fbpx Nawidunia - Kul Sansar Ek Parivar

ਆਸਟਰੇਲੀਆ : ਪਾਰਲੀਮੈਂਟ ਵਿੱਚ ਜਿਣਸੀ ਸੋਸ਼ਣ ਦਾ ਮਾਮਲਾ ਭਖਿਆ

ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਸਟਾਫ਼ ਮੈਂਬਰਾਂ ਦੇ ਜਿਣਸੀ ਵਿਹਾਰ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦਾ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ

ਇੱਕ ਵਿਸਲਬਲੋਅਰ ਵੱਲੋਂ ਲੀਕ ਕੀਤੇ ਵੀਡੀਓ ਵਿੱਚ ਇੱਕ ਏਡੀ ਨੂੰ ਇੱਕ ਮਹਿਲਾ ਸੰਸਦ ਮੈਂਬਰ ਦੀ ਮੇਜ਼ ’ਤੇ ਜਿਣਸੀ ਵਿਹਾਰ ਕਰਦਿਆਂ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਵੀਡੀਓ ਨੂੰ “ਸ਼ਰਮਨਾਕ” ਦੱਸਿਆ ਹੈ ਅਤੇ ਇੱਕ ਸੀਨੀਅਰ ਏਡੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਘਟਨਾਕ੍ਰਮ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਸਾਬਕਾ ਕਰਮਚਾਰੀ ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਨਾਲ ਸੰਸਦ ਵਿੱਚ ਕਥਿਤ ਰੇਪ ਹੋਇਆ ਪਰ ਉਹ ਨੌਕਰੀ ਜਾਣ ਦੇ ਡਰ ਕਾਰਨ ਚੁੱਪ ਰਹੀ। ਬ੍ਰਿਟਨੀ ਹਿਗਿੰਸ ਨੇ ਇਲਜ਼ਾਮ ਲਾਇਆ ਕਿ ਮਾਰਚ 2019 ਵਿੱਚ ਇੱਕ ਸੀਨੀਅਰ ਸਹਿਯੋਗੀ ਵੱਲੋਂ ਦਫ਼ਤਰ ਵੱਚ ਰੇਪ ਕੀਤਾ ਗਿਆ ਅਤੇ ਦਬਾਅ ਪਾਇਆ ਗਿਆ ਕਿ ਉਹ ਪੁਲਿਸ ਕੋਲ ਨਹੀਂ ਜਾਣਗੇ। ਬ੍ਰਿਟਨੀ ਦੇ ਇਸ ਬਿਆਨ ਤੋਂ ਬਾਅਦ ਇਸ ਸਬੰਧ ਵਿੱਚ ਇਲਜ਼ਾਮ ਲੱਗਣੇ ਸ਼ੁਰੂ ਹੋਏ ਅਤੇ ਪਿਛਲੇ ਹਫ਼ਤੇ ਸੈਂਕੜੇ ਔਰਤਾਂ ਨੇ ਆਸਟਰੇਲੀਆ ਵਿੱਚ ਔਰਤਾਂ ਦੇ ਸ਼ੋਸ਼ਣ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਆਸਟਰੇਲੀਆ ਦੀ ਪ੍ਰੈੱਸ ਨੂੰ ਇਹ ਵੀਡੀਓ ਪਾਰਲੀਮੈਂਟ ਦੇ ਇੱਕ ਸਾਬਕਾ ਸਰਕਾਰੀ ਸਟਾਫ਼ਰ ਨੇ ਲੀਕ ਕੀਤੀਆਂ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇੰਨੀਆਂ ਵੀਡੀਓਜ਼ ਅਤੇ ਤਸਵੀਰਾਂ ਮਿਲਦੀਆਂ ਸਨ ਕਿ “ਉਨ੍ਹਾਂ ਉੱਪਰ ਇਨ੍ਹਾਂ ਦਾ ਅਸਰ” ਹੀ ਹੋਣੋ ਹਟ ਗਿਆ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਵੀਡੀਓਜ਼ ਵਿੱਚੋਂ ਕੁਝ ਦੋ ਸਾਲ ਪੁਰਾਣੀਆਂ ਹਨ ਅਤੇ ਲੋਕ ਪ੍ਰਾਰਥਨਾ ਕਮਰੇ ਦੀ ਵਰਤੋਂ ਵੀ ਜਿਣਸੀ ਸਬੰਧਾਂ ਲਈ ਕਰਦੇ ਸਨ ਅਤੇ ਇੱਥੋਂ ਤੱਕ ਕਿ ਇਸ ਕੰਮ ਲਈ ਪਾਰਲੀਮੈਂਟ ਵਿੱਚ ਸੈਕਸ ਵਰਕਾਂ ਨੂੰ ਵੀ ਲਿਆਂਦਾ ਜਾਂਦਾ ਸੀ। ਵਿਸਲਬਲੋਅਰ ਨੇ ਇਸ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ, “ਬੰਦੇ ਬਸ ਇਹ ਸੋਚਦੇ ਸਨ ਕਿ ਉਹ ਜੋ ਚਾਹੁਣ ਕਰ ਸਕਦੇ ਸਨ”, ਉਨ੍ਹਾਂ ਨੇ ਕਿਹਾ ਕਿ ਕੁਝ ਮੈਂਬਰ “ਇਖ਼ਲਾਕੀ ਤੌਰ ’ਤੇ ਦੀਵਾਲੀਏ” ਸਨ।

