ਭਾਰਤ ਨੇ ਛੇਵੀਂ ਵਾਰ ਜਿੱਤਿਆ ਮਹਿਲਾ ਟੀ-20 ਏਸ਼ੀਆ ਕੱਪ ਦਾ ਖ਼ਿਤਾਬ

ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾਇਆ; ਮਿਤਾਲੀ ਨੇ ਨਾਬਾਦ 73 ਦੌੜਾਂ ਨਾਲ ਬਣਾਇਆ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ

ਬੈਂਕਾਕ  (ਨਦਬ): ਭਾਰਤੀ ਮਹਿਲਾ ਕ੍ਰਿਕਟਰਾਂ ਨੇ ਅੱਜ ਇੱਥੇ ਏਸ਼ੀਆ ਕੱਪ ਵਿੱਚ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਛੇਵੇਂ ਸੀਜ਼ਨ ਵਿੱਚ ਛੇਵਾਂ ਖ਼ਿਤਾਬ ਆਪਣੀ ਝੋਲੀ ਵਿੱਚ ਪਾਇਆ। ਤਜਰਬੇਕਾਰ ਮਿਤਾਲੀ ਰਾਜ ਨੇ ਨਾਬਾਦ 73 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 121 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਮਿਤਾਲੀ ਨੂੰ ਟੀ-20 ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਛੇ ਵਿਕਟਾਂ ‘ਤੇ 104 ਦੌੜਾਂ ਹੀ ਬਣਾਉਣ ਦਿੱਤੀਆਂ ਅਤੇ ਟੀਮ ਨੂੰ 17 ਦੌੜਾਂ ਤੋਂ ਜਿੱਤ ਦਿਵਾਈ। ਗੇਂਦਬਾਜ਼ੀ ਵਿੱਚ ਸਟਾਰ ਇਕ ਵਾਰ ਫਿਰ ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ ਰਹੀ ਜਿਸ ਨੇ ਆਪਣੇ ਚਾਰ ਓਵਰਾਂ ਵਿੱਚ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਹ ਦੂਜੀ ਵਾਰ ਹੈ ਜਦੋਂ ਭਾਰਤ ਨੇ ਟੂਰਨਾਮੈਂਟ ਵਿੱਚ ਪਾਕਿਸਤਾਨ ਨੂੰ ਹਰਾਇਆ ਹੋਵੇ। ਇਸ ਤੋਂ ਪਹਿਲਾਂ ਉਸ ਨੇ ਲੀਗ ਸੈਸ਼ਨ ਵਿੱਚ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਭਾਰਤੀ ਟੀਮ ਇਸ ਤੋਂ ਪਹਿਲਾਂ ਫਾਈਨਲ ਤੱਕ ਦੇ ਸਫ਼ਰ ਤੱਕ ਪੰਜ ਮੈਚਾਂ ਵਿੱਚ ਹਾਰੀ ਨਹੀਂ ਹੈ। ਭਾਰਤੀ ਟੀਮ ਲਈ ਇਹ ਇਕ ਤਰ੍ਹਾਂ ਤੋਂ ਬਦਲਾ ਲੈਣ ਵਰਗਾ ਸੀ ਜੋ ਮਾਰਚ ਵਿੱਚ ਘਰੇਲੂ ਮੈਦਾਨ ‘ਤੇ ਵਿਸ਼ਵ ਟੀ20 ਦੌਰਾਨ ਪਾਕਿਸਤਾਨ ਤੋਂ ਹਾਰ ਗਈ ਸੀ। ਹਾਲ ਵਿੱਚ ਆਈਸੀਸੀ ਨੇ ਪਾਕਿਸਤਾਨ ਨਾਲ ਨਾ ਖੇਡਣ ਲਈ ਉਨ੍ਹਾਂ ਦੇ ਛੇ ਅੰਕ ਕੱਟ ਦਿੱਤੇ ਸਨ। ਇਸ ਯਾਦਗਾਰ ਜਿੱਤ ਨਾਲ ਭਾਰਤੀ ਟੀਮ ਨੇ ਇਸ ਮਹਾਦੀਪ ਦੇ ਮੁਕਾਬਲੇ ਵਿੱਚ ਆਪਣਾ ਸ਼ਾਨਦਾਰ ਰਿਕਾਰਡ ਵੀ ਕਾਇਮ ਰੱਖਿਆ ਜਿਸ ਨੇ ਹੁਣ ਤੱਕ ਹੋਏ ਛੇ ਸੈਸ਼ਨਾਂ ਵਿੱਚੋਂ ਸਾਰਿਆਂ ‘ਚ ਖ਼ਿਤਾਬ ਆਪਣੇ ਨਾਂ ਕੀਤਾ ਹੈ। ਹਾਲਾਂਕਿ 2004 ਤੋਂ ਸ਼ੁਰੂ ਹੋਇਆ ਪਹਿਲੇ ਚਾਰ ਸੈਸ਼ਨ 50 ਓਵਰਾਂ ਦੇ ਰੂਪ ਵਿੱਚ ਖੇਡੇ ਗਏ ਸਨ ਅਤੇ ਇਸ ਤੋਂ ਬਾਅਦ ਦੋ ਸੈਸ਼ਨ ਛੋਟੇ ਰੂਪ ਵਿੱਚ ਖੇਡੇ ਗਏ। ਪਿਛਲਾ ਸੈਸ਼ਨ 2012 ਵਿੱਚ ਗੁਆਗਜ਼ੂ ਵਿੱਚ ਖੇਡਿਆ ਸੀ ਅਤੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ ਸੀ।
