fbpx Nawidunia - Kul Sansar Ek Parivar

ਸ਼ਹੀਦ ਭਗਤ ਸਿੰਘ ਅਤੇ ਅਸੀਂ / ਸੰਜੀਵਨ ਸਿੰਘ

ਸ਼ਹੀਦ ਕਦੇ ਵੀ ਇਕ ਜਾਤ, ਧਰਮ, ਫਿਰਕੇ ਜਾਂ ਦੇਸ ਦੇ ਨਹੀਂ ਹੁੰਦੇ। ਸ਼ਹੀਦ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਹਨ। ਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆਂ ਲਈ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਸ਼ਹੀਦ ਵੀ ਸਾਰਿਆਂ ਦੇ ਹੁੰਦੇ ਹਨ। ਅਸੀਂ ਲੋਕ ਸ਼ਹੀਦਾਂ ਨੂੰ ਸਾਲ ਵਿਚ ਇਕ ਵਾਰ ਫੇਰ ਵੀ ਯਾਦ ਕਰ ਲੈਂਦੇ ਹਾਂ, ਪਰ ਸ਼ਹੀਦ ਦੇ ਪ੍ਰੀਵਾਰ ਮਾਂ-ਬਾਪ, ਪਤਨੀ, ਬੱਚਿਆਂ ਦਾ ਕਦੇ ਵੀ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਸਮਝਦੇ। ਸ਼ਹੀਦ ਤਾਂ ਦੇਸ ਉੱਤੇ ਆਪਣੀ ਜਾਨ-ਕੁਰਬਾਨ ਕਰਕੇ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਮ ਦਰਜ ਕਰਵਾ ਲੈਂਦੇ ਹਨ।ਪਰ ਉਨ੍ਹਾਂ ਦੇ ਪ੍ਰੀਵਾਰ  ਸ਼ਹੀਦੀ ਨੂੰ ਹਰ ਪਲ, ਹਰ ਘੜੀ ਹੰਢਾਉਂਦੇ ਹਨ। ਗ਼ਰੀਬੀ ਦੇ ਰੂਪ ਵਿਚ, ਭੁੱਖਮਰੀ ਦੇ ਰੂਪ ਵਿਚ, ਦੁਖਾਂ-ਤਕਲੀਫਾਂ ਦੇ ਰੂਪ ਵਿਚ। ਉਹਨਾਂ ਦਾ ਜ਼ਿਕਰ ਕਰਨਾ ਨਾ ਤਾਂ ਅਸੀਂ ਵਾਜ਼ਿਬ ਸਮਝਦੇ ਆਂ ਤੇ ਨਾ ਹੀ ਸਰਕਾਰਾਂ ਲੋੜ ਮਹਿਸੂਸ ਕਰਦੀਆਂ ਹਨ।
