੀ ਵੱਡੀ ਖ਼ਾਸੀਅਤ ਇਹ ਵੀ ਹੈ ਕਿ ਉਸ ਨੇ ਅੱਜ ਤਕ ਸਭਿਆਚਾਰਕ ਤੇ ਸਾਫ਼ ਸੁਥਰੇ ਗੀਤ ਹੀ ਸਰੋਤਿਆਂ ਦੀ ਝੋਲੀ ਪਾਏ ਹਨ ਅਤੇ ਇਹ ਸਿੱਧ ਕਰ ਦਿਖਾਇਆ ਹੈ ਕਿ ਲੱਚਰਤਾ ਦੀ ਹਨੇਰੀ ਵਿੱਚ ਸਭਿਅਤਾ ਦਾ ਦੀਵਾ ਬਾਲਣ ਵਾਲੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਆਪਣੀ ਗਾਇਕੀ ਵਿਚ ਜਿੱਥੇ ਉਸ ਨੇ ਘਰੇਲੂ ਰਿਸ਼ਤਿਆਂ, ਸਮਾਜਿਕ ਵਿਸ਼ਿਆਂ ਤੇ ਧਾਰਮਿਕ ਸੂਖ਼ਮ-ਭਾਵਨਾਵਾਂ ਨੂੰ ਬਿਆਨ ਕਰਦੀ ਸ਼ਾਇਰੀ ਦੀ ਚੋਣ ਕੀਤੀ, ਉੱਥੇ ਉਸ ਨੇ ਰੁਮਾਂਟਿਕ ਗੀਤਾਂ ਵਿਚ ਵੀ ਸੁਹਜ-ਸੁਆਦ ਮੁਕੰਮਲ ਰੂਪ ਵਿਚ ਬਰਕਰਾਰ ਰੱਖਿਆ ਹੈ।

ਹਰਮਨ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਇਸ ਦਾ ਕਾਰਨ ਉਸ ਦੀ ਆਵਾਜ਼, ਅੰਦਾਜ਼ ਅਤੇ ਪੰਜਾਬੀ ਦੀ ਧਨੀ ਕਲਮ ਗੀਤਕਾਰ ਸਵ. ਪ੍ਰਗਟ ਸਿੰਘ ਲਿਧੜਾਂ ਵੱਲੋਂ ਗਾਇਨ ਸਮਗਰੀ ਦੀ ਸੁਹਜਮਈ ਕੀਤੀ ਗਈ ਚੋਣ ਵੀ ਹੈ। ਉਸ ਦੀ ਗਾਇਕੀ ਅਤਿਅੰਤ ਗਹਿਰੀ ਹੈ ਜਿਸ ਨੂੰ ਸੁਣ ਕੇ ਅਜੀਬ ਜਿਹਾ ਸਕੂਨ ਪ੍ਰਾਪਤ ਹੁੰਦਾ ਹੈ। ਉਸ ਦਾ ਸੁਰੀਲਾ ਕੰਠ ਤੇ ਸੁੱਚੇ ਬੋਲ ਸਰੋਤਿਆਂ ਨੂੰ ਮੱਲੋਜ਼ੋਰੀ ਕੀਲਣ ਦੀ ਸਮਰੱਥਾ ਰੱਖਦੇ ਹਨ।