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਤੋਂ “ਸਦਮੇ ਵਿੱਚ” ਸਨ। ਉਨ੍ਹਾਂ ਨੇ ਅੱਗੇ ਕਿਹਾ “ਸਾਨੂੰ ਸੰਸਦ ਨੂੰ ਠੀਕ ਕਰਨਾ ਪਵੇਗਾ। ਅਜਿਹੇ ਮਸਲਿਆਂ ਵਿੱਚ ਸਿਆਸਤ ਪਾਸੇ ਰੱਖਣੀ ਚਾਹੀਦੀ ਹੈ। ਸਾਨੂੰ ਇਸ ਨੂੰ ਪਛਾਨਣਾ, ਮੰਨਣਾ ਚਾਹੀਦਾ ਹੈ ਤੇ ਠੀਕ ਕਰਨਾ ਚਾਹੀਦਾ ਹੈ।”

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨੂੰ ਮਿਲਣ ਤੋਂ ਮਨ੍ਹਾਂ ਕਰ ਦਿੱਤਾ ਸੀ। ਮੌਰਿਸ ਨੇ ਆਗੂਆਂ ਨੂੰ ਸੰਸਦ ਵਿੱਚ ਮਿਲਣ ਲਈ ਸੱਦਿਆ ਸੀ ਪਰ ਆਗੂਆਂ ਨੇ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ “ਬੰਦ ਦਰਵਾਜ਼ਿਆਂ ਪਿੱਛੇ” ਗੱਲ ਨਹੀਂ ਕਰਨਗੇ।

ਇਸ ਤੋਂ ਇਲਾਵਾ ਸਰਕਾਰ ਦੇ ਇਸ ਪੂਰੇ ਮਾਮਲੇ ਨੂੰ ਨਜਿੱਠਣ ਦੇ ਤਰੀਕੇ ਦੀ ਵੀ ਆਲੋਚਨਾ ਹੋਈ ਹੈ। ਬੈਕਬੈਂਚ ਗਵਰਨਮੈਂਟ ਐੱਮਪੀ ਮਿਸ਼ੇਲ ਲੈਂਡਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਲਾਹੇ ਗਏ ਏਡੀ ਲਈ “ਅਫ਼ਸੋਸ ਹੋਇਆ”।

Share this post

Leave a Reply

Your email address will not be published. Required fields are marked *