fbpx Nawidunia - Kul Sansar Ek Parivar

ਬੰਗਾਲ : ਚੋਣਾਂ ਤੋਂ ਪਹਿਲਾਂ ਕਲਾਕਾਰਾਂ ਨੇ ਕਿਹਾ-ਵੰਡਕਾਰੀ ਸਿਆਸਤ ਨਹੀਂ ਹੋਣ ਦਿਆਂਗੇ

ਕੋਲਕਾਤਾ : ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਿਨੇਮਾ, ਥੀਏਟਰ ਅਤੇ ਸੰਗੀਤ ਦੇ ਖੇਤਰ ਨਾਲ ਜੁੜੇ ਕੁਝ ਬੰਗਾਲੀ ਕਲਾਕਾਰਾਂ ਅਤੇ ਸੰਗੀਤਕਾਰਾਂ ਨੇ ਬਿਨਾਂ ਕਿਸੇ ਦਲ ਦਾ ਨਾਂ ਲਿਆਂ ਇਕ ਗੀਤ ਰਾਹੀਂ ‘ਫਾਸੀਵਾਦੀ ਸ਼ਕਤੀਆਂ’ ਨੂੰ ਉਖਾੜ ਦੇਣ ਦੀ ਜ਼ਰੂਰਤ ਦੀ ਗੱਲ ਕੀਤੀ ਹੈ।
ਇਸ ਵੀਡੀਓ ਨੂੰ ਯੂ-ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਰਿਲੀਜ਼ ਕੀਤਾ ਗਿਆ। ਕੁਝ ਹੀ ਘੰਟਿਆਂ ਵਿਚ ਲੱਖਾਂ ਲੋਕ ਇਸ ਨੂੰ ਦੇਖ ਚੁੱਕੇ ਸਨ। ਸੋਸ਼ਲ ਮੀਡੀਆ ‘ਤੇ ਹੁਣ ਇਹ ਗੀਤ ਵਾਇਰਲ ਹੋ ਚੁੱਕਾ ਹੈ।
‘ਨਿਜੇਦੇਰ ਮੋਤੇ ਨਿਜੇਦੇਰ ਗਾਨ’ ਭਾਵ ਸਾਡੇ ਵਿਚਾਰਾਂ ਬਾਰੇ ਸਾਡਾ ਗੀਤ ਨਾਮ ਦੇ ਇਸ ਗਾਣੇ ਨੂੰ ਅਭਿਨੇਤਾ ਅਨਿਰਬਾਨ ਚੈਟਰਜੀ ਨੇ ਲਿਖਿਆ ਹੈ। ਨਿਰਦੇਸ਼ਨ ਨੌਜਵਾਨ ਕਲਾਕਾਰਾਂ ਰਿੱਧੀ ਸੇਨ ਅਤੇ ਰਵੀਤੋਬ੍ਰੋਤੋ ਮੁਖਰਜੀ ਨੇ ਕੀਤਾ ਹੈ।
ਵੀਡੀਓ ਵਿਚ ਪਰਮਬ੍ਰਤ ਚੈਟਰਜੀ, ਸਬਿਆਸਾਚੀ ਚੈਟਰਜੀ, ਰੂਦਰਪ੍ਰਸਾਦ ਸੇਨਗੁਪਤਾ, ਅਨੁਪਮ ਰਾਏ, ਰੂਪਾਂਕਰ ਬਾਗਚੀ ਅਤੇ ਸੁਮਨ ਮੁਖੋਪਾਧਿਆ ਵਰਗੇ ਕਈ ਕਲਾਕਾਰ ਸ਼ਾਮਲ ਹਨ।
ਵੀਡੀਓ ਵਿਚ ਐਨ.ਆਰ.ਸੀ.-ਸੀ.ਏ.ਏ. ਤੋਂ ਲੈ ਕੇ ਬੇਰੁਜ਼ਗਾਰੀ ਤੱਕ ਦੇਸ਼ ਦੇ ਵੱਖ-ਵੱਖ ਮੁੱਦਿਆਂ ਨੂੰ ਕੇਂਦਰਤ ਕੀਤਾ ਗਿਆ ਹੈ। ਨਾਲ ਹੀ ਧਰਮ ਦੇ ਨਾਂ ‘ਤੇ ਖੂਨਖਰਾਬੇ ਅਤੇ ਹਿੰਸਾ ‘ਤੇ ਵੀ ਵਾਰ ਕੀਤਾ ਗਿਆ ਹੈ।
ਅਭਿਨੇਤਾ-ਨਿਰਦੇਸ਼ਕ ਪਰਮਬ੍ਰਤ ਚੈਟਰਜੀ ਨੇ ਇਸ ਬਾਰੇ ਦੱਸਿਆ, ‘ਅਸੀਂ ਵੰਡਕਾਰੀ ਅਤੇ ਦਮਨਕਾਰੀ ਸਿਆਸਤ ਨਹੀਂ ਹੋਣ ਦਿਆਂਗੇ, ਜੋ ਸਾਰੇ ਜਮਹੂਰੀ ਨਿਯਮਾਂ ਨੂੰ ਤਾਰ-ਤਾਰ ਕਰ ਦਿੰਦੀ ਹੈ। ਕੋਈ ਵੀ ਸਿਆਸੀ ਦਲ ਦੁੱਧ ਦਾ ਧੋਤਾ ਹੋਇਆ ਨਹੀਂ ਹੈ। ਇਹ ਸਮਾਂ ਤਾਨਾਸ਼ਾਹਵਾਦੀਆਂ ਦਾ ਬਾਈਕਾਟ ਕਰਕੇ ਘੱਟ ਬੁਰੇ ਲੋਕਾਂ ਨੂੰ ਚੁਣਨ ਦਾ ਹੈ।”