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਲਿਖਤੀ ਜਾਂ ਜ਼ੁਬਾਨੀ ਕਹੀਆਂ ਭਗਤ ਸਿੰਘ ਦੀਆਂ ਕੁੱਝ ਗੱਲਾਂ/ਘਟਨਾਵਾਂ ਦਾ ਜ਼ਿਕਰ ਕਰਨਾ ਸਮੇਂ ਦੀ ਮੰਗ ਵੀ ਹੈ ਤੇ ਲੋੜ ਵੀ। ਸਰਦਾਰ ਭਗਤ ਸਿੰਘ ਨੇ ਹਾਕਿਮ ਨੂੰ ਪੱਤਰ ਲਿਖ ਕੇ ਕਿਹਾ ਸੀ, “ਉਹਨਾਂ ਨੂੰ ਫਾਂਸੀ ਦੀ ਥਾਂ ਗੋਲੀ ਮਾਰੀ ਜਾਵੇ।ਪਰ ਕਿੳਂੁਕਿ ਤੁਹਾਡੇ ਹੱਥ ਵਿਚ ਤਾਕਤ ਹੈ।ਦੁਨਿਆ ਵਿਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨ। ਅਸੀਂ ਜਾਣਦੇ ਹਾਂ, ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ, ਜਿਸ ਦੀ ਲਾਠੀ, ਉਸ ਦੀ ਮੈਸ ਦਾ ਅਸੂਲ ਅਪਨਾਉਗੇ। ਪਰ ਅਸੀਂ ਜੰਗੀ ਕੈਦੀ ਹਾਂ। ਇਸ ਲਈ ਅਸੀਂ ਮੰਗ ਕਰਦੇ ਹਾਂ, ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ, ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲੀ ਨਾਲ ਮਾਰਨ ਲਈ ਇਕ ਫੌਜੀ ਦਸਤਾ ਭੇਜੇ।
ਸਰਦਾਰ ਭਗਤ ਸਿੰਘ ਅਦਾਲਤ ਵਿਚ ਪੇਸ਼ੀ ਸਮੇਂ ਅੰਗਰੇਜ਼ੀ ਅਦਾਲਤ ਦਾ ਮਜ਼ਾਕ ਉਡਾ ਰਿਹਾ ਸੀ। ਸਰਕਾਰੀ ਵਕੀਲ ਨੇ ਕਿਹਾ, “ਤੁਸੀਂ ਦੇਸ ਧਰੋਹੀ ਹੋ।” ਭਗਤ ਸਿੰਘ ਫਿਰ ਹੱਸਿਆ। ਸਰਕਾਰੀ ਵਕੀਲ ਨੇ ਕਿਹਾ, “ਭਗਤ ਸਿੰਘ ਤੁਸੀਂ ਇਸ ਤਰ੍ਹਾਂ ਅਦਾਲਤ ਦੀ ਤੌਹੀਨ ਕਰ ਰਹੇ ਹੋ।” ਭਗਤ ਸਿੰਘ ਨੇ ਕਿਹਾ, “ਵਕੀਲ ਸਾਹਿਬ ਮੈਂ ਜਦ ਤੱਕ ਜਿਊਂਦਾ ਰਹਾਂਗਾ ਇਵੇਂ ਹੀ ਹੱਸਦਾ ਰਹਾਂਗਾ। ਜਦੋਂ ਮੈਂ ਫਾਂਸੀ ਦੇ ਤਖਤੇ ’ਤੇ ਖੜ੍ਹਾ ਹੋ ਕੇ ਹੱਸਾਂਗਾ, ਉਦੋਂ ਤੁਸੀਂ ਕਿਹੜੀ ਅਦਾਲਤ ਵਿਚ ਸ਼ਕਾਇਤ ਕਰੋਗੇ।”