ਹਰਮਨ ਵੱਲੋਂ ਗਾਏ ‘ਕੁੜੀ ਚਿਰਾਂ ਤੋਂ ਵਿੱਛੜੀ’, ‘ਝਾਂਜਰ’,’ਮਿੱਤਰਾਂ ਦਾ ਨਾਂ ਚਲਦਾ’, ‘302 ਬਣ ਜੂ’, ‘ਇੰਤਜ਼ਾਰ ਕਰਾਂਗਾ’, ‘ਗੱਲ ਦਿਲ ਦੀ ਦੱਸ ਸੱਜਣਾ’, ‘ਵੰਡੇ ਹੋਏ ਪੰਜਾਬ ਦੀ ਤਰਾਂ’, ‘ਸ਼ਹਿਰ ਤੇਰੇ ਦੀਆਂ ਯਾਦਾਂ’, ‘ਕਾਂ ਬੋਲਦਾ’, ਵਿੱਚਰਖਾ’, ‘ਸੂਰਮਾ’, ਵਿੱਚੰਡੋਲ’, ‘ਉਸ ਰੁੱਤੇ ਸੱਜਣ ਮਿਲਾਦੇ ਰੱਬ’, ‘ਇੰਝ ਨਾ ਕਰੀਂ’, ‘ਮੁੰਦਰੀ’, ‘ਪਜੇਬਾਂ’, ‘ਇਸ ਨਿਰਮੋਹੀ ਨਗਰੀ ਦਾ’, ‘ਇੱਕ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ’, ‘ਨੀਂ ਤੂੰ ਸੱਚੀਂ-ਮੁੱਚੀਂ ਲੱਗੇ ਪੰਜਾਂ ਪਾਣੀਆਂ ਦੀ ਹੂਰ’, ‘ਸੱਜਣਾਂ’, ‘ਅਸੀਂ ਉਹ ਨਹੀਂ’, ਵਿੱਚਾਦਰ’, ‘ਸੰਸਾਰ’, ‘ਪ੍ਰਦੇਸੀ’, ‘ਹੱਸ ਕੇ’, ਵਿੱਚੰਨ’, ‘ਸ਼ੌਕ’ ਅਤੇ ‘ਆਵਾਜ਼ਾਂ’, ‘ਜੱਟੀ’, ‘ਤਰੀਕਾਂ’, ‘ਮਾਏ ਨੀ ਮਾਏ’, ‘ਦਿਲਜਾਨੀ’, ‘ਜੱਟ 24 ਕੈਰਟ ਦਾ’ , ‘ਮਿਲਾਂਗੇ ਜ਼ਰੂਰ’ ਅਤੇ ‘ਦਿਲ ਦੀਆਂ ਫ਼ਰਦਾਂ’ ਆਦਿ ਦਰਜਨਾਂ ਹੀ ਗੀਤ ਅਜਿਹੇ ਹਨ ਜੋ ਸਰੋਤਿਆਂ ਦੇ ਮਨਾਂ ਉੱਪਰ ਪੂਰੀ ਤਰਾਂ ਛਾਏ ਹੋਏ ਹਨ।

ਗੀਤਾਂ ਰਾਹੀਂ ਸਰੋਤਿਆਂ ਦੀ ਰੂਹ ਤਕ ਪਹੁੰਚਣ ਵਾਲਾ ਇਹ ਗਾਇਕ ਆਪਣੇ ਗੀਤਾਂ ਰਾਹੀਂ ਸੱਚ ਕਹਿਣ ਦੀ ਦਲੇਰੀ ਰੱਖਦਾ ਹੈ। ਉਸ ਨੇ ਆਪਣੀਆਂ ਟੇਪਾਂ ਵਿਚ ਉਸਾਰੂ ਸੋਚ ਦੇ ਗੀਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਸਮਾਜਿਕ ਬੁਰਾਈਆਂ ਤੇ ਵਿਅੰਗਮਈ ਚੋਟ ਕਰਨ ਵਾਲੇ ਗੀਤ ਵੀ ਉਹ ਆਪਣੀ ਐਲਬਮ ਵਿਚ ਅਕਸਰ ਸ਼ਾਮਲ ਕਰਦਾ ਹੈ। ਉਸ ਨੇ ਰੁਮਾਂਟਿਕ ਗੀਤ ਵੀ ਗਾਏ ਹਨ ਪਰ ਇਕ ਦਾਇਰੇ ਵਿਚ ਰਹਿ ਕੇ ਅਤੇ ਅਸ਼ਲੀਲ ਬੋਲਾਂ ਵਾਲੇ ਗੀਤਾਂ ਨੂੰ ਆਵਾਜ਼ ਦੇਣ ਲਈ ਉਸ ਦੀ ਜ਼ਮੀਰ ਨੇ ਕਦੇ ਵੀ ਉਸ ਨੂੰ ਇਜਾਜ਼ਤ ਨਹੀ ਦਿੱਤੀ। ਇਸ ਤੋਂ ਇਲਾਵਾ ਹਰਮਨ ਨੇ ਕਦੇ ਵੀ ਆਪਣੇ ਗੀਤਾਂ ਦੇ ਵੀਡੀਓ ਫ਼ਿਲਮਾਂਕਣ ਵਿਚ ਵੀ ਅਸ਼ਲੀਲਤਾ ਦਾ ਸਹਾਰਾ ਨਹੀਂ ਲਿਆ।ਦੂਜੇ ਪਾਸੇ ਧਾਰਮਿਕ ਖੇਤਰ ਵਿਚ ਵੀ ਹਰਮਨ ਆਪਣੀਆਂ ਧਾਰਮਿਕ ਐਲਬਮਾਂ ‘ਸਿੰਘ ਸੂਰਮੇ’ ਅਤੇ ‘ਸ਼ਾਨ ਏ ਕੌਮ’ ਸਦਕਾ ਚੰਗਾ ਨਾਮਣਾ ਖੱਟ ਚੁੱਕਾ ਹੈ।

ਜੇਕਰ ਹਰਮਨ ਨੂੰ ਮਿਲੇ ਇਨਾਮਾਂ-ਸਨਮਾਨਾਂ ਦੀ ਗੱਲ ਕਰੀਏ ਤਾਂ ਉਸ ਨੂੰ ਦੇਸ਼ ਅਤੇ ਵਿਦੇਸ਼ਾਂ ਵਿਚ ਅਨੇਕਾਂ ਸਨਮਾਨ ਮਿਲੇ ਹਨ ਹਨ, ਪਰ ਸਰੋਤਿਆਂ ਦੇ ਦਿਲੀ ਪਿਆਰ ਨੂੰ ਉਹ ਸਭ ਤੋਂ ਵੱਡਾ ਸਨਮਾਨ ਸਮਝਦਾ ਹੈ। ਇੱਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਉਹ ਚੰਗੀ ਸੋਚ ਰੱਖਣ ਵਾਲਾ ਨੌਜਵਾਨ ਵੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਗਾਇਕੀ ਨੇ ਉਸ ਅੰਦਰ ਨਿਮਰਤਾ, ਸਤਿਕਾਰ ਅਤੇ ਮਿਠਾਸ ਦੇ ਭਾਵਾਂ ਨੂੰ ਭਰਪੂਰ ਕਰ ਦਿੱਤਾ ਹੈ।ਫ਼ਿਲਮੀ ਖੇਤਰ ਵਿੱਚ ਹਰਮਨ ਨੇ ਆਪਣੀ ਫ਼ਿਲਮ ਪਾਰੀ ਦੀ ਸ਼ੁਰੂਆਤ ਭਾਵੇਂ ਬੱਬੂ ਮਾਨ ਦੀ ਫ਼ਿਲਮ ‘ਦੇਸੀ ਰੋਮੀਓ’ ਤੋਂ ਕੀਤੀ ਸੀ ਪਰ ਬਤੌਰ ਹੀਰੋ ਵਜੋਂ ਉਹ ਆਪਣੀ ਲੰਘੇ ਸਾਲ ਆਈਆਂ ਫ਼ਿਲਮਾਂ ‘ਕੁੜਮਾਈਆਂ’ ਅਤੇ ‘ਤੂੰ ਮੇਰਾ ਕੀ ਲੱਗਦਾ’ ਨਾਲ ਬਤੌਰ ਨਾਇਕ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਦਰਸ਼ਕਾਂ ਵੱਲੋਂ ਹਰਜੀਤ ਹਰਮਨ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਗਿਆ। ।ਦੱਸ ਦਈਏ ਕਿ ਹਰਜੀਤ ਹਰਮਨ ਭਵਿੱਖ ਵਿੱਚ ਜਲਦ ਹੀ ਹੋਰ ਵੀ ਕਈ ਨਵੇਂ ਗੀਤ ਦਰਸ਼ਕਾਂ ਦੇ ਰੂਬਰੂ ਕਰਨ ਦੀ ਤਿਆਰੀ ਹਨ।ਸੋ ਅਜੋਕੇ ਸਮੇਂ ਵਿਚ ਪੰਜਾਬੀ ਗਾਇਕੀ ਦੇ ਸੁਨਹਿਰੀ ਭਵਿੱਖ ਲਈ ਅਜਿਹੇ ਕਲਾਕਾਰਾਂ ਦੀ ਬੇਹੱਦ ਲੋੜ ਹੈ। ਰੱਬ ਕਰੇ, ਉਸ ਦੀ ਉਮਰ ‘ਲੋਕ ਗੀਤਾਂ’ ਜਿੰਨੀ ਹੋਵੇ।

  • 9463828000

Share this post

Leave a Reply

Your email address will not be published. Required fields are marked *