ਗੀਤ ਵਿਚ ਇਕ ਥਾਂ ਬੋਲ ਹਨ, ”ਅਮੀ ਅਨਯੋ ਕੋਠਾਓ ਜਬੋਨਾ, ਅਮੀ ਈ ਦੇਸ਼ੇ ਤੇਈ ਥਬਕੋ’ ਹਨ। ਇਸ ਦਾ ਅਰਥ ਹੈ- ਮੈਂ ਕਿਤੇ ਹੋਰ ਨਹੀਂ ਜਾਵਾਂਗਾ, ਇਸੇ ਦੇਸ਼ ਵਿਚ ਰਹਾਂਗਾ।
ਗੀਤ ਵਿਚ ਟੈਗੋਰ, ਚਾਰਲੀ ਚੈਪਲੀਨ, ਅੰਬੇਦਕਰ ਆਦਿ ਦੇ ਹਵਾਲੇ ਦਿੰਦੇ ਹੋਏ ਦੇਸ਼ ਦੀ ਅਖੰਡਤਾ ਨੂੰ ਦਰਸਾਇਆ ਗਿਆ ਹੈ। ਨਾਲ ਹੀ ਗੀਤ ਅਖ਼ਬਾਰਾਂ ਦੀਆਂ ਕੁਝ ਕੰਟਿੰਗ ਰਾਹੀਂ ਵਰਤਮਾਨ ਸਮੇਂ ਵਿਚ ਵਿਦਿਆਰਥੀਆਂ ‘ਤੇ ਹਮਲੇ, ਵੱਖ-ਵੱਖ ਵਿਰੋਧੀ ਪ੍ਰਦਰਸ਼ਨਾਂ, ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਮਾੱਬ ਲਿੰਚਿੰਗ ਵਰਗੀਆਂ ਘਟਨਾਵਾਂ ਨੂੰ ਲੈ ਕੇ ਵੀ ਗੱਲ ਕਰਦਾ ਹੈ।
ਗੀਤ ਮੂਲ ਤੌਰ ‘ਤੇ ਬਾਂਗਲਾ ਵਿਚ ਹੀ ਹੈ, ਪਰ ਇਸ ਦੇ ਇਕ ਹਿੱਸੇ ਵਿਚ ਫ਼ੈਜ਼ ਅਹਿਮਦ ਫ਼ੈਜ਼ ਦੀ ਮਸ਼ਹੂਰ ਨਜ਼ਮ ‘ਹਮ ਦੇਖੇਂਗੇ’ ਦੀਆਂ ਕੁਝ ਪੰਕਤੀਆਂ ਵੀ ਹਨ।
ਜ਼ਿਕਰਯੋਗ ਹੈ ਕਿ ਰੋਹ ਦਾ ਪ੍ਰਤੀਕ ਬਣ ਚੁੱਕੀ ਇਸ ਨਜ਼ਮ ਨੂੰ ਆਈ.ਆਈ.ਟੀ. ਕਾਨਪੁਰ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਵਲੋਂ ਗਾਏ ਜਾਣ ‘ਤੇ ਇਕ ਫੈਕਟਲੀ ਮੈਂਬਰ ਨੇ ਇਸ ਨੂੰ ‘ਹਿੰਦੂ ਵਿਰੋਧੀ’ ਦੱਸਿਆ ਅਤੇ ਇਸ ਦੀਆਂ ਦੋ ਪੰਕਤੀਆਂ ‘ਤੇ ਇਤਰਾਜ਼ ਵੀ ਕੀਤਾ ਸੀ।
ਬੰਗਲਾ ਕਲਾਕਾਰਾਂ ਦੇ ਇਸ ਤਰ੍ਹਾਂ ਸਾਹਮਣੇ ਆਉਣ ‘ਤੇ ਹਿੰਦੀ ਸਿਨੇਮਾ ਜਗਤ ਦੇ ਕੁਝ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਹੈ। ਨਿਰਦੇਸ਼ਕ ਹੰਸਲ ਮਹਿਤਾ, ਅਨੁਭਵ ਸਿੰਘ ਅਤੇ ਅਭਿਨੇਤਰੀ ਰੀਚਾ ਚੱਢਾ ਨੇ ਇਨ੍ਹਾਂ ਕਲਾਕਾਰਾਂ ਨੂੰ ਆਪਣਾ ਸਮਰਥਨ ਦਿੱਤਾ ਹੈ।

Share this post

Leave a Reply

Your email address will not be published. Required fields are marked *