ਬਾਬਾ ਸੋਹਨ ਸਿੰਘ ਭਕਨਾ ਭਗਤ ਸਿੰਘ ਨੂੰ ਜੇਲ ਵਿਚ ਮਿਲਣ ਲਈ ਗਏ। ਬਾਬਾ ਜੀ ਨੇ ਭਗਤ ਸਿੰਘ ਨੂੰ ਪੁੱਛਿਆ, “ਭਗਤ ਸਿੰਘ ਤੁਹਾਡਾ ਕੋਈ ਰਿਸ਼ਤੇਦਾਰ ਮਿਲਣ ਨਹੀਂ ਆਇਆ।” ਤਾਂ ਭਗਤ ਸਿੰਘ ਨੇ ਕਿਹਾ, “ਬਾਬਾ ਜੀ ਮੇਰਾ ਖੂਨ ਦਾ ਰਿਸ਼ਤਾ ਤਾਂ ਸ਼ਹੀਦਾਂ ਦੇ ਨਾਲ ਹੈ, ਖ਼ੁਦੀ ਰਾਮ ਬੋਸ ਦੇ ਨਾਲ, ਕਰਤਾਰ ਸਿੰਘ ਸਰਾਭਾ ਦੇ ਨਾਲ, ਅਸੀਂ ਸਭ ਇਕ ਹੀ ਖੂਨ ਦੇ ਹਾਂ। ਸਾਡਾ ਖੂਨ ਇਕ ਹੀ ਜਗ੍ਹਾ ਤੋਂ ਆਇਐ, ਇਕ ਹੀ ਜਗ੍ਹਾਂ ਜਾ ਰਿਹੈ। ਦੂਜਾ ਰਿਸ਼ਤਾ ਤੁਹਾਡੇ ਲੋਕਾਂ ਦੇ ਨਾਲ ਹੈ, ਜੋ ਸਾਨੂੰ  ਪ੍ਰੇਰਣਾ ਦੇ ਰਹੇ ਹੋ, ਜਿਹਨਾਂ ਦੇ ਨਾਲ ਕਾਲ ਕੋਠੜੀ ਵਿਚ ਅਸੀਂ ਪਸੀਨਾ ਬਹਾਇਆ ਹੈ। ਤੀਜੇ ਰਿਸ਼ਤੇਦਾਰ ਉਹ ਹੋਣਗੇ ਜੋ ਖੂਨ-ਪਸੀਨੇ ਦੇ ਨਾਲ ਤਿਆਰ ਕੀਤੀ ਜ਼ਮੀਨ ਵਿਚੋਂ ਨਵੀਂ ਨਸਲ ਅਤੇ ਸ਼ਕਲ ਵਿਚ ਪੈਦਾ ਹੋਣਗੇ। ਜੋ ਸਾਡੇ ਮਿਸ਼ਨ ਨੂੰ, ਸਾਡੀ ਸੋਚ ਨੂੰ ਅੱਗੇ ਵਧਾਉਣਗੇ। ਇਸ ਤੋਂ ਇਲਾਵਾ ਸਾਡੇ ਹੋਰ ਕੌਣ  ਰਿਸ਼ਤੇਦਾਰ ਹੋ ਸਕਦੇ ਬਾਬਾ ਜੀ।”
ਮਾਨਵਾਲ ਜ਼ਿਲਾ ਸ਼ੇਖੁਪੂਰਾ ਦੇ ਤੇਜਾ ਸਿੰਘ ਮਾਨ ਦੀ ਭੈਣ ਨਾਲ ਵਿਆਹ ਨਿਯਤ ਹੋਣ ਤੋਂ ਬਾਅਦ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਪੱਤਰ ਲਿਖ ਕੇ ਕਿਹਾ, “ਸਤਿਕਾਰਯੋਗ ਪਿਤਾ ਜੀ, ਇਹ ਵਿਆਹ ਦਾ ਸਮਾਂ ਨਹੀਂ ਹੈ। ਦੇਸ਼ ਮੈਂਨੂੰ ਬੁਲਾ ਰਿਹਾ ਹੈ। ਮੈਂ ਅਪਣਾ ਤਨ, ਮਨ ਅਤੇ ਧਨ ਦੇਸ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈ। ਵੈਸੇ ਵੀ ਇਹ ਸਾਡੇ ਪ੍ਰੀਵਾਰ ਲਈ ਕੋਈ ਨਵੀਂ ਗੱਲ ਨਹੀਂ।ਸਾਡਾ ਸਾਰਾ ਖ਼ਾਨਦਾਨ ਦੇਸ ਭਗਤਾਂ ਦਾ ਹੈ।