ਮਿਤਾਲੀ ਤੇ ਏਕਤਾ ਨੇ ਜੇਕਰ ਸ਼ਾਨਦਾਰ ਪ੍ਰਦਰਸ਼ਨ ਨਾ ਕੀਤਾ ਹੁੰਦਾ ਤਾਂ ਚੈਂਪੀਅਨ ਟੀਮ ਇਹ ਉਪਲਬਧੀ ਆਪਣੇ ਨਾਂ ਨਹੀਂ ਕਰ ਸਕਦੀ ਸੀ। ਮਿਤਾਲੀ ਟੀਮ ਦੀ ਸਫ਼ਲਤਾ ਵਿੱਚ ਅਹਿਮ ਰਹੀ, ਉਸ ਨੇ ਚਾਰ ਪਾਰੀਆਂ ਵਿੱਚ 220 ਦੌੜਾਂ ਜੋੜੀਆਂ ਤੇ ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਜੋੜਨ ਵਾਲੀ ਖਿਡਾਰਨ ਰਹੀ। ਇਸ ਸੂਚੀ ‘ਚ ਦੂਜੇ ਨੰਬਰ ‘ਤੇ ਪਾਕਿਸਤਾਨ ਦੀ ਜਾਵੇਰੀਆ ਖ਼ਾਨ ਰਹੀ ਜਿਸ ਨੇ ਛੇ ਪਾਰੀਆਂ ‘ਚ 128 ਦੌੜਾਂ ਬਣਾਈਆਂ। ਪਾਕਿਸਤਾਨ ਖ਼ਿਲਾਫ਼ ਦੋਵੇਂ ਮੈਚਾਂ ‘ਚ ਮਿਤਾਲੀ ਕਾਫੀ ਸੰਯਮ ਵਿੱਚ ਰਹਿ ਕੇ ਖੇਡੀ। ਉਸ ਵੱਲੋਂ ਫਾਈਨਲ ਵਿੱਚ ਬਣਾਈਆਂ ਗਈਆਂ 73 ਦੌੜਾਂ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ ਹੈ। ਉਸ ਨੇ 112 ਸਟ੍ਰਾਈਕ ਰੇਟ ਤੋਂ ਆਪਣੀ ਪਾਰੀ ਵਿੱਚ ਸੱਤ ਚੌਕੇ ਤੇ ਇੱਕ ਛੱਕਾ ਲਾਇਆ। ਇਸ ਤਜਰਬੇਕਾਰ ਖਿਡਾਰੀ ਨੇ ਇਸ ਤਰ੍ਹਾਂ ਵਿਸ਼ਵ ਟੀ20 ਦੌਰਾਨ ਆਪਣੀ ਧੀਮੀ ਬੱਲੇਬਾਜ਼ੀ ਦੀ ਭਰਪਾਈ ਵੀ ਕੀਤੀ ਸੀ। ਇਸ ਪ੍ਰਦਰਸ਼ਨ ਨਾਲ ਇਸ 34 ਸਾਲਾ ਖਿਡਾਰਨ ਨੇ ਦਿਖਾ ਦਿੱਤਾ ਹੈ ਕਿ ਉਹ ਕ੍ਰਿਕਟ ਦੇ ਟੀ20 ਰੂਪ ਵਿੱਚ ਹੁਣ ਵੀ ਕਾਫੀ ਚੰਗਾ ਖੇਡ ਦਿਖਾ ਸਕਦੀ ਹੈ ਜਦੋਂਕਿ ਉਸ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ।
ਹਰਮਨਪ੍ਰੀਤ ਕੌਰ ਨੂੰ ਨਵਾਂ ਕਪਤਾਨ ਬਣਾਇਆ ਗਿਆ ਹੈ ਜੋ ਕਿ ਛੇ ਪਾਰੀਆਂ ‘ਚ 30 ਤੋਂ ਜ਼ਿਆਦਾ ਦਾ ਸਕੋਰ ਬਣਾਉਣ ਵਿੱਚ ਨਾਕਾਮ ਰਹੀ ਤੇ ਉਸ ਨੇ ਮਹਿਜ਼ ਦੋ ਵਿਕਟਾਂ ਪ੍ਰਾਪਤ ਕੀਤੀਆਂ। ਏਕਤਾ ਨੇ ਗੇਂਦ ਰਾਹੀਂ ਭਾਰਤ ਲਈ ਚੰਗਾ ਪ੍ਰਦਰਸਨ ਕੀਤਾ ਤੇ ਉਹ ਟੀਮ ਦੀ ਸਭ ਤੋਂ ਸਫਲ ਗੇਂਦਬਾਜ਼ ਰਹੀ। ਉਸ ਨੇ 5.20 ਦੀ ਔਸਤ ਨਾਲ 10 ਵਿਕਟਾਂ ਲਈਆਂ। ਉਸ ਨੇ ਹੋਰ ਗੇਂਦਬਾਜ਼ਾਂ ਨਾਲ ਮਿਲ ਕੇ ਇਹ ਯਕੀਨੀ ਬਣਾਇਆ ਕਿ ਪਾਕਿਸਤਾਨ ਟੀਚੇ ਦੇ ਨੇੜੇ ਨਾ ਪਹੁੰਚੇ ਸਕੇ। ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਭਾਰਤੀ ਮਹਿਲਾ ਟੀਮ ਨੂੰ ਏਸ਼ੀਆ  ਕੱਪ ਜਿੱਤਣ ‘ਤੇ ਵਧਾਈ ਦਿੱਤੀ ਹੈ। ਸਕੱਤਰ ਅਜੈ ਸ਼ਿਰਕੇ ਨੇ ਵੀ ਭਾਰਤੀ ਮਹਿਲਾ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *