ਸਾਥੀ ਰਮੇਸ਼ ਸ਼ਰਮਾ ਦਾ ਦੁਖਦਾਈ ਵਿਛੋੜਾ


ਜਲੰਧਰ; 19 ਮਾਰਚ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ ਸਾਥੀ ਰਮੇਸ਼ ਸ਼ਰਮਾ, ਵਾਸੀ ਜਲੰੰਧਰ ਅੱਜ ਸਾਝਰੇ ਸਦੀਵੀਂ ਵਿਛੋੜਾ ਦੇ ਗਏ।
ਸਾਥੀ ਰਮੇਸ਼ ਸ਼ਰਮਾ ਜੀ ਨੇ ਲੰਮਾ ਸਮਾਂ ਪਾਰਟੀ ਦੇ ਮਾਸਿਕ ਬੁਲਾਰੇ ‘ਸੰਗਰਾਮੀ ਲਹਿਰ’ ਦੇ ਮੈਨੇਜਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ।
ਸਾਥੀ ਸ਼ਰਮਾ ਜੀ ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ‘ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ’ ਦੇ ਜਨਰਲ ਸਕੱਤਰ ਵਜੋਂ ਅਨੇਕਾਂ ਘੋਲਾਂ ਦੀ ਅਗਵਾਈ ਕਰਦਿਆਂ ਗਿਣਨਯੋਗ ਜਿੱਤਾਂ ਪ੍ਰਾਪਤ ਕੀਤੀਆਂ।
ਆਪ ਟਰੇਡ ਯੂਨੀਅਨ ਅੰਦੋਲਨ ਦੇ ਜੁਝਾਰੂ, ਸਮਰਪਿਤ ਅਤੇ ਈਮਾਨਦਾਰ ਆਗੂ ਵਜੋਂ ਬੇਹਦ ਸਤਿਕਾਰੇ ਜਾਂਦੇ ਸਨ। ਆਈ ਟੀ ਆਈ ਚੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਉਪਰੰਤ ਆਪ ਨੇ ਪਾਰਟੀ ਕੁਲਵਕਤੀ ਵਜੋਂ ਆਰ ਐਮ ਪੀ ਆਈ ਨੂੰ ਮਜ਼ਬੂਤ ਕਰਨ ਲਈ ਬੇਮਿਸਾਲ ਯੋਗਦਾਨ ਪਾਇਆ।
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਪਸਸਫ ਦੇ ਸਾਬਕਾ ਪ੍ਰਧਾਨ ਸਾਥੀ ਤ੍ਰਿਲੋਚਨ ਸਿੰਘ ਰਾਣਾ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਪ੍ਰਧਾਨ ਤੇ ਸਕੱਤਰ ਸਾਥੀ ਸਤੀਸ਼ ਰਾਣਾ ਅਤੇ ਤੀਰਥ ਸਿੰਘ ਬਾਸੀ, ਕੁਲ ਹਿੰਦ ਕਰਮਚਾਰੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਅਦਾਰਾ ‘ਸੰਗਰਾਮੀ ਲਹਿਰ’ ਦੇ ਮੈਨੇਜਰ ਅਤੇ ਸੰਪਾਦਕ ਮੰਡਲ ਦੇ ਮੈਂਬਰ ਸਾਥੀ ਗੁਰਦਰਸ਼ਨ ਸਿੰਘ ਬੀਕਾ ਅਤੇ ਸਾਥੀ ਮਹੀਪਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਨੇ ਸਾਥੀ ਰਮੇਸ਼ ਸ਼ਰਮਾ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਸੰਵੇਦਨਾਵਾਂ ਸਾਂਝੀ ਕੀਤੀਆਂ ਹਨ।

Leave a Reply

Your email address will not be published. Required fields are marked *