1910 ਵਿਚ ਮੇਰੇ ਜਨਮ  ਦੇ ਦੋ-ਤਿੰਨ ਸਾਲ ਬਾਅਦ ਹੀ ਚਾਚਾ ਸਵਰਨ ਸਿੰਘ ਜੀ ਜੇਲ ਵਿਚ ਸਵਰਗਵਾਸ ਹੋਏ ਸਨ। ਚਾਚਾ ਅਜੀਤ ਸਿੰਘ ਜੀ ਜਲਾਵਤਨ ਹੋ ਕੇ  ਗ਼ੈਰ-ਮੁਲਕਾਂ ਵਿਚ ਰਹੇ। ਚਾਚਾ ਜੀ ਨੇ ਜੇਲਾਂ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ। ਮੈਂ ਤਾਂ ਸਿਰਫ ਉਹਨਾਂ ਦੇ ਨਕਸ਼ੇ-ਕਦਮ ਉਪਰ ਚੱਲ ਰਿਹਾ ਹਾਂ। ਮਿਹਰਬਾਨੀ ਕਰਕੇ ਤੁਸੀਂ ਮੈਂਨੂੰ ਵਿਆਹ ਦੇ ਬੰਧਨ ਵਿਚ ਨਾ ਜਕੜੋ। ਬਲਕਿ ਮੇਰੇ ਹੱਕ ਵਿਚ ਦੁਆ ਕਰੋ। ਤਾਂ ਜੋ ਮੈਂ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਾਂ।”
ਪਿਤਾ ਨੇ ਭਗਤ ਸਿੰਘ ਦੇ ਜਵਾਬ ਵਿਚ ਲਿਿਖਆ, “ਬੇਟਾ, ਅਸੀਂ ਤੇਰਾ ਵਿਆਹ ਨਿਸ਼ਚਿਤ ਕਰ ਦਿਤਾ ਹੈ। ਅਸੀਂ ਲੜਕੀ ਵੇਖ ਚੁੱਕੇ ਹਾਂ। ਸਾਨੂੰ ਪਸੰਦ ਹੈ। ਤਂੈਨੂੰ ਆਪਣੀ ਦਾਦੀ ਦੀ ਗਲ ਮੰਨਣੀ ਚਾਹਦੀ ਹੈ। ਮੇਰਾ ਆਦੇਸ਼ ਹੈ, ਤੂੰ ਵਿਆਹ  ਵਿਚ ਕਿਸੇ ਕਿਸਮ ਦਾ ਅੜਿਕਾ ਨਾ ਪਾਵੇ। ਖੁਸ਼ੀ ਨਾਲ ਸਹਿਮਤ ਹੋ ਜਾਅ।”
ਭਗਤ ਸਿੰਘ ਨੇ ਪਿਤਾ ਦੀ ਇਸ ਚਿੱਠੀ ਦੇ ਜਵਾਬ ਵਿਚ ਕਿਹਾ, “ਸਤਿਕਾਰਯੋਗ ਪਿਤਾ ਜੀ, ਮੈਂਨੂੰ ਇਹ ਪੜ੍ਹ ਕੇ ਹੈਰਾਨੀ ਹੋਈ,ਜੇ ਤੁਹਾਡੇ ਜਿਹੇ ਸੱਚੇ ਦੇਸ-ਭਗਤ ਅਤੇ ਬਹਾਦਰ ਇਨਸਾਨ ਨੂੰ ਵੀ ਇਹ ਮਾਮੂਲੀ ਗੱਲਾਂ ਪ੍ਰਭਾਵਿਤ ਕਰ ਸਕਦੀਆਂ ਹਨ। ਫੇਰ ਇਕ ਆਮ ਗੁਲਾਮ ਇਨਸਾਨ ਦਾ ਕੀ ਹੋਵੇਗਾ? ਤੁਸੀਂ  ਸਿਰਫ ਮੇਰੀ ਦਾਦੀ ਜੀ ਦੀ ਫ਼ਿਕਰ ਕਰ ਰਹੇ ਹੋ। ਪਰ 33 ਕਰੋੜ ਲੋਕਾਂ ਦੀ ਮਾਂ, ਭਾਰਤ ਮਾਂ ਦੇ ਦੁੱਖ ਦੂਰ ਕਰਨ ਦੇ ਬਾਰੇ ਸੋਚੋ।ਭਾਰਤ ਮਾਂ ਦੇ ਦੁੱਖ ਦੂਰ ਕਰਨ ਲਈ ਸਾਨੂੰ ਸਭ ਕੁੱਝ ਕੁਰਬਾਨ ਕਰ ਦੇਣਾ ਚਾਹੀਦਾ ਹੈ।”
ਸਰਦਾਰ ਭਗਤ ਸਿੰਘ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ,“ਅਸੀਂ ਮੁੱਠੀ-ਭਰ ਕਰਾਂਤੀਕਾਰੀ, ਲੋਕਾਂ ਨੂੰ ਨਾਲ ਲਏ ਬਿਨਾਂ ਆਜ਼ਾਦੀ ਹਾਸਿਲ ਨਹੀਂ ਕਰ ਸਕਦੇ। ਜਨਤਾ ਦੀ ਸ਼ਕਤੀ ਦੇ ਨਾਲ ਹੀ ਸਾਡਾ ਮੁਲਕ ਆਜ਼ਾਦ ਹੋਏਗਾ। ਭਾਰਤ ਦੀ ਲੁੱਟ ਨੂੰ ਖਤਮ ਕਰਨਾ, ਨੌਕਰਸ਼ਾਹੀ ਦਾ ਦਬਦਬਾ ਖਤਮ ਕਰਨਾ, ਲੋਕਾਂ ਨੂੰ ਹਕੂਮਤ ਵਿਚ ਬਰਾਬਰ ਦਾ ਹਿੱਸੇਦਾਰ ਬਣਾਉਣਾ ਸਾਡਾ ਪਹਿਲਾ ਫ਼ਰਜ਼ ਹੈ।”
 ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ ਭਗਤ ਜਿਨਾਂ ਨੇ ਆਪਣੀਆਂ ਜਾਨਾਂ ਦੇਸ ਦੀ ਆਜ਼ਾਦੀ ਖਾਤਰ ਹੱਸ ਕੇ ਕੁਰਬਾਨ ਕੀਤੀਆਂ। ਕੀ ਅੱਜ ਦਾ ਭਾਰਤ ਉਹਨਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ? ਜੇਕਰ ਨਹੀਂ ਤਾਂ ਕੀ ਕਾਰਨ ਹੈ? ਕੀ ਅਸੀਂ ਉਹਨਾਂ ਦੇ, ਉਹਨਾਂ ਦੀ ਸੋਚ ਦੇ ਵਾਰਿਸ ਬਣ ਸਕੇ ਹਾਂ? ਜੇਕਰ ਨਹੀਂ ਤਾਂ ਕੀ ਕਾਰਨ ਹਨ, ਕਿੱਥੇ ਗੜਬੜ ਹੋਈ ਹੈ? ਮੁਲਕ ਇਕ ਵਾਰ ਫੇਰ ਗੁਲਾਮੀ ਵੱਲ ਵੱਧ ਰਿਹਾ ਹੈ।ਪਰ ਹੁਣ ਵਾਲੀ ਗੁਲਾਮੀ ਪਹਿਲੀ ਗੁਲਾਮੀ ਨਾਲ ਬੇਹਦ ਖਤਰਨਾਕ ਅਤੇ ਖੌਫਨਾਕ ਹੋਵੇਗੀ।ਸਾਮਰਾਜਵਾਦ ਦੇ ਕੋਝੇ ਮਨਸੂਬੇ ਭਾਰਤ ਨੂੰ ਰਾਜਨੀਤਿਕ, ਸਾਮਜਿਕ, ਸਭਿਆਚਾਰਕ ਤੇ ਆਰਿਥਕ ਤੌਰ 'ਤੇ ਗੁਲਾਮ ਕਰਨ ਦੇ ਹਨ।

9417460656

Share this post

Leave a Reply

Your email address will not be published. Required fields are marked *